ਦਿਸਦਾ ਨਾ ਅੱਜਕਲ ਜਿਹਨੂੰ ਪੰਜਾਬ ਜੇਹਾ ਕਹਿੰਦੇ ਸਾਂ
ਡਾ.ਅਮਰਜੀਤ ਟਾਂਡਾ
ਕਿੱਥੇ ਹੈ ਉਹ ਫੁੱਲ ਜਿਹਨੂੰ ਗੁਲਾਬ ਜੇਹਾ ਕਹਿੰਦੇ ਸਾਂ
ਦਿਸਦਾ ਨਾ ਅੱਜਕਲ ਜਿਹਨੂੰ ਪੰਜਾਬ ਜੇਹਾ ਕਹਿੰਦੇ ਸਾਂ
ਰੁੱਤਾਂ ਆਵਣ ਜਾਵਣ ਨਿੱਤ ਕਈ ਗੀਤ ਖਲਾਰਦੀਆਂ
ਲੱਭਦਾ ਨਾ ਉਹ ਚੰਨ ਜਿਹਨੂੰ ਸ਼ਬਾਬ ਜੇਹਾ ਕਹਿੰਦੇ ਸਾਂ
ਨਾ ਉਹ ਕਲੀਆਂ ਨਾ ਕਚਨਾਰਾਂ ਨਾ ਪੌਣ ਮੁਹੱਬਤ ਜੇਹੀ
ਲਹਿਰਾਂ ਵਿਚ ਨਾ ਦਿਸਦਾ ਜਿਹਨੂੰ ਝਨਾਬ ਜੇਹਾ ਕਹਿੰਦੇ ਸਾਂ
ਦੁਖਦੀਆਂ ਪਲਕਾਂ ਉੱਤੇ ਸੀ ਜੋ ਰੱਖਦਾ ਦੁੱਧ ਫੇਹੇ
ਕਿੱਥੇ ਸੋਹਣੀ ਸੂਰਤ ਜਿਹਨੂੰ ਜ਼ਨਾਬ ਜੇਹਾ ਕਹਿੰਦੇ ਸਾਂ
ਬੁਝ ਗਏ ਨੇ ਸਾਰੇ ਗੀਤ ਮਸੀਤੋਂ ਸੁਰ ਕਈ ਮੰਦਰਾਂ 'ਚੋਂ
ਸਣੇ ਰਾਗ ਕੋਈ ਲੈ ਕੇ ਟੁਰ ਗਿਆ ਰਬਾਬ ਜੇਹਾ ਕਹਿੰਦੇ ਸਾਂ
ਸਾੜ੍ਹ ਦਿੱਤੇ ਨੇ ਪੰਨੇ ਲੋਕਾ ਵੇਦ ਗਰੰਥਾਂ ਦੇ
ਮਸਾਂ ਝੁਕਦੇ ਸਿਰ ਜਿਹਨੂੰ ਪਾਵਨ ਕਿਤਾਂਬ ਜੇਹੀ ਕਹਿੰਦੇ ਸਾਂ
ਛੱਡ ਕੇ ਉਡ ਗਏ ਪੁੱਤ ਲਾਡਲੇ ਜੋ ਰੋਂਦੀਆਂ ਮਾਵਾਂ ਨੂੰ
ਮੁੜ ਨਾ ਪਾਵਣ ਚਿੱਠੀਆਂ ਘਰਾਂ ਦੇ ਚਿਰਾਗ ਜੇਹਾ ਕਹਿੰਦੇ ਸਾਂ।