ਨਾਵਲ
ਹਾਜੀ ਲੋਕ ਮੱਕੇ ਵੱਲ ਜਾਂਦੇ
ਸ਼ਿਵਚਰਨ
ਜੱਗੀ ਕੁੱਸਾ
ਕਾਂਡ 17

......ਹੁਣ ਹਰਦੇਵ ਕਿੰਨੇ ਜੁੱਗੜਿਆਂ ਬਾਅਦ ਪਿੰਡ ਆਇਆ ਸੀ। ਬੇਬੇ ਮਰਨ ਤੋਂ ਬਾਅਦ ਜਦ ਉਹ ਵਾਪਸ
ਗਿਆ ਸੀ। ਤਾਂ ਉਸ ਨੇ ਮਨ ਵਿਚ ਇਹ ਹੀ ਧਾਰਿਆ ਸੀ ਕਿ ਉਹ ਇੰਗਲੈਂਡ ਦੀ ਧਰਤੀ 'ਤੇ ਨਹੀਂ ਰਹੇਗਾ ਅਤੇ
ਨਾ ਹੀ ਹੋਰ ਵਿਆਹ ਕਰਵਾਵੇਗਾ! ਉਸ ਨੇ ਮਕਾਨ ਦੀਆਂ ਸਾਰੀਆਂ ਕਿਸ਼ਤਾਂ ਲਾਹ ਕੇ ਦੋ ਮਕਾਨ ਹੋਰ ਲੈ ਲਏ
ਸਨ ਅਤੇ 'ਹੋਮ-ਸੀਕਰਜ਼' ਵਾਲ਼ਿਆਂ ਨੂੰ ਕਿਰਾਏ 'ਤੇ ਦੇ ਰੱਖੇ ਸਨ। ਉਸ ਦੀ ਹੁਣ ਸਿਰਫ਼ ਇਹ ਹੀ ਖ਼ਾਹਿਸ਼
ਸੀ ਕਿ ਉਹ ਛੇ ਮਹੀਨੇ ਜਾਂ ਸਾਲ ਬਾਅਦ ਇੰਗਲੈਂਡ ਗੇੜਾ ਮਾਰਿਆ ਕਰੇਗਾ ਅਤੇ ਕਿਰਾਇਆ ਬਗੈਰਾ ਵਸੂਲ
ਕਰਕੇ, ਦੋ ਤਿੰਨ ਮਹੀਨੇ ਗਰਮੀਆਂ ਦੇ ਕੱਢ ਕੇ ਫਿਰ ਆਪਣੇ ਦੇਸ਼ ਪਰਤ ਆਇਆ ਕਰੇਗਾ। ਹੁਣ ਉਸ ਨੂੰ ਨਾ
ਕਦੇ ਮੀਤੀ ਦੀ ਯਾਦ ਆਉਂਦੀ ਸੀ ਅਤੇ ਨਾ ਹੀ ਦੀਪ ਦੀ! ਉਹ ਸਿਰਫ਼ ਇਕੱਲਾ ਹੀ ਰਹਿਣਾ ਚਾਹੁੰਦਾ ਸੀ!
ਜੰਗੀ ਜੀਵਨ ਤੋਂ ਉਸ ਦਾ ਮਨ ਉਚਾਟ ਹੋ ਗਿਆ ਸੀ। ਹੁਣ ਉਹ ਸ਼ਾਂਤਮਈ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਸੀ।
ਉਹ ਇਸ ਗੱਲੋਂ ਹੈਰਾਨ ਸੀ ਕਿ ਦੋ ਦਿਨ ਹੋ ਗਏ ਸਨ, ਉਸ ਨੂੰ ਪਿੰਡ ਆਇਆਂ। ਪਰ ਉਸ ਦੇ ਛੋਟੇ ਭਰਾ
ਸੁਖਦੇਵ ਨੇ ਗੇੜਾ ਨਹੀਂ ਮਾਰਿਆ ਸੀ? ਉਸ ਦਾ ਪਤਾ ਵੀ ਨਹੀਂ ਲਿਆ ਸੀ? ਚਾਹ ਪੀਣ ਸਾਰ ਹੀ ਉਹ ਸੁਖਦੇਵ
ਦੇ ਖੇਤਾਂ ਵੱਲ ਨੂੰ ਹੋ ਤੁਰਿਆ।
ਜਦੋਂ ਉਸ ਨੇ ਸੁਖਦੇਵ ਦਾ ਖੇਤ ਦੇਖਿਆ ਤਾਂ ਲਹਿਰਾਂ ਬਹਿਰਾਂ ਹੋਈਆਂ ਪਈਆਂ ਸਨ। ਉਸ ਦਾ ਮਨ ਖ਼ੁਸ਼ ਹੋ
ਗਿਆ।
-''ਸਾਸਰੀਕਾਲ ਬਾਈ ਜੀ...!'' ਕਿਸੇ ਨੇ ਉਸ ਨੂੰ ਬੁਲਾਇਆ। ਪਿੱਛੇ ਸੁਖਦੇਵ ਖੜ੍ਹਾ ਸੀ। ਸੁਖਦੇਵ ਦੀ
ਦਾਹੜੀ ਵਿਚੋਂ ਬੱਗੋਂ ਦੀ ਭਾਅ ਮਾਰ ਰਹੀ ਸੀ। ਉਸ ਨੇ ਛੋਟੇ ਭਰਾ ਨੂੰ ਗਲਵਕੜੀ ਵਿਚ ਲੈ ਲਿਆ। ਦੋਨਾਂ
ਦੀਆਂ ਅੱਖਾਂ ਨਮ ਹੋ ਗਈਆਂ। ਆਪਣਾ ਖ਼ੂਨ ਉਬਲ਼ ਪਿਆ ਸੀ। ਸਾਰੇ ਗ਼ਿਲੇ ਸ਼ਿਕਵੇ ਖ਼ਤਮ ਹੋ ਗਏ ਸਨ। ਸੁਖਦੇਵ
ਉਸ ਨੂੰ ਘਰ ਲੈ ਗਿਆ। ਛੋਟੀ ਭਰਜਾਈ ਨੇ ਜੇਠ ਦਾ ਅਦਬ ਕੀਤਾ। ਪੈਰੀਂ ਹੱਥ ਲਾਏ। ਚਾਹ ਪਾਣੀ ਪੀਤਾ
ਗਿਆ। ਹਰਦੇਵ ਉਠ ਕੇ ਵਿਹੜੇ ਵੱਲ ਦੇਖਣ ਲੱਗ ਪਿਆ।
-''ਕੀ ਦੇਖਦੈਂ ਬਾਈ...?'' ਸੁਖਦੇਵ ਨੇ ਉਸ ਨੂੰ ਵਿਅੰਗ ਜਿਹੇ ਨਾਲ਼ ਪੁੱਛਿਆ।
-''ਮੈਨੂੰ ਲੱਗਦੈ...? ਬਈ ਜਿਹੜੀ ਗੱਲ ਮੈਂ ਤੈਨੂੰ ਆਖ ਕੇ ਗਿਆ ਸੀ-ਉਹਦੇ 'ਤੇ ਤੂੰ ਕੋਈ ਗੌਰ ਨ੍ਹੀ
ਕੀਤਾ!''
-''ਕੀਤਾ ਕਿਉਂ ਨ੍ਹੀ ਬਾਈ...? ਮੈਂ ਚੱਕਤੇ ਫ਼ੱਟੇ! ਉੜਾਤੇ ਪੱਚਰੇ!''
-''ਫੇਰ ਵਿਹੜਾ ਸੁੰਨਾਂ ਸੁੰਨਾਂ ਕਿਉਂ ਲੱਗਦੈ?''
-''ਤੇਰੇ ਸੁੱਖ ਨਾਲ਼ ਦੋ ਭਤੀਜੇ ਐ-ਦੋਨੋਂ ਈ ਨਾਨਕੀਂ ਪੜ੍ਹਦੇ ਐ...! ਐਥੇ ਪਿੰਡਾਂ 'ਚ ਸਕੂਲਾਂ ਦਾ
ਬਾਈ ਤੈਨੂੰ ਪਤਾ ਈ ਐ? ਮਾਸਟਰ ਘੱਟ ਵੱਧ ਈ ਪੜ੍ਹਾਉਂਦੇ ਐ-ਇਸ ਕਰਕੇ ਨਾਨਕੀਂ ਪੜ੍ਹਨ ਲਾ ਦਿੱਤੇ!''
-''ਕਿੰਨਵੀਂ 'ਚ ਪੜ੍ਹਦੇ ਐ...?'' ਹਰਦੇਵ ਦੁੱਗਣਾ ਹੋ ਗਿਆ।
-''ਇਕ ਨੇ ਦਸਵੀਂ ਕਰ ਲਈ-ਕਾਲਜ 'ਚ ਪੜ੍ਹਦੈ! ਤੇ ਦੂਜਾ ਅੱਜ ਕੱਲ੍ਹ 'ਚ ਦਸਵੀਂ ਕਰਜੂ!''
-''ਵਾਹ ਜੀ ਵਾਹ...! ਤੂੰ ਕੀਤੀ ਐ ਮੇਰੇ ਦਿਲ ਦੀ ਗੱਲ ਪੂਰੀ-ਤੂੰ ਇਉਂ ਕਰ! ਤੂੰ ਹੁਣ ਜਾਹ ਤੇ
ਮੈਨੂੰ 'ਕੱਲੀ ਭਰਜਾਈ ਨਾਲ਼ ਗੱਲ ਕਰਨ ਦੇ।'' ਉਸ ਦਾ ਸੇਰ ਖ਼ੂਨ ਵਧ ਗਿਆ ਸੀ।
-''ਦੇਖੀਂ ਬਾਈ...! ਕਿਤੇ ਮੇਰੀ ਖੇਡ ਜੀ ਵੀ ਖਰਾਬ ਕਰਦੇਂ?''
-''ਮੈਂ ਦੋ ਮਾਰੂੰ ਟੋਟਣ 'ਚ! ਵਗ ਜਾਹ ਏਥੋਂ...!''
-''ਚੰਗਾ ਬਈ...! ਸਾਡਾ ਜੇਠ ਭਰਜਾਈ ਮੂਹਰੇ ਕੀ ਜੋਰ...? ਸਾਡਾ ਕਿਹੜਾ ਜੋਰ ਮਾਮੀਏਂ? ਉਏ ਆ ਜਾਹ
ਉਰ੍ਹੇ, ਕੰਜਰ ਦੀਏ...! ਨਹੀਂ ਤਾਂ ਵੱਡਾ ਬਾਈ ਭੂਸਰ ਜੂ! ਸੁਣ ਲੈ ਆ ਕੇ ਇਹਦੀ ਗੱਲ! ਪਰ ਬਚ ਕੇ
ਰਹੀਂ...! ਜਿਵੇਂ ਗਾਉਣ ਆਲ਼ੇ ਗਾਉਂਦੇ ਹੁੰਦੇ ਐ: ਰਹੀਂ ਬਚ ਕੇ ਹਾਨਣੇਂ-ਹੋਰ ਨਾ ਚੜ੍ਹਾ ਦੇਵੀਂ ਕੋਈ
ਚੰਦ ਨ੍ਹੀ...! ਚੇਤੇ ਰੱਖੀਂ, ਜੇਠ ਅੱਗੋਂ ਤੇ ਬੋਤਾ ਪਿੱਛੋਂ ਧਾਰ ਮਾਰਦੇ ਐ!''
-''ਉਏ ਤੂੰ ਹਟਦਾ ਨ੍ਹੀ ਬਕਵਾਸ ਕਰਨੋ? ਹੁਣ ਮੇਰੀ ਕੋਈ ਉਮਰ ਐ...? ਨਾ ਬੇਸ਼ਰਮੀਂ ਦੇਹ ਬਾਈ ਨੂੰ!''
-''ਬਾਈ, ਬੰਦਾ ਤੇ ਘੋੜਾ ਕਦੇ ਬੁੱਢੇ ਨ੍ਹੀ ਹੁੰਦੇ! ਖ਼ੁਰਾਕਾਂ ਮਿਲਣੀਆਂ ਚਾਹੀਦੀਐਂ! ਨਾਲ਼ੇ ਪੁਰਾਣੀ
ਨਸਲ ਰੱਖਣ ਲਈ ਤਾਂ ਅਗਲੇ ਘੋੜ੍ਹੀ ਸੌ ਕੋਹ ਤੋਂ ਨਵੇਂ ਦੁੱਧ ਕਰਵਾ ਕੇ ਲਿਆਉਂਦੇ ਐ!''
-''ਖੜ੍ਹਜਾ, ਤੇਰੀ ਕੁੱਤੇ ਦੀ...! ਟਿੱਚਰਾਂ ਕਰਨ ਲੱਗਿਆ ਅੱਗਾ ਪਿੱਛਾ ਵੀ ਨ੍ਹੀ ਦੇਖਦਾ, ਬੇਸ਼ਰਮ
ਬੰਦਾ! ਆ ਜਾਹ ਭਰਜਾਈ-ਆ ਜਾਹ! ਤੂੰ ਤਾਂ ਮੇਰੇ ਬੱਚਿਆਂ ਅਰਗੀ ਐਂ! ਇਹ ਤਾਂ ਐਵੇਂ ਭੌਂਕੀ ਜਾਂਦੈ,
ਚੌਰਾ...!''
ਭਰਜਾਈ ਵੀ ਸੀਲ ਕੁੱਕੜ ਵਾਂਗ ਕੋਲ਼ ਆ ਕੇ ਬੈਠ ਗਈ।
-''ਗੱਲ ਭਰਜਾਈ ਜੀ ਇਹ ਐ! ਬਈ ਮੇਰੇ ਹਾਲਾਤਾਂ ਬਾਰੇ ਤਾਂ ਤੈਨੂੰ ਪਤਾ ਈ ਐ? ਨਾ ਮੇਰੇ ਕੋਈ ਰੰਨ-ਤੇ
ਨਾ ਕੰਨ!''
-''ਕਿਹੜੀ ਗੱਲ ਕਰਤੀ ਭਾਈ ਜੀ, ਤੁਸੀਂ? ਆਹ ਸਾਰਾ ਕੁਛ ਥੋਡਾ ਈ ਐ!'' ਉਸ ਨੇ ਰਵਾਇਤੀ ਜਿਹੀ ਗੱਲ
ਕਰ ਦਿੱਤੀ। ਉਹ ਸੁਭਾਅ ਦੀ ਸਿੱਧੀ ਜਿਹੀ ਔਰਤ ਸੀ।
-''ਹੈ ਤਾਂ ਸਾਰਾ ਕੁਛ ਮੇਰਾ...! ਮੇਰਾ ਤੇ ਸੁਖਦੇਵ ਦਾ ਕੁਛ ਵੰਡਿਆ ਨ੍ਹੀ! ਪਰ ਇਕ ਗੱਲ ਕਹਿਣ
ਲੱਗਿਐਂ-ਤੁਸੀਂ ਮਾੜੇ ਜੇ ਕਰੜੇ ਹੋਜੋ!''
-''ਬੋਲੋ ਭਾਈ ਜੀ...? ਥੋਡੀ ਖਾਤਰ ਤਾਂ ਸਾਡੀ ਜਾਨ ਵੀ ਹਾਜਰ ਐ!''
-''ਉਏ ਗੱਲ ਬੋਚ ਕੇ ਮੂੰਹ 'ਚੋਂ ਕੱਢੀਦੀ ਐ! ਫੇਰ ਵੀ ਤੇਰਾ ਜੇਠ ਐ! ਜੇਠ ਤੇ ਬਿੱਲੇ 'ਤੇ ਕਦੇ
ਇਤਬਾਰ ਨਾ ਕਰੀਏ! ਇਹ ਖਾਂਦੇ ਘੱਟ ਡੋਲ੍ਹਦੇ ਜਿਆਦੇ ਐ! ਸਿਆਣੇ ਦਾ ਕਿਹਾ ਤੇ ਔਲ਼ੇ ਦਾ ਖਾਧਾ-ਬਾਅਦ
'ਚ ਪਤਾ ਲੱਗਦੈ!'' ਅੰਦਰੋਂ ਸੁਖਦੇਵ ਬੋਲਿਆ।
-''ਉਏ ਕੁੱਤਿਆ...! ਤੂੰ ਸਾਡੀਆਂ ਗੱਲਾਂ ਸੁਣੀਂ ਜਾਨੈਂ, ਉਏ?''
-''ਬਾਈ ਜੀ ਗਲਤੀ ਹੋਗੀ...! ਮੁਆਫ਼ ਕਰ ਦਿਓ! ਮੈਂ ਤਾਂ ਬੱਸ ਆਬਦੇ ਘਰਾਂਆਲੀ ਨੂੰ ਮੱਤ ਈ ਦਿੰਦਾ
ਸੀ-ਬਈ ਕਿਤੇ ਜੇਠ ਭਰਜਾਈ ਦੀ ਰਜਿਸਟਰੀ ਨਾ ਕਰਾ ਕੇ ਲੈਜੇ!''
-''ਭਰਜਾਈ...! ਤੂੰ ਇਹਨੂੰ ਭੌਂਕੀ ਜਾਣਦੇ! ਮੇਰੀ ਗੱਲ ਸੁਣ ਧਿਆਨ ਨਾਲ਼!''
-''ਹਾਂ ਜੀ...!''
-''ਲੈ ਬਈ ਹੁਣ ਨਾ ਬੋਲੀਂ...! ਨਹੀਂ ਜੁੱਤੀ ਸਿਰ 'ਚ ਆਊ! ਭਰਜਾਈ, ਇਹਨੂੰ ਛਿੱਤਰ ਖਾਣ ਦੀ
ਪੁਰਾਣੀਂ ਬਾਣ ਐਂ!''
-''ਨਹੀਂ ਬੋਲਦਾ ਜੀ...! ਮਾੜੀ ਬਾਣ ਐਂ!''
-''ਗੱਲ ਭਰਜਾਈ ਇਹ ਐ! ਬਈ ਜਿਹੜੇ ਪੁੱਤ ਨੇ ਦਸਵੀਂ ਕਰ ਲਈ ਐ-ਉਹਨੂੰ ਮੈਂ ਅਡੌਪਟ ਕਰ ਕੇ ਇੰਗਲੈਂਡ
ਲੈ ਜਾਨੈਂ-ਆਪੇ ਉਥੇ ਮੇਰੇ ਖਰਚੇ 'ਤੇ ਪੜ੍ਹੀ ਜਾਊ! ਤੈਨੂੰ ਮਨਜ਼ੂਰ ਐ...?''
-''ਕੀ ਕਰਕੇ ਜੀ...?'' ਭਰਜਾਈ ਦੇ 'ਅਡੌਪਟ' ਸ਼ਬਦ ਜਹਾਜ ਵਾਂਗ ਸਿਰ ਤੋਂ ਦੀ ਲੰਘ ਗਿਆ ਸੀ।
-''ਮੇਰਾ ਮਤਲਬ ਗੋਦ ਲੈ ਕੇ...! ਪੁੱਤ ਤਾਂ ਉਹਨੇ ਥੋਡਾ ਈ ਰਹਿਣੈਂ! ਪਰ ਇੰਗਲੈਂਡ 'ਚ ਪੜ੍ਹ ਕੇ
ਉਹਦੀ ਜ਼ਿੰਦਗੀ ਬਣ ਜਾਊ!''
-''ਸਾਡਾ ਪੁੱਤ ਕਾਹਤੋਂ ਰਹਿਣੈਂ ਜੀ? ਥੋਡਾ ਕਿਤੇ ਕੁਛ ਲੱਗਦਾ ਨ੍ਹੀ...? ਤੁਸੀਂ ਆਬਦੇ ਆਲ਼ੇ ਭਰਾ
ਨਾਲ਼ ਗੱਲ ਕਰ ਲਵੋ! ਮੈਨੂੰ ਕੋਈ ਇਤਰਾਜ਼ ਨਹੀਂ!''
-''ਉਏ ਇਹਤੋਂ ਗਰੜਪੌਂਕ ਤੋਂ ਕੀ ਪੁੱਛਣੈਂ? ਇਹਨੂੰ ਤਾਂ ਮੈਂ ਕੁੱਟਦਾ ਰਿਹੈਂ! ਬੱਸ ਤੇਰੀ ਹਾਂ
ਚਾਹੀਦੀ ਐ!''
-''ਇਹ ਹਾਂ ਤਾਂ ਹੋਜੂ! ਪਰ ਹੋਰ ਕਾਸੇ ਨੂੰ ਹਾਂ ਨਾ ਕਰਵਾਉਣ ਲੱਗਪੇ?''
-''ਠਹਿਰ ਜਾਹ...! ਤੂੰ ਮੇਰੇ ਬੁੜ੍ਹੇ ਦੀ ਵੀ ਲਿਹਾਜ ਨ੍ਹੀ ਕਰਦਾ, ਪੋਪਲ਼ਾ?'' ਉਸ ਨੇ ਜੁੱਤੀ ਲਾਹ
ਲਈ।
-''ਮੈਂ ਤਾਂ ਬਾਈ ਜੀ ਹੱਸਦਾ ਸੀ! ਜਿਵੇਂ ਤੇਰੀ ਮਰਜੀ ਐ-ਉਵੇਂ ਈ ਹੋਊ...! ਸਾਨੂੰ ਪੁੱਛਣ ਦੀ ਜਮਾਂ
ਜ਼ਰੂਰਤ ਨ੍ਹੀ! ਜਿਵੇਂ ਤੇਰੀ ਮਰਜ਼ੀ ਐ-ਪੰਜ ਕਰ ਪੰਜਾਹ ਕਰ! ਦੋਵੇਂ ਪੁੱਤ ਤੇਰੇ ਐ-ਜਿਹੜੇ 'ਤੇ ਮਰਜੀ
ਐ ਹੱਥ ਧਰਦੇ!''
ਹਰਦੇਵ ਬੇਫ਼ਿਕਰ ਹੋ ਗਿਆ।
-''ਚੰਗਾ! ਜਿੱਦੇਂ ਉਹਨੂੰ ਛੁੱਟੀ ਹੋਈ-ਉਹਨੂੰ ਬੁਲਾ ਕੇ ਮੇਰੇ ਕੋਲ਼ੇ ਭੇਜੀਂ! ਕਾਗਜ ਪੱਤਰ ਤਿਆਰ
ਕਰੀਏ!''
ਉਹ ਰੋਟੀ ਖਾ ਕੇ ਘਰੇ ਆ ਗਿਆ। ਰੋਟੀ ਖਾ ਕੇ ਸੁਸਤੀ ਪੈ ਗਈ ਸੀ। ਉਹ ਮੰਜੇ 'ਤੇ ਲੇਟ ਗਿਆ।
ਸ਼ਾਮ ਨੂੰ ਕਿਸੇ ਤਿੱਖੀ ਜਿਹੀ ਅਵਾਜ਼ ਨੇ ਹਰਦੇਵ ਦੀ ਅੱਖ ਖੋਲ੍ਹੀ। ਉਹ ਇਕ ਤਰ੍ਹਾਂ ਨਾਲ਼ ਘੋੜੇ ਵੇਚ
ਕੇ ਸੁੱਤਾ ਹੋਇਆ ਸੀ। ਸਾਰੇ ਸੰਸੇ ਨਵਿਰਤ ਹੋ ਗਏ ਸਨ। ਹੁਣ ਉਹ ਇਕ ਤਰ੍ਹਾਂ ਨਾਲ਼ ਅਜ਼ਾਦ ਸੀ।
-''ਵੇ ਮੈਖਿਆ ਦੇਵ ਘਰੇ ਈ ਐਂ...?'' ਅਵਾਜ਼ ਫਿਰ ਆਈ।
-''......।'' ਉਹ ਦੁਬਿਧਾ ਜਿਹੀ ਵਿਚ ਪੈ ਗਿਆ। ਇਹ 'ਦੇਵ' ਆਖਣ ਵਾਲ਼ੀ ਕੌਣ ਹੋਈ? 'ਦੇਵ' ਉਸ ਨੂੰ
ਕਿਸੇ ਨੇ ਜੁੱਗੜਿਆਂ ਬਾਅਦ ਆਖਿਆ ਸੀ! ਉਹ ਜਾਗੋ-ਮੀਟੀ ਜਿਹੀ ਵਿਚ ਉਠ ਕੇ ਬੈਠ ਗਿਆ।
-''ਵੇ ਬੋਲਦਾ ਈ ਨ੍ਹੀ...? ਕਿੰਨੀਆਂ ਹਾਕਾਂ ਮਾਰੀਐਂ ਮੈਂ?'' ਇਕ ਅੱਧਖੜ੍ਹ ਜਿਹੀ ਔਰਤ ਅੰਦਰ
ਆਉਂਦੀ ਬੋਲੀ। ਨੈਣ ਨਕਸ਼ ਚਾਹੇ ਮੁਰਝਾ ਚੱਲੇ ਸਨ। ਪਰ ਜੁਆਨੀ ਵਾਲ਼ਾ ਸੁਹੱਪਣ ਅਜੇ ਵੀ ਪਰਦੇ ਪਿੱਛੋਂ
ਗਵਾਹੀ ਭਰਦਾ ਸੀ। ਚਾਹੇ ਮਾਸ ਢਿਲ਼ਕ ਚੱਲਿਆ ਸੀ। ਪਰ ਸੰਧੂਰੀ ਗੱਲ੍ਹਾਂ ਅਜੇ ਵੀ ਨਿਰਲੇਪ ਭਾਅ
ਮਾਰਦੀਆਂ ਸਨ। ਜੁਆਨੀ ਵਾਲ਼ੀ ਤੋਰ ਵਿਚ ਅਜੇ ਵੀ ਮੋਰ ਪੈਹਲ ਪਾਉਂਦਾ ਸੀ। ਚਾਹੇ ਜੋਬਨ ਜਾਣ ਲਈ
ਦਰਵਾਜੇ 'ਤੇ ਖੜ੍ਹਾ ਸੀ। ਪਰ ਮੜਕ ਆਪਣੀ ਰੰਗਤਾ ਅਜੇ ਵੀ ਦਰਸਾ ਰਹੀ ਸੀ। ਉਸ ਨੂੰ ਦੇਖਣ ਪਰਖਣ ਤੋਂ
ਲੱਗਦਾ ਸੀ ਕਿ ਜੁਆਨੀ ਵੇਲੇ ਉਸ ਦਾ ਨਖਰਾ ਦੁਹਾਈ ਸੀ। ਪਰ ਉਹ ਹਰਦੇਵ ਦੀ ਪਛਾਣ 'ਚ ਨਹੀਂ ਆ ਰਹੀ
ਸੀ!
-''ਵੇ ਪਛਾਣਿਆਂ ਨ੍ਹੀ? ਮੈਂ ਪ੍ਰੀਤੋ ਐਂ, ਪ੍ਰੀਤੋ! ਬੰਤ ਸਿਉਂ ਕੀ...!'' ਉਸ ਨੇ ਦੱਸਿਆ।
-''ਅੱਛਾ...! ਪ੍ਰੀਤੋ...? ਉਹ ਹਾਂ...! ਪ੍ਰੀਤੋ ਮਾਫ਼ ਈ ਕਰੀਂ ਬਈ ਮੈਨੂੰ...! ਮੈਂ ਤੈਨੂੰ ਸੱਚੀਂ
ਨ੍ਹੀ ਪਛਾਣਿਆਂ!''
-''ਵੇ ਦੇਵ...! ਪਛਾਣੇਂ ਵੀ ਕਿਵੇਂ? ਮੁੱਦਤਾਂ ਤਾਂ ਹੋਗੀਆਂ ਆਪਾਂ ਨੂੰ ਦੇਖਿਆਂ ਨੂੰ! ਜੇ ਤੂੰ
ਆਉਂਦਾ ਸੀ-ਮੈਂ ਨ੍ਹੀ ਸੀ ਐਥੇ ਹੁੰਦੀ-ਜਦੋਂ ਮੈਂ ਆਉਂਦੀ ਸੀ-ਓਦੋਂ ਨੂੰ ਤੂੰ ਵਗ ਜਾਂਦਾ ਸੀ-ਮੈਨੂੰ
ਤਾਂ ਆਂਢ ਗੁਆਂਢ ਆਲ਼ੇ ਇਉਂ ਈ ਦੱਸਦੇ ਸੀ-ਬਈ ਦੇਵ ਆਇਆ ਸੀ ਤੇ ਚਲਿਆ ਗਿਆ! ਵੇ ਦੇਵ, ਸਹੁੰ ਵੱਡੇ
ਮਹਾਰਾਜ ਦੀ! ਤੈਨੂੰ ਮਿਲਣ ਨੂੰ ਬਾਹਲ਼ਾ ਈ ਦਿਲ ਕਰਦਾ ਸੀ! ਤੇਰੇ ਨਾਲ਼ ਗੱਲਾਂ ਕਰਨ ਨੂੰ ਤਾਂ ਮੇਰਾ
ਮਨ ਮੱਚਿਆ ਪਿਆ ਸੀ, ਸੱਚ ਜਾਣੀਂ!'' ਉਸ ਦਾ ਮਨ ਭਰ ਆਇਆ ਅਤੇ ਕੋਸੇ ਕੋਸੇ ਹੰਝੂ ਮੋਤੀਆਂ ਵਾਂਗ
ਗੱਲ੍ਹਾਂ 'ਤੇ ਕਿਰਨ ਲੱਗ ਪਏ।
-''ਪ੍ਰੀਤੋ...! ਰੋ ਨਾ! ਮੇਰਾ ਮਨ ਵੀ ਖਰਾਬ ਹੁੰਦੈ! ਤੇਰੀ ਸਾਰੀ ਘਾਣੀਂ ਦਾ ਈ ਮੈਨੂੰ ਪਤੈ!
ਜਿੰਨਾ ਕਹਿਰ ਤੇਰੇ 'ਤੇ ਬੀਤਿਐ-ਉਸ ਤੋਂ ਕਿਤੇ ਜਿਆਦਾ ਸੰਤਾਪ ਮੈਂ ਭੋਗਿਐ! ਸੱਚ ਮੰਨੀਂ, ਮੈਂ
ਤੈਨੂੰ ਐਤਕੀਂ ਜਰੂਰ ਮਿਲਣਾ ਆਉਣਾ ਸੀ-ਚਾਹੇ ਮੈਨੂੰ ਤੇਰੇ ਸਹੁਰੀਂ ਕਿਉਂ ਨਾ ਆਉਣਾ ਪੈਂਦਾ!''
-''ਵੇ ਕਾਹਦੇ ਸਹੁਰੇ ਤੇ ਕਾਹਦੇ ਪੇਕੇ, ਦੇਵ...? ਮੈਂ ਤਾਂ ਸਾਰੇ ਪਾਸਿਆਂ ਤੋਂ ਭੁੱਜੀ ਪਈ ਆਂ!''
ਉਸ ਦੇ ਅੰਦਰਲਾ ਹੜ੍ਹ ਹੋਰ ਉਛਲ਼ ਪਿਆ। ਰੋਂਦੀ ਪ੍ਰੀਤੋ ਦੀ ਹਾਲਤ ਹਰਦੇਵ ਤੋਂ ਜਰੀ ਨਾ ਗਈ।
-''ਸੱਚ ਜਾਣੀਂ! ਸਹੁੰ ਮਹਾਰਾਜ ਦੀ-ਕਦੇ ਕਿਸੇ ਕੋਲ਼ੇ ਅੱਖ 'ਚੋਂ ਹੰਝੂ ਨ੍ਹੀ ਸੀ ਕੇਰਿਆ-ਅੱਜ ਤੈਨੂੰ
ਮਿਲ਼ ਕੇ ਪਤਾ ਨ੍ਹੀ ਇਹ ਨਿਪੁੱਤਾ ਕਿੱਥੋਂ ਨਿਕਲ਼ ਆਇਆ? ਦੇਵ, ਸਾਰੀ ਜਿੰਦੜੀ ਹਾਉਕੇ ਭਰਦੀ ਦੀ ਨਿਕਲ਼
ਗਈ-ਕੋਈ ਦਿਨ ਵੀ ਸੁਖ ਦਾ ਨ੍ਹੀ ਦੇਖਿਆ-ਬੰਦਾ ਸੀ ਆਬਦਾ-ਚਾਹੇ ਸ਼ਰਾਬੀ ਸੀ ਚਾਹੇ ਕਬਾਬੀ ਸੀ-ਉਹ ਵੀ
ਮੁੱਕ ਗਿਆ-ਉਹ ਵੀ ਨ੍ਹੀ ਰਿਹਾ! ਫੇਰ ਰੱਬ ਨੇ ਇਕ ਧੀ ਦਿੱਤੀ-ਇਲਾਜ ਖੁਣੋਂ ਵਿਚਾਰੀ ਉਹ ਤੁਰਗੀ!
ਮੇਰੇ ਤਾਂ ਦੇਵ, ਉਹਦੀ ਭੋਲ਼ੀ ਜੀ ਸੂਰਤ ਸਿਲ਼ਤ ਮਾਂਗੂੰ ਦਿਲ 'ਚ ਵੜੀ ਪਈ ਐ-ਸੱਚ ਜਾਣੀਂ, ਡੁੱਬੜੀ
ਜਮਾਂ ਨ੍ਹੀ ਭੁੱਲਦੀ!'' ਪ੍ਰੀਤੋ ਦੇ ਗ਼ਮ ਦਾ ਉਬਾਲ਼ ਅੱਖਾਂ ਰਸਤੇ ਚੋਈ ਜਾ ਰਿਹਾ ਸੀ।
ਹਰਦੇਵ ਨੇ ਪ੍ਰੀਤੋ ਨੂੰ ਬੜੀ ਗਹੁ ਨਾਲ਼, ਧੁਰ ਤੱਕ ਤੱਕਿਆ। ਅੱਜ ਤੋਂ ਪੱਚੀ ਸਾਲ ਪਹਿਲਾਂ ਵਾਲ਼ੀ
ਪ੍ਰੀਤੋ ਤਾਂ ਉਹ ਖ਼ੈਰ ਨਹੀਂ ਸੀ। ਪਰ ਉਸ ਦੀਆਂ ਅੱਖਾਂ ਜ਼ਰੂਰ 'ਦੇਵ-ਦੇਵ' ਪੁਕਾਰਦੀਆਂ ਸਨ। ਸਰੀਰ
ਥੋੜਾ ਭਾਰੀ ਹੋ ਗਿਆ ਸੀ। ਪਹਿਲਾਂ ਵਾਲ਼ੀ ਮੜਕ ਹੁਣ ਕਿੱਥੇ ਰਹਿਣੀ ਸੀ? ਪਰ ਫਿਰ ਵੀ ਪ੍ਰੀਤੋ ਹਰਦੇਵ
ਨੂੰ ਬੜੀ ਆਪਣੀ-ਆਪਣੀ ਜਿਹੀ ਲੱਗ ਰਹੀ ਸੀ। ਉਦੋਂ ਜੁਆਨੀ ਦਾ ਗੇੜ ਸੀ। ਹੁਣ ਹਰਦੇਵ ਉਸ ਨਾਲ਼ ਖੁੱਲ੍ਹ
ਕੇ ਗੱਲ ਕਰਨ ਤੋਂ ਜਕ ਰਿਹਾ ਸੀ। ਸੰਕੋਚ ਕਰ ਰਿਹਾ ਸੀ। ਪਹਿਲਾ ਪਹਿਲਾ ਪਿਆਰ ਬੰਦਾ ਜ਼ਿੰਦਗੀ ਵਿਚ
ਕਦੇ ਨਹੀਂ ਭੁਲਾ ਸਕਦਾ। ਇਹੀ ਹਾਲਤ ਹਰਦੇਵ ਦੀ ਹੋਈ ਪਈ ਸੀ! ਪ੍ਰੀਤੋ ਦੀ ਅੰਦਰੂਨੀ ਹਾਲਤ ਕੀ ਸੀ?
ਇਹ ਹਰਦੇਵ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ।
-''ਹੁਣ ਸਹੁਰੀਂ ਰਹਿੰਨੀ ਐਂ ਕਿ ਐਥੇ, ਪੇਕੀਂ?'' ਹਰਦੇਵ ਨੇ ਉਸ ਦਾ ਦਿਲ ਫ਼ਰੋਲ਼ਣ ਲਈ ਪੁੱਛ ਹੀ
ਲਿਆ।
-''ਵੇ ਕਾਹਦੇ ਸਹੁਰੇ ਪੇਕੇ ਐ, ਹਰਦੇਵ? ਮੈਂ ਤਾਂ ਹੁਣ ਦੋ ਰੋਟੀਆਂ ਦੀ ਭਾਈਵਾਲ਼ ਐਂ! ਜਿੱਥੇ ਮਿਲ਼
ਜਾਂਦੀਐਂ-ਖਾ ਲੈਨੀਂ ਐਂ-ਮੇਰੀ ਤਾਂ ਫ਼ਕੀਰਾਂ ਆਲ਼ੀ ਹਾਲਤ ਹੋਈ ਪਈ ਐ! ਆਹ ਆਪਣਾ ਸਾਰਾ ਪਿੰਡ ਵੀ
ਸਤਜੁਗੀ ਐ-ਜੀਹਦੇ ਘਰੇ ਮਰਜੀ ਐ, ਜਾ ਵੜਾਂ! ਕਿਸੇ ਨੇ ਕਦੇ ਜਿਉਣ ਜੋਕਰੇ ਨੇ ਮੱਥੇ ਵੱਟ ਨ੍ਹੀ
ਪਾਇਆ-ਚਾਹੇ ਇਹ ਮੇਰਾ ਆਬਦਾ ਅਸਲੀ ਪਿੰਡ ਨ੍ਹੀ-ਪਰ ਫੇਰ ਵੀ ਮੈਨੂੰ ਕਦੇ ਬਿਗਾਨਾ ਪਿੰਡ ਨ੍ਹੀ
ਲੱਗਿਆ-ਸਾਰੇ ਈ ਸਤਜੁਗੀ ਲੋਕ ਵਸਦੇ ਐ ਦੇਵ ਐਸ ਪਿੰਡ 'ਚ ਤਾਂ, ਸੱਚ ਜਾਣੀਂ!''
ਉਹ ਆਥਣ ਤੱਕ ਦੁਖਦੀਆਂ ਸੁਖਦੀਆਂ ਗੱਲਾਂ ਕਰਦੇ ਰਹੇ। ਇਕ ਦੂਜੇ ਦੇ ਦੁੱਖ ਵੰਡਾਉਂਦੇ ਰਹੇ। ਫ਼ੱਟਾਂ
'ਤੇ ਮੱਲ੍ਹਮ ਲਾਉਂਦੇ ਰਹੇ। ਦੋ ਦੁਖਿਆਰੇ ਇਕ ਦੂਜੇ ਲਈ ਹਮਦਰਦ ਹੀ ਤਾਂ ਬਣੇ ਬੈਠੇ ਸਨ। ਹਰਦੇਵ ਕੋਈ
ਗੱਲ ਕਰਨੀ ਚਾਹੁੰਦਾ ਸੀ। ਪਰ ਗੱਲ ਉਸ ਦੇ ਮੂੰਹ 'ਤੇ ਆ ਕੇ ਮਰ ਜਾਂਦੀ ਸੀ।
-''ਪ੍ਰੀਤੋ! ਇਕ ਗੱਲ ਦੀ ਸਮਝ ਨ੍ਹੀ ਆਉਂਦੀ।'' ਹਰਦੇਵ ਬੋਲਿਆ।
-''ਕਿਹੜੀ ਦੀ...?''
-''ਬਈ ਦੁਨੀਆਂ ਐਨੀ ਬੇਕਿਰਕ ਕਿਉਂ ਐਂ?''
-''ਵੇ ਦੇਵ! ਇਹ ਤਾਂ ਰੱਬ ਜਾਣੇ...! ਪਤਾ ਨ੍ਹੀ ਬੰਦਾ ਬੰਦੇ ਨੂੰ ਐਨਾ ਦੁਖੀ ਕਰਕੇ ਕਿਵੇਂ ਸੁਖ ਦੀ
ਨੀਂਦ ਸੌਂ ਜਾਂਦੈ?''
-''ਸੁਖੀ ਬੰਦਾ ਵੀ ਨ੍ਹੀ ਰਹਿੰਦਾ...! ਮਾੜੇ ਕੀਤੇ ਕਰਮ ਈ ਤਾਂ ਭੁਗਤੀ ਜਾਨੇ ਐਂ! ਸਭ ਐਥੇ ਈ ਭੁਗਤ
ਜਾਂਦੇ ਐ! ਅੱਗੇ ਨਰਕ ਸੁਰਗ ਕੋਈ ਨ੍ਹੀ! ਸਾਰਾ ਕੁਛ ਐਥੇ ਈ ਐ! ਨਰਕ ਦਾ ਬੰਦੇ ਨੂੰ ਡਰ ਦਿੱਤਾ
ਹੋਇਐ, ਤੇ ਸੁਰਗ ਦਾ ਲਾਲਚ!''
-''ਮੈਂ ਤਾਂ ਸਾਰੀ ਉਮਰ ਨਰਕ ਈ ਭੋਗਿਐ, ਦੇਵ! ਨਾਲ਼ੇ ਕਿਸੇ ਦਾ ਕਦੇ ਦਿਲ ਨ੍ਹੀ ਸੀ ਦੁਖੀ ਕੀਤਾ...!
ਸੱਚ ਜਾਣੀਂ, ਮੈਂ ਤਾਂ ਸਾਰੀ ਉਮਰ ਮੱਚਦੇ ਤਵੇ 'ਤੇ ਪਈ ਨੇ ਈ ਕੱਢੀ ਐ-ਜੇ ਆਹ ਪਿੰਡ ਆਲ਼ੇ ਮੇਰੇ
ਮੱਦਤਗਾਰ ਨਾ ਹੁੰਦੇ-ਹੁਣ ਨੂੰ ਤਾਂ ਮੇਰੇ ਫ਼ੁੱਲ ਪਏ ਹੋਣੇ ਸੀ! ਜਿਉਣਾ ਵੀ ਕਾਹਦੇ ਆਸਰੇ? ਨਾ ਧੀ,
ਨਾ ਪੁੱਤ! ਨਾਂ ਆਬਦਾ ਬੰਦਾ? ਉਹ ਜਾਣੇਂ! ਓਸ ਗੱਲ ਦੇ ਆਖਣ ਮਾਂਗੂੰ, ਜੇ ਬੰਦਾ ਸ਼ਰਾਬੀ ਕਬਾਬੀ ਵੀ
ਹੋਊ-ਤਾਂ ਫੇਰ ਵੀ ਤੀਮੀਂ ਨੂੰ ਆਸਰਾ ਹੁੰਦੈ-ਬਈ ਮੇਰੇ ਸਿਰ 'ਤੇ ਕੋਈ, ਹੈ! ਪਰ ਮੈਂ ਤਾਂ ਦੇਵ
ਰਹਿਗੀ ਰੋਹੀ ਆਲ਼ੇ ਜੰਡ ਮਾਂਗੂੰ ਰੁੰਡ ਮਰੁੰਡ...! ਕੀਹਦੇ ਕੋਲ਼ੇ ਦੁੱਖ ਰੋਵਾਂ?'' ਉਹ ਫਿਰ ਡੁਸਕ
ਪਈ। ਪਰ ਹੰਝੂਆਂ ਦੀ ਝੜੀ ਉਸ ਨੇ ਆਪਣੀ ਚਿੱਟੀ ਚੁੰਨੀ ਵਿਚ ਹੀ ਬੋਚ ਲਈ ਸੀ।
-''ਗੱਲ ਪ੍ਰੀਤੋ ਹੋਰ ਐ...!''
-''......।'' ਪ੍ਰੀਤੋ ਨੇ ਨੱਕ ਪੂੰਝ ਕੇ ਨਜ਼ਰਾਂ ਉਚੀਆਂ ਚੁੱਕੀਆਂ।
-''ਮੈਂ ਸੋਚਦੈਂ ਬਈ ਜੁਆਨੀ ਤਾਂ ਚਲ ਰੁਲ਼ਦਿਆਂ ਖੁਲ਼ਦਿਆਂ ਨੇ ਕੱਢ ਲਈ-ਆਹ ਹੁਣ ਬੁੜ੍ਹਾਪਾ ਕਿਵੇਂ
ਨਿਕਲੂ? ਬੁੜ੍ਹਾਪਾ ਕੱਢਣ ਲਈ ਬੰਦੇ ਨੂੰ ਕੋਈ ਆਹਰ ਜਰੂਰ ਚਾਹੀਦੈ!'' ਉਹ ਮੋੜ ਘੋੜ ਕੇ ਖੋਤੀ ਬੋਹੜ
ਹੇਠ ਲੈ ਆਇਆ।
-''ਦੇਵ! ਸੱਚ ਜਾਣੀਂ, ਬਾਹਲ਼ੀ ਲੰਘੀ ਤੇ ਥੋੜੀ ਰਹਿਗੀ? ਇਹ ਵੀ ਕਿਵੇਂ ਨਾ ਕਿਵੇਂ ਨਿਕਲ਼ ਈ ਜਾਣੀ
ਐਂ!''
-''ਮੇਰੀ ਉਮਰ ਹੁਣ ਬਵੰਜਾ ਸਾਲਾਂ ਦੀ ਹੋਗੀ-ਤੇ ਤੇਰੀ ਪੰਜਾਹਾਂ ਦੀ ਤਾਂ ਹੋਊ?''
-''ਦੇਖ ਲੈ, ਤੇਰੇ ਨਾਲੋਂ ਸਾਲ ਕੁ ਈ ਪਿੱਛੇ ਪੜ੍ਹਦੀ ਸੀ ਮੈਂ? ਸੱਚ ਜਾਣੀਂ, ਹੁਣ ਤਾਂ ਸਾਰਾ ਕੁਛ
ਭੁੱਲਿਆ ਪਿਐ-ਹੁਣ ਤਾਂ ਮੈਨੂੰ ਊੜਾ ਆੜਾ ਵੀ ਨ੍ਹੀ ਆਉਂਦਾ।'' ਉਹ ਉਦਾਸ ਮਾਹੌਲ ਵਿਚ ਵੀ ਹੱਸ ਪਈ।
ਹਾਸਾ ਹਰਦੇਵ ਦਾ ਵੀ ਨਿਕਲ਼ ਗਿਆ। ਉਹ ਸੋਚ ਰਿਹਾ ਸੀ ਕਿ ਅੱਜ ਵੀ ਪੰਜਾਬ ਦੇ ਕੁਛ ਲੋਕਾਂ ਦੇ ਮਨਾਂ
ਵਿਚ ਰੱਬ ਵਸਦਾ ਸੀ। ਦਰਿਆ ਦਿਲ ਮਾਹੌਲ ਜਿਉਂਦਾ ਸੀ।
-''ਬੰਦਾ ਬੀਹ ਟਟਬੈਰ ਕਰਦੈ-ਪੜ੍ਹਦੈ! ਫ਼ੱਟੀਆਂ ਲਿਖਦੈ-ਭਾੜੇ ਸਿੱਖਦੈ-ਬੀਹ ਕੁਛ ਕਰਦੈ! ਪਰ ਅੱਗੇ ਦਾ
ਕੀ ਪਤਾ ਹੁੰਦੈ ਬਈ ਗੋਹਾ ਮਿੱਧਣ ਜੋਗੇ ਈ ਰਹਿ ਜਾਣੈਂ?''
-''ਪ੍ਰੀਤੋ...? ਤੂੰ ਆਬਦੇ ਬੁੜ੍ਹਾਪੇ ਬਾਰੇ ਕਦੇ ਵੀ ਨ੍ਹੀ ਸੋਚਿਆ?''
-''ਮੇਰੇ ਸੋਚਣ ਨਾਲ਼ ਹੋਊ ਕੀ, ਦੇਵ? ਸੱਚ ਜਾਣੀਂ, ਜਿਹੜੀ ਗੱਲ ਦਾ ਕੋਈ ਲਾਭ ਈ ਨਾ ਹੋਵੇ-ਉਹਨੂੰ
ਸੋਚਣ ਦਾ ਕੀ ਫ਼ਾਇਦਾ? ਹੈ ਕੋਈ ਫ਼ਾਇਦਾ...?''
-''ਤੈਨੂੰ ਉਹ ਦਿਨ ਯਾਦ ਐ? ਜਦੋਂ ਤੂੰ ਮੇਰੇ ਕਾਲਜ ਜਾਂਦੇ ਦੇ ਗੰਦੇ ਪਾਣੀਂ ਦੀ ਬਾਲਟੀ ਉਤੇ ਪਾਤੀ
ਸੀ?''
-''ਵੇ ਆਹੋ...! ਮੈਂ ਭੁੱਲੀਂ ਆਂ ਕਿਤੇ ਉਹੋ ਦਿਨ...? ਨਾਲ਼ੇ ਮੈਂ ਕਿਹੜਾ ਜਾਣ ਬੁੱਝ ਕੇ ਪਾਈ ਸੀ?
ਚਾਣਚੱਕ ਈ ਪੈਗੀ ਸੀ? ਤੂੰ ਬਾਹਲ਼ਾ ਭੜਾਕੂ ਤਾਂ ਊਂਈਂ ਸਾਹਣ ਮਾਂਗੂੰ ਭੂਸਰ ਗਿਆ ਸੀ! ਜਦੋਂ ਮੈਨੂੰ
ਉਹ ਦਿਨ ਯਾਦ ਆਉਂਦੈ-ਸੱਚ ਜਾਣੀਂ, ਮੈਨੂੰ ਤਾਂ ਤੂੰ ਉਹੋ ਜਿਆ ਈ ਲੱਗਦੈਂ, ਦੇਵ! ਜਿਹੋ ਜਿਆ ਤੂੰ
ਓਦੋਂ ਸੀ!''
-''ਹੁਣ ਤਾਂ ਬੁੜ੍ਹੇ ਹੋ ਗਏ-!''
-''ਵੇ ਉਹ ਤਾਂ ਸਾਰੀ ਦੁਨੀਆਂ ਨੇ ਈ ਹੋਣੈਂ...! ਆਪਾਂ ਕੋਈ ਅਲੈਹਦੇ ਤਾਂ ਨ੍ਹੀ ਬੁੜ੍ਹੇ ਹੋਗੇ?
ਬਚਪਨ ਆਲ਼ੀਆਂ ਲਿੱਚ ਗੜਿੱਚੀਆਂ ਥੋੜੋ ਈ ਭੁੱਲਦੀਐਂ ਬੰਦੇ ਨੂੰ? ਸੱਚ ਜਾਣੀਂ, ਜੇ ਲੰਗੂਰ ਬੁੜ੍ਹਾ ਹੋ
ਜਾਂਦੈ-ਬਨੇਰੇ ਟੱਪਣੋਂ ਥੋੜੋ ਭੁੱਲਦੈ ਉਹੋ?''
-''ਤੇਰੇ ਸੱਚ ਜਾਣੀਂ ਬੜਾ ਮੂੰਹ 'ਤੇ ਚੜ੍ਹਿਐ?''
-''ਵੇ ਹੋਰ ਹੁਣ ਮੂੰਹ 'ਤੇ ਗੁਲਾਲੀ ਚੜੂਗੀ...? ਅਵਾ ਤਵਾ ਈ ਮੂੰਹ 'ਤੇ ਚੜ੍ਹਨੈਂ!''
-''ਪ੍ਰੀਤੋ, ਇਕ ਗੱਲ ਆਖਾਂ...?''
-''ਵੇ ਸੌ ਆਖ! ਤੇਰੀਆਂ ਗੱਲਾਂ ਸੁਣਨ ਨੂੰ ਤਾਂ ਮੈਂ ਤੇਰੇ ਕੋਲ਼ੇ ਆਈ ਐਂ! ਓਦਰੀ ਪਈ ਐਂ ਮੈਂ
ਤੇਰੀਆਂ ਗੱਲਾਂ ਨੂੰ ਤਾਂ ਭਾਈ...!''
-''ਮੈਂ ਇੰਗਲੈਂਡ ਵਿਚ ਕਿੰਨਾਂ ਵੀ ਸੁਖੀ ਚਾਹੇ ਦੁਖੀ ਰਿਹੈਂ-ਪਰ ਮੈਂ ਤੈਨੂੰ ਨ੍ਹੀ ਭੁਲਾ ਸਕਿਆ।''
ਉਸ ਨੇ ਅੱਗਾ ਪਿੱਛਾ ਦੇਖ ਕੇ ਗੱਲ ਕੀਤੀ। ਉਹਨਾਂ ਨੂੰ ਇਤਨਾ ਵਿਸ਼ਵਾਸ ਜ਼ਰੂਰ ਸੀ ਕਿ ਸਾਡੀ ਗੱਲ
ਸੁਣਨੀ ਵੀ ਕਿਸ ਨੇ ਹੈ? ਜੇ ਸਾਨੂੰ ਬੈਠਿਆਂ ਨੂੰ ਕਿਸੇ ਨੇ ਦੇਖ ਵੀ ਲਿਆ। ਤਾਂ ਸਾਡੇ 'ਤੇ ਕੋਈ ਸ਼ੱਕ
ਨਹੀਂ ਕਰਦਾ। ਇਸ ਲਈ ਉਹ ਬਿਨਾ ਕਿਸੇ ਡਰ ਡੁੱਕਰ ਤੋਂ ਗੱਲਾਂ ਕਰ ਰਹੇ ਸਨ। ਪਰ ਗੱਲਾਂ ਕਰ ਬੜੀ ਹੌਲ਼ੀ
ਹੌਲ਼ੀ ਰਹੇ ਸਨ।
-''ਤੂੰ ਹਮੇਸ਼ਾ ਮੇਰੇ ਦਿਲ 'ਤੇ ਚੜ੍ਹੀ ਰਹੀ ਐਂ!''
-''ਵੇ ਦੇਵ! ਸੱਚ ਜਾਣੀਂ, ਜਿੰਨਾ ਚਿਰ ਤਾਂ ਰਿਹੈ ਮੇਰਾ ਬੰਦਾ ਜਿਉਂਦਾ! ਓਨਾਂ ਚਿਰ ਤਾਂ ਮੇਰਾ
ਕਿਸੇ ਵੱਲ ਨੂੰ ਖਿਆਲ ਈ ਨ੍ਹੀ ਗਿਆ-ਜਦੋਂ ਉਹ ਮੁੱਕ ਗਿਆ-ਫੇਰ ਵੀ ਬਾਹਲ਼ਾ ਕੋਈ ਦਿਲ 'ਤੇ ਨਹੀਂ
ਲਾਇਆ-ਪਰ ਦੇਵ! ਸੱਚ ਜਾਣੀਂ, ਜਦੋਂ ਮੇਰੀ ਧੀ ਮੁੱਕੀ-ਉਦੋਂ ਮੈਨੂੰ ਤੇਰੀ ਬੜੀ ਯਾਦ ਆਈ! ਉਦੋਂ ਮੈਂ
ਤੇਰੇ ਬਾਰੇ ਜਰੂਰ ਸੋਚਿਆ-ਮੈਂ ਬਿਲਕੁਲ 'ਕੱਲੀ ਰਹਿਗੀ ਸੀ! ਕੋਈ ਨ੍ਹੀ ਸੀ ਮੇਰਾ ਇਸ ਜੱਗ 'ਤੇ! ਆਹ
ਤਾਂ ਪਿੰਡ ਵਾਲ਼ਿਆਂ ਜਿਉਣ ਜੋਕਰਿਆਂ ਨੇ ਠੁੰਮਣਾਂ ਦਿੱਤਾ ਮੈਨੂੰ!'' ਉਸ ਦਾ ਫਿਰ ਰੋਣ ਛੁੱਟ ਪਿਆ।
-''ਤੂੰ ਮੈਨੂੰ ਕਦੇ ਚਿੱਠੀ ਪੱਤਰ ਈ ਪਾ ਦਿੰਦੀ?''
-''ਵੇ ਕਾਹਨੂੰ...! ਇਕ ਤਾਂ ਮੇਰੇ ਕੋਲ਼ੇ ਤੇਰਾ ਡਰੈੱਸ ਹੈਨ੍ਹੀ ਸੀ-ਦੂਜਾ ਮੈਂ ਸੋਚਿਆ ਬਈ ਆਪ ਤਾਂ
ਜਿਹੜੇ ਠੂਠੇ ਖਾਨੀਂ ਐਂ-ਓਹ ਤਾਂ ਖਾਨੀਂ ਈ ਐਂ! ਤੈਨੂੰ ਬਾਧੂ ਕਾਹਤੋਂ ਤੰਗ ਕਰਾਂ...? ਨਾਲ਼ੇ ਮੈਂ
ਸੋਚਿਆ, ਬਈ ਵਿਆਹਿਆ ਵਰਿਐ-ਆਬਦਾ ਰੰਗਾਂ 'ਚ ਵਸਦੈ-ਮੈਨੂੰ ਕੀ ਪਤਾ ਸੀ ਬਈ ਤੂੰ ਵੀ ਮੇਰੇ ਮਾਂਗੂੰ
ਖੂਹ 'ਚ ਈ ਲਮਕੀ ਜਾਨੈਂ?''
-''ਪ੍ਰੀਤੋ...! ਮੇਰੀ ਗੱਲ ਦਾ ਗੁੱਸਾ ਨਾ ਕਰੀਂ...!''
-''ਗੁੱਸਾ ਕਾਹਤੋਂ ਕਰਨੈਂ...? ਤੂੰ ਦਿਲ ਫ਼ਰੋਲ਼ ਖੁੱਲ੍ਹ ਕੇ! ਕੋਈ ਗੱਲ ਦਿਲ 'ਚ ਨਾ ਰੱਖੀਂ! ਸੱਚ
ਜਾਣੀਂ, ਅੱਗੇ ਗੱਲਾਂ ਦਿਲ 'ਚ ਰੱਖੀਆਂ ਕਰਕੇ ਤਾਂ ਆਪਣੇ ਢਿੱਡਾਂ 'ਚ ਗੋਲ਼ੇ ਬੱਝੇ ਵੇ ਐ!''
-''ਜੇ ਤੂੰ ਚਾਹੇਂ...! ਤੇਰੇ 'ਤੇ ਮੇਰਾ ਜੋਰ ਤਾਂ ਕੋਈ ਨ੍ਹੀ...! ਪਰ ਜੇ ਤੂੰ ਚਾਹੇਂ, ਆਪਣਾ
ਦੋਹਾਂ ਦਾ ਬੁੜ੍ਹਾਪਾ ਈ ਸੁਖਾਲ਼ਾ ਲੰਘ ਸਕਦੈ?'' ਆਖਰੀ ਅਤੇ ਆਨੇ ਵਾਲ਼ੀ ਗੱਲ ਆਖ ਕੇ ਹਰਦੇਵ ਨੇ
ਪ੍ਰੀਤੋ ਦਾ ਚਿਹਰਾ ਘੋਖਣਾਂ ਸ਼ੁਰੂ ਕਰ ਦਿੱਤਾ। ਉਹ ਪ੍ਰੀਤੋ ਵੱਲ ਇੰਜ ਝਾਕ ਰਿਹਾ ਸੀ। ਜਿਵੇਂ ਡਿਊਟੀ
ਤੋਂ ਲੇਟ ਹੋਇਆ ਡਰਾਈਵਰ ਲਾਲ ਬੱਤੀ ਵੱਲ ਝਾਕਦੈ! ਕਿ ਕਦੋਂ ਹਰੀ ਹੋਊ?
-''......।'' ਪ੍ਰੀਤੋ ਚੁੱਪ ਰਹੀ।
-''ਆਪਾਂ ਛੋਟੇ ਭਰਾ ਸੁਖਦੇਵ ਦਾ ਵੱਡਾ ਮੁੰਡਾ ਗੋਦ ਲੈ ਲਵਾਂਗੇ-ਜੁਆਨ ਐਂ ਹੁਣ! ਕਾਲਜ 'ਚ ਪੜ੍ਹਦੈ!
ਇੰਗਲੈਂਡ ਆਪਣੇ ਕੋਲ਼ੇ ਕਾਸੇ ਦੀ ਘਾਟ ਨਹੀਂ! ਦੋਵੇਂ ਜਾਣੇ ਵਸਾਂਗੇ ਰਸਾਂਗੇ? ਇਹ ਮੈਂ ਤੈਨੂੰ ਸਿਰਫ਼
ਸੁਆਲ ਈ ਪੁੱਛਿਐ? ਕਿਤੇ ਊਂ ਨਾ ਮੇਰੇ ਕੋਲ਼ੇ ਆਉਣੋਂ ਜਾਣੋਂ ਹਟਜੀਂ?''
-''ਨਹੀਂ, ਆਉਣੋਂ ਜਾਣੋਂ ਮੈਂ ਤਾਂ ਕੀ ਹਟਣੈਂ, ਦੇਵ...? ਪਰ ਐਸ ਉਮਰ ਝਾਟੇ ਖੇਹ ਪਾਉਂਦੇ ਚੰਗੇ
ਲੱਗਾਂਗੇ?''
-''ਝਾਟੇ ਖੇਹ ਕਾਹਦੀ ਐ? ਸਾਰੀ ਦੁਨੀਆਂ ਈ ਆਬਦਾ ਘਰ ਵਸਾਉਂਦੀ ਆਈ ਐ? ਨਾਲ਼ੇ ਆਪਾਂ ਕਿਹੜਾ ਐਥੇ
ਰਹਿਣੈਂ...? ਤੇਰਾ ਪਾਸਪੋਰਟ ਬਣਾ ਕੇ ਛੂ-ਮੰਤਰ ਹੋਜਾਂਗੇ! ਕਿਸੇ ਨੂੰ ਭਾਫ਼ ਨ੍ਹੀ ਨਿਕਲਣ ਦਿੰਦੇ।''
-''ਵੇ ਕਮਲ਼ਿਆ! ਐਹੋ ਜੀਆਂ ਗੱਲਾਂ ਕਿਤੇ ਗੁੱਝੀਆਂ ਰਹਿੰਦੀਐਂ...? ਲੋਕ ਜਿੰਨ ਅਰਗੇ ਹੁੰਦੇ
ਐ-ਮਿਲਟਾਂ 'ਚ ਮਾਣਸ-ਬੂ...! ਮਾਣਸ-ਬੂ...! ਪਿੱਟਣ ਲੱਗ ਪੈਣਗੇ!''
-''ਜੇ ਲੋਕਾਂ ਦੀ ਪ੍ਰਵਾਹ ਕਰਾਂਗੇ-ਆਪਣਾ ਬੁੜ੍ਹਾਪਾ ਤਾਂ ਗਿਆ ਬੋੜੇ ਖੂਹ 'ਚ! ਇੰਗਲੈਂਡ 'ਚ ਲੋਕ
ਬੁੜ੍ਹੇ ਹੋ ਕੇ ਵੀ ਬਾਂਹਾਂ 'ਚ ਬਾਂਹਾਂ ਅੜਾ ਕੇ ਤੁਰਦੇ ਐ-!''
-''ਬੂਹ ਮੈਂ ਮਰਜਾਂ...! ਵੇ ਫੋਟ੍ਹ!... ਐਡੇ ਬਸ਼ਰਮ...?'' ਉਸ ਨੇ ਮੱਥੇ 'ਤੇ ਪੁੱਠਾ ਹੱਥ ਰੱਖ
ਲਿਆ।
-''ਉਥੇ ਕੋਈ ਨ੍ਹੀ ਪੁੱਛਦਾ-ਉਥੇ ਹਰ ਬੰਦਾ-ਹਰ ਬੁੜ੍ਹੀ, ਆਬਦੀ ਐਸ਼ ਦੀ ਜ਼ਿੰਦਗੀ ਜਿਉਂਦੇ ਐ!''
-''ਸੱਚ ਜਾਣੀਂ...! ਮੈਥੋਂ ਤਾਂ ਨ੍ਹੀ ਐਡੀ ਬਸ਼ਰਮੀਂ ਕਰੀ ਜਾਣੀਂ...!''
-''ਦੇਖ ਪ੍ਰੀਤੋ! ਆਪਾਂ ਕਿਹੜਾ ਇਕ ਪਿੰਡ ਦੇ ਆਂ? ਤੇਰਾ ਬਾਪੂ ਬਾਹਰੋਂ ਆ ਕੇ ਈ ਵਸਿਆ ਸੀ, ਐਸ
ਪਿੰਡ?''
-''ਵੇ ਵਸਿਆ ਤਾਂ ਸੀ...! ਪਰ ਹੁਣ ਤਾਂ ਮੈਨੂੰ ਆਹੀ ਆਬਦਾ ਪਿੰਡ ਲੱਗਦੈ-ਜਿੱਥੇ ਮੰਦੇ ਦਿਨ ਕੱਟੇ
ਐ।''
-''ਤੂੰ ਇਉਂ ਕਰ...! ਹੁਣ ਸੁਖਦੇਵ ਰੋਟੀ ਲੈ ਕੇ ਆਉਣ ਆਲ਼ੈ! ਤੂੰ ਕੱਲ੍ਹ ਨੂੰ ਮੇਰੇ ਨਾਲ਼ ਸ਼ਹਿਰ
ਚੱਲ! ਨਾਲ਼ੇ ਤਾਂ ਤੇਰਾ ਪਾਸਪੋਰਟ ਬਣਾ ਲਵਾਂਗੇ-ਤੇ ਨਾਲ਼ੇ ਮੈਨੂੰ ਬੈਂਕ 'ਚ ਕੰਮ ਐਂ!''
-''ਵੇ ਦੇਵ...! ਸੱਚ ਜਾਣੀਂ, ਮੇਰਾ ਤਾਂ ਡਮਾਕ ਕੰਮ ਨ੍ਹੀ ਕਰਦਾ! ਡਰਦੀ ਬੁੜ੍ਹਾਪੇ ਤੋਂ ਮੈਂ ਵੀ
ਆਂ! ਇਹਦੇ 'ਚ ਤੇਰੇ ਕੋਲ਼ੋਂ ਕੋਈ ਓਹਲਾ ਨ੍ਹੀ...! ਪਰ ਫੇਰ ਸੋਚਦੀ ਆਂ-ਬਈ ਕਾਹਦੇ ਪਿੱਛੇ? ਪਤਾ
ਨ੍ਹੀ ਜਿੰਦਗੀ ਕਿੰਨੇ ਕੁ ਦਿਨ ਐਂ? ਹੁਣ ਅਖੀਰਲੇ ਚਾਰ ਦਿਨਾਂ ਦੀ ਖਾਤਰ ਕਾਹਨੂੰ ਮੂੰਹ ਕਾਲ਼ਸ
ਲਈਏ?''
-''ਮੂੰਹ ਕਾਲ਼ਸ ਇਹਦੇ 'ਚ ਕਾਹਦੀ ਐ...? ਜਿਹੜੇ ਚਾਰ ਦਿਨ ਰਹਿੰਦੇ ਐ-ਉਹ ਤਾਂ ਸੋਹਣੇ ਬਿਤਾਈਏ?
ਆਪਾਂ ਜਰੂਰੀ ਤਾਂ ਨ੍ਹੀ ਬੁੜ੍ਹਾਪੇ 'ਚ ਵੀ ਭੱਠ 'ਚ ਭੁੱਜ ਕੇ ਮਰਨਾ? ਆਪਾਂ ਨੂੰ ਸੰਤਾਪ ਸੁੱਖ ਕੇ
ਤਾਂ ਨ੍ਹੀ ਦਿੱਤਾ? ਰਹਿ ਆਪਾਂ ਪਿੰਡ ਵੀ ਪੈਂਦੇ? ਪਰ ਐਥੇ ਲੋਕ ਈ ਬਾਧੂ ਜਾਭਾਂ ਦਾ ਭੇੜ੍ਹ ਕਰੀ
ਜਾਣਗੇ! ਆਪਾਂ ਲੋਕਾਂ ਤੋਂ ਦੂਰ ਈ ਚੰਗੇ ਐਂ! ਦੋਵੇਂ ਜੀਅ ਖਾਵਾਂਗੇ ਪੀਵਾਂਗੇ-ਬੁੱਲੇ ਵੱਢਾਂਗੇ!''
-''......।'' ਪ੍ਰੀਤੋ ਚੁੱਪ ਸੀ।
-''ਤੂੰ ਅੱਜ ਦੀ ਰਾਤ ਮਨ ਨਾਲ਼ ਰੈਅ ਕਰਲਾ! ਕੱਲ੍ਹ ਨੂੰ ਸਾਝਰੇ ਈ ਮੇਰੇ ਕੋਲ਼ੇ ਆਜੀਂ! ਹੁਣ ਸੁਖਦੇਵ
ਆਉਣ ਆਲ਼ੈ-ਸ਼ੱਕ ਤਾਂ ਉਹਨੇ ਆਪਣੇ 'ਤੇ ਕੀ ਕਰਨੀ ਐਂ? ਪਰ ਓਹਲਾ ਈ ਠੀਕ ਹੁੰਦੈ!''
-''ਤੇ, ਤੇਰੀ ਰੋਟੀ ਰਾਟੀ...?''
-''ਉਹ ਤਾਂ ਸੁਖਦੇਵ ਲੈ ਈ ਆਊ-ਜੇ ਖਾਣੀਂ ਐਂ ਤਾਂ ਬਹਿਜਾ!''
-''ਨਹੀਂ, ਰੋਟੀ ਤਾਂ ਨਹੀਂ ਮੈਂ ਖਾਣੀਂ...! ਮੈਂ ਸਵੇਰੇ ਆਊਂ ਤੇਰੇ ਕੋਲ਼ੇ-ਤੂੰ ਵੀ ਆਬਦੇ ਮਨ ਨਾਲ਼,
ਤਸੱਲੀ ਨਾਲ਼ ਵਿਚਾਰ ਵਟਾਂਦਰਾ ਕਰਲੀਂ-ਫੇਰ ਜਿਵੇਂ ਕਹੇਂ ਕਰਲਾਂਗੇ! ਪਰ ਇਕ ਗੱਲ ਦੱਸਾਂ ਹਰਦੇਵ? ਊਂ
ਤਾਂ ਤੂੰ ਆਖੇਂਗਾ ਬਈ ਬੁੱਢੀ ਖੋਲੀ ਕੀ ਜੁਆਕਾਂ ਆਲ਼ੀਆਂ ਗੱਲਾਂ ਕਰਨ ਲੱਗਪੀ? ਪਰ ਸੱਚ ਜਾਣੀਂ!
ਜਾਣੀਂ ਦੀ ਮੈਨੂੰ ਤਾਂ ਤੇਰਾ ਉਵੇਂ ਤੇਹ ਜਿਆ ਆਉਣ ਲੱਗ ਪਿਆ-ਜਿਵੇਂ ਨਿੱਕੀ ਹੁੰਦੀ ਨੂੰ ਆਉਂਦਾ
ਸੀ-ਆਹ ਤਾਂ ਦੁਨੀਆਂ ਦੀ ਸ਼ਰਮ ਵੱਢ ਵੱਢ ਖਾਂਦੀ ਐ, ਬਈ ਬਾਧੂ ਮੂੰਹ ਕਾਲ਼ਾ ਹੋਊ? ਨਹੀਂ ਮੈਂ ਤਾਂ ਅੱਜ
ਦੀ ਰਾਤ ਤੇਰੇ ਕੋਲ਼ੇ ਕਿਉਂ ਨਾ ਰਹਿ ਪੈਂਦੀ...?'' ਪ੍ਰੀਤੋ ਨੇ ਦਿਲ ਦੀ ਸੱਚੀ ਗੱਲ ਆਖ ਦਿੱਤੀ।
ਹਰਦੇਵ ਦਾ ਜੀਅ ਕੀਤਾ ਕਿ ਪ੍ਰੀਤੋ ਨੂੰ ਜੱਫ਼ੀ ਵਿਚ ਲੈ ਕੇ ਮੂੰਹ ਚੁੰਮ ਲਵੇ। ਪ੍ਰੀਤੋ ਦਾ ਭੋਲ਼ਾ
ਜਿਹਾ ਮੂੰਹ ਮੁਬਾਰਕ ਸੀ। ਸੁਲੱਖਣਾਂ ਸੀ। ਅੱਜ ਕੱਲ੍ਹ ਦੇ ਜ਼ਮਾਨੇ ਵਾਂਗ ਕਰੂਪ ਨਹੀਂ ਸੀ।
ਬਾਹਰੋਂ ਦਰਵਾਜੇ 'ਤੇ ਖੜਕਾ ਹੋਇਆ। ਸੁਖਦੇਵ ਸੀ। ਸ਼ਾਇਦ ਰੋਟੀ ਲੈ ਕੇ ਆਇਆ ਸੀ।
-''ਬੈਠ ਪ੍ਰੀਤੋ...! ਰੋਟੀ ਖਾ ਕੇ ਜਾਈਂ!'' ਹਰਦੇਵ ਬੋਲਿਆ।
-''ਵੇ ਮੈਂ ਤਾਂ ਜਾ ਕੇ ਖਾ ਈ ਲੈਣੀਂ ਐਂ, ਦੇਵ...! ਸੱਚ ਜਾਣੀਂ, ਤੇਰੇ ਨਾਲ਼ ਗੱਲਾਂ ਕਰਕੇ ਤਾਂ
ਮੇਰੇ ਮਨ ਤੋਂ ਜੁੱਗੜਿਆਂ ਜੁਗਾਂਤਰਾਂ ਦਾ ਭਾਰ ਲਹਿ ਗਿਆ! ਤੂੰ ਰੋਟੀ ਖਾ-ਮੈਂ ਕੱਲ੍ਹ ਨੂੰ ਸਾਝਰੇ
ਆਊਂ! ਜੇ ਸ਼ਹਿਰ ਜਾਣਾ ਹੋਇਆ-ਮੈਨੂੰ ਵੀ ਨਾਲ਼ ਲੈ ਚੱਲੀਂ! ਮੈਨੂੰ ਕੰਮ ਐਂ, ਥੋੜ੍ਹਾ ਜਿਆ-ਤੇਰੇ ਆਹਰ
ਨਾਲ਼ ਮੈਂ ਵੀ ਸ਼ਹਿਰ ਦੇਖ ਆਊਂ! ਨਾਲ਼ੇ ਤੇਰੇ ਕੋਲ਼ੇ ਕਾਹਦਾ ਲੁੱਕ ਐ? ਮੇਰੇ ਸਹੁਰਿਆਂ ਨੇ ਮੈਨੂੰ ਪੰਜ
ਕੁ ਕਿੱਲੇ ਜਮੀਨ ਦੇਤੀ ਸੀ ਵੰਡ ਕੇ! ਬਾਹਲ਼ਾ ਮੂੰਹ ਮੈਂ ਵੀ ਨ੍ਹੀ ਅੱਡਿਆ-ਬਈ ਬਾਧੂ ਮੱਖੀਆਂ ਈ
ਪੈਣਗੀਆਂ? ਬਣਦੀ ਤਾਂ ਮੇਰੀ ਅੱਠ ਕਿੱਲੇ ਸੀ! ਪਰ ਮੈਂ ਪੰਜਾਂ 'ਤੇ ਈ ਸਬਰ ਕਰ ਲਿਆ-ਬਈ ਕਿੱਥੇ ਚੱਕ
ਕੇ ਲੈ ਜਾਣੀਂ ਐਂ ਜਮੀਨ? ਬੰਦਾ ਤੁਰ ਗਿਆ-ਓਹ ਜਾਣੇਂ, ਸਾਰਾ ਕੁਛ ਆਬਦੇ ਨਾਲ਼ ਈ ਲੈ ਗਿਆ! ਮੈਂ ਨ੍ਹੀ
ਜਮੀਨ ਜਮੂਨ ਦਾ ਬਾਹਲ਼ਾ ਲਾਲਚ ਕੀਤਾ-ਜਿੰਨੀ ਅਗਲਿਆਂ ਨੇ ਦੇ ਦਿੱਤੀ-ਬੱਸ ਮੈਂ 'ਗੂਠਾ ਲਾ ਕੇ ਲੈ ਲਈ!
ਉਹ ਪੈਲ਼ੀ ਮੈਂ ਠੇਕੇ 'ਤੇ ਦੇ ਦਿੰਨੀ ਐਂ-ਤੇ ਮੇਰਾ ਖਰਚਾ ਬਰਚਾ ਤੁਰੀ ਜਾਂਦੈ-ਉਹਦਾ ਠੇਕਾ ਲੈਣ
ਜਾਣੈਂ! ਜੇ ਤੇਰੇ ਕੋਲ਼ੇ ਟੈਮ ਹੋਇਆ? ਆਪਾਂ ਇਹ ਕੰਮ ਜਰੂਰ ਕਰ ਕੇ ਆਉਣੈਂ! ਨਹੀਂ ਮੈਨੂੰ ਐਥੋਂ ਕਿਸੇ
ਜੁਆਕ ਨੂੰ ਨਾਲ਼ ਲਿਜਾਣਾ ਪਊ-ਤੇਰੇ ਨਾਲ਼ ਤਾਂ ਮਿਲਟ 'ਚ ਕੰਮ ਨਿੱਬੜਜੂ! ਬੰਦਿਆਂ ਦੇ ਈ ਭਾਅ ਹੁੰਦੇ
ਐ, ਦੇਵ!''
ਸੁਖਦੇਵ ਰੋਟੀ ਲੈ ਕੇ ਹੀ ਆਇਆ ਸੀ।
ਸ਼ਾਮ ਗੂੜ੍ਹੀ ਹੋ ਚੱਲੀ ਸੀ।
-''ਤੂੰ ਕੱਲ੍ਹ ਨੂੰ ਇਉਂ ਕਰੀਂ ਨਿੱਕਿਆ...!'' ਰੋਟੀ ਖਾਂਦੇ ਹਰਦੇਵ ਨੇ ਆਖਿਆ।
-''ਬੋਲ ਬਾਈ...?''
-''ਕੀ ਨਾਂ ਐਂ ਆਪਣੇ ਵੱਡੇ ਮੁੰਡੇ ਦਾ?''
-''ਵੱਡੇ ਦਾ ਨਾਂ ਰਮਣੀਕ ਐ-ਤੇ ਛੋਟੇ ਦਾ ਸਿਮਰਨ!''
-''ਕਾਲਜ, ਰਮਣੀਕ ਈ ਪੜ੍ਹਦੈ?''
-''ਹਾਂ, ਰਮਣੀਕ ਈ ਪੜ੍ਹਦੈ...!''
-''ਕੱਲ੍ਹ ਨੂੰ ਜਾ ਕੇ ਉਹਨੂੰ ਹਫ਼ਤੇ ਕੁ ਦੀ ਛੁੱਟੀ ਦਿਵਾ ਕੇ ਲਿਆ।''
-''ਚਲਿਆ ਜਾਨੈਂ-।''
-''ਤੇ ਹੁਣ ਜਾਹ...! ਨ੍ਹੇਰਾ ਨਾ ਕਰ!'' ਉਸ ਨੇ ਰੋਟੀਆਂ ਵਾਲ਼ਾ ਟਿਫ਼ਨ ਬੰਦ ਕਰਦਿਆਂ ਕਿਹਾ।
-''ਤੂੰ ਬਾਈ, ਰੋਟੀ ਖੇਤ ਆ ਕੇ ਈ ਕਿਉਂ ਨ੍ਹੀ ਖਾ ਲਿਆ ਕਰਦਾ?''
-''ਕਿਉਂ...? ਲਿਆਉਣ ਦੀ ਤਕਲੀਫ਼ ਹੁੰਦੀ ਐ?'' ਹਰਦੇਵ ਹੱਸਿਆ।
-''ਨਹੀਂ, ਤਕਲੀਫ਼ ਤਾਂ ਕਾਹਦੀ ਐ? ਇਸ ਬਹਾਨੇ ਬੰਦਾ ਗੱਲਾਂ ਬਾਤਾਂ ਵੀ ਕਰ ਲੈਂਦੈ?''
-''ਜਿਗਰਾ ਰੱਖ...! ਦੋ ਚਾਰ ਕੰਮ ਐਂ! ਉਹ ਸਿਰੇ ਚਾੜ੍ਹਨ ਤੋਂ ਬਾਅਦ, ਬਥੇਰੀਆਂ ਗੱਲਾਂ ਬਾਤਾਂ
ਕਰਾਂਗੇ ਆਪਾਂ।''
ਸੁਖਦੇਵ ਤੁਰ ਗਿਆ।
ਦੁੱਧ ਪੀ ਕੇ ਹਰਦੇਵ ਪੈ ਗਿਆ। ਅੱਜ ਉਹ ਪ੍ਰੀਤੋ ਅੱਗੇ ਦਿਲ ਦੀ ਗੱਲ ਰੱਖ, ਹੌਲ਼ਾ ਹੋ ਗਿਆ ਸੀ।
ਪ੍ਰੀਤੋ ਮਿਲਣ ਤੋਂ ਪਹਿਲਾਂ ਉਸ ਨੂੰ ਆਪਣੀ ਜ਼ਿੰਦਗੀ ਵਿਚ ਹਨ੍ਹੇਰ ਗੁਬਾਰ ਹੀ ਦਿਸਦਾ ਸੀ। ਪਰ ਅੱਜ
ਉਸ ਨੂੰ ਜ਼ਿੰਦਗੀ ਹੁਸੀਨ ਨਜ਼ਰ ਆਉਣ ਲੱਗ ਪਈ ਸੀ। ਉਸ ਨੇ ਅਕਹਿ ਆਨੰਦ ਵਿਚ ਅੱਖਾਂ ਬੰਦ ਕਰ ਲਈਆਂ।
ਅੱਜ ਉਸ ਨੂੰ ਪ੍ਰੀਤੋ ਦੇ ਨੈਣ 'ਬਹਿਜਾ-ਬਹਿਜਾ' ਕਰਦੇ ਨਜ਼ਰ ਆਉਂਦੇ ਸਨ। ਭਾਵੇਂ ਪ੍ਰੀਤੋ ਦੀ ਉਹ,
ਪਹਿਲਾਂ ਵਾਲ਼ੀ ਗੱਲ ਤਾਂ ਨਹੀਂ ਰਹੀ ਸੀ। ਪਰ ਦਿਲਾਂ ਦੇ ਪਿਆਰ ਦਾ ਦੁੱਧ, ਯਾਦਾਂ ਦਾ ਜਾਗ ਲਾ, ਹੁਣ
ਜੰਮ ਕੇ ਫੁੱਟ ਬਣ ਗਿਆ ਸੀ। ਉਸ ਫ਼ੁੱਟ ਨੂੰ ਸਿਰਫ਼ ਪ੍ਰੇਮ ਭਾਵਨਾ ਦੀ ਮਧਾਣੀ ਦੇ ਚਾਰ ਗੇੜਿਆਂ ਦੀ
ਲੋੜ ਸੀ। ਫਿਰ ਉਸ ਵਿਚੋਂ ਸਿਰਫ਼ ਰਤਨ ਹੀ ਰਤਨ ਨਿਕਲਣੇ ਸਨ ਅਤੇ ਨਵੀਂ ਰੰਗੀਨ ਦੁਨੀਆਂ ਨੇ 'ਝਾਤ'
ਆਖਣੀਂ ਸੀ। ਖੇੜੇ ਦੀਆਂ ਕਿਰਨਾਂ ਨੇ ਉਸ ਦਾ ਬੇ-ਆਬਾਦ ਪਿਆ, ਵਿਹੜਾ ਭਰ ਦੇਣਾ ਸੀ। ਮੈਂ ਪ੍ਰੀਤੋ
ਨੂੰ ਇਤਨਾ ਮੋਹ ਅਤੇ ਖ਼ੁਸ਼ੀ ਦਿਆਂਗਾ, ਕਿ ਉਸ ਦੀ ਰਹਿੰਦੀ ਜ਼ਿੰਦਗੀ ਸਵਰਗ ਬਣ ਜਾਵੇਗੀ। ਚਾਹੇ ਹੁਣ
ਅਸੀਂ ਬੁੜ੍ਹਾਪੇ ਵਿਚ ਪ੍ਰਵੇਸ਼ ਹੋ ਗਏ ਹਾਂ। ਪਰ ਬੁੜ੍ਹਾਪੇ ਵਿਚ ਕਿਹੜਾ ਪਿਆਰ ਨਹੀਂ ਕੀਤਾ ਜਾ
ਸਕਦਾ? ਪਿਆਰ ਕੋਈ ਰੇਹ ਦਾ ਗੱਡਾ ਨਹੀਂ, ਜਿਹੜਾ ਬੁੜ੍ਹਾਪੇ ਵਿਚ ਲੱਦਿਆ ਨਹੀਂ ਜਾਣਾ? ਪਿਆਰ ਇਕ
ਮਮਤਾ ਹੈ, ਇਕ ਭਾਵਨਾ ਹੈ, ਜੋ ਕਦੇ ਵੀ, ਕਿਸੇ ਵੀ ਉਮਰ ਨੂੰ, ਜਾਂ ਕਿਸੇ ਵੀ ਉਮਰ ਵਿਚ ਕੀਤਾ ਜਾ
ਸਕਦਾ ਹੈ! ਯਾਦਾਂ ਦੇ ਸਮੁੰਦਰ ਵਿਚ ਵਹਿੰਦੇ ਹਰਦੇਵ ਨੂੰ ਪਤਾ ਨਹੀਂ ਕਦੋਂ ਨੀਂਦ ਨੇ ਆ ਘੇਰਿਆ। ਉਸ
ਦੇ ਘੁਰਾੜ੍ਹੇ ਬੇਨੇਰੇ ਟੱਪ ਰਹੇ ਸਨ। ਉਹ ਬੇਫ਼ਿਕਰੀ ਵਿਚ ਅਹਿਲ ਪਿਆ ਸੀ। ਪ੍ਰੀਤੋ ਦੀ ਮਿੱਠੀ-ਮਿੱਠੀ
ਯਾਦ ਨੂੰ ਬਾਂਹਾਂ ਵਿਚ ਸਮੋਈ।
ਸਵੇਰੇ ਪਾਠੀ ਸਿੰਘ ਦੀ ਮਿੱਠੀ ਸੁਰ ਨਾਲ਼ ਹਰਦੇਵ ਦੀ ਜਾਗ ਖੁੱਲ੍ਹੀ।
ਪਾਠੀ ਸਿੰਘ ਨੇ ਹੁਕਮਨਾਮਾ ਲਿਆ।
ਰਾਗੁ ਬਿਹਾਗੜਾ ਮਹਲਾ 4
ਅੰਮ੍ਰਿਤ ਹਰਿ ਕਾ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤ ਗੁਰਮਤਿ ਪਾਏ ਰਾਮ॥
ਹਾਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਇ ਰਾਮ॥
ਮਨੁ ਸੁਕਾ ਹਰਿਆ ਹਰਿਆ ਮੇਰੀ ਜਿੰਦੁੜੀਏ ਹਰਿ ਹਰਿ ਨਾਮੁ ਧਿਆਏ ਰਾਮ॥
ਹਰਿ ਭਾਗ ਵਡੇ ਲਿਖਿ ਪਾਇਆ ਮੇਰੀ ਜਿੰਦੁੜੀਏ ਜਨ ਨਾਨਕ ਨਾਮ ਸਮਾਏ ਰਾਮ॥....
ਹਰਦੇਵ ਉਠ ਕੇ ਬੈਠ ਗਿਆ। ਉਸ ਨੇ ਪਿਛਲੀ ਨਿੰਮ ਨਾਲੋਂ ਦਾਤਣ ਤੋੜ ਲਈ। ਦਾਤਣ ਕਰ ਕੇ ਅਤੇ ਫਿਰ ਨਹਾ
ਕੇ ਉਹ ਗੁਰਦੁਆਰੇ ਚਲਾ ਗਿਆ। ਪਤਾ ਨਹੀਂ ਕਿੰਨਾ ਚਿਰ ਉਹ ਗੁਰੂ ਤਾਬਿਆ ਵਿਚ ਬੈਠਾ ਧੁਰ ਕੀ ਬਾਣੀਂ
ਸਰਵਣ ਕਰਦਾ ਰਿਹਾ। ਫਿਰ ਆਸਾ ਦੀ ਵਾਰ ਦਾ ਕੀਰਤਨ ਹੋਇਆ। ਪਵਿੱਤਰ ਗੁਰਬਾਣੀ ਅਤੇ ਕੀਰਤਨ ਕਿਰਪਾ
ਸਦਕਾ ਉਸ ਦੇ ਕੰਨਾਂ ਵਿਚ ਕੋਈ ਗ਼ੈਬੀ ਅੰਮ੍ਰਿਤ ਰਸ ਘੁਲ਼ਦਾ ਜਾ ਰਿਹਾ ਸੀ। ਅੱਜ ਜ਼ਿੰਦਗੀ ਵਿਚ ਉਸ ਨੂੰ
ਪਹਿਲੀ ਵਾਰ ਇੰਜ ਮਹਿਸੂਸ ਹੋਇਆ। ਜਿਵੇਂ ਉਹ ਕੋਈ ਸਵਰਗੀ ਨਜ਼ਾਰਾ ਮਾਣ ਰਿਹਾ ਹੋਵੇ! ਬੱਦਲ਼ਾਂ 'ਤੇ
ਬੈਠ ਉਡ ਰਿਹਾ ਹੋਵੇ! ਉਸ ਦੀ ਤਪਦੀ ਆਤਮਾ ਸੀਤ-ਸੀਤ ਹੁੰਦੀ ਜਾ ਰਹੀ ਸੀ। ਉਸ ਨੂੰ ਅਕਹਿ ਆਤਮਿਕ
ਆਨੰਦ ਮਿਲਿਆ ਸੀ। ਬਲ਼ਦੀ ਧੁਖ਼ਦੀ ਅਤੇ ਭੜਕਦੀ ਆਤਮਾ ਨੇ ਜਿਵੇਂ ਪਹਿਲੀ ਵਾਰ ਕੋਈ ਸਥਿਰਤਾ ਪਕੜੀ ਸੀ।
ਦੁਨੀਆਂ ਦੇ ਝਮੇਲਿਆਂ ਦੇ ਸਾਗਰ ਦੀਆਂ ਕਪੜਛੱਲਾਂ ਵਿਚ ਡੁੱਬਦਿਆਂ, ਉਸ ਨੂੰ ਪਹਿਲੀ ਵਾਰ ਕੋਈ
ਕਿਨਾਰਾ ਨਜ਼ਰੀਂ ਪਿਆ ਸੀ। ਗੁਰਦੁਆਰਿਓਂ ਹੀ ਉਸ ਨੇ ਚਾਹ ਪੀਤੀ ਅਤੇ ਦੇਗ ਲੈ ਕੇ ਘਰੇ ਆ ਗਿਆ।
ਸੂਰਜ ਚੜ੍ਹਨ ਸਾਰ ਹੀ ਪ੍ਰੀਤੋ ਆ ਗਈ। ਹੱਥ ਵਿਚ ਉਸ ਦੇ ਚਾਹ ਵਾਲ਼ੀ ਗੜਵੀ ਸੀ। ਇਕ ਹੱਥ ਵਿਚ ਸਟੀਲ
ਦਾ ਗਿਲਾਸ ਫੜਿਆ ਹੋਇਆ ਹੋਇਆ ਸੀ।
-''ਅਜੇ ਹੁਣੇਂ ਈ ਉਠਿਐਂ?'' ਉਸ ਨੇ ਗੜਵੀ ਵਿਚੋਂ ਚਾਹ ਪਾਉਂਦੀ ਨੇ ਪੁੱਛਿਆ।
-''ਨਹੀਂ, ਮੈਂ ਤਾਂ ਉਠਿਐਂ ਕੋਈ ਚਾਰ ਵਜੇ ਦਾ!''
-''ਚਾਰ ਵਜੇ ਦਾ...? ਜੈ ਖਾਣੀਂ, ਕੋਈ ਨ੍ਹਾਈ ਧੋਈ ਕਰਨੀਂ ਸੀ?''
ਹਰਦੇਵ ਹੱਸ ਪਿਆ।
-''ਨ੍ਹਾਈਆਂ ਧੋਈਆਂ ਅਜੇ ਮੈਂ ਕਰੀ ਜਾਊਂਗਾ? ਹੁਣ ਤਾਂ ਅੱਗੇ ਜਾ ਕੇ ਨ੍ਹਾਈ ਧੋਈ ਹੋਊ, ਪ੍ਰੀਤੋ!''
-''ਨਿਰਨੇ ਕਾਲ਼ਜੇ ਤਾਂ ਕੋਈ ਚੱਜ ਦਾ ਬਚਨ ਕੱਢਲਾ, ਮੂੰਹੋਂ!''
-''ਸਵੇਰੇ ਉਠ ਕੇ ਗੁਰਦੁਆਰੇ ਗਿਆ ਸੀ-ਆਹ ਲੈ ਦੇਗ਼!''
-''ਆਹ ਤਾਂ ਤੂੰ ਬੜਾ ਵਧੀਆ ਕੀਤਾ-ਧੰਨ ਵਾਹਿਗੁਰੂ...!'' ਉਸ ਨੇ ਦੇਗ ਲੈ ਲਈ।
-''ਪ੍ਰੀਤੋ...! ਤੇਰਾ ਅੰਮ੍ਰਿਤ ਛਕਣ ਬਾਰੇ ਕੀ ਖ਼ਿਆਲ ਐ?'' ਉਸ ਨੇ ਚਾਹ ਪੀਂਦਿਆਂ ਪੁੱਛਿਆ।
-''ਵੇ ਦੇਵ! ਸੱਚ ਜਾਣੀਂ, ਮੈਂ ਤਾਂ ਕਦੋਂ ਦੀ ਫਿਰਦੀ ਐਂ...! ਪਰ ਕੋਈ ਬਿਧ ਈ ਨ੍ਹੀ ਬਣੀਂ! ਓਸ
ਗੱਲ ਦੇ ਆਖਣ ਮਾਂਗੂੰ, ਕਰਮ ਮਾੜੇ...?''
-''ਛੱਡ ਕਰਮਾਂ ਨੂੰ...! ਚੱਲ ਆਪਾਂ ਦੋਵੇਂ ਛਕਦੇ ਐਂ! ਨਾਲ਼ੇ ਤੂੰ ਮੇਰੀ ਕੱਲ੍ਹ ਆਲ਼ੀ ਬਾਤ 'ਤੇ ਕੋਈ
ਕੰਨ ਧਰਿਆ? ਜਾਂ ਮੈਂ ਐਵੇਂ ਈ ਜਰਬਾਂ ਤਕਸੀਮਾਂ ਕਰਦਾ ਰਿਹਾ?''
-''ਸੋਚਦੀ ਤਾਂ ਦੇਵ ਮੈਂ ਵੀ ਤੇਰੇ ਆਲ਼ੀ ਗੱਲ ਈ ਐਂ! ਸੱਚ ਜਾਣੀਂ, ਜੁਆਨੀ ਦੇ ਵੇਲੇ ਤਾਂ ਰੁਲ਼ ਖੁਲ਼
ਕੇ ਕੱਢ ਲਏ-ਪਰ ਗੱਲ ਤੇਰੀ ਸੱਚੀ ਐ! ਬੁੜ੍ਹਾਪੇ 'ਚ ਮੰਜੇ 'ਤੇ 'ਕੱਲੇ ਪਏ ਕੁੱਤੇ ਮਾਂਗੂੰ ਚੂਕੀ
ਜਾਮਾਂਗੇ! ਪਰ ਗੱਲ ਇੱਕ ਹੋਰ ਐ!''
-''ਉਹ ਕੀ...? ਹੁਣ ਕੋਈ ਨਵਾਂ ਸੱਪ ਨਾ ਟੋਕਰੇ ਹੇਠੋਂ ਕੱਢ ਲਈਂ?''
-''ਵੇ ਨਹੀਂ ਕੱਢਦੀ! ਮੈਨੂੰ ਕਿਸੇ ਸ਼ਹਿਰ ਸ਼ੂਹਰ ਭਾਵੇਂ ਲੈ ਚੱਲੀਂ-ਪਰ ਮੈਂ ਤੇਰੇ ਬਲੈਤ ਬਲੂਤ ਜਮਾਂ
ਨ੍ਹੀ ਜਾਣਾ-ਤੇ ਨਾ ਰਹਾਂ ਪਿੰਡ 'ਚ! ਸੱਚ ਜਾਣੀਂ, ਲੋਕਾਂ ਦੀਆਂ ਭੈੜ੍ਹੀਆਂ ਝਾਕਣੀਆਂ ਮੈਥੋਂ ਤਾਂ
ਨ੍ਹੀ ਜਰੀਆਂ ਜਾਣੀਆਂ! ਬਥੇਰੇ ਹਨੋਰੇ ਸਹੇ ਲੋਕਾਂ ਦੇ!''
-''ਆਪਾਂ ਪਿੰਡ ਰਹਿਣਾ ਈ ਨ੍ਹੀ-ਤੇ ਨਾ ਰਹਿਣੈਂ ਵਲੈਤ! ਆਪਾਂ ਆਹ ਘਰ ਤਾਂ ਰੱਖਾਂਗੇ, ਇਉਂ ਈ!
ਇਹਨੂੰ ਤਾਂ ਨ੍ਹੀ ਮੈਂ ਆਬਦੇ ਮਰਨ ਤੱਕ ਵੇਚਦਾ! ਪਿੱਛੋਂ ਜੋ ਰੱਬ ਨੂੰ ਮਨਜੂਰ! ਆਪਾਂ ਸ਼ਹਿਰ ਇਕ
ਕੋਠੀ ਲੈਲਾਂਗੇ-ਉਥੇ ਰਹਾਂਗੇ! ਤੇ ਛੇ ਕੁ ਮਹੀਨਿਆਂ ਬਾਅਦ ਮਾਰਿਆ ਕਰਾਂਗੇ ਵਲੈਤ ਗੇੜਾ?''
-''ਇਹ ਗੱਲ ਸਰਾਸਰ ਝੂਠੀ...! ਮੈਂ ਆਹ ਉਮਰ ਜਹਾਜ ਚੜ੍ਹਦੀ ਚੰਗੀ ਲੱਗੂੰ? ਮੈਨੂੰ ਤਾਂ ਜਹਾਜ ਆਲ਼ੇ
ਦੇਖ ਕੇ ਭੱਜ ਜਾਣਗੇ? ਬਈ ਆਹ ਪੇਂਡੂ ਬੇਬੇ ਪਤਾ ਨ੍ਹੀ ਕੌਣ ਆਗੀ?'' ਪ੍ਰੀਤੋ ਨਾਲ਼ ਹਰਦੇਵ ਵੀ ਹੱਸ
ਪਿਆ।
-''ਆਪਾਂ ਆਪਣੇ ਮਕਾਨਾਂ ਦਾ ਕਿਰਾਇਆ ਵਸੂਲਣੈਂ-ਤੇ ਦੋ ਤਿੰਨ ਮਹੀਨੇ ਉਥੇ ਰਹਿ ਕੇ ਮੁੜ ਆਇਆ
ਕਰਾਂਗੇ!''
-''ਤੇ ਅੰਮ੍ਰਿਤ ਬਾਰੇ ਤੂੰ ਫਿਰ ਚੁੱਪ ਈ ਵੱਟ ਗਿਆ? ਕਿਤੇ ਫੇਰ ਤਾਂ ਨ੍ਹੀ ਮਨ ਮੋੜ ਲਿਆ? ਮਨ ਬੜਾ
ਸ਼ੈਤਾਨ ਹੁੰਦੈ!''
-''ਛਕਣਾ ਕਿੱਥੋਂ ਐਂ?''
-''ਜਿੱਥੋਂ ਮਰਜੀ ਹੋਇਆ! ਅੰਮ੍ਰਿਤ ਤਾਂ ਗੁਰੂ ਕਲਗੀਆਂ ਆਲ਼ੇ ਦਾ ਈ ਐ?''
-''ਆਪਾਂ ਇਉਂ ਕਰਦੇ ਐਂ! ਹਜੂਰ ਸਾਹਿਬ ਚੱਲਦੇ ਆਂ-ਨਾਲ਼ੇ ਦਰਸ਼ਣ ਕਰ ਆਵਾਂਗੇ-ਤੇ ਨਾਲ਼ੇ ਅੰਮ੍ਰਿਤਪਾਨ
ਕਰ ਲਵਾਂਗੇ?''
-''ਇਹ ਵੀ ਠੀਕ ਐ! ਜਿਹੜੀ ਆਹ ਜੂਨ ਸੀ-ਉਹ ਤਾਂ ਔਖੀ ਸੌਖੀ ਭੋਗ ਲਈ-ਹੁਣ ਅੱਗਾ ਤਾਂ ਸਮਾਰੀਏ।''
-''ਗੁਰੂ ਵੱਲੋਂ ਤਾਂ ਸੱਚੇ ਹੋ ਜਾਈਏ? ਤੇ ਨਾਲ਼ੇ ਓਥੇ...!''
-''ਕੀ ਓਥੇ? ਤੂੰ ਚੁੱਪ ਜਿਆ ਕਾਹਤੋਂ ਕਰ ਗਿਆ...? ਬੋਲ ਤਾਂ ਸਈ ਕੁਛ!''
-''ਤੇ ਨਾਲ਼ੇ...ਓਥੇ ਆਪਾਂ ਆਨੰਦ ਕਾਰਜ ਕਰਲਾਂਗੇ?''
-''ਵੇ ਦੇਵ...! ਸੱਚ ਜਾਣੀਂ, ਤੂੰ ਤਾਂ ਮਸਤ ਬੋਤੇ ਮਾਂਗੂੰ ਬਾਹਲ਼ੇ ਰੰਗ ਰਾਗ ਬਦਲਦੈਂ! ਮੈਨੂੰ ਤਾਂ
ਆਉਂਦੀ ਐ, ਸੰਗ!''
-''ਆਹੋ...! ਤੇਰੀ ਉਮਰ ਈ ਸੰਗਾਊਆਂ ਆਲ਼ੀ ਐ!''
-''ਵੇ ਤੂੰ ਹੁਣ ਚਾਹ ਪੀਣੀਂ ਐਂ? ਜਾਂ ਮੈਥੋਂ ਖੌਸੜੇ ਖਾਣੇ ਐਂ...? ਤੂੰ ਬੁੜ੍ਹਾ ਹੋ ਚੱਲਿਆ-ਪਰ
ਤੇਰੀ ਲਿਵਤਰੇ ਖਾਣ ਦੀ ਆਦਤ ਨਾ ਗਈ?''
ਗੱਲਾਂ ਕਰਦਿਆਂ ਨੇ ਉਹਨਾਂ ਰੋਟੀ ਵੇਲ਼ਾ ਕਰ ਦਿੱਤਾ।
ਸੁਖਦੇਵ ਰੋਟੀ ਲੈ ਕੇ ਆ ਗਿਆ।
-''ਤੂੰ ਗਿਆ ਨ੍ਹੀ ਅੱਜ, ਨਿੱਕਿਆ?''
-''ਕਿੱਥੇ ਬਾਈ...?''
-''ਜਿੱਥੇ ਤੈਨੂੰ ਮੈਂ ਰਾਤ ਆਖਿਆ ਸੀ? ਰਮਣੀਕ ਕੋਲ਼ੇ?''
-''ਓਥੇ ਤੇਰੀ ਭਰਜਾਈ ਨੂੰ ਭੇਜਤਾ, ਮੈਂ! ਮੇਰਾ ਪਿੱਛੇ ਨ੍ਹੀ ਸਰਦਾ ਸੀ।''
-''ਆਪਾਂ ਪਰਸੋਂ ਹਜੂਰ ਸਾਹਿਬ ਜਾਣੈਂ! ਇਕ ਵੱਡੀ ਵੈਨ ਕਿਰਾਏ 'ਤੇ ਆਖ ਦੇਈਂ!''
-''ਉਹ ਤਾਂ ਮੈਂ ਆਪਣੇ ਪਿੰਡ ਆਲ਼ੇ ਫ਼ੌਜੀ ਨੂੰ ਈ ਆਖ ਦਿੰਨੈਂ! ਕਿੰਨੇ ਬੰਦੇ ਐ?''
-''ਬੰਦੇ ਆਪਾਂ ਕਿਹੜੇ ਐਂ? ਦੋ ਤੁਸੀਂ-ਇਕ ਪ੍ਰੀਤੋ ਤੇ ਰਮਣੀਕ! ਪੰਜ ਤਾਂ ਸਾਰੇ ਜਾਣੇ ਐਂ, ਆਪਾਂ?
ਪੱਠਿਆਂ ਪੁੱਠਿਆਂ ਦਾ ਜੁਗਾੜ ਕਰ ਚੱਲੀਂ! ਦੋ ਚਾਰ ਦਿਨ ਲੱਗ ਜਾਣੇਂ ਐਂ ਆਪਾਂ ਨੂੰ!''
-''ਉਹ ਕੋਈ ਫ਼ਿਕਰ ਨ੍ਹੀ ਬਾਈ...! ਸੀਰੀ ਹੈਗਾ!''
ਪੰਜਵੇਂ ਦਿਨ ਸਾਝਰੇ ਹੀ ਉਹ ਹਜੂਰ ਸਾਹਿਬ ਪਹੁੰਚ ਗਏ। ਬੜੀ ਸ਼ਰਧਾ ਭਾਵਨਾ ਨਾਲ ਉਹਨਾਂ ਨੇ ਸਾਰੇ
ਅਸਥਾਨਾਂ ਦੇ ਦਰਸ਼ਣ ਕੀਤੇ। ਇਸ਼ਨਾਨ ਕੀਤਾ। ਸਿਆਲ਼ਕੋਟ ਦੇ ਮੂਲ਼ੇ ਖੱਤਰੀ ਦੇ ਆਧਾਰ ਵਾਲ਼ੀ ਜਗਾਹ, ਸ਼ਿਕਾਰ
ਘਾਟ ਦੇ ਦਰਸ਼ਣ ਕਰਕੇ ਸਾਰੇ ਹੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ਼ ਭਰ ਗਏ। ਪ੍ਰੀਤੋ ਅਤੇ ਹਰਦੇਵ ਨੇ ਤਾਂ
ਅੰਮ੍ਰਿਤਪਾਨ ਕਰਨਾ ਹੀ ਸੀ। ਪਰ ਉਹਨਾਂ ਨੂੰ ਦੇਖ ਕੇ ਰਮਣੀਕ, ਸੁਖਦੇਵ ਅਤੇ ਉਸ ਦੀ ਘਰਵਾਲ਼ੀ ਨੇ ਵੀ
ਅੰਮ੍ਰਿਤ ਛਕ ਲਿਆ ਅਤੇ ਸਾਰੇ ਗੁਰੂ ਵਾਲ਼ੇ ਬਣ ਗਏ। ਸਾਰਿਆਂ ਦੀ ਸਹਿਮਤੀ ਨਾਲ਼ ਹੀ ਪ੍ਰੀਤੋ ਅਤੇ
ਹਰਦੇਵ ਦਾ ਆਨੰਦ ਕਾਰਜ ਹੋ ਗਿਆ।
-''ਲੈ ਪ੍ਰੀਤੋ...! ਅੱਜ ਤੋਂ ਤੇਰਾ ਤੇ ਮੇਰਾ ਆਹ ਪੁੱਤ ਐ, ਰਮਣੀਕ! ਟੇਕ ਗੁਰੂ ਮਹਾਰਾਜ ਅੱਗੇ
ਮੱਥਾ! ਕਰ ਗੁਰੂ ਦਾ ਧੰਨਵਾਦ ਤੇ ਗੁਰੂ ਮਹਾਰਾਜ ਤੋਂ ਛੁੱਟੀਆਂ ਲਈਏ!'' ਹਰਦੇਵ ਦੇ ਆਖਣ 'ਤੇ ਗੁਰੂ
ਹਜੂਰੀ ਵਿਚ ਹੀ ਪ੍ਰੀਤੋ ਨੇ ਰਮਣੀਕ ਨੂੰ ''ਆ ਮੇਰਾ ਪੁੱਤ...!'' ਆਖ ਬੁੱਕਲ਼ ਵਿਚ ਲੈ ਲਿਆ। ਉਹ
ਗੁਰੂ ਦੁਆਰੇ ਆ ਕੇ ਜਿਵੇਂ ਸਾਰੀ ਦੀ ਸਾਰੀ ਭਰਪੂਰ ਹੋ ਗਈ ਸੀ। ਕਿਸੇ ਗੱਲੋਂ ਊਣੀਂ ਨਹੀਂ ਰਹੀ ਸੀ।
ਗੁਰੂ ਮਹਾਰਾਜ ਨੇ ਉਸ ਨੂੰ ਸਾਰਾ ਕੁਝ ਹੀ ਤਾਂ ਬਖ਼ਸ਼ ਦਿੱਤਾ ਸੀ! ਉਹ ਸਾਰੇ 'ਅਧੂਰੇ' ਆਏ ਸਨ ਅਤੇ
ਹੁਣ ਗੁਰੂ ਲੜ ਲੱਗ ਕੇ 'ਸੰਪੂਰਨ' ਹੋ ਚੱਲੇ ਸਨ। ਹਰਦੇਵ ਅਤੇ ਪ੍ਰੀਤੋ 'ਦੋ ਮੂਰਤ' ਆਏ ਸਨ ਅਤੇ
ਹਜੂਰ ਸਾਹਿਬ ਆ ਕੇ ਉਹ 'ਏਕ ਜੋਤਿ' ਬਣ ਚੱਲੇ ਸਨ। ਗੁਰੂ ਨੇ ਉਹਨਾਂ ਨੂੰ ਪੁੱਤਰ ਰਮਣੀਕ ਵੀ ਬਖ਼ਸ਼
ਦਿੱਤਾ ਸੀ। ਸਾਰੇ ਗੁਰੂ ਦਾ ਸ਼ੁਕਰਾਨਾ ਅਤੇ ''ਸਤਿਨਾਮੁ - ਵਾਹਿਗੁਰੂ'' ਦਾ ਜਾਪ ਕਰਦੇ ਪੰਜਾਬ ਵੱਲ
ਨੂੰ ਤੁਰ ਪਏ...! ਜੀਵਨ ਦਾ ਸੰਕਟ ਦੌਰ ਖ਼ਤਮ ਹੋ ਗਿਆ ਸੀ...!
-ਸਮਾਪਤ-