ਪ੍ਰਵਾਸੀ ਵੀਰੋ ਨਸਲੀ ਵਿਤਕਰਾ ਤਾਂ ਭਾਰਤ 'ਚ ਵੀ ਹੁੰਦੈ
ਹਰਪ੍ਰੀਤ ਲਾਲ ਹੈਰੀ
ਜ਼ਿੰਦਗੀ
ਵੀ ਬਿਲਕੁਲ ਸੜਕ ਉੱਤੇ ਜਾ ਰਹੀ ਕਿਸੇ ਗੱਡੀ ਸਮਾਨ ਹੈ ਜਿਸਦੀ ਰਫਤਾਰ ਕਦੇ ਘੱਟ ਕਦੇ ਵੱਧ ਹੋ ਜਾਂਦੀ
ਹੈ ਤੇ ਕਦੇ ਜਾਮ ਲੱਗ ਜਾਣ ਨਾਲ ਰੁਕ ਜਾਂਦੀ ਹੈ ਪਰ ਕੁਝ ਸਮਾਂ ਰੁਕੇ ਰਹਿਣ ਤੋਂ ਬਾਅਦ ਫਿਰ ਆਪਣੀ
ਮੰਜ਼ਿਲ ਵੱਲ ਚਾਲੇ ਪੈ ਜਾਂਦੀ ਹੈ ਜਿਵੇਂ ਕਿਸੇ ਮੋੜ ਤੋਂ ਗੱਡੀ ਦੀ ਰਫਤਾਰ ਹੌਲੀ ਕਰਨੀ ਪੈਂਦੀ ਹੈ
ਤੇ ਚੌਕਸੀ ਨਾਲ ਅੱਗੇ ਵਧਿਆ ਜਾਂਦਾ ਹੈ , ਬਿਲਕੁਲ ਉਵੇਂ ਜ਼ਿੰਦਗੀ ਵਿਚ ਵੀ ਅਜਿਹੇ ਕਈ ਮੋੜ ਆਉਂਦੇ
ਹਨ ਜਦੋਂ ਸਾਨੂੰ ਕਿਸੇ ਹਾਦਸੇ ਤੋਂ ਬਚਣ ਵਾਸਤੇ ਰਫਤਾਰ ਥੋੜੀ ਮੱਠੀ ਕਰਨੀ ਪੈਂਦੀ ਹੈ ।
ਪ੍ਰਵਾਸੀ ਵੀਰਾਂ ਦੀ ਜ਼ਿੰਦਗੀ ਵਿਚ ਕਿਸੇ ਦੂਜੇ ਦੇਸ਼ ਵਿਚ ਵਸਣ ਜਾਂ ਪ੍ਰਵਾਸ ਕਰਨ ਵੇਲੇ ਇਕ ਹੁਤ ਵੱਡਾ
ਮੋੜ ਆਉਂਦਾ ਹੈ । ਵਿਦੇਸ਼ ਦੇ ਰਹਿਣ ਸਹਿਣ ਤੋਂ ਨਾਵਾਕਿਫ ਹੋਣ ਜਾਂ ਆਪਣੀਆਂ ਇੱਧਰਲੀਆਂ (ਪੰਜਾਬ
ਵਾਲੀਆਂ) ਆਦਤਾਂ ਛੱਡ ਨਾ ਸਕਣ ਕਰਕੇ ਅਸੀਂ ਬੜੀਆਂ ਗੰਭੀਰ ਮੁਸੀਬਤਾਂ ਦਾ ਸਾਹਮਣਾ ਕਰਨ ਦੇ ਭਾਗੀ ਬਣ
ਜਾਂਦੇ ਹਾਂ। ਇੱਥੇ ਸਾਡੇ ਲੋਕਾਂ ਉਤੇ ਕਿਸੇ ਪੰਗੇ ਵਿਚ ਪੈ ਜਾਣ ਨਾਲ ਜਾਂ ਕਿਸੇ ਗੱਲੋਂ ਵਿਦੇਸ਼ੀਆਂ
ਨਾਲ ਤੂੰ-ਤੂੰ ਮੈਂ-ਮੈਂ ਹੋਣ ਤੋਂ ਬਾਅਦ ਅਸੀਂ ਅਤੇ ਸਾਡਾ ਭਾਰਤੀ ਮੀਡੀਆ ਉਸ ਨੂੰ ਨਸਲੀ ਵਿਤਕਰੇ ਦਾ
ਨਾਂ ਦੇ ਦਿੰਦੇ ਹਾਂ ਕਈ ਦਫਾ ਇਨ੍ਹਾਂ ਲੜਾਈ-ਝਗੜਿਆਂ ਪਿੱਛੇ ਸਾਡੇ ਆਪਣੇ ਪ੍ਰਵਾਸੀ ਵੀਰਾਂ ਦੀ ਵੀ
ਕੋਈ ਗਲਤੀ ਹੁੰਦੀ ਹੋਵੇਗੀ । ਮੈਂ ਇਹ ਨਹੀਂ ਕਹਿੰਦਾ ਕਿ ਨਸਲੀ ਵਿਤਕਰਾ ਬਿਲਕੁਲ ਨਹੀਂ ਹੁੰਦਾ ਪਰ
ਹਰੇਕ ਝਗੜੇ ਜਾਂ ਪ੍ਰਵਾਸੀ ਦੀ ਕੁਟਮਾਰ ਨੂੰ ਪੈਂਦੀ ਸੱਟੇ ਨਸਲੀ ਵਿਤਕਰੇ ਦਾ ਨਾਂ ਨਹੀਂ ਦਿੱਤਾ ਜਾ
ਸਕਦਾ ਤੇ ਨਾ ਹੀ ਨਸਲੀ ਵਿਤਕਰਾ ਕਹਿਣਾ ਚਾਹੀਦਾ ਹੈ ਜਿੰਨਾ ਚਿਰ ਉਸਦੀ ਸੱਚਾਈ ਸਾਹਮਣੇ ਨਹੀਂ ਆ
ਜਾਂਦੀ ।
ਮੈਨੂੰ ਯਾਦ ਹੈ ਜਲੰਧਰ ਰੇਲਵੇ ਸਟੇਸ਼ਨ ਲਾਗੇ ਇਕ ਭੀੜ ਭਰੇ ਬਾਜ਼ਾਰ ਵਿਚ ਜਾਮ ਲੱਗ ਗਿਆ। ਮੈਂ ਆਪਣਾ
ਸਕੂਟਰ ਸਾਈਡ ਉਤੇ ਲਾ ਕੇ ਇਕ ਦੁਕਾਨ ਵਿੱਚੋਂ ਸੌਦਾ-ਪੱਤਾ ਲੈਣ ਲਈ ਖੜਾ ਸੀ। ਸਾਡੀ ਕਰਿਆਨੇ ਦੀ
ਦੁਕਾਨ ਹੈ। ਮੇਰਾ ਬਾਪੂ (ਦਾਦਾ ਜੀ) ਕਦੇ ਕਦੇ ਬਾਜ਼ਾਰੋਂ ਸੌਦਾ ਲੈਣ ਮੈਨੂੰ ਭੇਜ ਦਿੰਦੇ ਸਨ । ਮੈਂ
ਕੀ ਦੇਖਦਾ ਹਾਂ-ਇਕ ਰਿਕਸ਼ੇ 'ਤੇ ਬੈਠਾ ਸਰਦਾਰ ਆਪਣੇ ਸਾਹਮਣੇ ਖੜੇ ਰਿਕਸ਼ੇ ਵਾਲੇ ਭਈਏ ਨੂੰ ਖਾਹਮਖਾਹ
ਗਾਲਾਂ ਕੱਢੀ ਜਾ ਰਿਹਾ ਸੀ ਤੇ ਨਾਲੇ ਬੁੜਬੁੜਾਈ ਜਾ ਰਿਹਾ ਸੀ-''ਇਨਾਂ ਸਾਲੇ ਭਈਆਂ ਨੇ ਪੰਜਾਬ 'ਚ
ਥਾਂ-ਥਾਂ ਗੰਦ ਪਾ ਦਿੱਤਾ ਐ । ਜਿੱਧਰ ਦੇਖੋ ਸਬਜ਼ੀਆਂ ਦੀਆਂ ਰੇੜ੍ਹੀਆਂ, ਸ਼ਕੰਜਵੀ-ਕੁਲਫੀ,ਮੂਗਫਲੀ,
ਨੂਡਲਾਂ ਤੇ ਡੋਸਿਆਂ ਵਾਲੀਆਂ ਰੇੜ੍ਹੀਆਂ 'ਤੇ ਸਾਰੇ ਭਈਏ । ਇਨ੍ਹਾਂ ਭਈਆਂ ਨੇ ਸਾਡੇ ਪੰਜਾਬ ਨੂੰ
ਭਈਆਸਤਾਨ ਜਾਂ ਭਈਆਲੈਂਡ ਬਣਾ ਦੇਣਾ।'' ਉਹ ਇਹ ਸਭ ਬੁੜਬੁੜਾਉਂਦਾ ਹੋਇਆ ਆਲੇ-ਦੁਆਲੇ ਖੜੇ ਪੰਜਾਬੀ
ਭਰਾਵਾਂ ਵੱਲ ਉਨਾਂ ਦੀ ਹਾਮੀ ਭਰਵਾਉਣ ਲਈ ਦੇਖਦਾ ਹੋਇਆ ਮੁੜ ਭਈਏ ਉਤੇ ਚੀਕਿਆ,''ਚੱਲ ਓਏ ਭਈਆ....ਭੈਂ...।''
''ਸ...ਸ...ਰਦਾਰ ਜੀ ਮੈਂ ਕਹਾਂ ਸੇ ਨਿਕਾਲੂੰ...ਵੋ ਆਗੇ ਭਈਆ ਜੀ ਰਿਕਸ਼ਾ ਥੋੜਾ ਸਾਈਡ ਪੇ ਕਰੇਂਗੇ
ਤੋ ਮੈਂ ਨਿਕਾਲ ਲੂੰਗਾ ਰਿਕਸ਼ਾ ...ਔਰ ਆਪ ਯੇ ਗਾਲੀ ਮੱਤ ਨਿਕਾਲਨਾ. ..ਗਾਲੀ ਹਮ ਕੋ ਭੀ ਆਤੀ
ਹੈ...।'' ਭਈਆ ਰਿਕਸ਼ੇ 'ਤੇ ਦਿਨੇ ਹੀ ਦਾਰੂ ਨਾਲ ਟੱਲੀ ਹੋਏ ਬੈਠੇ ਸਰਦਾਰ ਦੀਆਂ ਗਾਲਾਂ ਸੁਣ ਕੇ ਉਸ
ਨੂੰ ਸਮਝਾ ਰਿਹਾ ਸੀ।
'' ਬੋਲ ਨਾ ਬਹੁਤਾ ...ਮਾਂ... । ਸਾਲਾ ਬਿਹਾਰੀ ਕਿਸੇ ਥਾਂ ਦਾ ।'' ਇੰਨਾ ਕਹਿ ਕੇ ਸਰਦਾਰ ਰਿਕਸ਼ੇ
ਤੋਂ ਹੇਠਾਂ ਉਤਰਿਆ ਤੇ ਭਈਏ ਦੀ ਗਿੱਚੀ ਵਿੱਚ ਦੋ-ਤਿੰਨ ਹੂਰੇ ਜੜ ਦਿੱਤੇ ।
ਇਸ ਘਟਨਾ ਵਿਚ ਮੈਨੂੰ ਸਾਫ ਨਸਲੀ ਵਿਤਕਰਾ ਜਾਪਿਆ ਪਰ ਕਈ ਵਾਰ ਇਹ ਭਈਏ ਵੀ ਇੱਧਰ ਇੰਨੇ ਭੂਹੇ ਚੜ੍ਹ
ਜਾਂਦੇ ਹਨ ਕਿ ਪੰਜਾਬੀ ਕੁੜੀਆਂ ਨਾਲ ਛੇੜਖਾਨੀ, ਪੈਸੇ ਦੀ ਤੰਗੀ ਕਾਰਨ ਚੋਰੀ ਚਕਾਰੀ, ਜਨਤਕ ਥਾਵਾਂ
ਉਤੇ ਬੀੜੀ ਸਿਗਰਟ ਪੀਣਾ ਤੇ ਹੋਰ ਪਤਾ ਨਹੀਂ ਕੀ-ਕੀ ਕਰਤੂਤਾਂ ਕਾਰਨ ਕੁੱਟ ਖਾਂਦੇ ਹਨ।
ਇਸ ਤਰਾਂ ਦੀਆਂ ਘਟਨਾਵਾਂ ਨੂੰ ਅਸੀਂ ਨਸਲੀ ਵਿਤਕਰਾ ਨਹੀਂ ਕਹਿ ਸਕਦੇ । ਇਹ ਤਾਂ ਇਨ੍ਹਾਂ ਭਈਆਂ ਦੀਆਂ
ਉਹ ਮਾੜੀਆਂ ਆਦਤਾਂ ਹੁੰਦੀਆਂ ਹਨ ਜੋ ਉਹ ਆਪਣੇ ਨਾਲ ਯੂ.ਪੀ., ਬਿਹਾਰ ਵਿਚੋਂ ਲੈ ਕੇ ਆਏ ਹੁੰਦੇ ਹਨ,
ਬਿਲਕੁਲ ਉਵੇਂ ਜਿਵੇਂ ਕਈ ਵਾਰ ਸਾਡੇ ਵੀਰ ਵਿਦੇਸ਼ਾਂ ਵਿਚ ਆ ਕੇ ਵੀ ਪੁਰਾਣੀਆਂ ਆਦਤਾਂ ਨਹੀਂ ਛੱਡ
ਪਾਉਂਦੇ ।
ਜ਼ਿੰਦਗੀ ਦੇ ਸਫਰ ਵਿਚ ਇਕ ਮੋੜ ਉਹ ਹੁੰਦਾ ਹੈ ਜਦੋਂ ਅਸੀਂ ਆਪਣੇ ਵਤਨ ਫੇਰੀ ਮਾਰਨ ਜਾਂਦੇ ਹਾਂ । ਅਸੀਂ
ਆਪਣੇ ਵਤਨ ਜਾ ਕੇ ਕੁਝ ਜ਼ਿਆਦਾ ਹਵਾ ਮਾਰਦੇ ਹਾਂ,ਵਧੇਰੇ ਖਰਚ ਕਰਦੇ ਹਾਂ। ਹਰੇਕ ਨੂੰ ਟਿੱਚ ਜਾਣਦੇ
ਹਾਂ ।
ਮੇਰੇ ਭਾਰਤ ਰਹਿੰਦੇ ਕਜ਼ਨ ਦਾ ਦੋਸਤ ਕੈਨੇਡਾ ਤੋਂ ਭਾਰਤ ਗਿਆ ਆਪਣੀ ਘਰਵਾਲੀ ਤੇ ਬੱਚਿਆਂ ਸਮੇਤ । ਉਥੇ
ਦੋ- ਤਿੰਨ ਦਿਨ ਬਾਅਦ ਹੀ ਕਿਸੇ ਰੈਸਟੋਰੈਂਟ ਵਿਚ ਕਿਸੇ ਮਾਮੂਲੀ ਗੱਲ ਕਾਰਨ ਉਸਦਾ ਪੇਚਾ ਇਕ ਵਕੀਲ
ਨਾਲ ਪੈ ਗਿਆ। ਉਸ ਨੇ ਵਕੀਲ ਦੇ ਜੜ ਦਿੱਤੀਆਂ । ਵਕੀਲ ਨੇ ਥਾਣੇ ਪਰਚਾ ਕਟਵਾ ਦਿੱਤਾ । ਫੇਰ ਉਹ
ਚੰਡੀਗੜੋਂ ਜ਼ਮਾਨਤ ਕਰਵਾ ਕੇ ਸਮਝੌਤੇ ਲਈ ਬੰਦੇ ਲੱਭਦਾ ਫਿਰੇ । ਕਿਸੇ ਪਾਸੇ ਗੱਲ ਨਾ ਬਣਦੀ ਦੇਖ ਕੇ
ਉਹ ਮੇਰੇ ਕਜ਼ਨ ਕੋਲ ਜਾ ਪੁੱਜਾ । ਮੇਰੇ ਕਜ਼ਨ ਨੇ ਟੈਲੀਫੋਨਾਂ ਉਤੇ ਹੀ ਕੁਝ ਬੰਦੇ ਵਿਚ ਪਾ- ਪੁਆ ਕੇ
ਦਸ-ਪੰਦਰਾਂ ਦਿਨਾਂ ਵਿਚ ਸਮਝੌਤਾ ਕਰਵਾ ਦਿੱਤਾ। ਸਮਝੌਤਾ ਹੋਣ ਤੋਂ ਬਾਅਦ ਉਸ ਨੇ ਮੇਰੇ ਕਜ਼ਨ ਨੂੰ ਇਸ
ਬਾਰੇ ਦੱਸਣਾ ਵੀ ਮੁਨਾਸਬ ਨਾ ਸਮਝਿਆ ਤੇ ਕੁਝ ਦਿਨਾਂ ਬਾਅਦ ਕੈਨੇਡਾ ਦੀ ਫਲਾਈਟ ਵੀ ਚੜ੍ਹ ਗਿਆ ।
ਜਦੋਂ ਉਹ ਮੇਰੇ ਕਜ਼ਨ ਨੂੰ ਮਿਲਿਆ ਤਾਂ ਸੀ ਤਾਂ ਉਹ ਇਹ ਗੱਲ ਵਾਰ-ਵਾਰ ਕਹੀ ਜਾ ਰਿਹਾ ਸੀ,'' ਯਾਰਾ,
ਮੈਂ ਤਾਂ ਤੈਨੂੰ 18 ਸਾਲ ਬਾਅਦ ਦੇਖਣ ਆਇਆਂ ਕੈਨੇਡਾ ਤੋਂ...ਤੇਰੇ ਕਰ ਕੇ ਹੀ ਆਇਆਂ ਮੈਂ... ਤੇਰੇ
ਲਈ ਲੈਪਟਾਪ ਲੈ ਕੇ ਆਇਆਂ ਮੈਂ... ਹੁਣ ਅਗਲੀ ਵਾਰ ਜਦੋਂ ਆਊਂਗਾ ਤਾਂ ਮੈਨੂੰ ਫੋਨ ਉਤੇ ਜੋ ਚੀਜ਼
ਚਾਹੀਦੀ ਲਿਖਾ ਦੇਵੀਂ।''
ਮੇਰੇ ਕਜ਼ਨ ਨੇ ਵੀ ਉਸ ਦੀਆਂ ਇਹ ਗੱਲਾਂ ਸੁਣ ਕੇ ਉਸ ਦੀ ਆਓ ਭਗਤ ਵਿਚ ਕੋਈ ਕਸਰ ਨਹੀਂ ਛੱਡੀ । ਮੇਰੇ
ਕਜ਼ਨ ਨੇ ਉਸ ਦੀ ਘਰ ਵਾਲੀ, ਬੱਚਿਆਂ ,ਉਸ ਨੂੰ ਅਤੇ ਉਸ ਦੇ ਨਾਲ ਕੈਨੇਡਾ ਤੋਂ ਆਏ ਇਕ ਹੋਰ ਮੁੰਡੇ
ਜਿਸ ਨੂੰ ਉਸ ਨੇ ਆਪਣਾ ਧਰਮ ਦਾ ਭਰਾ ਬਣਾਇਆ ਸੀ , ਨੂੰ ਦੋ-ਦੋ ਵਾਰ ਕੱਪੜੇ ਲੀੜੇ , ਜੀਨਾਂ ਟੀ ਸ਼ਰਟਾਂ
ਦਿੱਤੀਆਂ । ਉਨਾਂ ਨੂੰ ਸਪੈਸ਼ਲ ਡਿਨਰ ਲਈ ਜਲੰਧਰ ਫਗਵਾੜੇ ਵਿਚਾਲੇ ਪੈਂਦੇ ਇਕ ਪੁਰਾਤਨ ਇੱਟਾਂ ਨਾਲ
ਉਸਾਰੇ ਢਾਬੇ (ਜਿਸ ਵਿਚ ਬਨਾਵਟੀ ਪੇਂਡੂ -ਸੱਭਿਆਚਾਰਕ ਮਾਹੌਲ ਸਿਰਜਿਆ ਹੁੰਦਾ ਹੈ , ਖਾਸ ਕਰਕੇ
ਐੱਨ.ਆਰ. ਆਈ. ਲੋਕਾਂ ਨੂੰ ਆਕਰਸ਼ਿਤ ਕਰਨ ਲਈ ) ਵਿਚ ਮਹਿੰਗੀਆਂ ਟਿਕਟਾਂ ਲੈ ਕੇ ਗਿਆ । ਉਥੇ ਬਹੁਤੇ
ਆਉਣ ਵਾਲੇ ਲੋਕ ਸ਼ਹਿਰੀ ਜਾਂ ਐੱਨ. ਆਰ.ਆਈ. ਹੀ ਆਉਂਦੇ ਹਨ,ਜਿਨਾਂ ਦੇ ਬੱਚੇ ਪੰਜਾਬੀ ਸੱਭਿਆਚਾਰ ਨੂੰ
ਭੁਲਦੇ ਜਾ ਰਹੇ ਨੇ।
ਜਲੰਧਰ-ਫਗਵਾੜਾ ਰੋਡ ਤੋਂ ਸ਼ੁਰੂ ਹੋਈਆ ਇਨ੍ਹਾਂ ਬਨਾਵਟੀ ਸੱਭਿਆਚਾਰ ਪਰੋਸਣ ਵਾਲੀਆਂ ਢਾਬੇਨੁਮਾ
ਦੁਕਾਨਾਂ ਦਾ ਜਾਲ ਹੁਣ ਹਰਿਆਣੇ ਵਿਚ ਵੀ ਫੈਲ ਰਿਹਾ ਹੈ । ਇਹ ਬਨਾਵਟੀ ਸੱਭਿਆਚਾਰ ਦੀਆਂ ਦੁਕਾਨਾਂ
ਵਾਲੇ ਵਿਚ ਕਿਸੇ ਨਾ ਕਿਸੇ ਪ੍ਰਵਾਸੀ ਨੂੰ ਕਿੰਝ ਜਾਲ ਵਿਚ ਫਸਾਉਂਦੇ ਨੇ ਉਥੇ ਕੰਮ ਕਰਨ ਵਾਲੇ ਕਰਿੰਦੇ
ਇਹ ਵੀ ਸੁਣ ਲਓ। ਮੇਰਾ ਕਜ਼ਨ ਦਾਰੂ ਦੀ ਸ਼ਿਟ ਲਾ ਲੈਂਦਾ ਹੈ । ਉਸਦੇ ਕੈਨੇਡਾ ਤੋਂ ਆਏ ਉਸਦੇ ਦੋਸਤ ਨੇ
ਉਸ ਦਿਨ ਤਬੀਅਤ ਠੀਕ ਨਾ ਹੋਣ ਕਾਰਨ ਪੈੱਗ ਨਾ ਲਗਾਇਆ ਪਰ ਆਪਣੇ ਧਰਮ ਦੇ ਭਰਾ ਨੂੰ ਪੀਣ ਤੋਂ ਨਾ
ਰੋਕਿਆ ।
ਉਹ ਅੰਦਰ ਜਾ ਕੇ ਢਾਬੇ ਵਿਚ ਉਚੀ ਥਾਂ ਨੱਚ ਰਹੀਆਂ ਮੁਟਿਆਰਾਂ ਦੇਖਣ ਖੜ ਗਏ। ਮੁਟਿਆਰਾਂ ਪੰਜਾਬੀ
ਲਿਬਾਸ ਵਿਚ ਇੰਝ ਨੱਚਦੀਆਂ ਲਗਦੀਆਂ ਸਨ ਜਿਵੇਂ ਮੁਜਰਾ ਕਰ ਰਹੀਆਂ ਹੋਣ । ਲਾਹੌਰ ਦੇ ਅਨਾਰਕਲੀ
ਬਾਜ਼ਾਰ ਵਾਲਾ ਦ੍ਰਿਸ਼ ਨਜ਼ਰ ਆ ਰਿਹਾ ਸੀ । ਉਹ ਸਾਰੇ ਬੜਾ ਅਨੰਦਮਈ ਮਹਿਸੂਸ ਕਰ ਰਹੇ ਸਨ । ਪੈੱਗ ਲੱਗਾ
ਹੋਣ ਕਰਕੇ ਅਚਾਨਕ ਮੇਰੇ ਕਜ਼ਨ ਅਤੇ ਉਸ ਨਾਲ ਖੜੇ ਕੈਨੇਡੀਅਨ ਮੁੰਡੇ ਨੇ ਸਲਾਹ ਕਰ ਕੇ ਉਸ ਢਾਬੇ ਦੇ
ਅੰਦਰ ਲੱਗੀ ਰੇਹੜੀ ਤੋਂ ਗੋਲ ਗੱਪੇ ਖਾਣੇ ਚਾਹੇ । ਬੱਸ ਉਨਾਂ ਨੂੰ ਉਹ ਦੋ-ਚਾਰ ਗੋਲ ਗੱਪੇ ਖਾਣ ਦੀ
ਲਾਲਸਾ ਇੰਨੀ ਮਹਿੰਗੀ ਪਵੇਗੀ ਕਿ ਉਨਾਂ ਸੋਚਿਆ ਨਹੀਂ ਸੀ।
ਰੇੜੀ ਦੇ ਇਕ ਪਾਸੇ ਉਹ ਦੋਵੇਂ ਖੜੇ ਆਪਸ ਵਿਚ ਗੱਲਾਂ ਕਰਕੇ ਮੰਦ-ਮੰਦ ਮੁਸਕੁਰਾ ਰਹੇ ਸਨ । ਰੇੜੀ ਦੇ
ਦੂਜੇ ਪਾਸੇ 2-3 ਅੱਧਖੜ ਜਿਹੀਆਂ ਤੀਵੀਆਂ , ਤਿੰਨ ਕੁ ਪੇਂਡੂ ਬੁੜ੍ਹੇ ਤੇ ਤਿੰਨ ਚਾਰ ਨੌਜਵਾਨ ਖੜੇ
ਸਨ । ਮੇਰੇ ਕਜ਼ਨ ਹੁਰੀਂ ਰੇੜ੍ਹੀ ਵਾਲੇ ਨੂੰ ਦੋ-ਦੋ ਗੋਲ-ਗੱਪੇ ਖੁਆਉਣ ਲਈ ਕਿਹਾ ਤਾਂ ਉਸ ਨੇ ਰੇੜੀ
ਦੇ ਦੂਜੇ ਪਾਸੇ ਆਉਣ ਲਈ ਕਿਹਾ, ਜਿੱਥੇ ਉਹ ਸਾਰਾ ਪੇਂਡੂ ਚੌਣਾ ਖੜਾ ਸੀ। ਉਹ ਦੋਵੇਂ ਦੂਜੀ ਸਾਈਡ ਉਤੇ
ਚਲੇ ਗਏ । ਉਸ ਪੇਂਡੂ ਚੌਣੇ ਵਿਚੋਂ ਇਕ ਬਦਮਾਸ਼ ਜਿਹੀ ਸ਼ਕਲ ਵਾਲੇ ਨੌਜਵਾਨ ਨੇ ਕੈਨੇਡੀਅਨ ਮੁੰਡੇ ਨੂੰ
ਇਸ਼ਾਰਾ ਕਰ ਕੇ ਕਿਹਾ ਕਿ ਇੱਧਰ ਅਗਾਂਹ ਆਜੋ ਭਾਈ। ਉਹ ਵਿਚਾਰਾ ਹੱਸਦਾ ਮੁਸਕੁਰਾਉਂਦਾ ਉਥੇ ਜਾ ਖੜਿਆ
। ਫਿਰ ਇਕ ਅੱਧੇ ਮਿੰਟ ਵਿਚ ਹੀ ਉਹ ਬਦਮਾਸ਼ ਜਿਹੀ ਸ਼ਕਲ ਵਾਲਾ ਨੌਜਵਾਨ ਕੈਨੇਡੀਅਨ ਮੁੰਡੇ ਦੇ ਮੂੰਹ
'ਤੇ ਘਸੁੰਨ 'ਤੇ ਘਸੁੰਨ ਜੜਨ ਲੱਗਾ । ਮੇਰੇ ਕਜ਼ਨ ਨੇ ਇਹ ਦੇਖ ਕੇ ਜ਼ੋਰ ਦੇਣੀ ਦਬਕਾ ਮਾਰਿਆ ਤੇ ਆਪਣੇ
ਕੈਨੇਡੀਅਨ ਮਹਿਮਾਨ ਨੂੰ ਛੱਡ ਦੇਣ ਲਈ ਕਿਹਾ । ਇੰਨੇ ਨੂੰ ਉਹ ਸਾਰਾ ਚੌਣਾ ਉਨ੍ਹਾਂ ਦੁਆਲੇ ਹੋ ਗਿਆ।
ਗੱਲ ਕੀ ਉਨਾਂ ਨੇ ਨਾਲ ਹੀ ਰੌਲਾ ਪਾ ਦਿੱਤਾ ਕਿ ਇਨਾਂ ਨੇ ਕੁੜੀ ਛੇੜ ਦਿੱਤੀ....ਕੁੜੀ ਛੇੜ ਦਿੱਤੀ
ਜਦਕਿ ਏਦਾਂ ਦੀ ਕੋਈ 'ਨੱਢੀ' ਉਨਾਂ ਨਾਲ ਨਹੀਂ ਸੀ ਜਿਸ ਨੂੰ ਉਨ੍ਹਾਂ ਦਾ ਛੇੜਨ ਨੂੰ ਦਿਲ ਕਰਦਾ ।
ਨਾਲੇ ਉਹ ਉਥੇ ਆਪਣੀਆਂ ਪਤਨੀਆਂ ਤੇ ਬੱਚਿਆਂ ਨਾਲ ਉਥੇ ਕੁੜੀਆਂ ਛੇੜਨ ਗਏ ਹੋਣ ਇਹ ਸਮਝ ਤੋਂ ਪਰੇ ਦੀ
ਗੱਲ ਹੈ ।
ਜਿਵੇਂ ਮੇਰੇ ਕਜ਼ਨ ਨੇ ਮੈਨੂੰ ਦੱਸਿਆ ਕਿ ਉਨਾਂ ਕੰਜਰਾਂ ਨੇ ਕਿੱਥੇ ਹਟਣਾ ਸੀ। ਜੇ ਉਹ ਕੁਟ ਪੈਂਦੀ
'ਤੇ ਚੀਕ ਚੀਕ ਕੇ ਨਾ ਕਹਿੰਦਾ ਕਿ ਮੈਂ ਫਲਾਣੀ ਅਖਬਾਰ ਛਾਪਦਾ ਹਾਂ ...ਮੈਂ ਫਲਾਣੀ ਅਖਬਾਰ ਦਾ ਚੀਫ
ਐਡੀਟਰ ਹਾਂ ...'ਕੱਲੇ -'ਕੱਲੇ ਨੂੰ ਦੇਖ ਲਊਂ। ਜੇ ਪਿਓ ਦੇ ਹੋ ਤਾਂ ਆਪਣਾ ਸਾਰਾ ਅਤਾ ਪਤਾ ਦੱਸ ਕੇ
ਜਾਇਓ। ਉਸ ਵੇਲੇ ਇਹ ਨਹੀਂ ਪਤਾ ਕਿ ਉਨ੍ਹਾਂ ਨਾਲ ਹੀ ਢਾਬੇ ਵਾਲੇ ਵੀ ਰਲ ਗਏ ਸਨ ਜਾਂ ਨਹੀਂ। ਅਖਬਾਰ
ਦਾ ਨਾਂ ਸੁਣ ਕੇ ਸਾਰ ਪੇਂਡੂ ਚੌਣਾ ਤਿੱਤਰ ਹੋ ਗਿਆ।
ਦੂਜੇ ਦਿਨ ਮੇਰੇ ਕਜ਼ਨ ਨੇ ਸਾਰੀਆਂ ਅਖਬਾਰਾਂ ਦੇ ਨਾਮਾਨਿਗਾਰਾਂ ਨੂੰ ਅਖਬਾਰ ਵਿਚ ਖਬਰ ਲਾਉਣ ਲਈ
ਸੂਚਿਤ ਕਰ ਦਿੱਤਾ ਤੇ ਆਪਣੇ ਕੈਨੇਡੀਅਨ ਯਾਰਾਂ ਨੂੰ ਵੀ ਸੱਦ ਲਿਆ। ਉਸ ਦੇ ਕੈਨੇਡੀਅਨ ਯਾਰ ਖਬਰ
ਛਪਾਉਣ ਲਈ ਇਸ ਲਈ ਨਾ ਮੰਨੇ ਕਿ ਉਨ੍ਹਾਂ ਕੈਨੇਡਾ ਮੁੜਨਾ ਸੀ ਤੇ ਖਬਰ ਛਪਣ ਨਾ ਦਿੱਤੀ , ਏਸ ਡਰੋਂ
ਕਿ ਉਹ ਐਵੇਂ ਕੇਸ ਵਿਚ ਉਲਝ ਜਾਣਗੇ ।
ਬਾਅਦ ਵਿਚ ਉਨ੍ਹਾਂ ਕੈਨੇਡਾ ਦੀ ਐਸੀ ਉਡਾਰੀ ਮਾਰੀ ਕਿ ਮੁੜ ਕੇ ਮੇਰੇ ਕਜ਼ਨ ਨੂੰ ਫੋਨ ਨਹੀਂ ਕੀਤਾ,
ਲੈਪਟਾਪ ਤਾਂ ਉਨਾਂ ਸੁੰਘਾਇਆ ਤਕ ਨਹੀਂ। ਮੇਰਾ ਇਹ 'ਕਹਾਣੀਨੁਮਾ' ਲੇਖ ਲਿਖਣ ਦਾ ਮਕਸਦ ਸਿਰਫ ਇਹੀ
ਹੈ ਕਿ ਪੰਜਾਬ ਵਿਚ ਪ੍ਰਵਾਸੀ ਵੀਰਾਂ ਨੂੰ ਲੁੱਟਣ ਵਾਸਤੇ ਸੱਭਿਆਚਾਰ ਦੇ ਨਾਂ ਉਤੇ ਉਨਾਂ ਢਾਬੇਨੁਮਾ
ਦੁਕਾਨਾਂ ਬਾਰੇ ਸੂਚਿਤ ਕਰਾਂ ਜੋ ਮਗਰਮੱਛ ਵਾਂਗ ਮੂੰਹ ਅੱਡੀ ਬੈਠੀਆਂ ਹਨ ਕਿ ਕਦੋਂ ਮੱਛੀ ਉਨਾਂ ਦੇ
ਜਬਾੜੇ ਵਿਚ ਫਸੇ ਤੇ ਉਹ ਉਸ ਦਾ ਸ਼ਿਕਾਰ ਕਰ ਜਾਣ। ਇਨਾਂ ਢਾਬਿਆਂ ,ਕਿਲਿਆਂ ਦੇ ਬੁਰਜਾਂ,ਗੜਾਂ ਵਿਚ
ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਏਨੀਆਂ ਨਹੀਂ ਹੁੰਦੀਆਂ ਕਿ ਉਹ ਵੀ ਉਥੇ ਆਉਂਦੇ ਗਾਹਕਾਂ ਵਾਂਗ
ਐਸ਼ੋ-ਆਰਾਮ ਦੀ ਜ਼ਿੰਦਗੀ ਜਿਊ ਸਕਣ। ਜ਼ਾਹਿਰ ਹੈ ਕਿ ਖਾਣ ਪੀਣ ਦੇ ਕਾਰੋਬਾਰ ਵਾਲਿਆਂ ਨਾਲ ਪੁਲਸ ਦੀ ਵੀ
ਮਿਲੀਭੁਗਤ ਹੁੰਦੀ ਹੋਵੇ ਤੇ ਫਿਰ ਅਜਿਹੀ ਖੇਡ ਰਚੀ ਜਾਂਦੀ ਹੈ ਕਿ ਪ੍ਰਵਾਸੀ ਵੀਰ ਥਾਣੇ ਜਾਣ ਤੋਂ
ਘਬਰਾਉਂਦੇ ਹਨ ਤੇ ਪੈਸੇ ਦੇ ਕੇ ਖਹਿੜਾ ਛੁਡਾਉਣ ਵਿਚ ਹੀ ਭਲਾਈ ਸਮਝਦੇ ਹਨ।
ਪ੍ਰਵਾਸੀ ਵੀਰਾਂ ਨੇ ਜੇ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਬਾਰੇ ਜਾਣੂ ਕਰਵਾਉਣਾ ਹੀ ਹੈ ਤਾਂ ਉਹ
ਇਨਾਂ ਦੁਕਾਨਾਂ ਨੂੰ ਛੱਡ ਕੇ ਲੁਧਿਆਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ 'ਪੇਂਡੂ ਜੀਵਨ ਦਾ
ਅਜਾਇਬਘਰ' ਦੇਖਣ ਨੂੰ ਲੈ ਕੇ ਜਾਣ ਜਿਥੇ ਨਿਰੋਲ ਪੰਜਾਬੀ ਸੱਭਿਆਚਾਰ ਦੇ ਝਲਕਾਰੇ ਪੈਂਦੇ ਹਨ।
ਹੁਣ ਤਾਂ ਪ੍ਰਵਾਸੀ ਵੀਰਾਂ ਦੀ ਇਸੇ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਵਲੋਂ 'ਪੰਜਾਬਗੜ੍ਹ' ਨਾਂ
ਦਾ ਇਕ 'ਵਿਰਾਸਤੀ ਪਿੰਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਉਸਾਰਨ ਲਈ
ਸੁਹਿਰਦ ਉਪਰਾਲੇ ਆਰੰਭ ਦਿੱਤੇ ਗਏ ਹਨ ਜੋ ਇਨਾਂ ਲੋਟੂ ਢਾਬਿਆਂ ਨੂੰ ਬੰਦ ਕਰਵਾ ਦੇਵੇਗਾ। 'ਪੰਜਾਬਗੜ੍ਹ'
ਪਿੰਡ ਵਿਚ ਮਾਝੇ ਮਾਲਵੇ ਤੇ ਦੋਆਬੇ ਨੂੰ ਦਰਸਾਉਂਦੇ ਵੱਖ-ਵੱਖ ਖਿੱਤਿਆਂ ਨੂੰ ਰੂਪਮਾਨ ਕੀਤਾ ਜਾਵੇਗਾ
ਤੇ ਪਿੰਡਾਂ ਦੇ ਕੰਮ-ਸੱਭਿਆਚਾਰ,ਜਿਸ ਵਿਚ ਸੱਥ, ਟੋਭਾ, ਘੁਲਾੜੀ, ਖੂਹ, ਗੁਹਾਰਾ, ਸਮਾਧਾਂ, ਤਲਾਅ,
ਕੋਹਲੂ, ਘੁਮਿਆਰ ਦੇ ਚੱਕ ਤੱਕ ਦੀਆਂ ਸਾਰੀਆਂ ਵਸਤਾਂ ਚਾਲੂ ਹਾਲਤ ਵਿਚ ਰੂਪਮਾਨ ਕੀਤੀਆਂ ਜਾਣਗੀਆਂ
ਤੇ ਪੰਜਾਬੀ ਖਾਣਿਆਂ ਤੇ ਪੇਂਡੂ ਹੱਟੀਆਂ ਨੂੰ ਸਿਰਜਿਆ ਜਾਵੇਗਾ ਇਸ ਨਾਲ ਪ੍ਰਵਾਸੀ ਵੀਰ ਉਸ ਖਤਰਨਾਕ
ਕੂਹਣੀ ਮੋੜ ਤੋਂ ਬਚ ਜਾਣਗੇ, ਜੋ ਕਦੇ ਵੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦਾ ।
(ਇਟਲੀ) email--herry.herry007@gmail.com
ਮੋਬਾਈਲ-0039328308383