ਨਾਵਲ
ਹਾਜੀ ਲੋਕ ਮੱਕੇ ਵੱਲ ਜਾਂਦੇ
ਸ਼ਿਵਚਰਨ
ਜੱਗੀ ਕੁੱਸਾ
ਕਾਂਡ 15
ਦੀਪ ਇੰਗਲੈਂਡ ਪਹੁੰਚ ਕੇ ਬਿਲਕੁਲ ਖ਼ੁਸ਼ ਨਹੀਂ ਸੀ! ਹਰਦੇਵ ਬੇਸਮੈਂਟ ਵਿਚ ਰਹਿੰਦਾ ਸੀ। ਉਹ ਘੁੱਟਵੇਂ
ਜਿਹੇ ਬੇਸਮੈਂਟ 'ਤੇ ਨੱਕ ਬੁੱਲ੍ਹ ਚੜ੍ਹਾਉਂਦੀ! ਮੁਸ਼ਕ ਆਉਣ ਦੀ ਸ਼ਕਾਇਤ ਕਰਦੀ। ਜੁੱਤੀਆਂ ਚੁੱਕ-ਚੁੱਕ
ਬਾਹਰ ਸੁੱਟਦੀ। ਉਹ ਹਰਦੇਵ ਨੂੰ ਨਿਹੋਰੇ ਦਿੰਦੀ। ਉਸ ਦੇ ਬਾਪ ਕੋਲ਼ ਤਾਂ ਇਕ ਵਿਸ਼ਾਲ ਕੋਠੀ ਸੀ। ਅੱਧੇ
ਕਿੱਲੇ ਦਾ ਗਾਰਡਨ ਸੀ। ਇਸ ਬੇਸਮੈਂਟ ਜਿੱਡੀ ਤਾਂ ਉਹਨਾਂ ਦੀ ਟੁਆਇਲਟ ਸੀ। ਉਸ ਨੇ ਹਰਦੇਵ 'ਤੇ ਵੱਡਾ
ਮਕਾਨ ਲੈਣ ਲਈ ਭਾਰੀ ਦਬਾਅ ਪਾ ਦਿੱਤਾ। ਉਸ ਦੀ ਸਖ਼ਤ ਸ਼ਰਤ ਸੀ ਕਿ ਜਾਂ ਤਾਂ ਹਰਦੇਵ ਕੋਈ ਵੱਡਾ ਮਕਾਨ
ਲੈ ਲਵੇ ਅਤੇ ਨਹੀਂ ਉਹ ਆਪਣੇ ਮਾਂ ਬਾਪ ਕੋਲ਼ ਇੰਡੀਆ ਵਾਪਿਸ ਚਲੀ ਜਾਵੇਗੀ! ਹਰਦੇਵ ਬੁਰੀ ਤਰ੍ਹਾਂ
ਨਾਲ਼ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਗਿਆ। ਉਹ ਦੀਪ ਅੱਗੇ ਸਾਹ ਵੀ ਨਾ ਕੱਢ ਸਕਦਾ। ਜੇ ਉਹ ਕੁਝ
ਸਮਝਾਉਣ ਜਾਂ ਕੁਝ ਆਖਣ ਦੀ ਕੋਸ਼ਿਸ਼ ਕਰਦਾ ਤਾਂ ਦੀਪ ਉਸ ਨੂੰ ਆਪਣੇ ਮਾਂ ਬਾਪ ਦੇ ਘਰ ਅਤੇ ਪੁਜ਼ੀਸ਼ਨ ਦਾ
ਪ੍ਰਮਾਣ ਦੇ ਕੇ ਬੋਲਤੀ ਬੰਦ ਕਰ ਦਿੰਦੀ! ਹਰਦੇਵ ਦਾ ਸਾਹ ਸੰਘ ਅੰਦਰ ਹੀ ਅੜਿਆ ਪਿਆ ਸੀ।
ਉਸ ਨੇ ਮਕਾਨ ਲੈਣ ਵਾਲ਼ਾ ਕੌੜਾ ਘੁੱਟ ਭਰਨਾ ਹੀ ਬਿਹਤਰ ਸਮਝਿਆ। ਜੇ ਘਰੇ ਹੀ ਸ਼ਾਂਤੀ ਨਹੀਂ ਸੀ, ਤਾਂ
ਕਿੱਥੇ ਚੁੱਕ ਕੇ ਲੈ ਜਾਣਾ ਸੀ ਪੈਸਾ? ਜਿਹੜੇ ਪੈਸੇ ਉਹਦੇ ਕੋਲ਼ ਪਏ ਸਨ। ਉਹ ਉਸ ਨੇ ਡਿਪੌਜ਼ਿਟ ਦੇ
ਦਿੱਤੇ ਅਤੇ ਦੋ ਲੱਖ ਪੌਂਡ ਦਾ ਮਕਾਨ ਲੈ ਲਿਆ। ਤਿੰਨ ਕਮਰਿਆਂ ਦਾ ਮਕਾਨ। ਬੇਸਮੈਂਟ ਦਾ ਕਿਰਾਇਆ ਉਹ
ਸਿਰਫ਼ ਤਿੰਨ ਸੌ ਪੌਂਡ ਮਹੀਨਾ ਦਿੰਦਾ ਸੀ। ਪਰ ਹੁਣ ਉਸ ਨੂੰ ਸਾਢੇ ਅੱਠ ਸੌ ਪੌਂਡ ਮਹੀਨੇ ਦੀ ਮੌਰਗੇਜ਼
ਭਰਨੀ ਪੈਂਦੀ ਅਤੇ ਇਕ ਸੌ ਦਸ ਪੌਂਡ ਕੌਂਸਲ ਟੈਕਸ...! ਇਕ ਤਰ੍ਹਾਂ ਨਾਲ ਹਜ਼ਾਰ ਪੌਂਡ ਸਿੱਧਾ ਹੀ
ਚੰਡੋਲ 'ਤੇ ਚੜ੍ਹ ਜਾਂਦਾ। ਦੀਪ ਦਾ ਖਰਚਾ ਵੀ ਸ਼ਾਹੀ ਸੀ। ਸ਼ਾਹੀ ਕੀ...? ਅੰਨ੍ਹਾਂ ਖਰਚਾ ਸੀ...!
ਹਰਦੇਵ ਦਿਨ ਰਾਤ ਕੰਮ ਕਰਦਾ ਅਤੇ ਐਤਵਾਰ ਨੂੰ ਉਹ ਸਿਰਫ਼ ਇਕ ਦਿਨ ਹੀ ਵਿਹਲਾ ਹੁੰਦਾ ਅਤੇ ਦੀਪ ਨੂੰ
ਤੋਰਨ ਫੇਰਨ ਲੈ ਜਾਂਦਾ। ਉਹ ਸਾਰਾ ਦਿਨ ਬਾਹਰ ਹੀ ਬਿਤਾਉਂਦੇ। ਦੀਪ ਅਨੁਸਾਰ ਉਹ 'ਪਿਕਨਿਕ' ਮਨਾਉਂਦੇ
ਸਨ। ਪਰ ਹਰਦੇਵ ਦੇ ਭਾਅ ਦੀ ਤਾਂ ਕੁਰਕੀ ਹੋ ਰਹੀ ਸੀ। ਬੱਕਰੇ ਦੀ ਜਾਨ ਜਾ ਰਹੀ ਸੀ। ਪਰ ਖਾਣ ਵਾਲ਼ੇ
ਨੂੰ ਸੁਆਦ ਨਹੀਂ ਆ ਰਿਹਾ ਸੀ। ਉਹ ਪਲ-ਪਲ, ਕਤਰਾ-ਕਤਰਾ ਹੋ ਕੇ ਮਰ ਰਿਹਾ ਸੀ। ਦੀਪ ਨਾਲ਼ ਵਿਆਹ ਕਰਵਾ
ਕੇ ਉਸ ਦੇ ਗਲ਼ ਵਿਚ ਗਲ਼ਘੋਟੂ ਫ਼ਸ ਗਿਆ ਸੀ। ਨਾ ਉਸ ਨੂੰ ਅੰਦਰ ਲੰਘਾ ਸਕਦਾ ਸੀ ਅਤੇ ਅਤੇ ਨਾ ਹੀ ਬਾਹਰ
ਖਿੱਚ ਸਕਦਾ ਸੀ। ਉਸ ਦੀ ਹਾਲਤ ਤਰਸਯੋਗ ਬਣੀ ਪਈ ਸੀ। ਦੀਪ ਪੈਸੇ ਦੀ ਪ੍ਰਵਾਹ ਹੀ ਨਹੀਂ ਕਰਦੀ ਸੀ!
ਉਹ ਪੈਸਾ ਖਰਚਦੀ ਨਹੀਂ, ਉਡਾਉਂਦੀ ਸੀ...!
ਰੋਟੀ ਦੀਪ ਪਕਾ ਕੇ ਰਾਜ਼ੀ ਨਹੀਂ ਸੀ। ਨਾ ਹੀ ਉਸ ਨੂੰ ਰੋਟੀ ਪਕਾਉਣੀ ਹੀ ਆਉਂਦੀ ਸੀ। ਜੇ ਹਰਦੇਵ ਉਸ
ਨੂੰ ਦਾਲ ਸਬਜ਼ੀ ਬਣਾਉਣੀ ਜਾਂ ਰੋਟੀ ਪਕਾਉਣੀ ਸਿਖਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ, ''ਆਈ ਡੋਂਟ
ਕੇਅਰ...!'' ਆਖ ਕੇ ਹਰਦੇਵ ਨੂੰ ਮੂਰਖ ਸਮਝ ਕੇ ਹੱਸਦੀ। ਉਸ ਨੂੰ ਰੋਟੀ ਪਕਾਉਣ ਦਾ ਕੋਈ ਚਾਅ ਨਹੀਂ
ਸੀ, ਜਾਂ ਇਰਾਦਾ ਹੀ ਨਹੀਂ ਸੀ। ਉਹ ਤਾਂ ਐਸ਼ ਕਰਨ ਵਾਸਤੇ ਪੈਦਾ ਹੋਈ ਸੀ ਅਤੇ ਉਸ ਨੇ ਐਸ਼ ਹੀ ਕਰਨੀ
ਸੀ। ਜਾਂ ਤਾਂ ਉਹਨਾਂ ਨੂੰ 'ਟੇਕ-ਅਵੇ' ਵਾਲ਼ਿਆਂ ਤੋਂ ਰੋਟੀ ਮੰਗਵਾਉਣੀ ਪੈਂਦੀ ਅਤੇ ਜਾਂ ਦੀਪ ਕਿਸੇ
ਰੈਸਟੋਰੈਂਟ ਵਿਚ ਖਾਣਾ, ਖਾਣਾਂ ਪਸੰਦ ਕਰਦੀ। ਆਰਥਿਕ ਪੱਖੋਂ ਹਰਦੇਵ ਦੀ ਦਿਨੋ ਦਿਨ ਬੱਸ ਹੁੰਦੀ ਜਾ
ਰਹੀ ਸੀ। ਪਰ ਦੀਪ ਮੋਢਿਆਂ ਉਤੋਂ ਦੀ ਥੁੱਕਣ ਦੀ ਆਦੀ ਸੀ।
ਜਦੋਂ ਹਰਦੇਵ ਕੰਮ 'ਤੇ ਚਲਾ ਜਾਂਦਾ ਤਾਂ ਦੀਪ ਫ਼ੋਨ ਨੂੰ ਹੀ ਚਿੰਬੜੀ ਰਹਿੰਦੀ। ਕਿਸ ਨਾਲ਼ ਗੱਲ ਕਰਦੀ
ਸੀ...? ਇਸ ਦਾ ਹਰਦੇਵ ਨੂੰ ਕੋਈ ਪਤਾ ਨਹੀਂ ਸੀ! ਹਰਦੇਵ ਹੀ 'ਹੂਵਰ' ਕਰਦਾ। ਹਰਦੇਵ ਹੀ ਘਰ ਦੀ
ਸਫ਼ਾਈ ਕਰਦਾ। ਹਰਦੇਵ ਹੀ ਭਾਂਡੇ ਧੋਂਦਾ। ਹਰਦੇਵ ਹੀ 'ਰੱਬਿਸ਼' ਬਾਹਰ ਰੱਖਦਾ। ਹਰਦੇਵ ਹੀ ਖ਼ਰੀਦਾ
ਫ਼ਰੋਖ਼ਤੀ ਕਰ ਕੇ ਲਿਆਉਂਦਾ। ਹੁਣ ਕੰਮ ਵੀ ਹਰਦੇਵ ਨੂੰ ਦੇਹ ਤੋੜ ਕੇ ਕਰਨਾ ਪੈਂਦਾ ਸੀ। ਉਸ ਨੂੰ ਸਾਰੇ
ਖਰਚੇ ਹੀ ਢਕਣੇ ਪੈਂਦੇ। ਕੋਈ ਬਾਹਰਲੀ 'ਜੌਬ' ਤਾਂ ਉਸ ਨੇ ਕੀ ਸੁਆਹ ਕਰਨੀ ਸੀ? ਉਹ ਤਾਂ ਘਰਦੇ
ਭਾਂਡੇ ਧੋ ਕੇ ਰਾਜੀ ਨਹੀਂ ਸੀ। ਹੱਥ ਹਿਲਾ ਕੇ ਰਾਜ਼ੀ ਨਹੀਂ ਸੀ। ਹਰਦੇਵ ਦੇ ਨੱਕ ਵਿਚ ਦਮ ਆਇਆ ਪਿਆ
ਸੀ। ਉਸ ਲਈ ਸਾਰੇ ਰਸਤੇ ਬੰਦ ਹੋ ਚੁੱਕੇ ਸਨ। ਕਿਸੇ ਪਾਸੇ ਭੱਜਣ ਨੂੰ ਰਸਤਾ ਨਹੀਂ ਲੱਭਦਾ ਸੀ।
ਇਕ ਦਿਨ ਜਦ ਹਰਦੇਵ ਰਾਤ ਨੂੰ ਨੌਂ ਵਜੇ ਕੰਮ ਤੋਂ ਆਇਆ, ਤਾਂ ਕਾਫ਼ੀ ਡਾਕ ਆਈ ਪਈ ਸੀ। ਠੰਢ ਦੇ ਦਿਨ
ਸਨ। ਥੱਕ ਕੇ ਚੂਰ ਹੋਏ ਹਰਦੇਵ ਨੇ ਬੋਤਲ ਖੋਲ੍ਹ ਕੇ ਡਾਕ ਪੜ੍ਹਨੀ ਸ਼ੁਰੂ ਕਰ ਦਿੱਤੀ। ਜਦ ਉਸ ਨੇ
ਟੈਲੀਫ਼ੋਨ ਦਾ ਬਿੱਲ ਦੇਖਿਆ ਤਾਂ ਉਸ ਦੇ ਹੋਸ਼ ਉਡ ਗਏ! ਸਿਰ ਨੂੰ ਘੁੰਮੇਰ ਚੜ੍ਹੀ! ਸਰੀਰ ਵਿਚ ਝਰਨਾਹਟ
ਛਿੜ ਗਈ। ਟੈਲੀਫ਼ੋਨ ਦਾ ਬਿੱਲ ਗਿਆਰਾਂ ਸੌ ਪੌਂਡ ਦਾ ਆਇਆ ਪਿਆ ਸੀ! ਉਸ ਦਾ ਪੀਤਾ ਪੈੱਗ ਵੀ ਗੇੜਾ ਦੇ
ਕੇ ਲਹਿ ਗਿਆ। ਉਸ ਨੇ ਬਿੱਲ ਦੇ ਅਗਲੇ ਪੰਨੇ ਤੋਂ ਟੈਲੀਫ਼ੋਨ ਕੀਤੇ ਹੋਏ ਨੰਬਰਾਂ ਦੀ ਸੂਚੀ ਪੜ੍ਹੀ।
ਤਕਰੀਬਨ ਇਕੋ ਹੀ ਨੰਬਰ 'ਤੇ ਹਰ ਰੋਜ਼ ਦਸ-ਦਸ, ਪੰਦਰਾਂ-ਪੰਦਰਾਂ ਵਾਰ ਫ਼ੋਨ ਕੀਤਾ ਹੋਇਆ ਸੀ। ਉਹ
ਗੁੱਸੇ ਹੋਣ ਦੀ ਵਜਾਏ, ਹੈਰਾਨ ਰਹਿ ਗਿਆ! ਮੈਂ ਘਰਦਿਆਂ ਨੂੰ ਕਦੇ ਦਸਾਂ ਦਿਨਾਂ 'ਚ ਇਕ ਵਾਰ ਫ਼ੋਨ
ਨਹੀਂ ਕੀਤਾ। ਪਰ ਇਹ ਤਾਂ ਇਕ ਦਿਨ 'ਚ ਦਸ ਵਾਰ ਇਕੋ ਨੰਬਰ 'ਤੇ ਫ਼ੋਨ ਘੁੰਮਾਈ ਜਾਂਦੀ ਐ! ਉਸ ਨੇ
ਦੂਜਾ ਪੈੱਗ ਪਾ ਕੇ ਦੀਪ ਨੂੰ ਥੱਲੇ ਬੁਲਾ ਲਿਆ। ਉਹ ਉਪਰ ਸਲੀਪਿੰਗ-ਰੂਮ 'ਚ ਬੜੇ ਅਰਾਮ ਨਾਲ਼ ਟੀ.
ਵੀ. ਦੇਖ ਰਹੀ ਸੀ।
-''ਦੀਪ...! ਆਹ ਐਨਾ ਫ਼ੋਨ ਤੂੰ ਕੀਤੈ...?''
-''ਹੋਰ ਘਰੇ ਹੈ ਵੀ ਕੌਣ...? ਮੈਂ ਈ ਕੀਤਾ ਹੋਣੈਂ?'' ਉਸ ਨੇ ਬੜੀ ਆਕੜ ਅਤੇ ਵਿਅੰਗ ਨਾਲ਼ ਉਤਰ
ਦਿੱਤਾ।
-''ਦੀਪ...! ਤੈਨੂੰ ਪਤੈ ਬਈ ਇੱਥੇ ਫ਼ੋਨ ਕਿੰਨਾ ਮਹਿੰਗੈ...?''
-''ਤੇ ਹੋਰ ਮੈਂ ਘਰੇ ਬੈਠੀ ਕੀ ਕਰਾਂ...?'' ਉਸ ਨੇ ਠੁਣਾਂ ਹਰਦੇਵ ਸਿਰ ਭੰਨਿਆਂ।
-''......।'' ਹਰਦੇਵ ਨਿਰੁੱਤਰ ਹੋ ਗਿਆ।
-''ਮੈਂ 'ਕੱਲੀ ਘਰੇ ਬੈਠੀ ਕਰਾਂ ਵੀ ਕੀ...?''
-''ਦੇਖ ਦੀਪ...! ਆਪਾਂ ਹੁਣ ਦੋ ਲੱਖ ਪੌਂਡ ਦਾ ਮਕਾਨ ਲਿਐ-ਹਜਾਰ ਪੌਂਡ ਸਿੱਧਾ ਈ ਮੌਰਗੇਜ ਤੇ
ਕੌਂਸਲ ਟੈਕਸ ਵਿਚ ਈ ਚਲਿਆ ਜਾਂਦੈ! ਬਾਕੀ ਕਾਰ ਦੀ ਇੰਸ਼ੋਰੈਂਸ ਵੀ ਐ-ਪੈਟਰੋਲ ਦਾ ਖਰਚਾ ਵੀ ਐ-ਬਿਜਲੀ
ਦਾ ਖਰਚਾ-ਪਾਣੀ ਦਾ ਖਰਚਾ-ਆਪਣੇ ਖਾਣ ਪੀਣ ਦਾ ਖਰਚਾ-ਨਿਰੇ ਖਰਚੇ ਈ ਖਰਚੇ ਐ...! ਤੂੰ ਮਾੜਾ ਮੋਟਾ
ਸੰਭਲ਼ ਕੇ ਖਰਚਾ ਕਰਿਆ ਕਰ! ਇਉਂ ਤਾਂ ਆਪਣਾ ਦਿਵਾਲ਼ਾ ਨਿਕਲਜੂ...?''
-''ਕੋਈ ਫ਼ਿਕਰ ਨਾ ਕਰੋ...! ਮੈਂ ਪਾਪਾ ਜੀ ਤੋਂ ਮੰਗਵਾ ਦਿਊਂ!'' ਉਸ ਨੇ ਬੜੀ ਬੇਧਿਆਨੀ ਨਾਲ਼ ਉਤਰ
ਮੋੜਿਆ।
-''ਪਾਪਾ ਜੀ ਤੋਂ ਆਪਾਂ ਪੈਸੇ ਮੰਗਵਾਉਂਦੇ ਚੰਗੇ ਲੱਗਦੇ ਐਂ...?''
-''ਕਿਉਂ, ਫੇਰ ਕੀ ਹੋ ਗਿਆ...? ਹੁਣ ਤੱਕ ਮੈਂ ਪਾਪਾ ਜੀ ਦੇ ਸਿਰ 'ਤੇ ਈ ਤੋਤੇ ਉੜਾਏ ਐ! ਜੇ ਲੋੜ
ਪਈ ਤਾਂ ਆਪਾਂ ਪੈਸੇ ਮੰਗਵਾ ਲਵਾਂਗੇ!''
-''ਆਹ, ਐਨਾ ਫ਼ੋਨ ਤੂੰ ਕਰਦੀ ਕੀਹਨੂੰ ਐਂ...? ਇਹ ਤਾਂ ਦੱਸ? ਇਕੋ ਨੰਬਰ 'ਤੇ, ਇਕ ਦਿਨ 'ਚ ਦਸ ਦਸ
ਵਾਰੀ ਫ਼ੋਨ ਹੋਇਐ-ਆਹ ਦੇਖ ਲੈ...!'' ਉਸ ਨੇ ਸੂਚੀ ਅੱਗੇ ਕੀਤੀ।
-''ਮੈਂ ਫ਼ੋਨ ਕੀਤੇ ਐ-ਮੈਨੂੰ ਨਾ ਪਤਾ ਹੋਊ...?''
-''ਪਰ ਇਹ ਨੰਬਰ ਹੈ ਕੀਹਦਾ...? ਪਾਪਾ ਜੀ ਹੋਰਾਂ ਦਾ ਤਾਂ ਇਹ ਨੰਬਰ ਹੈਨ੍ਹੀ!''
-''ਇਹ ਮੇਰੀ ਪ੍ਰਾਈਵੇਸੀ ਐ...!'' ਉਸ ਨੇ ਇਕੋ ਵਿਚ ਹੀ ਨਬੇੜ ਦਿੱਤੀ।
-''ਕੀਹਨੂੰ ਫ਼ੋਨ ਕਰਦੀ ਐਂ? ਇਹ ਤਾਂ ਪਤਾ ਲੱਗਣਾ ਚਾਹੀਦੈ...? ਆਫ਼ਟਰ ਆਲ ਮੈਂ ਫਿਰ ਵੀ ਤੇਰਾ
ਹਸਬੈਂਡ ਐਂ!'' ਉਸ ਨੇ ਬੜੇ ਠੰਢੇ ਮਤੇ ਨਾਲ਼, ਸਮਝਾਉਣ ਵਾਲ਼ਿਆਂ ਵਾਂਗ ਪੁੱਛਿਆ।
-''ਜਰੂਰੀ ਦੱਸਣਾ ਪਊ...?'' ਉਹ ਲਾਚੜਿਆਂ ਵਾਂਗ ਬੋਲੀ।
-''ਮੈਂ ਤੈਨੂੰ ਮਜਬੂਰ ਨਹੀਂ ਕਰਦਾ...! ਪਰ ਜਨਰਲੀ ਗੱਲ ਈ ਪੁੱਛ ਰਿਹੈਂ!''
-''ਇਹ ਮੇਰਾ ਇਕ ਦੋਸਤ ਐ...! ਮੇਰੇ ਨਾਲ਼ ਕਾਲਜ ਵਿਚ ਪੜ੍ਹਦਾ ਹੁੰਦਾ ਸੀ...! ਬੜਾ ਰਾਈਸ ਮੁੰਡਾ
ਐ...! ਹੋਰ ਕੁਛ...?'' ਆਖ ਕੇ ਉਸ ਨੇ ਹਰਦੇਵ ਦੇ ਸਿਰ ਵਿਚ ਪੱਥਰ ਚਲਾ ਦਿੱਤਾ। ਉਹ ਸੋਚ ਰਿਹਾ ਸੀ
ਕਿ ਸਾਲ਼ੀ ਮੇਰੇ ਘਰਵਾਲ਼ੀ, ਮੈਨੂੰ ਆਪਣੇ ਦੋਸਤ ਮੁੰਡੇ ਬਾਰੇ ਬੜੇ ਮਾਣ ਨਾਲ਼ ਦੱਸ ਰਹੀ ਐ? ਇਹਨੂੰ
ਸਾਲ਼ੀ ਨੂੰ ਕੋਈ ਸ਼ਰਮ ਹਯਾ ਹੈ ਕਿ ਨਹੀਂ? ਉਹ ਮੇਰਾ ਸਾਲ਼ਾ ਜ਼ਰੂਰ ਇਹਦਾ ਯਾਰ ਹੋਊ...! ਇਹ ਵਿਆਹ ਤੋਂ
ਪਹਿਲਾਂ ਜ਼ਰੂਰ ਉਹਦੇ ਨਾਲ਼ ਰੰਗਰਲ਼ੀਆਂ ਮਨਾਉਂਦੀ ਰਹੀ ਹੋਊ...! ਜਿਹੜਾ ਇਹ ਹਰ ਤੀਜੇ ਮਹੀਨੇ ਵੱਖੋ
ਵੱਖਰੇ ਟੂਰ ਲਾਉਂਦੀ ਸੀ, ਉਸੇ ਭੈਣ ਦੇ ਖ਼ਸਮ ਦੀ ਬੁੱਕਲ਼ ਨਿੱਘੀ ਕਰਦੀ ਹੋਊ! ਉਸ ਦਾ ਦਿਮਾਗ ਰਾਕਟ
ਬਣਿਆਂ ਪਿਆ ਸੀ। ਪਰ ਉਹ ਸਰਾਸਰ ਸਮਾਈ ਤੋਂ ਕੰਮ ਲੈ ਰਿਹਾ ਸੀ।
-''ਤੇਰੀ ਇਹਦੇ ਨਾਲ਼ ਦੋਸਤੀ ਸੀ...?''
-''ਤੇ ਹੋਰ ਮੈਂ ਕੀ ਆਖੀ ਜਾਨੀ ਐਂ? ਗਹਿ ਗੱਡਵੀਂ ਦੋਸਤੀ...! ਇਹ ਮੇਰਾ ਕਾਲਜ ਦਾ ਜਿਗਰੀ ਦੋਸਤ ਐ!
ਹੁਣ ਮੈਨੂੰ ਬੋਰ ਨਾ ਕਰੋ...! ਮੈਂ ਤਾਂ ਚੱਲੀ ਆਂ ਸੌਣ...!'' ਤੇ ਉਹ ਮੱਖੀ ਵਾਂਗ 'ਭਿਣਨ-ਭਿਣਨ'
ਕਰਦੀ ਪੌੜੀਆਂ ਚੜ੍ਹ ਗਈ। ਹਰਦੇਵ ਅਨਾਥਾਂ ਵਾਂਗ ਬੈਠਾ ਸੀ। ਦੀਪ ਨੂੰ ਉਸ ਦੀ ਕੋਈ ਪ੍ਰਵਾਹ ਹੀ ਨਹੀਂ
ਸੀ। ਉਹ ਹਰਦੇਵ ਨੂੰ ਜੁੱਤੀ ਤੋਂ ਦੀ ਮਾਰਦੀ ਸੀ।
ਸਾਰੀ ਰਾਤ ਹਰਦੇਵ ਨੂੰ ਨੀਂਦ ਨਾ ਆਈ। ਉਹ ਬੈੱਡ ਵਿਚ ਪਲ਼ਸੇਟੇ ਹੀ ਮਾਰਦਾ ਰਿਹਾ। ਹੁਣ ਉਸ ਦੇ ਪਿੱਛੇ
ਖੂਹ ਅਤੇ ਅੱਗੇ ਖਾਤਾ ਸੀ। ਪਿੱਛੇ ਹੁਣ ਉਹ ਮੁੜ ਨਹੀਂ ਸਕਦਾ ਸੀ ਅਤੇ ਅੱਗੇ ਜਾਣ ਲੱਗੇ ਨੂੰ ਖ਼ਤਰਾ
ਹੀ ਖ਼ਤਰਾ ਸੀ। ਉਸ ਦੀ ਹਾਲਤ ਉਸ ਬਾਘੜ ਬਿੱਲੇ ਵਰਗੀ ਹੋਈ ਪਈ ਸੀ। ਜਿਸ ਦੇ ਪਿੱਛੇ ਗਿੱਦੜਮਾਰ ਅਤੇ
ਅੱਗੇ ਕੰਡਿਆਲ਼ੀ ਵਾੜ ਸੀ! ਜਾਵੇ, ਤਾਂ ਕਿੱਧਰ ਜਾਵੇ...? ਭੱਜੇ, ਤਾਂ ਕਿਹੜੀ ਕੂਟ ਨੂੰ ਭੱਜੇ...?
ਚਾਰੇ ਕੂਟਾਂ ਉਸ ਲਈ ਤਬਾਹੀ ਬਣੀਆਂ ਖੜ੍ਹੀਆਂ ਸਨ।
ਹਰਦੇਵ ਜਿਵੇਂ ਪਿਆ ਸੀ। ਉਵੇਂ ਹੀ ਉਠ ਖੜ੍ਹਾ ਹੋਇਆ ਅਤੇ ਕੰਮ 'ਤੇ ਚਲਾ ਗਿਆ।
ਸਾਰੀ ਦਿਹਾੜੀ ਉਸ ਦਾ ਕੰਮ ਵਿਚ ਮਨ ਨਾ ਲੱਗਿਆ। ਸੋਚਾਂ ਦੀ ਬੱਦਲ਼ਵਾਈ ਮਨ 'ਤੇ ਭਾਰੂ ਰਹੀ।
ਦੇਸੀ ਭਾਈਬੰਦ ਵੀ ਉਸ ਨੂੰ ਦੇਖ ਕੇ ਚੁੱਪ ਹੀ ਰਹੇ।
ਸ਼ਾਮ ਨੂੰ ਜਦੋਂ ਉਹ ਕੰਮ ਤੋਂ ਵਾਪਿਸ ਆਇਆ ਤਾਂ ਦੀਪ ਉਸ ਦੇ ਨਾਲ਼ ਅੜ ਕੇ ਬੈਠ ਗਈ। ਇਤਨੀ ਨੇੜਤਾ ਦੀ
ਉਸ ਨੂੰ ਕੋਈ ਸਮਝ ਨਹੀਂ ਪਈ ਸੀ। ਦੀਪ ਤਾਂ ਉਸ ਦੇ ਇਤਨੀ ਨੇੜੇ ਬੈਠੀ ਹੀ ਨਹੀਂ ਸੀ? ਅੱਜ ਤਾਂ ਦੀਪ
ਨੇ ਉਸ ਨੂੰ ਗਿਲਾਸ ਅਤੇ ਬੋਤਲ ਵੀ ਆਪ ਲਿਆ ਕੇ ਅੱਗੇ ਧਰੀ ਸੀ।
-''ਕੀ ਗੱਲ ਐ...?'' ਉਸ ਨੇ ਬੋਤਲ ਨੇੜੇ ਧੂੰਹਦਿਆਂ ਪੁੱਛਿਆ।
-''ਮੈਂ ਤੁਹਾਡੇ ਨਾਲ਼ ਨਹੀਂ ਬੈਠ ਸਕਦੀ...?''
-''ਨਹੀਂ, ਇਹ ਗੱਲ ਨਹੀਂ...! ਪਰ ਗੱਲ ਕੀ ਐ?''
-''ਤੁਸੀਂ ਪਰਸੋਂ ਦੀ ਛੁੱਟੀ ਕਰ ਲਵੋ!'' ਉਸ ਨੇ ਹੁਕਮ ਵਾਲ਼ੇ ਲਹਿਜੇ ਵਿਚ ਆਖਿਆ।
-''ਕਿਉਂ...? ਕੀ ਗੱਲ...?''
-''ਬੱਸ ਆਖ ਦਿੱਤਾ...! ਤੁਸੀਂ ਪਰਸੋਂ ਦੀ ਛੁੱਟੀ ਕਰਨੀ ਐਂ...!'' ਉਸ ਨੇ ਉਸੇ ਅੰਦਾਜ਼ ਵਿਚ
ਦੁਹਰਾਇਆ।
-''ਦੀਪ...! ਤੂੰ ਸਮਝਦੀ ਕਿਉਂ ਨ੍ਹੀ? ਜੇ ਮੈਂ ਛੁੱਟੀ ਕਰੂੰਗਾ-ਆਪਣੇ ਖਰਚੇ ਕਿੱਥੋਂ ਪੂਰੇ ਹੋਣਗੇ?
ਘਰ ਦਾ ਖਰਚਾ ਪਤਾ ਕਿੰਨੈਂ...?'' ਉਹ ਘਰ ਦੀ ਥਾਂ 'ਤੇਰਾ ਖਰਚਾ' ਆਖਣੋਂ ਸੰਕੋਚ ਕਰ ਗਿਆ ਸੀ।
-''ਖਰਚਾ ਮੈਂ ਆਪੇ ਪਾਪਾ ਜੀ ਤੋਂ ਮੰਗਵਾ ਲਊਂ!''
-''ਪਾਪਾ ਜੀ...ਪਾਪਾ ਜੀ...ਪਾਪਾ ਜੀ...! ਚੌਵੀ ਘੰਟੇ ਪਾਪਾ ਜੀ...? ਪਾਪਾ ਜੀ ਤੋਂ ਪੈਸੇ
ਮੰਗਵਾਉਂਦੇ ਆਪਾਂ ਚੰਗੇ ਲੱਗਦੇ ਐਂ?'' ਉਸ ਦਾ ਦਿਮਾਗ ਗਰਮੀ ਫੜ ਕੇ ਵੀ ਮਾੜੇ ਇੰਜਣ ਵਾਂਗ ਠਰ ਗਿਆ।
-''ਫੇਰ ਕੀ ਐ...? ਉਹ ਮੇਰੇ ਪਾਪਾ ਜੀ ਐ! ਅੱਗੇ ਵੀ ਮੈਂ ਉਹਨਾਂ ਤੋਂ ਈ ਲੈਂਦੀ ਸੀ? ਹੁਣ ਨਹੀਂ
ਮੰਗਵਾ ਸਕਦੀ? ਮੇਰੀ ਏਅਰ ਟਿਕਟ ਵੀ ਉਹਨਾਂ ਨੇ ਈ ਲਾਈ ਐ! ਉਦੋਂ ਨਾ ਤੁਸੀਂ ਆਖਿਆ...?'' ਉਸ ਨੇ
ਸ਼ਾਂਤਮਈ ਉਤਰ ਦਿੱਤਾ ਤਾਂ ਸੱਚੀ ਸੁਣ ਕੇ ਹਰਦੇਵ ਦਾ ਮੂੰਹ ਤਖ਼ਤੇ ਦੀ ਝੀਥ ਵਾਂਗ ਬੰਦ ਹੋ ਗਿਆ।
-''ਪਰ ਪਰਸੋਂ ਛੁੱਟੀ ਕਰਨੀ ਕਾਹਦੇ ਵਾਸਤੇ ਐ...? ਐਡਾ ਕੀ ਜਰੂਰੀ ਕੰਮ ਐਂ?''
-''ਉਹ...ਜਿਹੜਾ ਮੁੰਡਾ ਮੇਰਾ ਕਾਲਜ ਦਾ ਦੋਸਤ ਐ ਨ੍ਹਾਂ...? ਜੀਹਨੂੰ ਮੈਂ ਫ਼ੋਨ ਕਰਦੀ ਹੁੰਨੀ
ਆਂ?''
-''ਆਹੋ...!'' ਉਸ ਨੇ ਇਕ ਦਮ ਮੂੰਹ ਉਪਰ ਉਗੀਸਿਆ।
-''ਉਹ ਪਰਸੋਂ ਆਪਣੇ ਬਿਜ਼ਨਿਸ ਦੇ ਚੱਕਰ 'ਚ ਹਫ਼ਤੇ ਕੁ ਲਈ ਇੰਗਲੈਂਡ ਆ ਰਿਹੈ...! ਫੇਰ ਉਹਨੇ ਅੱਗੇ
ਅਮਰੀਕਾ ਤੇ ਕੈਨੇਡਾ ਜਾਣੈਂ-ਉਹਨੂੰ ਆਪਾਂ ਏਅਰਪੋਰਟ ਤੋਂ ਲੈਣ ਜਾਣੈਂ...!''
-''......।'' ਹਰਦੇਵ ਸੋਫ਼ੇ ਤੋਂ ਡਿੱਗਣ ਵਾਲ਼ਾ ਹੋ ਗਿਆ। ਉਸ ਦਾ ਦਿਮਾਗ ਫਿਰ ਘੁਮਿਆਰ ਦੇ ਚੱਕ
ਵਾਂਗ ਘੁਕਣ ਲੱਗ ਪਿਆ। ਅੱਗੇ ਤਾਂ ਸਾਲ਼ੀ ਇਹ ਸਿਰਫ਼ ਉਹਨੂੰ ਭੈਣ ਚੋਦ ਨੂੰ ਫ਼ੋਨ ਹੀ ਕਰਦੀ ਸੀ, ਹੁਣ
ਬੁੱਕਲ਼ 'ਚ ਵੀ ਬੈਠਿਆ ਕਰੂ...! ਕੀ ਵੱਸ ਹੈ ਐਸ ਮੁਲਕ 'ਚ...? ਇੱਥੇ ਤਾਂ ਆਖ ਦਿੰਦੇ ਐ, ਬਈ ਜੇ
ਅਗਲੀ ਦਾ ਮਨ ਮੰਨਦੈ, ਜੋ ਮਰਜ਼ੀ ਐ ਕਰੇ...! ਕੋਈ ਬੰਦਿਸ਼ ਨਹੀਂ! ਔਰਤ ਨੂੰ ਪੂਰਨ ਅਜ਼ਾਦੀ ਐ! ਆਖਣਾ
ਹੋਵੇ, ਬਈ ਭੈਣ ਦਿਓ ਖ਼ਸਮੋਂ! ਜੇ ਤੀਮੀ ਆਪਦੇ ਘਰਵਾਲ਼ੇ ਨੂੰ ਛੱਡ ਕੇ ਦੂਜੇ ਨਾਲ਼ ਮਸਤੀ ਮਾਰਦੀ ਐ,
ਤਾਂ ਤੀਮੀਆਂ ਵਾਸਤੇ ਵੀ ਕੋਈ ਕਾਨੂੰਨ ਤਿਆਰ ਕਰੋ...! ਬੰਦਿਆਂ ਦੀ ਖਾਤਰ ਤਾਂ ਮੇਰਿਆਂ ਸਾਲ਼ਿਆਂ ਨੇ
ਧੜਾਧੜ ਕਾਨੂੰਨ ਘੜੇ ਹੋਏ ਐ। ਜੇ ਆਹ ਕਰੂ, ਆਹ ਹੋਊ...! ਜੇ ਔਹ ਕਰੂ, ਔਹ ਹੋਊ...! ਤੇ ਤੀਮੀ...?
ਤੀਮੀ ਜੀਹਦੀ ਮਰਜੀ ਰਜਾਈ 'ਚ ਧੱਕੇ ਲੁਆਈ ਜਾਵੇ? ਇਹ ਸਾਲ਼ੀਆਂ ਕੋਈ ਉਤੋਂ ਡਿੱਗੀਐਂ...? ਇਹ ਤੀਵੀਆਂ
ਤਾਂ ਸਾਲ਼ੀਆਂ ਹੈ ਈ ਧੱਕਾ ਸਟਾਰਟ...! ਘਰਆਲ਼ੇ ਤੋਂ ਤਾਂ ਇਹ ਸਟਰਾਟ ਈ ਨ੍ਹੀ ਹੁੰਦੀਆਂ, ਚਾਹੇ ਕਿੰਨੇ
ਪੁਲੀਤੇ ਲਾਈ ਜਾਵੇ...! ਆਖਣਗੀਆਂ, ਮੇਰਾ ਤਾਂ ਸਿਰ ਦਰਦ ਕਰਦੈ...! ਮੇਰੀ ਅੱਜ ਤਬੀਅਤ ਠੀਕ
ਨ੍ਹੀ...! ਮੈਨੂੰ ਫ਼ਲੂ ਜਿਆ ਹੋਇਆ ਪਿਐ...! ਲਓ, ਕਰਲੋ ਗੱਲ...! ਐਥੇ ਤਾਂ ਹੀ ਤਾਂ ਗੰਦ ਪਿਆ
ਫਿਰਦੈ! ਕੋਈ ਬੈਂਗਣੀਂ ਰੰਗਾ ਕਾਲਾ ਗੋਰੀ ਨਾਲ਼ ਬਾਂਹਾਂ 'ਚ ਬਾਂਹਾਂ ਅੜਾਈ ਫਿਰਦੈ! ਤੇ ਆਪਣੀਆਂ
ਦੇਸੀ ਟੱਟੂ ਖੁਰਾਸ਼ਾਨੀ ਦੁਲੱਤੇ ਚਲਾਈ ਜਾਂਦੀਐਂ...! ਲੈ ਆਹ ਮੇਰੇ ਸਾਲੇ ਦੀ ਮੇਰੇ ਆਲ਼ੀ ਨੀ
ਮਾਨ...! ਅਖੇ, ਹਮਰਾ ਮਿੱਤਰ ਆ ਰਹਾ ਹੈ...! ਇਹਦੀ ਭੈਣ ਦੀ ਟੰਗ ਇਹਦੀ ਦੀ...! ਇਹ ਸਾਲ਼ੀ ਵਿਆਹ
ਤੋਂ ਪਹਿਲਾਂ ਦੀ ਹੀ ਉਹਦੇ ਨਾਲ਼ ਕੁੰਡਾ ਫ਼ਸਾਈ ਫਿਰਦੀ ਐ? ਜੇ ਕਿਸੇ ਨੇ ਘਰ ਆਉਣਾ ਹੋਵੇ? ਤਾਂ ਅਕਸਰ
ਬੰਦਾ ਮਾਲਕ ਨੂੰ ਪਹਿਲਾਂ ਪੁੱਛ ਲੈਂਦੈ...! ਬਈ ਮੇਰਾ ਫ਼ਲਾਨਾ-ਫ਼ਲਾਨਾ ਆ ਰਿਹੈ, ਆ ਜਾਵੇ? ਪਰ ਇਹ
ਤਾਂ ਮੇਰੇ ਸਾਲ਼ੇ ਦੀ ਆਪ ਈ ਇੰਦਰਾ ਗਾਂਧੀ ਬਣੀ ਫਿਰਦੀ ਐ...? ਇਹ ਪੁੱਛਦੀ ਨਹੀਂ, ਸਗੋਂ ਦੱਸਦੀ ਐ!
-''ਤੇ ਰਹੂ ਕਿੱਥੇ...?'' ਹਰਦੇਵ ਨੂੰ ਅਗਲਾ ਫ਼ਿਕਰ ਪੈ ਗਿਆ। ਇਹਦਾ ਸਾਲ਼ੀ ਦਾ ਕੀ ਇਤਬਾਰ? ਇਹ ਤਾਂ
ਸਾਲ਼ੀ ਬੇਸ਼ਰਮ ਐਂ! ਕਿਤੇ ਮੇਰੇ ਸਾਹਮਣੇ ਈ ਨਾਂ 'ਗੜੱਪ' ਦੇਣੇ ਉਹਦੀ ਬੁੱਕਲ਼ 'ਚ ਜਾ ਡਿੱਗੇ? ਕਿਤੇ
ਸਾਡੇ ਆਲ਼ੇ ਸਲੀਪਿੰਗ-ਰੂਮ 'ਚ ਨਾ ਡੇਰੇ ਲਾ ਲੈਣ...? ਮੈਂ ਕੀਹਦੀ ਬੇਬੇ ਨੂੰ ਮਾਸੀ ਆਖੂੰ...?
ਮਿੱਤਰਾ, ਮੰਨ ਚਾਹੇ ਨਾ ਮੰਨ...! ਇਹਦੇ ਨਾਲ਼ ਵਿਆਹ ਕਰਵਾ ਕੇ ਧੌਣ ਤੇਰੀ ਜ਼ਰੂਰ ਘੁਲਾੜ੍ਹੇ 'ਚ ਆ ਗਈ
ਐ! ਹੁਣ ਤਾਂ ਡੈਣ ਮਾਂਗੂੰ ਲਹੂ ਪੀ ਕੇ ਹੀ ਸਾਹ ਲਊ! ਸੀਰਮੇ ਪੀਊ ਤੇਰੇ ਸੀਰਮੇ...!
-''ਰਹੂ ਉਹ ਕਿਸੇ ਹੋਟਲ਼ 'ਚ...! ਉਹਦੇ ਕੋਲ਼ੇ ਪੈਸਾ ਥੋੜ੍ਹੈ? ਆਪਾਂ ਤਾਂ ਬੱਸ ਉਹਨੂੰ ਸਿਰਫ਼ ਲੈ ਕੇ
ਈ ਆਉਣੈਂ!'' ਦੀਪ ਦੇ ਕਹਿਣ 'ਤੇ ਉਸ ਨੇ ਕੁਝ ਕੁ ਸੁਖ ਦਾ ਸਾਹ ਲਿਆ ਕਿ ਸਾਲਾ ਆਪੇ ਕਿਤੇ ਧੱਕੇ ਖਾ
ਕੇ ਮੁੜਜੂ! ਕਿਤੇ ਸਾਲ਼ਾ ਐਥੇ ਨਾ ਢੀਠ ਸਾਧ ਮਾਂਗੂੰ ਡੇਰੇ ਲਾ ਕੇ ਬਹਿਜੇ...? ਮੈਨੂੰ ਇਹਨਾਂ ਦਾ
ਚੌਂਕੀਦਾਰਾ ਕਰਨਾ ਪਵੇ...?
-''ਹੀਥਰੋ ਏਅਰਪੋਰਟ 'ਤੇ ਈ ਆਉਣੈਂ?''
-''ਆਹੋ, ਹੀਥਰੋ 'ਤੇ ਈ ਆਉਣਾ ਹੋਊ...? ਨਹੀਂ ਤਾਂ ਮੈਂ ਕੱਲ੍ਹ ਨੂੰ ਉਹਨੂੰ ਫ਼ੋਨ ਕਰਕੇ ਪੁੱਛ
ਲਊਂ!'' ਦੀਪ ਨੇ ਬੜੇ ਮਜਾਜ ਨਾਲ ਕਿਹਾ। ਹਰਦੇਵ ਨੂੰ ਹੋਰ ਫ਼ਿਕਰ ਪੈ ਗਿਆ। ਇਹ ਫੇਰੇ ਦੇਣੀ ਹੁਣ ਫੇਰ
ਟੈਲੀਫ਼ੋਨ ਨੂੰ ਗੇੜਾ ਪਾਊ...! ਉਸ ਦਾ ਦਿਲ ਕਾਹਲ਼ਾ ਪੈਣ ਲੱਗ ਪਿਆ। ਟੈਲੀਫ਼ੋਨ ਦਾ ਬਿੱਲ ਹਰ ਮਹੀਨੇ
ਬਾਣੀਏਂ ਵਾਂਗ ਘਰ ਆ ਵੱਜਦੈ। ਨਾ ਕੁਛ ਕਹਿਣ ਜੋਗਾ, ਨਾ ਕਰਨ ਜੋਗਾ! ਜਦੋਂ ਕਹੀਏ, ਆਖੂ ਪਾਪਾ ਜੀ
ਤੋਂ ਮੰਗਵਾ ਲਊਂ! ਮੰਗਵਾਏ ਕਦੇ ਸਾਲ਼ੀ ਨੇ ਹੈ ਨਹੀਂ! ਮੰਤਰੀਆਂ ਮਾਂਗੂੰ ਫ਼ੋਕੇ ਨਾਅਰੇ ਇਹ ਮਾਰੀ
ਜਾਂਦੀ ਐ! ਬਈ ਜਾਂ ਤਾਂ ਉਸ ਕੰਜਰ ਨੂੰ ਆਖ, ਬਈ ਸਾਨੂੰ ਦਸ ਕੁ ਹਜਾਰ ਪੌਂਡ ਭੇਜ...! ਬਥੇਰਾ ਪੈਸਾ
ਅੱਗ ਲੱਗਦੈ ਮੇਰੇ ਸਾਲ਼ੇ ਕੋਲ਼ੇ...! ਬਥੇਰੀ ਦੁਨੀਆਂ ਲੁੱਟ-ਲੁੱਟ ਖਾਧੀ ਐ ਉਹਨੇ ਦੈਂਤ ਨੇ...!
-''ਫ਼ਲਾਈਟ ਕਿੰਨੇ ਵਜੇ ਉਤਰਨੀ ਐਂ?''
-''ਉਹ ਵੀ ਫ਼ੋਨ 'ਤੇ ਈ ਪੁੱਛ ਲਊਂ! ਵੈਸੇ ਦੁਪਿਹਰੇ ਬਾਰਾਂ ਪੰਦਰਾਂ 'ਤੇ ਕਹਿੰਦਾ ਸੀ।''
-''ਉਹਦਾ ਵੀਜ਼ਾ ਕਿਵੇਂ ਲੱਗ ਗਿਆ, ਐਡੀ ਛੇਤੀ?''
-''ਉਹ ਲੁਆ ਦੇਵੇ ਸਾਰੇ ਪੰਜਾਬ ਦੇ ਵੀਜ਼ੇ! ਉਹਦਾ ਕਾਰੋਬਾਰ ਪਤਾ ਕਿੰਨਾਂ ਵੱਡੈ? ਲੱਖ ਲੱਖ ਰੁਪਈਆ
ਤਾਂ ਉਹ ਖੜ੍ਹਾ ਖਰਚ ਦਿੰਦੈ! ਛੇ ਤਾਂ ਉਹਦੇ ਕੋਲ਼ੇ ਕਾਰਾਂ ਨੇ! ਜਿਹੜੀ ਨੂੰ ਜੀਅ ਕਰਦੈ-ਉਹੀ ਤੋਰ
ਲੈਂਦੈ! ਤੁਸੀਂ ਐਥੇ ਟੈਲੀਫ਼ੋਨ ਦੇ ਬਿੱਲ ਕਰਕੇ ਪਿੱਟਣ ਲੱਗ ਪੈਨੇ ਐਂ!'' ਉਸ ਨੇ ਹਰਦੇਵ ਦੀ ਤਹਿ ਲਾ
ਦਿੱਤੀ।
ਤੀਜੇ ਦਿਨ ਹਰਦੇਵ ਨੇ ਛੁੱਟੀ ਕਰ ਲਈ।
ਸਵੇਰੇ ਗਿਆਰਾਂ ਕੁ ਵਜੇ ਉਹ ਹੀਥਰੋ ਏਅਰਪੋਰਟ 'ਤੇ ਪਹੁੰਚ ਗਏ।
-''ਕੀ, ਨਾਂ ਕੀ ਐ ਉਹਦਾ...?'' ਹਰਦੇਵ ਨੇ ਪੁੱਛਿਆ। ਉਹ ਪੁੱਛਣ ਤਾਂ 'ਤੇਰੇ ਖਸਮ ਦਾ' ਲੱਗਿਆ ਸੀ।
ਪਰ ਚੁੱਪ ਹੀ ਰਿਹਾ। ਉਸ ਦਾ ਦਿਲ ਛਾਤੀ ਵਿਚ ਹਥੌੜੇ ਵਾਂਗ ਵੱਜੀ ਜਾ ਰਿਹਾ ਸੀ।
-''ਸੁਮੀਤ...! ਬੜਾ ਨਾਈਸ ਮੁੰਡੈ!'' ਉਸ ਦਾ ਨਾਂ ਦੱਸਦੀ ਦੀਪ ਨੇ ਚਾਂਭੜ ਮਾਰੀ ਸੀ। ਜਿਵੇਂ
'ਸੁਮੀਤ' ਆਖੇ ਤੋਂ ਉਸ ਦੇ ਕੁਤਕੁਤੀਆਂ ਨਿਕਲੀਆਂ ਸਨ। ਉਹ ਅਣਜਕਿਆਂ ਵਾਂਗ ਅੰਦਰ ਦੇਖ ਰਹੀ ਸੀ।
ਹਰਦੇਵ ਆਖਣ ਤਾਂ ਲੱਗਿਆ ਸੀ ਕਿ ਸਬਰ ਕਰ! ਉਹ ਖ਼ਸਮ ਐਥੇ ਈ ਆ ਖੜ੍ਹਨੈ! ਜਿਹੜਾ ਕੰਜਰ ਤੇਰੇ ਮਗਰ
ਲੰਡਨ ਆ ਵੱਜਿਆ, ਉਹ 'ਨਾਈਸ' ਤਾਂ ਆਪੇ ਈ ਐ! ਮਾੜਾ ਬੰਦਾ ਕਦੋਂ ਵਿਆਹੀ ਵਰੀ ਮਗਰ ਗਿੱਟੇ
ਕਢਵਾਉਂਦੈ?
ਦੀਪ ਦੀ ਉਡੀਕ ਦੀਆਂ ਘੜ੍ਹੀਆਂ ਖਤਮ ਹੋ ਗਈਆਂ। ਸਾਢੇ ਕੁ ਬਾਰਾਂ ਵਜੇ ਸੁਮੀਤ ਆਪਣਾ ਸੂਟਕੇਸ ਲੈ ਕੇ
ਬਾਹਰ ਆ ਗਿਆ। ਉਸ ਦੇ ਵਾਲ਼ਾਂ ਨੂੰ ਛੱਲੇ ਪੁਆਏ ਹੋਏ ਸਨ। ਅੱਖਾਂ 'ਤੇ ਕਾਲ਼ੀ ਐਨਕ ਚਾੜ੍ਹੀ ਹੋਈ ਸੀ।
ਦਾਹੜੀ ਸਿਰਫ਼ ਠੋਡੀ ਉਪਰ ਹੀ ਰੱਖੀ ਹੋਈ ਸੀ। ਦੀਪ ਉਸ ਨੂੰ ਵੇਲ ਵਾਂਗ ਚਿੰਬੜ ਗਈ। ਸੁਮੀਤ ਨੇ ਵੀ ਉਸ
ਨੂੰ ਰਜਾਈ ਵਾਂਗ ਸੀਨੇ ਨਾਲ਼ ਘੁੱਟ ਲਿਆ। ਹਰਦੇਵ ਬਲ਼ਿਆ ਸੜਿਆ ਖੜ੍ਹਾ ਸੀ। ਕਾਫ਼ੀ ਦੇਰ ਉਹਨਾਂ ਦੀ
ਗਲ਼ਵਕੜੀ ਹੀ ਨਾ ਖੁੱਲ੍ਹੀ। ਹਰਦੇਵ ਹੋਟਲ਼ ਦੇ ਦਰਬਾਨ ਵਾਂਗ ਝਾਕ ਰਿਹਾ ਸੀ। ਪਰ ਉਹਨਾਂ ਨੂੰ ਕਿਸੇ ਦੀ
ਜਿਵੇਂ ਪ੍ਰਵਾਹ ਹੀ ਨਹੀਂ ਸੀ!
-''ਸੁਮੀਤ...! ਇਹ ਨੇ ਹਰਦੇਵ...!'' ਦੀਪ ਨੇ ਉਸ ਵੱਲ ਇੰਜ ਇਸ਼ਾਰਾ ਕੀਤਾ। ਜਿਵੇਂ ਹਰਦੇਵ ਉਸ ਦਾ
ਪਤੀ ਨਹੀਂ, ਕੋਈ ਡਰਾਈਵਰ ਸੀ!
-''ਨਾਈਸ ਟੂ ਮੀਟ ਯੂ, ਮਿਸਟਰ ਹਰਦੇਵ...!'' ਉਸ ਨੇ ਬੜੇ ਤਪਾਕ ਨਾਲ਼ ਹੱਥ ਮਿਲਾਇਆ। ਹਰਦੇਵ ਮਨ ਵਿਚ
ਬੋਲਿਆ, ਇਹਨੂੰ ਕਿਹੜਾ ਭੈਣ ਦੇ ਲੱਕੜ ਨੂੰ ਪਤਾ ਨ੍ਹੀ, ਬਈ ਹਰਦੇਵ ਤੇਰਾ ਖ਼ਸਮ ਚੰਦ ਐ! ਹਰਦੇਵ ਨਾਲ਼
'ਹਸਬੈਂਡ' ਆਖਦੀ ਨੂੰ ਖੁਰਕ ਪੈਂਦੀ ਸੀ? ਉਹ ਆਪਸ ਵਿਚ ਘੁਲੇ ਮਿਲੇ ਸਿੱਧੇ 'ਏਅਰਪੋਰਟ ਬੀਅਰ ਬਾਰ'
ਵਿਚ ਜਾ ਬੈਠੇ। ਜਿਵੇਂ ਖਰਚਾ ਬਾਪੂ ਨੇ ਕਰਨਾ ਸੀ। ਹਰਦੇਵ 'ਕੈਸ਼ ਪੁਆਇੰਟ' ਤੋਂ ਪੈਸੇ ਕਢਵਾਉਣ ਚਲਾ
ਗਿਆ। ਉਸ ਨੂੰ ਪ੍ਰਤੱਖ ਪਤਾ ਹੀ ਸੀ ਕਿ ਮਘੋਰਾ ਤਾਂ ਮੇਰੀ ਜੇਬ ਵਿਚ ਹੀ ਹੋਣਾ ਹੈ! ਇਸ ਲਈ ਉਹ ਸੀਲ
ਬਣਿਆਂ ਪੈਸੇ ਕਢਵਾ ਲਿਆਇਆ। ਦੀਪ ਅਤੇ ਸੁਮੀਤ ਦੋਨੋਂ ਆਪਣੀਆਂ ਪ੍ਰੇਮ ਭਰੀਆਂ ਗੱਲਾਂ ਵਿਚ ਮਸ਼ਰੂਫ਼
ਸਨ। ਉਹ ਬਿਨਾ ਝਿਜਕ ਇਕ ਦੂਜੇ ਨੂੰ ਜੱਫ਼ੀਆਂ ਪਾ ਰਹੇ ਸਨ। ਹਰਦੇਵ ਕੁਰਸੀ ਡਾਹ ਕੇ ਇਕ ਪਾਸੇ ਬੈਠ
ਗਿਆ। ਜਿਵੇਂ ਜੰਨ 'ਚ ਨਾਈ ਬੈਠਾ ਹੁੰਦੈ! ਦੀਪ ਅਤੇ ਸੁਮੀਤ ਦੀਆਂ ਗੱਲਾਂ ਮੁੱਕਣ ਵਿਚ ਨਹੀਂ ਆ
ਰਹੀਆਂ ਸਨ। ਉਹ ਹਰਦੇਵ ਵੱਲੋਂ ਹਰ ਤਰ੍ਹਾਂ ਨਾਲ਼ ਬੇਧਿਆਨੇ ਸਨ।
ਹਰਦੇਵ ਸੋਚ ਰਿਹਾ ਸੀ ਕਿ ਅਜਿਹੀ ਬਦਚਲਣ ਔਰਤ ਨਾਲ਼ ਵਸੇਬਾ ਕਦੋਂ ਕੁ ਤੱਕ ਚੱਲੇਗਾ? ਇਹਨੇ ਤਾਂ
ਸਾਰੀਆਂ ਸ਼ਰਮਾਂ ਅਤੇ ਸੰਗਾਂ ਵੇਚ ਕੇ ਖਾਧੀਆਂ ਹੋਈਐਂ! ਇਹਦੇ ਬਾਰੇ ਲੋਕਾਂ ਨੂੰ ਪਤਾ ਤਾਂ ਲੱਗਣੋਂ
ਰਹਿਣਾ ਨਹੀਂ ਕਿ ਹਰਦੇਵ ਦੀ ਤੀਮੀ ਐਂ! ਫਿਰ ਤਾਂ ਜਮਾਂ ਈ ਮਿੱਟੀ ਪੱਟੀ ਜਾਊ...? ਇਸ ਨੱਕ ਦੀ
ਖਾਤਿਰ ਹੀ ਤੁਰੇ ਫ਼ਿਰਦੇ ਆਂ...! ਜੇ ਆਹ ਸਾਲ਼ਾ ਨੱਕ ਹੀ ਨਾ ਰਿਹਾ, ਤਾਂ ਧਿਰਗ ਹੈ ਜਿਉਣ ਦੇ...!
ਇਹਦਾ ਕੋਈ ਨਾ ਕੋਈ ਇਲਾਜ਼ ਤਾਂ ਕਰਨਾ ਹੀ ਪੈਣੈ...! ਇਹਨੂੰ ਪੱਕੀ ਮੋਹਰ ਦਾ ਕੋਈ ਲਾਲਚ ਨਹੀਂ...!
ਇਹ ਤਾਂ ਜਿਵੇਂ ਆਖਦੇ ਹੁੰਦੇ ਨੇ ਕਿ ਹਾਥੀ ਜਿਉਂਦਾ ਲੱਖ ਦਾ ਤੇ ਮਰਿਆ ਸਵਾ ਲੱਖ ਦਾ...! ਇਹ ਤਾਂ
ਜੇ ਐਥੇ ਐ, ਤਾਂ ਕੋਈ ਫ਼ਰਕ ਨਹੀਂ...! ਜੇ ਇੰਡੀਆ ਐ, ਤਾਂ ਵੀ ਕੋਈ ਫ਼ਰਕ ਨਹੀਂ...! ਸਦਾ ਦਿਵਾਲ਼ੀ
ਸਾਧ ਦੀ ਚੋਰਾਂ ਦੀਆਂ ਰਾਤਾਂ...! ਉਥੇ ਇਹਦਾ ਪਿਉ ਹੈ ਤਾਂ ਹੈਗਾ, ਕੰਜਰ...! ਉਹਦੇ ਸਿਰ 'ਤੇ ਤਾਂ
ਇਹ ਚਿੱਤੜ ਉਚੇ ਕਰ-ਕਰ ਤੁਰਦੀ ਐ...। ਉਹਦੇ ਸਿਰ 'ਤੇ ਤਾਂ ਇਹ ਬਾਘੀਆਂ ਪਾਉਂਦੀ ਐ...! ਉਹਦੇ ਸਿਰ
'ਤੇ ਤਾਂ ਇਹ ਅੱਖਾਂ ਨਾਲ਼ ਮਿਰਚਾਂ ਭੋਰਦੀ ਐ...! ਉਹਨੂੰ ਬਘਿਆੜ ਨੂੰ ਪੈਸੇ ਦੀ ਕੀ ਚਿੰਤਾ ਐ...?
ਬਥੇਰੇ ਲੋਕ ਐ ਮੁੰਨਣ ਲਈ...! ਭਾਰਤ ਵਿਚ ਤਾਂ ਪਟਵਾਰੀ ਨਹੀਂ ਮਾਨ! ਉਹ ਕੰਜਰ ਤਾਂ ਵੱਡਾ ਬਘਿਆੜ ਐ,
ਤਸੀਲਦਾਰ...! ਪਰ ਹਰਦੇਵ ਸਿਆਂ...! ਜੇ ਇਹਨੂੰ ਕੁੱਤੀ ਨੂੰ ਛੱਡਣਾ ਪਿਆ, ਤਾਂ ਸੋਚ ਕਰਲੀਂ...!
ਤੇਰੇ ਹਿੱਸੇ ਦੀ ਅੱਧੀ ਜ਼ਮੀਨ ਅੰਨ੍ਹੇ ਆਲ਼ੀ ਗੁਲੇਲ 'ਤੇ ਈ ਜਾਊ...! ਤਸੀਲਦਾਰ ਨੇ ਤੇਰੇ ਹਿੱਸੇ
'ਚੋਂ ਅੱਧ ਕਦੇ ਨਹੀਂ ਛੱਡਣਾ...! ਚੱਲ ਫੇਰ ਕੀ ਐ...? ਪੈਸਾ ਹੱਥਾਂ ਦੀ ਮੈਲ਼ ਐ...! ਸੌ ਕਮਾਏ ਤੇ
ਸੌ ਗੁਆਏ...! ਪਰ ਬੰਦੇ ਨੂੰ ਮਾਨਸਿਕ ਸ਼ਾਂਤੀ ਵੀ ਚਾਹੀਦੀ ਐ...? ਪੈਸਾ ਕੰਜਰੀਆਂ ਕੋਲ਼ੇ ਥੋੜ੍ਹੈ?
ਪਰ ਇੱਜ਼ਤ...? ਲੱਖੀਂ ਨਾ ਕਰੋੜੀਂ...! ਇਹ ਤੇਰੇ ਸਾਹਮਣੇ ਹੁਣ ਬਿਗਾਨੇ ਪੁੱਤ ਦੀ ਬੁੱਕਲ਼ 'ਚ ਬੈਠੀ
ਐ, ਕਿੰਨ੍ਹਾਂ ਕੁ ਚਿਰ ਜਰੇਂਗਾ...? ਇਹ ਤਾਂ ਮਿੱਤਰਾ ਇਕ ਨਾ ਇਕ ਦਿਨ ਟੰਬਾ ਮਾਰ ਕੇ ਮਗਰੋਂ
ਲਾਹੁੰਣੀ ਹੀ ਪੈਣੀਂ ਐਂ! ਪਰ ਟੰਬਾ ਬਾਈ ਸਿਆਂ ਇਹਦੇ ਵੱਜਣਾ ਨ੍ਹੀ...! ਟੰਬੇ ਖਾਣ ਆਲ਼ੀਆਂ ਤਾਂ
ਸਿਰਫ਼ ਮੀਤੀ ਵਰਗੀਆਂ ਹੀ ਸੀ...! ਜਿਹਨਾਂ 'ਤੇ ਤੂੰ ਸ਼ੇਰ ਬਣ-ਬਣ ਕੇ ਦਿਖਾਉਂਦਾ ਸੀ...! ਹੁਣ ਇਹਦੇ
ਮੂਹਰੇ ਬੋਲ ਖਾਂ ਪਤੰਦਰਨੀ ਦੇ...? ਤੈਨੂੰ ਕੱਚੇ ਨੂੰ ਨਾ ਖਾ ਜਾਵੇ...! ਕੀ ਸਾਲ਼ਿਆ ਤੇਰੀ ਜ਼ਿੰਦਗੀ
ਐ...? ਤੇਰੀ ਸਕੀ ਜਨਾਨੀ ਕਿਸੇ ਗੈਰ ਮਰਦ ਨਾਲ਼ ਜੱਫ਼ੀਆਂ ਪਾਈ ਜਾਂਦੀ ਐ, ਤੇ ਤੂੰ ਗਾਂਧੀ ਬਣਿਆਂ
ਸਾਰਾ ਕੁਛ ਦੇਖੀ ਜਾਨੈ...? ਖਾ ਕੇ ਮਰਜਾ ਕੁਛ...! ਫ਼ਿੱਟ ਲਾਹਣਤ ਐ ਤੇਰਾ ਜਿਉਣਾ...! ਕਾਹਦਾ ਮਰਦ
ਐਂ ਤੂੰ...? ਉਹ ਸੋਚਾਂ ਦੀਆਂ ਕਪੜਛੱਲਾਂ ਵਿਚ ਗੋਤੇ ਖਾਈ ਜਾ ਰਿਹਾ ਸੀ।
-''ਹਰਦੇਵ...!'' ਦੀਪ ਦੀ ਹਾਕ ਨੇ ਉਸ ਦੀ ਬਿਰਤੀ ਤੋੜੀ।
-''ਹਾਂ...?'' ਹਰਦੇਵ ਜਿਵੇਂ ਢਿਗ ਹੇਠੋਂ ਬੋਲਿਆ ਸੀ।
-''ਡੋਰਿੰਟ ਹੋਟਲ ਕਿੱਥੇ ਐ?''
-''ਡੋਰਿੰਟ ਹੋਟਲ...ਤਾਂ ਸੈਂਟਰਲ ਲੰਡਨ 'ਚ ਐ, ਕਿਉਂ...?''
-''ਚਲੋ, ਉਥੇ ਚੱਲਦੇ ਐਂ...! ਸੁਮੀਤ ਦੀ ਬੁਕਿੰਗ ਡੋਰਿੰਟ ਹੋਟਲ 'ਚ ਐ!'' ਉਹ ਉਠ ਕੇ ਖੜ੍ਹੇ ਹੋ
ਗਏ। ਮਜਬੂਰਨ ਹਰਦੇਵ ਨੂੰ ਵੀ ਉਠਣਾ ਪਿਆ। ਉਹ ਉਹਨਾਂ ਦੇ ਪਿੱਛੇ ਪਿੱਛੇ ਤੁਰ ਪਿਆ।
ਦੀਪ ਕਾਰ ਵਿਚ ਪਿੱਛੇ ਸੁਮੀਤ ਨਾਲ਼ ਅੜ ਕੇ ਬੈਠ ਗਈ।
-''ਮੈਂ ਤਾਂ ਇੰਡੀਆ ਈ ਵਾਪਸ ਆ ਜਾਣੈਂ, ਸੁਮੀਤ...! ਮੇਰਾ ਐਥੇ ਦਿਲ ਨਹੀਂ ਲੱਗਦਾ!'' ਦੀਪ ਆਖ ਰਹੀ
ਸੀ। ਹਰਦੇਵ ਕਹਿਣਾ ਚਾਹੁੰਦਾ ਸੀ ਕਿ ਐਥੇ ਤੇਰਾ ਦਿਲ ਕਿਵੇਂ ਲੱਗੇ? ਐਥੇ ਤਸੀਲਦਾਰ ਪਿਉ ਵਾਲ਼ੀ ਦੋ
ਨੰਬਰ ਦੀ ਕਮਾਈ ਨਹੀਂ ਨਾ, ਉੜਾਉਣ ਲਈ...? ਐਥੇ ਨਿੱਤ ਨਵੇਂ ਯਾਰਾਂ ਨਾਲ਼ ਮੱਟਰ ਗਸ਼ਤੀ ਕਰਨ ਨੂੰ
ਨਹੀਂ ਮਿਲਦੀ।
-''ਤੂੰ ਮੇਰੇ ਨਾਲ਼ ਈ ਚੱਲ...!'' ਸੁਮੀਤ ਬੋਲਿਆ। ਆਹੋ, ਇਹਨੂੰ ਨਾਲ਼ ਈ ਲੈਜਾ! ਬਾਪੂ ਆਲ਼ਾ ਅਧਿਕਾਰ
ਐਂ ਨਾ ਤੇਰਾ ਇਸ ਕੰਜਰੀ 'ਤੇ? ਹਰਦੇਵ ਦਾ ਮਨ ਲੱਟ-ਲੱਟ ਮੱਚੀ ਅਤੇ ਬੁਝੀ ਜਾ ਰਿਹਾ ਸੀ।
ਉਹ ਅੱਧੇ ਕੁ ਘੰਟੇ ਵਿਚ ਸੈਂਟਰਲ ਲੰਡਨ ਦੇ ਡੋਰਿੰਟ ਹੋਟਲ ਆ ਗਏ।
ਰਿਸੈਪਸ਼ਨ 'ਤੇ ਰੁਕ ਕੇ ਸੁਮੀਤ ਨੇ ਚੈੱਕ-ਇੰਨ ਕਰਵਾਈ ਅਤੇ ਕਮਰੇ ਦੀ ਚਾਬੀ ਲੈ ਲਈ।
-''ਹਰਦੇਵ...! ਤੁਸੀਂ ਐਥੇ ਈ ਰੁਕੋ...! ਮੈਂ ਸੁਮੀਤ ਨੂੰ ਕਮਰੇ ਵਿਚ ਛੱਡ ਕੇ ਆਈ!'' ਤੇ ਉਹ ਦੀਪ
ਨਾਲ ਲਿਫ਼ਟ ਵਿਚ ਵੜ ਗਈ। ਹਰਦੇਵ ਵਿਚ ਫ਼ੱਕਾ ਨਹੀਂ ਬਚਿਆ ਸੀ। ਉਹ ਸੋਚ ਰਿਹਾ ਸੀ ਕਿ ਮੈਂ ਇਸ ਦਾ ਪਤੀ
ਹਾਂ ਕਿ ਨੌਕਰ...? ਇਹ ਸਾਲ਼ੀ ਮੈਨੂੰ ਬਿਨਾ ਦੱਸੇ ਪੁੱਛੇ ਉਹਦੇ ਘਨ੍ਹੇੜੀਂ ਚੜ੍ਹੀ ਫਿਰਦੀ ਐ? ਫੜ ਕੇ
ਗੁੱਤੋਂ ਪੁੱਛਣਾ ਹੋਵੇ...? ਬਈ ਸਾਲ਼ੇ ਦੀਏ ਕੁਜਾਤੇ...! ਤੂੰ ਭਾਰਤੀ ਨਾਰੀ ਐਂ ਕਿ ਇੰਗਲੈਂਡ ਦੀ
ਦੇਸੀ ਮੇਮ...? ਪਰ ਉਹ ਆਪਣੇ ਫ਼ਟੇ ਜਾ ਰਹੇ ਦਿਲ ਨੂੰ ਬੁਰੀ ਤਰ੍ਹਾਂ ਨਾਲ਼ ਬੰਨ੍ਹ ਮਾਰੀ ਬੈਠਾ ਸੀ।
ਦੀਪ ਅਤੇ ਸੁਮੀਤ ਛੇਵੀਂ ਮੰਜ਼ਿਲ 'ਤੇ ਕਮਰੇ ਵਿਚ ਪਹੁੰਚ ਗਏ।
ਸੂਟਕੇਸ ਉਸ ਦਾ ਪੋਰਟਰ ਕਮਰੇ ਵਿਚ ਛੱਡ ਗਿਆ ਸੀ।
-''ਦਿਲ ਲੱਗ ਗਿਆ ਤੇਰਾ ਮੇਰੇ ਬਿਨਾ?'' ਸੁਮੀਤ ਨੇ ਦੀਪ ਨੂੰ ਕਲ਼ਾਵੇ 'ਚ ਲੈ ਲਿਆ।
-''ਜੇ ਦਿਲ ਲੱਗਿਆ ਹੁੰਦਾ...? ਤਾਂ ਮੈਂ ਤੈਨੂੰ ਦਿਨ 'ਚ ਦਸ ਦਸ ਵਾਰੀ ਫ਼ੋਨ ਨਾ ਕਰਦੀ! ਬੇਵਕੂਫ਼ੀਆਂ
ਨਾ ਕਰਿਆ ਕਰ!'' ਉਸ ਨੇ ਸੁਮੀਤ ਦੀ ਨੱਕ 'ਤੇ ਚੂੰਢੀ ਭਰ ਲਈ।
-''ਤੂੰ ਤਾਂ ਇੰਗਲੈਂਡ ਆਉਣ ਲਈ ਬਹੁਤੀ ਕਾਹਲ਼ੀ ਸੀ? ਹੁਣ ਤੇਰਾ ਕੀ ਵਿਚਾਰ ਐ?''
-''ਮੇਰਾ ਵਿਚਾਰ...? ਤੂੰ ਉਹ ਕਾਫ਼ੀ ਨਹੀਂ ਸੁਣੀਂ? ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ
ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ...!''
-''ਮਤਲਬ...?'' ਸੁਮੀਤ ਉਸ 'ਤੇ ਚਾਦਰ ਵਾਂਗ ਵਿਛਿਆ ਹੋਇਆ ਸੀ।
-''ਮਤਲਬ ਸਾਫ਼ ਐ...! ਜੇ ਮੈਂ ਉਦੋਂ ਤੇਰੇ ਬਾਰੇ ਪਾਪਾ ਜੀ ਨਾਲ਼ ਗੱਲ ਕਰਦੀ ਤਾਂ ਪਾਪਾ ਜੀ ਨੇ ਕਦੇ
ਨਹੀਂ ਮੰਨਣਾ ਸੀ-ਪਾਪਾ ਜੀ ਤੇਰੀ ਕਾਲਜ ਟਾਈਮ ਦੀ ਲੜਾਈ ਨਹੀਂ ਭੁੱਲੇ! ਉਦੋਂ ਤੋਂ ਉਹ ਤੇਰੇ 'ਤੇ
ਖਿਝੇ ਪਏ ਨੇ-ਮੇਰੇ ਪਾਪਾ ਜੀ ਦਾ ਤੈਨੂੰ ਪਤਾ ਈ ਐ, ਬਈ ਕਿੰਨੇ ਜ਼ਿਦੀ ਟਾਈਪ ਦੇ ਬੰਦੇ ਨੇ? ਤੇ ਹੁਣ
ਉਹਨਾਂ ਨੇ ਚਾਹੇ ਮੇਰਾ ਵਿਆਹ ਹਰਦੇਵ ਨਾਲ਼ ਕਰ ਹੀ ਦਿੱਤੈ-ਪਰ ਹੁਣ ਮੈਂ ਉਹਨਾਂ ਨੂੰ ਹਰਦੇਵ ਦੇ
ਖ਼ਿਲਾਫ਼ ਭੜ੍ਹਕਾ ਕੇ ਮੰਨਾ ਸਕਦੀ ਐਂ! ਭੜ੍ਹਕਿਆ ਅਤੇ ਫ਼ਸਿਆ ਬੰਦਾ ਤੇਜ਼ੀ ਵਿਚ ਜ਼ਿੰਦਗੀ ਨਾਲ਼ ਬੜੇ
ਸਮਝੌਤੇ ਕਰ ਜਾਂਦੈ, ਸੁਮੀਤ! ਮੈਂ ਤਾਂ ਹਰਦੇਵ 'ਤੇ ਬੜਾ ਦਬਾਅ ਪਾਉਂਦੀ ਆਂ-ਬੜਾ ਤੰਗ ਕਰਦੀ ਆਂ-ਉਸ
ਦੀ ਕੋਈ ਪ੍ਰਵਾਹ ਨਹੀਂ ਕਰਦੀ-ਤੈਨੂੰ ਸ਼ਰੇਆਮ ਫ਼ੋਨ ਵੀ ਕਰਦੀ ਆਂ-ਇਹਨੂੰ ਚਿੜਾਉਨੀ ਵੀ ਰੱਜ ਕੇ ਆਂ!
ਪਰ ਇਹ ਪਤਾ ਨਹੀਂ ਕਿਸ ਮਿੱਟੀ ਦਾ ਬਣਿਐਂ? ਮੇਰੇ ਨਾਲ਼ ਲੜਨ ਦਾ ਨਾਂ ਈ ਨ੍ਹੀ ਲੈਂਦਾ...? ਹੁਣ ਤੂੰ
ਆਉਣਾ ਸੀ-ਮੈਂ ਇਹਨੂੰ ਬਗੈਰ ਕਿਸੇ ਭੂਮਿਕਾ ਦੇ ਦੱਸ ਦਿੱਤਾ-ਤੇਰੇ ਸਾਹਮਣੇ ਐਂ-ਦੇਖਲਾ, ਸੀਲ ਬਣਕੇ
ਨਾਲ ਤੁਰਿਆ ਫਿਰਦੈ! ਤੇਰੇ ਨਾਲ਼ 'ਕੱਲੀ ਹੋਟਲ ਦੇ ਕਮਰੇ 'ਚ ਆਂ-ਕਿਹੜਾ ਮਾਈ ਦਾ ਲਾਲ ਆਪ ਦੀ ਔਰਤ
ਨੂੰ ਬਿਗਾਨੇ ਮਰਦ ਕੋਲ਼ੇ 'ਕੱਲੀ ਛੱਡਦੈ...? ਹੁਣ ਮੈਂ ਇਹਦੇ ਨਾਲ਼ ਕੋਈ ਨਾ ਕੋਈ ਲੜਨ ਦਾ ਬਹਾਨਾ ਬਣਾ
ਹੀ ਲੈਣੈ ਤੇ ਇਹਤੋਂ ਤਲਾਕ ਲੈ ਕੇ-ਆਪਾਂ ਵਿਆਹ ਕਰਵਾ ਲਵਾਂਗੇ-ਤੇ ਫੇਰ, ਵਿਆਹ ਕਰਵਾਉਣ ਤੋਂ ਬਾਅਦ
ਕਿਸੇ ਨੂੰ ਦੱਸਾਂਗੇ!''
-''......।'' ਸੁਮੀਤ ਚੁੱਪ ਕਰ ਗਿਆ। ਪਤਾ ਨਹੀਂ ਉਹ ਦੀਪ ਦੀ ਇਸ ਕਰਤੂਤ ਤੋਂ ਖ਼ੁਸ਼ ਸੀ ਜਾਂ ਦੁਖੀ?
ਉਸ ਦੇ ਚਿਹਰੇ ਦੇ ਹਾਵ ਭਾਵ ਖ਼ਾਮੋਸ਼ ਸਨ।
-''ਪਰ ਹੁਣ ਤਾਂ ਹਰਦੇਵ ਨੇ-?'' ਸੁਮੀਤ ਫਿਰ ਬੋਲ ਉਠਿਆ।
-''ਫਿਰ ਕੀ ਆਫ਼ਤ ਆ ਗਈ...? ਉਹਨੇ ਮੇਰੇ ਨਾਲ਼ ਪੰਜ ਸੱਤ ਜਾਂ ਇਸ ਤੋਂ ਵੀ ਵੱਧ ਹਮਬਿਸਤਰੀ ਕਰ ਲਈ?
ਫੇਰ ਕੀ ਫ਼ਰਕ ਪੈ ਗਿਆ? ਇਹ ਤਾਂ ਮੈਂ ਕਾਲਜ ਟਾਈਮ ਤੋਂ ਈ ਤੇਰੇ ਨਾਲ਼ ਕਰਦੀ ਆਈ ਆਂ-ਨਾਲ਼ੇ ਆਪਣਾ ਵਿਆਹ
ਨਹੀਂ ਸੀ ਹੋਇਆ! ਮੈਂ ਹਰਦੇਵ ਦੇ ਬੇਸ 'ਤੇ ਐਥੇ ਆ ਗਈ-ਹਰਦੇਵ ਨੂੰ ਮੈਂ ਇਕ ਹਥਿਆਰ ਵਜੋਂ ਵਰਤਿਐ-ਜੇ
ਉਹ ਮੇਰੇ ਨਾਲ਼ ਦਸ ਪੰਦਰਾਂ ਵਾਰ ਸੌਂ ਵੀ ਗਿਆ-ਹਮਬਿਸਤਰ ਹੋ ਵੀ ਗਿਆ-ਤਾਂ ਕੀ ਅਨਰਥ ਹੋ ਗਿਆ...?
ਹੁਣ ਉਹ ਮੈਨੂੰ ਛੇੜਦਾ ਨਹੀਂ! ਉਹਦੇ ਸਾਹਮਣੇ ਤੇਰੇ ਨਾਲ਼ ਮੈਂ ਜੋ ਵਰਤਾਰਾ ਕੀਤੈ? ਉਸ ਵਰਤਾਰੇ ਨਾਲ਼
ਉਸ ਦਾ ਮਨ ਮੇਰੇ ਵੱਲੋਂ ਖੱਟਾ ਪੈ ਗਿਆ ਹੋਊ! ਅਜੇ ਉਹ ਮੈਨੂੰ ਛੇੜੀ ਜਾਊ? ਇਸ ਵਰਤਾਰੇ ਕਰਕੇ ਉਹ
ਮੈਥੋਂ ਦੂਰ ਹੀ ਹੋਇਆ ਹੋਊ-ਨੇੜੇ ਨਹੀਂ! ਮੈਨੂੰ ਪਾਪਾ ਜੀ ਤੋਂ ਪਾਸੇ ਹੋਣ ਲਈ ਕੋਈ ਬਹਾਨਾ, ਕੋਈ
ਮੁੱਦਾ ਚਾਹੀਦਾ ਸੀ-ਉਹ ਮੁੱਦਾ ਮੈਨੂੰ ਹਰਦੇਵ ਬਣ ਕੇ ਮਿਲ ਗਿਆ! ਮੈਂ ਪਾਪਾ ਜੀ ਤੋਂ ਪਾਸੇ ਹੋ
ਗਈ-ਪੰਜਾਬ ਤੋਂ ਇੰਗਲੈਂਡ ਆ ਗਈ-ਹੁਣ ਹਰਦੇਵ ਤੋਂ ਤਲਾਕ ਅਤੇ ਪਾਪਾ ਜੀ ਤੋਂ ਸਹਿਮਤੀ ਲੈਣੀ ਮੇਰਾ
ਕੰਮ ਐਂ! ਕੰਮ ਕੀ...? ਮੇਰੀ ਜ਼ਿੰਮੇਵਾਰੀ ਐ...! ਦੂਰ ਰਹਿਣ ਨਾਲ਼ ਮਾਂ ਬਾਪ ਦਾ ਪਿਆਰ ਬੱਚੇ ਪ੍ਰਤੀ
ਹੋਰ ਮਜਬੂਤ ਹੁੰਦੈ-ਹੁਣ ਪਾਪਾ ਜੀ ਮੈਨੂੰ ਹਰ ਰੋਜ ਫ਼ੋਨ ਕਰਦੇ ਐ-ਅੱਗੇ ਕਦੇ ਦਫ਼ਤਰ 'ਚੋਂ ਵੀ ਫ਼ੋਨ
ਨਹੀਂ ਸੀ ਕੀਤਾ! ਇਸ ਦਾ ਮਤਲਬ ਇਹ ਹੈ ਕਿ ਜੇ ਪਾਪਾ ਜੀ ਨੂੰ ਮੈਂ ਦੁਖੀ ਹੋਣ ਦਾ ਵੇਰਵਾ ਦੇਵਾਂ-ਤਾਂ
ਪਾਪਾ ਜੀ ਤਲਾਕ ਬਾਰੇ ਫ਼ੱਟ ਸਹਿਮਤੀ ਦੇ ਦੇਣਗੇ ਅਤੇ ਪੰਜਾਬ ਵਾਪਿਸ ਆਉਣ ਬਾਰੇ ਆਖਣਗੇ-ਹਰਦੇਵ ਦੇ
ਪ੍ਰੀਵਾਰ 'ਤੇ ਤਾਂ ਉਹ ਪਹਿਲਾਂ ਹੀ ਚਿੜੇ ਹੋਏ ਨੇ...।''
-''ਕਿਉਂ...?''
-''ਕਿਉਂਕਿ ਹਰਦੇਵ ਦੇ ਪ੍ਰੀਵਾਰ ਦੇ ਕਿਸੇ ਵੀ ਜੀਅ ਨੇ ਇਹਦੇ ਪਹਿਲੇ ਵਿਆਹ ਬਾਰੇ ਵੇਰਵਾ ਨਹੀਂ
ਪਾਇਆ ਸੀ-ਤੇ ਜਦੋਂ ਪਾਪਾ ਜੀ ਨੂੰ ਪਤਾ ਲੱਗਿਆ-ਉਦੋਂ ਬਹੁਤ ਦੇਰ ਹੋ ਚੁੱਕੀ ਸੀ-ਮੈਂ ਤਾਂ ਆਨੰਦਾਂ
'ਤੇ ਬੈਠੀ ਸੀ-ਪਾਪਾ ਜੀ ਇਹਨਾਂ ਦੇ ਪ੍ਰੀਵਾਰ 'ਤੇ ਉਦੋਂ ਦੇ ਖਿਝੇ ਹੋਏ ਨੇ-ਹਰਦੇਵ ਤੋਂ ਤਲਾਕ ਲੈਣ
ਤੋਂ ਬਾਅਦ-ਫੇਰ ਮੇਰੇ ਸਾਹਮਣੇ ਸਿਰਫ਼ ਇਕੋ ਹੀ ਵਿਸ਼ਾ ਹੈ-ਉਹ ਹੈ, ਸੁਮੀਤ...!''
-''......।'' ਸੁਮੀਤ ਚੁੱਪ ਹੀ ਰਿਹਾ। ਉਸ ਨੂੰ ਦੀਪ ਦੀ ਕਾਤਲ ਸੋਚ ਦਾ ਕਾਇਲ ਹੋਇਆ ਬੈਠਾ ਸੀ। ਪਰ
ਉਹ ਸੋਚ ਰਿਹਾ ਸੀ ਕਿ ਤੂੰ ਮੇਰੇ ਨਾਲ਼ ਇਕ ਵਾਰੀ ਵਿਆਹ ਤਾਂ ਕਰਵਾ...! ਸਾਰੇ ਧੋਣੇ ਹੀ ਧੋਤੇ
ਜਾਣਗੇ...! ਮੈਂ ਵੀ ਕੈਬਨਿਟ ਮੰਤਰੀ ਦਾ ਸਾਹਿਬਜ਼ਾਦਾ ਹਾਂ...! ਤੈਨੂੰ ਲੀਹ ਪਾ ਦਿਆਂਗਾ...! ਆਪਾਂ
ਨੂੰ ਤਾਂ ਤੇਰੇ ਸਰੀਰ ਅਤੇ ਤੇਰੀ ਜ਼ਮੀਨ ਜਾਇਦਾਦ ਨਾਲ਼ ਸਰੋਕਾਰ ਐ! ਜਿਹੜੀ ਤੇਰੇ ਤਸੀਲਦਾਰ ਪਿਉ ਨੇ
ਲੋਕਾਂ ਦਾ ਖੂਨ ਚੂਸ ਚੂਸ ਕੇ ਇਕੱਠੀ ਕੀਤੀ ਐ! ਇਕ ਵਾਰ ਵਿਆਹ ਹੋਇਆ, ਤਸੀਲਦਾਰ ਅਰਗਿਆਂ ਦੀਆਂ
ਗੁੱਡੀਆਂ ਘੁਕਾ ਦਿਆਂਗੇ...। ਤਸੀਲਦਾਰ ਦਾ ਤਾਂ ਇਹ ਨਹੀਂ ਪਤਾ ਲੱਗਣਾ ਕਿ ਕਦੋਂ ਮਰ ਗਿਆ? ਅਤੇ
ਕਿਵੇਂ ਮਰ ਗਿਆ...? ਤੂੰ ਇਕ ਵਾਰੀ ਹਰਦੇਵ ਤੋਂ ਤਲਾਕ ਲੈ ਕੇ ਮੇਰੇ ਨਾਲ਼ ਸ਼ਾਦੀ ਕਰ ਤਾਂ ਸਹੀ! ਜੇ
ਬੌਂਦਲ਼ ਨਾ ਗਈ, ਤਾਂ ਆਖੀਂ...! ਅਸੀਂ ਟੋਭਾ ਪੀ ਕੇ ਭਾਫ਼ ਨਾ ਕੱਢੀਏ...! ਤੂੰ ਹਰਦੇਵ ਦੇ ਕੁੱਤੇ
ਫ਼ੇਲ੍ਹ ਕੀਤੇ ਐ। ਤੇ ਮੈਂ ਤੇਰੇ ਬਰੇਕ ਈ ਫ਼ੇਲ੍ਹ ਕਰ ਧਰਨੇ ਐਂ...! ਤੇਰੀਆਂ ਕਾਲਜ ਟਾਈਮ ਤੋਂ ਐਵੇਂ
ਨਹੀਂ ਲਾਲ਼ਾਂ ਚੱਟੀ ਜਾਂਦਾ...! ਜਿਹੜਾ ਤੂੰ ਹਰਦੇਵ ਦੇ ਸੰਘ ਵਿਚ ਸਾਹ ਘੁੱਟ ਰੱਖਿਐ, ਉਹ ਅਛਨੇ
ਪਛਨੇ ਸੁਮੀਤ ਦੇ ਸਾਹਮਣੇ ਨਹੀਂ ਹੋਣੇ...! ਤੇਰੇ ਵਰਗੀਆਂ ਸਾਡੇ ਕੋਲ਼ੇ ਪੰਜਾਹ...! ਸਾਨੂੰ ਕੀ
ਘਾਟਾ...? ਤੇਰੇ ਵਰਗੀਆਂ ਦੀ ਸਾਲੀਏ ਅਸੀਂ ਮੰਡੀ ਲਾ ਦੇਈਏ...! ਸਾਲ਼ੀ ਕੁੱਤਿਆਂ ਦੀ...! ਵੱਡੀ
ਚਤਰ...! ਕੁਦਰਤ ਦਾ ਕਾਨੂੰਨ ਹੀ ਇਹ ਹੈ, ਸੇਰ ਨੂੰ ਸਵਾ ਸੇਰ ਟੱਕਰਦੈ...! ਵੱਡੀ ਮੱਛੀ ਛੋਟੀ ਨੂੰ
ਖਾਂਦੀ ਐ...! ਇਹ ਤਾਂ ਮੇਰੀ ਮੇਰੇ ਬਾਪੂ ਜੀ ਨੇ ਇਕ ਤਰ੍ਹਾਂ ਨਾਲ਼ ਡਿਊਟੀ ਲਾਈ ਹੋਈ ਐ, ਕਿ ਇਸ
ਸੋਨੇ ਦਾ ਆਂਡਾ ਦੇਣ ਵਾਲ਼ੀ ਮੁਰਗੀ ਦਾ ਖਹਿੜਾ ਨਹੀਂ ਛੱਡਣਾ। ਨਹੀਂ ਮੈਂ ਤਾਂ ਤੇਰੇ ਗੋਲ਼ੀ ਨਹੀਂ
ਮਾਰਦਾ ਸੀ, ਤੇਰੇ 'ਤੇ ਥੁੱਕਦਾ ਵੀ ਨਹੀਂ ਸੀ...! ਬਾਪੂ ਨੇ ਆਖਿਆ ਸੀ, ਬੱਚੂ! ਜੇ ਦੋ ਲੱਖ ਖਰਚ ਕੇ
ਦੋ ਕਰੋੜ ਦਾ ਫ਼ਾਇਦਾ ਹੁੰਦਾ ਹੋਵੇ, ਪਾਧਾ ਨਾ ਪੁੱਛੀਏ...! ਛਾਂਵੇਂ ਬੈਠਣ ਵਾਸਤੇ ਬੰਦੇ ਨੂੰ ਬੂਟਾ
ਲਾਉਣਾ ਪੈਂਦੈ...!
ਅਸਲ ਵਿਚ ਸੁਮੀਤ ਧਨਾਢ ਘਰਾਣੇ ਨਾਲ਼ ਸਬੰਧ ਰੱਖਦਾ ਸੀ। ਉਸ ਦਾ ਬਾਪ ਕੈਬਨਿਟ ਮੰਤਰੀ ਰਹਿ ਚੁੱਕਾ ਸੀ।
ਸੁਮੀਤ ਉਸ ਦਾ 'ਕੱਲਾ 'ਕੱਲਾ, ਵਿਗੜਿਆ ਹੋਇਆ ਪੁੱਤ ਸੀ। ਕੈਬਨਿਟ ਮੰਤਰੀ ਸੁਮੀਤ ਲਈ ਕਿਸੇ ਅਜਿਹੇ
ਰਿਸ਼ਤੇ ਦੀ ਭਾਲ਼ ਵਿਚ ਸੀ। ਜਿੱਥੇ ਕੁੜੀ ਵੀ ਇਕੱਲੀ ਹੀ ਹੋਵੇ ਅਤੇ ਜ਼ਮੀਨ ਜਾਇਦਾਦ ਵੀ ਖੁੱਲ੍ਹੀ
ਡੁੱਲ੍ਹੀ ਹੋਵੇ! ਸਾਰੇ ਇਲਾਕੇ ਵਿਚ ਅਜਿਹਾ ਰਿਸ਼ਤਾ ਮੰਤਰੀ ਸਾਹਿਬ ਨੂੰ ਤਸੀਲਦਾਰ ਤੋਂ ਬਿਨਾ ਕੋਈ
ਨਹੀਂ ਦਿਸਿਆ ਸੀ। ਉਸ ਨੇ ਕਾਲਜ ਸਮੇਂ ਤੋਂ ਹੀ ਸੁਮੀਤ ਨੂੰ ਦੀਪ ਮਗਰ ਲਾ ਦਿੱਤਾ ਸੀ। ਬਿਨਾ ਸ਼ੱਕ
ਦੀਪ, ਸੁਮੀਤ ਦੀ ਸ਼ਾਹੀ ਟੌਹਰ ਕਾਰਨ ਉਸ ਦੇ ਨੇੜੇ ਆ ਗਈ ਸੀ। ਉਹ ਸ਼ਰੇਆਮ ਕਾਰਾਂ ਅਤੇ ਜਿਪਸੀਆਂ ਵਿਚ
ਖੁੱਲ੍ਹੇ ਘੁੰਮਣ ਲੱਗੇ ਸਨ। ਪਰ ਮਾੜੀ ਕਿਸਮਤ ਨੂੰ ਕਾਲਜ ਵਿਚ ਫ਼ੈਡਰੇਸ਼ਨ ਅਤੇ ਕੋਮਿਊਨਿਸਟ ਵਿਚਾਰਾਂ
ਵਾਲ਼ੇ ਵਿਦਿਆਰਥੀਆਂ ਦਾ ਝਗੜਾ ਹੋ ਗਿਆ। ਇਸ ਝਗੜੇ ਦਾ ਮੁੱਖ ਦੋਸ਼ੀ ਸੁਮੀਤ ਨੂੰ ਹੀ ਮੰਨਿਆਂ ਗਿਆ। ਇਸ
ਕਰਕੇ ਸੁਮੀਤ ਅਤੇ ਉਸ ਦੇ ਦੋਸਤਾਂ ਨੂੰ ਫੜ ਕੇ ਪੁਲੀਸ ਨੇ ਅੰਦਰ ਦੇ ਦਿੱਤਾ। ਮੰਤਰੀ ਦੇ ਅਸਰ ਰਸੂਖ
ਅਤੇ ਅਮਲੇ ਫ਼ੈਲੇ ਨੇ ਉਹਨਾਂ ਨੂੰ ਛੁਡਾ ਲਿਆ। ਸੁਮੀਤ ਫਿਰ ਵੀ ਮੰਤਰੀ ਸਾਹਿਬਾਨ ਦਾ ਸਾਹਿਬਜ਼ਾਦਾ ਸੀ।
ਪਰ ਅਖਬਾਰਾਂ ਨੇ ਇਸ ਗੱਲ ਨੂੰ ਰੱਜ ਕੇ ਉਛਾਲਿਆ ਸੀ। ਸਾਰੇ ਇਲਾਕੇ ਵਿਚ ਖ਼ਬਰ ਧੂੰਏਂ ਵਾਂਗ ਫ਼ੈਲ ਗਈ
ਸੀ ਅਤੇ ਖ਼ੂਬ 'ਬੂ-ਬੂ' ਹੋਈ ਸੀ।
ਸਮਾਂ ਪਾ ਕੇ ਜਦੋਂ ਕਿਸੇ ਵਿਚੋਲੇ ਨੇ ਤਸੀਲਦਾਰ ਨੂੰ ਮੰਤਰੀ ਦੇ ਮੁੰਡੇ ਸੁਮੀਤ ਦੇ ਰਿਸ਼ਤੇ ਬਾਰੇ
ਦੱਸ ਪਾਈ, ਤਾਂ ਤਸੀਲਦਾਰ ਤੋਕੜ ਮੱਝ ਵਾਂਗ ਲੱਤ ਚੁੱਕ ਗਿਆ ਸੀ। ਤਸੀਲਦਾਰ ਦੇ ਮਨ ਵਿਚ ਸੀ ਕਿ
ਅਜਿਹੇ ਗੁੰਡੇ ਮੁੰਡੇ ਨਾਲ਼ ਰਿਸ਼ਤਾ ਜੋੜ ਕੇ, ਮੈਂ ਕੱਲ੍ਹ ਨੂੰ ਤੰਗ ਹੀ ਹੋਊਂ! ਜੇ ਉਸ ਨੇ ਕਦੇ ਮੇਰੀ
ਧੀ ਨੂੰ ਕੁਝ ਆਖ ਦਿੱਤਾ, ਤਾਂ ਮੇਰਾ ਮਰਨ ਹੋ ਜਾਵੇਗਾ। ਉਹ ਦੀਪ ਲਈ ਕੋਈ ਆਪਣੇ ਤੋਂ ਛੋਟਾ ਘਰ ਲੱਭ
ਰਿਹਾ ਸੀ। ਜਿੱਥੇ ਭੱਲ ਜਿਹੀ ਵੀ ਬਣੀਂ ਰਹੇ! ਭਾਲ਼ ਕਰਦੇ-ਕਰਦੇ ਤਸੀਲਦਾਰ ਨੂੰ ਅਚਾਨਕ ਹਰਦੇਵ ਹੋਣਾਂ
ਦਾ ਰਿਸ਼ਤਾ ਮਿਲ਼ ਗਿਆ ਸੀ। ਪਰ ਦੀਪ ਦੀ ਸੁਮੀਤ ਨਾਲ਼ ਉਤਨੀ ਹੀ ਨੇੜਤਾ ਬਰਕਰਾਰ ਰਹੀ ਸੀ, ਜਿੰਨੀ
ਪਹਿਲਾਂ ਸੀ!
ਉਧਰ ਮੰਤਰੀ ਨੇ ਅਜੇ ਵੀ ਦੀਪ ਦੀ ਆਸ ਨਹੀਂ ਛੱਡੀ ਸੀ। ਉਸ ਨੇ ਸੁਮੀਤ ਦੀ ਪੂਛ ਨੂੰ ਵੱਟ ਚਾਹੜੀ
ਰੱਖਿਆ। ਜਦੋਂ ਸੁਮੀਤ ਨੇ ਦੀਪ ਦੇ ਵਿਆਹੀ ਜਾਣ ਅਤੇ ਇੰਗਲੈਂਡ ਜਾਣ ਬਾਰੇ ਜਤਾਇਆ ਤਾਂ ਮੰਤਰੀ ਪਿੱਟ
ਉਠਿਆ ਸੀ, ''ਵਿਆਹ ਹੋ ਗਿਆ-ਤਾਂ ਕੀ ਲੋਹੜਾ ਆ ਗਿਆ? ਸਾਲ਼ਿਆ ਕੁੜੀ ਕੋਲ਼ ਕਿੰਨੀ ਜ਼ਮੀਨ ਜਾਇਦਾਦ ਐ!
ਸੋਹਣੀ ਸੁਨੱਖੀ ਐ! ਵਿਆਹ ਤੋਂ ਬਾਅਦ ਸਾਰੀ ਜ਼ਮੀਨ ਜਾਇਦਾਦ ਦਾ ਤੂੰ ਹੀ ਤਾਂ ਮਾਲਕ ਐਂ! ਜੇ ਉਹਨੂੰ
ਕਦੇ ਤਲਾਕ ਵੀ ਦੇਣਾ ਪੈ ਗਿਆ-ਫੇਰ ਵੀ ਅੱਧ ਦਾ ਮਾਲਕ ਤਾਂ ਬਣੇਗਾ ਹੀ...? ਸਿਆਸਤ ਦੇ ਮਗਰ ਲੱਗ ਕੇ
ਅੰਬ ਖਾਈਏ! ਪੇਡ ਗਿਣਨ ਦੀ ਲਾਲਸਾ ਨਾ ਰੱਖੀਏ! ਉਹਦੇ ਮਗਰ ਲੱਗਿਆ ਰਹਿ! ਚਾਹੇ ਤੈਨੂੰ ਉਹਦੇ ਪਿੱਛੇ
ਇੰਗਲੈਂਡ ਹੀ ਕਿਉਂ ਨਾ ਜਾਣਾ ਪਵੇ! ਉਹ ਤੈਨੂੰ ਸੁੱਖ ਕੇ ਨਹੀਂ ਦਿੱਤੀ ਹੋਈ! ਨਾ ਵਿਚਾਰ ਰਲ਼ੇ, ਚੁੱਪ
ਕਰਕੇ ਤਲਾਕ ਦੇ ਕੇ ਪਰਾਂਹ ਮਾਰੀਂ! ਅੱਧੀ ਜ਼ਮੀਨ ਜਾਇਦਾਦ ਤਾਂ ਲੈ ਕੇ ਡਿੱਗ...! ਜਾਂਦੇ ਚੋਰ ਦੀ
ਤੜਾਗੀ ਈ ਸਹੀ! ਸਿਆਣੇ ਆਖਦੇ ਹੁੰਦੇ ਐ, ਸੁਮੀਤ! ਬਈ ਜੇ ਧਨ ਜਾਂਦਾ ਦਿਸੇ-ਅੱਧਾ ਦੇਈਏ ਲੁਟਾ...!
ਚੁੱਪ ਚਾਪ ਉਹਦੇ ਮਗਰ ਲੱਗਿਆ ਰਹਿ...! ਇਹ ਮੁਰਗੀ ਤੇ ਜਾਇਦਾਦ ਆਪਾਂ ਨਹੀਂ ਛੱਡਣੀ! ਜੇ ਤੂੰ ਇਹ
ਕੁੜੀ ਤੇ ਜ਼ਮੀਨ ਜਾਣ ਦੇ ਦਿੱਤੀ-ਤਾਂ ਸਮਝ ਲੈ ਬਈ ਤੂੰ ਮੰਤਰੀ ਪਿਉ ਦਾ ਪੁੱਤ ਨ੍ਹੀ! ਚਾਹੇ ਤੈਨੂੰ
ਉਹਦੇ ਪਿੱਛੇ ਇੰਗਲੈਂਡ ਹੀ ਕਿਉਂ ਨਾ ਜਾਣਾ ਪਵੇ! ਇੰਗਲੈਂਡ ਜਾ ਕੇ ਉਹਦਾ ਅਮਰੀਕਾ ਕੈਨੇਡਾ ਦਾ ਵੀਜ਼ਾ
ਲੁਆ-ਤੇ ਕਿਤੇ ਅੱਗੇ ਲੈ ਵੜ! ਇਕ ਗੱਲ ਯਾਦ ਰੱਖੀਂ-ਜੇ ਕੰਮ ਲੈਣਾ ਹੋਵੇ ਤਾਂ ਅਗਲੀ ਦੇ ਅੰਦਰ ਵੜ
ਜਾਈਏ! ਮੈਂ ਆਪਣਾ ਦਸਤੀ ਖ਼ਤ ਅੰਬੈਸੀਆਂ ਵਾਸਤੇ ਤੈਨੂੰ ਮੈਂ ਦੇ ਦਿੰਨੈ-ਤੇਰਾ ਤੇ ਉਹਦਾ ਵੀਜ਼ਾ ਲੱਗ
ਜਾਵੇਗਾ-ਇਸ ਗੱਲੋਂ ਚਿੰਤਾ ਨਾ ਕਰ...! ਚੁੱਪ ਕਰਕੇ ਉਹਦੇ ਮਗਰ ਇੰਗਲੈਂਡ ਜਾ ਵੱਜ! ਅਗਲੀ ਨੂੰ ਵੀ
ਅਹਿਸਾਸ ਹੋਵੇ-ਬਈ ਮੇਰੇ ਨਾਲ਼ ਵਾਕਿਆ ਈ ਪ੍ਰੇਮ ਕਰਦੈ-ਜੇ ਸੱਚਾ ਦਿਲੋਂ ਪ੍ਰੇਮ ਕਰਦੈ-ਤਾਂ ਹੀ ਤਾਂ
ਮੇਰੇ ਮਗਰ ਇੰਗਲੈਂਡ ਆਇਆ?'' ਤੇ ਸੁਮੀਤ ਮੰਤਰੀ ਬਾਪੂ ਦਾ ਪ੍ਰੇਰਿਆ ਦਸਤੀ ਪੱਤਰ ਲੈ ਇੰਗਲੈਂਡ ਆ
ਵੱਜਿਆ ਸੀ...।
-''ਅੱਜ ਰਾਤ ਦਾ ਕੀ ਪ੍ਰੋਗਰਾਮ ਐਂ?'' ਦੀਪ ਨੇ ਹੀ ਪਹਿਲ ਕੀਤੀ।
-''ਅੱਜ ਲੁੱਟਾਂਗੇ ਬੁੱਲੇ...! ਬੜਾ ਇੰਤਜ਼ਾਰ ਕੀਤਾ! ਅੱਜ ਹੱਥ ਹੇਠ ਆਈ ਨੂੰ ਤੈਨੂੰ ਸੁੱਕੀ ਹੀ ਭੇਜ
ਦਿਆਂ? ਤੇਰੇ ਕਰਕੇ ਤਾਂ ਮੈਂ ਇੰਗਲੈਂਡ ਆਇਐਂ? ਤੇਰੇ ਕਹਿਣ ਵਾਂਗ, ਹਾਜੀ ਲੋਕ ਮੱਕੇ ਵੱਲ ਜਾਂਦੇ ਤੇ
ਸਾਡਾ ਰਾਂਝਾ ਮਾਹੀ ਮੱਕਾ...! ਮੇਰਾ ਮੱਕਾ ਕਾਅਬਾ, ਬੱਸ ਹੁਣ ਸਭ ਕੁਛ ਤੂੰ ਈ ਤੂੰ ਐਂ, ਦੀਪ!'' ਉਸ
ਨੇ ਦੀਪ ਨੂੰ ਕਲ਼ਾਵੇ ਵਿਚ ਜਕੜ ਲਿਆ।
-''ਇਹ ਕੰਮ ਆਪਾਂ ਰਾਤ 'ਤੇ ਛੱਡੀਏ-ਚੱਲ ਹਰਦੇਵ ਨੂੰ ਮਿਲੀਏ...!'' ਦੀਪ ਨੇ ਆਖਿਆ।
-''ਮੈਂ ਕੱਪੜੇ ਤਾਂ ਬਦਲ ਲਵਾਂ...? ਮੈਂ ਤਾਂ ਨ੍ਹਾਤਾ ਵੀ ਨਹੀਂ...?''
-''ਆ ਕੇ ਸਹੀ...! ਨਹਾ ਕੇ ਕੀਹਨੂੰ ਦਿਖਾਉਣੈਂ?'' ਦੀਪ ਉਸ ਨੂੰ ਧੂਹ ਤੁਰੀ।
ਹਰਦੇਵ ਹੋਟਲ ਦੇ ਲਾਊਂਜ ਵਿਚ ਕੀੜਿਆਂ ਵਾਲ਼ੇ ਕੁੱਤੇ ਵਾਂਗ ਬੈਠਾ ਸੀ। ਉਸ ਦੇ ਮੂੰਹ ਤੋਂ ਮੱਖੀ ਨਹੀਂ
ਉਡ ਰਹੀ ਸੀ। ਉਸ ਦੇ ਅੰਦਰ ਭਾਂਤ ਭਾਂਤ ਦੀਆਂ ਸੋਚਾਂ ਦਾ ਜਹਾਦ ਛਿੜਿਆ ਹੋਇਆ ਸੀ। ਕਿਤੇ ਉਹ ਸਾਲ਼ਾ
ਦੀਪ ਨਾਲ਼ ਰਗਰਲ਼ੀਆਂ ਤਾਂ ਨਹੀਂ ਮਨਾਈ ਜਾ ਰਿਹਾ? ਐਹੋ ਜਿਹੇ ਦਾ ਕੀ ਇਤਬਾਰ? ਇਤਬਾਰ ਤਾਂ ਮੇਰੇ ਆਲ਼ੀ
ਤੀਮੀ ਦਾ ਵੀ ਨਹੀਂ! ਕਹਿੰਦੇ ਨੇ ਜੇ ਸ਼ੇਰਨੀ ਨੂੰ ਤ੍ਰਿਸ਼ਨਾ ਦਾ ਹਲ਼ਕ ਛੁੱਟ ਪਵੇ, ਤਾਂ ਉਹ ਰਾਹ 'ਤੇ
ਆ ਕੇ ਲਿਟਣ ਲੱਗ ਪੈਂਦੀ ਐ! ਨਾਲ਼ੇ ਇਹਨੇ ਤਾਂ ਮੇਰੇ ਵੈਸੇ ਈ ਕੁੱਤੇ ਫ਼ੇਲ੍ਹ ਕੀਤੇ ਪਏ ਐ! ਇਹਨੂੰ
ਤਾਂ ਸਾਲ਼ੀ ਨੂੰ ਹੱਥ ਲਾਉਂਦਿਆਂ ਵੀ ਡਰ ਲੱਗਦੈ। ਇਹਦਾ ਹਾਬੜਾ ਤਾਂ ਆਹ ਮੇਰਾ ਸਾਲ਼ਾ ਕੁੱਚ ਦਾਹੜੀਆ ਈ
ਬੁਝਾਊ! ਇਹ ਮੈਨੂੰ ਮੇਰੇ ਸਾਲ਼ੇ ਦੀ ਕੀ ਦਬਾਲ਼ ਐ? ਇਹਦਾ ਤਾਂ ਇਹ ਨਹੀਂ ਇਤਬਾਰ ਬਈ ਕਿਤੇ ਸਾਰਿਆਂ ਦੇ
ਸਾਹਮਣੇ ਥੱਪੜ ਹੀ ਕੱਢ ਮਾਰੇ? ਅਮੀਰ ਪਿਉ ਦੀ ਵਿਗੜੀ ਕੁੜੀ ਐ! ਇਹ ਤਾਂ ਛੇਤੀ ਕੀਤੇ ਪਿੱਛੋਂ ਵੀ
ਨਹੀਂ ਲਹਿਣੀ।
ਦੀਪ ਅਤੇ ਸੁਮੀਤ ਹੇਠਾਂ ਲਾਊਂਜ ਵਿਚ ਆ ਗਏ।
-''ਹਰਦੇਵ, ਚਲੋ ਆਪਾਂ ਘਰੇ ਚੱਲਦੇ ਐਂ! ਸੁਮੀਤ ਨੂੰ ਨਾਲ਼ੇ ਆਪਣਾ ਘਰ ਦਿਖਾ ਦਿਆਂਗੇ।''
ਉਹ ਉਠ ਕੇ ਕਿਸੇ ਆਗਿਆਕਾਰੀ ਚੇਲੇ ਵਾਂਗ ਉਹਨਾਂ ਦੇ ਅੱਗੇ ਲੱਗ ਤੁਰਿਆ। ਹੋਟਲ ਦੀ ਪਾਰਕਿੰਗ ਵਿਚੋਂ
ਗੱਡੀ ਘਰ ਨੂੰ ਤੁਰ ਪਈ। ਦੀਪ ਫਿਰ ਪਿੱਛੇ ਸੁਮੀਤ ਨਾਲ਼ ਅੜੀ ਬੈਠੀ ਸੀ। ਹਰਦੇਵ ਦੇ ਮਨ ਵਿਚ ਲਾਂਬੂ
ਬਲ਼ ਰਹੇ ਸਨ। ਉਸ ਦਾ ਦਿਲ ਕਰਦਾ ਸੀ ਕਿ ਗੱਡੀ ਨੂੰ ਮੋਟਰ-ਵੇਅ 'ਤੇ ਆਉਂਦੇ ਕਿਸੇ ਟਰਾਲੇ ਹੇਠ ਵਾੜ
ਦੇਵੇ...। ਆਪ ਤਾਂ ਮਰਨਾ ਹੀ ਹੈ, ਇਹਨਾਂ ਸਾਲ਼ਿਆਂ ਆਸ਼ਕਾਂ ਨੂੰ ਵੀ ਨਾਲ ਲੈ ਕੇ ਮਰਾਂ...! ਪਰ ਉਹ
ਡਰਾਕਲ ਸ਼ਿਕਾਰੀ ਵਾਂਗ ਹੀਆਂ ਨਾ ਕਰ ਸਕਿਆ। ਅੱਗੇ ਹੀ ਅੱਗੇ ਚੱਲਦਾ ਰਿਹਾ।
ਘਰ ਆ ਗਿਆ।
ਉਤਰ ਕੇ ਹਰਦੇਵ ਨੇ ਹੀ ਦਰਵਾਜਾ ਖੋਲ੍ਹਿਆ। ਦੀਪ ਅਤੇ ਸੁਮੀਤ ਅਜੇ ਵੀ ਕਾਰ ਵਿਚ ਬੈਠੇ ਗੱਲਾਂ ਕਰ
ਰਹੇ ਸਨ। ਹੱਸ ਰਹੇ ਸਨ। ਹੁਣ ਹਰਦੇਵ ਨੂੰ ਆਪਣੇ ਗੁਆਂਢੀਆਂ ਦਾ ਡਰ ਸਤਾਉਣ ਲੱਗ ਪਿਆ। ਜੇ ਗੁਆਂਢੀਆਂ
ਨੇ ਦੇਖ ਲਿਆ, ਫੇਰ...? ਫੇਰ ਕੀ ਕਹੂੰਗਾ...? ਆਖ ਦਿਉਂਗਾ, ਦੀਪ ਦੀ ਭੂਆ ਦਾ ਮੁੰਡਾ ਆਇਐ...! ਪਰ
ਅਗਲੇ ਸੋਚਣਗੇ ਬਈ ਭੂਆ ਦੇ ਮੁੰਡੇ ਨਾਲ਼ ਕੁੜੀ ਦਾ ਆਹ ਵਰਤਾਓ...? ਭੂਆ ਦੇ ਮੁੰਡੇ ਨੂੰ ਕੁੜੀ
ਜੱਫ਼ੀਆਂ ਪਾਉਂਦੀ ਹੁੰਦੀ ਐ...? ਦੁਨੀਆਂ ਬੜੀ ਅੱਗੇ ਲੰਘੀ ਹੋਈ ਐ, ਹਰਦੇਵ ਸਿਆਂ...! ਤੂੰ ਦੁਨੀਆਂ
ਨੂੰ ਮੂਰਖ਼ ਨਹੀਂ ਬਣਾ ਸਕਦਾ...! ਦੁਨੀਆਂ ਤਾਂ ਦੋ ਮੂੰਹੀਂ ਤਲਵਾਰ ਐ...! ਦੁਨੀਆਂ ਦੇ ਤਾਂ ਸਤਾਰਾਂ
ਅੱਖਾਂ ਤੇ ਚੌਂਤੀ ਕੰਨ ਨੇ...! ਤੂੰ ਦੁਨੀਆਂ ਨੂੰ ਕਿਵੇਂ ਚਾਰ ਜਾਵੇਂਗਾ...? ਦੁਨੀਆਂ ਤਾਂ
ਜਾਗਦਿਆਂ ਨੂੰ ਪੈਂਦੀਂ ਪਾਉਣ ਵਾਲੀ ਹੈ...! ਤੂੰ ਫ਼ਿਲਹਾਲ ਦੁਨੀਆਂ ਦੀ ਪ੍ਰਵਾਹ ਛੱਡ...! ਆਪਦੀ
ਤੀਮੀ ਵੱਲੀਂ ਤਵੱਜੋਂ ਦੇਹ...! ਇਹ ਸਾਲ਼ੀ, ਵੱਡੇ ਉਚੇ ਖ਼ਿਆਲਾਂ ਆਲ਼ੀ ਤੈਨੂੰ ਸਾਰੇ ਜੱਗ 'ਚ ਨੰਗਾ
ਕਰਕੇ ਰਹੂ...! ਇਹਨੂੰ ਸੰਭਾਲ਼ ਕੇ ਕਿਸੇ ਖੁੱਡੇ 'ਚ ਤਾੜ...! ਨਹੀਂ ਇਹਦੇ ਲਫ਼ੰਗੇ ਯਾਰ ਤਾਂ ਇਹਦੇ
ਮਗਰ ਇੰਗਲੈਂਡ ਤੱਕ ਆ ਪਹੁੰਚੇ...! ਪਿੰਡ ਇਹਨੇ ਕਾਹਦਾ ਵਸਣਾ ਸੀ...? ਇਹਨਾਂ ਨੇ ਤਾਂ ਸਾਲ਼ਿਆਂ ਨੇ
ਇੰਗਲੈਂਡ ਨੂੰ ਹੀ ਮੋਗਾ ਬਣਾ ਧਰਿਆ...? ਫ਼ਟੱਕ ਦੇਣੇ ਟਿਕਟ ਕਟਾ ਕੇ ਐਥੇ ਆ ਵੱਜਿਆ...! ਪਤਾ ਨਹੀਂ
ਕੀਹਦਾ ਤੁਖ਼ਮ ਐਂ...?
ਹਰਦੇਵ ਨੇ ਕਾਰ ਦੀ ਤਾਕੀ ਖੋਲ੍ਹ ਕੇ ਉਹਨਾਂ ਨੂੰ ਬਾਹਰ ਆਉਣ ਦਾ ਇਸ਼ਾਰਾ ਦਿੱਤਾ।
ਉਹ ਹੇਠਾਂ ਉਤਰ ਆਏ ਅਤੇ ਸਿੱਧੇ ਹੀ ਡਰਾਇੰਗ-ਰੂਮ ਵਿਚ ਜਾ ਪਧਾਰੇ। ਹਰਦੇਵ ਬਾਹਰਲੇ ਦਰਵਾਜੇ ਵਿਚ
ਖੜ੍ਹ ਚਾਰੇ ਪਾਸੇ ਦੇਖ ਰਿਹਾ ਸੀ। ਉਸ ਨੂੰ ਕੋਈ ਗੁਆਂਢੀ ਨਜ਼ਰ ਨਾ ਆਇਆ। ਹਰਦੇਵ ਨੇ ਸੁਖ ਦਾ ਸਾਹ
ਲਿਆ। ਉਹ ਅੱਗਾ ਪਿੱਛਾ ਦੇਖ ਦੇਖ ਤੁਰਦਾ ਸੀ। ਜਿਵੇਂ ਕੋਈ ਚੋਰ ਹੋਵੇ।
ਦੀਪ ਡਰਾਇੰਗ-ਰੂਮ ਵਿਚ ਸੁਮੀਤ ਦੁਆਲ਼ੇ ਸੱਪ ਵਾਂਗ ਲਿਪਟੀ ਪਈ ਸੀ।
-''ਚਾਹ ਪੀਓਂਗੇ...?'' ਹਰਦੇਵ ਨੇ ਉਹਨਾਂ ਨੂੰ ਵਰਜਣ ਦੇ ਰੌਂਅ ਵਿਚ ਪੁੱਛਿਆ।
-''ਨਹੀਂ ਚਾਹ ਅਸੀਂ ਹੋਟਲ 'ਚੋਂ ਹੀ ਪੀ ਆਏ ਸੀ।'' ਦੀਪ ਨੇ ਉਤਰ ਮੋੜਿਆ।
ਸੁਮੀਤ ਕੁਝ ਨਾ ਬੋਲਿਆ। ਚੁੱਪ ਹੀ ਰਿਹਾ।
ਹਰਦੇਵ ਉਪਰਲੀਆਂ ਪੌੜੀਆਂ ਚੜ੍ਹ ਗਿਆ ਅਤੇ ਸੌਣ ਵਾਲ਼ੇ ਕਮਰੇ ਵਿਚ ਜਾ ਕੇ ਲੇਟ ਗਿਆ।
ਪਤਾ ਨਹੀਂ ਕਦੋਂ ਉਸ ਦੀ ਅੱਖ ਲੱਗ ਗਈ।
ਸ਼ਾਮ ਨੂੰ ਚਾਰ ਕੁ ਵਜੇ ਦੀਪ ਨੇ ਉਸ ਨੂੰ ਹੇਠੋਂ ਹੀ ਅਵਾਜ਼ ਦਿੱਤੀ।
-''ਹਰਦੇਵ, ਚਲੋ ਸਾਨੂੰ ਡੋਰਿੰਟ ਹੋਟਲ ਛੱਡ ਕੇ ਆਓ...!'' ਉਸ ਨੇ ਹੇਠੋਂ ਬੈਠੀ ਨੇ ਹੀ ਹੁਕਮ
ਚਾੜ੍ਹਿਆ। ਹਰਦੇਵ ਦੀਆਂ ਚੜ੍ਹ ਮੱਚੀਆਂ ਸਨ। ਉਹ ਸੋਚ ਰਿਹਾ ਸੀ ਕਿ ਮੈਂ ਜਿੰਨਾਂ ਨੀਵਾਂ ਹੋਈ ਜਾ
ਰਿਹਾ ਹਾਂ। ਉਤਨਾ ਹੀ ਇਹ ਕੁੱਤੀ ਸਿਰ ਚੜ੍ਹੀ ਜਾਂਦੀ ਐ। ਕੀ ਮਤਲਬ, 'ਸਾਨੂੰ' ਡੋਰਿੰਟ ਹੋਟਲ ਛੱਡ
ਕੇ ਆਓ...? ਇਹ ਇਸ ਦੇ ਨਾਲ਼ ਹੋਟਲ 'ਚ ਰਹੇਗੀ...? ਮੇਰੇ, ਖ਼ਸਮ ਦੇ ਹੁੰਦੇ ਹੋਏ...? ਮੇਰੇ ਜਿਉਂਦੇ
ਜੀਅ...? ਮੈਂ ਤਾਂ ਫਿਰ ਜਿਉਂਦਾ ਹੀ ਮਰ ਗਿਆ...? ਮੇਰੇ ਘਰਵਾਲ਼ੀ ਕਿਸੇ ਲੰਡਰ ਬੰਦੇ ਨਾਲ਼ ਹੋਟਲ 'ਚ
ਰਾਤਾਂ ਕੱਟੇ, ਗਲਵਕੜੀਆਂ ਪਾਵੇ, ਚੁੰਮੀ ਚੱਟੀ ਕਰੇ, ਇਹ ਅੱਖੀਂ ਦੇਖ ਕੇ ਮੈਂ ਮੱਖੀ ਕਿਵੇਂ ਨਿਗਲ
ਸਕਦੈਂ...? ਇਹਦੀਆਂ ਘਤਿੱਤਾਂ ਬਾਰੇ ਇਹਦੇ ਪਿਉ ਨੂੰ ਦੱਸਿਆ ਜਾਵੇ...? ਪਰ ਇਹਦਾ ਪਿਉ ਤਾਂ ਆਪ
ਕੰਜਰ ਐ...! ਉਹਨੇ ਮੇਰਾ ਪੱਖ ਕਦੋਂ ਲਿਆ...? ਜੱਟ ਜੱਟਾਂ ਦੇ ਤੇ ਫ਼ੋਗੂ ਨਰਾਇਣ ਦਾ...! ਇਹਦੇ ਪਿਉ
ਨੇ ਵੀ ਇਹਦਾ ਪੱਖ ਹੀ ਪੂਰਨੈਂ! ਬਾਪੂ ਨੂੰ ਦੱਸਿਆ ਜਾਵੇ...? ਪਰ ਬਾਪੂ ਕੀ ਕਰੂ...? ਕਾਨੂੰਨ
ਤਸੀਲਦਾਰ ਦੇ ਹੱਥਾਂ ਦੀ ਖੇਡ...! ਤਸੀਲਦਾਰ ਦੇ ਮਾਊਜਰਾਂ ਮੂਹਰੇ ਬਾਪੂ ਦਾ ਖੂੰਡਾ ਕੀ ਕਰੂ...? ਉਹ
ਸੋਚਾਂ ਵਿਚ ਦਧਨ ਹੋਇਆ ਪਿਆ ਸੀ। ਉਸ ਦੇ ਸਿਰ ਵਿਚ ਤੇਸੇ ਚੱਲੀ ਜਾ ਰਹੇ ਸਨ।
-''ਦੀਪ! ਮਾੜਾ ਜਿਆ ਉਪਰ ਤਾਂ ਆਈਂ!'' ਉਸ ਨੇ ਦਿਲ ਕੱਢ ਕੇ ਆਖ ਹੀ ਦਿੱਤਾ। ਉਹ ਨਿੱਤ ਨਿੱਤ ਦੇ
ਕੰਜਰਖਾਨੇ ਨਾਲੋਂ, ਅੱਜ ਇਕ ਦਿਨ ਹੀ ਨਬੇੜਾ ਕਰਨਾ ਚਾਹੁੰਦਾ ਸੀ।
ਦੀਪ ਜਿੰਨ ਵਾਂਗ ਉਪਰ ਆ ਖੜ੍ਹੀ।
-''ਕੀ ਗੱਲ ਐ...?''
-''ਦੇਖ ਦੀਪ! ਆਪਾਂ ਸਭ ਤੋਂ ਪਹਿਲਾਂ ਪੰਜਾਬੀ ਐਂ-ਇੰਗਲੈਂਡ ਦੇ ਵਸਨੀਕ ਉਸ ਤੋਂ ਬਾਅਦ!''
-''ਸੋ...? ਤੁਸੀਂ ਕਹਿਣਾ ਕੀ ਚਾਹੁੰਦੇ ਹੋ?''
-''ਪੰਜਾਬੀ ਔਰਤ ਨੂੰ ਕਿਸੇ ਗ਼ੈਰ ਮਰਦ ਨਾਲ਼ ਕਿਸੇ ਹੋਟਲ ਵਿਚ ਰਹਿਣਾ ਸ਼ੋਭਾ ਨਹੀਂ ਦਿੰਦਾ! ਤੇ ਉਹ ਵੀ
ਆਪਣੇ ਪਤੀ ਦੇ ਹੁੰਦਿਆਂ ਹੋਇਆਂ...!'' ਉਸ ਨੇ ਸਮਝੌਤੀ ਜਿਹੀ ਦੇ ਮਾਰੀ।
ਦੀਪ ਉਸ ਵੱਲ ਹੱਥ ਕਰ ਕੇ ਉਚੀ-ਉਚੀ ਹੱਸ ਪਈ। ਉਸ ਨੇ ਹਰਦੇਵ ਦੀ ਖਿੱਲੀ ਹੀ ਤਾਂ ਉਡਾਈ ਸੀ!
-''ਮੈਂ ਤਾਂ ਤੁਹਾਨੂੰ ਹੋਰ ਗੱਲ ਦੱਸਣ ਵਾਲ਼ੀ ਸੀ...!'' ਉਸ ਨੇ ਹਾਸਾ ਰੋਕ ਕੇ ਕਿਹਾ।
-''ਕੀ...?'' ਉਸ ਨੂੰ ਅਗਲੀ ਫ਼ੇਟ ਬਾਰੇ ਫ਼ਿਕਰ ਪੈ ਗਿਆ।
-''ਅਗਲੇ ਹਫ਼ਤੇ ਮੈਂ ਤੇ ਸੁਮੀਤ ਅਮਰੀਕਾ ਅਤੇ ਕੈਨੇਡਾ ਘੁੰਮਣ ਜਾ ਰਹੇ ਆਂ...! ਤੁਸੀਂ ਹੁਣੇ ਈ
ਪਿੱਟਣਾ ਸ਼ੁਰੂ ਕਰ ਦਿੱਤਾ...?'' ਉਸ ਨੇ ਬੜੇ ਸਹਿਜ ਸੁਭਾਅ ਹੀ ਆਖਿਆ।
ਹਰਦੇਵ ਦੰਗ ਰਹਿ ਗਿਆ। ਗੱਲ ਸੁਣ ਕੇ ਉਸ ਦਾ ਮੂੰਹ ਅੱਡਿਆ ਰਹਿ ਗਿਆ ਸੀ।
-''ਫੇਰ ਇਉਂ ਕਰ...! ਮੈਨੂੰ ਤਲਾਕ ਲਿਖ ਕੇ ਦੇ-ਦੇ...!'' ਉਸ ਨੇ ਆਖਰੀ ਗੱਲ ਆਖ ਦਿੱਤੀ।
-''ਠੀਕ ਐ...! ਲਿਖ ਦਿਆਂਗੀ...! ਮੈਂ ਪਾਪਾ ਜੀ ਨਾਲ਼ ਸਾਰੀ ਗੱਲ ਕਰਕੇ, ਤਲਾਕ ਲਿਖ ਦਿਆਂਗੀ...!
ਇਸ ਬਾਰੇ ਚਿੰਤਾ ਨਾ ਕਰੋ, ਬੱਸ? ਡੋਂਟ ਵਰੀ ਅਬਾਊਟ ਅਵਰ ਤਲਾਕ...!'' ਦੀਪ ਦੇ ਆਖਣ 'ਤੇ ਹਰਦੇਵ
ਕੁਝ ਹਲਕਾ ਹੋ ਗਿਆ ਸੀ।
-''ਆਪਣੇ ਕੱਪੜੇ ਲੱਤੇ ਵੀ ਨਾਲ਼ ਹੀ ਲੈ ਜਾਹ-ਨਹੀਂ ਤੈਨੂੰ ਫੇਰ ਆਉਣਾ ਪਊ।'' ਜਿਵੇਂ ਹਰਦੇਵ ਨਹੀਂ,
ਉਸ ਦਾ ਬੁੱਤ ਬੋਲ ਰਿਹਾ ਸੀ।
-''ਕੈਨੇਡਾ ਜਾਣ ਲੱਗੀ ਕੱਪੜੇ ਵੀ ਲੈ ਜਾਵਾਂਗੀ ਤੇ ਪਾਸਪੋਰਟ ਵੀ! ਫ਼ਿਕਰ ਨਾ ਕਰੋ...! ਤੁਸੀਂ ਚਾਰ
ਦਿਨ ਮੇਰੇ ਕੱਪੜੇ ਵੀ ਨਹੀਂ ਇਸ ਘਰ ਵਿਚ ਪਏ ਜਰ ਸਕਦੇ...? ਆਫ਼ਟਰ ਆਲ ਮੈਂ ਤੁਹਾਡੀ ਪਤਨੀ ਆਂ...?''
ਹਰਦੇਵ ਦਾ ਮੂੰਹ ਬੰਦ ਹੋ ਗਿਆ।
ਉਹ ਉਹਨਾਂ ਨੂੰ ਡੋਰਿੰਟ ਹੋਟਲ ਉਤਾਰ ਕੇ ਮੁੜ ਆਇਆ। ਨਾ ਕਿਸੇ ਨੇ ਕੋਈ ਗੱਲ ਉਸ ਨਾਲ ਕੀਤੀ ਅਤੇ ਨਾ
ਹੀ ਉਸ ਨੇ ਕਿਸੇ ਨਾਲ਼ ਕੋਈ ਗੱਲ ਕੀਤੀ। ਜਿਵੇਂ ਉਹ ਸਾਰੇ ਗੂੰਗੇ ਜਾਂ ਬੋਲ਼ੇ ਸਨ। ਬੱਸ, ਉਹ ਸੁਮੀਤ
ਅਤੇ ਦੀਪ ਨੂੰ ਹੋਟਲ ਦੇ ਦਰਵਾਜੇ ਅੱਗੇ ਉਤਾਰ ਕੇ ਵਾਪਿਸ ਆ ਗਿਆ ਸੀ।
ਜਦੋਂ ਉਸ ਨੇ ਬਰੌਡਵੇਅ ਦੇ ਵੱਡੇ ਰਾਊਂਡ ਅਬਾਊਟ ਕੋਲੋਂ ਗੱਡੀ ਮੋੜੀ ਤਾਂ ਉਸ ਦੀ ਨਜ਼ਰ ਨਾਲ਼ ਦੀ ਕਾਰ
ਵਿਚ ਬੈਠੀ ਮੀਤੀ 'ਤੇ ਪਈ। ਦੇਖ ਕੇ ਮੀਤੀ ਨੇ ਮੂੰਹ ਪਰਾਂਹ ਕਰ ਲਿਆ। ਜਿਵੇਂ ਉਹ ਹਰਦੇਵ ਦੀ ਸ਼ਕਲ
ਤੱਕ ਨਹੀਂ ਦੇਖਣਾ ਚਾਹੁੰਦੀ ਸੀ। ਹਰਦੇਵ ਦੀ ਧਾਹ ਨਿਕਲਣ ਵਾਲੀ ਹੋ ਗਈ! ਉਸ ਦਾ ਦਿਲ ਕਰਦਾ ਸੀ ਕਿ
ਕਾਰ 'ਚੋਂ ਉਤਰ ਕੇ, ਦੇਵਤਾ ਸਰੂਪ ਮੀਤੀ ਦੇ ਚਰਨੀਂ ਢਹਿ ਪਵੇ ਅਤੇ ਮੁਆਫ਼ੀ ਮੰਗੇ। ਪਰ ਮੀਤੀ ਦੀਆਂ
ਨਜ਼ਰਾਂ ਹੀ ਦੱਸ ਗਈਆਂ ਸਨ ਕਿ ਉਹ ਹਰਦੇਵ ਦੀ ਸੂਰਤ ਵੀ ਦੇਖਣੀ ਪਸੰਦ ਨਹੀਂ ਕਰਦੀ ਸੀ। ਮੀਤੀ ਦੀਆਂ
ਨਜ਼ਰਾਂ ਉਸ ਨੂੰ ''ਦਫ਼ਾ ਹੋਜਾ...! ਦਫ਼ਾ ਹੋਜਾ...!'' ਪੁਕਾਰ ਰਹੀਆਂ ਸਨ। ਹਰਦੇਵ ਦੀ ਹਾਲਤ ਧੋਬੀ ਦੇ
ਕੁੱਤੇ ਵਰਗੀ ਹੋਈ ਪਈ ਸੀ। ਉਹ ਨਾ ਘਰ ਦਾ ਰਿਹਾ ਸੀ ਅਤੇ ਨਾ ਹੀ ਘਾਟ ਦਾ...!
ਉਸ ਨੇ ਘਰ ਆ ਕੇ ਅੱਧੀ ਬੋਤਲ ਵਿਸਕੀ ਦੀ ਸੂਤ ਧਰੀ ਅਤੇ ਦੀਪ ਦੇ ਬਾਪ ਤਸੀਲਦਾਰ ਨੂੰ ਫ਼ੋਨ ਮਿਲਾ
ਲਿਆ। ਫ਼ੋਨ ਦੀ ''ਟਰਰ-ਟਰਰ'' ਹਰਦੇਵ ਦਾ ਕਾਲ਼ਜਾ ਚੱਟ ਰਹੀ ਸੀ। ਕੀ ਗੱਲ ਕਰੇਗਾ ਉਹ ਦੀਪ ਦੇ ਬਾਪ
ਨਾਲ਼...? ਕੀ ਦੱਸੇਗਾ ਉਹਨੂੰ...? ਇਹਨਾਂ ਦਾ ਤਾਂ ਸਾਰਾ ਟੱਬਰ ਹੀ ਝੰਡੇ ਹੇਠਲਾ ਹੈ...! ਉਸ ਦਾ
ਦਿਲ ਕਿਰ-ਕਿਰ ਪੈਂਦਾ ਸੀ। ਆਖਰ ਕਿਸੇ ਨੌਕਰ ਨੇ ਫ਼ੋਨ ਚੁੱਕ ਲਿਆ।
-''ਹੈਲੋ...! ਮੈਂ ਹਰਦੇਵ ਬੋਲਦੈਂ ਜੀ, ਇੰਗਲੈਂਡ ਤੋਂ! ਤਸੀਲਦਾਰ ਸਾਹਬ ਨਾਲ਼ ਗੱਲ ਕਰਵਾਓ!'' ਉਸ
ਨੇ ਆਖਿਆ।
-''ਇਕ ਮਿੰਟ ਹੋਲਡ ਰੱਖੋ!'' ਨੌਕਰ ਨੇ ਕਿਹਾ ਤਾਂ ਕਾਫ਼ੀ ਦੇਰ ਬਾਅਦ ਤਸੀਲਦਾਰ ਨੇ ਫ਼ੋਨ 'ਤੇ 'ਹੈਲੋ'
ਆ ਆਖੀ।
-''ਪਾਪਾ ਜੀ, ਸਤਿ ਸ੍ਰੀ ਅਕਾਲ...!''
-''ਸਾਸਰੀਕਾਲ ਬਈ...! ਹਰਦੇਵ ਐ...?'' ਤਸੀਲਦਾਰ ਦੇ ਬੋਲਾਂ ਤੋਂ ਲੱਗਦਾ ਸੀ ਕਿ ਉਸ ਦੀ ਕਾਫ਼ੀ
ਦਾਰੂ ਪੀਤੀ ਹੋਈ ਸੀ।
-''ਹਾਂ ਜੀ, ਪਾਪਾ ਜੀ!''
-''ਅੱਛਾ...! ਮੇਰੀ ਤਾਂ ਥੋੜ੍ਹੀ ਜੀ ਪੀਤੀ ਵੀ ਐ-ਮੈਨੂੰ ਦੀਪ ਦਾ ਵੀ ਹੁਣੇ ਹੁਣੇ ਫ਼ੋਨ ਆਇਆ
ਸੀ-ਡੋਰਿੰਟ ਹੋਟਲ 'ਚੋਂ! ਆਹ ਲੈ, ਗੱਲ ਕਰਲੈ...!'' ਤਸੀਲਦਾਰ ਨੇ ਫ਼ੋਨ ਸ਼ਾਇਦ ਆਪਣੀ ਘਰਵਾਲੀ ਨੂੰ
ਫੜਾ ਦਿੱਤਾ। ਉਸ ਨੇ 'ਹੈਲੋ' ਕਹੀ ਤਾਂ ਹਰਦੇਵ ਰੇਡੀਓ ਵਾਂਗ ਸ਼ੁਰੂ ਹੋ ਗਿਆ। ਉਸ ਨੇ ਮੋਟੇ ਤੌਰ 'ਤੇ
ਮੋਟੇ ਅੱਖਰਾਂ ਵਿਚ ਸਾਰੀ ਗੱਲ ਆਪਣੀ ਸੱਸ ਨੂੰ ਆਖ ਸੁਣਾਈ, ਦੀਪ ਅਤੇ ਸੁਮੀਤ ਦੀਆਂ ਕਰਤੂਤਾਂ ਬਾਰੇ
ਦੱਸਿਆ ਅਤੇ ਕਿਸੇ ਸਾਰਥਿਕ ਉਤਰ ਦੀ ਉਡੀਕ ਕਰਨ ਲੱਗ ਪਿਆ।
-''ਗੱਲ ਇਹ ਐ ਕਾਕਾ...! ਜੇ ਪਤਾ ਹੋਵੇ ਨ੍ਹਾਂ! ਬਈ ਮੈਥੋਂ ਤੀਮੀ ਸਾਂਭੀ ਨ੍ਹੀ ਜਾਣੀ? ਤਾਂ ਵਿਆਹ
ਨਾ ਕਰਵਾਈਏ...! ਜੁਆਨ ਜਹਾਨ ਕੁੜੀ ਐ-ਜੇ ਉਹਨੂੰ ਤੇਰੇ ਕੋਲੋਂ ਨਹੀਂ ਕੁਛ ਖੱਟਣ ਖਾਣ ਨੂੰ
ਮਿਲ਼ਦਾ-ਤਾਂ ਉਹਨੇ ਕਿਤੇ ਨਾ ਕਿਤੇ ਤਾਂ ਧੱਕੇ ਖਾਣੇ ਈ ਐਂ? ਕਿਤੋਂ ਤਾਂ ਢਿੱਡ ਭਰਨਾ ਈ ਐਂ? ਕੀ ਕਰੇ
ਵਿਚਾਰੀ ਉਹੋ...? ਡੁੱਬਦੇ ਬੰਦੇ ਨੂੰ ਤਿਣਕੇ ਦਾ ਸਹਾਰਾ ਈ ਬਥੇਰਾ ਹੁੰਦੈ! ਹੁੰਦੈ ਕਿ ਨਹੀਂ...?
ਉਹਨੂੰ ਅਸੀਂ ਆਖ ਦਿਆਂਗੇ-ਤੂੰ ਸਾਨੂੰ ਹੋਟਲ ਤੇ ਕਮਰੇ ਦਾ ਨੰਬਰ ਦੇਹ...! ਤੇ ਨਾਲ਼ੇ ਭਾਈ ਤੂੰ ਕਿਸੇ
ਚੰਗੇ ਡਾਕਟਰ ਕੋਲੋਂ ਆਬਦਾ ਕੋਈ ਇਲਾਜ ਕਰਵਾ...! ਜੇ ਤੈਥੋਂ ਹੁਣ ਈ ਕੁਛ ਨ੍ਹੀ ਹੁੰਦਾ-ਤਾਂ ਕਾਕਾ
ਬੁੜ੍ਹਾਪਾ ਕਦੋਂ ਆਇਆ? ਆਹ ਐਧਰ ਦੇਖਲਾ...! ਮੇਰੇ ਹਸਬੈਂਡ ਪੂਰੇ ਬਾਹਟ ਸਾਲ ਦੇ ਨੇ-ਹੁਣ ਤੱਕ
ਕਿੱਕਰ ਤੋਂ ਕਾਟੋ ਲਾਹ ਲੈਂਦੇ ਐ...! ਘਰੇ ਤਾਂ ਜਿਹੜਾ ਕੁਛ ਕਰਨੈਂ-ਕਰਨਾ ਈ ਐਂ! ਬਾਹਰਲੀਆਂ
ਖੁਰਨੀਆਂ 'ਚ ਵੀ ਮੂੰਹ ਮਾਰਨੋ ਬਾਜ ਨ੍ਹੀ ਆਉਂਦੇ! ਤੂੰ ਭਾਈ ਆਬਦਾ ਇਲਾਜ ਕਿਸੇ ਚੰਗੇ ਡਾਕਟਰ ਤੋਂ
ਕਰਵਾ...! ਵੈਸੇ ਮੈਂ ਦੀਪ ਦੇ ਕੰਨ ਵੀ ਖਿੱਚ ਦਿਊਂ! ਪਰ ਜਦੋਂ ਕਾਕਾ ਪੈਸਾ ਆਬਦਾ ਖੋਟਾ ਹੋਵੇ
ਨ੍ਹਾਂ...? ਫੇਰ ਬਾਣੀਏਂ ਨੂੰ ਦੋਸ਼ ਨਾ ਦੇਈਏ...!'' ਸੱਸ ਫ਼ੋਨ 'ਤੇ ਹਰਦੇਵ ਨੂੰ ਪਤਾ ਨਹੀਂ ਕੀ
ਸਮਝਾ ਰਹੀ ਸੀ।
ਹਰਦੇਵ ਨੇ ਫ਼ੋਨ ਰੱਖ ਦਿੱਤਾ।
ਉਹ ਸੋਚ ਰਿਹਾ ਸੀ ਕਿ ਮਿਰਗਾਂ ਦੀ ਡਾਰ 'ਚ ਕੋਈ ਕਮਚਾਲਾ ਨਹੀਂ ਹੁੰਦਾ। ਸਾਰੇ ਇਕੋ ਜਿਹੀ ਛਾਲ
ਮਾਰਦੇ ਨੇ। ਕੋਈ ਸੂਤ ਭਰ ਛੋਟੀ, ਤੇ ਕੋਈ ਸੂਤ ਭਰ ਵੱਡੀ! ਇਹਨਾਂ ਦਾ ਤਾਂ ਸਾਰਾ ਲਾਣਾਂ ਹੀ ਊਤਿਆ
ਪਿਐ! ਮੈਨੂੰ ਸਮਝੌਤੀਆਂ ਦੇਣ ਲੱਗ ਪਈ, ਅਖੇ ਕਾਕਾ ਤੂੰ ਆਬਦਾ ਇਲਾਜ ਕਰਵਾ...! ਧੀ ਆਬਦੀ ਕਾਣੀਂ?
ਤੇ ਅੰਨ੍ਹਾਂ ਮੈਨੂੰ ਦੱਸਦੀ ਐ...? ਧੀ ਆਬਦੀ ਬਦਚਲਣ ਐਂ ਤੇ ਇਲਾਜ ਵਾਸਤੇ ਪ੍ਰੇਰਨਾ ਮੈਨੂੰ ਦੇਣ
ਲੱਗ ਪਈ...? ਕੀ ਕਰੂ ਬੰਦਾ ਐਹੋ ਜਿਹੇ ਪ੍ਰੀਵਾਰ ਦਾ...? ਸਾਰਾ ਟੱਬਰ ਈ ਕੰਜਰਾਂ ਦਾ...? ਕੋਈ ਗੱਲ
ਨਹੀਂ ਹਰਦੇਵ ਸਿਆਂ...! ਮੀਤੀ ਨਾਲ਼ ਕੀਤੀਆਂ ਤੈਨੂੰ ਭੁਗਤਣੀਆਂ ਹੀ ਪੈਣੀਐਂ...! ਦਿਲ ਨਾਲ
ਭੁਗਤ...! ਰੂਹ ਨਾਲ਼ ਸਮੇਟ...! ਮੀਤੀ ਦੀ ਗੱਲ ਸੱਚੀ ਐ...! ਰੱਬ ਦੀ ਅਦਾਲਤ ਨੂੰ ਤੈਨੂੰ ਹਿਸਾਬ
ਦੇਣਾ ਹੀ ਪੈਣੈਂ...!
ਉਸ ਨੇ ਦੋ ਪੈੱਗ ਹੋਰ ਲਾ ਕੇ ਬਾਪੂ ਨੂੰ ਫ਼ੋਨ ਮਿਲਾ ਲਿਆ। ਬਾਪੂ ਨੇ ਅੱਗੋਂ ਆਪਣੇ ਦੁੱਖ ਰੋਣੇ ਸ਼ੁਰੂ
ਕਰ ਦਿੱਤੇ। ਉਸ ਨੇ ਦੀਪ ਨੂੰ ਚੜ੍ਹਾਉਣ ਆਇਆਂ, ਏਅਰਪੋਰਟ 'ਤੇ ਬੀਤਿਆ ਸਾਰਾ ਬ੍ਰਿਤਾਂਤ ਆਖ ਸੁਣਾਇਆ
ਤਾਂ ਹਰਦੇਵ ਦਾ ਮਨ ਅਥਾਹ ਦੁਖੀ ਹੋ ਗਿਆ। ਬਾਪੂ ਨੇ ਇਹ ਵੀ ਦੱਸਿਆ ਕਿ ਉਸ ਦਿਨ ਤੋਂ ਤੇਰੀ ਬੇਬੇ
ਬਹੁਤਾ ਹੀ ਕਮਲ਼ ਜਿਹਾ ਮਾਰਨ ਲੱਗ ਪਈ! ਸਾਰੀਆਂ ਜ਼ਿਆਦਤੀਆਂ ਸੁਣਦਿਆਂ ਉਸ ਨੇ ਫ਼ੋਨ ਕੱਟ ਦਿੱਤਾ। ਹੋਰ
ਕੁਝ ਸੁਣਨ ਦੀ ਉਸ ਵਿਚ ਸਮਰੱਥਾ ਨਹੀਂ ਸੀ। ਫ਼ੋਨ ਰੱਖ ਕੇ ਉਹ ਭੁੱਬਾਂ ਮਾਰ ਕੇ ਰੋ ਪਿਆ। ਪਰ ਉਸ
ਦੀਆਂ ਭੁੱਬਾਂ ਸੁਣਨ ਵਾਲਾ ਕੋਈ ਨਹੀਂ ਸੀ।