ਮਹਾਨ ਵਿਗਿਆਨੀ ਆਰਕਮਿਡੀਜ਼ ਨੇ ਸ਼ੁੱਧਤਾ ਦੀ ਪਰਖ ਕਿਵੇਂ ਕੀਤੀ?

ਜਸਪਾਲ ਸਿੰਘ ਲੋਹਾਮ

ਪਿਆਰੇ ਬੱਚਿਓ! ਆਰਕਮਿਡੀਜ਼ ਦਾ ਜਨਮ 287 ਬੀ.ਸੀ. ਦੇ ਵਿਚ ਪਿਤਾ ਮਹਾਨ ਤਾਰਾ ਵਿਗਿਆਨੀ ਫਿਡੀਆਸ ਦੇ ਘਰ ਯੂਨਾਨ ਦੇ ਸ਼ਹਿਰ ਸਿਰਾਕੂਸ ਦੇ ਟਾਪੂ ਸਿਸਲੀ ਵਿਖੇ ਹੋਇਆ। ਉਸਨੇ ਸਾਰਾ ਜੀਵਨ ਸਿਰਾਕੂਸ ਵਿਖੇ ਬਤੀਤ ਕੀਤਾ। ਇਸ ਦੇਸ਼ ਵਿਚ ਰਾਜਾ ਹਾਇਰੋ ਰਾਜ ਕਰ ਰਿਹਾ ਸੀ ਅਤੇ ਉੱਥੇ ਹੀ ਵਿਗਿਆਨੀ ਆਰਕਮਿਡੀਜ਼ ਰਹਿ ਰਿਹਾ ਸੀ। ਦੋਵੇਂ ਦੋਸਤ ਸਨ। ਇਸ ਲਈ ਉਸਨੇ ਸ਼ਾਨਦਾਰ ਜੀਵਨ ਗੁਜਾਰਿਆ। ਉਸਦੇ ਰਿਸ਼ਤੇਦਾਰਾਂ ਜਾਂ ਘਰ ਬਾਰੇ ਕੋਈ ਨਹੀਂ ਜਾਣਦਾ ਸੀ ਪਰ ਉਸਦੀਆਂ ਖੋਜ਼ਾਂ ਹੀ ਉਸਨੂੰ ਆਸਮਾਨ 'ਤੇ ਲੈ ਗਈਆਂ ਅਤੇ ਉਸਦਾ ਨਾਂਅ ਰਹਿੰਦੀ ਦੁਨੀਆ ਤੱਕ ਚਮਕਦਾ ਰਹੇਗਾ। ਅੱਜ ਉਸਦਾ ਨਾਂਅ ਮਹਾਨ ਵਿਗਿਆਨੀਆਂ ਦੀਆਂ ਮੂਹਰਲੀਆਂ ਕਿਤਾਰਾਂ ਵਿਚ ਆਉਂਦਾ ਹੈ। ਉਸ ਨਾਲ ਸਬੰਧਤ ਇਕ ਕਹਾਣੀ ਹੈ ਜਿਸ ਕਰਕੇ ਉਹ ਮਸ਼ਹੂਰ ਹੋਇਆ। ਇਕ ਵਾਰ ਕੀ ਹੋਇਆ ਕਿ ਰਾਜੇ ਹਾਇਰੋ ਨੇ ਸੁਨਿਆਰੇ ਤੋਂ ਸੋਨੇ ਦਾ ਮੁੱਕਟ ਬਣਵਾਇਆ ਸੀ। ਕਿਸੇ ਜਸੂਸ ਨੇ ਰਾਜੇ ਕੋਲ ਜਾ ਕੇ ਭੇਦ ਖੋਲ ਦਿੱਤਾ ਕਿ ਜਿਹੜਾ ਮੁੱਕਟ ਆਪ ਨੇ ਬਣਵਾਇਆ ਹੈ ਉਹ ਪੂਰੀ ਤਰਾਂ ਸ਼ੁੱਧ ਨਹੀਂ ਹੈ ਅਤੇ ਉਸ ਵਿਚ ਖੋਟ ਹੈ। ਸੁਨਿਆਰੇ ਨੇ ਇਸ ਵਿਚ ਮਿਲਾਵਟ ਕਰ ਦਿੱਤੀ ਹੈ। ਰਾਜੇ ਨੇ ਬਹੁਤ ਹੀ ਪਿਆਰ ਨਾਲ ਇਹ ਮੁਕਟ ਬਣਾਵਇਆ ਸੀ ਅਤੇ ਇਹ ਗੱਲ ਸੁਣ ਕੇ ਉਹ ਹੈਰਾਨ ਪ੍ਰੇਸ਼ਾਨ ਹੋ ਗਿਆ ਅਤੇ ਸੋਚੀਂ ਪੈ ਗਿਆ। ਰਾਜੇ ਨੇ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਇਸ ਮਸਲੇ ਨੂੰ ਹੱਲ ਕਰਨ ਲਈ ਆਰਕਮਿਡੀਜ਼ ਦੀ ਡਿਉਟੀ ਲਗਾ ਦਿੱਤੀ। ਰਾਜੇ ਦਾ ਹੁਕਮ ਸੀ ਇਹ ਕੰਮ ਉਸਨੂੰ ਕਰਨਾ ਪੈਣਾ ਸੀ। ਆਰਕਮਿਡੀਜ਼ ਹਰ ਰੋਜ਼ ਇਸ ਕੇਸ ਬਾਰੇ ਸੋਚਦਾ ਵਿਚਾਰਦਾ ਰਹਿੰਦਾ। ਉਹ ਸਾਰਾ ਕੰਮ ਮੁਕਟ ਨੂੰ ਤੋੜੇ ਬਿਨਾ ਹੀ ਕਰਨਾ ਚਾਹੁੰਦਾ ਸੀ। ਉਹ ਵਿਚਾਰਾਂ ਦੀਆਂ ਘੁੰਮਣ ਘੇਰੀਆਂ ਵਿਚ ਵਹਿੰਦਾ ਅਤੇ ਹਰ ਸਮੇਂ ਦਿਮਾਗ ਲਗਾਉਂਦਾ ਰਹਿੰਦਾ ਅਤੇ ਉਸਦੇ ਮਨ ਵਿਚ ਬਹੁਤ ਸਾਰੇ ਵਿਚਾਰ ਆਏ। ਪਰ ਇਕ ਦਿਨ ਕੀ ਹੋਇਆ? ਆਰਕਮਿਡੀਜ਼ ਨਹਾਉਣ ਲੱਗਾ ਅਤੇ ਜਦ ਉਹ ਟੱਬ ਵਿਚ ਬੈਠਣ ਲੱਗਾ ਤਾਂ ਉਸਦਾ ਧਿਆਨ ਪਾਣੀ ਦੇ ਤਲ ਤੇ ਚਲਾ ਗਿਆ ਅਤੇ ਦੇਖਿਆ ਕਿ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਵਧ ਗਿਆ ਹੈ ਅਤੇ ਉਸਦੀ ਉਚਾਈ ਵਧ ਗਈ ਹੈ। ਉਸਦੇ ਦਿਮਾਗ ਵਿਚ ਫੁਰਨਾ ਫੁਰਿਆ ਅਤੇ ਖੁਸ਼ੀ ਦੇ ਮਾਰੇ ਉਹ ਘਰ ਤੋਂ ਬਾਹਰ ਨੰਗਾ ਹੀ ਗਲੀਆਂ ਵਿਚ ਨਿੱਕਲ ਗਿਆ ਅਤੇ ਉਹ ਉੱਚੀ ਉੱਚੀ ਕਹਿ ਰਿਹਾ ਸੀ ਕਿ ਮੈਂ ਲੱਭ ਲਿਆ, ਮੈਂ ਲੱਭ ਲਿਆ। ਬਾਅਦ ਵਿਚ ਉਸਨੇ ਅਸ਼ੁੱਧ ਮੁਕਟ ਲਿਆ ਅਤੇ ਉਸਦੇ ਭਾਰ ਦੇ ਬਰਾਬਰ ਦੋ ਗੋਲੇ ਇਕ ਸੋਨੇ ਦਾ ਗੋਲਾ ਅਤੇ ਦੂਸਰਾ ਚਾਂਦੀ ਦਾ ਗੋਲਾ ਲਿਆ। ਉਸਨੇ ਇਕ ਭਾਂਡੇ ਨੂੰ ਕਿਨਾਰੇ ਤੱਕ ਪਾਣੀ ਨਾਲ ਭਰ ਲਿਆ। ਪਹਿਲਾਂ ਉਸਨੇ ਚਾਂਦੀ ਦੇ ਗੋਲੇ ਨੂੰ ਪਾਣੀ ਨਾਲ ਭਰੇ ਭਾਂਡੇ ਵਿਚ ਦਿੱਤਾ। ਜਿੰਨਾਂ ਪਾਣੀ ਉਛਲ ਕੇ ਬਾਹਰ ਆਇਆ ਉਸਨੂੰ ਮਾਪ ਲਿਆ। ਫਿਰ ਉਸੇ ਢੰਗ ਨਾਲ ਸੋਨੇ ਦੇ ਗੋਲੇ ਨਾਲ ਕਰਕੇ ਉਛਲੇ ਪਾਣੀ ਨੂੰ ਮਾਪਿਆ। ਇਹ ਤਜ਼ਰਬਾ ਕਰਨ ਤੇ ਉਸਨੇ ਦੇਖਿਆ ਕਿ ਸੋਨੇ ਦੇ ਗੋਲੇ ਨਾਲ ਮਾਪੇ ਉਛਲੇ ਪਾਣੀ ਦੀ ਮਾਤਰਾ ਚਾਂਦੀ ਦੇ ਗੋਲੇ ਦੇ ਮੁਕਾਬਲੇ ਘੱਟ ਸੀ। ਉਸਨੇ ਫਿਰ ਭਾਂਡੇ ਨੂੰ ਪਾਣੀ ਨਾਲ ਸਿਰੇ ਤੱਕ ਭਰ ਕੇ ਉਸ ਵਿਚ ਅਸ਼ੁੱਧ ਮੁਕਟ ਪਾਇਆ ਅਤੇ ਬਾਹਰ ਉਛਲੇ ਪਾਣੀ ਨੂੰ ਮਾਪਿਆ। ਉਸਨੂੰ ਪਤਾ ਲੱਗਾ ਕਿ ਮੁਕਟ ਰਾਹੀਂ ਉਛਲੇ ਪਾਣੀ ਦਾ ਭਾਰ, ਸ਼ੁੱਧ ਸੋਨੇ ਦੇ ਗੋਲੇ ਦੇ ਰਾਹੀਂ ਉਛਲੇ ਪਾਣੀ ਦੇ ਭਾਰ ਦੇ ਮੁਕਾਬਲੇ ਵੱਧ ਸੀ। ਇਸ ਤੋਂ ਪਤਾ ਲੱਗਾ ਕਿ ਮੁਕਟ ਵਿਚ ਚਾਂਦੀ ਮਲਾਈ ਗਈ ਹੈ ਅਤੇ ਉਸਦੀ ਮਾਤਰਾ ਦੋਹਾਂ ਦੇ ਅੰਤਰ ਦੇ ਬਰਾਬਰ ਹੈ। ਇਹ ਖੋਜ ਉਸ ਮਹਾਨ ਵਿਗਿਆਨੀ ਆਰਕਮਿਡੀਜ਼ ਨੇ ਕਰਕੇ ਵਿਗਿਆਨ ਦੇ ਖੇਤਰ ਵਿਚ ਤਹਿਲਕਾ ਮਚਾ ਦਿੱਤਾ ਅਤੇ ਬਹੁਤ ਵੱਡੀ ਕਾਢ ਕੱਢਕੇ ਸਹੂਲਤਾਂ ਦੇ ਦਰਵਾਜੇ ਖੋਲ ਦਿੱਤੇ।

ਪਤਾ: ਵਾਰਡ ਨੰਬਰ 29/166, ਗਲੀ ਹਜਾਰਾ ਸਿੰਘ, ਮੋਗਾ
ਫੋਨ ਨੰਬਰ: 94 174 20120
E: mail: jsl.writer@gmail.com