ਜਦੋਂ ਵੀ ਕਿਤੇ ਘੁੱਗੀ ਬੋਲਦੀ ਹੈ


ਡਾ ਅਮਰਜੀਤ ਟਾਂਡਾ(ਸਿਡਨੀ)


ਸੁਬ੍ਹਾ ਸਵੇਰੇ ਬਨੇਰੇ ਅੱਜ ਸਾਡੇ
ਬੋਲੀਆਂ ਨੇ ਘੁੱਗੀਆਂ
ਨੇੜੇ ਹੋ ਕੇ ਉਹਨਾਂ ਦੀਆਂ
ਰਮਜਾਂ ਅਸਾਂ ਬੁੱਝੀਆਂ
ਜਦੋਂ ਵੀ ਕਿਤੇ ਘੁੱਗੀ ਬੋਲਦੀ ਹੈ-
ਅਰਸ਼ ਚੋਂ ਹੰਝੂ ਕਿਰਦੇ ਠੱਲਦੀ ਹੈ ਕਿਤੇ
ਤਾਂ ਕਿ ਸਿਤਾਰੇ ਲਹੂ ਦੇ ਦੀਵੇ ਨਾ ਬਾਲਣ
ਹਵਾਵਾਂ ਚ ਰੁਦਨ ਨਾ ਲਟਕਣ-
ਘੁੱਗੀ ਬੋਲਦੀ ਸੀਨੇ ਦੇ ਦਰਦ ਖੋਲਦੀ
ਗਿਰਝਾਂ ਦੀ ਰੁੱਤ ਤੋਂ ਡਰਦੀ-
ਖੁਦ੍ਹਾ ਕਰੇ ਦੁਨੀਆਂ ਦੇ ਕੋਣਿਆਂ 'ਚ ਠੰਡੀ 'ਵਾ ਵਗਦੀ ਰਹੇ
ਹੱਦਸੇ ਵਸਦੇ ਸੁਖੀ ਰਹਿਣ ਚੰਨ ਸਤਾਰੇ
ਸਾਨੂੰ ਨਹੀਂ ਚਾਹੀਦੀਆਂ
ਕਿਤੇ ਵੀ ਜੰਗੀ ਜਹਾਜ਼ਾਂ ਦੀਆਂ ਪੈਲਾਂ
ਨਾ ਹੀ ਲੋਚਦੇ ਹਾਂ
ਕਿ ਦੁੱਧ ਚੁੰਘਦੀਆਂ ਬੁੱਲੀ੍ਹਆਂ ਤੋਂ ਖੁੱਸ ਜਾਵੇ ਮਮਤਾ ਦਾ ਪ੍ਰਛਾਵਾਂ
ਕੌਣ ਚਾਹੇਗਾ-
ਰੱਤ ਲਿੱਬੜੀਆਂ ਰੁੱਤਾਂ
ਤੇ ਲਾਸਾਂ ਤਰਦੀਆਂ ਨਦੀਆਂ ਦੀਆਂ ਲਹਿਰਾਂ ਦੇ ਗੀਤ
ਦਿੱਲ ਨੂੰ ਲਾ ਕੇ ਨਹੀ ਰੱਖੇ ਜਾਂਦੇ
ਰੰਗਲੇ ਚੂੜ੍ਹੇ ਵਾਲੇ ਦਿਨਾਂ 'ਚ
ਸਿਰਾਂ ਤੋਂ ਤੁਰ ਗਏ ਮਾਹੀ ਦੇ ਬੋਲ ਤੇ ਸਿਹਰੇ
ਜਦੋਂ ਵੀ ਕਿਤੇ ਘੁੱਗੀ ਬੋਲਦੀ ਹੈ-
ਕੰਬਦਾ ਦਿੱਲ ਅਰਜ਼ ਕਰਦਾ ਹੈ-
ਨੀ ਘੁੱਗੀਏ ਤੂੰ ਸਦਾ ਬੋਲਦੀ ਰਹਿ -
ਕਿਤੇ ਤਾਂ ਹੋਵੇਗਾ ਜੋ ਤੇਰੀ ਮੇਰੀ ਹੂਕ ਸੁਣੇਗਾ-
ਨਿੱਤ ਬਲਦੀ ਧਰਤ ਦੇ ਦੋ ਹੰਝੂ ਚੁਣੇਗਾ
ਨਵੀਂ ਸਵੇਰ ਦੇ ਮੱਥੇ 'ਤੇ ਚਿੱਟੇ ਹਰਫ਼ ਖੁਣੇਗਾ
ਤੇ ਕੋਰੇ ਸਫੇ ਤੇ ਕੋਈ ਗੀਤ ਮੁਹੱਬਤ ਉਣੇਗਾ-

ਕਾਵਿ ਕਿਆਰੀ