ਚਮਤਕਾਰਾਂ ਦੇ ਵਪਾਰੀ
ਮੁਕੇਸ਼ ਕੁਮਾਰ
ਪੰਜਾਬੀ ਰੂਪ : ਕੇਹਰ ਸ਼ਰੀਫ਼
ਅਨਪੜ੍ਹ, ਗਰੀਬ ਅਤੇ ਆਰਥਕ ਨਾ-ਬਰਾਬਰੀ ਵਾਲੇ ਸਮਾਜਾਂ
ਵਿਚ ਚਮਤਕਾਰਾਂ ਦੀ ਜਬਰਦਸਤ ਡੀਮਾਂਡ ਹੁੰਦੀ ਹੈ। ਇਨ੍ਹਾਂ ਸਮਾਜਾਂ ਦੀ ਬਣਤਰ ਹੀ ਅਜਿਹੀ ਹੁੰਦੀ ਹੈ
ਕਿ ਉਨ੍ਹਾਂ ਵਿਚ ਚਮਤਕਾਰਾਂ ਵਾਸਤੇ ਇਕ ਸੁਭਾਵਿਕ ਖਿੱਚ ਹੁੰਦੀ ਹੈ। ਉਹ ਚਮਤਕਾਰਾਂ ਨੂੰ ਜਗਿਆਸਾ ਦੇ
ਭਾਵ ਨਾਲ ਨਹੀਂ ਦੇਖਦੇ । ਉਨ੍ਹਾਂ ਦੇ ਪਿੱਛੇ ਵਾਲੇ ਅਸਲੀ ਕਾਰਨਾਂ ਨੂੰ ਢੂੰਡਣ ਵਿਚ ਉਨ੍ਹਾਂ ਦੀ
ਕੋਈ ਦਿਲਚਸਪੀ ਨਹੀਂ ਹੁੰਦੀ ਜਾਂ ਫੇਰ ਇੰਜ ਕਹਿ ਲਉ ਕਿ ਉਨ੍ਹਾਂ ਕੋਲ ਇਸ ਦੀ ਸਮਝ ਹੀ ਨਹੀਂ ਹੁੰਦੀ।
ਇਹ ਸਮਾਜ ਚਮਤਕਾਰਾਂ ਦੀ ਉਮੀਦ ਵਿਚ ਸਦੀਆਂ ਗੁਜ਼ਾਰ ਦਿੰਦੇ ਹਨ। ਉਹ ਕਿਸੇ ਵੀ ਤਬਦੀਲੀ ਵਾਸਤੇ
ਚਮਤਕਾਰਾਂ ਦੀ ਸ਼ਰਨ ਵਿਚ ਚਲੇ ਜਾਂਦੇ ਹਨ-ਬਸ। ਚਮਤਕਾਰਾਂ ਵਿਚ ਉਨ੍ਹਾਂ ਦੀ ਅਟੁੱਟ ਆਸਥਾ ਹੀ ਨਹੀਂ
ਹੁੰਦੀ ਅੰਨ੍ਹੀ ਸ਼ਰਧਾ ਵੀ ਹੁੰਦੀ ਹੈ। ਲਾਟਰੀ ਦੇ ਟਿਕਟਾਂ ਤੋਂ ਲੈ ਕੇ ਦੇਵੀਆਂ-ਦੇਵਤਿਆਂ ਦੇ ਅਵਤਾਰਾਂ
ਤੱਕ ਇਹ ਹੀ ਮਨੋਵਿਗਆਨ ਕੰਮ ਕਰਦਾ ਰਹਿੰਦਾ ਹੈ। ਤਬਦੀਲੀ ਦਾ ਇਹ ਹੀ ਸ਼ਾਰਟ ਕੱਟ ਉਨ੍ਹਾਂ ਨੂੰ ਭਾਉਂਦਾ
ਹੈ, ਭਾਵੇਂ ਕੁੱਝ ਬਦਲੇ ਜਾਂ ਨਾ ਬਦਲੇ। ਇਸ ਕਰਕੇ ਮੁਫਤਖ਼ੋਰੇ ਬਾਬੇ ਹੱਥ ਦੀ ਸਫਾਈ ਵਿਖਾ ਕੇ ਉਨ੍ਹਾਂ
ਨੂੰ ਭੰਬਲਭੂਸੇ ਵਿਚ ਪਾ ਕੇ ਆਪ ਫਲਦੇ-ਫੁਲਦੇ ਰਹਿੰਦੇ ਹਨ। ਉਹ ਯੋਗ ਦੀਆਂ ਜੜੀਆਂ-ਬੂਟੀਆਂ ਨੂੰ ਵੀ
ਚਮਤਕਾਰਾਂ ਵਾਂਗ ਹੀ ਵੇਚਦੇ ਹਨ ਅਤੇ ਹਜਾਰਾਂ ਕਰੋੜਾਂ ਦੀ ਜਾਇਦਾਦ ਇਕੱਠੀ ਕਰ ਲੈਂਦੇ ਹਨ।
ਸਾਡੇ ਟੀ ਵੀ ਚੈਨਲ ਵੀ ਇਸ ਵਗਦੀ ਗੰਗਾ ਵਿਚ ਹੱਥ ਧੋਣ ਵਾਸਤੇ ਆਮ ਲੋਕਾਂ ਦੀ ਚਮਤਕਾਰ-ਪ੍ਰਵਿਰਤੀ
ਨੂੰ ਲਗਾਤਾਰ ਕੈਸ਼ ਕਰਦੇ ਰਹੇ ਹਨ। ਪੁਰਾਣਾਂ ਅਤੇ ਮਿੱਥਿਆਵਾਂ 'ਤੇ ਬਣਨ ਵਾਲੇ ਸੀਰੀਅਲਾਂ ਵਿਚ ਇਹ
ਚਮਤਕਾਰਵਾਦ ਭਰਿਆ ਹੋਇਆ ਹੈ। ਜਦੋਂ ਇਹ ਚਮਤਕਾਰ ਦ੍ਰਿਸ਼ ਦੇ ਰੂਪ ਵਿਚ ਸਾਹਮਣੇ ਆਉਂਦੇ ਹਨ ਤਾਂ
ਚਮਤਕਾਰ ਦੀ ਮਹਿਮਾਂ ਨੂੰ ਹੋਰ ਵਧਾ ਦਿੰਦੇ ਹਨ। ਦਰਅਸਲ ਇਨ੍ਹਾਂ ਸੀਰੀਅਲਾਂ ਦੀ ਅਸਧਾਰਨ ਸਫਲਤਾ ਦਾ
ਵੱਡਾ ਕਾਰਨ ਚਮਤਕਾਰਾਂ ਦੀ ਭਰਮਾਰ ਰਹੀ ਹੈ। ਇੱਥੋਂ ਤੱਕ ਕਿ ਮਹਾਂਭਾਰਤ ਅਤੇ ਰਮਾਇਣ ਸੀਰੀਅਲਾਂ
ਵਾਸਤੇ ਲੋਕਾਂ ਦੀ ਪਸੰਦ ਦੇ ਪਿੱਛੇ ਭਾਵੇਂ ਹੋਰ ਵੀ ਵਿਸ਼ੇਸ਼ਤਾਵਾਂ ਰਹੀਆਂ ਹੋਣ ਪਰ ਭਾਰਤੀ ਦਰਸ਼ਕ
ਪ੍ਰਮੁੱਖ ਰੂਪ ਵਿਚ ਅਵਤਾਰ ਅਤੇ ਚਮਤਕਾਰ ਤੱਤ ਤੋਂ ਹੀ ਪ੍ਰੇਰਤ ਅਤੇ ਪ੍ਰਭਾਵਿਤ ਰਹੇ ਹਨ। ਇਨ੍ਹਾਂ
ਵਿਚੋਂ ਕ੍ਰਿਸ਼ਨ ਅਤੇ ਰਾਮ ਦੀਆਂ ਅਵਤਾਰ ਕਥਾਵਾਂ ਵਿਚੋਂ ਉਨ੍ਹਾਂ ਦੇ ਅਜੂਬਾ ਮਾਰਕਾ ਕਰਤਬ ਕੱਢ ਦਿਉ
ਫੇਰ ਦੇਖੋ ਇਨ੍ਹਾਂ ਗ੍ਰੰਥਾਂ ਤੇ ਸੀਰੀਅਲਾਂ ਦਾ ਕੀ ਹੁੰਦਾ ਹੈ?
ਪਿਛਲੇ ਕੁੱਝ ਸਾਲਾਂ ਵਿਚ ਦੇਸ਼ ਅੰਦਰ ਗਰੀਬੀ ਵੀ ਵਧੀ ਹੈ ਅਤੇ ਆਰਥਕ ਨਾ-ਬਰਾਬਰੀ ਵੀ। ਇਸ ਨਾਲ ਲੋਕਾਂ
ਦੀ ਚਮਤਕਾਰਾਂ ਵਿਚ ਆਸਥਾ ਵਧੀ ਹੈ। ਮੰਦਰ ਅੰਦੋਲਨ ਤੋਂ ਬਾਅਦ ਦੇ ਇਕ-ਡੇਢ ਦਹਾਕੇ ਵਿਚ ਅੰਨ੍ਹੀ
ਧਾਰਮਿਕਤਾ ਅਤੇ ਅੰਧ-ਵਿਸ਼ਵਾਸ ਵਿਚ ਵੀ ਵਾਧਾ ਹੋਇਆ ਹੈ ਇਸ ਕਰਕੇ ਚਮਤਕਾਰਾਂ ਪ੍ਰਤੀ ਲੋਕਾਂ ਦਾ
ਰੁਝਾਨ ਵੀ ਵਧਿਆ ਹੈ। ਉਹ ਹੋਰ ਵੀ ਜ਼ਿਆਦਾ ਚਮਤਕਾਰਾਂ ਵਲ ਖਿੱਚੇ ਗਏ ਹਨ। ਇਹ ਤਾਂ ਸਾਫ ਹੈ ਕਿ
ਚਮਤਕਾਰਾਂ ਦੀ ਡੀਮਾਂਡ ਪਹਿਲਾਂ ਦੇ ਮੁਕਾਬਲੇ ਵਧੀ ਹੈ, ਅਤੇ ਇਸੇ ਅਨੁਪਾਤ ਨਾਲ ਚਮਤਕਾਰਾਂ ਦੇ ਵਪਾਰੀ
ਵੀ ਵਧੇ ਹਨ। ਇਸ ਦੀ ਸਭ ਤੋਂ ਤਾਜ਼ਾ ਮਿਸਾਲ ਹੈ ਨੀਊਜ਼ ਚੈਨਲਾਂ 'ਤੇ ਚਮਤਕਾਰਾਂ ਨਾਲ ਜੁੜੀਆਂ ਖਬਰਾਂ
ਅਤੇ ਪ੍ਰੋਗਰਾਮਾਂ ਦੀ ਭਰਮਾਰ। ਚਮਤਕਾਰ ਚੈਨਲਾਂ ਵਾਸਤੇ ਸਫਲਤਾ ਦਾ ਨਵਾਂ ਫਾਰਮੂਲਾ ਬਣ ਗਿਆ ਹੈ।
ਉਨ੍ਹਾਂ ਵਿਚ ਇਕ ਦੂਜੇ ਤੋਂ ਵੱਡਾ ਅਤੇ ਜ਼ਿਆਦਾ ਚਮਤਕਾਰ ਵਿਖਾਉਣ ਦੀ ਦੌੜ ਲੱਗੀ ਹੋਈ ਹੈ ਅਤੇ ਦੌੜ
ਕਿਉਂ ਨਾ ਲੱਗੇ ਜਦੋਂ ਕਿ ਟੀ ਆਰ ਪੀ ਉੱਥੋਂ ਹੀ ਮਿਲ ਰਹੀ ਹੈ।
ਹੁਣ ਦੇਖੋ ਸਵੇਰ ਤੋਂ ਸ਼ਾਮ ਤੱਕ ਚਮਤਕਾਰਾਂ ਦੇ ਕਿੱਸੇ ਕਹਾਣੀਆਂ ਖਬਰਾਂ ਵਿਚ ਤਬਦੀਲ ਕਰਕੇ ਇੰਡੀਆ
ਦਾ ਇੱਕ ਫਾਡੀ ਟੀ ਵੀ ਚੈਨਲ ਪੰਜਵੇਂ ਛੇਵੇਂ ਨੰਬਰ ਤੋਂ ਛਾਲ ਮਾਰ ਕੇ ਦੂਸਰੇ ਤੀਸਰੇ ਨੰਬਰ 'ਤੇ
ਪਹੁੰਚ ਗਿਆ ਹੈ। ਕੁੱਝ ਚਿਰ ਪਹਿਲਾਂ ਇਸ ਚੈਨਲ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ ਸੀ। ਇੱਥੋਂ
ਤੱਕ ਕਿ ਉਸ ਦੇ ਵਿਕਣ ਦੀ ਚਰਚਾ ਵੀ ਸੁਣਨ ਵਿਚ ਆਉਂਦੀ ਰਹਿੰਦੀ ਸੀ, ਪਰ ਹੁਣ ਇਹ ਤਿੰਨ ਮੋਹਰੀ ਚੈਨਲਾਂ
ਵਿਚ ਸ਼ਾਮਲ ਹੀ ਨਹੀਂ ਹੋ ਗਿਆ ਬਲਕਿ ਨੰਬਰ ਇਕ ਅਤੇ ਨੰਬਰ ਦੋ ਉੱਤੇ ਪਹੁੰਚੇ ਹੋਏ ਚੈਨਲਾਂ ਵਾਸਤੇ ਵੀ
ਖਤਰਾ ਬਣਦਾ ਜਾ ਰਿਹਾ ਹੈ। ਪਰ ਇਸ ਸਥਾਨ 'ਤੇ ਪਹੁੰਚਣ ਵਾਸਤੇ ਉਸਨੂੰ ਬਹੁਤ ਵੱਡੀ ਕੀਮਤ ਚੁਕਾਉਣੀ
ਪਈ ਹੈ। ਉਹਨੇ ਆਪਣੀ ਸ਼ੁਰੂਆਤ ਬਦਲੇ ਭਾਰਤ ਦੀ ਤਸਵੀਰ ਦੇ ਨਾਅਰੇ ਨਾਲ ਕੀਤੀ ਅਤੇ ਹੁਣ ਉਹ ਖੁਦ ਇੰਨਾ
ਬਦਲ ਗਿਆ ਹੈ ਕਿ ਕੁੱਝ ਵੀ ਬਦਲਣ ਦੀ ਉਸਦੀ ਹਿੰਮਤ ਨਹੀਂ ਰਹਿ ਗਈ। ਪਹਿਲਾਂ ਘਟੀਆਂ ਸਿਟਿੰਗ ਅਪਰੇਸ਼ਨ
ਕੀਤੇ ਅਤੇ ਸਿਟਿੰਗ ਅਪਰੇਸ਼ਨਾਂ ਦੀ ਉਚਿਤਤਾ ਉੱਤੇ ਹੀ ਸਵਾਲੀਆ ਨਿਸ਼ਾਨ ਲਗਵਾ ਦਿੱਤੇ। ਫੇਰ ਸਾਧੂਆਂ
ਤੋਂ ਲੈ ਕੇ ਪਾਰਲੀਮੈਂਟ ਮੈਂਬਰਾਂ ਦੇ ਅਜਿਹੇ ਦ੍ਰਿਸ਼ ਦਿਨ-ਦਿਹਾੜੇ ਵਿਖਾਏ ਕਿ ਸੂਚਨਾ ਤੇ ਪ੍ਰਸਾਰਨ
ਵਿਭਾਗ ਵਲੋਂ ਉਸਦਾ ਲਾਇਸੈਂਸ ਰੱਦ ਕਰ ਦੇਣ ਦੀ ਚਿਤਾਵਨੀ ਦੇਣੀ ਪਈ। ਜਾਨ ਬਚਾਉਣ ਵਾਸਤੇ ਇਸ ਟੀ ਵੀ
ਨੇ ਇਹ ਸਭ ਕੁੱਝ ਵਿਖਾਉਣਾ ਬੰਦ ਕਰ ਦਿੱਤਾ। ਪਰ ਇਨ੍ਹਾਂ ਹੱਥ ਕੰਡਿਆਂ ਦੇ ਆਸਰੇ ਉਹ ਪੌੜੀ ਦੇ ਅਗਲੇ
ਡੰਡੇ ਤੱਕ ਪਹੁੰਚ ਗਿਆ। ਉਹ ਲੋਕਾਂ ਦੀਆਂ ਨਜ਼ਰਾਂ ਵਿਚ ਆ ਗਿਆ, ਚਰਚਾ ਦਾ ਕੇਂਦਰ ਬਣ ਗਿਆ, ਕੀਮਤ ਵੀ
ਵਧ ਗਈ। ਪਰ ਪੰਜਵੇਂ ਨੰਬਰ ਤੋਂ ਪਹਿਲੇ ਦੂਸਰੇ ਤੱਕ ਪਹੁੰਚਣ ਵਾਸਤੇ ਇਕ ਲੰਮੀ ਛਾਲ ਦੀ ਲੋੜ ਸੀ ਇਸ
ਕਰਕੇ ਉਹਨੇ ਸਵੇਰ ਤੋਂ ਸ਼ਾਮ ਤੱਕ ਚਮਤਕਾਰਾਂ ਵਾਲੀਆਂ ਕਥਾਵਾਂ ਨੂੰ ਵਿਖਾਉਣਾ ਸ਼ੁਰੂ ਕਰ ਦਿੱਤਾ।
ਨਤੀਜਾ ਸਾਹਮਣੇ ਹੈ।
ਅੱਜ ਇਸ ਟੀ ਵੀ ਨੀਊਜ਼ ਚੈਨਲ ਤੋਂ ਚਮਤਕਾਰ ਚੈਨਲ ਭਾਵੇਂ ਹੋ ਗਿਆ ਹੋਵੇ ਪਰ ਅਜਿਹਾ ਨਹੀਂ ਹੈ ਕਿ ਬਾਕੀ
ਦੇ ਚੈਨਲ ਇਸ ਦੋਸ਼ ਤੋਂ ਪੂਰੀ ਤਰ੍ਹਾਂ ਮੁਕਤ ਹਨ। ਇਹ ਚਮਤਕਾਰਵਾਦ ਛੂਤ ਦੇ ਰੋਗ ਵਾਂਗ ਫੈਲਿਆ ਹੈ।
ਇੰਡੀਆ ਟੀ ਵੀ ਅੱਜ ਇਸ ਕੋੜ੍ਹ ਨਾਲ ਸਭ ਤੋਂ ਵੱਧ ਗ੍ਰਸਤ ਵਿਖਾਈ ਦੇ ਰਿਹਾ ਹੈ। ਭਾਵੇਂ ਇਸ ਸਭ ਦੀ
ਸ਼ੁਰੂਆਤ ਮੋਹਰੀ ਬਣੇ ਹੋਏ ਚੈਨਲਾਂ ਨੇ ਹੀ ਕੀਤੀ ਸੀ। ਉਹ ਹੀ ਇਸ ਤਰ੍ਹਾਂ ਦੇ ਚਮਤਕਾਰ ਵਿਖਾ ਕੇ
ਰੇਟਿੰਗ ਬਟੋਰ ਰਹੇ ਸਨ। ਕਾਲ-ਕਪਾਲ ਤੋਂ ਲੈ ਕੇ ਕੁੰਜੀ ਲਾਲ ਅਤੇ ਸਮੁੰਦਰੀ ਪਾਣੀ ਦੇ ਮਿੱਠੇ ਹੋਣ
ਤੋਂ ਲੈ ਕੇ ਬੋਲਣ ਵਾਲੇ ਦਰੱਖਤ ਤੱਕ। ਉੱਪਰ ਵਾਲੇ ਨੀਊਜ਼ ਚੈਨਲ ਇੰਡੀਆ ਟੀ ਵੀ ਦੀ ਹੈਰਾਨ ਕਰ ਦੇਣ
ਵਾਲੀ ਸਫਲਤਾ ਤੋਂ ਚਿੰਤਤ ਵੀ ਹਨ ਅਤੇ ਘਬਰਾਏ ਹੋਏ ਵੀ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਜੇ ਚਮਤਕਾਰਾਂ
ਦਾ ਇਹ ਫਾਰਮੂਲਾ ਇੰਜ ਹੀ ਚਲਦਾ ਰਿਹਾ ਤਾਂ ਉਹ ਉਨ੍ਹਾਂ ਨੂੰ ਧੱਕ ਕੇ ਕਿਸੇ ਵੀ ਸਮੇਂ ਉਨ੍ਹਾਂ ਤੋਂ
ਅੱਗੇ ਲੰਘ ਜਾਵੇਗਾ। ਉਨ੍ਹਾਂ ਦਾ ਧਰਮ ਸੰਕਟ ਇਹ ਹੈ ਕਿ ਉਹ ਵੀ ਇਹ ਸਾਰਾ ਕੁੱਝ ਕਰਨਾ ਤਾਂ ਚਾਹੁੰਦੇ
ਹਨ ਪਰ ਇੰਜ ਕਿ ਉਨ੍ਹਾਂ ਦੇ ਸੱਚ-ਪੁੱਤਰ ਹੋਣ 'ਤੇ ਕੋਈ ਆਂਚ ਨਾ ਆਵੇ। ਉਹ ਨਿਰਲੱਜ ਦਿਖੇ ਬਿਨਾ ਆਪਣੇ
ਆਸਣ ਨੂੰ ਸੁਰੱਖਿਅਤ ਰੱਖਣਾਂ ਚਾਹੁੰਦੇ ਹਨ। ਭਾਵ ਉਨ੍ਹਾਂ ਦੀ ਹਾਲਤ 'ਕੀਤਾ ਵੀ ਨਾ ਜਾਵੇ ਤੇ ਰਿਹਾ
ਵੀ ਨਾ ਜਾਵੇ' ਵਾਲੀ ਹੋ ਗਈ ਹੈ। ਇਸ ਕਰਕੇ ਇਸ ਸਥਿਤੀ 'ਚੋਂ ਨਿਕਲਣ ਵਾਸਤੇ ਉਹ ਦੂਜੇ ਕਿਸਮ ਦੇ
ਚਮਤਕਾਰਾਂ ਦਾ ਜਾਂ ਹੈਰਾਨੀਜਨਕ ਕਾਰਨਾਮਿਆਂ ਵਲ ਰੁਖ ਕਰ ਰਹੇ ਹਨ। ਉਹ ਅੱਖਾਂ ਖੁੱਲੀਆਂ ਰਹਿ ਜਾਣ
ਜਾਂ ਦਿਲ ਦਹਿਲ ਜਾਵੇ ਵਾਲੇ ਫਾਰਮੂਲੇ ਤੇ ਪਹੁੰਚ ਗਏ ਹਨ। ਇਨ੍ਹਾਂ ਚਮਤਕਾਰਾਂ ਨੂੰ ਉਹ ਇਸ ਤਰ੍ਹਾਂ
ਵਿਖਾਉਣ ਦੀ ਜੁਗਤ ਵਿਚ ਲੱਗੇ ਹੋਏ ਹਨ ਕਿ ਉਨ੍ਹਾਂ ਤੇ ਇਹ ਦੋਸ਼ ਨਾ ਲੱਗੇ ਕਿ ਉਹ ਗ਼ੈਰਜ਼ਿੰਮੇਵਾਰ ਹੋ
ਗਏ ਹਨ ਜਾਂ ਅੰਧ-ਵਿਸ਼ਵਾਸ ਨੂੰ ਉਤਸ਼ਾਹਿਤ ਕਰ ਰਹੇ ਹਨ।
ਅਜਿਹਾ ਨਹੀਂ ਕਿ ਜੀਵਨ ਵਿਚ ਚਮਤਕਾਰ ਨਹੀਂ ਹੁੰਦੇ। ਮਨੁੱਖ ਦਾ ਚੰਦ 'ਤੇ ਪਹੁੰਚਣਾਂ ਚਮਤਕਾਰ ਹੀ
ਤਾਂ ਸੀ। ਹੋਰ ਬਹੁਤ ਸਾਰੀਆਂ ਨਵੀਆਂ ਕਾਢਾਂ ਇਕ ਤਰ੍ਹਾਂ ਨਾਲ ਚਮਤਕਾਰ ਹੀ ਤਾਂ ਸਨ। ਇੱਥੋਂ ਤੱਕ ਕਿ
ਟੀ ਵੀ ਵਾਲਾ ਬਕਸਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ, ਜਿਸ ਦੇ ਰਾਹੀਂ ਲੋਕ ਘਰ ਬੈਠੇ ਹੀ
ਦੂਰ-ਦੁਰਾਡੇ ਦੀਆਂ ਘਟਨਾਵਾਂ ਨੂੰ ਉਸੇ ਪਲ ਅੱਖੀਂ ਦੇਖ ਲੈਂਦੇ ਹਨ। ਪਰ ਮਸਲਾ ਇਹ ਹੈ ਕਿ ਚਮਤਕਾਰਾਂ
ਨੂੰ ਤੁਸੀਂ ਵਿਖਾਉਂਦੇ ਕਿਵੇਂ ਹੋ। ਇਤਰਾਜ਼ ਉਦੋਂ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਇਸ ਤਰ੍ਹਾਂ ਪੇਸ਼
ਕੀਤਾ ਜਾਂਦਾ ਹੈ ਕਿ ਇਹ ਅਣਦਿਸਦੀਆਂ ਤਾਕਤਾਂ ਵਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਹਨ ਜੋ ਮਨੁੱਖੀ
ਗਿਆਨ, ਅਨੁਭਵ ਅਤੇ ਸਮਰੱਥਾ ਤੋਂ ਪਰ੍ਹੇ ਹਨ। ਇਨ੍ਹਾਂ 'ਤੇ ਕਿਸੇ ਦਾ ਜ਼ੋਰ ਨਹੀਂ। ਇਹ ਹੁੰਦੇ ਸਨ,
ਹੁੰਦੇ ਹਨ, ਹੁੰਦੇ ਰਹਿਣਗੇ। ਉਨ੍ਹਾਂ ਦਾ ਕੋਈ ਕੁੱਝ ਨਹੀਂ ਕਰ ਸਕਦਾ। ਮੁਸ਼ਕਲ ਉਦੋਂ ਪੈਦਾ ਹੁੰਦੀ
ਹੈ ਜਦੋਂ ਰਹੱਸ (ਘੁੰਡੀ) ਖੋਲ੍ਹਣ ਦੀ ਥਾਵੇਂ ਅਬੁੱਝ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਅਸਲ ਵਿਚ ਜੇ ਇਨ੍ਹਾਂ ਚੈਨਲਾਂ ਰਾਹੀਂ ਚਮਤਕਾਰਾਂ ਨੂੰ ਪੂਰੀ ਤਿਆਰੀ ਨਾਲ ਵਿਖਾਇਆ ਜਾਵੇ ਤਾਂ ਇਹ ਇਕ
ਮੌਕਾ ਵੀ ਹੋ ਸਕਦਾ ਹੈ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਦਾ। ਉਹ ਇਕ ਇਕ ਚਮਤਕਾਰ ਦਾ ਵਿਗਿਆਨੀਆਂ
ਅਤੇ ਤਰਕਸ਼ੀਲਾਂ ਦੀ ਮੱਦਦ ਨਾਲ ਪੋਸਟ ਮਾਰਟਮ (ਚੀਰ-ਫਾੜ) ਕਰਵਾ ਸਕਦੇ ਹਨ ਅਤੇ ਦੱਸ ਸਕਦੇ ਹਨ ਕਿ
ਇਨ੍ਹਾਂ ਚਮਤਕਾਰਾਂ ਦੇ ਪਿੱਛੇ ਭੇਤ ਕੀ ਹੈ? ਹੋ ਸਕਦਾ ਹੈ ਕਿ ਬਹੁਤ ਸਾਰੇ ਚਮਤਕਾਰਾਂ ਤੋਂ ਫੇਰ ਵੀ
ਪਰਦਾ ਨਾ ਉੱਠੇ ਪਰ ਉਨ੍ਹਾਂ ਨੂੰ ਵੀ ਜਗਿਆਸਾ ਦੇ ਘੇਰੇ ਵਿਚ ਲਿਆ ਕੇ ਭਵਿਖੀ ਖੋਜ-ਪਰਖ ਲਈ ਛੱਡਿਆ
ਜਾ ਸਕਦਾ ਹੈ। ਪਰ ਚੈਨਲ ਇਹ ਕੁੱਝ ਨਹੀਂ ਕਰਦੇ ਅਤੇ ਕਦੀਂ ਕਦਾਈਂ ਜਦੋਂ ਕਰਦੇ ਵੀ ਹਨ ਤਾਂ ਖਾਨਾ
ਪੂਰਤੀ ਵਾਸਤੇ। ਰੀਪੋਰਟਰ ਅਤੇ ਐਂਕੁਰ ਇਸ ਹੱਦ ਤੱਕ ਚਮਤਕਾਰਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ ਕਿ
ਉਨ੍ਹਾਂ ਨੂੰ ਕੋਈ ਵੀ ਵਿਗਿਆਨਕ ਵਿਚਾਰ ਹੀ ਨਹੀਂ ਅਹੁੜਦਾ। ਸ਼ਾਇਦ ਉਹ ਖੁਦ ਵੀ ਅੰਧਵਿਸ਼ਵਾਸੀ ਹੁੰਦੇ
ਹੋਣ, ਜਾਂ ਫੇਰ ਜਨਤਾ ਤੇ ਟੀ ਆਰ ਪੀ ਦਾ ਦਬਾਅ ਉਨ੍ਹਾਂ ਤੇ ਰਹਿੰਦਾ ਹੋਵੇ। ਕਾਰਨ ਭਾਵੇਂ ਕੁੱਝ ਵੀ
ਹੋਣ ਪਰ ਘਟਨਾਕ੍ਰਮ ਅਤੇ ਚਰਚਾ ਦਾ ਪੂਰਾ ਫੋਕਸ ਉਹ ਚਮਤਕਾਰ ਤੇ ਹੀ ਬਣਾਈ ਰੱਖਦੇ ਹਨ ਅਤੇ ਸਿੱਟੇ ਵਜੋਂ
ਚਮਤਕਾਰ ਦੀ ਹੀ ਚਾਰੇ ਪਾਸੇ ਮਹਿਮਾਂ ਹੁੰਦੀ ਹੈ।
ਲੋਕਾਂ ਦਾ ਮੰਨਣਾ ਹੈ ਕਿ ਚੈਨਲਾਂ ਦਾ ਇਹ ਚਮਤਕਾਰਵਾਦ ਅਸਥਾਈ ਵਰਤਾਰਾ ਹੈ। ਜਿਵੇਂ ਇਕ ਇਕ ਕਰਕੇ ਕਈ
ਪ੍ਰਵਿਰਤੀਆਂ ਆਈਆਂ ਅਤੇ ਚਲੀਆਂ ਗਈਆਂ ਉਸੇ ਤਰ੍ਹਾਂ ਕੁੱਝ ਸਮੇਂ ਬਾਅਦ ਇਹ ਵੀ ਚਲੀ ਜਾਵੇਗੀ।
ਚਮਤਕਾਰਾਂ ਦੀ ਅੱਤਿ ਹੀ ਚਮਤਕਾਰਾਂ ਨੂੰ ਨਿਗਲ਼ ਜਾਵੇਗੀ। ਦਰਸ਼ਕ ਮੂੰਹ ਮੋੜ ਲੈਣਗੇ। ਉਨ੍ਹਾਂ ਨੂੰ
ਕੁੱਝ ਹੋਰ ਚਾਹੀਦੈ। ਉਦੋਂ ਟੀ ਆਰ ਪੀ ਦੇ ਦੀਵਾਨੇ ਚੈਨਲਾਂ ਨੂੰ ਕੁੱਝ ਨਵਾਂ ਲੱਭਣਾਂ ਹੋਵੇਗਾ। ਹੋ
ਸਕਦਾ ਹੈ ਇਹ ਠੀਕ ਹੋਵੇ (ਚਮਤਕਾਰਾਂ ਦੀ ਮੰਗ ਖਤਮ ਹੋ ਜਾਵੇਗੀ ਅਜਿਹਾ ਸਮਝਣਾਂ ਇਕ ਭੁੱਲ ਹੋਵੇਗੀ)
ਪਰ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਇਹ ਪ੍ਰਵਿਰਤੀ ਕਮਜ਼ੋਰ ਹੋਣ ਤੋਂ ਪਹਿਲਾਂ
ਕਿੰਨਾ ਨੁਕਸਾਨ ਕਰ ਜਾਵੇਗੀ। ਭਾਰਤੀ ਮਾਨਸਿਕਤਾ ਦਾ ਜੋ ਵੀ ਹੁਣ ਤੱਕ ਵਿਗਿਆਨਕ ਵਿਕਾਸ ਹੋਇਆ ਹੈ ਉਸ
'ਤੇ ਪਾਣੀ ਤਾਂ ਫਿਰ ਹੀ ਰਿਹਾ ਹੈ। ਕੀ ਇਹ ਇਸ ਗੱਲ ਦਾ ਸਬੂਤ ਨਹੀਂ ਕਿ ਇਕ ਪਾਸੇ ਸੁਨੀਤਾ ਵਿਲੀਅਮਜ਼
ਵਿਗਿਆਨਕ ਵਿਕਾਸ ਦੀ ਉੱਚੀ ਪ੍ਰਾਪਤੀ ਦੇ ਤੌਰ 'ਤੇ ਪੁਲਾੜ ਵਿਚ ਲੰਮਾ ਸਮਾਂ ਰਹਿਣ ਦਾ ਰੀਕਾਰਡ
ਬਣਾਉਂਦੀ ਹੈ ਅਤੇ ਦੂਜੇ ਪਾਸੇ ਭਾਰਤ ਵਿਚ ਉਸਦੇ ਰਾਜ਼ੀ-ਖੁਸ਼ੀ ਵਾਪਸ ਪਰਤਣ ਵਾਸਤੇ ਯੱਗ-ਹਵਨ ਆਦਿ ਕੀਤੇ
ਜਾਂਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਚੈਨਲ ਉਨ੍ਹਾਂ ਨੂੰ ਵਧਾ-ਚੜ੍ਹਾ ਕੇ ਵਿਖਾਉਂਦੇ ਹਨ। ਫੇਰ ਕੀ
ਗਰੰਟੀ ਹੈ ਕਿ ਇਸ ਪ੍ਰਵਿਰਤੀ ਤੋਂ ਬਾਅਦ ਜੋ ਪ੍ਰਵਿਰਤੀ ਆਵੇਗੀ ਉਹ ਚੰਗੀ ਹੋਵੇਗੀ। ਘਟੀਆ ਜੁਰਮ,
ਘਟੀਆ ਹਾਸਾ ਅਤੇ ਘਟੀਆ ਚਮਤਕਾਰ ਤੋਂ ਬਾਅਦ ਸ਼ੱਕ ਇਹ ਹੀ ਹੈ ਕਿ ਚੈਨਲ ਇਸੇ ਤਰ੍ਹਾਂ ਕਿਸੇ ਘਟੀਆ ਚੀਜ਼
ਦਾ ਪੁਨਰ ਨਿਰਮਾਣ ਕਰ ਦੇਣਗੇ। ਅਕਸਰ ਕਿਹਾ ਜਾਂਦਾ ਹੈ ਕਿ ਨੀਊਜ਼ ਚੈਨਲ ਬਿਨਾਂ ਡਰਾਈਵਰ ਤੋਂ ਕਾਰ
ਵਰਗੇ ਹੋ ਗਏ ਹਨ। ਇਹ ਗੱਲ ਠੀਕ ਨਹੀਂ ਹੈ। ਸਾਰੇ ਚੈਨਲ ਡਰਾਈਵਰਾਂ ਵਲੋਂ ਹੀ ਚਲਾਏ ਜਾ ਰਹੇ ਹਨ। ਇਹ
ਵੱਖਰੀ ਗੱਲ ਹੈ ਕਿ ਕੁੱਝ ਦੇ ਡਰਾਈਵਰ ਰੇਟਿੰਗ ਦੇ ਨਸ਼ੇ ਵਿਚ ਧੁੱਤ ਹਨ, ਕੁੱਝ ਇਕ ਨੂੰ ਠੀਕ ਤਰ੍ਹਾਂ
ਡਰਾਈਵਰੀ ਨਹੀਂ ਆਉਂਦੀ, ਕੁੱਝ ਬੀ ਐਮ ਡਬਲਯੂ ਚਲਾਉਣ ਦੀ ਮਾਨਸਿਕਤਾ (ਕਿਸੇ 'ਤੇ ਵੀ ਚਾੜ੍ਹ ਦੇਣਗੇ,
ਕੁੱਝ ਨਹੀਂ ਹੋਣ ਲੱਗਾ) ਤੋਂ ਪੀੜਿਤ ਹਨ ਅਤੇ ਕੁੱਝ ਜੋ ਚੰਗੀ ਤਰ੍ਹਾਂ ਚਲਾ ਸਕਦੇ ਹਨ ਉਨ੍ਹਾਂ ਨੂੰ
ਕਾਰ ਦੇ ਮਾਲਕ ਜਾਂ ਮਾਕੀਟਿੰਗ (ਬਜ਼ਾਰ) ਵਾਲੇ ਚਲਾਉਣ ਨਹੀਂ ਦੇ ਰਹੇ। ਹੁਣ ਇਹ ਇਨ੍ਹਾਂ ਤੋਂ ਬਚਣ ਤਦ
ਹੀ ਭਲਾ ਹੈ।