ਪ੍ਰਸਿੱਧ ਕੁਮੈਂਟੇਟਰ ਇਕਬਾਲ ਗਾਲਿਬ ਰਣ ਸਿੰਘ

ਜਸਵੰਤ ਸਿੰਘ ਖੜਗ

ਇਸ ਸਾਲ ਵੈਨਕੁਵਰ ਦੇ ਕਬੱਡੀ ਕੱਪਾਂ ਵਿੱਚ ਕੁੜਤਾ-ਚਾਦਰਾ, ਪੰਜਾਬੀ ਜੁੱਤੀ ਪਾ ਕੇ ਅਤੇ ਹੱਥ ਵਿੱਚ ਖੂੰਡਾ ਫੜ ਕੇ ਵੱਖਰੇ ਹੀ ਅੰਦਾਜ਼ ਵਿੱਚ ਕੁਮੈਂਟਰੀ ਕਰਦਾ ਨਜ਼ਰ ਆਵੇਗਾ ਪ੍ਰਸਿੱਧ ਕੁਮੈਂਟੇਟਰ ਇਕਬਾਲ ਗਾਲਿਬ ਰਣ ਸਿੰਘ ।
ਪੰਜਾਬ ਦੇ ਪੇਂਡੂ ਖੇਡ ਮੇਲੇ ਅਤੇ ਕਬੱਡੀ ਕੱਪਾਂ ਵਿੱਚ ਕੁੜਤਾ-ਚਾਦਰਾ, ਪੰਜਾਬੀ ਜੁੱਤੀ ਪਾ ਕੇ ਅਤੇ ਹੱਥ ਵਿੱਚ ਖੂੰਡਾ ਫੜ ਕੇ ਕੁਮੈਂਟਰੀ ਕਰਨ ਕਰਕੇ ਪ੍ਰਸਿੱਧ ਹੋਇਆ ਕੁਮੈਂਟੇਟਰ ਇਕਬਾਲ ਗਾਲਿਬ ਰਣ ਸਿੰਘ ਇਸ ਸਾਲ ਵੈਨਕੁਵਰ ਦੇ ਕਬੱਡੀ ਕੱਪਾਂ ਵਿੱਚ ਵੱਖਰੇ ਹੀ ਅੰਦਾਜ਼ ਵਿੱਚ ਨਜ਼ਰ ਆਵੇਗਾ ਕਿਉਂਕਿ ਨਵੰਬਰ 2005 ਵਿੱਚ ਉਸਦਾ ਵਿਆਹ ਦਵਿੰਦਰ ਕੌਰ ਵਾਸੀ ਸਰੀ (ਕੈਨੇਡਾ) ਨਾਲ ਹੋਇਆ ਸੀ ਇਸ ਲਈ ਇਕਬਾਲ ਦਸੰਬਰ 2007 ਵਿੱਚ ਸਰੀ (ਕੈਨੇਡਾ) ਪੱਕੇ ਤੌਰ 'ਤੇ ਚਲਾ ਗਿਆ।
ਇਕਬਾਲ ਸਿੰਘ ਗਿੱਲ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਗਾਲਿਬ ਰਣ ਸਿੰਘ ਵਿੱਚ ਸ: ਪਵਿੱਤਰ ਸਿੰਘ ਗਿੱਲ ਦੇ ਘਰ ਮਾਤਾ ਪਰਮਜੀਤ ਕੌਰ ਕੁੱਖੋਂ 23 ਕੁ ਵਰ੍ਹੇ ਪਹਿਲਾ ਹੋਇਆ। ਇਕਬਾਲ ਨੇ +2 ਕਰਨ ਤੋਂ ਬਾਅਦ ਮਾਸਟਰ ਮਨਦੀਪ ਸਿੰਘ ਜਗਰਾਉਂ ਤੋਂ ਭੰਗੜੇ ਦੇ ਗੁਰ ਸਿੱਖੇ। ਸਾਲ 2005 ਵਿੱਚ ਪਿੰਡ ਦੇ ਫੁੱਟਬਾਲ ਟੂਰਨਾਮੈਂਟ'ਚ ਪਹਿਲੀ ਵਾਰ ਕੁਮੈਂਟਰੀ ਕਰਨ ਲਈ ਮਾਈਕ ਫੜਿਆ ਤਾਂ ਉਸਦੇ ਯਾਰਾਂ-ਦੋਸਤਾਂ ਨੇ ਤਾਰੀਫ ਕੀਤੀ ਅਤੇ ਕੁਮੈਂਟਰੀ ਦੀ ਕਲਾ ਨੂੰ ਉਜਾਗਰ ਕਰਨ ਲਈ ਉਤਸ਼ਾਹਿਤ ਕੀਤਾ। ਉਸ ਤੋਂ ਬਾਅਦ ਉਸਨੇ ਆਪਣੇ ਨੇੜੇ ਦੇ ਖੇਡ ਮੇਲਿਆਂ ਵਿੱਚ ਆਪਣੀ ਹਾਜ਼ਰੀ ਕੁਮੈਂਟਰੀ ਰਾਹੀਂ ਲਗਵਾਉਣੀ ਸ਼ੁਰੂ ਕਰ ਦਿੱਤੀ। ਸਾਲ 2005 ਵਿੱਚ ਹੀ ਕੈਨੇਡਾ ਕਬੱਡੀ ਕੱਪ ਉੱਪਰ ਕੌਮਾਂਤਰੀ ਕਬੱਡੀ ਖਿਡਾਰੀ ਹਰਜਿੰਦਰ ਢੱਟ ਅਤੇ ਸੁੱਖਾ ਦਾਖਾ ਦੀ ਬਦੌਲਤ ਗੁਰੁ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕੁਮੈਂਟਰੀ ਕਰਕੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ ਅਤੇ ਉੱਥੇ ਹੀ ਪ੍ਰਸਿੱਧ ਕੁਮੈਂਟੇਟਰ ਮੱਖਣ ਸਿੰਘ ਹਕੀਮਪੁਰ ਨੂੰ ਗੁਰੁ ਧਾਰਿਆ। ਉਸ ਤੋਂ ਬਾਅਦ ਨੇ ਇਕਬਾਲ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹੁਣ ਤੱਕ ਇਕਬਾਲ ਅਨੇਕਾਂ ਚੈਨਲਾਂ ਉੱਪਰ ਅਪਣੀ ਕਲਾ ਦਾ ਜੌਹਰ ਦਿਖਾ ਚੁੱਕਾ ਸੀ। ਉਸ ਦੀ ਕਲਾ ਨੂੰ ਦੇਖਦੇ ਹੋਏ ਪਿੰਡ ਗਾਲਿਬ ਕਲਾਂ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ 10 ਸਤੰਬਰ 2006 ਨੂੰ ਪੰਜ ਦਰਿਆ ਸੱਭਿਆਚਾਰ ਮੰਚ ਜਗਰਾਉਂ ਵੱਲੋਂ ਇਕਬਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਪੇਂਡੂ ਖੇਡ ਮੇਲਿਆਂ ਵਿੱਚ ਕਈ-ਕਈ ਘੰਟੇ ਕੁਮੈਂਟਰੀ ਕਰਨ ਵਾਲਾ ਇਕਬਾਲ ਜਿੱਥੇ ਕਬੱਡੀ ਨੂੰ ਦਿਲੋਂ ਪਿਆਰ ਕਰਦਾ ਹੈ, ਉੱਥੇ ਉਹ ਕਦੇ ਵੀ ਪੈਸੇ ਦਾ ਲਾਲਚ ਨਹੀਂ ਕਰਦਾ ਬਲਕਿ ਸ਼ੌਂਕ ਨਾਲ ਕੁਮੈਂਟਰੀ ਕਰਨ ਜਾਂਦਾ ਹੈ, ਅਤੇ ਆਪਣੇ ਪਿੰਡ ਗਾਲਿਬ ਰਣ ਸਿੰਘ ਵਿਖੇ ਕਰਵਾਏ ਜਾਂਦੇ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਵਿੱਚ ਜਿੱਥੇ ਹਰੇਕ ਸਾਲ ਵਿਸ਼ੇਸ਼ ਸਹਿਯੋਗ ਦਿੰਦਾ ਹੈ, ਉੱਥੇ ਹਰੇਕ ਸਾਲ ਕਬੱਡੀ ਇੱਕ ਪਿੰਡ ਉਪਨ ਦਾ ਪਹਿਲਾ ਇਨਾਮ ਵੀ ਇਕਬਾਲ ਹੀ ਦਿੰਦਾ ਹੈ ਅਤੇ ਫੁੱਟਬਾਲ ਆਲ ਉਪਨ ਵਿੱਚ ਲਗਾਤਾਰ ਤਿੰਨ ਸਾਲ ਜਿੱਤਣ ਵਾਲੀ ਟੀਮ ਨੂੰ ਵੀ ਗੋਲਡ ਕੱਪ ਦੇਵੇਗਾ। ਮੁਲਾਂਪੁਰ ਵਿਖੇ 4 ਜਨਵਰੀ 2008 ਨੂੰ ਕਰਵਾਏ ਗਏ ਪਹਿਲੇ ਕਬੱਡੀ ਕੱਪ ਵਿੱਚ ਵੀ ਵਿਸ਼ੇਸ਼ ਯੋਗਦਾਨ ਰਿਹਾ
ਇਕਬਾਲ ਦੀ ਵੱਖਰੀ ਦਿੱਖ ਅਤੇ ਵਧੀਆ ਕੁਮੈਂਟਰੀ ਕਰਕੇ ਪੰਜਾਬ ਵਿੱਚ ਪੇਂਡੂ ਖੇਡ ਮੇਲਿਆਂ ਵਾਲੇ ਉਸ ਨੂੰ ਪਹਿਲਾ ਹੀ ਬੁੱਕ ਕਰ ਲੈਂਦੇ ਸਨ। ਆਪਣੇ ਇਸ ਮੁਕਾਮ ਤੇ ਪਹੁੰਚਣ ਲਈ ਉਹ ਆਪਣੇ ਮਾਂ-ਬਾਪ, ਰਿਸ਼ਤੇਦਾਰਾਂ, ਛੋਟੇ ਭਰਾ ਜਸਦੇਵ ਸਿੰਘ ਅਤੇ ਖਾਸ ਕਰਕੇ ਤਰਸੇਮ ਕੁਮਾਰ ਸੰਦੋੜ ਦਾ ਰਿਣੀ ਹੈ ਜੋ ਉਸ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਹਨ।
ਹੁਣ ਤੱਕ ਕੈਨੇਡਾ ਕਬੱਡੀ ਕੱਪ ਲੁਧਿਆਣਾ, ਕੁੱਬੇ, ਕਾਉਂਕੇ, ਮੁੱਲਾਂਪੁਰ, ਜਾਂਗਪੁਰ, ਕਮਾਲਪੁਰਾ, ਰਾਏਕੋਟ ਅਤੇ ਹੋਰ ਮਾਲਵੇ ਦੇ ਪ੍ਰਸਿੱਧ ਖੇਡ ਮੇਲਿਆਂ ਦੀ ਸ਼ਾਨ ਬਣਨ ਤੋਂ ਬਾਅਦ ਇਸ ਸਾਲ ਵੈਨਕੁਵਰ ਦੇ ਕਬੱਡੀ ਸੀਜ਼ਨ ਵਿੱਚ ਸਰੀ ਵਿਖੇ ਹੋਣ ਵਾਲੇ ਕਬੱਡੀ ਕੱਪਾਂ ਵਿੱਚ ਆਪਣੇ ਮਿਸ਼ਰੀ ਵਰਗੇ ਬੋਲਾਂ ਦੇ ਜ਼ਰੀਏ ਕੁਮੈਂਟਰੀ ਰਾਹੀਂ ਹਾਜ਼ਰੀ ਲਗਵਾਏਗਾ।