ਪਤਾ ਨਹੀਂ

ਡਾ ਅਮਰਜੀਤ ਟਾਂਡਾ (ਸਿਡਨੀ)


ਪਤਾ ਨਹੀਂ ਹੁਣ ਫਿਰ ਕਿੱਧਰੋਂ
ਗਰਮ ਜੇਹੀ ਹਵਾ ਫਿਰ ਆਈ ਹੈ
ਤੇ ਵਿਚਰ ਰਹੀ ਹੈ ਪੰਜਾਬ ਵਿੱਚ
ਰੁੱਖ ਨੰਗੀਆਂ ਤਲਵਾਰਾਂ ਲਈ ਫਿਰਦੇ ਹਨ-
ਹਿੱਕ ਚ ਕੋਈ ਖੰਜ਼ਰ ਡੁੱਬਣ ਜਾ ਰਿਹਾ ਹੈ-
ਕਤਲ ਦੇ ਹਸਤਾਖ਼ਰ ਕਰਨ ਲਈ
ਲਹੂ ਦਾ ਦਰਿਆ ਵਗਣ ਲਈ-
ਤਰੇੜਾਂ ਨੂੰ ਫਿਰ ਲਹੂ ਨਾਲ ਲਿੱਪਣ ਲਈ-

ਫਿਰਕਿਆਂ ਨੇ ਨਵੇਂ ਮਜਹੱਬ ਦੇ ਬੀਅ ਬੀਜ ਦਿਤੇ ਹਨ-
ਲੋਕ ਨਾਨਕ ਦਾ ਨਾਂ ਭੁੱਲ ਗਏ ਹਨ-
ਤਪਦੀਆਂ ਤਵੀਆਂ ਨਹੀਂ ਕਿਸੇ ਨੂੰ ਦਿਸ ਰਹੀਆਂ
ਤੇ ਨਾ ਹੀ ਉੱਤੇ ਬੈਠਾ ਸ਼ਹੀਦਾਂ ਦਾ ਸਿਰਤਾਜ
ਨਾ ਹੀ ਕਿਸੇ ਨੂੰ ਨਜ਼ਰੀਂ ਆ ਰਿਹਾ ਹੈ
ਸੀਸ ਦਾ ਬਲੀਦਾਨੀ
ਤੇ ਸਰਬੰਸ ਵਾਰਨ ਵਾਲਾ-

ਹਵਾ ਕੀ ਜਾਣੇ
ਕਿ ਬੰਦੇ ਤਾਂ ਸਾਰੇ ਇੱਕ ਖ਼ੁਦਾ ਦੇ ਹੀ ਹੁੰਦੇ ਨੇ-

ਕਿਸੇ ਨੂੰ ਕੀ ਖਬਰ
ਕਿ ਕੀ ਲਿਖਿਆ ਹੈ ਸੱਜਰੀ ਸੁਬ੍ਹਾ ਤੇ ਮੱਥੇ ਦੇ ਖ਼ਾਬ ਵਿੱਚ-

ਫਿਰ ਰੌਣਕਾਂ ਤਿੜਕ ਗਈਆਂ ਹਨ
ਸ਼ਾਮਾਂ ਵੀ ਨਹੀਂ ਬੋਲਦੀਆਂ ਇੱਕ ਦੂਜੇ ਨਾਲ
ਚਨਾਬ ਦੇ ਕੰਢੇ ਤਾਂ ਕਿਸੇ ਨੇ ਕੀ ਪਰਤਣਾ ਹੈ-

ਪੰਜਾਬ ਦਾ ਲਹੂ ਨਾਲ ਨਕਸ਼ਾ
ਚਿਤਰਣ ਵਾਲਿਓ-
ਖੰਜ਼ਰ ਭਰਾਵਾਂ ਦੀਆਂ ਹਿੱਕਾਂ ਲਈ ਨਹੀਂ ਹੁੰਦੇ
ਕੀ ਕਰੋਗੇ ਤਲਵਾਰ ਨੂੰ ਫੁੱਲਾਂ ਦੀ ਸੁਗੰਧ ਚ ਡੋਬ ਕੇ
ਪੰਜਾਬ ਵਿੱਚ ਤਾਂ ਪਹਿਲਾਂ ਹੀ ਲਿਖਿਆ ਹੋਇਆ ਹੈ
ਦਰੀਂ ਘਰੀਂ ਕੋਈ ਸੰਤਾਪਿਆ ਜੇਹਾ ਪ੍ਰਛਾਵਾਂ
ਜਨਮ ਲੈਣਾ ਆਪਣੀ ਮਾਂ ਮਿੱਟੀ ਚੋਂ ਤੇ ਕਿਤੇ ਪਰਦੇਸ ਟੁਰ ਜਾਣਾ

ਸ਼ਬਦ ਤੇ ਤਲਵਾਰ ਦੇ ਆਸ਼ਕੋ
ਖ਼ੁਦਾ ਨੂੰ ਕਹੋ-
ਕਿ ਉਹ ਸਿਰ ਫਿਰੇ ਮਜਹੱਬਾਂ ਤੋਂ ਦੂਰ ਰੱਖੇ
ਨੰਨੇ ਮੁੰਨਿਆਂ ਨੂੰ ਗਲੀ ਚ ਘੁੰਮ ਰਹੇ ਹਲਕੇ ਕੁੱਿਤਆਂ ਤੋਂ ਬਚਾਵੇ
ਤੇ ਕਲਮ ਨੂੰ ਸ਼ਬਦ ਤੇ ਹੌਸਲਾ ਬਖ਼ਸੇ-