ਇਹਦੇ ਵਾਰੇ ਸੋਚਿਐ ?

ਜਗਤਾਰ ਸਿੰਘ ਬੈਡਫੋਰਡ ਯੁ ਕੇ

ਵਾਰ ਸਰਵੰਸ ਉਹਨੂੰ ਖੁਸ਼ੀ ਹੈ ਜਾਂ ਗ਼ਮ ਹੋਇਆ
ਏਸ ਗੱਲ ਵਾਰੇ ਕਦੇ ਕਿਸੇ ਨੇ ਹੈ ਸੋਚਿਐ ?
ਸਿੱਖੀ ਵਾਲਾ ਮਹਿਲ ਉਹ ਉਸਾਰ ਕੇ ਹੈ ਚੱਲ ਗਿਆ
ਕੀਹਦੇ ਲਈ ਬਣਾਇਆ ਮਹਿਲ ਏਹਦੇ ਵਾਰੇ ਸੋਚਿਐ

ਵਾਰਨੇ ਇੱਕ ਪਾਸੇ ਜੀਹਦਾ ਇੱਕ ਮਰ ਜਾਵੇ ਲੋਕੋ
ਹੁੰਦਾ ਕੀ ਏ ਹਾਲ ਕਦੇ ਏਹਦੇ ਵਾਰੇ ਸੋਚਿਐ
ਕੀ ਲੋੜ ਪਈ ਸੀ ਜੋ ਬਾਪ ਨੂੰ ਇਹ ਗੱਲ ਕਹੀ
ਤੁਹਾਡੇ ਨਾਲੋਂ ਕੌਣ ਵੱਡਾ ਏਹਦੇ ਵਾਰੇ ਸੋਚਿਐ

ਜੰਗਲਾਂ ਚ ਝੱਖੜਾਂ ਚ ਨੰਗੇ ਪੈਰੀਂ ਰੋਲ ਦਿੱਤਾ
ਆਪਣਾ ਸਰੀਰ ਕਦੇ ਏਹਦੇ ਵਾਰੇ ਸੋਚਿਐ
ਗੁਰੂ ਕੀ ਕਹਾਉਣਾ ਆਪੇ ਚੇਲਾ ਬਣ ਰਹਿ ਗਿਆ ਸੀ
ਚੇਲੇ ਕੀ ਕਮਾਇਆ ਕਦੇ ਏਹਦੇ ਵਾਰੇ ਸੋਚਿਐ

ਟਿੰਡ ਦਾ ਸਰ੍ਹਾਣਾ ਲਾਕੇ ਨੀਂਦ ਕਿਵੇਂ ਆਈ ਹੋਊ
ਨੰਗਿਆਂ ਪੈਰਾਂ ਚ ਸੂਲਾਂ ਏਹਦੇ ਵਾਰੇ ਸੋਚਿਐ
ਪੁੱਤਾਂ ਦੀਆਂ ਲਾਸ਼ਾਂ ਉਤੇ ਹੰਝੂ ਨਾਂ ਬਹਾਏ ਪਿਤਾ
ਕਿਹੋ ਜਿਹਾ ਜਿਗਰਾ ਸੀ ਏਹਦੇ ਵਾਰੇ ਸੋਚਿਐ

ਦੇ ਕੇ ਸਰਦਾਰੀਆਂ ਬਣਾ ਤਾ ਸਰਦਾਰ ਤੁਹਾਨੂੰ
ਤੁਸੀਂ ਕੀ ਹੈ ਦਿੱਤਾ ਉਹਨੂੰ ਏਹਦੇ ਵਾਰੇ ਸੋਚਿਐ