ਨਾਵਲ
ਹਾਜੀ ਲੋਕ ਮੱਕੇ ਵੱਲ ਜਾਂਦੇ
ਸ਼ਿਵਚਰਨ
ਜੱਗੀ ਕੁੱਸਾ
ਕਾਂਡ 4

ਹਰਦੇਵ ਦਾ ਪ੍ਰੀਵਾਰ ਇਕ ਮੱਧ ਵਰਗੀ ਪ੍ਰੀਵਾਰ ਸੀ! ਉਹ ਤਿੰਨ ਭਰਾ ਸਨ ਅਤੇ ਤਿੰਨ ਹੀ ਭੈਣਾਂ! ਹਰਦੇਵ
ਸਭ ਤੋਂ ਵੱਡਾ ਅਤੇ ਸਿਆਣਾ ਸੀ। ਸਾਢੇ ਸੱਤ ਏਕੜ ਨਾਲ ਵੱਡੇ ਪ੍ਰੀਵਾਰ ਦਾ ਗੁਜ਼ਾਰਾ ਕਿਵੇਂ ਹੁੰਦਾ?
ਬਾਪੂ ਪੁਲੀਸ ਵਿਚੋਂ ਮੁਣਸ਼ੀ ਪੈਨਸ਼ਨ ਆਇਆ ਸੀ। ਇਕੱਲੀ ਪੈਨਸ਼ਨ ਨਾਲ ਟੱਬਰ ਦਾ ਗੁਜ਼ਾਰਾ ਨਹੀਂ ਸੀ! ਉਸ
ਨੇ ਹਰਦੇਵ ਨੂੰ 'ਬਾਹਰ' ਤੋਰਨ ਦਾ ਫ਼ੈਸਲਾ ਕਰ ਲਿਆ। ਬਾਕੀ ਬੱਚੇ ਅਜੇ ਛੋਟੇ ਤਾਂ ਨਹੀਂ, ਪਰ ਨਾਸਮਝ
ਜ਼ਰੂਰ ਸਨ। ਉਸ ਨੇ ਹਰਦੇਵ ਨੂੰ ਵਿਦੇਸ਼ ਭੇਜਣ ਵਾਸਤੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਭਲੇ
ਵੇਲਿਆਂ ਵਿਚ ਉਸ ਨੇ ਬੰਨ੍ਹ-ਸੁੱਬ ਕਰ ਕੇ ਹਰਦੇਵ ਨੂੰ ਗਰੀਸ ਨੂੰ ਚਾਹੜ ਦਿੱਤਾ। ਤਕਰੀਬਨ ਅੱਠ ਨੌਂ
ਮਹੀਨੇ ਹਰਦੇਵ ਗਰੀਸ ਦੇ ਖੇਤਾਂ ਵਿਚ ਸਬਜ਼ੀਆਂ ਕੱਟਦਾ ਰਿਹਾ। ਸਾਰੀ ਸਾਰੀ ਦਿਹਾੜੀ ਕੋਡਾ ਹੋ ਕੇ
ਸਬਜ਼ੀਆਂ ਕੱਟਣੀਆਂ ਅਤੇ ਫਿਰ ਬਕਸਿਆਂ ਵਿਚ ਬੰਦ ਕਰ ਕੇ ਟਰੱਕਾਂ ਵਿਚ ਲੱਦਣੀਆਂ, ਕਾਫ਼ੀ ਔਖਾ ਕੰਮ ਸੀ।
ਆਥਣ ਤੱਕ ਹਰਦੇਵ ਨਮੂਨੀਆਂ ਹੋਏ ਮਰੀਜ਼ ਵਾਂਗ ਆਕੜ ਜਾਂਦਾ। ਦੋ ਚਾਰ ਪੈੱਗ ਲਾ ਕੇ ਉਹ ਰੋਟੀ ਖਾ ਕੇ
ਸੌਂ ਜਾਂਦਾ ਅਤੇ ਸਵੇਰੇ ਉਠ ਕੇ ਫਿਰ ਉਹ ਹੀ ਗਧੀਗੇੜ!
ਉਸ ਅਕਾਖਾਨੇਂ ਵਾਲੇ ਕੰਮ ਤੋਂ ਅੱਕ ਕੇ ਹਰਦੇਵ ਇਕ ਏਜੰਟ ਦੇ ਆਖੇ ਲੱਗ ਕੇ, ਉਸ ਨੂੰ ਪੰਜ ਸੌ ਮਾਰਕ
ਦੇ ਕੇ ਆਸਟਰੀਆ ਆ ਗਿਆ। ਆਸਟਰੀਆ ਆ ਕੇ ਵੀ ਉਸ ਨੂੰ ਕੋਈ ਚੱਜ ਦਾ ਕੰਮ ਨਾ ਮਿਲਿਆ। ਉਥੇ ਵੀ
ਅਖ਼ਬਾਰਾਂ ਵੇਚਣ ਦਾ ਕੰਮ ਮਿਲਿਆ ਹੀ ਮਿਲਿਆ। ਜਿਹੜੀਆਂ ਉਸ ਨੂੰ ਸੜਕ ਕੰਢੇ, ਟਰੈਫ਼ਿਕ ਲਾਈਟ 'ਤੇ ਖੜ
ਕੇ ਵੇਚਣੀਆਂ ਪੈਂਦੀਆਂ। ਗਰਮੀਆਂ ਵਿਚ ਤਾਂ ਸਰ ਜਾਂਦਾ ਸੀ। ਪਰ ਆਸਟਰੀਆ ਵਿਚ ਸਰਦੀਆਂ ਦਾ ਮੌਸਮ ਇਕ
ਕਹਿਰ ਸੀ ਕਹਿਰ! ਗੋਡੇ ਗੋਡੇ ਬਰਫ਼ ਵਿਚ ਖੜ੍ਹ ਕੇ ਅਖਬਾਰਾਂ ਵੇਚਣੀਆਂ ਕਿਸੇ ਮਾੜੇ ਧੀੜੇ ਬੰਦੇ ਦਾ
ਕੰਮ ਨਹੀਂ ਸੀ। ਅਥਾਹ ਪੈਂਦੀ ਬਰਫ਼ ਵਿਚ ਹੱਥ ਲੱਕੜ ਵਾਂਗ ਆਕੜ ਜਾਂਦੇ ਅਤੇ ਮੂੰਹ 'ਚੋਂ ਗੱਲ ਨਾ
ਨਿਕਲਦੀ। ਸਾਹ ਉਪਰ ਖਿੱਚਣ 'ਤੇ ਤਾਪਮਾਨ ਮਾਈਨਸ ਬੱਤੀ ਡਿਗਰੀ ਹੋਣ ਕਾਰਨ ਨੱਕ ਦਾ ਸੀਂਢ ਨੱਕ ਵਿਚ
ਹੀ ਜੰਮ ਜਾਂਦਾ।
ਇਕ ਦਿਨ ਉਸ ਨੂੰ ਗੁਰਦੁਆਰੇ ਇਕ ਹੋਰ ਏਜੰਟ ਮਿਲਿਆ। ਉਸ ਨੇ ਹਰਦੇਵ ਨੂੰ ਜਰਮਨ ਪਹੁੰਚਾਉਣ ਦੀ ਮਿੱਠੀ
ਉਂਗਲ ਚਟਾਈ ਅਤੇ ਬੜੇ ਸਬਜ਼ਬਾਗ ਦਿਖਾਏ। ਖਰਚਾ ਉਸ ਨੇ ਵੀ ਪੰਜ ਸੌ ਜਰਮਨ ਮਾਰਕ ਦੱਸਿਆ। ਅੰਨ੍ਹੀ ਬਰਫ਼
ਅਤੇ ਕੜਾਕੇ ਦੀ ਠੰਢ ਦਾ ਸਤਾਇਆ ਹਰਦੇਵ ਜਰਮਨ ਜਾਣ ਲਈ ਤਿਆਰ ਹੋ ਗਿਆ। ਤਿੰਨ ਕੁ ਹਫ਼ਤੇ ਵਿਚ ਜਰਮਨ
ਦੇ ਉਸ ਏਜੰਟ ਨੇ ਆਪਣੀ ਕਾਰ ਦੀ ਡਿੱਘੀ ਵਿਚ ਪਾ ਕੇ ਹਰਦੇਵ ਨੂੰ ਜਰਮਨ ਦੇ ਮਿਊਨਿਖ ਸ਼ਹਿਰ ਲਿਆ
ਉਤਾਰਿਆ।
-''ਐਦੂੰ ਗਾਂਹਾਂ ਬਾਈ ਜੀ ਮੇਰਾ ਕੀ ਬਣੂੰ...?'' ਹਰਦੇਵ ਅਣਜਾਣ ਮੁਲਖ਼ ਅਤੇ ਬਿਗਾਨੇ ਸ਼ਹਿਰ ਵਿਚ
ਖੜ੍ਹਾ, ਮਜੌਰਾਂ ਦੀ ਮਾਂ ਵਾਂਗ ਝਾਕ ਰਿਹਾ ਸੀ। ਉਸ ਨੇ ਅਗਲੇ ਪੜਾਅ ਬਾਰੇ ਏਜੰਟ ਨੂੰ ਪੁੱਛਿਆ।
-''ਹਰਦੇਵ ਸਿਆਂ! ਪੰਜ ਸੌ ਮਾਰਕ ਮੈਂ ਤੈਨੂੰ ਐਥੋਂ ਤੱਕ ਪਹੁੰਚਾਉਣ ਦੇ ਲਏ ਐ-ਪੱਕਾ ਕਰਵਾਉਣ ਦਾ
ਜਾਂ ਕੰਮ ਦਿਵਾਉਣ ਦਾ ਮੇਰਾ ਕੋਈ ਦਾਅਵਾ ਨਹੀਂ ਸੀ!'' ਉਸ ਨੇ ਬੜੇ ਸ਼ਾਂਤਮਈ ਢੰਗ ਨਾਲ ਆਖਿਆ।
-''ਹੁਣ ਮੇਰਾ ਕੋਈ ਹੱਲ?'' ਹਰਦੇਵ ਰੋਣਹਾਕਾ ਹੋਇਆ ਖੜ੍ਹਾ ਸੀ।
-''ਇਹਦੇ ਬਾਰੇ ਹੁਣ ਤੂੰ ਆਪ ਸੋਚ...! ਆਪਣਾ ਕੰਮ ਸੀ ਤੈਨੂੰ ਜਰਮਨ ਵਾੜਨਾ...!'' ਉਸ ਨੇ ਸਿੱਧਾ
ਹੀ ਝੱਗਾ ਚੁੱਕ ਦਿੱਤਾ।
-''ਔਹ ਸਾਹਮਣੇ ਬਾਨਹੋਫ਼ ਐ...!'' ਏਜੰਟ ਨੇ ਇਸ਼ਾਰਾ ਕਰ ਕੇ ਦੱਸਿਆ।
-''ਉਹ ਕੀ ਹੁੰਦੈ ਬਾਈ...?'' ਹਰਦੇਵ ਦੇ ਕੁਝ ਪੱਲੇ ਨਹੀਂ ਪਿਆ ਸੀ।
-''ਬਾਨਹੋਫ਼ ਜਰਮਨ ਭਾਸ਼ਾ 'ਚ ਰੇਲਵੇ ਸਟੇਸ਼ਨ ਨੂੰ ਕਹਿੰਦੇ ਐ।''
-''ਅੱਛਾ...।''
-''ਉਥੇ ਜਾ ਕੇ ਅੰਦਰ ਬੈਠ ਜਾਹ-ਐਥੇ ਤੈਨੂੰ ਕੋਈ ਨਾ ਕੋਈ ਆਪਣਾ ਦੇਸੀ ਬੰਦਾ ਮਿਲ ਜਾਊਗਾ-ਉਹਦੇ ਨਾਲ
ਕੋਈ ਕੰਮ ਕਾਰ ਬਾਰੇ ਗੱਲ ਕਰ ਲਵੀਂ!'' ਤੇ ਉਸ ਨੇ ਕਾਰ ਤੋਰ ਲਈ। ਏਜੰਟ ਉਸ ਨੂੰ ਸ਼ਰੇਆਮ ਖੜ੍ਹਾ ਹੀ
ਛੱਡ ਗਿਆ। ਬੇਰਹਿਮ ਬੰਦੇ ਨੂੰ ਕਿਸੇ 'ਤੇ ਕਾਹਦਾ ਰਹਿਮ? ਉਸ ਨੂੰ ਤਾਂ ਸਿਰਫ਼ ਆਪਣੇ ਪੈਸਿਆਂ ਨਾਲ
ਸੀ। ਪੰਜ ਸੌ ਮਾਰਕ ਖ਼ਰਾ ਕੀਤਾ, ਚੱਲ ਮੇਰੇ ਭਾਈ! ਅਗਲਾ ਬੰਦਾ ਮਰੇ, ਖਪੇ! ਇਸ ਨਾਲ ਉਸ ਦਾ ਕੋਈ
ਵਾਸਤਾ ਨਹੀਂ ਸੀ।
ਹਰਦੇਵ ਦਾ ਰੋਣ ਨਿਕਲ ਗਿਆ। ਉਸ ਨੂੰ ਕੁਝ ਨਹੀਂ ਸੁੱਝ ਰਿਹਾ ਸੀ। ਬਿਗਾਨਾ ਮੁਲਖ, ਕਿਸੇ ਨਾਲ ਕੋਈ
ਜਾਣ ਨਹੀਂ, ਪਹਿਚਾਣ ਨਹੀਂ! ਜਾਵੇ ਤਾਂ ਕਿੱਧਰ ਜਾਵੇ? ਜਰਮਨ ਭਾਸ਼ਾ ਉਸ ਨੂੰ ਆਉਂਦੀ ਨਹੀਂ ਸੀ। ਜਦੋਂ
ਕੋਈ ਰਸਤਾ ਨਾ ਰਹਿ ਜਾਵੇ, ਉਦੋਂ ਆਦਮੀ ਰੱਬ ਦੇ ਦਰਾਂ ਵਿਚ ਜਾ ਡਿੱਗਦੈ। ਸੜਕ ਦੇ ਇਕ ਪਾਸੇ ਖੜ੍ਹ
ਕੇ ਉਸ ਨੇ 'ਵਾਹਿਗੁਰੂ-ਵਾਹਿਗੁਰੂ' ਜਪਣਾ ਸ਼ੁਰੂ ਕਰ ਦਿੱਤਾ। ਮਨ ਹੀ ਮਨ ਵਿਚ ਉਹ ਅਕਾਲ ਪੁਰਖ਼ ਤੋਂ
ਓਟ-ਆਸਰਾ ਮੰਗ ਰਿਹਾ ਸੀ। ਦਿਲ ਵਿਚ ਅਕਾਲ ਪੁਰਖ਼ ਨੂੰ ਯਾਦ ਕਰਦਾ ਉਹ ਏਜੰਟ ਦੇ ਦੱਸੇ 'ਬਾਨਹੋਫ਼' ਵੱਲ
ਤੁਰ ਪਿਆ। ਰੇਲਵੇ ਸਟੇਸ਼ਨ 'ਤੇ ਕਾਫ਼ੀ ਭੀੜ ਸੀ। ਪੈਦਲ ਪੁਲੀਸ ਗਸ਼ਤ ਕਰ ਰਹੀ ਸੀ। ਪੁਲੀਸ ਨੂੰ ਦੇਖ ਕੇ
ਹਰਦੇਵ ਦਾ ਤਰਾਹ ਨਿਕਲ ਗਿਆ। ਪਰ ਉਹ ਦਿਲ ਤਕੜਾ ਕਰ ਕੇ ਟਾਈਮ ਟੇਬਲ ਵਾਲੇ ਬੋਰਡ ਕੋਲ ਜਾ ਖੜ੍ਹਾ
ਹੋਇਆ ਅਤੇ ਰੇਲ ਗੱਡੀਆਂ ਦੇ ਆਉਣ ਜਾਣ ਦਾ ਸਮਾਂ ਦੇਖਣ ਲੱਗ ਪਿਆ। ਸਾਰੇ ਸ਼ਹਿਰ ਉਸ ਦੇ ਦਿਮਾਗ ਤੋਂ
ਬਾਹਰ ਸਨ। ਕਿਸੇ ਵੀ ਸ਼ਹਿਰ ਦਾ ਨਾਂ ਉਸ ਨੇ ਕਦੇ ਸੁਣਿਆਂ ਵੀ ਨਹੀਂ ਸੀ, ਦੇਖਣਾ ਤਾਂ ਕੀ ਸੀ?
ਇਤਨੇ ਨੂੰ ਉਸ ਨੂੰ ਇਕ ਦੇਸੀ ਭਾਈਬੰਦ ਦਿਸਿਆ। ਉਹ ਉਸ ਭਾਈ ਬੰਦ ਕੋਲ਼ ਜਾ ਕੇ ਖੜ੍ਹਾ ਹੋ ਗਿਆ।
-''ਬਾਈ ਜੀ ਤੁਸੀਂ ਇੰਡੀਅਨ ਹੋ?'' ਹਰਦੇਵ ਨੇ ਉਸ ਤੋਂ ਪੁੱਛਿਆ।
-''ਹਾਂ! ਦੱਸੋ?'' ਉਹ ਅਤੀਅੰਤ ਰੁੱਖਾ ਬੋਲਿਆ।
-''ਮੈਂ ਬਾਈ ਜੀ ਆਸਟਰੀਆ ਤੋਂ ਆਇਐਂ-ਤੁਸੀਂ ਮੇਰੀ ਕੋਈ ਮੱਦਦ-?''
-''ਮੈਂ ਤਾਂ ਭਰਾਵਾ ਆਪ ਤੇਰੇ ਅਰਗੈਂ!'' ਤੇ ਉਹ ਆਪਣਾ ਬੈਗ ਚੁੱਕ ਕੇ ਤੁਰਦਾ ਬਣਿਆਂ। ਉਸ ਨੇ
ਹਰਦੇਵ ਨੂੰ ਇਕ ਤਰ੍ਹਾਂ ਨਾਲ ਤੋੜ ਕੇ ਹੀ ਤਾਂ ਸੁੱਟਿਆ ਸੀ।
ਹਰਦੇਵ ਦਾ ਮਨ ਫਿਰ ਭਰ ਆਇਆ।
ਪਰ ਉਸ ਨੇ ਰੱਬ ਦਾ ਆਸਰਾ ਫਿਰ ਵੀ ਮਨ ਵਿਚ ਬਣਾਈ ਰੱਖਿਆ ਅਤੇ ਪਾਠ ਨਿਰੰਤਰ ਕਰਦਾ ਰਿਹਾ।
ਦਿਨ ਛੁਪ ਚੱਲਿਆ ਸੀ। ਹਨ੍ਹੇਰਾ ਅਸਮਾਨੋਂ ਦੁੜੰਗੇ ਮਾਰਦਾ ਆ ਰਿਹਾ ਸੀ। ਠੰਢ ਕੋਕੜਾਂ ਕਰਨ ਲੱਗ ਪਈ
ਸੀ। ਰੇਲਵੇ ਸਟੇਸ਼ਨ ਦੇ ਹਾਲ ਵਿਚ ਖੜ੍ਹੇ ਹਰਦੇਵ ਦਾ ਦੰਦ ਕੜਿੱਕਾ ਵੱਜਣ ਲੱਗ ਪਿਆ ਸੀ। ਕੱਪੜੇ ਉਸ
ਦੇ ਕੋਈ ਬਹੁਤੇ ਗਰਮ ਨਹੀਂ ਪਾਏ ਹੋਏ ਸਨ।
ਸਟੇਸ਼ਨ 'ਤੇ ਰੌਣਕ ਘਟਣੀ ਸ਼ੁਰੂ ਹੋ ਗਈ। ਲੋਕ ਆਪੋ ਆਪਣੇ ਘਰਾਂ ਨੂੰ ਜਾਂ ਟਿਕਾਣਿਆਂ ਨੂੰ ਚਲੇ ਗਏ
ਸਨ। ਹੁਣ ਤਾਂ ਕੁਝ ਰਾਤ ਵਾਲੀਆਂ ਟਰੇਨਾਂ ਹੀ ਆਉਣੀਆਂ ਬਾਕੀ ਸਨ। ਹਰਦੇਵ ਦੇ ਮਨ ਅੰਦਰ ਇਕ ਹੋਰ ਡਰ
ਬੈਠਿਆ ਹੋਇਆ ਸੀ ਕਿ ਜੇ ਅੱਜ ਕੋਈ ਦੇਸੀ ਭਾਈਬੰਦ ਨਾ ਮਿਲਿਆ ਤਾਂ ਰਾਤਰੀ ਪੁਲਸ ਗਸ਼ਤੀਆਂ ਨੇ ਉਸ
ਕੋਲੋਂ ਕਾਗਜ਼ ਪੱਤਰ ਮੰਗ ਲੈਣੇ ਸਨ। ਕਾਗਜ਼ ਪੱਤਰ ਨਾ ਹੋਣ ਕਾਰਨ ਉਹਨਾਂ ਨੇ ਉਸ ਨੂੰ ਹਵਾਲਾਤ ਵਿਚ
ਤਾੜ ਦੇਣਾ ਸੀ। ਹੋ ਸਕਦੈ ਡਿਪੋਰਟ ਵੀ ਕਰ ਦੇਣ...? ਕਈ ਮੰਦੇ ਵਿਚਾਰ ਸੋਚ ਕੇ ਉਸ ਦੇ ਦਿਲ ਨੂੰ
ਕੰਬਣੀਂ ਛਿੜ ਜਾਂਦੀ। ਪਿੰਡ ਜਾ ਕੇ ਵੀ ਕੀ ਕਰੂੰਗਾ? ਅੱਗੇ ਹੀ ਬਾਪੂ ਨੇ ਮਸਾਂ ਕੌਡੀ-ਕੌਡੀ ਇਕੱਠੀ
ਕਰ ਕੇ ਬਾਹਰ ਨੂੰ ਤੋਰਿਆ। ਹੁਣ ਜੇਬ ਵਿਚ ਤਾਂ ਆਨਾਂ ਨਹੀਂ, ਬਾਪੂ ਨੂੰ ਜਾ ਕੇ ਕਿਹੜਾ ਮੂੰਹ
ਦਿਖਾਵਾਂਗਾ? ਸਭ ਤੋਂ ਵੱਡਾ ਮੈਂ ਹੀ ਹਾਂ। ਬਾਪੂ ਨੇ ਮੈਨੂੰ ਤਾਂ ਕਰਜਾਈ ਹੋ ਕੇ ਬਾਹਰ ਘੱਲਿਆ ਸੀ
ਕਿ ਬਾਹਰ ਜਾ ਕੇ ਮੈਂ ਉਸ ਨੂੰ ਕਮਾਈ ਕਰ ਕੇ ਭੇਜਾਂਗਾ ਅਤੇ ਕਬੀਲਦਾਰੀ ਵਿਚ ਹੱਥ ਵਟਾਵਾਂਗਾ। ਭੈਣ
ਅਤੇ ਭਾਈ ਅਜੇ ਛੋਟੇ ਹਨ। ਕੁੜੀ ਦਾ ਤਾਂ ਵਿਆਹ ਵੀ ਜਲਦੀ ਹੀ ਕਰਨਾ ਹੋਵੇਗਾ। ਮੇਰੇ ਤੋਂ ਨਿੱਕੀ ਭੈਣ
ਤਾਂ ਹੁਣ ਵਿਆਹੁੰਣ ਦੇ ਯੋਗ ਹੈ। ਚਾਹੇ ਅੱਜ ਵਿਆਹ ਕਰ ਦੇਈਏ! ਤਰ੍ਹਾਂ ਤਰ੍ਹਾਂ ਦੇ ਖ਼ਿਆਲ ਮੁੰਡੇ ਦੇ
ਦਿਮਾਗ ਵਿਚ ਸੱਲ ਕਰ ਰਹੇ ਸਨ।
ਰਾਤ ਪੈ ਗਈ।
ਉਹ ਵੱਡੇ 'ਵੇਟਿੰਗ-ਰੂਮ' ਵਿਚ ਚਲਾ ਗਿਆ। ਉਥੇ ਹੋਰ ਵੀ ਕਈ ਯਾਤਰੀ ਬੈਠੇ ਸਨ। ਸੈਂਟਰਲ ਹੀਟ ਚੱਲ
ਰਹੀ ਸੀ। ਇੱਥੇ ਆ ਕੇ ਉਸ ਨੂੰ ਕੁਝ ਕੁ ਧਰਵਾਸ ਆਇਆ। ਸੈਂਟਰਲ ਹੀਟ ਕਾਰਨ ਇੱਥੇ ਠੰਢ ਬਿਲਕੁਲ ਨਹੀਂ
ਸੀ। ਸਗੋਂ ਆਮ ਜਿਹਾ ਸਹਾਇਕ ਤਾਪਮਾਨ ਸੀ। ਪਰ ਜਦੋਂ ਵੇਟਿੰਗ-ਰੂਮ ਦਾ ਬਾਹਰਲਾ ਦਰਵਾਜਾ ਖੁੱਲ੍ਹਦਾ
ਤਾਂ ਠੰਢੀ ਸੀਤ ਹਵਾ ਚੁਪੇੜ ਵਾਂਗ ਆ ਵੱਜਦੀ ਅਤੇ ਯਾਤਰੀ ਆਪਣੇ ਓਵਰ ਕੋਟ ਹੋਰ ਘੁੱਟ ਲੈਂਦੇ। ਹਰਦੇਵ
ਕੋਲ ਕੋਈ ਓਵਰ ਕੋਟ ਨਹੀਂ ਸੀ। ਉਸ ਨੇ ਸਿਰਫ਼ ਇਕ ਆਮ ਹੀ ਕੋਟ ਪਇਆ ਹੋਇਆ ਸੀ। ਉਸ ਦੇ ਸਾਹਮਣੇ ਬੈਠੀ
ਗੋਰੀ ਬੁੱਢੀ ਕਾਫ਼ੀ ਦੇਰ ਦੀ ਹਰਦੇਵ ਨੂੰ ਸ਼ਿਸ਼ਤ ਬੰਨ੍ਹ ਕੇ ਦੇਖ ਰਹੀ ਸੀ। ਉਸ ਨੇ ਹਰਦੇਵ ਨੂੰ ਜਰਮਨ
ਭਾਸ਼ਾ ਵਿਚ ਕੁਝ ਪੁੱਛਿਆ। ਪਰ ਗੱਲ ਹਰਦੇਵ ਦੇ ਜਹਾਜ ਵਾਂਗੂੰ ਸਿਰ ਉਪਰੋਂ ਦੀ ਹੀ ਲੰਘ ਗਈ। ਉਸ ਨੇ
ਟੁੱਟੀ-ਫ਼ੁੱਟੀ ਅੰਗਰੇਜ਼ੀ ਵਿਚ ਕੁਝ ਸਮਝਾਉਣਾ ਚਾਹਿਆ ਤਾਂ ਅੰਗਰੇਜ਼ੀ ਗੋਰੀ ਬੁੱਢੀ ਦੇ ਕੋਲੋਂ ਤਿਰਛੀ
ਲੰਘਦੀ ਸੀ। ਕਿਉਂਕਿ ਉਸ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ। ਆਖਰ ਜਦੋਂ ਦੋਹਾਂ ਦੇ ਹੀ ਕੁਝ ਪੱਲੇ ਨਾ
ਪਿਆ ਤਾਂ ਗੋਰੀ ਨੇ ਉਸ ਨੂੰ ਆਪਣੇ ਬੈਗ ਵਿਚੋਂ ਇਕ ਛੋਟਾ ਕੰਬਲ਼ ਅਤੇ ਪੀਣ ਲਈ ਕੋਕਾ ਕੋਲਾ ਕੱਢ ਕੇ
ਦੇ ਦਿੱਤਾ ਅਤੇ ਕੰਬਲ਼ ਉਪਰ ਲੈਣ ਲਈ ਇਸ਼ਾਰੇ ਨਾਲ ਸਮਝਾਇਆ। ਕੰਬਲ਼ ਲੈ ਕੇ ਹਰਦੇਵ ਨੇ ''ਥੈਂਕਯੂ''
ਆਖਿਆ ਤਾਂ ਬੁੱਢੀ ਸਮਝ ਗਈ ਕਿ ਧੰਨਵਾਦ ਕਰ ਰਿਹਾ ਹੈ। ਉਸ ਨੇ ਕਈ ਵਾਰ ''ਓ. ਕੇ. - ਓ. ਕੇ.!'' ਆਖ
ਮੰਨ ਲਿਆ ਅਤੇ ਹੌਲ਼ੀ ਹੌਲ਼ੀ ਕੋਕ ਪੀਣ ਲੱਗ ਪਿਆ। ਹਰਦੇਵ ਸੋਚ ਰਿਹਾ ਸੀ ਕਿ ਸਾਡੇ ਲੋਕਾਂ ਨਾਲੋਂ ਤਾਂ
ਇਹ ਗੋਰੇ ਲੋਕ ਹੀ ਚੰਗੇ ਹਨ, ਜਿਹੜੇ ਲੋੜਵੰਦ ਦੀ ਮੱਦਦ ਕਰਨਾ ਆਪਣਾ ਪਹਿਲਾ ਫ਼ਰਜ਼ ਸਮਝਦੇ ਹਨ। ਕੋਈ
ਉਚੀ ਨਸੌੜ ਵਾਲਾ ਭਾਰਤੀ ਹੁੰਦਾ, ਤਾਂ ਜਮਾਂ ਕੰਬਲ਼ ਨਾ ਦਿੰਦਾ, ਸੋਚਦਾ ਬਈ ਕਿਤੇ ਜੂੰਆਂ ਨਾ ਪਾ
ਦੇਵੇ!
ਸਾਰੀ ਰਾਤ ਟਰੇਨਾਂ ਚੱਲਦੀਆਂ ਰਹੀਆਂ ਅਤੇ ਲੋਕ ਆਉਂਦੇ ਅਤੇ ਚੜ੍ਹਦੇ ਰਹੇ। ਭੁੱਖ ਨਾਲ ਹਰਦੇਵ ਦੇ
ਢਿੱਡ ਵਿਚ ਕੜੱਲ ਪਈ ਜਾ ਰਹੇ ਸਨ। ਢਿੱਡ ਉਸ ਦਾ ''ਘੁਰੜ-ਘੁਰੜ'' ਕਰੀ ਜਾ ਰਿਹਾ ਸੀ। ਪਰ ਕੋਕ ਪੀਣ
ਦੇ ਨਾਲ ਉਸ ਦੇ ਢਿੱਡ ਨੂੰ ਕੁਝ ਧਰਵਾਸ ਜ਼ਰੂਰ ਆ ਗਿਆ ਸੀ। ਮਾੜਾ ਮੋਟਾ ਕਾਲ਼ਜਾ ਧਾਫ਼ੜਿਆ ਗਿਆ ਸੀ।
ਅਖੀਰ ਵੇਟਿੰਗ-ਰੂਮ ਵਿਚ ਉਹ ਗੋਰੀ ਬੁੱਢੀ ਅਤੇ ਹਰਦੇਵ ਹੀ ਰਹਿ ਗਏ। ਬੁੱਢੀ ਨੇ ਕਈ ਕੁਝ ਹਰਦੇਵ ਨੂੰ
ਪੁੱਛਿਆ। ਪਰ ਹਰਦੇਵ ਨੂੰ ਉਸ ਦੇ ਕਿਸੇ ਸੁਆਲ ਦੀ ਕੋਈ ਸਮਝ ਨਾ ਪਈ। ਉਹ ਜਾਂ ਤਾਂ ਇਸ਼ਾਰਿਆਂ ਨਾਲ
ਅਤੇ ਜਾਂ ਸਿਰਫ਼ ''ਗਰੀਸ-ਗਰੀਸ! ਆਸਟਰੀਆ-ਆਸਟਰੀਆ!'' ਹੀ ਪੁਕਾਰਦਾ ਰਿਹਾ। ਜਦੋਂ ਗੋਰੀ ਉਠ ਕੇ ਜਾਣ
ਲੱਗੀ ਤਾਂ ਹਰਦੇਵ ਨੇ ਉਸ ਨੂੰ ਉਸ ਦਾ ਕੰਬਲ਼ ਵਾਪਿਸ ਕਰਨਾ ਚਾਹਿਆ। ਪਰ ਬੁੱਢੀ ਨੇ ਹੱਥ ਦੇ ਇਸ਼ਾਰੇ
ਨਾਲ ਕੋਲ਼ ਰੱਖਣ ਲਈ ਆਖ ਦਿੱਤਾ ਅਤੇ ਜਾਂਦੀ ਹੋਈ ਸਗੋਂ ਉਸ ਦੇ ਹੱਥ ਵਿਚ ਪੰਜਾਹ ਮਾਰਕ ਦਾ ਨੋਟ ਦੇ
ਕੇ ਹੱਥ ਘੁੱਟ ਗਈ। ਹਰਦੇਵ ਨੇ ਫਿਰ ''ਥੈਂਕਯੂ-ਥੈਂਕਯੂ'' ਦੀ ਰਟ ਲਾ ਦਿੱਤੀ। ਉਸ ਨੂੰ ਬੁੱਢੀ ਗੋਰੀ
ਆਪਣੀ ਮਾਂ ਵਰਗੀ ਲੱਗੀ ਸੀ। ਉਸ ਦਾ ਫਿਰ ਮਨ ਭਰ ਆਇਆ। ਮਾਂ ਦੀ ਯਾਦ ਨੇ ਉਸ ਦਾ ਦਿਲ ਨਿੱਸਲ਼ ਕਰ
ਦਿੱਤਾ। ਪਲ ਦੀ ਪਲ ਉਸ ਨੇ ਵਾਪਿਸ ਮੁੜਨ ਬਾਰੇ ਸੋਚ ਲਿਆ। ਕਈ ਸੋਚਾਂ ਉਸ ਦੇ ਦਿਲ ਅੰਦਰ ਭੂਚਾਲ ਬਣ
ਗਈਆਂ...। ਜ਼ਿੰਦਗੀ ਸਾਲ਼ੀ ਬਹੁਤ ਹੀ ਨਿੱਕੀ ਜਿਹੀ ਐ...। ਪਤਾ ਨਹੀਂ ਬੰਦੇ ਨੇ ਕਦੋਂ ਇਸ ਸੰਸਾਰ ਨੂੰ
ਫ਼ਤਹਿ ਬੁਲਾ ਜਾਣੀ ਐਂ...? ਪਰ ਖੱਜਲ਼ ਦੇਖ ਕਿਵੇਂ ਹੁੰਦਾ ਫਿਰਦੈ...? ਜਿਵੇਂ ਸਿਆਣੇ ਆਖਦੇ ਹੁੰਦੇ
ਐ, ਬਾਪੂ ਬਾਪੂ ਕਹਿੰਦੇ ਸੀ, ਬੜੇ ਸੁਖਾਲੇ ਰਹਿੰਦੇ ਸੀ, ਤੇ ਜਦ ਬਾਪੂ ਅਖਵਾਇਆ, ਸਾਨੂੰ ਸੁਖ ਦਾ
ਸਾਹ ਨਹੀਂ ਆਇਆ...! ਚਾਹੇ ਉਸ ਦਾ ਅਜੇ ਵਿਆਹ ਨਹੀਂ ਹੋਇਆ ਸੀ। ਪਰ ਨਿੱਕੇ ਭੈਣ ਭਰਾ ਦੀ
ਜ਼ਿੰਮੇਵਾਰੀ, ਵੱਡਾ ਹੋਣ ਕਰਕੇ ਉਸ ਦੇ ਸਿਰ ਸੀ। ਵੱਡੇ ਭਰਾ ਪਿਉ ਵਰਗੇ ਹੀ ਤਾਂ ਹੁੰਦੇ ਨੇ...!
ਬਾਪੂ ਨੇ ਵੀ ਉਸ ਨੂੰ ਸਾਰਿਆਂ ਤੋਂ ਵੱਡਾ ਅਤੇ ਜ਼ਿੰਮੇਵਾਰ ਪੁੱਤ ਹੋਣ ਕਰਕੇ ਹੀ ਬਾਹਰ ਤੋਰਿਆ ਸੀ!
ਜੇ ਉਹ ਬਾਪੂ ਦੀਆਂ ਆਸਾਂ 'ਤੇ ਪੂਰਾ ਨਾ ਉਤਰਿਆ ਤਾਂ ਅੜਬ ਬਾਪੂ ਨੇ ਡਾਂਗ ਧੂਹ ਕੇ ਉਸ ਦੀ ਤਹਿ ਲਾ
ਦੇਣੀ ਸੀ! ਹੋ ਸਕਦੈ ਘਰੋਂ ਵੀ ਬਾਹਰ ਕੱਢ ਦੇਵੇ ਅਤੇ ਬੇਦਖ਼ਲ ਕਰ ਦਵੇ...?
ਬਾਪੂ ਹਰਦੇਵ ਦਾ ਬਹੁਤ ਹੀ ਅੜਬ ਸੀ। ਪੈਨਸ਼ਨ ਹੋਣ ਤੱਕ ਪੁਲੀਸ ਵਿਚ ਮੁਣਸ਼ੀ ਰਿਹਾ ਸੀ। ਸਾਰੀ ਉਮਰ
ਹਿੱਕ ਦੇ ਜੋਰ 'ਤੇ ਕੱਢੀ ਸੀ। ਸ਼ਰੀਕਾਂ ਕੋਲੋਂ ਕਦੇ 'ਉਏ' ਨਹੀਂ ਅਖਵਾਇਆ ਸੀ। ਇਕ ਵਾਰ ਦੀ ਗੱਲ ਹੈ
ਕਿ ਜਦ ਹਰਦੇਵ ਦਾ ਛੋਟਾ ਭਾਈ ਸੁਖਦੇਵ ਪੈਦਾ ਹੋਇਆ ਤਾਂ ਖ਼ੁਸਰੇ ਨੱਚਣ ਲਈ ਆ ਗਏ। ਆਉਣਾ ਹੀ ਸੀ!
ਉਹਨਾਂ ਦਾ ਹੱਕ ਬਣਦਾ ਸੀ। ਹੋਰ ਖ਼ੁਸਰਿਆਂ ਦੇ ਕਿਹੜਾ ਵਿਚਾਰਿਆਂ ਦੇ ਟਰੱਕ ਚੱਲਦੇ ਸੀ? ਰੱਪੜ ਇਹ
ਖੜ੍ਹਾ ਹੋਇਆ ਕਿ ਦੋ ਖੁਸਰਾ ਦਲ ਆ ਖੜ੍ਹੇ ਹੋਏ! ਇਕ ਜਗਰਾਂਵਾਂ ਤੋਂ ਅਤੇ ਇਕ ਮੋਗੇ ਤੋਂ!! ਹਰਦੇਵ
ਦਾ ਬਾਪੂ ਦੋ ਪਾਰਟੀਆਂ ਵੱਲ, ਵਾੜ ਵਿਚ ਫ਼ਸੇ ਬਿੱਲੇ ਵਾਂਗ, ਘੁੱਟਾਂਬਾਟੀ ਝਾਕ ਰਿਹਾ ਸੀ। ਖੁਸਰਿਆਂ
ਦੀ ਤਕਰਾਰ ਸ਼ੁਰੂ ਹੋ ਗਈ। ਇਕ ਪਾਰਟੀ ਇਸ ਪਿੰਡ ਨੂੰ ਆਪਣਾ ਇਲਾਕਾ ਗਰਦਾਨ ਰਹੀ ਸੀ, ਜਦ ਕਿ ਦੂਜੀ
ਆਪਣਾ ਇਲਾਕਾ ਹੋਣ ਦਾ ਦਾਅਵਾ ਕਰ ਰਹੀ ਸੀ। ਹਰਦੇਵ ਦੇ ਬਾਪੂ ਨੇ ਆ ਦੇਖਿਆ, ਨਾ ਤਾਅ ਦੇਖਿਆ,
ਰੈਂਗੜਾ ਲੈ ਕੇ ਇਕ ਖੁਸਰਾ-ਮੁਖ਼ੀ ਦੇ ਸਿਰ ਵਿਚ ਮਧਾਣੀ-ਚੀਰਾ ਪਾ ਦਿੱਤਾ ਤੇ ਬੋਲਿਆ, ''ਸਾਨੂੰ ਮੇਰੇ
ਸਾਲੇ ਖੁਸਰਿਆਂ ਨੇ ਈ ਵੰਡ ਲਿਆ...?''
ਖੁਸਰੇ ਨੱਚਣ ਦੀ ਥਾਂ ਬਾਪੂ ਦਾ ਸਿਆਪਾ ਕਰਕੇ ਮੁੜ ਗਏ। ਸਾਰੇ ਖੁਸਰਿਆਂ ਨੇ ਉਸ ਨੂੰ ਆਪਣਾ ਨੰਗੇਜ਼
ਦਿਖਾਇਆ ਸੀ। ਪੁਲ਼ਸੀਆ ਬਾਪੂ ਫਿਰ ਪਿੱਟ ਉਠਿਆ, ''ਢਕ ਲਓ...! ਢਕ ਲਓ ਆਬਦੀਆਂ ਮੂੰਗਰੀਆਂ ਜੀਆਂ...!
ਨਹੀਂ ਤਾਂ ਸਾਲ਼ਿਓ ਮੂਤਣ ਵੱਲੋਂ ਵੀ ਜਾਂਵੋਂਗੇ...! ਵਗਜੋ ਪਰ੍ਹੇ...! ਕੁਛ ਨਾ ਆਖੋ...! ਮੈਥੋਂ
ਫਿਰ ਇਕ ਅੱਧੇ ਦੇ ਪੁੜਪੜੀ 'ਚ ਵੱਜੂ...! ਫੇਰ ਨਾ ਕਿਹੋ ਕਿਸੇ ਦੀ ਜਾਹ ਜਾਂਦੀ ਕਰਤੀ...! ਚਿੱਬ
ਪੈਜੂ ਮੈਥੋਂ ਕਿਸੇ ਦੇ ਖੋਪੜ 'ਚ...! ਸਾਲੇ ਲੱਗਪੇ ਸੀਂਢ ਸਿੱਟਣ ਐਥੇ...!'' ਬਾਪੂ ਨੇ ਭੂਸਰੇ
ਸਾਹਣ ਵਾਂਗ ਪੈਰਾਂ ਹੇਠੋਂ ਮਿੱਟੀ ਕੱਢੀ, ਖੌਰੂ ਪੱਟਿਆ! ਖੁਸਰੇ ਤੁਰ ਗਏ। ਹਰਦੇਵ ਦਾ ਬਾਪੂ ਵਾੜ ਦਾ
ਝਾਫ਼ਾ ਬਣਿਆਂ ਖੜ੍ਹਾ ਸੀ।
ਇਕ ਵਾਰ ਹਰਦੇਵ ਘਰੋਂ ਤਾਂ ਸਕੂਲ ਗਿਆ। ਪਰ ਲੰਡਰ ਦੋਸਤਾਂ ਨਾਲ਼ ਰਲ਼ ਕੇ ਸਕੂਲ ਛੱਡ, ਫ਼ਿਲਮ ਦੇਖਣ
ਸਿਨਮੇ ਜਾ ਵੜਿਆ। ਹਰਚੰਦ ਟੱਲੇਵਾਲੀਏ ਨੇ ਕਿਤੇ ਦੇਖ ਲਿਆ ਕਿ ਇਹ ਮੁਡੀਹਰ ਅੱਜ ਸਕੂਲ ਦੀ ਵਜਾਏ
ਸਿਨਮੇ ਕਿਵੇਂ ਭਲਵਾਨੀ ਗੇੜੇ ਦਿੰਦੀ ਫਿਰਦੀ ਐ? ਉਸ ਨੇ ਲੰਘਦੇ ਨੇ ਖੇਤ ਫ਼ਿਰਦੇ ਹਰਦੇਵ ਦੇ ਬਾਪੂ ਦੇ
ਕੰਨ ਵਿਚ ਇਹ ਗੱਲ ਪਾ ਦਿੱਤੀ। ਬੱਸ ਫ਼ਿਰ ਕੀ ਸੀ? ਬਾਪੂ ਨੇ ਚੁੱਕਿਆ ਸਾਈਕਲ, ਸਿੱਧਾ ਹੀ ਬੱਸ ਅੱਡੇ
'ਤੇ ਵੱਜਿਆ। ਉਸ ਨੇ ਹਰਦੇਵ ਨੂੰ ਬੱਸ 'ਚੋਂ ਉਤਰਦਾ ਹੀ ਫੜ ਲਿਆ ਅਤੇ ਘਰ ਤੱਕ ਕੁੱਟਦਾ ਹੀ ਲੈ ਕੇ
ਆਇਆ। ਬਾਪੂ ਵੀ ਉਸ ਦਾ ਭਲਾ ਹੀ ਸੋਚਦਾ ਸੀ! ਬਾਪੂ ਕੋਈ ਉਸ ਦਾ ਦੁਸ਼ਮਣ ਤਾਂ ਨਹੀਂ ਸੀ? ਬਾਪੂ ਸੋਚਦਾ
ਸੀ ਕਿ ਇਹ ਕੰਜਰ ਕੁਝ ਪੜ੍ਹ ਲਿਖ ਜਾਵੇ, ਕਿਸੇ ਨੌਕਰੀ 'ਤੇ ਲੱਗ ਜਾਵੇ! ਇਹਨਾਂ ਚਾਰ ਕਿੱਲਿਆਂ ਨਾਲ
ਤਾਂ ਤਿੰਨਾਂ ਭੈਣ ਭਰਾਵਾਂ ਦੇ ਪੰਜ ਪਾਂਜੇ ਵੀ ਪੂਰੇ ਨਹੀਂ ਹੋਣੇ!
ਦੂਰ ਗਿਰਜਾ ਘਰ ਦੇ ਘੰਟੇ ਨੇ ਹਰਦੇਵ ਦੀਆਂ ਸੋਚਾਂ ਦੀ ਤੰਦ ਤੋੜੀ!
ਪਹੁ ਫ਼ਟ ਚੁੱਕੀ ਸੀ। ਬਰਫ਼ ਪੈਂਦੀ ਹੋਣ ਕਰਕੇ ਹਨ੍ਹੇਰਾ ਕਾਫ਼ੀ ਹੱਦ ਤੱਕ ਹੂੰਝਿਆ ਜਾ ਚੁੱਕਾ ਸੀ। ਉਹ
ਅਜੇ ਸੋਚਾਂ ਵਿਚ ਉਲਝਿਆ ਹੋਇਆ ਹੀ ਸੀ ਕਿ ਉਸ ਨੂੰ ਕਿਸੇ ਪੱਗ ਵਾਲ਼ੇ ਬੰਦੇ ਦਾ ਭੁਲੇਖਾ ਜਿਹਾ ਪਿਆ।
ਉਸ ਨੇ ਪਾਰਦਰਸ਼ੀ ਸ਼ੀਸ਼ੇ ਵਿਚੋਂ ਦੀ ਬਾਹਰ ਤੱਕਿਆ ਤਾਂ ਝੂਠ ਨਹੀਂ ਸੀ! ਸੱਚਮੁੱਚ ਹੀ ਕੋਈ ਪੱਗ ਵਾਲਾ
ਬੰਦਾ ਟਰੇਨ ਤੋਂ ਉਤਰ ਕੇ ਵੇਟਿੰਗ-ਰੂਮ ਵੱਲ ਨੂੰ ਆ ਰਿਹਾ ਸੀ। ਖ਼ੁਸ਼ੀ ਹਰਦੇਵ ਦੀਆਂ ਕੱਛਾਂ ਵਿਚੋਂ
ਦੀ ਡੁੱਲ੍ਹਣ ਲੱਗ ਪਈ ਸੀ। ਉਸ ਨੇ ਰੱਬ ਦਾ ਸ਼ੁਕਰਾਨਾ ਕੀਤਾ। ਸਾਰੀ ਰਾਤ ਕੀਤਾ ਗਿਆ ਪਾਠ ਰਾਸ ਆ ਗਿਆ
ਸੀ! ਇਤਨੇ ਨੂੰ ਉਹ ਪੱਗ ਵਾਲ਼ਾ ਬੰਦਾ ਵੇਟਿੰਗ-ਰੂਮ ਵਿਚ ਆ ਗਿਆ।
-''ਸਾਸਰੀਕਾਲ ਬਾਈ ਜੀ...!'' ਹਰਦੇਵ ਨੇ ਉਠ ਕੇ ਉਸ ਨੂੰ ਬੜੇ ਅਦਬ ਨਾਲ ਬੁਲਾਇਆ।
-''ਸਾਸਰੀਕਾਲ ਬਈ, ਸਾਸਰੀਕਾਲ...!'' ਉਹ ਆਪਣਾ ਓਵਰ ਕੋਟ ਉਤਾਰਦਾ ਹੋਇਆ ਬੋਲਿਆ। ਬਰਫ਼ ਦੇ ਫ਼ੰਭੇ ਉਸ
ਦੇ ਓਵਰ ਕੋਟ ਤੋਂ ਥੱਲੇ ਡਿੱਗ ਰਹੇ ਸਨ। ਉਸ ਨੇ ਆਪਣੇ ਵੱਡੇ ਵੱਡੇ ਬੂਟ ਫ਼ਰਸ਼ 'ਤੇ ਝਾੜ੍ਹੇ। ਬੂਟ
ਦੀਆਂ ਗੁੱਡੀਆਂ ਵਿਚੋਂ ਬਰਫ਼ ਦੀ ਬਰਫ਼ੀ ਜਿਹੀ ਫ਼ਰਸ਼ 'ਤੇ ਵਿਛ ਗਈ।
-''ਐਥੇ ਈ ਰਹਿੰਨੇ ਓਂ, ਬਾਈ ਜੀ...?'' ਹਰਦੇਵ ਨੇ ਜਲਦੀ ਨਾਲ ਪੁੱਛਿਆ।
-''ਐਸ ਸ਼ਹਿਰ ਤਾਂ ਨਹੀਂ ਰਹਿੰਦਾ-ਪਰ ਕੰਮ ਧੰਦੇ 'ਚ ਆਉਣ ਜਾਣ ਬਣਿਆ ਈ ਰਹਿੰਦੈ, ਜੁਆਨਾਂ!'' ਉਸ ਨੇ
ਕਤਰੀ ਹੋਈ ਗਿੱਲੀ ਦਾਹੜੀ ਪੋਚੀ ਅਤੇ ਫਿਰ ਮੌਲੇ ਦੇ ਸਿੰਗਾਂ ਵਰਗੀਆਂ ਮੁੱਛਾਂ ਨੂੰ ਹੋੜੇ ਨਾਲ ਉਪਰ
ਚੁੱਕਿਆ।
-''......।'' ਹਰਦੇਵ ਚੁੱਪ ਕਰ ਗਿਆ ਕਿ ਇਸ ਨੂੰ ਵੀ ਸ਼ਹਿਰ ਬਾਰੇ ਗਿਆਨ ਨਹੀਂ।
-''ਤੂੰ ਕਿੱਥੇ ਰਹਿੰਨੈਂ? ਬੋਲੀ ਤੋਂ ਤਾਂ ਮਲਵਈ ਲੱਗਦੈਂ?'' ਉਸ ਨੇ ਮੁਸਕਰਾ ਕੇ ਗਲੋਂ ਮਫ਼ਲਰ
ਉਤਾਰਦਿਆਂ ਆਖਿਆ।
-''ਮੈਂ ਤਾਂ ਬਾਈ ਜੀ ਆਸਟਰੀਆ ਤੋਂ ਆਇਐਂ-ਏਜੰਟ ਐਥੇ ਲਾਹ ਗਿਆ-ਨਾ ਕੁਛ ਦੱਸਿਆ, ਨਾ ਕਰਿਆ! ਰਾਤ ਦਾ
ਐਥੇ ਈ ਠੰਢ 'ਚ ਕੁੱਕੜ ਬਣਿਆਂ ਪਿਐਂ-ਇਕ ਗੋਰੀ ਮਿਲੀ ਸੀ-ਵਿਚਾਰੀ ਨਾਲੇ ਤਾਂ ਕੰਬਲ਼ ਦੇ ਗਈ ਤੇ ਨਾਲੇ
ਆਹ ਪੰਜਾਹ ਮਾਰਕਾਂ ਦਾ ਨੋਟ ਫੜਾਗੀ!''
-''ਚੰਗੇ ਇਨਸਾਨਾਂ ਦਾ ਵੀ ਦੁਨੀਆਂ 'ਤੇ ਕਾਲ਼ ਨ੍ਹੀ ਪਿਆ, ਨਿੱਕਿਆ...!''
-''ਇਕ ਮੈਨੂੰ ਆਪਣਾ ਦੇਸੀ ਬੰਦਾ ਵੀ ਕੱਲ੍ਹ ਮਿਲਿਆ ਸੀ-।''
-''ਫੇਰ...?''
-''ਉਹਨੇ ਸਗਾਂ ਦੀ ਪਤੰਦਰ ਨੇ ਮੇਰੇ ਨਾਲ ਗੱਲ ਵੀ ਨ੍ਹੀ ਕੀਤੀ।''
-''ਖ਼ੁਦਗਰਜ਼ ਬੰਦੇ ਵੀ ਜਹਾਨ 'ਤੇ ਬਥੇਰੇ ਫਿਰਦੇ ਐ!''
-''ਦੁਨੀਆਂ ਰੰਗ ਬਿਰੰਗੀ...!''
-''ਤੂੰ ਕਿੱਥੇ ਜਾਣੈਂ...?'' ਉਸ ਨੇ ਪੁੱਛਿਆ।
-''ਜਿੱਥੇ ਕਿਸਮਤ ਲੈਜੂ ਬਾਈ ਜੀ! ਬਾਪੂ ਨੇ ਬਾਹਰ ਭੇਜਿਆ ਸੀ ਬਈ ਮੇਰੀ ਕਬੀਲਦਾਰੀ 'ਚ ਸਹਾਈ
ਹੋਊ-ਹੱਥ ਵਟਾਊ! ਤੇ ਤੁਸੀਂ ਆਪ ਈ ਦੇਖਲੋ, ਕਿਸਮਤ ਦਾ ਮਾਰਿਆ ਕਿਵੇਂ ਫਿਰਦੈਂ!''
-''ਤੂੰ ਜਾਣਾ ਕਿੱਥੇ ਸੀ...?'' ਸਰਦਾਰ ਨੇ ਪੁੱਛਿਆ।
-''ਜਾਣ ਦਾ ਪ੍ਰੋਗਰਾਮ ਤਾਂ ਇੰਗਲੈਂਡ ਦਾ ਸੀ-ਪਰ ਇੰਗਲੈਂਡ ਜਾਣਾ ਕਿਹੜਾ ਲੱਲੋ ਪੱਤੋ ਐ, ਬਾਈ?''
-''ਅਗਲੇ ਪੰਜ ਦੇਸ਼ ਲੰਘ ਕੇ, ਛੇਵਾਂ ਇੰਗਲੈਂਡ ਆਉਂਦੈ!'' ਉਹ ਹੱਸ ਪਿਆ।
-''......।'' ਹਰਦੇਵ ਚੁੱਪ ਹੋ ਗਿਆ।
-''ਤੈਨੂੰ ਇਕ ਰਾਹ ਪਾਂਵਾਂ?'' ਉਸ ਨੇ ਗੰਭੀਰ ਹੁੰਦਿਆਂ ਹਰਦੇਵ ਨੂੰ ਕਿਹਾ।
-''ਪਾਓ ਬਾਈ ਜੀ...।'' ਹਰਦੇਵ ਨੇ ਹੱਥ ਜੋੜ ਕੇ ਤਰਲਾ ਲਿਆ।
-''ਮੇਰਾ ਇਕ ਜਾਣਕਾਰ ਐ ਐਥੇ ਮਿਊਨਿਕ 'ਚ-ਮੈਂ ਉਹਨੂੰ ਫ਼ੋਨ ਕਰ ਦਿੰਨੈਂ-ਤੂੰ ਉਹਦੇ ਕੋਲ ਚਲਿਆ
ਜਾਹ-ਤੈਨੂੰ ਮਾੜੇ ਮੋਟੇ ਕੰਮ 'ਤੇ ਲੁਆ ਦਿਊ-ਬਾਕੀ ਤੇਰੀ ਸਟੇਅ ਸਟੂਅ ਦੀ ਕੋਈ ਭੰਨ ਘੜ੍ਹ ਕਰ
ਦਿਊ-ਸਾਲ ਛੇ ਮਹੀਨੇ ਲਾ ਦੱਬ ਕੇ! ਬਾਕੀ ਰੱਬ ਭਲੀ ਕਰੂ!''
-''ਬਹੁਤ ਬਹੁਤ ਮਿਹਰਬਾਨੀ, ਬਾਈ ਜੀ! ਅੱਜ ਤੁਸੀਂ ਨਾ ਮਿਲ਼ਦੇ ਤਾਂ ਮੈਂ ਤਾਂ ਡੋਲਿਆ ਪਿਆ ਸੀ-ਪਤਾ ਈ
ਨ੍ਹੀ ਸੀ ਲੱਗਦਾ ਕਿੱਥੇ ਜਾਵਾਂ?''
-''ਰੱਬ ਬੜਾ ਬੇਅੰਤ ਐ ਨਿੱਕਿਆ! ਜਿੰਨੀ ਮਰਜੀ ਐ ਬਿਪਤਾ ਆ ਪਵੇ-ਉਸ ਤੋਂ ਕਦੇ ਬੇਮੁਖ ਨਾ ਹੋਵੋ! ਉਹ
ਬੜਾ ਦਿਆਲੂ ਐ-ਆਪੇ ਕੋਈ ਨਾ ਕੋਈ ਰਸਤਾ ਦਿਖਾ ਦਿੰਦੈ-ਜੇ ਉਹ ਇਕ ਰਸਤਾ ਬੰਦ ਕਰਦੈ ਛੋਟਿਆ, ਤਾਂ
ਅਗਲੇ ਦਸ ਰਸਤੇ ਖੋਲ੍ਹ ਵੀ ਦਿੰਦੈ-ਬੱਸ, ਬੰਦਾ ਉਹਦਾ ਸ਼ੁਕਰਾਨਾ ਕਰਦਾ ਅੱਗੇ ਤੁਰਦਾ ਜਾਵੇ-ਉਹ ਮੇਰਾ
ਦਾਤਾ ਜਮਾਂ ਨ੍ਹੀ ਡੋਲਣ ਦਿੰਦਾ-ਪਵਿੱਤਰ ਗੁਰਬਾਣੀ ਫ਼ੁਰਮਾਨ ਕਰਦੀ ਐ: ਡੀਗਣ ਡੋਲਾ ਤਊ ਲਉ ਜਉ ਮਨ ਕੇ
ਭਰਮਾ॥ ਭ੍ਰਮ ਕਾਟੇ ਗੁਰ ਆਪਣੇ ਪਾਇ ਵਿਸਰਾਮਾ॥ ਕੀ ਨਾਂ ਐਂ ਤੇਰਾ?''
-''ਜੀ ਹਰਦੇਵ ਸਿੰਘ...!''
-''ਕਿਹੜਾ ਏਰੀਐ ਪਿੱਛੋਂ...?''
-''ਜੀ ਮੇਰਾ ਜਿਲ੍ਹਾ ਫ਼ਰੀਦਕੋਟ ਐ...।''
-''ਮੇਰਾ ਨਾਂ ਰਣਜੀਤ ਐ-ਪਿੰਡ ਚੱਕ ਤਾਰੇਵਾਲ-ਧਰਮਕੋਟ ਕੋਲ਼ੇ...।'' ਸਰਦਾਰ ਨੇ ਦੱਸਿਆ।
ਉਸ ਨੇ ਆਪਣੇ ਕਿਸੇ ਮਿੱਤਰ ਨੂੰ ਫ਼ੋਨ ਕੀਤਾ। ਰਣਜੀਤ ਸਿੰਘ ਨੇ ਆਪਣੇ ਮਿੱਤਰ ਨੂੰ ਹਰਦੇਵ ਦਾ ਪੂਰਾ
ਵੇਰਵਾ ਦੇ ਦਿੱਤਾ। ਆ ਕੇ ਲੈ ਜਾਣ ਬਾਰੇ ਅਤੇ ਕੰਮ ਕਾਰ ਬਾਰੇ ਬੇਨਤੀ ਭਰੀ ਹਦਾਇਤ ਕਰ ਦਿੱਤੀ ਅਤੇ
ਹਰਦੇਵ ਨਾਲ ਹੱਥ ਮਿਲਾ ਕੇ ਚਲਾ ਗਿਆ। ਜਾਣ ਲੱਗੇ ਨੇ ਸਿਰਫ਼ ਇਤਨਾ ਹੀ ਕਿਹਾ ਸੀ, ''ਕਦੇ ਰੱਬ ਨੇ
ਮੇਲ ਕਰਵਾਏ ਤਾਂ ਜ਼ਰੂਰ ਦਰਸ਼ਣ ਕਰਾਂਗੇ, ਹਰਦੇਵ ਸਿਆਂ!'' ਹਰਦੇਵ ਉਸ ਨੂੰ ਇਹ ਪੁੱਛਣਾ ਭੁੱਲ ਗਿਆ ਸੀ
ਕਿ ਉਹ ਕਿੱਥੇ ਰਹਿੰਦਾ ਸੀ ਅਤੇ ਉਸ ਦਾ ਕੋਈ ਫ਼ੋਨ ਨੰਬਰ ਜਾਂ ਅਤਾ ਪਤਾ ਕੀ ਸੀ? ਜਦ ਹਰਦੇਵ ਨੇ ਉਸ
ਨੂੰ ਪੁੱਛਣ ਲਈ ਆਸੇ ਪਾਸੇ ਦੇਖਿਆ ਤਾਂ ਰਣਜੀਤ ਸਿੰਘ ਗ਼ਾਇਬ ਸੀ। ਪਤਾ ਨਹੀਂ ਉਹ ਕਿਸੇ ਫ਼ਰਿਸ਼ਤੇ ਵਾਂਗ
ਕਿੱਧਰ ਛਿਤਮ ਹੋ ਗਿਆ ਸੀ? ਹਰਦੇਵ ਰਣਜੀਤ ਸਿੰਘ ਨੂੰ ਰੱਬ ਵੱਲੋਂ ਭੇਜਿਆ ਕੋਈ ਮੱਦਦੀ ਦੂਤ ਹੀ ਤਾਂ
ਸਮਝ ਰਿਹਾ ਸੀ।
ਗੁਰੂ ਕ੍ਰਿਪਾ ਨਾਲ ਹਰਦੇਵ ਨੂੰ ਖੜ੍ਹਨ ਨੂੰ ਜਗਾਹ ਮਿਲ ਗਈ ਸੀ। ਬੈਠਣ ਵਾਸਤੇ ਗੁਰੂ ਨੇ ਆਪੇ ਹੀ
ਬਣਾ ਦੇਣੀ ਸੀ।
-''ਲੈ...! ਰੱਬ ਦੇ ਦਿਆਲੂ ਪੁਰਸ਼ਾਂ ਦਾ ਵੀ ਘਾਟਾ ਨਹੀਂ ਦੁਨੀਆਂ 'ਤੇ ਹਰਦੇਵ ਸਿਆਂ..! ਕਿੱਥੇ
ਏਜੰਟਾਂ ਵਰਗੇ ਲਹੂ ਪੀਣੇਂ ਦੈਂਤ..? ਜਿਹੜੇ ਬੰਦੇ ਨੂੰ ਰੋਹੀ ਬੀਆਬਾਨ 'ਚ ਰੁਲ਼ਣ ਲਈ ਛੱਡ ਜਾਂਦੇ ਐ
ਤੇ ਕਿੱਥੇ ਰਣਜੀਤ ਸਿੰਘ ਵਰਗੇ ਰੱਬੀ ਰੂਪ ਲੋਕ..! ਰੱਬਾ ਤੇਰੀ ਵੀ ਲ੍ਹੀਲਾ ਨਿਆਰੀ ਐ...!''
ਦਿਨ ਚੜ੍ਹ ਆਇਆ ਸੀ।
ਬਰਫ਼ ਪੈਣੋਂ ਕੁਝ ਕੁ ਥੰਮ੍ਹ ਗਈ ਸੀ। ਬੱਦਲ਼ ਹਟ ਗਏ ਸਨ ਅਤੇ ਸੂਰਜ ਦੀ ਪਹਿਲੀ ਰਿਸ਼ਮ ਨਾਲ ਹੀ ਠੰਢ
ਹੋਰ ਕੜਾਕਾ ਪਾਉਣ ਲੱਗ ਪਈ ਸੀ। ਹਰਦੇਵ ਠੁਰ-ਠੁਰ ਕਰਦਾ ਵੇਟਿੰਗ-ਰੂਮ ਵਿਚ ਹੀ ਕਿਸੇ ਦੇ ਆਉਣ ਦੀ
ਉਡੀਕ ਕਰ ਰਿਹਾ ਸੀ। ਵੇਟਿੰਗ-ਰੂਮ ਵਿਚ ਬਾਹਵਾ ਗਹਿਮਾਂ ਗਹਿਮੀ ਹੋ ਗਈ ਸੀ। ਉਸ ਨੇ ਵੇਟਿੰਗ-ਰੂਮ
ਵਿਚੋਂ ਬਾਹਰ ਆ ਕੇ ਚੁਫ਼ੇਰੇ ਝਾਤੀ ਮਾਰੀ ਤਾਂ ਪਹਾੜਾਂ 'ਤੇ ਦੂਰ ਤੱਕ ਬਰਫ਼ ਦੀ ਚਿੱਟੀ ਚਾਦਰ ਵਿਛੀ
ਹੋਈ ਸੀ। ਦਰੱਖਤਾਂ 'ਤੇ ਬਰਫ਼ ਰੂੰ ਦੇ ਗੋਹੜਿਆਂ ਵਾਂਗ ਟਿਕੀ ਪਈ ਸੀ। ਕਾਦਰ ਦੀ ਕੁਦਰਤ ਦਾ ਵੀ ਕੀ
ਕਹਿਣਾ? ਦੂਰ ਤੱਕ ਸਵਰਗੀ ਨਜ਼ਾਰਾ ਹੀ ਸੀ! ਹਰਦੇਵ ਕੁਦਰਤ ਦਾ ਹੁਸੀਨ ਚਿਹਰਾ ਤੱਕ ਕੇ ਸ਼ਰਸ਼ਾਰ ਹੋਇਆ
ਖੜ੍ਹਾ ਸੀ।
ਇਤਨੇ ਨੂੰ ਕਿਸੇ ਨੇ ਆ ਕੇ ਹਰਦੇਵ ਦਾ ਮੋਢਾ ਥਾਪੜਿਆ। ਇਕ ਵਧੀਆ ਸਲੀਕੇ ਨਾਲ ਬੰਨ੍ਹੀ ਪੱਗ ਵਾਲਾ
ਸਰਦਾਰ ਖੜ੍ਹਾ ਸੀ। ਦਾਹੜੀ ਬੰਨ੍ਹੀ ਹੋਈ ਅਤੇ ਮੁੱਛਾਂ ਉਸ ਨੇ ਖੂੰਡੇ ਵਾਂਗ ਉਪਰ ਨੂੰ ਚੁੱਕੀਆਂ
ਹੋਈਆਂ ਸਨ। ਪਤਲਾ, ਛਾਂਟਿਆ ਸਰੀਰ ਅਤੇ ਦਰਮਿਆਨੇ ਕੱਦ ਦਾ ਮਾਲਕ ਉਹ ਹਰਦੇਵ ਨੂੰ ਦੇਖ ਕੇ ਮੁਸਕਰਾਈ
ਜਾ ਰਿਹਾ ਸੀ।
-''ਆਪਣਾ ਨਾਂ ਈਂ...?''
-''ਹਰਦੇਵ ਸਿੰਘ...।'' ਹਰਦੇਵ ਨੇ ਉਸ ਦੀ ਗੱਲ ਵੀ ਪੂਰੀ ਨਾ ਹੋਣ ਦਿੱਤੀ।
-''ਮੈਨੂੰ ਰਣਜੀਤ ਭਾਅ ਜੀ ਨੇ ਫ਼ੋਨ ਕੀਤਾ ਸੀ!''
-''ਹਾਂ ਜੀ! ਹਾਂ ਜੀ! ਮੈਂ ਈ ਆਂ! ਮੇਰੇ ਬਾਰੇ ਈ ਫ਼ੋਨ ਕੀਤਾ ਸੀ ਬਾਈ ਜੀ ਨੇ!'' ਹਰਦੇਵ ਨੇ
ਦੱਸਿਆ।
-''ਆ ਜਾਹ ਫੇਰ!'' ਉਹ ਅਗਵਾਈ ਦਿੰਦਾ ਹਰਦੇਵ ਦੇ ਅੱਗੇ ਲੱਗ ਤੁਰਿਆ।
'ਬਾਨਹੋਫ਼' ਤੋਂ ਬਾਹਰ ਆ ਕੇ ਉਹ ਕਾਰ ਵਿਚ ਬੈਠ ਗਏ। ਕਾਰ ਨਿੱਘੀ ਸੀ। ਹਰਦੇਵ ਨੇ ਗੋਰੀ ਵਾਲ਼ਾ ਕੰਬਲ਼
ਲਾਹ ਕੇ ਕਾਰ ਦੀ ਪਿਛਲੀ ਸੀਟ 'ਤੇ ਸੁੱਟ ਦਿੱਤਾ ਅਤੇ ਖੁੱਲ੍ਹ ਕੇ ਬੈਠ ਗਿਆ।
-''ਕੌਣ ਕਹਿੰਦੈ ਬਾਈ ਜੀ, ਬਈ ਰੱਬ ਹੈਨ੍ਹੀ?'' ਹਰਦੇਵ ਨੇ ਅਚਾਨਕ ਕਿਹਾ।
_''ਮੈਂ ਤਾਂ ਨਹੀਂ ਕਿਹਾ ਬਈ ਰੱਬ ਹੈਨ੍ਹੀ!'' ਉਸ ਨੇ ਹੈਰਾਨੀ ਨਾਲ ਉਤਰ ਦਿੱਤਾ।
-''ਮੈਂ ਤੁਹਾਨੂੰ ਨ੍ਹੀ ਕਹਿੰਦਾ ਬਾਈ ਜੀ! ਮੈਂ ਤਾਂ ਊਂਈਂ ਗੱਲ ਕੀਤੀ ਸੀ-ਕੀ ਨਾਂ ਐਂ ਆਪਣਾ?''
-''ਮੇਰਾ ਨਾਂ ਜੁਗਰਾਜ ਸਿੰਘ ਐ-ਊਂ ਲੋਕ ਮੈਨੂੰ ਫ਼ੌਜੀ-ਫ਼ੌਜੀ ਈ ਆਖ ਦਿੰਦੇ ਐ!''
-''ਕਿਹੜਾ ਏਰੀਆ ਐ...?''
-''ਤੂੰ ਏਰੀਏ ਨੂੰ ਛੱਡ ਯਾਰ-ਮੇਰਾ ਪਿੰਡ ਲੋਪੋ ਐ...!''
-''ਅੱਛਾ! ਅੱਛਾ! ਲੋਪੋ-ਬੱਧਨੀ ਕਲਾਂ ਕੋਲੇ...?''
-''ਜਮਾਂ ਈ ਓਥੇ...!'' ਫ਼ੌਜੀ ਹੱਸ ਪਿਆ।
ਫ਼ੌਜੀ ਉਸ ਨੂੰ ਆਪਣੇ ਫ਼ਲੈਟ ਵਿਚ ਲੈ ਗਿਆ। ਦੋ ਕਮਰਿਆਂ ਦਾ ਬੜਾ ਵਧੀਆ ਫ਼ਲੈਟ ਸੀ। ਦੇਖਣ ਪਰਖਣ ਤੋਂ
ਲੱਗਦਾ ਸੀ ਕਿ ਫ਼ੌਜੀ ਵੀ ਇੱਕਲਾ ਹੀ ਰਹਿੰਦਾ ਸੀ।
-''ਕੀ ਖਾਣਾ ਪੀਣੈਂ...?'' ਫ਼ੌਜੀ ਜੁਗਰਾਜ ਨੇ ਫ਼ੌਜੀਆਂ ਵਾਲੀ ਫ਼ੁਰਤੀ ਨਾਲ ਪੁੱਛਿਆ।
-''ਕੁਛ ਹੋਵੇ ਬਾਈ ਜੀ...! ਰਾਤ ਦੇ ਨੇ ਡੱਕਾ ਨ੍ਹੀ ਖਾਧਾ! ਉਹ ਤਾਂ ਜਿਉਂਦੀ ਰਹੇ ਬੁੱਢੀ
ਗੋਰੀ-ਜੀਹਨੇ ਮੈਨੂੰ ਭੁੱਖੇ ਤਿਹਾਏ ਨੂੰ ਕੋਲਾ ਪੀਣ ਨੂੰ ਦਿੱਤਾ! ਰੱਬ ਉਹਨੂੰ ਰਾਜ਼ੀ ਖ਼ੁਸ਼ੀ ਰੱਖੇ!
ਜਿਉਂਦੀ ਵਸਦੀ ਰਹੇ ਵਿਚਾਰੀ...!'' ਹਰਦੇਵ ਦੀਆਂ ਆਂਦਰਾਂ ਅਸੀਸਾਂ ਦੇਈ ਜਾ ਰਹੀਆਂ ਸਨ।
-''ਲੈ ਛਕ ਵੀਰਿਆ! ਮੇਰੇ ਕੋਲ਼ੇ ਤਾਂ ਐਹੋ ਜਿਆ ਕੁਛ ਈ ਮਿਲੂ ਮਿੱਤਰਾ! ਰੋਟੀ ਰਾਟੀ ਮੈਥੋਂ ਨ੍ਹੀ
ਪੱਕਦੀ-ਕਦੇ ਕਦੇ ਐਤਵਾਰ ਨੂੰ ਗੁਰਦੁਆਰੇ ਜਾ ਕੇ ਲੰਗਰ ਛਕ ਆਈਦੈ ਤੇ ਰੋਟੀ ਆਲ਼ੀ ਭਲ਼ ਪੂਰੀ ਹੋ ਜਾਂਦੀ
ਐ-ਕਾਹਨੂੰ ਸਰਦੈ ਬਾਈ ਸਿਆਂ ਰੋਟੀ ਬਿਨਾ ਆਪਣਾ ਪੰਜਾਬੀਆਂ ਦਾ?'' ਫ਼ੌਜੀ ਨੇ ਉਸ ਨੂੰ ਆਂਡੇ ਤੜਕ
ਦਿੱਤੇ। ਟੋਸਟ ਬਰੈੱਡ ਅੱਗੇ ਰੱਖ ਦਿੱਤੀ। ਫ਼ੌਜੀ ਇਨਸਾਨੀਅਤ ਨੂੰ ਪ੍ਰੇਮ ਕਰਨ ਵਾਲਾ ਬੰਦਾ ਸੀ।
'ਗਿੱਦੜਮਾਰ' ਬੰਦਿਆਂ ਨੂੰ ਉਹ ਦਿਲੋਂ ਘ੍ਰਿਣਾਂ ਕਰਦਾ।
-''ਧੰਨ ਐਂ ਬਾਈ ਫ਼ੌਜੀਆ...! ਆਪਾਂ ਨੂੰ ਤਾਂ ਇਹ ਹੀ ਛੱਤੀ ਪਦਾਰਥ ਐ!'' ਭੁੱਖਾ ਹਰਦੇਵ ਖਾਣੇ ਨੂੰ
ਟੁੱਟ ਕੇ ਪੈ ਗਿਆ। ਫ਼ੌਜੀ ਦੇ ਮਨ ਨੂੰ ਕੁਝ ਤਸੱਲੀ ਮਹਿਸੂਸ ਹੋਈ। ਭੁੱਖੇ ਦਾ ਮੂੰਹ ਗੁਰੂ ਦੀ ਗੋਲਕ।
ਹਰਦੇਵ ਨੂੰ ਖਾਣਾ ਖੁਆ ਕੇ ਉਸ ਨੇ ਭਾਂਡੇ ਚੁੱਕ ਲਏ।
-''ਤੂੰ ਹਰਦੇਵ ਸਿਆਂ ਅੱਜ ਇਉਂ ਕਰ! ਅੱਜ ਕਰ ਅਰਾਮ! ਤੇ ਕੱਲ੍ਹ ਨੂੰ ਤੇਰਾ ਕੋਈ ਨਾ ਕੋਈ ਬੰਨ੍ਹ
ਸੁੱਬ ਕਰਾਂਗੇ-ਮੈਂ ਚੱਲਿਐਂ ਹੁਣ ਕੰਮ 'ਤੇ-ਤੇ ਤੂੰ ਮਾਰ ਲੇਟਾ...!'' ਫ਼ੌਜੀ ਨੇ ਆਖਿਆ।
-''ਤੂੰ ਬਾਈ ਫ਼ੌਜੀਆ ਕਿੰਨੇ ਕੁ ਵਜੇ ਆਵੇਂਗਾ...?''
-''ਮੈਂ ਆਜੂੰ ਕੋਈ ਪੰਜ ਕੁ ਵਜੇ ਦੇ ਏੜ ਗੇੜ! ਤੂੰ ਘਰੇ ਈ ਰਹੀਂ ਕਿਤੇ ਜਾਈਂ ਨਾ!''
-''ਮੈਂ ਤਾਂ ਬਾਈ ਕਿੱਥੇ ਜਾਣੈਂ-!''
-''ਚਾਹ ਚੂਹ ਦਾ ਸਮਾਨ ਕਿਚਨ 'ਚ ਪਿਐ-ਜੇ ਲੋੜ ਪਈ ਤਾਂ ਬਣਾ ਲਈਂ-ਹੀਟਰ ਬੰਦ ਕਰਨਾ ਨਾ ਭੁੱਲੀਂ!''
-''ਚੰਗਾ ਬਾਈ...!''
ਫ਼ੌਜੀ ਆਪਣਾ ਸੰਦ ਵਲੇਂਵਾਂ ਲੈ ਕੇ ਕੰਮ 'ਤੇ ਚਲਾ ਗਿਆ।
ਹਰਦੇਵ ਫ਼ੌਜੀ ਵਾਲੇ ਬੈੱਡ 'ਤੇ ਹੀ ਕੰਬਲ਼ ਲੈ ਕੇ ਪੈ ਗਿਆ।
ਦੋ ਰਾਤਾਂ ਦਾ ਅਨੀਂਦਰਾ ਹੋਰਣ ਕਾਰਨ, ਪੈਣ ਸਾਰ ਹੀ ਉਸ ਨੂੰ ਨੀਂਦ ਨੇ ਦੱਬ ਲਿਆ।