ਖ਼ਤ ਇੱਕ ਅਣਜੰਮੀ ਧੀ ਦਾ .......

ਰੇਨੂੰ ਜਲੰਧਰ

ਮਾਂ, ਮੈਂ ਇਸ ਵੇਲੇ ਰੱਬ ਦੀ ਗੋਦ 'ਚ ਬੈਠੀ ਆਂ,
ਅਪਾਹਿਜ ਹੋਏ ਹੱਥਾਂ ਨਾਲ ਖ਼ਤ ਲਿਖ ਰਹੀ ਆਂ,
ਮਾਂ, ਰੱਬ ਮੇਰੇ ਨਾਲ ਖੇਡਦਾ ਏ, ਪਿਆਰ ਵੀ ਬਹੁਤ ਕਰਦੈ,
ਮੇਰੇ ਨਾਲ ਹੱਸ ਵੀ ਪੈਂਦੈ ਤੇ ਰੋ ਵੀ ਪੈਂਦੈ,
ਮੈਂ ਇੱਕ ਦਿਨ ਤੁਹਾਡੀ ਧੀ ਬਣਨਾ ਸੀ,
ਪਰ ਮੇਰਾ ਸੁਫਨਾ ਵੀ ਇਵੇਂ ਹੀ ਟੁੱਟਣਾ ਸੀ,

ਜਿਸ ਦਿਨ ਮੈਨੂੰ ਆਪਣੀ ਹੋਂਦ ਦਾ ਸੀ ਪਤਾ ਲੱਗਾ,
ਓ ਥਾਂ ਸੀ ਹਨ੍ਹੇਰਾ ਪਰ ਆਪਣੇ ਘਰ ਜਿਹਾ ਲੱਗਾ,
ਮੇਰੇ ਨਿੱਕੇ ਨਿੱਕੇ ਅੰਗ ਬਣ ਰਹੇ ਸੀ,
ਮੇਰੇ ਦਿਨ ਰਾਤ ਖੁਸ਼ੀ ਨਾਲ ਗੁਜਰ ਰਹੇ ਸੀ,
ਦੁਨੀਆਂ 'ਚ ਆਉਂਗੀ, ਬੈਠੀ ਸੋਚਦੀ ਰਹਿੰਦੀ
ਜੇ ਤੂੰ ਹੱਸਦੀ ਤਾਂ ਹੱਸ ਪੈਂਦੀ ਜੇ ਤੂੰ ਰੋਦੀ ਤਾਂ ਮੈਂ ਵੀ ਰੋ ਪੈਦੀ।

ਯਾਦ ਹੈ ਇੱਕ ਵਾਰ ਤੂੰ ਸਾਰਾ ਦਿਨ ਰੋਂਦੀ ਸੀ ਰਹੀ
ਮੈਂ ਵੀ ਉਦਾਸ ਹੋ ਕੇ ਰੱਬ ਨੂੰ ਧਿਆਉਂਦੀ ਸੀ ਰਹੀ
ਅਚਾਨਕ ਮੈਂ ਆਪਣੇ ਘਰ ਵਿੱਚ ਇੱਕ ਦੈਂਤ ਵੇਖਿਆ
ਹੱਥਾਂ ਚ ਹਥਿਆਰ, ਚਿਹਰੇ ਤੇ ਦਵੈਤ ਵੇਖਿਆ
ਉਸਦੀਆਂ ਬਾਹਾਂ ਮੇਰੇ ਨੇੜੇ ਆਉਂਦੀਆਂ ਰਹੀਆਂ
''ਮਾਂ, ਮਾਂ,'' ਮੇਰੀਆਂ ਚੀਕਾਂ ਕਢਾਉਂਦੀਆਂ ਰਹੀਆਂ,
ਉਸ ਨੂੰ ਰੋਕਣ ਲਈ ਤਰਲੇ ਮਿੰਨਤਾਂ ਕਰਦੀ ਰਹੀ,
ਪਰ ਹੋਲੀ ਹੌਲੀ ਸ਼ਾਇਦ ਮੈਂ ਮਰਦੀ ਰਹੀ,
ਚੀਕਾਂ ਮੇਰੀਆਂ ਮੇਰੇ ਹੀ ਅੰਦਰ ਦਬ ਕੇ ਰਹਿ ਗਈਆਂ
ਨਿੱਕੀਆਂ ਨਿੱਕੀਆਂ ਲੱਤਾਂ ਬਾਹਾਂ ਉਸ ਦੇ ਹੱਥ ਪੈ ਗਈਆਂ
ਹਾਂ, ਮੈਂ ਹਰ ਪਲ ਮਰ ਰਹੀ ਸੀ,
ਤੈਥੋਂ ਦੂਰ ਹੋਣ ਦੀ ਪੀੜਾ ਜਰ ਰਹੀ ਸੀ।
ਮੇਰੇ ਚ ਜੀਣ ਦੀ ਲਾਲਸਾ ਵੀ ਸੀ ਤੇ ਹਿੰਮਤ ਵੀ,
ਤੇਰੀ ਕੁੱਖ ਮੇਰਾ ਘਰ ਵੀ ਸੀ ਤੇ ਜੰਨੱਤ ਵੀ,
ਸਾਇਦ ਧੀ ਬਣ ਕੇ ਤੇਰਾ ਦੁੱਖ ਵੰਡਾ ਲੈਂਦੀ,
ਮੈਂ ਵੀ ਤੇਰੀ ਧੀ ਹੋਣ ਦਾ ਸੁੱਖ ਹੰਢਾ ਲੈਂਦੀ,
ਜਾਣ ਤੋਂ ਪਹਿਲਾਂ ਦੱਸਣਾ ਸੀ ਕਿ ਕਿੰਨਾ ਪਿਆਰ ਕਰਦੀ ਹਾਂ,
ਪਰ ਆਖਰੀ ਸਾਹਾਂ ਤੇ ਮੈ ਵੀ ਕੀ ਕਰ ਸਕਦੀ ਸਾਂ।

ਹੁਣ ਉਸ ਦੈਂਤ ਦੇ ਅੱਗੇ ਰੋਣਾ ਵਿਅਰਥ ਸੀ,
ਤੂੰ ਵੀ ਤਾਂ ਉਸ ਨਾਲ ਲੜਨ ਚ ਅਸਮਰੱਥ ਸੀ,
ਕਿਸੇ ਹੋਰ ਨੂੰ ਨਿੱਕੇ ਬੀਜ ਤਾਈਂ ਹੱਥ ਲਾਉਣ ਨਾ ਦੇਵੀਂ
ਅਗਲੀ ਵਾਰ ਮਾਂ ਉਸ ਦੈਂਤ ਨੂੰ ਨੇੜੇ ਆਉਣ ਨਾ ਦੇਵੀਂ
ਪਰ ਹੁਣ ਮੈਨੂੰ ਇੱਕ ਪਰੀ ਨੇ ਗੋਦ ਚ ਚੁੱਕਿਆ ਏ
ਰੋ ਰਹੀ ਸੀ ਪਰ ਮੇਰੇ ਪਿੰਡੇ ਦਾ ਦਰਦ ਜਿਵੇਂ ਮੁੱਕਿਆ ਏ।

ਉਸ ਪਰੀ ਨੇ ਜਾ ਕੇ ਮੈਨੂੰ ਰੱਬ ਦੀ ਗੋਦ ਚ ਬੈਠਾ ਦਿੱਤਾ
ਪੁੱਛਿਆ ''ਤੁਸੀ ਕੌਣ'' ਕਹਿੰਦੇ ਵਕਤ ਨੇ ਤੇਰਾ ਪਿਤਾ ਬਣਾ ਦਿੱਤਾ,
ਖੁਸ਼ ਤਾਂ ਹੋ ਗਈ ਪਰ ਸਵਾਲ ਕੀਤਾ, ਮਿ ਮੈਨੂੰ ਕੀ ਹੋਇਆ ਸੀ ?
ਕਹਿੰਦੇ ''ਗਰਪਭਾਤ'' ਉਹੀ ਦੈਂਤ ਹੋਣਾ ਮੈ ਸੋਚਿਆ ਸੀ,
ਬਸ ਹੁਣ ਆਹੀ ਕਹਿਣਾ, ਮਾਂ ਮੈ ਅੱਜ ਵੀ ਤੈਨੂੰ ਪਿਆਰ ਕਰਦੀ ਹਾਂ,
ਮੈ ਤਾਂ ਅਜੇ ਵੀ ਤੇਰੀ ਨਿੱਕੀ ਜਿਹੀ ਲਾਡੋ ਬਣਨਾ ਲੋਚਦੀ ਹਾਂ।