ਕਣ ਕਣ ਵਿਚ ਸੂਖਮ ਜੀਵਾਂ ਦੀ ਵਚਿੱਤਰ ਦੁਨੀਆ

ਜਸਪਾਲ ਸਿੰਘ ਲੋਹਾਮ

ਸੂਖਮਜੀਵ ਵਿਗਿਆਨ ਵਿਗਿਆਨ ਦੀ ਉਹ ਬਰਾਂਚ ਹੈ ਜਿਹੜੀ ਸੂਖਮ ਜੀਵਾਂ ਦੀ ਮਹੱਤਤਾ ਦੱਸਦੀ ਹੈ ਅਤੇ ਜਿਸ ਨਾਲ ਪੂਰਾ ਗਿਆਨ ਹਾਸਿਲ ਕਰਦੇ ਹਾਂ। ਸੂਖਮ ਜੀਵਾਂ ਦੀ ਇਸ ਮਹਾਨ ਦੁਨੀਆ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਅਤੇ ਜਿਸ ਕਰਕੇ ਗੈਰਵਿਗਿਆਨਕ ਲੋਕ ਇਸ ਤੋਂ ਕੋਹਾਂ ਦੂਰ ਹਨ। ਪੜ੍ਹੇ ਲਿਖੇ ਵਰਗ ਵਿਚ ਵੀ ਕੁੱਝ ਕੁ ਲੋਕ ਹੋਣਗੇ ਜਿਹੜੇ ਚੰਗੀ ਤਰਾਂ ਸੂਖਮ ਜੀਵਾਂ ਬਾਰੇ ਮਹਿਸੂਸ ਕਰਦੇ ਹੋਣਗੇ। ਸੂਖਮਜੀਵ ਸਾਡੇ ਵਾਤਾਵਰਣ ਦਾ ਇਕ ਹਿੱਸਾ ਹਨ ਅਤੇ ਸਮਾਜ ਵਿਚ ਆਪਣਾ ਭਰਭੂਰ ਯੋਗਦਾਨ ਪਾ ਰਹੇ ਹਨ। ਸਾਨੂੰ ਵਾਤਾਵਰਣ ਵਿਚ ਸੂਖਮਜੀਵਾਂ ਬਾਰੇ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਬਾਰੇ ਕੁੱਝ ਸਿੱਖਣਾ ਚਾਹੀਦਾ ਹੈ। ਸੂਖਮ ਜੀਵ ਉਹ ਹੁੰਦੇ ਹਨ ਜਿਹੜੇ ਨੰਗੀ ਅੱਖ ਨਾਲ ਨਹੀਂ ਦਖਾਈ ਦਿੰਦੇ ਅਤੇ ਇਸਨੂੰ ਦੇਖਣ ਲਈ ਸੂਖਮਦਰਸ਼ੀ ਦੀ ਜਰੂਰਤ ਪੈਂਦੀ ਹੈ। ਜ਼ਰੇ ਜ਼ਰੇ ਵਿਚ ਸੂਖਮਜੀਵ ਪਾਏ ਜਾਂਦੇ ਹਨ ਪਰ ਉਹ ਏਨੇ ਛੋਟੇ ਹੋਣ ਕਰਕੇ ਦਿਖਾਈ ਨਹੀਂ ਦੇ ਰਹੇ ਅਤੇ ਇਸ ਬਾਰੇ ਪਤਾ ਕਰਨਾ ਅਤੇ ਦੇਖਣਾ ਸਾਡੇ ਲਈ ਜਰੂਰੀ ਹੈ ਪਰ ਪਤਾ ਕਿਵੇਂ ਲੱਗੇ ਇਸ ਬਾਰੇ ਵਿਚਾਰਦੇ ਹਾਂ। ਸੂਖਮਜੀਵਾਂ ਦੀ ਉਮਰ ਕਰੀਬ 20-25 ਮਿੰਟ ਹੁੰਦੀ ਹੈ ਅਤੇ ਇਸਨੂੰ 10 x, 40 x ਅਤੇ 1000 x ਦੀਆਂ ਸੂਖਮਦਰਸ਼ੀ ਯੰਤਰਾਂ ਨਾਲ ਦੇਖ ਸਕਦੇ ਹਾਂ। ਇਥੇ x ਦੀ ਕੀਮਤ 10 ਵਰਤਦੇ ਹਾਂ। ਇਹ ਅਸਲ ਅਕਾਰ ਨਾਲੋਂ 100, 400 ਅਤੇ 1000 ਗੁਣਾਂ ਵੱਡੇ ਦਿਖਾਈ ਦਿੰਦੇ ਹਨ। ਸੂਖਮਜੀਵਾਂ ਦੀਆਂ ਇਕ ਮਿਲੀਅਨ ਕਿਸਮਾਂ ਪਾਈਆਂ ਜਾਂਦੀਆਂ ਹਨ। ਇਹ ਸੂਖਮਜੀਵ ਮਿੱਟੀ, ਪਾਣੀ, ਚਮੜੀ, ਫਰ, ਵਾਲ, ਖੰਬ, ਨੱਕ ਵਿਚਲੇ ਤਰਲ ਪਦਾਰਥ ਵਿਚ, ਜਾਨਵਰਾਂ ਦੇ ਖੂਨ, ਸਫ਼ਾਈ ਰਹਿਤ ਹੱਥਾਂ, ਕੱਚਾ ਮੀਟ, ਬਿਨ੍ਹਾਂ ਸਫਾਈ ਤੋਂ ਫਲ ਅਤੇ ਸਬਜ਼ੀਆਂ ਆਦਿ ਵਿਚ ਮਿਲਦੇ ਹਨ। ਇਕ ਵਿਅਕਤੀ ਆਪਣਾ ਬਿਜਨਸ ਕਰਦਾ ਸੀ ਅਤੇ ਉਸਦਾ ਹੌਲੀ ਹੌਲੀ ਵਿਗਿਆਨ ਵੱਲ ਝੁਕਾ ਹੋ ਗਿਆ ਅਤੇ ਉਸਨੇ ਇਨ੍ਹਾਂ ਸੂਖਮ ਜੀਵਾਂ ਬਾਰੇ ਅਧਿਐਨ ਕਰਨਾਂ ਸ਼ੁਰੂ ਕਰ ਦਿੱਤਾ। ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦੇ ਸਰੀਰ ਦੇ ਅੰਦਰ , ਉਸਦੇ ਆਲੇ ਦੁਆਲੇ ਹਵਾ ਅਤੇ ਪਾਣੀ ਅਤੇ ਹੋਰ ਵੱਖ ਵੱਖ ਥਾਵਾਂ ਤੇ ਸੂਖਮਜੀਵ ਹਨ ਤਾਂ ਉਹ ਇਹ ਸਭ ਦੇਖ ਕੇ ਹੈਰਾਨ ਹੋਇਆ ਅਤੇ ਲਗਾਤਾਰ ਡੂੰਗੀਆਂ ਸੋਚਾਂ ਵਿਚ ਪੈ ਗਿਆ ਅਤੇ ਸਮਾਂ ਪਾ ਕੇ ਉਹ ਪਾਗਲ ਹੋ ਗਿਆ। ਬਰੈਡ ਅਤੇ ਆਚਾਰ ਦੇ ਖਰਾਬ ਹੋਣ ਵਿਚ ਕਿਸ ਦਾ ਹੱਥ ਹੋ ਸਕਦਾ ਹੈ? ਇਸ ਬਾਰੇ ਜਾਣਕਾਰੀ ਹੋਵੇਗੀ ਤਾਂ ਹੀ ਗੱਲ ਬਣੇਗੀ। ਇਸ ਕੰਮ ਪਿੱਛੇ ਵੀ ਸੂਖਮ ਜੀਵ ਹੀ ਕੰਮ ਕਰਦੇ ਹਨ। ਆਚਾਰ ਵਿਚ ਤੇਲ ਕਿਉਂ ਪਾਉਂਦੇ ਹਾਂ? ਸੋਚਣ ਵਾਲੀ ਗੱਲ ਏ? ਫਿਰ ਹੀ ਵਿਚਾਰਾਂ ਦੀ ਗੱਲ ਤੁਰੇਗੀ। ਹਰ ਕੰਮ ਵਿਚ ਸੂਖਮ ਜੀਵ ਰੋਲ ਅਦਾ ਕਰ ਰਹੇ ਹਨ ਅਤੇ ਸਾਨੂੰ ਇਸ ਬਾਰੇ ਪਤਾ ਨਹੀਂ। ਪਨੀਰ, ਦਹੀਂ, ਸ਼ਰਾਬ, ਬੀਅਰ, ਵਾਈਨ, ਭੋਜਨ ਦਾ ਖਰਾਬ ਹੋਣਾ, ਗੋਲ ਗੱਪੇ ਆਦਿ ਪਿੱਛੇ ਸੂਖਮ ਜੀਵਾਂ ਦੀ ਕਰਾਮਾਤ ਹੈ। ਇਹ ਸਾਡੇ ਜੀਵਨ ਦਾ ਇਕ ਹਿੱਸਾ ਹਨ ਅਤੇ ਅਸੀਂ ਦੇਖਾਂਗੇ ਕਿ ਇਹ ਸਾਡੇ ਮਿੱਤਰ ਅਤੇ ਦੁਸ਼ਮਣ ਕਿਹੜੇ ਕਿਹੜੇ ਪੱਖ ਤੋਂ ਹਨ। ਜਿਸ ਤਰਾਂ ਸਮਾਜ ਵਿਚ ਅਸੀਂ ਭਾਂਤ ਭਾਂਤ ਦੇ ਕੰਮ ਕਰ ਰਹੇ ਹਾਂ ਉਸੇ ਤਰਾਂ ਇਹ ਵੀ ਚੰਗੇ ਮਾੜੇ ਕੰਮ ਕਰ ਰਹੇ ਹਨ। ਈ-ਕੁਲਾਈ, ਸਾਲਮੋਨੀਲਾ ਅਤੇ ਕੈਪਲੋਬੈਕਟੀਰੀਲਿਸਟੀਰੀਆ ਸੂਖਮ ਜੀਵ ਹਨ। ਇਹ ਭੋਜਨ ਪਦਾਰਥਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਖਰਾਬ ਕਰ ਦਿੰਦੇ ਹਨ। ਇਡਲੀ ਡੋਸਾ, ਕੇਕ ਆਦਿ ਬਣਾੳਣ ਵਿਚ ਸੂਖਮ ਜੀਵ ਅਹਿਮ ਰੋਲ ਨਿਭਾਅ ਰਹੇ ਹਨ। ਸੂਖਮ ਜੀਵ ਆਦਮੀ ਅਤੇ ਹੋਰ ਜੀਵਾਂ ਦੇ ਸਰੀਰ ਅੰਦਰ ਪਾਣੀ, ਹਵਾ ਅਤੇ ਭੋਜਨ ਆਦਿ ਰਾਹੀਂ ਦਾਖਲ ਹੁੰਦੇ ਹਨ ਅਤੇ ਸਰੀਰ ਅੰਦਰ ਬਿਮਾਰੀਆਂ ਪੈਦਾ ਕਰਦੇ ਹਨ। ਫਰਾਂਸ ਨੇ ਪਹਿਲੀ ਵਾਰ ਅੰਗੂਰਾਂ ਤੋਂ ਵਾਈਨ ਬਣਾਈ ਸੀ ਅਤੇ ਇਸ ਵਿਚ ਵੀ ਸੂਖਮ ਜੀਵਾਂ ਦਾ ਯੋਗਦਾਨ ਸੀ। ਇਸੇ ਤਰਾਂ ਕਈ ਫਲ ਕੁਦਰਤੀ ਤੌਰ ਪੱਕਦੇ ਹਨ ਕਿਉਂਕਿ ਫਲਾਂ ਵਿਚ ਵੀ ਖਮੀਰ ਹੁੰਦਾ ਹੈ ਅਤੇ ਇਹ ਆਪਣੇ ਆਪ ਪੌਦਿਆਂ ਉੱਤੇ ਹੀ ਪੱਕ ਜਾਂਦੇ ਹਨ। ਕੁਦਰਤ ਨੇ ਸਾਡੇ ਸਰੀਰ ਨੂੰ ਏਨੇ ਸੋਝੀ ਦਿੱਤੀ ਹੈ ਕਿ ਅਸੀਂ ਠੀਕ ਅਤੇ ਖਰਾਬ ਪਦਾਰਥਾਂ ਦੀ ਪਰਖ ਕਰ ਸਕਦੇ ਹਾਂ। ਖਰਾਬ ਹੋਏ ਪਦਾਰਥਾਂ ਨੂੰ ਸੁੰਘ ਅਤੇ ਖਾ ਕੇ ਪਤਾ ਲਗਾਇਆ ਜਾਂਦਾ ਹੈ। ਖਰਾਬ ਪਦਾਰਥਾਂ ਨਾਲ ਲਾਗ ਲੱਗ ਜਾਂਦੀ ਹੈ ਜਿਹੜੀ ਸਾਡੇ ਸਰੀਰ ਲਈ ਹਾਨੀਕਾਰਕ ਬਣ ਜਾਂਦੀ ਹੈ। ਜਿਸ ਕਰਕੇ ਚੱਕਰ ਆਉਣਾ, ਪੇਟ ਦਰਦ, ਉਲਟੀਆਂ, ਬੁਖਾਰ, ਸਿਰਦਰਦ ਅਤੇ ਥਕਾਵਟ ਹੋ ਜਾਂਦੀ ਹੈ। ਲਾਗ ਦੇ ਰੋਗ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਫੈਲਦੇ ਹਨ ਅਤੇ ਇਸ ਤਰਾਂ ਮਲੇਰੀਆ, ਹੈਜਾ ਅਤੇ ਟੀ.ਬੀ. ਵਰਗੇ ਰੋਗ ਲੱਗ ਜਾਂਦੇ ਹਨ। ਇਹ ਰੋਗ ਸਰੀਰ ਵਿਚ ਵਿਸ਼ਾਣੂ, ਜੀਵਾਣੂ ਅਤੇ ਉੱਲੀਆਂ ਦੇ ਸਰੀਰ ਵਿਚ ਜਾਣ ਨਾਲ ਹੁੰਦਾ ਹੈ। ਪਰ ਇਸਦੇ ਉਲਟ ਬਿਨ੍ਹਾਂ ਲਾਗ ਦੇ ਰੋਗ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਨਹੀਂ ਫੈਲਦੇ ਅਤੇ ਇਹ ਜੀਵਾਣੂ, ਵਿਸ਼ਾਣੂ ਅਤੇ ਉੱਲੀਆਂ ਦੇ ਕਰਕੇ ਨਹੀਂ ਹੁੰਦੇ। ਇਹ ਸਿਰਫ ਪੋਸ਼ਕ ਤੱਤਾਂ ਦੀ ਕਮੀ ਕਰਕੇ ਫੈਲਦੇ ਹਨ ਅਤੇ ਸ਼ੱਕਰ ਰੋਗ, ਸਾਹ ਰੋਗ ਅਤੇ ਗਿੱਲੜ ਵਰਗੀਆਂ ਬਿਮਾਰੀਆਂ ਲੱਗਦੀਆਂ ਹਨ। ਖੰਡ ਨੂੰ ਖਮੀਰ ਦੀ ਮੱਦਦ ਨਾਲ ਤੋੜ ਕੇ ਸ਼ਰਾਬ ਭਾਵ ਈਥਾਈਅਲ ਅਲਕੋਹਲ ਜਿਸਨੂੰ ਈਥਾਨੋਲ ਵੀ ਕਹਿੰਦੇ ਹਨ ਬਣਦੀ ਹੈ ਅਤੇ ਕਾਰਬਨ ਡਾਈਅਕਸਾਈਡ ਵੀ ਨਿੱਕਲਦੀ ਹੈ। ਇਸੇ ਤਰਾਂ ਜੂਸ ਵੀ ਦੋ ਤਰਾਂ ਦੇ ਹੁੰਦੇ ਹਨ ਅਲਕੋਹਲਕ ਅਤੇ ਗੈਰ ਅਲਕੋਹਲਕ। ਇਸਦੇ ਇਹ ਸ਼ਬਦ ਹੀ ਸਾਰੀ ਗੱਲ ਸਾਫ ਕਰ ਦਿੰਦੇ ਹਨ। ਸ਼ਰਾਬ ਵਿਚ ਬੀਅਰ, ਵਾਈਨ ਅਤੇ ਵਿਸਕੀ ਆ ਜਾਂਦੀ ਹੈ। ਜਿਹੜੇ ਸਥਾਨਾਂ ਤੇ ਵਾਰ ਵਾਰ ਸਾਡੇ ਹੱਥ ਲੱਗਦੇ ਹਨ ਉੱਥੇ ਜਰੂਰ ਸੂਖਮ ਜੀਵ ਪਾਏ ਜਾਂਦੇ ਹਨ ਜਿਵੇਂ ਸ਼ਾਰਪਨਰ, ਪੈਨਸਿਲ, ਵੱਟੇ, ਹੈਂਡਲ। ਇਸੇ ਤਰਾਂ ਤੋਲੀਆ, ਰੁਮਾਲ ਅਤੇ ਚਾਦਰਾਂ ਵੀ ਚਮੜੀ ਦੇ ਰੋਗ ਫੈਲਾਉਣ ਵਿਚ ਮੋਹਰੀ ਰੋਲ ਅਦਾ ਕਰਦੀਆਂ ਹਨ। ਸੋਲਮੁਨੀਲਾ ਸੂਖਮਜੀਵ ਮੁਰਗੀ ਦੇ ਆਂਡਿਆਂ ਵਿਚ ਪਾਇਆ ਜਾਂਦਾ ਹੈ ਅਤੇ ਇਸਨੂੰ ਖਾਣ ਤੋਂ ਪਹਿਲਾਂ ਚੰਗੀ ਤਰਾਂ ਗਰਮ ਕਰਨਾ ਅਤੀ ਜਰੂਰੀ ਹੈ। ਇਸੇ ਤਰਾਂ ਪਾਣੀ ਵਿਚ ਸੂਖਮ ਜੀਵਾਂ ਦੀ ਭਰਮਾਰ ਹੋ ਸਕਦੀ ਹੈ ਅਤੇ ਇਸਨੂੰ ਸਾਫ ਕਰਨਾ ਅਤੀ ਜਰੂਰੀ ਹੈ। ਪਾਣੀ ਸਾਫ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਸਿਰਫ ਕਲੋਰੀਨ ਦੀ ਇਕ ਗੋਲੀ 20 ਮੱਗ ਪਾਣੀ ਵਿਚ ਪਾ ਕੇ ਸੂਖਮ ਜੀਵਾਂ ਦਾ ਖਾਤਮਾਂ ਕਰ ਦਿੰਦੀ ਹੈ ਅਤੇ ਪਾਣੀ ਪੀਣਯੋਗ ਬਣ ਜਾਂਦਾ ਹੈ। ਗੱਲ ਸਿਰਫ ਸੋਚਣ ਵਿਚਾਰਨ ਦੀ ਹੀ ਹੈ। ਇਸੇ ਤਰਾਂ ਮਿੱਡ ਡੇ ਮੀਲ ਦਾ ਭੋਜਨ ਤਿਆਰ ਕਰਨੇ ਵਾਲੇ ਕਾਮੇ ਭੋਜਨ ਤਿਆਰ ਕਰਨ ਤੋਂ ਪਹਿਲਾਂ ਆਪਣੇ ਹੱਥ ਲਾਲ ਦਿਵਾਈ ਜਿਸਨੂੰ KMnO4 ਕਹਿੰਦੇ ਹਾਂ ਨਾਲ ਚੰਗੀ ਤਰਾਂ ਧੋ ਕੇ ਸਾਫ ਕਰਨੇ ਚਾਹੀਦੇ ਹਨ। ਇਸ ਤਰਾਂ ਹੱਥਾਂ ਦੀਆਂ ਤਲੀਆਂ ਤੇ ਫਿਰ ਰਹੇ ਸੂਖਮ ਜੀਵਾਂ ਦਾ ਸਫਾਇਆ ਹੋ ਜਾਂਦਾ ਹੈ ਅਤੇ ਸੈਕੜੇ ਵਿਦਿਆਰਥੀਆਂ ਲਈ ਵਧੀਆ ਭੋਜਨ ਬਣੇਗਾ। ਸਿਰਫ ਥੋੜੀ ਜਿਹੀ ਤਕਲੀਫ ਕਰਨੀ ਪੈਂਦੀ ਹੈ ਜਿਸ ਨਾਲ ਸਾਡਾ ਖੁਦ ਦਾ ਭਲਾ ਹੋ ਜਾਂਦਾ ਹੈ। ਇਸੇ ਤਰਾਂ ਅਸੀਂ ਆਪਣੇ ਘਰਾਂ ਵਿਚ ਕਮਰਿਆਂ ਨੂੰ ਵੀ ਸਟਰਲਾਈਜ਼ ਕਰ ਸਕਦੇ ਹਾਂ ਕਮਰੇ ਦੇ ਹਰ ਕੋਨੇ ਵਿਚ ਇਕ ਇਕ ਚਮਚਾ ਫਰਮਿਲਡੀਹਾਈਡ ਦਾ ਪਾ ਕੇ ਰੱਖ ਦਿਉ ਤੇ ਸਾਰਾ ਕਮਰਾ ਸਟਰਲਾਈਜ਼ ਹੋ ਜਾਵੇਗਾ ਅਤੇ ਅੰਦਰ ਸੂਖਮ ਜੀਵਾਂ ਦੀ ਖਾਤਮਾਂ ਹੋ ਜਾਵੇਗਾ। ਸਿਰਫ ਸਿਹਤ ਨੂੰ ਠੀਕ ਰੱਖਣ ਲਈ ਸਾਨੂੰ ਆਪਣੀ ਨਿਜੀ ਸਫਾਈ ਵੱਲ ਧਿਆਨ ਦੇਣਾ ਅਤੀ ਜਰੂਰੀ ਹੈ। ਸਾਡੇ ਸਰੀਰ ਵਿਚ ਚਮੜੀ, ਹੱਥਾਂ ਦੀਆਂ ਤਲੀਆਂ, ਪਸੀਨਾ ਅਤੇ ਨਹੁੰਆਂ ਦੇ ਵਿਚ ਬਹੁਤ ਗੰਦਗੀ ਹੁੰਦੀ ਹੈ ਅਤੇ ਦੰਦਾਂ ਦੀਆਂ ਵਿਰਲਾਂ ਵਿਚ ਫਸੇ ਪਦਾਰਥ ਬਦਬੂ ਪੈਦਾ ਕਰਦੇ ਹਨ। ਜਿਸ ਵਿਚ ਸੂਖਮ ਜੀਵਾਂ ਦੀ ਭਰਮਾਰ ਹੁੰਦੀ ਹੈ। ਗੰਦੇ ਭੋਜਨ ਅਤੇ ਪਾਣੀ ਹੈਜਾ, ਦਸਤ ਅਤੇ ਮਰੋੜ ਵਰਗੀਆਂ ਬਿਮਾਰੀਆਂ ਪੈਦਾ ਕਰਦੀਆਂ ਹਨ। ਪਾਖਾਨੇ, ਕੂੜੇ ਵਾਲਾ ਸਥਾਨ ਅਤੇ ਰਸੋਈ ਦੇ ਵਿਚ ਸੂਖਮ ਜੀਵ ਆਪਣੇ ਪਰਿਵਾਰ ਵਿਚ ਭਾਰੀ ਵਾਧਾ ਕਰਦੇ ਹਨ। ਇਸ ਲਈ ਹਰ ਪਾਸੇ ਸਫਾਈ ਅਤੀ ਜਰੂਰੀ ਹੈ ਨਹੀਂ ਉਕਤ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੁਖਮ ਜੀਵ ਸਾਡੇ ਦੋਸਤ ਵੀ ਹਨ ਅਤੇ ਦੁਸ਼ਮਣ ਵੀ ਹਨ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ।