ਤੀਸਰੇ ਸੰਤ ਈਸ਼ਰ ਸਿੰਘ ਜੀ ਯਾਦਗਾਰੀ ਕਬੱਡੀ ਕੱਪ ਰਾੜਾ ਸਾਹਿਬ ਦੇ ਕਬੱਡੀ ਕੱਪ ਤੇ ਮੀਰੀਪੀਰੀ ਸਪੋਰਟਸ ਕਲੱਬ ਅਮਰੀਕਾ ਦੀ ਟੀਮ ਬਣੀ ਚੈਂਪੀਅਨ।
ਇਸ ਕਬੱਡੀ ਕੱਪ ਦਾ ਵਧੀਆ ਧਾਵੀ ਕਾਲਾ ਮੀਆਂਵਿੰਡ ਅਤੇ ਵਧੀਆ ਜਾਫੀ ਗੁਰਵਿੰਦਰ ਕਾਲਵਾਂ ਨੂੰ ਚੁਣਿਆ ਗਿਆ।

ਜਸਵੰਤ ਸਿੰਘ ਖੜਗ
ਫੋਟੋਆਂ:-ਪਰਮਜੀਤ ਸਿੰਘ ਬਾਗੜੀਆ


ਰਾੜਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਤੀਸਰੀ ਵਾਰ ਮੁੱਖ ਸਰਪ੍ਰਸਤ ਸੁੱਖ ਘਲੋਟੀ(ਕੈਨੇਡਾ),ਭੋਲਾ ਕਿਲਾ ਹਾਂਸ (ਅਮਰੀਕਾ),ਮੁੱਖ ਪ੍ਰਬੰਧਕ ਮਾ.ਭੁਪਿੰਦਰ ਸਿੰਘ ਘਲੋਟੀ, ਚੇਅਰਮੈਨ ਪਰਮਰਾਜ ਸਿੰਘ ਉਮਰਾਨੰਗਲ ਤੇ ਇਲਾਕੇ ਦੇ ਸਮੂਹ ਐਨ.ਆਰ.ਆਈ ਭਰਾਵਾਂ ਦੇ ਸਹਿਯੋਗ ਨਾਲ ਤੀਸਰਾ ਸੰਤ ਈਸ਼ਰ ਸਿੰਘ ਜੀ ਯਾਦਗਾਰੀ ਕਬੱਡੀ ਕੱਪ ਰਾੜਾ ਸਾਹਿਬ ਦੇ ਖੇਡ ਸਟੇਡੀਅਮ ਵਿੱਚ ਸ਼ਫਲਤਾ ਦੇ ਝੰਡੇ ਗੱਡਦਾ ਹੋਇਆ ਸਮਾਪਤ ਹੋਇਆ।
ਇਸ ਕਬੱਡੀ ਕੱਪ ਦਾ ਉਦਘਾਟਨ ਮੁੱਖ ਗ੍ਰੰਥੀ ਭਾਈ ਜਰਨੈਲ ਸਿੰਘ ਰਾੜਾ ਸਾਹਿਬ ਵਾਲਿਆ ਅਤੇ ਬਾਬਾ ਅਮਰੀਕ ਸਿੰਘ ਰਾਜੋਆਣੇ ਵਾਲਿਆ ਨੇ ਰੀਬਨ ਕੱਟ ਕੇ ਕੀਤਾ। ਬਾਬਾ ਜੀ ਵੱਲੋਂ ਅਰਦਾਸ ਕਰਨ ਤੋਂ ਬਾਅਦ ਪਹਿਲਾ ਮੈਚ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਅਤੇ ਹਰਜੀਤ ਫਰੈਂਡਜ਼ ਕਬੱਡੀ ਅਕੈਡਮੀ ਪੱਤੋਂਹੀਰਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ ਬਹੁਤ ਹੀ ਫਸਵਾਂ ਹੋਇਆ ਰਾੜਾ ਸਾਹਿਬ ਵੱਲੋਂ ਧਾਵੀ ਤੇਜੀ ਪੂਨੀਆਂ , ਕੀਪਾ ਸੱਦੋਵਾਲ , ਸੀਰਾ ਜਰਗੜੀ , ਗੁਰਮੀਤ ਮੰਡੀਆਂ ਅਤੇ ਨਿੱਕਾ ਜਰਗੜੀ ਨੇ ਕਬੱਡੀਆਂ ਪਾਈਆਂ ਅਤੇ ਜੀਤਾ ਜੰਡੀ , ਕਰਮਜੀਤ ਲਸਾੜਾ, ਨੋਨਾ ਭੈਣੀ ਬੜਿੰਗ , ਵਿੱਕੀ ਧਨੌਲਾ , ਮੰਨੂ ਘਲੋਟੀ , ਸੰਧੂਰਾ ਦੌਧਰ ਨੇ ਜੱਫੇ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਕਰਮਜੀਤ ਲਸਾੜਾ ਨੇ 4 ਜੱਫੇ 2 ਕਾਮਨ ਕੀਤੇ ਅਤੇ ਜੀਤਾ ਜੰਡੀ ਨੇ 5 ਜੱਫੇ ਲਾਏ। ਬਾਕੀ ਹੋਰ ਕੋਈ ਵੀ ਜਾਫੀ ਜੱਫਾ ਲਾਉਣ ਵਿੱਚ ਕਾਮਯਾਬ ਨਹੀਂ ਹੋਇਆ। ਜੇਕਰ ਪੱਤੋਂਹੀਰਾ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਧਾਵੀ ਜਗਦੀਪ ਢੀਮਾਂਵਾਲੀ , ਕਮਲ ਲੰਡੇ, ਭੀਮ ਮਾਣੂੰਕੇ ਅਤੇ ਜੱਗਾ ਜਨੇਤਪੁਰਾ ਨੇ ਕਬੱਡੀਆਂ ਪਾਈਆਂ । ਜੱਗੇ ਨੇ 5 ਕਬੱਡੀਆਂ 'ਚ ਇੱਕ ਅੰਕ, ਜਗਦੀਪ ਨੇ 8 ਅੰਕਾਂ 'ਚ 3 ਅੰਕ ਪ੍ਰਾਪਤ ਕੀਤੇ, ਪਰ ਕਮਲ ਲੰਡੇ ਅਤੇ ਭੀਮ ਮਾਣੂੰਕੇ ਨੇ ਵਧੀਆ ਪ੍ਰਦਰਸ਼ਨ ਕੀਤਾ। ਜਾਫੀ ਤਾਰ ਲੰਡੇ, ਅੰਮ੍ਰਿਤਪਾਲ ਜਨੇਤਪੁਰਾ, ਬਾਲਾ ਖਾਈ, ਦੀਪਾ ਲੰਡੇ, ਬਗੀਚਾ ਇੰਦਗੜ੍ਹ, ਜੰਟਾ ਲੰਡੇ ਨੇ ਜੱਫੇ ਵੀ ਵਧੀਆ ਲਾਏ। ਪਰ ਕੋਚ ਸਾਧੂ ਸਿੰਘ ਬਰਾੜ ਦੀ ਟੀਮ ਪੱਤੋਂਹੀਰਾ ਦੀ ਟੀਮ ਜਿਹੜੇ ਇੱਕ ਵਾਰ ਭਾਵੇਂ ਰਾੜਾ ਸਾਹਿਬ ਦੀ ਟੀਮ ਤੋਂ ਅੰਕ ਅੱਗੇ ਕਰ ਗਈ ਸੀ ਪਰ ਸਮਾਪਤ ਹੋਣ ਤੱਕ ਪਤਾ ਲੱਗਾ ਕਿ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਕਹਿਣ ਦਾ ਭਾਵ ਕਿ ਪੱਤੋਂਹੀਰਾ ਦੀ ਟੀਮ ਅੱਧੇ ਅੰਕ ਨਾਲ ਹਾਰ ਗਈ।
ਦੂਜਾ ਮੈਚ ਪਿਛਲੇ ਸਾਲ ਦੀ ਜੇਤੂ ਟੀਮ ਹਰਜੀਤ ਕਲੱਬ ਬਾਜਾਖਾਨਾ ਅਤੇ ਉਪ ਜੇਤੂ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀਆਂ ਟੀਮਾਂ ਵਿਚਕਾਰ ਹੋਇਆ। ਬਾਜਾਖਾਨਾ ਦੀ ਟੀਮ ਵਿੱਚ ਬਾਵਾ ਮਤੋਈ, ਭਿੰਦਾ ਬਰੀਵਾਲ, ਹੈਪੀ ਮਾਣੂੰਕੇ ਅਤੇ ਫਿੱਡੂ ਕੁੰਡਲ ਨੇ ਸ਼ਾਨਦਾਰ ਕਬੱਡੀਆਂ ਪਾਈਆਂ ਅਤੇ ਜਾਫੀ ਕੇਵਲ ਭਾਉ, ਗੁਰਪਿਆਰ ਕਲੇਰ, ਸ਼ਕਤੀਮਾਨ ਖਾਰਾ, ਸ਼ਰਮਾ ਬਰੜਵਾਲ, ਪ੍ਰਵੇਜ਼ ਮਤੋਈ, ਪੱਪੀ ਜੇਤੋ ਅਤੇ ਪੰਮਾ ਖਾਂਦੇਵਾਲ ਨੇ ਜੱਫੇ ਲਾਉਣ ਦੀ ਕੋਸ਼ਿਸ਼ ਕੀਤੀ। ਮੋਗਾ ਦੀ ਟੀਮ ਵੱਲੋਂ ਸੀਰਾ ਬੁਘੀਪੁਰੀਆਂ, ਜੱਸ ਗਗੜਾ, ਅਮਨਾ ਹਠੂਰ ਅਤੇ ਜੀਤਾ ਤੂਤ ਦੀਆਂ ਸ਼ਾਨਦਾਰ ਕਬੱਡੀਆਂ ਅਤੇ ਜਾਫੀ ਬਿੱਲਾ ਜਲਾਲਦੀਵਾਲ, ਮੱਖਣ ਸੈਦੋਕੇ, ਗਿੱਲ ਜੰਡਾਂਵਾਲਾ, ਬਬਲੀ ਚੜਿੱਕ ਦੇ ਜੱਫਿਆਂ ਦੀ ਬਦੌਲਤ ਮੋਗਾ ਦੀ ਟੀਮ 2 ਅੰਕਾਂ ਦੇ ਫਰਕ ਨਾਲ ਜਿੱਤ ਗਈ।
ਤੀਜਾ ਮੈਚ ਦਸ਼ਮੇਸ਼ ਕਲੱਬ ਕਾਲਖ ਅਤੇ ਹਰਜੀਤ ਤਲਵਾਰ ਕਲੱਬ ਜਗਰਾਉਂ ਦੀਆਂ ਟੀਮਾਂ ਵਿਚਕਾਰ ਹੋਇਆ। ਕਾਲਖ ਦੀ ਟੀਮ ਵਿੱਚ ਭਾਵੇਂ ਜੋਗੀ ਦੇਧਨਾ, ਬਾਬਾ ਜਲਾਲਦੀਵਾਲ, ਕਾਲਾ ਝਨੇਰ, ਕਰਨ ਖਮਾਣੋਂ, ਸੁਲਤਾਨ ਸੀਹਾਂ ਦੌਦ, ਗੋਲਡੀ ਕੂਮਕਲਾਂ, ਪੱਪੀ ਖਹਿਰਾ, ਮਨਜੀਤ ਸਿਓੜਾ, ਲਾਲਾ ਸੰਘੇਣ, ਪ੍ਰੇਮ ਝਨੇਰ ਅਤੇ ਪਿੰਦਰ ਕਾਲਖ ਵਰਗੇ ਖਿਡਾਰੀ ਸਨ, ਪਰ ਇਹ ਮੈਚ 9 ਅੰਕਾਂ ਦੇ ਫਰਕ ਨਾਲ ਹਰਜੀਤ ਤਲਵਾਰ ਕਲੱਬ ਜਗਰਾੳਂ ਦੀ ਟੀਮ ਜਿੱਤਣ ਵਿੱਚ ਕਾਮਯਾਬ ਹੋਈ।
ਚੌਥਾ ਮੈਚ ਬੈਦਵਾਣ ਕਬੱਡੀ ਅਕੈਡਮੀ ਮੌਲੀ ਬੈਦਵਾਣ ਅਤੇ ਮੀਰੀਪੀਰੀ ਸਪੋਰਟਸ ਕਲੱਬ ਅਮਰੀਕਾ ਦੀਆਂ ਟੀਮਾਂ ਵਿਚਕਾਰ ਸ਼ੁਰੂ ਹੋਇਆ ਮੌਲੀ ਬੈਦਵਾਣ ਦੀ ਟੀਮ ਵਿੱਚ ਧਾਵੀ ਹਰਜੋਤ ਗੱਬਰ, ਬੱਬੂ ਲਸਾੜਾ, ਗੁਰਜਿੰਦਰ ਲਸਾੜਾ, ਮੋਠਾ ਲਲਤੋਂ ਅਤੇ ਜਾਫੀ ਗੁਰਵਿੰਦਰ ਨਾਭਾ, ਮੋਹਣਾ, ਕੁਲਦੀਪ ਕੁੰਭੜਾ, ਗੁਰਮੀਤ ਮੌਲੀ, ਜੱਸੂ ਮੌਲੀ, ਛੋਟੂ ਮੌਲੀ ਵਰਗੇ ਖਿਡਾਰੀ ਖੇਡੇ ਪਰ ਗੋਗੀ ਜਰਗੜੀ ਅਤੇ ਸਿੰਗਾਰਾ ਹੋਲ ਦੀ ਘਾਟ ਕਰਕੇ ਇਹ ਮੈਚ ਮੀਰੀਪੀਰੀ ਸਪੋਰਟਸ ਕਲੱਬ ਅਮਰੀਕਾ ਦੀ ਟੀਮ ਨੇ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਪਹਿਲਾ ਸੈਮੀਫਾਈਨਲ ਮੈਚ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਅਤੇ ਹਰਜੀਤ ਤਲਵਾਰ ਕਲੱਬ ਜਗਰਾੳਂ ਦੀਆਂ ਟੀਮਾਂ ਵਿਚਕਾਰ ਬਹੁਤ ਹੀ ਸੰਘਰਸਪੂਰਨ ਮੈਚ ਹੋਇਆ। ਰਾੜਾ ਸਾਹਿਬ ਦੀ ਟੀਮ ਦੇ ਧਾਵੀ ਕੀਪਾ ਸੱਦੋਵਾਲ ਨੂੰ ਦੋ ਜੱਫੇ ਲੱਗੇ ਇੱਕ ਜੱਫਾ ਸੁੱਖਾ ਗਾਲਿਬ ਰਣ ਸਿੰਘ ਅਤੇ ਦੂਜਾ ਸੀਰਾ ਮੱਲੇਆਣਾ ਨੇ ਲਾਇਆ। ਤੇਜੀ ਪੂਨੀਆ ਨੂੰ ਤਿੰਨ ਜੱਫੇ ਲੱਗੇ ਇੱਕ ਜੱਫਾ ਸੁੱਖਾ ਗਾਲਿਬ ਰਣ ਸਿੰਘ ਅਤੇ ਦੋ ਜੱਫੇ ਗੁਲਜਾਰ ਸਿੱਧਵਾਂ ਨੇ ਲਾਏ। ਗੁਰਮੀਤ ਮੰਡੀਆਂ ਨੂੰ ਦੋ ਜੱਫੇ ਇੱਕ ਸੀਰਾ ਮੱਲੇਆਣਾ ਅਤੇ ਇੱਕ ਕੰਤਾ ਰਸੂਲਪੁਰ ਨੇ ਲਾਇਆ। ਇਸੇ ਤਰ੍ਹਾਂ ਸੀਰਾ ਜਰਗੜੀ ਨੂੰ ਇੱਕ ਜੱਫਾ ਕੰਤਾ ਰਸੂਲਪੁਰ ਨੇ ਲਾਇਆ। ਜਗਰਾੳਂ ਦੀ ਟੀਮ ਦੇ ਗੈਰੀ ਜੁਨੇਤਪੁਰਾ ਨੇ ਇੱਕ ਕਬੱਡੀ ਪਾਈ ਉਸ ਨੂੰ ਜੀਤਾ ਜੰਡੀ ਨੇ ਬੰਦ ਕਰ ਦਿੱਤਾ । ਕਾਲੂ ਰਸੂਲਪੁਰ ਨੂੰ ਭਾਵੇਂ ਪਹਿਲੀ ਰੇਡ ਤੇ ਮੰਨੂ ਘਲੋਟੀ ਨੇ ਜੱਫਾ ਲਾਇਆ ਪਰ ਉਸ ਤੋਂ ਬਾਅਦ ਉਹ ਕਿਸੇ ਤੋਂ ਨਹੀਂ ਰੁਕਿਆ। ਰੋਮੀ ਲਲਤੋਂ ਦੀਆਂ ਤਿੰਨ ਕੱਬਡੀਆਂ ਉੱਪਰ ਦੋ ਜੱਫੇ ਕਰਮਜੀਤ ਲਸਾੜਾ ਨੇ ਲਾ ਬਹਿਜਾ-ਬਹਿਜਾ ਕਰਵਾਈ। ਹਰਦੀਪ ਕਾਉਂਕੇ ਨੂੰ ਦੋ ਜੱਫੇ ਲੱਗੇ,ਇੱਕ ਜੱਫਾ ਜੀਤਾ ਜੰਡੀ ਨੇ ਅਤੇ ਇੱਕ ਜੱਫਾ ਸੰਧੂਰਾ ਦੌਧਰ ਨੇ ਲਾਇਆ। ਗੱਲ ਕੀ ਮੈਚ ਪੂਰਾ ਫਸਵਾਂ ਚੱਲ ਰਿਹਾ ਸੀ ਦੋਵੇਂ ਪਾਸੇ ਜੱਫੇ ਤੇ ਜੱਫਾ ਲੱਗ ਰਿਹਾ ਸੀ। ਕੀਪਾ ਬੱਧਨੀ ਦੀ ਚੌਥੀ ਕਬੱਡੀ ਤੇ ਭੋਲੂ ਓੁਟਾਲਾਂ ਨੇ ਜਦੋਂ ਡਬਲ ਟੱਚ ਦਾ ਫਾਇਦਾ ਲੇ ਕੇ ਜੱਫਾ ਲਾਇਆ ਤਾਂ ਕਾਫੀ ਰੌਲਾ ਪੈ ਗਿਆ ਕੀਪੇ ਬੱਧਨੀ ਦੀ ਨੌਂਵੀ ਕਬੱਡੀ ਤੇ ਜਦੋਂ ਜਾਫੀ ਕਰਮਜੀਤ ਲਸਾੜਾ ਨੇ ਜੱਫਾ ਲਾਇਆ ਤਾਂ ਸੁੱਖ ਘਲੋਟੀ (ਕੈਨੇਡਾ) ਨੇ ਪੈਸਿਆਂ ਦਾ ਮੀਂਹ ਵਰ੍ਹਾ ਦਿੱਤਾ। ਮੈਚ ਬਰਾਬਰ ਚੱਲ ਰਿਹਾ ਸੀ ਜਗਰਾਉਂ ਟੀਮ ਦਾ ਕੋਚ ਚੈਨਾ ਸਿੱਧਵਾਂ ਕੀਪੇ ਬੱਧਨੀ ਦੀਆਂ ਦੋ ਕੱਬਡੀਆਂ ਪਵਾ ਰਿਹਾ ਸੀ ਅਤੇ ਆਖ ਰਿਹਾ ਸੀ ਕਿ ਪੁੱਤਰਾ! ਮੈਚ ਜਿੱਤਣਾ ਹੈ। ਕੀਪਾ ਬੱਧਨੀ ਵੀ ਮੈਚ ਜਿੱਤਣ ਲਈ ਪੂਰਾ ਜ਼ੋਰ ਲਾ ਰਿਹਾ ਸੀ,ਉਸ ਨੇ ਮੈਚ ਵਿੱਚ 21 ਕਬੱਡੀਆਂ ਪਾਈਆਂ ਪਰ ਕੀਪੇ ਦੀ ਆਖਰੀ ਕਬੱਡੀ ਤੇ ਜੀਤਾ ਜੰਡੀ ਨੇ ਜੱਫਾ ਲਾ ਕੇ ਜਿੱਥੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕੀਤਾ, ਉੱਥੇ ਮੈਚ ਜਿੱਤ ਕੇ ਟੀਮ ਨੂੰ ਫਾਈਨਲ ਵਿੱਚ ਪ੍ਰਵੇਸ਼ ਕਰ ਦਿੱਤਾ।
ਦੂਜਾ ਸੈਮੀਫਾਈਨਲ ਮੈਚ ਮੀਰੀਪੀਰੀ ਸਪੋਰਟਸ ਕਲੱਬ ਅਮਰੀਕਾ ਅਤੇ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀਆਂ ਟੀਮਾਂ ਵਿੱਚਕਾਰ ਹੋਇਆ। ਇਸ ਮੈਚ ਵਿੱਚ ਮੋਗਾ ਦੀ ਟੀਮ ਨੂੰ ਗੁਰਜੀਤ ਤੂਤ, ਬਲਜੀਤ ਸੈਦੋਕੇ ਅਤੇ ਏਕਮ ਹਠੂਰ ਦੀ ਘਾਟ ਮਹਿਸੂਸ ਹੋਈ। ਇਹ ਮੈਚ ਮੀਰੀਪੀਰੀ ਸਪੋਰਟਸ ਕਲੱਬ ਅਮਰੀਕਾ ਦੀ ਟੀਮ ਨੇ ਅਸਾਨੀ ਮੈਚ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਪਰ ਡੀ.ਪੀ ਮੱਖਣ ਸਿੰਘ ਚੜਿੱਕ ਦੀ ਟੀਮ ਵਿੱਚ ਖੇਡ ਰਹੇ ਧਾਵੀ ਜੀਤਾ ਤੂਤ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨ ਜਿੱਤ ਲਿਆ।
ਫਾਈਨਲ ਮੈਚ ਤੋਂ ਪਹਿਲਾ ਲੁਧਿਆਣਾ ਅਤੇ ਮੋਗਾ ਦੇ 40 ਸਾਲਾਂ ਗੱਭਰੂਆਂ ਦੇ ਵਿਚਕਾਰ ਹੋਇਆ ਇੰਨ੍ਹਾ ਦੇ ਮੈਚ ਦਾ ਵੀ ਦਰਸ਼ਕਾਂ ਨੇ ਬਹੁਤ ਆਨੰਦ ਮਾਣਿਆ। ਫਾਈਨਲ ਮੈਚ ਤੋਂ ਪਹਿਲਾ ਕਬੱਡੀ ਦੇ ਸਟਾਰ ਰਹਿ ਚੁੱਕੇ ਕਬੱਡੀ ਖਿਡਾਰੀ ਜਿੰਦਰਾ ਭੜੋ ਨੂੰ ਐਨ ਆਰ ਆਈ ਭਰਾਵਾਂ ਵੱਲੋਂ ਵਰਨਾ ਗੱਡੀ ਦੇ ਕੇ ਸਨਮਾਨਿਤ ਕੀਤਾ ਗਿਆ। ਇੱਸ ਕਬੱਡੀ ਕੱਪ ਵਿੱਚ ਜਿੱਥੇ ਲਗਾਤਾਰ ਤਿੰਨ ਸਾਲ ਕਬੱਡੀ ਦੇ ਖਿਡਾਰੀਆਂ ਨੂੰ ਗੱਡੀਆਂ ਸਨਮਾਨ ਵਿੱਚ ਦੇ ਕੇ ਹੈਟ੍ਰਿਕ ਬਣਾਈ, ਉੱਥੇ ਇਹ ਕਬੱਡੀ ਕੱਪ ਪੰਜਾਬ ਦਾ ਸਭ ਤੋਂ ਪਹਿਲਾ ਕਬੱਡੀ ਕੱਪ ਬਣ ਗਿਆ ਜਿੱਥੇ ਲਗਾਤਾਰ ਤੀਸਰੀ ਵਾਰ ਸਨਮਾਨ ਵਿੱਚ ਗੱਡੀ ਦਿੱਤੀ ਗਈ। ਪੁਰਾਣੇ ਕਬੱਡੀ ਖਿਡਾਰੀ ਬੱਚਨ ਸਿੰਘ ਘਲੋਟੀ , ਕੀਤੂ ਬਿੱਲਾ (ਘਣਗਸ), ਮਿੰਦਰ ਸਿੰਘ ਖੇੜੀ, ਤਾਰਾ ਸਿੰਘ ਰਾਏਕੋਟ , ਸੱਰਭਾ ਗੁੱਜਰਵਾਲ, ਮੱਘਰ ਸਿੰਘ ਖੈਹਿਰਾ, ਮਲਕੀਤ ਸਿੰਘ ਖੱਟੜਾ, ਪ੍ਰੇਮ ਸਾਗਰ ਨਾਰੀਕੇ, ਅਮਰ ਸਿੰਘ ਰਾਏਕੋਟ ਨੂੰ ਜਿੱਥੇ ਕਲੱਬ ਵੱਲੋਂ 1100-1100 ਰੁਪਏ ਨਕਦ ਇਨਾਮ ਦਿੱਤੇ ਅਤੇ ਇਕੱਲੇ-ਇਕੱਲੇ ਖਿਡਾਰੀ ਨੂੰ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
ਕਬੱਡੀ ਦੇ ਜੁੜੇ ਇਸ ਮਹਾਂਕੁੰਭ ਵਿੱਚ ਸਮੁੰਦਰ ਵਾਂਗ ਠਾਠਾਂ ਮਾਰਦੇ ਦਰਸ਼ਕਾਂ ਦੇ ਹੜ੍ਹਾਂ ਨੁੰ ਹੁਣ ਫਾਈਨਲ ਮੈਚ ਦੀ ਉਡੀਕ ਸੀ। ਫਾਈਨਲ ਮੈਚ ਲਈ ਅਮਰੀਕਾ ਦੇ ਪ੍ਰਸਿੱਧ ਕਬੱਡੀ ਪ੍ਰਮੋਟਰ ਬਾਬਾ ਜੌਹਨ ਸਿੰਘ ਗਿੱਲ ਦੀ ਸਪਾਂਸਰ ਕੀਤੀ ਮੀਰੀਪੀਰੀ ਸਪੋਰਟਸ ਕਲੱਬ ਅਮਰੀਕਾ ਦੀ ਟੀਮ ਖੇਡ ਮੈਦਾਨ ਵਿੱਚ ਪਹੁੰਚੀ। ਉਸ ਤੋਂ ਬਾਅਦ ਸੁੱਖ ਘਲੋਟੀ (ਕੈਨੇਡਾ) ਭੋਲਾ ਕਿਲਾਂ ਹਾਂਸ (ਅਮਰੀਕਾ) ਦੀ ਸਪਾਂਸਰ ਕੀਤੀ ਕੋਚ ਮਾ:ਭੁਪਿੰਦਰ ਸਿੰਘ ਘਲੋਟੀ ਅਤੇ ਕਬੱਡੀ ਖਿਡਾਰੀ ਜਗਤਾਰ ਧਨੌਲਾ ਦੀ ਤਿਆਰ ਕੀਤੀ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਦੀ ਟੀਮ ਮੈਦਾਨ ਵਿੱਚ ਆਈ ਸੈਮੀਫਾਈਨਲ ਵਿੱਚ ਰਾੜਾ ਸਾਹਿਬ ਦੇ ਖਿਡਾਰੀਆਂ ਦਾ ਜ਼ੋਰ ਬਹੁਤ ਜਿਆਦਾ ਲੱਗ ਗਿਆ ਸੀ ਇਸ ਲਈ ਰਾੜਾ ਸਾਹਿਬ ਦੀ ਟੀਮ ਵੱਲੋਂ ਕੀਪਾ ਸੱਦੋਵਾਲ ਨੇ ਕਬੱਡੀ ਨਹੀਂ ਪਾਈ। ਤੇਜੀ ਪੂਨੀਆਂ, ਗੁਰਮੀਤ ਮੰਡੀਆਂ, ਕਾਲਾ ਰੰਘੇੜੀ, ਵਿੱਕੀ ਘਲੋਟੀ, ਹਰਦੀਪ ਮਕੂਸਦੜਾ, ਗੁਰਪ੍ਰੀਤ ਸਿੳੜਾ ਵਰਗੇ ਧਾਵੀਆਂ ਨੇ ਕਬੱਡੀਆਂ ਪਾਈਆਂ ਪਰ ਮੀਰੀਪੀਰੀ ਦੇ ਜਾਫੀ ਜੋਬਨ ਅਵਾਣ, ਗੁਰਵਿੰਦਰ ਕਾਲਵਾ, ਰੂਬੀ ਹਰਖੋਵਾਲ, ਸੁੱਖਾ ਭੰਡਾਲ ਦੋਨਾਂ, ਨਾਣੂ ਤਲਵੰਡੀ ਚੌਧਰੀਆ, ਵਰਗੇ ਪ੍ਰਸਿੱਧ ਜਾਫੀਆਂ ਨੇ ਇਨਾ੍ਹਂ ਦੀਆਂ ਰੇਡਾਂ ਤਕਰੀਬਨ ਸਾਰੀਆਂ ਹੀ ਬੰਦ ਕਰ ਦਿੱਤੀਆਂ। ਪਰ ਕਾਰਾ ਬੇਰਖੁਰਦ ਬਹੁਤ ਹੀ ਵਧੀਆ ਖੇਡਿਆ। ਦੂਜੇ ਪਾਸੇ ਮੀਰੀਪੀਰੀ ਦੇ ਧਾਵੀ ਸੰਦੀਪ ਸੁਰਖਪੁਰੀਆ, ਬਿੱਕਾ ਤਲਵੰਡੀ ਚੌਧਰੀਆ, ਸੰਜੀਵ ਪੰਡਤ ਵਰਗੇ ਧਾਵੀਆਂ ਨੂੰ ਭਾਵੇਂ ਕਰਮਜੀਤ ਨੇ ਦੋ ਜੱਫੇ, ਭੋਲੂ ਉਟਾਲਾਂ ਨੇ ਤਿੰਨ ਜੱਫੇ, ਮੰਨੂ ਘਲੋਟੀ ਨੇ ਦੋ ਜੱਫੇ ਅਤੇ ਸੰਧੂਰਾ ਦੌਧਰ ਨੇ ਵੀ ਦੋ ਜੱਫੇ ਲਾਏ ਪਰ ਮੀਰੀ ਪੀਰੀ ਟੀਮ ਦੇ ਧਾਵੀ ਕਾਲਾ ਮੀਆਂਵਿੰਡ ਨੂੰ ਕੋਈ ਵੀ ਜਾਫੀ ਰੋਕ ਨਹੀਂ ਸਕਿਆ। ਮੀਰੀਪੀਰੀ ਦੇ ਜਾਫੀ ਜੋਬਨ ਅਵਾਣ ਅਤੇ ਰੂਬੀ ਹਰਖੋਵਾਲ ਨੇ ਤਿੰਨ૶ਤਿੰਨ ਜੱਫੇ, ਸੁੱਖਾ ਭੰਡਾਲ ਦੋਨਾਂ ਨੇ ਚਾਰ ਜੱਫੇ, ਨਾਣੂੰ ਅਤੇ ਪੰਮਾ ਝੰਡੇਰਾ ਨੇ ਇੱਕ-ਇੱਕ ਜੱਫਾ ਲਾਇਆ। ਪਰ ਇਸ ਟੀਮ ਦੇ ਜਾਫੀ ਗੁਰਵਿੰਦਰ ਕਾਲਵਾਂ ਨੇ ਛੇ ਜੱਫੇ ਲਾ ਕੇ ਮੈਚ ਦਾ ਨਜ਼ਾਰਾ ਕੁਝ ਹੋਰ ਕਰ ਦਿੱਤਾ। ਰਾੜਾ ਸਾਹਿਬ ਦੀ ਟੀਮ ਭਾਵੇਂ ਆਪਣੇ ਪ੍ਰੈਕਟਿਸ਼ ਕਰਨ ਵਾਲੇ ਖੇਡ ਮੈਦਾਨ ਵਿੱਚ ਖੇਡ ਰਹੀ ਸੀ, ਪਰ ਮੀਰੀਪੀਰੀ ਦੀ ਟੀਮ ਨੇ ਕਾਫੀ ਅੰਕਾਂ ਦੇ ਫਰਕ ਨਾਲ ਮੈਚ ਜਿੱਤ ਕੇ ਸੰਤ ਈਸ਼ਰ ਸਿੰਘ ਯਾਦਗਾਰੀ ਤੀਸਰੇ ਕਬੱਡੀ ਕੱਪ ਦੀ ਚੈਂਪੀਅਨ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਕਬੱਡੀ ਕੱਪ ਦਾ ਵਧੀਆ ਧਾਵੀ ਕਾਲਾ ਮੀਆਂਵਿੰਡ ਅਤੇ ਵਧੀਆ ਜਾਫੀ ਗੁਰਵਿੰਦਰ ਕਾਲਵਾਂ ਨੂੰ ਚੁਣਿਆ ਗਿਆ।
ਜਿੱਥੇ ਕਬੱਡੀ ਦੇ ਮੈਚਾਂ ਸਮੇਂ ਪ੍ਰਸਿੱਧ ਕੁਮੈਂਟੇਟਰ ਪ੍ਰੋ:ਮੱਖਣ ਸਿੰਘ ਹਕੀਮਪੁਰ, ਗੁਰਪ੍ਰੀਤ ਸਿੰਘ ਬੇਰਕਲਾਂ, ਨੇ ਜਿੱਥੇ ਲੋਕ ਬੋਲੀਆਂ ਅਤੇ ਕਬੱਡੀ ਦੇ ਟੋਟਕਿਆਂ ਰਾਹੀਂ ਸਮੁੱਚਾ ਵਾਤਾਵਰਣ ਹੀ ਅਨੰਦਮਈ ਬਣਾਈ ਰੱਖਿਆ ਉੱਥੇ ਉੱਭਰ ਰਹੇ ਖੇਡ ਕੁਮੈਂਟੇਟਰ ਹਰਜੋਧ ਸਿੰਘ ਸਿੳੜਾ ਨੇ ਵੀ ਆਪਣੀ ਵਧੀਆ ਅਵਾਜ਼ ਰਾਹੀਂ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਉੱਥੇ ਰੈਫਰੀਆਂ ਦੀ ਸੇਵਾ ਪੰਮਾ ਬੁਆਣੀ,ਕੋਚ ਸਾਧੂ ਸਿੰਘ ਬਰਾੜ, ਚੰਨਾ ਆਲਮਗੀਰ, ਡੀ.ਪੀ.ਈ ਮੱਖਣ ਸਿੰਘ ਚੜਿੱਕ, ਜਗਤਾਰ ਸਿੰਘ ਧਨੌਲਾ, ਪਵਿੱਤਰ ਸਿੰਘ ਕੁਹਾੜਾ ਅਤੇ ਨੰਬਰ ਲਿਖਣ ਦੀ ਸੇਵਾ ਸਿੰਕਦਰ ਸਿੰਘ ਭੀਖੀ ਅਤੇ ਮਾਸਟਰ ਰਾਮ ਸਿੰਘ ਟਿੰਬਰਵਾਲ ਨੇ ਕੀਤੀ।
ਇਨਾਮਾਂ ਦੀ ਵੰਡ ਕਰਨ ਲਈ ਸੰਜੀਵ ਕਾਲੜਾ ਆਈ.ਜੀ. (ਪੰਜਾਬ ਪੁਲਿਸ), ਜੱਸੀ ਖੰਗੂੜਾ (ਐਮ.ਐਲ.ਏ. ਕਿਲਾ ਰਾਇਪੁਰ), ਮਾਨ ਸਿੰਘ ਗਰਚਾ, ਗੁਰਚਰਨ ਸਿੰਘ ਗਰੇਵਾਲ ਅਤੇ ਜਗਜੀਵਨ ਪਾਲ ਸਿੰਘ ਗਿੱਲ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ। ਮੈਚ ਸਮਾਪਤ ਹੋਣ ਤੋਂ ਬਾਅਦ ਜਿੱਥੇ ਮੀਰੀਪੀਰੀ ਸਪੋਰਟਸ ਕਲੱਬ ਅਮਰੀਕਾ ਦੀ ਟੀਮ ਨੂੰ ਇੱਕ ਲੱਖ ਰੁਪਏ ਨਕਦ ਅਤੇ ਕਬੱਡੀ ਕੱਪ ਨਾਲ ਸਨਮਾਨਿਤ ਕੀਤਾ ਗਿਆ। ਉੱਥੇ ਉੱਪ-ਜੇਤੂ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਟੀਮ ਨੂੰ 75 ਹਜ਼ਾਰ ਰੁਪਏ ਨਕਦ ਇਨਾਮ ਅਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ। ਖੇਡ ਮੇਲੇ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਅਤੇ ਪੱਤਰਕਾਰਾਂ ਨੂੰ ਜਿੱਥੇ ਸੇਖੋਂ ਬ੍ਰਦਰਜ਼ (ਜਸਵਿੰਦਰ ਸਿੰਘ ਸੇਖੋਂ, ਰਣਜੋਧ ਸਿੰਘ ਸੇਖੋਂ)ਕਿਲਾ ਹਾਂਸ ਵਾਲੇ ਸਨਮਾਨਿਤ ਕਰ ਰਹੇ ਸਨ ਉੱਥੇ ਸੁੱਖ ਘਲੋਟੀ, ਮਾ:ਭੁਪਿੰਦਰ ਸਿੰਘ ਘਲੋਟੀ ਵੀ ਮੁੱਖ ਮਹਿਮਾਨਾ ਨੂੰ ਸੰਭਾਲਣ ਵਿੱਚ ਲੱਗੇ ਹੋਏ ਸਨ।
ਇਸ ਚੌਥੇ ਕਬੱਡੀ ਕੱਪ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਗੋਲੂ ਪੰਧੇਰ ਘਲੋਟੀ (ਕੈਨੇਡਾ), ਸੁਖਮਿੰਦਰ ਸਿੰਘ ਕੈਨੇਡਾ , ਨੋਨੀ ਪੰਧੇਰ ਘਲੋਟੀ (ਕੈਨੇਡਾ), ਅਮ੍ਰਿਤਪਾਲ ਸਿੰਘ ਪੰਧੇਰ (ਕੈਨੇਡਾ), ਕੁਲਵੀਰ ਸਿੰਘ ਦੁਲੇਅ (ਕੈਨੇਡਾ), ਹਰਪ੍ਰੀਤ ਸਿੰਘ (ਕੈਨੇਡਾ), ਗੁਰਮੀਤ ਸਿੰਘ ਗਰੇਵਾਲ (ਕੈਨੇਡਾ), ਹਰਵਿੰਦਰ ਸਿੰਘ ਬਦੇਸ਼ਾ (ਕੈਨੇਡਾ) , ਜਤਿੰਦਰਪਾਲ ਸਿੰਘ (ਕੈਨੇਡਾ), ਦਵਿੰਦਰ ਸਿੰਘ ਗਰੇਵਾਲ (ਕੈਨੇਡਾ), ਬਿੱਕਰ ਸਿੰਘ ਪੰਧੇਰ (ਕੈਨੇਡਾ), ਸੋਹਣ ਸਿੰਘ ਪੰਧੇਰ (ਕੈਨੇਡਾ), ਹਰਜੀਤ ਸਿੰਘ ਗਿੱਲ (ਕੈਨੇਡਾ), ਗੁਰਪਿੰਦਰ ਸਿੰਘ ਪੰਧੇਰ (ਕੈਨੇਡਾ), ਸਟੀਵ ਦੁਲੇਅ (ਕੈਨੇਡਾ), ਨਛੱਤਰ ਸਿੰਘ (ਕੈਨੇਡਾ), ਜਸਵੰਤ ਸਿੰਘ ਬਾਸੀ (ਕੈਨੇਡਾ),ਸੈਂਡੀ ਪੁਵਾਰ (ਕੈਨੇਡਾ), ਹਰਪਿੰਦਰ ਗਿੱਲ ਜੰਡਾਲੀ (ਅਮਰੀਕਾ) , ਗਿਆਨ ਸਿੰਘ ਕਿਲਾ ਹਾਂਸ (ਅਮਰੀਕਾ), ਸ:ਰਣਜੋਤ ਸਿੰਘ ਕਿਲਾ ਹਾਂਸ (ਅਮਰੀਕਾ), ਅਮਰਜੀਤ ਸਿੰਘ ਢਿੱਲੋਂ (ਅਮਰੀਕਾ), ਹਰਬੰਸ ਸਿੰਘ ਕਿਲਾ ਹਾਂਸ (ਅਮਰੀਕਾ), ਸੁਰਜੀਤ ਸਿੰਘ ਗਿੱਲ (ਅਮਰੀਕਾ),ਇੰਦਰਜੀਤ ਸਿੰਘ ਪਨੈਚ (ਅਮਰੀਕਾ), ਸ਼ਰਨਜੀਤ ਸਿੰਘ (ਅਮਰੀਕਾ), ਰਛਪਾਲ ਸਿੰਘ (ਅਮਰੀਕਾ), ਗੁਰਚਰਨ ਸਿੰਘ ਚੰਨਾ (ਅਮਰੀਕਾ), ਗੁਰਵਿੰਦਰ ਸਿੰਘ ਗਿੱਲ (ਅਮਰੀਕਾ), ਹਰਵਿੰਦਰ ਸਿੰਘ ਗੋਲਡੀ (ਅਮਰੀਕਾ), ਚੰਨਾ ਆਲਮਗੀਰ (ਅਮਰੀਕਾ),ਬਲਜੀਤ ਸਿੰਘ ਮੱਲੀ (ਇੰਗਲੈਂਡ), ਹਰਜਿੰਦਰ ਸਿੰਘ (ਜਰਮਨ), ਮਹਿੰਦਰ ਸਿੰਘ (ਨਿਉਜੀਲੈਂਡ), ਆਦਿ ਨੇ ਦਿਲ ਖੋਲ ਕੇ ਯੋਗਦਾਨ ਪਾਈਆ।
ਹੋਰਨਾਂ ਤੋਂ ਬਿਨਾਂ ਇਸ ਖੇਡ ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵੱਧ ૶ਚੜ੍ਹ ਕੇ ਦਿੱਤੇ ਸਹਿਯੋਗ ਲਈ ਮਾ:ਭੁਪਿੰਦਰ ਸਿੰਘ ਪੰਧੇਰ, ਕਬੱਡੀ ਖਿਡਾਰੀ ਬਿੱਲਾ ਘਲੋਟੀ, ਹਰਬੰਸ ਸਿੰਘ ਝੱਜ ਗੁ:ਰਾੜਾ ਸਾਹਿਬ , ਰਤਨ ਸਿੰਘ ਬਰਾੜ (ਡੀ.ਐਸ.ਪੀ) ਪਾਇਲ , ਨਵੀਨ ਕੁਮਾਰ ਇੰਸਪੈਕਟਰ (ਪਾਇਲ), ਕਮਿੱਕਰ ਸਿੰਘ (ਮਕੰਦਪੁਰ), ਕਰਮਜੀਤ ਸਿੰਘ ਰੱਖੜਾ ਪ੍ਰਧਾਨ ਐਨ.ਆਰ.ਆਈ. ਯੂਥ ਵਿੰਗ ਅਕਾਲੀ ਦਲ ਪੰਜਾਬ , ਹਰਭਜਨ ਸਿੰਘ ਪੰਧੇਰ , ਜਥੇਦਾਰ ਪ੍ਰਗਟ ਸਿੰਘ (ਅਗੇਤੀ), ਸ:ਜੀਤ ਸਿੰਘ ਲੰਬੜਦਾਰ , ਕਬੱਡੀ ਖਿਡਾਰੀ ਜਗਤਾਰ ਸਿੰਘ ਧਨੌਲਾ , ਤਾਰਾ ਸਿੰਘ ਭੀਖੀ (ਹੈਡਮਾਸਟਰ), ਬਲਵੀਰ ਲਹਿਰਾ , ਸ:ਸਿਕੰਦਰ ਸਿੰਘ ਭੀਖੀ ,ਹਰਜੀਤ ਸਿੰਘ ਪੰਧੇਰ , ਗੋਲਾ ਜਰਗ , , ਜੋਗਿੰਦਰ ਹੰਟਰ , ਸੁਰਿੰਦਰ ਪਾਲ ਟੋਨੀ (ਕਾਲਖ), ਸਰਪੰਚ ਬਲਦੇਵ ਸਿੰਘ , ਹਰਪ੍ਰੀਤ ਸਿੰਘ (ਰਿੰਪੀ), ਦਲਜੀਤ ਸਿੰਘ ਪੰਧੇਰ , ਟਿੰਕੂ ਗਰੇਵਾਲ , ਪ੍ਰਭਜੋਤ ਸਿੰਘ ਪੰਧੇਰ , ਸੁਖਜਿੰਦਰ ਸਿੰਘ ,ਗੁਰਪ੍ਰੀਤ ਬੇਰ ਕਲਾਂ, ਸ:ਕ੍ਰਿਪਾਲ ਸਿੰਘ ਘੋਲ , ਹਰਪਾਲ ਸਿੰਘ (ਪੰਧੇਰ), ਸ:ਪਰਮਜੀਤ ਸਿੰਘ (ਪੁੰਨੂ),ਹਰਜਿੰਦਰ ਸਿੰਘ (ਜਿੰਦਰਾ ਭੜੋ), ਗੁਰਚਰਨ ਸਿੰਘ ਮਕੂਸਦੜਾ, ਵਿੱਕੀ ਧਨੌਲਾ, ਹਰਦੀਪ ਗਿਆਨੀ, ਮੰਨੂ ਘਲੋਟੀ, ਲਾਡੀ ਮੰਡੀਆਂ, ਸੀਰਾ ਜਰਗੜੀ,ਨੋਨਾ ਭੈਣੀ ਬੜਿੰਗ, ਭੋਲੂ ਉਟਾਲਾਂ, ਕਾਲਾ ਰੰਘੇੜੀ, ਤੇਜਵੰਤ ਸਿੰਘ ਤੇਜਾ(ਕਿਲਾ ਹਾਂਸ), ਜਸਪ੍ਰੀਤ ਸਿੰਘ ਬੰਟੀ, (ਕਿਲਾ ਹਾਂਸ), ਤਰਲੋਚਨ ਸਿੰਘ ਤੋਤਾ(ਕਿਲਾ ਹਾਂਸ)ਆਦਿ ਦੇ ਨਾਂਅ ਵਰਨਣਯੋਗ ਸਨ।
ਅੰਤ ਵਿੱਚ ਸੁੱਖ ਘਲੋਟੀ(ਕੈਨੇਡਾ) ਅਤੇ ਜਸਵਿੰਦਰ ਸਿੰਘ ਸੇਖੋਂ, ਰਣਜੋਧ ਸਿੰਘ ਸੇਖੋਂ, ਨੇ ਜਿੱਥੇ ਸਾਰੇ ਆਏ ਹੋਏ ਮੁੱਖ ਮਹਿਮਾਨਾਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਉੱਥੇ ਚੌਥਾ ਸੰਤ ਈਸ਼ਰ ਸਿੰਘ ਯਾਦਗਾਰੀ ਕਬੱਡੀ ਕੱਪ ਅਗਲੇ ਸਾਲ ਨੂੰ ਕਰਾਉਣ ਦਾ ਵਾਅਦਾ ਕੀਤਾ।