ਗ਼ਜ਼ਲ
ਫੁੱਲ ਜਿਹੀ ਮਹਿਕ ਲੈ ਕੇ ਕੱਲ ਮਿਲੀ ਉਹ ਹਵਾ ਬਣਕੇ ।
ਕੈਦ ਮੈਨੂੰ ਕਰ ਗਈ ਤੁਰ ਗਈ ਉਹ ਸਜਾ ਬਣਕੇ ।
ਜੁਲਫਾਂ ਦੀ ਘਟਾ ਥੱਲੇ ਨੈਣਾਂ ਦੀ ਬਿਜਲੀ ਚਮਕੀ ,
ਦੌਰ ਵਧਾ ਗਈ ਖੂਨ ਦਾ ਤੱਕਣੀ ਉਹਦੀ ਨਸਾ ਬਣਕੇ ।
ਲਫ਼ਜ ਉਹਦੇ ਖੰਜਰ ਬਣ ਖੁਭੇ ਮੇਰੇ ਸ਼ੀਨੇ ਵਿੱਚ ,
ਦਿੱਲ ਦੀ ਜਦੋ ਗੱਲ ਆਖੀ ਉਸਨੇ ਮੇਰੀ ਭੁਜਾ ਬਣਕੇ ।
ਮਿਲਣ ਕਰਕੇ ਰਿਸਣ ਲੱਗੇ ਜ਼ਖਮ ਅੱਲੇ ਬਣ ਨਸੂਰ ,
ਮਿਲਦੀ ਜੇ ਪਹਿਲਾਂ ਕਦੇ ਤਾਂ ਉਹ ਮਿਲਦੀ ਦਵਾ ਬਣਕੇ ।
ਖੁਸ਼ਬੂ ਉਸ ਦੇ ਬਦਨ ਦੀ ਜਦ ਮਿਲੀ ਮੇਰੇ ਸ਼ਾਹਾ ਵਿੱਚ ,
ਭਾਰੂ ਦਿੱਲ ਤੇ ਸੋਚ ਹੋ ਗਈ ਤੁਰ ਗਈ ਹਾਦਸਾ ਬਣਕੇ ।
ਇਹ ਵਕਤ ਦੀ ਸਾਜਸ ਸੀ ਨਾ ਕਿ ਮੇਰਾ ਆਪਣਾ ਕਸੂਰ ,
ਉਤਰ ਨਾ ਮੈ ਦੇ ਸਕਿਆ ਤੈਨੂੰ ਤੇਰੀ ਰਜਾ ਬਣਕੇ ।
ਜਾਪਦਾ ਹੈ ਐ ''ਸਿੱਧੂ '' ਤੂੰ ਜਿੰਦਗੀ ਭਰ ਝੂਰੇਗਾ ,
ਜਿੰਦਗੀ ਵਿੱਚ ਹੈ ਆਈ ਉਹ ਖੁਸ਼ੀ ਦੀ ਥਾਂ ਕਜਾ ਬਣਕੇ।
''ਅਮਰਜੀਤ ਸਿੰਘ ,
ਸਿੱਧੂ ਬੱਧਨੀ ਵਾਲਾ
ਨਜ਼ਮ 2
ਜਿਉਣ ਦੀ ਜਾਂਚ
ਕੀ ਹੋਇਆ , ਜੇ ਉਹ ਤੁਰ ਗਏ ।
ਉਹਨਾਂ ਦੇ ਤੁਰ ਜਾਣ ਮਗਰੋ,
ਮੇਰੇ ਵਗਦੇ ਕੋਸੇ ਹੰਝੂ ਵੇਖ ਕੇ ,
ਹੱਸੋ ਨਾ ਯਾਰੋ ।
ਇਹ ਸੁਚੇ ਮੋਤੀ ,
ਮੇਰੇ ਪਿਆਰ ਦਾ ਸਰਮਾਇਆ ਹਨ ।
ਤੇ ਮੇਰੇ ਸੱਚੇ ਪਿਆਰ ਦੀ ਹੂਕ ।
ਇਸ ਪਿਆਰ ਵੱਸ ਹੋ ਕੇ ਤਾਂ ,
ਰਾਮ ਨੇ ਭੀਲਣੀ ਦੇ ਬੇਰ ਖਾਧੇ ।
ਈਸਾ ਨੇ ਆਪਾ ਸੂਲੀ ਤੇ ਟੰਗਿਆ ।
ਸੋਹਣੀ ਨੇ ਕੱਚਾ ਤੱਕ ਕੇ ਵੀ ,
ਝਨਾਂ ਦੀਆਂ ਲਹਿਰਾਂ ਵਿੱਚ ਤਾਰੀ ਲਾਈ ।
ਰਾਂਝੇ ਨੂੰ ਵੀ ਕੰਨ ਪੜਵਾਕੇ ,
ਦਰ ਦਰ ਮੰਗਣਾ ਪਿਆ ਸੀ ।
ਇਹ ਸੱਭ ਕੁਝ ਕਰਨ ਤੋ ਮਗਰੋਂ ,
ਕਾਮਲ ਇੱਸ਼ਕ ਦੇ ਮੰਜਿਲੇ-ਮੁਕਾਮ ,
ਉਤੇ ਪਹੁੰਚਿਆ ਜਾਦਾ ।
ਜਿੰਦਗੀ ਜਿਉਣ ਦਾ ,
ਲੁਤਫ ਫੇਰ ਹੀ ਆਉਦਾ ਅਮਰਜੀਤ ।
ਅਮਰਜੀਤ ਸਿੰਘ ,
ਸਿੱਧੂ ਬੱਧਨੀ ਵਾਲਾ ।
(ਹਮਬਰਗ ਜ਼ਰਮਨ )