ਨਾਵਲ
ਹਾਜੀ ਲੋਕ ਮੱਕੇ ਵੱਲ ਜਾਂਦੇ
ਸ਼ਿਵਚਰਨ
ਜੱਗੀ ਕੁੱਸਾ
ਕਾਂਡ 13
ਦੋ ਦਿਨ ਤੋਂ ਹਰਦੇਵ ਕੰਮ 'ਤੇ ਨਹੀਂ ਆਇਆ ਸੀ।
ਸਰਬਜੀਤ ਦੇਖ ਰਹੀ ਸੀ ਕਿ ਉਸ ਦੇ ਰੱਖੇ ਹੋਏ ਮੁੰਡੇ ਹੀ ਮਾੜਾ ਮੋਟਾ ਕੰਮ ਕਰ ਜਾਂਦੇ ਸਨ। ਪਰ ਹਰਦੇਵ
ਨਹੀਂ ਬਹੁੜਿਆ ਸੀ। ਉਸ ਨੇ ਮੁੰਡਿਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ
ਦਿੱਤਾ ਸੀ। ਬੱਸ ''ਪਤਾ ਨਹੀਂ ਜੀ!'' ਆਖ ਕੇ ਚੁੱਪ ਹੋ ਗਏ ਸਨ। ''ਭੈਣ ਜੀ'' ਆਖਣ ਤੋਂ ਉਹਨਾਂ ਨੇ
ਸੰਕੋਚ ਹੀ ਰੱਖੀ ਸੀ। ਸਰਬਜੀਤ ਉਸ ਦੀ ਉਡੀਕ ਬੜੀ ਬੇਤਾਬੀ ਨਾਲ਼ ਕਰ ਰਹੀ ਸੀ। ਉਸ ਨੇ ਹਰਦੇਵ ਨੂੰ
ਫ਼ੋਨ ਕਰਕੇ ਦੇਖਿਆ। ਕੋਈ ਫ਼ੋਨ ਨਹੀਂ ਚੁੱਕ ਰਿਹਾ ਸੀ। ਉਹ ਸੋਚ ਰਹੀ ਸੀ ਕਿ ਹਰਦੇਵ ਕਿੱਧਰ ਚਲਾ ਗਿਆ
ਸੀ? ਕੋਈ ਗੱਲ ਨਾ ਬਾਤ...? ਮੈਂ ਤਾਂ ਉਹਦੀ ਐਨੀ ਪੂਛ ਮਰੋੜੀ ਸੀ। ਪਰ ਉਸ ਪਿਉ ਦੇ ਪੁੱਤ ਨੇ ਕੋਈ
ਤਰਾਰੇ ਨਹੀਂ ਦਿਖਾਏ ਸਨ। ਉਹ ਤਾਂ ਮੂਤ ਦੀ ਝੱਗ ਵਾਂਗ ਬੈਠ ਗਿਆ ਸੀ! ਇਹ ਵੀ ਕੋਈ ਬੰਦੈ...? ਜੱਟ
ਦਾ ਪੁੱਤ ਹੁੰਦਾ ਹੁਣ ਨੂੰ ਘੁਕਾਹਟ ਪਾ ਦਿੰਦਾ! ਇਹ ਤਾਂ ਖਸਮਾਂ ਨੂੰ ਖਾਣਾ ਨਿਰਾ ਮਿੱਟੀ ਦਾ ਮਾਧੋ
ਐ!
ਤੀਜੇ ਦਿਨ ਹਰਦੇਵ ਕੰਮ 'ਤੇ ਆਇਆ।
ਸਰਬਜੀਤ ਨੇ ਖ਼ੁਸ਼ੀ ਮਹਿਸੂਸ ਕੀਤੀ।
-''ਵੇ ਭਰਾਵਾ, ਤੂੰ ਕਿੱਧਰ ਚਲਿਆ ਗਿਆ ਸੀ...?''
-''ਬੱਸ ਭੈਣ ਜੀ, ਊਂਈਂ ਚਿੱਤ ਜਿਆ ਨ੍ਹੀ ਸੀ ਠੀਕ!'' ਉਹ ਚੁੱਪ ਰਹਿਣਾ ਹੀ ਬਿਹਤਰ ਸਮਝਦਾ ਸੀ।
ਸਰਬਜੀਤ ਵੀ ਸੋਚ ਰਹੀ ਸੀ ਕਿ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ? ਉਸ ਕੁੱਤੀ ਮੀਤੀ ਨੂੰ ਵਸਣ ਨਹੀਂ
ਦੇਣਾ! ਕੀ ਸਮਝੂਗੀ ਬੈਲਣ? ਬਈ ਮੇਰੇ ਭਰਾ ਦਾ ਅੱਠ ਹਜ਼ਾਰ ਪੌਂਡ ਡਕ੍ਹਾਰ ਕੇ ਹੋਰ ਖ਼ਸਮ ਕਰ ਲਿਆਈ...?
ਤੇ ਐਸ਼ਾਂ ਕਰਨ ਲੱਗ ਪਈ...? ਇਹ ਬਿਚਾਰਾ ਤਾਂ ਕਿਹੜੇ ਬਾਗ ਦੀ ਮੂਲ਼ੀ ਐ...? ਇਹਦੇ ਵਰਗਿਆਂ ਨੂੰ ਤਾਂ
ਉਹ ਲੁੱਚੀ ਵੇਚ ਕੇ ਛਕ ਜਾਵੇ!
-''ਵੇ ਭਰਾਵਾ, ਘਰੇ ਕੋਈ ਕਲੇਸ਼ ਤਾਂ ਨ੍ਹੀ ਪੈ ਗਿਆ...?'' ਸਰਬਜੀਤ ਨੇ ਮੂੰਹ ਸੁੰਘਣ ਲਈ ਆਖਿਆ ਤਾਂ
ਹਰਦੇਵ ਨੇ ਮੂੰਹ ਉਪਰ ਚੁੱਕਿਆ। ਪਰ ਨੀਵੀਂ ਫਿਰ ਸੁੱਟ ਲਈ। ਉਸ ਦੀਆਂ ਸਰਬਜੀਤ ਨਾਲ਼ ਅੱਖਾਂ ਨਹੀਂ
ਮਿਲਦੀਆਂ ਸਨ।
-''ਨਹੀਂ ਭੈਣ ਜੀ, ਕੋਈ ਖ਼ਾਸ ਨ੍ਹੀ...!''
-''ਆਜਾ...! ਅੰਦਰ ਆਜਾ ਮੈਂ ਚਾਹ ਬਣਾਉਨੀ ਐਂ!'' ਉਹ ਆਖ ਕੇ ਅੰਦਰ ਚਲੀ ਗਈ।
-''ਜਾਓ ਭਾਅ ਜੀ, ਤੁਸੀਂ ਤਾਂ ਚਾਹ ਪੀਉ...! ਥੋਡੇ ਕਰਮਾਂ 'ਚ ਐ-ਸਾਡੇ ਤਾਂ ਜਿਹੋ ਜਿਹੇ ਕਰਮ ਮਾੜੇ
ਹੈਗੇ ਐ-ਉਹ ਤਾਂ ਦਿਸੀ ਜਾਂਦੇ ਐ!'' ਨਾਲ਼ ਦੇ ਭਾਈਬੰਦ ਨੇ ਟਾਂਚ ਕੀਤੀ।
-''ਤੁਸੀਂ ਯਾਰ ਐਮੇ ਬਾਧੂ ਮਗਜਮਾਰੀ ਨਾ ਕਰਿਆ ਕਰੋ...! ਇਕ ਤਾਂ ਬੰਦਾ ਊਂ ਦੁਖੀ ਹੁੰਦੈ-ਤੇ ਇਕ
ਤੁਸੀਂ ਦੁਖੀ ਕਰਨ ਆਲ਼ੀ ਕਸਰ ਨ੍ਹੀ ਛੱਡਦੇ! ਥੋਨੂੰ ਤਾਂ ਨਾ ਚੜ੍ਹੀਦੀ, ਤੇ ਨਾ ਲੱਥੀਦੀ! ਥੋਡੇ ਕੋਲ਼ੇ
ਤਾਂ ਸਿਰਫ਼ ਇਕ ਗੱਲ ਐ, ਤੀਮੀਂ...!'' ਹਰਦੇਵ ਨੇ ਆਖਿਆ। ਉਹ ਅੱਕਿਆ ਪਿਆ ਸੀ। ਉਹ ਇਹਨਾਂ ਗੱਲਾਂ
ਨੂੰ ਸੁਣਨ ਦੇ ਮੂਡ ਵਿਚ ਨਹੀਂ ਸੀ। ਉਹ ਪਹਿਲੀ ਵਾਰ ਭਾਈਬੰਦਾਂ ਨੂੰ ਗੁੱਸੇ ਹੋਇਆ ਸੀ। ਸਮੇਂ ਦੀ
ਨਜ਼ਾਕਤ ਸਮਝ ਕੇ ਉਹ ਵੀ ਚੁੱਪ ਵੱਟ ਗਏ ਸਨ। ਹਰਦੇਵ ਉਹਨਾਂ ਨੇ ਇਤਨਾ ਕਦੇ ਦੁਖੀ ਜਾਂ ਅੱਕਿਆ ਹੋਇਆ
ਨਹੀਂ ਦੇਖਿਆ ਸੀ।
-''ਆਜਾ ਭਰਾਵਾ...! ਚਾਹ ਬਣਗੀ!'' ਅੰਦਰੋਂ ਸਰਬਜੀਤ ਨੇ ਹਾਕ ਮਾਰੀ। ਹਰਦੇਵ ਚੁੱਪ ਚਾਪ ਅੰਦਰ ਚਲਾ
ਗਿਆ। ਭਾਈਬੰਦ ਆਖਣ ਤਾਂ ਲੱਗਿਆ ਸੀ ਕਿ ਭਾਅ ਜੀ ਚਾਹ ਦੇ ਭੁਲਾਵੇਂ ਕਿਤੇ ਕੁਛ ਹੋਰ ਹੀ ਨਾ ਛਕਣ ਲੱਗ
ਪਇਓ! ਪਰ ਉਹ ਹਰਦੇਵ ਨੂੰ ਦੁਖੀ ਦੇਖ ਕੇ ਖ਼ੁਦ ਦੁਖੀ ਹੋ ਗਏ ਸਨ।
ਸਰਬਜੀਤ ਨੇ ਚਾਹ ਬਣਾ ਕੇ ਮੇਜ਼ 'ਤੇ ਰੱਖੀ ਹੋਈ ਸੀ।
-''ਖੰਡ ਭਰਾਵਾ ਜਿੰਨੀ ਕੁ ਪਾਉਣੀਂ ਹੋਈ, ਆਪ ਈ ਪਾ ਲਈਂ!'' ਉਹ ਅੰਦਰੋਂ ਕੁਝ ਲੈਣ ਚਲੀ ਗਈ।
ਹਰਦੇਵ ਨੇ ਜ਼ਰੂਰਤ ਮੁਤਾਬਿਕ ਖੰਡ ਪਾ ਲਈ ਅਤੇ ਚਾਹ ਪੀਣ ਲੱਗ ਪਿਆ।
ਸਰਬਜੀਤ ਅੰਦਰੋਂ ਕੋਈ ਕਾਗਜ਼ ਜਿਹਾ ਚੁੱਕੀ ਆਉਂਦੀ ਸੀ।
ਉਸ ਨੇ ਕਾਗਜ਼ ਹਰਦੇਵ ਅੱਗੇ ਰੱਖ ਦਿੱਤਾ।
-''ਜੇ ਤੈਨੂੰ ਨਹੀਂ ਇਤਬਾਰ ਆਉਂਦਾ-ਤਾਂ ਦੇਖ ਲੈ ਭਰਾਵਾ...! ਆਹ ਬੈਂਕ ਸਟੇਟਮੈਂਟ ਐ!'' ਉਸ ਨੇ
ਆਖਿਆ ਤਾਂ ਹਰਦੇਵ ਨੇ ਬੈਂਕ ਸਟੇਟਮੈਂਟ ਬੜੀ ਗਹੁ ਨਾਲ ਦੇਖੀ। ਜਿਸ ਉਪਰ ਮਨਜੀਤ ਕੌਰ ਅਤੇ ਤਰਨਜੀਤ
ਸਿੰਘ ਦਾ ਨਾਂ ਸੀ। ਬੈਂਕ ਸਟੇਟਮੈਂਟ ਮੂੰਹੋਂ ਦੱਸ ਰਹੀ ਸੀ ਕਿ ਇਸ ਸਾਂਝੇ ਅਕਾਊਂਟ ਵਿਚੋਂ ਅੱਠ
ਹਜ਼ਾਰ ਪੌਂਡ ਕਢਵਾਇਆ ਗਿਆ ਸੀ। ਅਤੇ ਉਹ ਵੀ ਤਿੰਨ ਮਹੀਨਿਆਂ ਦੇ ਅੰਦਰ-ਅੰਦਰ...!
-''ਮੈਂ ਤਾਂ ਇਹ ਤਾਂ ਮੰਗਵਾਈ ਐ, ਬਈ ਤੂੰ ਇਹ ਨਾ ਸੋਚੇਂ ਬਈ ਸਰਬਜੀਤ ਭੈਣ ਕੁਫ਼ਰ ਈ ਤੋਲੀ ਜਾਂਦੀ
ਐ!''
-''ਇਹ ਤਰਨਜੀਤ ਕੌਣ ਐਂ...?'' ਪੜ੍ਹ ਕੇ ਹਰਦੇਵ ਨੇ ਪੁੱਛਿਆ।
-''ਮੇਰਾ ਭਰਾ ਐ...! ਮੀਤੀ ਦਾ ਪਹਿਲਾ ਘਰਆਲ਼ਾ!'' ਸੁਣ ਕੇ ਹਰਦੇਵ ਦੁਬਿਧਾ ਜਿਹੀ ਵਿਚ ਫ਼ਸ ਗਿਆ ਕਿ
ਜੋ ਗੱਲਾਂ ਸਰਬਜੀਤ ਦੱਸ ਰਹੀ ਸੀ, ਨਾਲ਼ ਦੀ ਨਾਲ਼ ਸਬੂਤ ਵੀ ਪੇਸ਼ ਕਰ ਰਹੀ ਸੀ। ਇਸ ਵਿਚ ਕੀ ਰਾਜ ਹੋ
ਸਕਦਾ ਸੀ? ਕੀ ਸੱਚ ਹੀ ਮੀਤੀ ਦਾ ਕੋਈ ਗੁੱਝਾ ਯਾਰ ਤਾਂ ਨਹੀਂ ਰੱਖਿਆ ਹੋਇਆ? ਕਿਉਂਕਿ ਮੀਤੀ ਦੇ ਬਾਪ
ਦੇ ਘਰ 'ਤੇ ਤਾਂ ਅੱਠ ਹਜ਼ਾਰ ਪੌਂਡ ਲੱਗਿਆ ਮੈਨੂੰ ਦਿਸਦਾ ਨਹੀਂ! ਕੋਈ ਨਾ ਕੋਈ ਗੱਲ ਤਾਂ ਜ਼ਰੂਰ ਐ!
ਇਹ ਅੱਠ ਹਜ਼ਾਰ ਗਿਆ ਕਿੱਥੇ...? ਤੇ ਐਡੀ ਵੱਡੀ ਗੱਲ ਵੀ ਕਿਹੜੀ ਸੀ...? ਜਿਸ ਨੂੰ ਮੀਤੀ ਨੇ ਦੱਸਣਾ
ਮਨਾਸਿਬ ਨਹੀਂ ਸਮਝਿਆ ਅਤੇ ਤਲਾਕ ਲੈ ਲਿਆ? ਜ਼ਰੂਰ ਕੋਈ ਰਹੱਸ ਭਰੀ ਗੱਲ ਹੈ! ਕਿਹੜੀ ਗੱਲ ਹੋ ਸਕਦੀ
ਹੈ...? ਐਡਾ ਵੱਡਾ ਕਿਹੜਾ ਰਹੱਸ ਹੋ ਸਕਦੈ? ਭਾਰਤੀ ਔਰਤ ਮਰ ਜਾਂਦੀ ਹੈ, ਪਰ ਛੇਤੀ ਕੀਤੇ ਤਲਾਕ
ਨਹੀਂ ਕਬੂਲ ਕਰਦੀ। ਤਲਾਕ ਤੋਂ ਬਿਨਾ ਹੋਰ ਹਰ ਸ਼ਰਤ ਮੰਨ ਸਕਦੀ ਹੈ। ਪਰ ਮੀਤੀ ਨੇ ਰਹੱਸ ਛੁਪਾਈ
ਰੱਖਿਆ ਅਤੇ ਤਲਾਕ ਲੈ ਲਿਆ, ਕਿਉਂ...? ਐਡੀ ਵੱਡੀ ਉਸ ਦੀ ਕਿਹੜੀ ਮਜਬੂਰੀ ਸੀ? ਮੈਂ ਇਹ ਗੱਲ ਮੀਤੀ
ਨੂੰ ਪੁੱਛ ਕੇ ਦੇਖਾਂ? ਸ਼ਾਇਦ ਮੈਨੂੰ ਹੀ ਕੋਈ ਰਹੱਸ ਦੱਸ ਦੇਵੇ? ਫੇਰ ਵੀ ਮੈਂ ਅਕਸਰ ਉਸ ਦਾ ਪਤੀ
ਹਾਂ? ਹੋ ਸਕਦੈ ਮੀਤੀ ਦਾ ਪਹਿਲਾ ਪਤੀ ਉਸ ਨੂੰ ਸਰੀਰਕ ਤੌਰ 'ਤੇ ਸੰਤੁਸ਼ਟ ਕਰਨ ਦੇ ਨਾ ਕਾਬਲ ਹੋਵੇ
ਅਤੇ ਖਿਝ ਕੇ ਉਸ ਨੇ, ਉਸ ਤੋਂ ਚੋਰੀ ਕੋਈ ਹੋਰ ਖ਼ਸਮ ਬਣਾ ਲਿਆ ਹੋਵੇ? ਜਾਂ ਵਕਤੀ ਤੌਰ 'ਤੇ ਤਨ ਦੀ
ਅਗਨ ਸ਼ਾਂਤ ਕਰਨ ਲਈ ਕੋਈ ਯਾਰ ਗੰਢ ਲਿਆ ਹੋਵੇ? ਫਿਰ ਉਹ ਹੀ ਮੀਤੀ ਨੂੰ ਭੋਰ-ਭੋਰ ਖਾਈ ਗਿਆ ਹੋਵੇ
ਅਤੇ ਜਾਂ ਫਿਰ ਮੀਤੀ ਨੂੰ ਬਲੈਕਮੇਲ ਕੀਤਾ ਹੋਵੇ...? ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਵੇਗੀ, ਜਿਸ
ਕਾਰਨ ਉਸ ਨੇ ਫ਼ਟਾ ਫ਼ਟ ਤਲਾਕ ਲੈ ਲਿਆ? ਕੋਈ ਹੀਲ-ਹੁੱਜਤ ਨਹੀਂ ਕੀਤੀ! ਇਤਨੇ ਵੱਡੇ ਸੀਲਪੁਣੇ ਦਾ ਕੋਈ
ਤਾਂ ਕਾਰਨ ਹੈ...!
ਸ਼ਾਮ ਨੂੰ ਉਸ ਨੇ ਮੀਤੀ ਸਾਹਮਣੇ ਇਹ ਗੱਲ ਨੰਗੀ ਚਿੱਟੀ ਹੀ ਰੱਖ ਦਿੱਤੀ! ਉਸ ਨੇ ਇਹ ਨਹੀਂ ਸੋਚਿਆ ਸੀ
ਕਿ ਇਸ ਨਾਲ਼ ਮੀਤੀ ਦਾ ਪ੍ਰੇਸ਼ਾਨ ਮਨ ਕਿੰਨਾ ਕੁ ਦੁਖੀ ਹੋਵੇਗਾ? ਉਸ ਨੂੰ ਕਿੰਨੀ ਤਕਲੀਫ਼ ਹੋਵੇਗੀ?
-''ਦੇਖੋ ਹਰਦੇਵ...! ਇਹ ਪੱਖ ਮੇਰੀ ਜ਼ਿੰਦਗੀ ਦਾ ਬੜਾ ਦੁਖੀ ਪੱਖ ਐ-ਇਹ ਨਾ ਤਾਂ ਮੈਂ ਹੁਣ ਤੱਕ
ਕਿਸੇ ਨੂੰ ਦੱਸਿਐ ਅਤੇ ਨਾ ਹੀ ਕਿਸੇ ਨੂੰ ਦੱਸਣਾ ਚਾਹੁੰਦੀ ਹਾਂ-ਅਗਰ ਮੈਂ ਦੱਸ ਵੀ ਦਿੱਤਾ-ਤਾਂ
ਮੇਰਾ ਯਕੀਨ ਵੀ ਕਿਸ ਨੇ ਕਰਨੈਂ?'' ਇਤਨਾ ਆਖ ਕੇ ਉਹ ਚੁੱਪ ਹੋ ਗਈ।
-''ਤੈਨੂੰ ਕਿਸੇ ਨੇ ਬਲੈਕਮੇਲ ਕੀਤੈ...?''
-''ਨਾ ਹੀ ਕਿਸੇ ਨੇ ਮੈਨੂੰ ਬਲੈਕਮੇਲ ਕੀਤੈ-ਨਾ ਹੀ ਮੈਨੂੰ ਕੋਈ ਬਲੈਕਮੇਲ ਕਰ ਸਕਦੈ!'' ਉਸ ਨੇ
ਕਰੜੀ ਹੋ ਕੇ ਕਿਹਾ। ਦਿਨੋਂ ਦਿਨ ਪਾਣੀ ਉਸ ਦੇ ਸਿਰ ਤੋਂ ਦੀ ਟੱਪਦਾ ਜਾ ਰਿਹਾ ਸੀ। ਜਿੰਨਾਂ ਉਹ ਗੱਲ
ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਸੀ। ਗੱਲ ਉਤਨੀ ਹੀ ਉਸ ਦੀ ਮੁੱਠੀ ਵਿਚੋਂ ਪਾਣੀ ਵਾਂਗ ਨਿਕਲ ਜਾਂਦੀ
ਸੀ।
-''ਤੇਰਾ ਕੋਈ ਯਾਰ ਰੱਖਿਆ ਹੋਇਆ ਸੀ?'' ਹਰਦੇਵ ਨੇ ਮੂੰਹ ਪਾੜ ਕੇ ਕਿਹਾ ਤਾਂ ਮੀਤੀ ਇਕ ਦਮ ਉਸ ਵੱਲ
ਝਾਕੀ। ਜਿਵੇਂ ਉਸ ਦੇ ਸਿਰ ਪਹਾੜ ਟੁੱਟ ਗਿਆ ਸੀ।
-''ਬੱਸ, ਮੇਰੀ ਜ਼ਿੰਦਗੀ 'ਚ ਆਹ ਸੁਣਨਾ ਹੀ ਬਾਕੀ ਰਹਿ ਗਿਆ ਸੀ...? ਹੋਰ ਸਾਰਾ ਜੋਰ ਜਮਾਨੇ ਨੇ ਲਾ
ਲਿਆ-ਹੁਣ ਬੱਸ ਆਹੀ ਕੱਚ ਰਹਿੰਦਾ ਸੀ-ਉਹ ਹੁਣ ਤੁਸੀਂ ਪੂਰਾ ਕਰ ਦਿੱਤਾ, ਹਰਦੇਵ!''
-''ਤਾਂ ਫਿਰ ਉਹ ਕਿਹੜੀ ਗੱਲ ਸੀ? ਜੀਹਦੇ ਕਰਕੇ ਤੂੰ ਤਲਾਕ ਲੈ ਲਿਆ-ਪਰ ਗੱਲ ਨਹੀਂ ਦੱਸੀ?''
-''ਜੇ ਉਹ ਗੱਲ ਦੱਸਣ ਵਾਲ਼ੀ ਹੁੰਦੀ ਤਾਂ ਮੈਂ ਤਲਾਕ ਕਿਉਂ ਲੈਂਦੀ? ਮੈਂ ਜਰੂਰ ਉਜੜਨਾ ਸੀ? ਤੇ ਫਿਰ
ਨਵਾਂ ਖ਼ਸਮ ਕਰਨਾ ਸੀ? ਤੇ ਆਹ ਸੜੀਆਂ ਵੀਆਂ ਗੱਲਾਂ ਸੁਣਨੀਆਂ ਸੀ...?'' ਮੀਤੀ ਦੇ ਜਜ਼ਬਾਤ ਭੜ੍ਹਕ
ਉਠੇ।
-''ਤੂੰ ਬੋਲਦੀ ਕਿਵੇਂ ਐਂ? ਤੂੰ ਬੋਲਦੀ ਕਿਵੇਂ ਐਂ, ਭੈਣ ਦਾ...ਯਹਾਵੀਏ?'' ਹਰਦੇਵ ਨੇ ਉਠ ਕੇ
ਮੀਤੀ ਦੇ ਚੁਪੇੜ ਕੱਢ ਮਾਰੀ। ਮੀਤੀ ਦਾ ਮੂੰਹ ਸੁੰਨ ਹੋ ਗਿਆ। ਉਸ ਨੇ ਫ਼ੱਟੜ ਸੱਪ ਵਾਂਗ ਫ਼ਣ ਚੁੱਕਿਆ।
ਉਸ ਦੀਆਂ ਅੱਖਾਂ 'ਚੋਂ ਚੰਗਿਆੜੇ ਨਿਕਲੇ।
-''ਮੇਰਾ ਪਹਿਲਾ ਘਰਵਾਲ਼ਾ ਚਾਹੇ ਲੱਖ ਮਾੜਾ ਸੀ? ਪਰ ਉਸ ਨੇ ਮੇਰੇ 'ਤੇ ਕਦੇ ਹੱਥ ਨਹੀਂ ਸੀ
ਚੱਕਿਆ-ਤੇ ਹੁਣ ਗੱਲ ਸੁਣ ਮੇਰੀ ਇਕ...! ਨਾ ਇਹ ਰਹੱਸ ਮੈਂ ਕਿਸੇ ਨੂੰ ਦੱਸਿਐ, ਤੇ ਨਾ ਹੁਣ
ਦੱਸਣੈਂ! ਮੇਰਾ ਮੂੰਹ ਹਮੇਸ਼ਾ ਵਾਸਤੇ ਬੰਦ ਹੋ ਸਕਦੈ-ਪਰ ਇਸ ਗੱਲ ਬਾਰੇ ਖੁੱਲ੍ਹ ਨਹੀਂ ਸਕਦਾ! ਤੂੰ
ਹੁਣ ਮੇਰੀਆਂ ਅੱਖਾਂ ਤੋਂ ਦੂਰ ਹੋਜਾ! ਦਫ਼ਾ ਹੋਜਾ ਇਥੋਂ...! ਤੇ ਮੁੜ ਕੇ ਮੈਨੂੰ ਆਬਦੀ ਸ਼ਕਲ ਨਾ
ਦਿਖਾਈਂ! ਮੁੜ ਕੇ ਮੈਨੂੰ ਆਬਦੀ ਬਦ-ਸ਼ਕਲ ਨਾ ਦਿਖਾਈਂ, ਜੇ ਆਬਦੇ ਅਸਲ ਪਿਉ ਦੀ ਸੱਟ ਐਂ ਤਾਂ! ਜਾਹ
ਉਹਨਾਂ ਭੈਣ ਦਿਆਂ ਖਸਮਾਂ ਕੋਲ਼ੇ-ਜਿਹੜੇ ਤੇਰੀ...ਉਂਗਲ਼ ਲਾਉਂਦੇ ਐ!'' ਮੀਤੀ ਦਾ ਚਿਹਰਾ ਭਿਆਨਕ ਹੋ
ਗਿਆ ਅਤੇ ਉਹ ਉਠ ਕੇ ਖੜ੍ਹੀ ਹੋ ਗਈ। ਪਤਾ ਨਹੀਂ ਉਹ ਕੀ ਕੁਝ ਬੋਲ ਕਬੋਲ ਕਰ ਗਈ ਸੀ?
ਹਰਦੇਵ ਤਲਾਕ ਵਾਲ਼ੇ ਕਾਗਜ਼ ਚੁੱਕ ਕੇ ਬਾਹਰ ਨਿਕਲ਼ ਗਿਆ, ਜਿਹਨਾਂ 'ਤੇ ਮੀਤੀ ਨੇ ਕਈ ਦਿਨ ਪਹਿਲਾਂ
ਦਸਤਖ਼ਤ ਕਰ ਦਿੱਤੇ ਸਨ। ਉਹ ਸਿੱਧਾ ਹੀ ਆਪਣੇ ਵਕੀਲ ਕੋਲ਼ ਪਹੁੰਚਿਆ ਅਤੇ ਉਸ ਨੇ ਤਲਾਕ ਲਈ ਅਪਲਾਈ ਕਰ
ਦਿੱਤਾ। ਤਲਾਕ ਦਾ ਮੁੱਖ ਕਾਰਨ ਉਸ ਨੇ 'ਮਿੱਸਬਹੇਵ' ਦੱਸਿਆ ਸੀ। ਉਸ ਦੇ ਘਰਵਾਲ਼ੀ ਉਸ ਨਾਲ਼ ਬੁਰਾ
ਸਲੂਕ ਕਰਦੀ ਸੀ ਅਤੇ ਹੁਣ ਉਹ ਬੁਰਾ ਸਲੂਕ ਬਰਦਾਸ਼ਤ ਤੋਂ ਬਾਹਰ ਸੀ। ਪਾਣੀ ਗਲ਼ ਗਲ਼ ਹੁੰਦਾ ਹੋਇਆ, ਨੱਕ
ਤੱਕ ਪਹੁੰਚ ਚੁੱਕਾ ਸੀ। ਉਸ ਨੇ ਇਕ ਨਹੀਂ, ਕਈ ਹੋਰ ਕਾਰਨ ਵੀ ਦਰਜ਼ ਕਰਵਾ ਦਿੱਤੇ ਸਨ।
ਰਾਤ ਨੂੰ ਉਹ ਘਰ ਨਾ ਗਿਆ। ਆਪਣੇ ਕਿਸੇ ਮਿੱਤਰ ਕੋਲ਼ ਹੀ ਰਹਿ ਪਿਆ। ਅਗਲੇ ਦਿਨ ਭਾਈਬੰਦਾਂ ਨੂੰ ਕੰਮ
'ਤੇ ਲਾ ਕੇ ਉਹ ਆਪਣਾ ਸਮਾਨ ਮੀਤੀ ਦੇ ਘਰੋਂ ਚੁੱਕ ਲਿਆਇਆ। ਮੀਤੀ ਕੰਮ 'ਤੇ ਗਈ ਹੋਈ ਸੀ। ਘਰੇ ਹੋਰ
ਕਿਸ ਨੇ ਹੋਣਾ ਸੀ? ਨਾਲ਼ੇ ਮੀਤੀ ਦੀ ਤਾਂ ਕੋਈ ਦੋਸਤ ਮਿੱਤਰ ਵੀ ਨਹੀਂ ਸੀ। ਉਹ ਤਾਂ ਸਿਰਫ਼ ਹਰਦੇਵ
ਨਾਲ਼ ਹੀ ਨਿੱਕੀ ਜਿਹੀ ਦੁਨੀਆਂ ਵਸਾਈ ਫਿਰਦੀ ਸੀ। ਹੁਣ ਤਾਂ ਹਰਦੇਵ ਵੀ ਉਸ ਤੋਂ ਕਿਨਾਰਾ ਕਰ ਗਿਆ
ਸੀ। ਬਿਗਾਨਾ ਹੋ ਗਿਆ ਸੀ। ਹਰਦੇਵ ਨੇ ਇਕ ਬੇਸਮੈਂਟ ਕਿਰਾਏ ਉਪਰ ਲੈ ਲਿਆ ਅਤੇ ਇਕੱਲਾ ਹੀ ਰਹਿਣ ਲੱਗ
ਪਿਆ।
ਚੌਥੇ ਕੁ ਦਿਨ ਜਦ ਮੀਤੀ ਕੰਮ ਤੋਂ ਆਈ ਤਾਂ ਹਰਦੇਵ ਦੇ ਵਕੀਲ ਦੀ ਚਿੱਠੀ ਆਈ ਪਈ ਸੀ। ਉਸ ਨੇ ਮੀਤੀ
ਤੋਂ ਕੁਝ ਸੁਆਲ ਪੁੱਛੇ ਸਨ। ਸਭ ਤੋਂ ਪਹਿਲਾ ਸੁਆਲ ਇਹ ਸੀ ਕਿ ਕੀ ਤੁਸੀਂ ਹਰਦੇਵ ਨੂੰ ਤਲਾਕ ਦੇਣਾ
ਚਾਹੁੰਦੇ ਹੋ? ਮੀਤੀ ਨੇ 'ਯੈੱਸ' 'ਤੇ ਕਰਾਸ ਲਾ ਦਿੱਤਾ। ਬਾਕੀ ਸੁਆਲ ਬਹੁਤੇ ਕੰਮ ਦੇ ਨਹੀਂ ਸਨ। ਜਦ
ਉਸ ਨੇ ਤਲਾਕ ਦੇ ਮਸਲੇ ਪ੍ਰਤੀ 'ਹਾਂ' ਪੱਖੀ ਹੁੰਗਾਰਾ ਭਰ ਦਿੱਤਾ ਸੀ, ਤਾਂ ਬਾਕੀ ਸੁਆਲ ਤਾਂ
ਬੇਹੂਦੇ ਹੀ ਸਨ। ਬੱਚਾ ਉਹਨਾਂ ਦੇ ਕੋਈ ਹੈ ਨਹੀਂ ਸੀ, ਜਿਸ ਕਰਕੇ ਰੌਲ਼ਾ ਪੈਂਦਾ। ਮਕਾਨ ਉਹਨਾਂ ਕੋਲ਼
ਆਪਣਾ ਨਹੀਂ ਸੀ। ਵੰਡ ਵੰਡਾਈ ਦਾ ਉਹਨਾਂ ਦਾ ਕੋਈ ਰੌਲ਼ਾ ਨਹੀਂ ਸੀ। ਰੌਲ਼ਾ ਤਾਂ ਕੋਈ ਵੀ ਨਹੀਂ ਸੀ,
ਜਿਸ ਦਾ ਉੱਤਰ ਦਿੱਤਾ ਜਾ ਸਕਦਾ? ਬੱਸ ਉਸ ਤਲਾਕ ਨਾਲ ਸਹਿਮਤੀ ਪ੍ਰਗਟ ਕਰਕੇ, ਵਕੀਲ ਦੇ ਕਾਗਜ਼ਾਂ ਦੀ
ਖਾਨਾ ਪੂਰਤੀ ਕਰ ਦਿੱਤੀ ਸੀ।
ਉਸ ਨੇ ਕਾਗਜ਼ ਅਗਲੇ ਦਿਨ ਡਾਕ ਰਾਹੀਂ ਹਰਦੇਵ ਦੇ ਵਕੀਲ ਨੂੰ ਭੇਜ ਦਿੱਤੇ।
ਵਕੀਲ ਨੂੰ ਸੰਤੁਸ਼ਟੀ ਹੋਈ।
ਵਕੀਲ ਦੇ ਤਜ਼ਰਬੇ ਵਿਚ ਮੀਤੀ ਸ਼ਾਇਦ ਪਹਿਲੀ ਭਾਰਤੀ ਔਰਤ ਸੀ, ਜਿਹੜੀ ਬਿਨਾ ਕਿਸੇ ਹੀਲ ਹੁੱਜਤ ਦੇ,
ਬਗੈਰ ਕਿਸੇ 'ਆਰਗੂਮੈਂਟ' ਤੋਂ ਤਲਾਕ ਲੈ ਰਹੀ ਸੀ। ਕੋਈ ਨਾਂਹ ਨੁੱਕਰ ਨਹੀਂ ਕੀਤੀ ਸੀ। ਹਰ ਗੱਲ ਨਾਲ਼
ਸਹਿਮਤ ਸੀ। ਵਕੀਲ ਨੇ ਹਰਦੇਵ ਨੂੰ ਫ਼ੋਨ ਕਰ ਕੇ ਬੁਲਾ ਲਿਆ ਅਤੇ ਸਾਰੀ ਸਥਿਤੀ ਤੋਂ ਜਾਣੂੰ ਕਰਵਾ
ਦਿੱਤਾ। ਹਰਦੇਵ ਨੇ ਵੀ ਆਪਣੇ ਆਪ ਨੂੰ ਸੁਖ਼ਾਲ਼ਾ ਜਿਹਾ ਮਹਿਸੂਸ ਕੀਤਾ। ਮੀਤੀ ਨੇ ਉਸ ਨੂੰ, ਦਫ਼ਾ
ਹੋਜਾ, ਮੈਨੂੰ ਸ਼ਕਲ ਨਾ ਦਿਖਾਈਂ ਅਤੇ ਜੇ ਅਸਲ ਪਿਉ ਦੀ ਸੱਟ ਹੈਂ ਤਾਂ, ਵਰਗੇ ਬੇਇੱਜ਼ਤੀ ਭਰੇ ਲਫ਼ਜ਼
ਬੋਲੇ ਸਨ। ਇਹ ਬੋਲ ਬਰਦਾਸ਼ਤ ਤੋਂ ਪਰ੍ਹੇ ਸਨ। ਉਹ ਫਿਰ ਵੀ ਜੱਟ ਦਾ ਪੁੱਤ ਸੀ! ਮੌਲੜ ਤੀਵੀਂ ਤੋਂ
ਕਿਉਂ ਛੋਤ ਲੁਹਾਉਂਦਾ? ਉਹ ਬੁੱਢੀ ਮੱਝ ਆਬਦੇ ਆਪ ਨੂੰ ਸਮਝਦੀ ਕੀ ਸੀ? ਮੂੰਹ ਫ਼ੱਟ ਸਾਲ਼ੀ...! ਬੋਲਣ
ਦੀ ਭੋਰਾ ਅਕਲ ਨਹੀਂ! ਹਰਦੇਵ ਸਿਉਂ ਨੂੰ ਤੀਵੀਆਂ ਦਾ ਘਾਟਾ ਸੀ...? ਉਹ ਜੁਆਨ ਜਹਾਨ ਮੁੰਡਾ ਸੀ!
ਇੰਗਲੈਂਡ ਵਿਚ ਪੱਕਾ ਸੀ! ਫਿਰ ਉਸ ਨੇ ਜਰੂਰੀ ਚਾਚੀ ਦੀ ਉਮਰ ਦੀ, ਸੜੀ ਵੀ ਤੀਮੀ ਤੋਂ ਬੁਰੇ-ਭਲੇ
ਲਫ਼ਜ਼ ਆਖਵਾਉਣੇ ਸਨ...? ਬੁੜ੍ਹੀ ਹੋ ਕੇ ਸਾਲ਼ੀ ਦਾ ਦਿਮਾਗ ਫਿਰ ਗਿਆ। ਹੁਣ ਤਰਤਾਲ਼ੀ ਸਾਲਾਂ ਦੀ ਤਾਂ
ਹੈ! ਬੁੜ੍ਹੀ ਨਹੀਂ ਤਾਂ ਹੋਰ ਕੀ ਐ...?
ਸਰਬਜੀਤ ਵੀ ਸੱਚੀ ਹੀ ਸੀ! ਇਹ ਸਾਲ਼ੀ ਆਪਹੁਦਰੀ ਤੀਮੀ ਐਂ! ਵਿਗੜੀ ਹੋਈ ਔਰਤ! ਮੇਰਾ ਇਹਦੇ ਨਾਲ਼
ਵਸੇਬਾ ਨਹੀਂ! ਜੇ ਇਹਦੇ ਨਾਲ਼ ਰਿਹਾ, ਇਹਨੇ ਫਿਰ ਐਹੋ ਜਿਹੀ ਕੋਈ ਸੜੀ ਵੀ ਗੱਲ ਆਖ ਦਿੱਤੀ, ਮੈਥੋਂ
ਇਹਦੀ ਪੁੜਪੜੀ 'ਚ ਕੁਛ ਵੱਜ ਜਾਣੈਂ! ਫੇਰ ਤੁਰਿਆ ਫਿਰੂੰ ਅੰਦਰ, ਜੇਲ੍ਹ ਕੱਟਦਾ! ਇਹਦੇ ਨਾਲ਼ੋਂ ਤਾਂ
ਪਰ੍ਹੇ ਈ ਚੰਗੇ ਐਂ! ਹਰਦੇਵ ਸਿਆਂ, ਇਹਤੋਂ ਲੈ ਤਲਾਕ! ਇਹਨੂੰ ਟੇਕ ਮੱਥਾ...! ਤੇ ਕੋਈ ਤਾਜ਼ੀ ਪੱਠੀ
ਪੱਟ ਕੇ ਲਿਆ ਇੰਡੀਆ ਤੋਂ! ਦੁਨੀਆਂ ਇੰਗਲੈਂਡ ਪਿੱਛੇ ਕਮਲ਼ੀ ਹੋਈ ਫਿਰਦੀ ਐ! ਨਾਲ਼ੇ ਕੁੜੀ ਦੇਣਗੇ ਤੇ
ਨਾਲ਼ੇ ਪੈਰਾਂ ਹੇਠ ਧਰਨਗੇ ਹੱਥ! ਇਹ ਤਾਂ ਭੈਣ ਦੇਣੀਂ ਮੈਨੂੰ, ਆਬਦੇ ਖ਼ਸਮ ਨੂੰ ਮੂੰਹ ਨ੍ਹੀ ਬੋਲਦੀ?
ਹੋਰ ਕਿਸੇ ਦੀ ਕੀ ਸੁਆਹ ਇੱਜ਼ਤ ਕਰੂਗੀ? ਪਤਾ ਨ੍ਹੀ ਸਾਲ਼ੀ ਦੇ ਦਿਮਾਗ ਨੂੰ ਕੀ ਧਤੂਰਾ ਚੜ੍ਹਿਐ...?
ਤੂੰ ਇਹਨੂੰ ਤਲਾਕ ਦੇ ਕੇ ਪਰਾਂਹ ਮਾਰ! ਖ਼ਲਾਸੀ ਪਾਅ! ਫੇਰ ਤੋਰਾਂਗੇ ਕੋਈ ਗੱਲ ਅੱਗੇ! ਇਹਦਾ ਦਿਮਾਗ
ਤਲਾਕ ਤੋਂ ਬਾਅਦ ਹੀ ਲੋਟ ਹੋਊ!
ਹਰਦੇਵ ਨੇ ਵੀ ਵਕੀਲ ਦੇ ਲੋੜੀਂਦੇ ਕਾਗਜ਼ਾਂ 'ਤੇ ਦਸਤਖ਼ਤ ਵਾਹ ਧਰੇ ਅਤੇ ਵਕੀਲ ਨੇ ਫ਼ਾਈਲ ਅੱਗੇ ਅਦਾਲਤ
ਦੇ ਸਪੁਰਦ ਕਰ ਦਿੱਤੀ।
ਪੂਰੇ ਅਠਾਰਾਂ ਦਿਨਾਂ ਬਾਅਦ ਅਦਾਲਤ ਦੀ ਤਰੀਕ ਪਈ। ਅਦਾਲਤ ਵੱਲੋਂ ਮਿਥੀ ਤਰੀਕ 'ਤੇ ਮੀਤੀ ਵੀ ਪਹੁੰਚ
ਗਈ। ਪਹੁੰਚਣਾ ਹੀ ਪੈਣਾ ਸੀ! ਅਦਾਲਤ ਦਾ ਹੁਕਮ ਅਦੂਲ ਨਹੀਂ ਹੋ ਸਕਦਾ ਸੀ। ਅਦਾਲਤ ਦਾ ਹੁਕਮ ਅਦੂਲ
ਕਰਨਾ ਜ਼ੁਰਮ ਸੀ। ਹਰਦੇਵ ਅਤੇ ਉਸ ਦਾ ਵਕੀਲ ਵੀ ਪੁੱਜੇ ਹੋਏ ਸਨ। ਅਚੰਭੇ ਵਾਲ਼ੀ ਗੱਲ ਇਹ ਸੀ ਕਿ ਜੱਜ
ਵੀ ਉਹੀ ਸੀ। ਅਦਾਲਤ ਦਾ ਕਮਰਾ ਵੀ ਉਹੀ ਸੀ! ਜੇ ਫ਼ਰਕ ਸੀ ਤਾਂ ਸਿਰਫ਼ ਤਰਨਜੀਤ ਅਤੇ ਹਰਦੇਵ ਦਾ ਸੀ।
ਪਿਛਲੇ ਤਲਾਕ ਵੇਲ਼ੇ ਇਸ ਕਟਿਹਰੇ ਵਿਚ ਉਸ ਦਿਨ ਤਰਨਜੀਤ ਖੜ੍ਹਾ ਸੀ ਅਤੇ ਅੱਜ ਹਰਦੇਵ...! ਬਾਕੀ ਸਾਰਾ
ਕੁਝ ਉਹ ਹੀ ਸੀ। ਉਹੀ ਤਲਾਕ ਦਾ ਮਸਲਾ। ਉਹੀ ਸੁਆਲ! ਉਹੀ ਉਧੇੜਬੁਣ! ਜੱਜ ਨੇ ਵੀ ਪੁਰਾਣੇ ਰਵਾਇਤੀ
ਜਿਹੇ ਸੁਆਲ ਕੀਤੇ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੀਤੀ ਨੇ ਕਿਸੇ ਸੁਆਲ ਦਾ ਉਤਰ ਨਾ ਦਿੱਤਾ।
ਹਰਦੇਵ ਦਾ ਵਕੀਲ ਖ਼ੁਸ਼ ਸੀ। ਉਸ ਨੂੰ ਬਹੁਤੀ ਚਾਰਾਜੋਰੀ ਨਹੀਂ ਕਰਨੀ ਪਈ ਸੀ। ਕੋਈ ਖੱਜਲ਼ ਖੁਆਰੀ ਨਹੀਂ
ਸੀ। ਕੋਈ ਬਹਿਸ ਨਹੀਂ ਸੀ। ਚੁੰਝ ਚਰਚਾ ਨਹੀਂ ਸੀ। ਕੋਈ ਸਿਰਦਰਦੀ ਨਹੀਂ ਸੀ। ਪਿਛਲੀ ਵਾਰ ਦੀ
ਤਰ੍ਹਾਂ ਜੱਜ ਖਿਝਿਆ ਤਾਂ ਨਹੀਂ। ਕਿਉਂਕਿ ਇੱਥੇ ਕੋਈ ਲੈਣ ਦੇਣ ਦਾ ਮਾਮਲਾ ਨਹੀਂ ਸੀ। ਉਸ ਨੇ ਸਿਰਫ਼
ਇਤਨਾ ਹੀ ਸੁਆਲ ਕੀਤਾ ਸੀ ਕਿ ਮਿਸਿਜ਼ ਸਿੰਘ, ਤੁਸੀਂ ਇਸ 'ਸੈੱਪਰੇਸ਼ਨ' ਨਾਲ਼ ਸਹਿਮਤ ਹੋ? ਤਾਂ ਮੀਤੀ
ਨੇ ''ਯੈੱਸ, ਆਫ਼ ਕੋਰਸ, ਮੀ ਲੌਰਡ...!'' ਆਖ ਕੇ ਸਿਰ ਹਿਲਾ ਦਿੱਤਾ ਸੀ। ਬਿਲਕੁਲ ਪਿਛਲੀ ਵਾਰ ਦੀ
ਤਰ੍ਹਾਂ...! ਤੇ ਤਲਾਕ ਹੋ ਗਿਆ ਸੀ। ਮੀਤੀ ਚੁੱਪ ਚਾਪ ਬਾਹਰ ਆ ਗਈ ਸੀ। ਇਸ ਵਾਰ ਉਸ ਨੂੰ ਕਿਸੇ ਸੱਸ
ਜਾਂ ਨਣਾਨ ਨੇ ਤਾਹਨਾ ਨਾ ਮਾਰਿਆ। ਕਿਸੇ ਨੇ ਬੁਰਾ ਬਚਨ ਨਾ ਕਿਹਾ। ਸ਼ਾਂਤੀ ਰਹੀ ਸੀ। ਹਰਦੇਵ ਵੀ
ਮੁਸਕਰਾਉਂਦਾ ਆਪਣੇ ਵਕੀਲ ਨਾਲ਼ ਤੁਰ ਗਿਆ ਸੀ। ਵਕੀਲ ਨੇ ਉਸ ਨੂੰ 'ਵਧਾਈ' ਦਿੱਤੀ ਸੀ। ਜਿਵੇਂ ਹਰਦੇਵ
ਨੇ ਕੋਈ ਬਹੁਤ ਵੱਡੀ ਜੰਗ ਜਿੱਤ ਲਈ ਸੀ। ਹਰਦੇਵ ਨੇ ਵੀ ਅਨੇਕਾਂ ਵਾਰ ਵਕੀਲ ਨੂੰ 'ਥੈਂਕ ਯੂ-ਥੈਂਕ
ਯੂ' ਕਿਹਾ ਸੀ।
ਹਫ਼ਤੇ ਦੇ ਵਿਚ ਵਿਚ ਹੀ ਦੋਨਾਂ ਧਿਰਾਂ ਨੂੰ ਤਲਾਕ ਦੇ ਪ੍ਰਵਾਨੇ ਮਿਲ਼ ਗਏ।
ਮੀਤੀ ਫਿਰ ਇਕੱਲੀ ਹੋ ਗਈ। ਰੋਹੀ ਵਿਚ ਖੜ੍ਹੇ ਜੰਡ ਦੀ ਤਰ੍ਹਾਂ ਰੁੰਡ ਮਰੁੰਡ! ਕੱਲਰ ਵਾਲ਼ੀ ਧਰਤੀ
ਵਾਂਗ ਲਾਵਾਰਿਸ ਜਿਹੀ! ਇਸ ਵਾਰ ਉਸ ਨੇ ਮਾਸੀ ਨੂੰ ਵੀ ਕੁਝ ਨਾ ਦੱਸਿਆ। ਦੱਸਣ ਦਾ ਫ਼ਾਇਦਾ ਵੀ ਕੀ
ਸੀ? ਮਾਸੀ ਵਿਚਾਰੀ ਕੋਲ਼ੇ ਕਿਹੜਾ ਭੰਗੀਆਂ ਵਾਲ਼ੀ ਤੋਪ ਸੀ, ਜਿਹੜੀ ਉਸ ਨੇ ਇੰਡੀਆ ਤੋਂ ਦਾਗ ਦੇਣੀ
ਸੀ? ਚਾਰ ਹਾਉਕੇ ਹੀ ਸਨ। ਭਰ ਕੇ ਮਾਸੀ ਨੇ ਵੀ ਚੁੱਪ ਹੋ ਜਾਣਾ ਸੀ। ਜਾਂ ਵੱਧ ਤੋਂ ਵੱਧ, ''ਰੱਬ ਦਾ
ਭਾਣਾ ਐਂ ਧੀਏ! ਕੀ, ਕੋਈ ਵੱਸ ਐ...?'' ਆਖ ਕੇ ਦਿਲਬਰੀ ਦੇਣੀ ਸੀ।
ਤਲਾਕ ਦੇ ਕਾਗਜ਼ ਬੋਝੇ ਪਾ ਕੇ ਹਰਦੇਵ ਬੜੀ ਸ਼ਾਨੋ-ਸ਼ੌਕਤ ਨਾਲ਼ ਇੰਡੀਆ ਨੂੰ ਉਡਾਰੀ ਮਾਰ ਗਿਆ। ਜਾਣ ਤੋਂ
ਪਹਿਲਾਂ ਉਸ ਨੇ ਜੀਅ ਭਰ ਕੇ ਖ਼ਰੀਦਾ ਫ਼ਰੋਖ਼ਤੀ ਕੀਤੀ ਸੀ। ਬਹੁਤੀ ਤਵੱਜੋਂ ਤਾਂ ਉਸ ਨੇ ਹੋਣ ਵਾਲ਼ੀ
ਪਤਨੀ ਲਈ ਹੀ ਦਿੱਤੀ ਸੀ। ਬਾਪੂ ਲਈ ਪੰਜ ਬੋਤਲਾਂ 'ਜਾਨੀ ਵਾਕਰ' ਦੀਆਂ ਖਰੀਦ ਲਈਆਂ ਸਨ। ਸਾਰੇ
ਰਿਸ਼ਤੇਦਾਰਾਂ ਨੂੰ ਫ਼ੋਨ ਕਰ ਦਿੱਤੇ ਸਨ। ਦੋ ਕਿੱਲੋ ਸੋਨਾ ਅਤੇ ਚਾਰ ਵੱਡੇ ਅਟੈਚੀ ਸਮਾਨ ਦੇ ਭਰ ਕੇ
ਹਰਦੇਵ ਦਿੱਲੀ ਏਅਰਪੋਰਟ ਜਾ ਉਤਰਿਆ। ਬੇਬੇ ਸਮੇਤ ਸਾਰਾ ਟੱਬਰ ਹੀ ਉਸ ਨੂੰ ਲੈਣ ਆਇਆ ਹੋਇਆ ਸੀ।
ਪ੍ਰੀਵਾਰ ਨੇ ਇਕ ਮਿੰਨ੍ਹੀ ਬੱਸ ਕਿਰਾਏ 'ਤੇ ਲਈ ਹੋਈ ਸੀ। ਜਿਵੇਂ ਕਿਤੇ ਤੀਰਥ 'ਤੇ ਚੱਲੇ ਸਨ। ਬੱਸ
ਵਿਚ 'ਰੈੱਡ ਨਾਈਟ' ਦੀ ਪੇਟੀ ਬਾਪੂ ਨੇ ਤੁਰਨ ਤੋਂ ਪਹਿਲਾਂ ਹੀ ਰਖਵਾ ਲਈ ਸੀ ਅਤੇ ਹਰਦੇਵ ਦੀ ਫ਼ਲਾਈਟ
ਉਤਰਨ ਤੋਂ ਪਹਿਲਾਂ ਹੀ ਉਸ ਨੇ ਦੋ 'ਲੰਡੇ' ਪੈੱਗ ਸੜ੍ਹਾਕ ਧਰੇ ਸਨ। ਬੇਬੇ ਨੇ ਜਾਗਰ ਸਿਉਂ ਨੂੰ
ਦਾਰੂ ਪੀਣੋਂ ਜ਼ਰੂਰ ਰੋਕਿਆ ਸੀ। ਪਰ ਜਾਗਰ ਸਿਉਂ ਨੇ, ''ਮੁੰਡੇ ਨੂੰ ਲੈਣ ਆਏ ਐਂ! ਕਿਸੇ ਮਰਨੇ ਪਰਨੇ
'ਤੇ ਜਾਂ ਕਿਸੇ ਨੂੰ ਫ਼ਕੌਣ ਨ੍ਹੀ ਆਏ...! ਗੱਲਾਂ ਕੀ ਕਰਨ ਲੱਗਪੀ ਭੈਣ ਦਾ ਕੜਛਾ ਈ ਯ੍ਹਾਵੀ!
ਤੇਰੀਆਂ ਦੁੱਧ ਰਿੜਕਣ ਆਲ਼ੀਆਂ ਆਦਤਾਂ ਨ੍ਹੀ ਜਾਣੀਆਂ! ਤੈਨੂੰ ਕਿੰਨੇ ਆਰੀ ਆਖਿਐ ਬਈ ਆਬਦਾ ਘਸਮੈਲ਼ਾ
ਜਿਆ ਮੂੰਹ ਬੰਦ ਰੱਖਿਆ ਕਰ...! ਅਕਲ ਨ੍ਹੀ ਆਉਂਦੀ ਤੈਨੂੰ?'' ਆਖ ਕੇ ਬਾਪੂ ਨੇ ਬੇਬੇ ਨੂੰ ਏਅਰਪੋਰਟ
ਦਾ ਸੁਆਦ ਦਿਖਾ ਦਿੱਤਾ ਸੀ। ਬੇਬੇ ਚੁੱਪ ਕਰ ਗਈ ਸੀ। ਉਸ ਨੂੰ ਜਾਗਰ ਸਿਉਂ ਦੇ ਅੜਬ ਸੁਭਾਅ ਦਾ
ਪ੍ਰਤੱਖ ਪਤਾ ਸੀ। ਜਾਗਰ ਸਿਉਂ ਨੂੰ ਪੀਤੀ ਵਿਚ ਛੇੜਨਾ ਇਕ ਤਰ੍ਹਾਂ ਨਾਲ ਭਰਿੰਡਾਂ ਦੀ ਖੱਖਰ ਨੂੰ
ਹੱਥ ਪਾਉਣ ਬਰਾਬਰ ਸੀ।
ਬ੍ਰਿਟਿਸ਼ ਏਅਰਵੇਜ਼ ਸਵੇਰੇ ਦੋ ਵਜੇ ਉਤਰੀ। ਇੰਮੀਗਰੇਸ਼ਨ ਅਤੇ ਕਸਟਮ ਤੋਂ ਵਿਹਲਾ ਹੋ ਕੇ ਹਰਦੇਵ ਪੰਜ
ਕੁ ਵਜੇ ਏਅਰਪੋਰਟ ਤੋਂ ਬਾਹਰ ਨਿਕਲਿਆ। ਦੇਖ ਕੇ ਬੇਬੇ ਬਾਪੂ ਦੀ ਖ਼ੁਸ਼ੀ ਦਾ ਕੋਈ ਹੱਦ ਬੰਨਾਂ ਨਾ
ਰਿਹਾ। ਹਰਦੇਵ ਅੱਗੇ ਨਾਲ਼ੋਂ ਦੁੜਕਿਆ ਹੋਇਆ, ਕੋਟ ਪੈਂਟ ਵਿਚ ਬਾਹਵਾ ਫ਼ੱਬਦਾ ਸੀ। ਪਹਿਲਾਂ ਛਿਲਕਾਂ
ਦੇ ਘੋੜ੍ਹੇ ਵਰਗਾ ਹਰਦੇਵ, ਅੱਜ ਬੇਬੇ ਦੀ ਜੱਫ਼ੀ ਵਿਚ ਮਸਾਂ ਆਇਆ ਸੀ। ਉਹ ਦੁਰਮਟ ਹੀ ਤਾਂ ਬਣਿਆਂ
ਪਿਆ ਸੀ! ਪਿਆਰ ਦਿੰਦੀ ਬੇਬੇ ਨੇ ਜਾਗਰ ਸਿਉਂ ਤੋਂ ਚੋਰੀ ਪਰ੍ਹੇ ਮੂੰਹ ਕਰਕੇ ਥੁੱਕ ਦਿੱਤਾ ਸੀ। ਜੇ
ਜਾਗਰ ਸਿਉਂ ਨੂੰ ਪਤਾ ਲੱਗ ਜਾਂਦਾ, ਤਾਂ ਉਸ ਨੇ ਫਿਰ ਗਾਲ੍ਹਾਂ ਦੀ ਸੂੜ ਬੰਨ੍ਹ ਲੈਣੀ ਸੀ। ਬਚਾਓ
ਵਿਚ ਹੀ ਬਚਾਓ ਸੀ। ਜਾਗਰ ਸਿਉਂ ਦਾ ਕੋਈ ਇਤਬਾਰ ਨਹੀਂ ਸੀ ਕਿ ਕਦੋਂ ਰੋਡਵੇਜ਼ ਦੀ ਬੱਸ ਵਾਂਗ ਬਿੱਟਰ
ਜਾਵੇ? ਬੇਬੇ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਸੀ!
ਬੇਬੇ ਨੇ ਸਾਰੀ ਸੁੱਖ ਸਾਂਦ ਪੁੱਛੀ।
ਬਾਪੂ ਨੇ ਦੋ ਕਰੜੇ ਪੈੱਗ ਹੋਰ ਚਾਹੜ ਲਏ ਅਤੇ ਪਿੰਡ ਨੂੰ ਰਵਾਨਾ ਹੋ ਗਏ।
ਗੱਲ ਚੱਲਦੀ ਚੱਲਦੀ ਮੀਤੀ 'ਤੇ ਆ ਕੇ ਰੁਕ ਗਈ। ਗੱਲ ਬਾਪੂ ਨੇ ਹੀ ਸ਼ੁਰੂ ਕੀਤੀ ਸੀ।
-''ਕੀ ਮਾਜਰਾ ਕੀ ਬਣ ਗਿਆ ਸੀ, ਮੀਤੋ ਨਾਲ਼?'' ਜਾਗਰ ਸਿਉਂ ਨੇ ਪੁੱਛਿਆ ਸੀ।
-''ਬੱਸ ਬਾਪੂ ਜੀ, ਥੋੜਾ ਜਿਆ ਜਾਅਦੇ ਈ ਤੰਗ ਕਰਨ ਲੱਗਪੀ ਸੀ।'' ਹਰਦੇਵ ਨੇ ਅੱਤ ਸੰਖੇਪ ਦੱਸਿਆ।
-''ਚਾਰ ਮਾਰਦਾ ਗੱਤਲ਼ੇ 'ਚ! ਜੇ ਖੰਘ ਵੀ ਜਾਂਦੀ...? ਤੇਰੀ ਬੇਬੇ ਦੇ ਮੈਂ ਹੁਣ ਤੱਕ ਖਰਖਰਾ ਫ਼ੇਰਦਾ
ਰਿਹੈਂ-ਤਾਂ ਜਾ ਕੇ ਇਹ ਟਿਕੀ ਐ! ਨਹੀਂ ਹਟ ਕੁੱਤੀਏ ਇਹ ਨ੍ਹੀ ਸੀ ਆਖਣ ਦਿੰਦੀ...!'' ਬਾਪੂ ਦਾਰੂ
ਨਾਲ਼ 'ਤੋਤਾ' ਬਣਿਆਂ ਬੈਠਾ ਸੀ।
-''ਲੈ, ਕਰਲਾ ਗੱਲ! ਹੋਰ ਛੇੜਲਾ ਇਹਨੂੰ ਫਿੱਟਣੀਆਂ ਦੇ ਫ਼ੇਟ ਨੂੰ! ਇਹਨੂੰ ਕੁੱਟਣ ਤੋਂ ਬਿਨਾ ਹੋਰ
ਕੋਈ ਗੱਲ ਆਉਂਦੀ ਨ੍ਹੀ-ਧੌਲ਼ਾ ਝਾਟਾ ਮੂੰਹ 'ਤੇ ਐ!'' ਬੇਬੇ ਨੇ ਬੁੱਲ੍ਹ ਟੇਰੇ।
-''ਉਥੇ ਗੱਤਲ਼ੇ 'ਚ ਮਾਰਨਾ ਖੇਡ ਨ੍ਹੀ ਬਾਪੂ! ਉਥੇ ਤਾਂ ਜੇ ਤੀਮੀ ਨੂੰ ਹੱਥ ਲਾਓ-ਪੁਲਸ ਚੱਕ ਕੇ
ਅੰਦਰ ਦੇ ਦਿੰਦੀ ਐ!''
-''ਅੱਛਿਆ...? ਤਾਂ, ਤਾਂ ਬੜੇ ਛੋਕਰੀ ਯ੍ਹਾਵੇ ਐ ਬਈ! ਤੀਮੀ ਛਿੱਤਰ ਬਿਨਾ ਤਾਂ ਊਂਈਂ ਨ੍ਹੀ ਲੋਟ
ਆਉਂਦੀ।''
-''ਆਉਂਦੀ ਨ੍ਹੀ ਲੋਟ...!'' ਤਪੀ ਬੇਬੇ ਫਿਰ ਬੋਲ ਪਈ।
-''ਤੂੰ ਦੇਖੀ ਜਾਨੈਂ ਹਰਦੇਵ ਸਿਆਂ? ਹੁਣ ਇਹ ਤੇਰੇ ਬੈਠੇ ਕਰਕੇ ਤਾਤੇ ਬਾਤੇ ਕਰਦੀ ਐ! ਜੇ ਮੈਂ
'ਕੱਲਾ ਹੁੰਦਾ-ਸਾਹ ਨ੍ਹੀ ਸੀ ਕੱਢਦੀ-ਹੁਣ ਦੇਖਲਾ ਪਟਰਾਣੀਂ ਬਣੀ ਬੈਠੀ ਐ।''
-''ਹਰਦੇਵ ਕਰਕੇ ਮਾੜਾ ਮੋਟਾ ਮੂਹਰੇ ਬੋਲਣ ਲੱਗੀ ਐਂ ਤੇਰੇ-ਤੂੰ ਤਾਂ ਬਥੇਰੀ ਕੀਤੀ ਐ ਹੁਣ ਤੱਕ
ਮੇਰੇ ਮੂੰਹ ਨਾਲ! ਸਾਰੀ ਉਮਰ ਜੁੱਤੀ ਹੇਠ ਰੱਖਿਐ ਮੈਨੂੰ!'' ਬੇਬੇ ਨੇ ਪੁਰਾਣੇ ਸ਼ਿਕਵੇ ਉਧੇੜਨੇ
ਸ਼ੁਰੂ ਕਰ ਦਿੱਤੇ।
-''ਤੂੰ ਮੈਥੋਂ ਕਿਤੇ ਹੁਣ ਤਾਂ ਨ੍ਹੀ ਲਿਵਤਰੇ ਖਾਣੇ...? ਨਹੀਂ ਸਰਦਾ ਹੁਣ ਤੇਰਾ?'' ਬਾਪੂ ਸੀਟ
ਤੋਂ ਇਕ ਦਮ ਪਿੱਛੇ ਨੂੰ ਉਲਰਿਆ। ਜਿਵੇਂ ਸੱਜਰ ਸੂਈ ਮੱਝ ਕੱਟਰੂ ਵੱਲ ਹੇਲ਼ੀਆਂ ਲੈ-ਲੈ ਜਾਂਦੀ ਹੈ।
-''ਬੱਸ ਵੀ ਕਰ ਬਾਪੂ...! ਬਥੇਰਾ ਬੇਬੇ ਨੇ ਖੱਪਰ ਖਿਉਂਇਐਂ! ਇਹ ਵੀ ਝੂਠੀ ਨ੍ਹੀ।'' ਹਰਦੇਵ ਨੇ
ਵਰਜਿਆ।
-''ਨਹੀਂ ਹਰਦੇਵ ਸਿਆਂ! ਇਹਦੇ ਢਿੱਡ ਪੀੜ ਹੋਣ ਲੱਗਪੀ ਐ-ਹੁਣ ਮੈਨੂੰ ਮੈਦ ਐ ਇਹ ਚੂਰਨ ਭਾਲ਼ਦੀ
ਐ-ਮੈਂ ਬੁੱਢੀਆਂ ਹੱਡੀਆਂ ਦੇਖ ਕੇ ਚੁੱਪ ਕਰ ਜਾਨੈਂ-ਬਈ ਹੁਣ ਜੁੜਨੀਆਂ ਨ੍ਹੀ! ਪਰ ਕਾਹਨੂੰ...?
ਜਿੰਨਾਂ ਚਿਰ ਇਹਨੂੰ ਬੱਕਲ਼ ਨਾ ਚਾਰਾਂ-ਇਹ ਕੌੜ ਮੱਝ ਮਾਂਗੂੰ ਅੜਾਹਟ ਈ ਪਾਈ ਜਾਂਦੀ ਰਹਿੰਦੀ ਐ।''
-''ਗੱਲ ਕੀ ਕਰਦੇ ਸੀ? ਤੋਰ ਕੇ ਕਿੱਧਰ ਨੂੰ ਬਹਿ ਗਿਆ, ਚੌਰਾ!'' ਬੇਬੇ ਬਾਜ਼ ਨਹੀਂ ਆ ਰਹੀ ਸੀ।
-''ਲਾ ਕੇ ਘੁੱਟ ਮੂੰਹ ਨੂੰ-ਲੱਗ ਪਿਆ ਕੁੱਤੇ ਮਾਂਗੂੰ ਭੌਂਕਣ! ਮੂਹਰਲੀ ਸੀਟ 'ਤੇ ਬੈਠੈ
ਅੜਿਆ-ਜਿਵੇਂ ਵਾੜ 'ਚ ਬਿੱਲਾ ਫ਼ਸਿਆ ਹੁੰਦੈ! ਸ਼ਰਮ ਦਾ ਘਾਟਾ! ਤੂੰ ਕਿਸੇ ਜੁਆਕ ਨੂੰ ਮੂਹਰੇ ਬਹਿਣ
ਦੇ-ਚੁੱਪ ਕਰਕੇ ਪਿੱਛੇ ਨ੍ਹੀ ਬੈਠਾ ਜਾਂਦਾ?''
-''ਤੂੰ ਕਰਜਾ ਚੁੱਪ...! ਮਾਰ ਕੇ ਬੋਤਲ ਮੱਥੇ 'ਚ-ਟੀਕ ਚਲਾਦੂੰ!'' ਬਾਪੂ ਫਿਰ ਪਹਿਲਣ ਝੋਟੀ ਵਾਂਗ
ਵੱਟ ਜਿਹਾ ਕਰਨ ਲੱਗ ਪਿਆ। ਉਹ ਜਾੜ੍ਹ ਘੁੱਟ ਕੇ ਪਿੱਛੇ ਨੂੰ ਹੂਰਾ ਲੈ ਕੇ ਜਾਂਦਾ ਸੀ।
-''ਬਾਪੂ ਜੀ, ਤੁਸੀਂ ਹੁਣ ਚੁੱਪ ਵੀ ਕਰਜੋ...!'' ਹਰਦੇਵ ਨੇ ਖਿਝ ਕੇ ਕਿਹਾ। ਸ਼ਾਇਦ ਉਹ ਬਾਪੂ ਅੱਗੇ
ਪਹਿਲੀ ਵਾਰ ਅੱਕਰਾ ਬੋਲਿਆ ਸੀ। ਬਾਕੀ ਸਾਰੇ ਭੈਣ ਭਾਈ ਚੁੱਪ ਸਨ। ਉਹ ਕਲੇਸ਼ ਦੇ ਇਕ ਤਰ੍ਹਾਂ ਨਾਲ਼
ਆਦੀ ਹੋ ਚੁੱਕੇ ਸਨ।
-''ਨਹੀਂ ਹਰਦੇਵ ਸਿਆਂ...! ਤੈਨੂੰ ਇਹਦੇ ਮਤੇ ਦਾ ਨ੍ਹੀ ਪਤਾ! ਇਹ ਨ੍ਹੀ ਹੱਟਦੀ-ਜਿੰਨਾ ਚਿਰ ਇਹਨੂੰ
ਤੱਤਾ ਠੰਢਾ ਨਾ ਪਵੇ-ਹੁਣ ਕਰਗੀ ਨਾ ਚੁੱਪ? ਬਈ ਜਬਾੜਿਆਂ 'ਚ ਗਿਲਾਸ ਆਊ-ਕਰਦੀ ਕੀ ਫਿਰਦੀ ਐ, ਮੱਚੜ
ਜੀ!''
-''ਤੁਸੀਂ ਘਰੇ 'ਕੱਲੇ ਕਿਵੇਂ ਕੱਟਦੇ ਹੋਵੋਂਗੇ? ਸਾਡੇ ਬੈਠਿਆਂ ਤੋਂ ਨ੍ਹੀ ਹੱਟਦੇ?''
-''ਘਰੇ...? ਰੱਬ ਰੱਬ ਕਰ! ਘਰੇ 'ਕੱਲੀ ਇਹ ਕੁਸਕਦੀ ਨ੍ਹੀ, ਮਖ ਜਮਾਂ ਈ ਨ੍ਹੀ ਕੁਸਕਦੀ...! ਇਹਨੂੰ
ਪਤੈ ਬਈ ਜੁੱਤੀ ਸਿਰ 'ਚ ਆਊ।''
-''ਚਲੋ, ਬੱਸ ਵੀ ਕਰੋ ਹੁਣ...!'' ਹਰਦੇਵ ਨੇ ਗੱਲ ਹਾਸੇ ਵਿਚ ਪਾ ਲਈ।
ਉਹਨਾਂ ਨੇ ਰਸਤੇ 'ਚ ਖੜ੍ਹ ਕੇ ਹੋਟਲ ਤੋਂ ਰੋਟੀ ਖਾਧੀ। ਜਾਗਰ ਸਿਉਂ ਪੂਰੀ ਬੋਤਲ ਸੂਤ ਕੇ ਅਤੇ ਰੋਟੀ
ਖਾ ਕੇ ਘੁਰਾੜ੍ਹੇ ਮਾਰਨ ਲੱਗ ਪਿਆ ਸੀ। ਸਾਰੀ ਰਾਤ ਸਫ਼ਰ ਕਰਕੇ ਸਵੇਰੇ ਨੌਂ ਕੁ ਵਜੇ ਉਹ ਪਿੰਡ
ਪਹੁੰਚੇ।
ਥੱਕੇ ਹੋਣ ਕਾਰਨ ਸਾਰੇ ਸੌਂ ਗਏ।
ਆਥਣ ਦੇ ਚਾਰ ਕੁ ਵਜੇ ਸਾਰੇ ਉਠੇ। ਅਜੇ ਉਹ ਮੂੰਹ ਹੱਥ ਹੀ ਧੋ ਰਹੇ ਸਨ। ਹਰਦੇਵ ਨਹਾਉਣ ਵੜਿਆ ਹੋਇਆ
ਸੀ। ਅਚਾਨਕ ਜੁਗਾੜ ਸਿਉਂ ਪਹੁੰਚ ਗਿਆ। ਜਾਗਰ ਸਿਉਂ ਨੂੰ ਚੱਕਰ ਆਇਆ। ਉਹ ਧੁਰੋਂ ਹਿੱਲ ਗਿਆ। ਉਸ ਦਾ
ਰੰਗ ਉਡ ਗਿਆ ਸੀ ਕਿ ਇਹ ਸਾਲ਼ਾ ਜਮਦੂਤ ਅੱਜ ਕਿੱਧਰੋਂ ਆ ਵੜਿਆ? ਨਾ ਅੱਗੇ, ਨਾ ਪਿੱਛੇ? ਹਰਦੇਵ ਅਜੇ
ਗੁਸਲਖਾਨੇ ਦੇ ਵਿਚ ਹੀ ਸੀ। ਸ਼ਾਇਦ ਜੁਗਾੜ ਸਿਉਂ ਨੂੰ ਇਹ ਨਹੀਂ ਪਤਾ ਸੀ ਕਿ ਹਰਦੇਵ ਅਤੇ ਮੀਤੀ ਦਾ
ਤਲਾਕ ਹੋ ਗਿਆ ਸੀ। ਹਰਦੇਵ ਜਦੋਂ ਨਹਾ ਕੇ ਬਾਹਰ ਨਿਕਲਿਆ ਤਾਂ ਉਸ ਦਾ ਚਿਹਰਾ ਵੀ ਜੁਗਾੜ ਸਿਉਂ ਨੂੰ
ਦੇਖ ਕੇ ਪੀਲ਼ਾ ਪੈ ਗਿਆ। ਉਸ ਨੂੰ ਸੁੱਝ ਨਹੀਂ ਰਿਹਾ ਸੀ ਕਿ ਹੁਣ ਕੀ ਬਹਾਨਾ ਲੱਭਿਆ ਜਾਵੇ? ਉਸ ਨੇ
ਆਪਣੇ ਛੋਟੇ ਭਾਈ ਨੂੰ ਇਸ਼ਾਰੇ ਨਾਲ਼ ਕੋਲ਼ ਸੱਦਿਆ।
-''ਆਹ ਕੰਜਰ ਕਿੱਥੋਂ ਆ ਗਿਆ...?'' ਹਰਦੇਵ ਦਾ ਚੋਰ ਮਨ ਕੰਬੀ ਜਾ ਰਿਹਾ ਸੀ।
-''ਪਤਾ ਨ੍ਹੀ...!''
-''ਇਹ ਪਹਿਲਾਂ ਵੀ ਆਉਂਦਾ ਹੁੰਦੈ?''
-''ਕਦੇ ਕਦੇ ਆ ਈ ਜਾਂਦੈ!''
-''ਇਹਨੂੰ ਸਾਡੇ ਤਲਾਕ ਬਾਰੇ ਪਤੈ?''
-''ਰੱਬ ਜਾਣੇ...!''
-''ਤੂੰ ਬਾਪੂ ਨੂੰ ਮੇਰੇ ਕੋਲ਼ੇ ਭੇਜ, ਜਲਦੀ!'' ਉਹਨਾਂ ਨੇ ਬੜੀ ਤੇਜ਼ੀ ਨਾਲ਼ ਸੰਖੇਪ ਗੱਲਾਂ ਕੀਤੀਆਂ
ਸਨ। ਸੁਨੇਹੇਂ ਦੇ ਨਾਲ਼ ਹੀ ਬਾਪੂ ਹਰਦੇਵ ਕੋਲ਼ ਆ ਗਿਆ।
-''ਕੀ ਗੱਲ ਐ...?''
-''ਬਾਪੂ! ਇਹ ਭੈਣ ਚੋਦ ਕਿੱਧਰੋਂ ਆ ਗਿਆ?''
-''ਤੇਰੇ ਆਉਣ ਬਾਰੇ ਤਾਂ ਕਿਸੇ ਨੂੰ ਪਤਾ ਨ੍ਹੀ-ਇਹ ਤਾਂ ਊਂਈਂ ਆ ਗਿਆ ਹੋਣੈਂ? ਦਾਰੂ ਦਾ ਲਾਲਚੀ
ਐ-ਹੋਰ ਇਹਨੂੰ ਕੋਈ ਕੰਮ ਐਂ?''
-''ਬਾਪੂ! ਇਹਨੂੰ ਦਾਰੂ ਦੱਪਾ ਛਕਾ ਕੇ ਤੋਰ! ਇਹ ਮੇਰਾ ਸਾਲ਼ਾ ਆਪਣੇ ਵਿਆਹ 'ਚ ਘੋਟਣਾ ਨਾ ਖੜਕਾ
ਦੇਵੇ?'' ਹਰਦੇਵ ਨੇ ਮਨ ਦਾ ਡਰ ਦੱਸਿਆ।
-''ਇਹਦੀ ਮਾਂ ਦੀ...! ਤੂੰ ਬਹਿਮ ਨਾ ਮੰਨ! ਮੈਂ ਕਰਦੈਂ ਇਹਦਾ ਇੰਤਜਾਮ! ਇਹ ਚੌਰਾ ਤਾਂ ਦਾਰੂ ਦਾ
ਲਾਲਚੀ ਐ-ਇਹਨੂੰ ਘੁੱਟ ਲੁਆ ਕੇ ਸਾਰੀ ਗੱਲ ਈ ਦੱਸ ਦਿਆਂਗੇ-ਆਪਣਾ ਇਹ ਕੀ ਬੈਂਗਣ ਫੜ ਲਊ? ਠਾਣੇਦਾਰ
ਨਾਲ਼ ਮੇਰੀ ਚੰਗੀ ਸੱਥਰੀ ਪੈਂਦੀ ਐ-ਬਾਹਲ਼ਾ ਗਿਆ-ਤੇਰੇ ਰਹਿਣ ਤੱਕ ਸਾਲ਼ੇ ਨੂੰ ਹਵਾਲਾਟ 'ਚ ਈ
ਰੱਖਾਂਗੇ...!'' ਕਹਿ ਕੇ ਬਾਪੂ ਨੇ ਹਰਦੇਵ ਦਾ ਮਨ ਹਲਕਾ ਕਰ ਦਿੱਤਾ। ਉਹ ਸ਼ਾਂਤ ਹੋ ਗਿਆ। ਠਾਣੇਦਾਰ
ਨਾਲ਼ ਯਾਰੀ ਸੁਣ ਕੇ ਉਹ ਹੌਲ਼ਾ ਫ਼ੁੱਲ ਹੀ ਤਾਂ ਹੋ ਗਿਆ ਸੀ। ਢੰਗ ਜਿਹੇ ਨਾਲ਼ ਜਾਗਰ ਸਿਉਂ ਨੇ ਜੁਗਾੜ
ਸਿਉਂ ਨੂੰ ਬਾਹਰਲੇ ਕਮਰੇ ਵਿਚ ਲਿਆ ਬਿਠਾਇਆ। ਵਿਸਕੀ ਦੀ ਬੋਤਲ ਅਤੇ ਅਚਾਰ ਦੀ ਕੌਲੀ ਉਸ ਦੇ ਅੱਗੇ
ਰੱਖ ਦਿੱਤੀ। ਬੋਤਲ ਜੁਗਾੜ ਸਿਉਂ ਨੇ ਭੁੱਖਿਆਂ ਵਾਂਗ ਬੁੱਚ੍ਹੀ। ਵਿਸਕੀ ਦੇਖ ਕੇ ਉਸ ਦੀਆਂ ਲਾਲ਼ਾਂ
ਵਗ ਤੁਰੀਆਂ ਸਨ।
-''ਜਾਗਰ ਸਿਆਂ, ਆਹ ਤਾਂ ਬਈ ਕਮਾਲ ਈ ਕਰਤੀ...! ਬਾਹਰਲੀ ਲੱਗਦੀ ਐ?'' ਉਸ ਨੇ ਬੋਤਲ ਚੁੱਕ ਕੇ
ਫ਼ੋਟੋ ਲਾਹੁੰਣ ਵਾਲ਼ਿਆਂ ਵਾਂਗ ਦੇਖੀ। ਜਿਵੇਂ ਜੁਗਾੜ ਸਿਉਂ ਨੂੰ ਕੁਝ ਗੁਆਚਿਆ ਥਿਆ ਗਿਆ ਸੀ। ਉਸ ਨੂੰ
ਗਧੇ ਵਾਂਗ ਹੀਂਗਣਾਂ ਛੁੱਟ ਪਿਆ ਸੀ। ਉਹ ਬੇਥਾਹ ਖ਼ੁਸ਼ ਸੀ।
-''ਆਹੋ...! ਅੱਜ ਤੇਰਾ ਭਤੀਜਾ ਵਲੈਤੋਂ ਆਇਐ, ਹਰਦੇਵ ਸਿਉਂ! ਮੈਂ ਵੀ ਕੱਲ੍ਹ ਦਾ ਦਿੱਲੀ ਗਿਆ ਸੀ,
ਉਹਨੂੰ ਲੈਣ! ਅੱਜ ਸਾਝਰੇ ਈ ਆਏ ਐਂ-ਆ ਕੇ ਸੌਂ ਗਏ-ਤੇ ਆਹ ਹੁਣੇ ਈ ਉਠੇ ਐਂ!''
-''ਅੱਛਾ...? ਫੇਰ ਤਾਂ ਬਈ ਵਧਾਈਆਂ, ਜਾਗਰ ਸਿਆਂ! ਮੈਂ ਵੀ ਸੋਚਿਆ ਬਈ ਆਹ ਗਿਰਝ ਮੂੰਹੀਂ ਆਪਣੇ
ਆਲ਼ੇ ਦੇਸ਼ ਦੀ ਤਾਂ ਲੱਗਦੀ ਨ੍ਹੀ-ਇਹ ਤਾਂ ਕੋਈ ਬਾਹਰਲੀ ਗਿੱਦੜਸਿੰਗੀ ਐ!'' ਉਹ ਵਿਸਕੀ ਦੇਖ ਕੇ
ਬਾਂਦਰ ਵਾਂਗ ਲਾਚੜ ਗਿਆ ਸੀ। ਉਸ ਨੇ ਹਲ਼ਕਿਆਂ ਵਾਂਗ ਬੋਤਲ ਦੀ ਸੀਲ ਤੋੜੀ ਅਤੇ ਗਿਲਾਸ ਭਰ ਕੇ ਸ਼ਰਬਤ
ਵਾਂਗ ਸੂਤ ਗਿਆ। ਸੁੱਕੀ ਵਿਸਕੀ ਨੇ ਉਸ ਨੂੰ ਪੱਠਾ ਲਾ ਦਿੱਤਾ ਸੀ। ਉਸ ਨੇ ਅਚਾਰੀ ਮਿਰਚ ਮੂੰਹ ਵਿਚ
ਪਾਈ ਤਾਂ ਕੁੜੱਤਣ ਨਾਲ਼ ਉਸ ਦਾ ਮੂੰਹ ਆਪਦੇ ਆਪ ਹੀ ਖੁੱਲ੍ਹ ਗਿਆ।
-''ਬੜੀ ਖੱਟਰ ਐ ਸਾਲੀ...!'' ਉਸ ਨੂੰ ਧੁੜਧੜੀ ਆਈ।
-''ਜੁਗਾੜ ਸਿਆਂ, ਬਾਹਰਲੀ ਐ...!'' ਜਾਗਰ ਨੇ ਕਿਹਾ। ਉਹ ਜੁਗਾੜ ਸਿਉਂ ਨੂੰ ਭੂਚਾਲ ਵਿਚ ਪਾਉਣ ਲਈ
'ਰੈੱਡ ਨਾਈਟ' ਦੀ ਬੋਤਲ ਨੂੰ ਹੀ 'ਬਾਹਰਲੀ' ਦੱਸੀ ਜਾ ਰਿਹਾ ਸੀ।
-''ਤਾਂਹੀ ਤਾਂ ਦੁਨੀਆਂ ਬਾਹਰਲੀਆਂ ਚੀਜਾਂ ਦੀ ਸਿਫ਼ਤ ਕਰਦੀ ਐ! ਆਪਣੇ ਤਾਂ ਮੇਰੇ ਸਹੁਰੇ ਨਿਰਾ ਈ
ਪਾਣੀ ਮੱਥੇ ਮਾਰਦੇ ਐ-ਨਾ ਨਸ਼ਾ, ਨਾ ਸੁਆਦ! ਆਹ ਦੇਖ ਤਾਂ, ਅਜੇ ਇਕ ਈ ਅੰਦਰ ਸਿੱਟਿਐ, ਤਰਾਰੇ
ਬੰਨ੍ਹਤੇ ਸੁਰਗਾਂ ਨੂੰ ਜਾਣੀ ਨੇ! ਵਾਹ ਨੀ ਅੰਗਰੇਜ ਗੌਰਮਿੰਟੇ! ਨਹੀਂ ਰੀਸਾਂ ਤੇਰੀਆਂ...! ਐਮੇ
ਤਾਂ ਨ੍ਹੀ ਸਾਲ਼ੇ ਸਾਰੇ ਸੰਸਾਰ 'ਤੇ ਰਾਜ ਕਰਗੇ? ਕਹਿੰਦੇ ਉਹਨਾਂ ਦੇ ਰਾਜ 'ਚ ਸੂਰਜ ਨ੍ਹੀ ਸੀ
ਛਿਪਦਾ? ਐਹੋ ਜੀ ਦਾਰੂ ਪੀ ਕੇ ਡਮਾਕ ਈ ਤਰ ਹੋਣੇ ਐਂ? ਆਪਣੇ ਆਲ਼ੀ ਪੀ ਕੇ ਤਾਂ ਬੰਦਾ ਗੱਲ ਕਰਦਾ
ਭੁੱਲ ਜਾਂਦੈ-ਨਿਰੀ ਖ਼ੁਸ਼ਕੀ ਦਾ ਘਰ! ਕਿੱਥੇ ਐ ਸਾਡਾ ਭਤੀਜ...?'' ਉਸ ਨੇ ਦੂਜਾ ਗਿਲਾਸ ਭਰਦਿਆਂ
ਪੁੱਛਿਆ।
-''ਲਿਆ ਪਿਆਰ ਦੇਈਏ ਉਹਨੂੰ-ਜਿਉਂਦਾ ਵਸਦਾ ਰਹੇ, ਭਾਈ!'' ਉਸ ਨੇ ਦੂਜਾ ਗਿਲਾਸ ਅੰਦਰ ਡੋਲ੍ਹਦਿਆਂ
ਕਿਹਾ।
-''ਉਏ ਹਰਦੇਵ ਸਿਆਂ...!'' ਜਾਗਰ ਸਿੰਘ ਨੇ ਅਵਾਜ਼ ਮਾਰੀ।
-''ਹਾਂ ਬਾਪੂ ਜੀ...?''
-''ਉਰੇ ਆ ਬਈ ਪੁੱਤਰਾ! ਲਾ ਪੈਰੀਂ ਹੱਥ ਆਬਦੇ ਚਾਚਾ ਜੀ ਦੇ!'' ਜਾਗਰ ਨੇ ਕਿਹਾ।
-''ਸਾਸਰੀਕਾਲ ਚਾਚਾ ਜੀ!'' ਹਰਦੇਵ ਨੇ ਆ ਕੇ ਜੁਗਾੜ ਸਿਉਂ ਦੇ ਵੱਡੇ ਵੱਡੇ ਗੋਡੇ ਛੂਹੇ। ਜੁਗਾੜ
ਸਿਉਂ ਨੇ ਉਸ ਨੂੰ ਪਹਿਚਾਣਿਆਂ ਹੀ ਨਾ। ਉਸ ਨੇ ਤਾਂ ਹਰਦੇਵ ਕੋਹੜ ਕਿਰਲ਼ੇ ਵਰਗਾ ਦੇਖਿਆ ਸੀ? ਹੁਣ
ਤਾਂ ਹਰਦੇਵ ਸਿਉਂ ਰਿੱਛ ਵਰਗਾ ਹੋਇਆ ਪਿਆ ਸੀ।
-''ਉਏ ਤੂੰ ਹਰਦੇਵ ਸਿਉਂ ਐਂ?'' ਜੁਗਾੜ ਸਿਉਂ ਹੈਰਾਨ ਸੀ ਕਿ ਖਲਪਾੜ ਵਰਗਾ ਹਰਦੇਵ ਤਾਂ ਬੋਹੜ ਦੇ
ਮੁੱਛ ਵਰਗਾ ਨਿਕਲਿਆ ਪਿਆ ਸੀ।
-''ਆਹੋ ਚਾਚਾ ਜੀ...! ਪਛਾਣਿਆਂ ਨਹੀਂ?'' ਉਹ ਹੱਸ ਪਿਆ।
-''ਅਸਲ 'ਚ ਬਿਆਹ ਤਾਂ ਤੈਨੂੰ ਲੱਗਿਐ ਹਰਦੇਵ ਸਿਆਂ...!'' ਜੁਗਾੜ ਸਿਉਂ ਨੇ ਆਖਿਆ ਤਾਂ ਦੋਵੇਂ ਪਿਉ
ਪੁੱਤ ਚੁੱਪ ਹੋ ਗਏ। ਜੁਗਾੜ ਸਿਉਂ ਨੇ ਉਹਨਾਂ ਦਾ ਦੁਖਦਾ ਪਾਸਾ ਹੀ ਤਾਂ ਛੇੜ ਲਿਆ ਸੀ। ਕੁਥਾਂ ਤੋਂ
ਰੁੱਝੀ ਤੇ ਸਹੁਰਾ ਹਕੀਮ ਵਾਲੀ ਗੱਲ ਹੋ ਗਈ ਸੀ। ਉਹਨਾਂ ਨੂੰ ਚੁੱਪ ਜਿਹਾ ਦੇਖ ਕੇ ਜੁਗਾੜ ਸਿਉਂ ਨੇ
ਹੀ ਪਹਿਲ ਕੀਤੀ।
-''ਕੱਲਾ ਈ ਆਇਐਂ...? ਮੀਤੋ ਨ੍ਹੀ ਆਈ?''
-''ਹਾਂ ਚਾਚਾ ਜੀ, 'ਕੱਲਾ ਈ ਆਇਐਂ-।''
-''ਤੂੰ ਪੈੱਗ ਸ਼ੈੱਗ ਲਾ ਜੁਗਾੜ ਸਿਆਂ-ਮੈਂ ਹਰਦੇਵ ਸਿਉਂ ਨੂੰ ਟੈਚੀ ਦੀ ਚਾਬੀ ਦੇ ਆਵਾਂ-ਉਹਦੇ 'ਚ
ਇਹਦਾ ਲੀੜਾ ਲੱਤਾ ਐ!'' ਤੇ ਜਾਗਰ ਸਿਉਂ ਹਰਦੇਵ ਨੂੰ ਬਹਾਨੇ ਨਾਲ਼ ਹੀ ਪਾਸੇ ਲੈ ਗਿਆ।
-''ਤੂੰ ਚਿੰਤਾ ਨਾ ਕਰ ਸ਼ੇਰਾ...! ਐਹੋ ਜੇ ਮੇਰੇ ਬੜੇ ਖਾਧੇ ਪੀਤੇ ਵੇ ਐ-ਮੈਂ ਫੇਰ ਵੀ ਪੁਰਾਣਾ
ਪੁਲਸੀਆ ਘੁਲਾਟੀਐਂ! ਤੂੰ ਇਹਨੂੰ ਦੋ ਚਾਰ ਪੈੱਗ ਲਾ ਲੈਣ ਦੇ-ਇਹ ਤਾਂ ਸਾਲਾ ਬਾਂਦਰ ਮਾਂਗੂੰ ਆਪਣੀ
ਬੰਸਰੀ 'ਤੇ ਈ ਨੱਚੂ! ਅੱਖੀਂ ਦੇਖ ਲਈਂ-ਤੂੰ ਇਹਨੂੰ ਮਾੜਾ ਜਿਆ ਲੋਟ ਹੋ ਲੈਣ ਦੇ-ਮੈਂ ਆਪੇ ਗੱਲ
ਚਲਾਊਂ-ਤੂੰ ਨਾ ਬੋਲੀਂ!'' ਜਾਗਰ ਨੇ ਉਸ ਨੂੰ ਕੰਨ ਜਿਹੇ ਕੀਤੇ ਅਤੇ ਜੁਗਾੜ ਸਿਉਂ ਕੋਲ਼ ਵਾਪਿਸ ਆ
ਗਿਆ। ਜਦੋਂ ਜਾਗਰ ਜੁਗਾੜ ਸਿਉਂ ਕੋਲ਼ ਆਇਆ ਤਾਂ ਉਹ ਪੂਰੇ ਰੰਗਾਂ ਵਿਚ ਹੋਇਆ ਬੈਠਾ ਸੀ।
-''ਤੂੰ ਬਾਹਵਾ ਚਿਰ ਹੋ ਗਿਆ-ਗੇੜਾ ਈ ਨ੍ਹੀ ਮਾਰਿਆ? ਕਿਹੜੀ ਕੂਟੀਂ ਚੜ੍ਹ ਗਿਆ ਸੀ?''
-''ਬੱਸ ਬਾਈ ਜਾਗਰਾ, ਜਾਣਾ ਕਿੱਥੇ ਸੀ? ਮੁੱਲਾਂ ਦੀ ਦੌੜ ਮਸੀਤਾਂ ਤਾਈਂ...! ਤੇਰੇ ਮੇਰੇ ਅਰਗੇ
ਕਿਸੇ ਭਰਾ ਦਾ ਕੰਮ ਅੜਿਆ ਪਿਆ ਸੀ, ਕਬਜੇ ਆਲ਼ਾ! ਉਥੇ ਈ ਰਿਹੈਂ ਦੋ ਕੁ ਮਹੀਨੇ!''
-''ਕਿਸੇ ਆਪਣੇ ਬੰਦੇ ਦਾ?''
-''ਨਹੀਂ ਦੂਰ ਸੀ! ਹਰਿਆਣੇ 'ਚ! ਪਹਿਲਾਂ ਤਾਂ ਮੇਰੇ ਸਾਲ਼ੇ ਕਬਜਾ ਨ੍ਹੀ ਛੱਡਦੇ ਸੀ-ਫੇਰ ਜਦੋਂ ਕਬਜਾ
ਲੈ ਲਿਆ-ਫੇਰ ਮੇਰੇ ਛੋਕਰੀ ਦੇਣੇ ਕਦੇ ਪਾਣੀ ਵੱਢ ਲਿਆ ਕਰਨ-ਕਦੇ ਕੋਈ ਕੰਜਰਖਾਨਾ-ਕਦੇ ਕੁਛ...!
ਮੈਨੂੰ ਚੜ੍ਹਗੀ ਖੁੰਧਕ! ਮੈਂ ਫੇਰ ਰਫ਼ਲ ਲੈ ਕੇ ਬਹਿ ਗਿਆ ਖੇਤ! ਬਈ ਆਓ ਥੋਡੀ ਮਾਂ ਦੀ...ਦਿੱਤਾ
ਪਾਕੇ! ਬੱਸ ਫੇਰ ਤੈਨੂੰ ਪਤਾ ਈ ਐ ਬਈ ਐੱਲ ਜੀ ਦੇ ਰੌਂਦ ਮੂਹਰੇ ਕਿਹੜਾ ਖੜ੍ਹਦੈ?'' ਉਸ ਨੇ ਬੋਤਲ
'ਚੋਂ ਆਖਰੀ ਪੈੱਗ ਪਾ ਕੇ ਅੰਦਰ ਸੁੱਟਿਆ।
-''ਇਕ ਅੱਧੀ ਸ਼ੀਸ਼ੀ ਤਾਂ ਹੋਰ ਕੱਢ! ਆਹ ਬਾਹਰਲੀ ਨ੍ਹੀ ਆਪਾਂ ਨੂੰ ਕੁਛ ਕਰਦੀ-ਨਿਸ਼ਾਦਰ ਤੇ ਸੱਕ ਆਲੀ
ਦਾਰੂ ਈ ਲਿਆਉਂਦੀ ਐ ਧਰਨ ਟਿਕਾਣੇ, ਆਪਣੇ ਤਾਂ...!'' ਉਸ ਨੇ ਖਾਲੀ ਬੋਤਲ ਥੱਲੇ ਰੱਖਦਿਆਂ ਆਖਿਆ।
-''ਇਕ ਕੀ? ਦੋ ਲੈ...! ਤੂੰ ਯਾਰ ਐਂ ਜੁਗਾੜ ਸਿਆਂ! ਤੇਰੇ ਉਤੋਂ ਦੀ ਜਿੰਦ ਵਾਰ ਦੀਏ!'' ਜਾਗਰ
ਸਿੰਘ ਅੰਦਰੋਂ ਇਕ ਦੇਸੀ ਦਾਰੂ ਦੀ ਬੋਤਲ ਧੂਹ ਲਿਆਇਆ ਅਤੇ ਬੋਤਲ ਦੇ ਮੂੰਹ 'ਚੋਂ ਮੱਕੀ ਦਾ ਗੁੱਲ
ਪੱਟ ਕੇ ਅੱਗੇ ਧਰ ਦਿੱਤੀ। 'ਢੱਪ' ਦਾ ਭੜ੍ਹਾਕਾ ਸੁਣ ਕੇ ਜੁਗਾੜ ਸਿਉਂ ਬਾਂਦਰ ਵਾਂਗ ਲਾਚੜ ਗਿਆ।
-''ਤੈਨੂੰ ਪਤਾ ਈ ਹੋਣੈਂ ਬਈ ਆਪਣੇ ਹਰਦੇਵ ਸਿਉਂ ਦਾ ਜਗਤੇ ਦੀ ਕੁੜੀ ਨਾਲ਼ ਥੋੜਾ ਜਿਆ ਰੱਪੜ ਪੈ ਗਿਆ
ਸੀ?'' ਜਾਗਰ ਨੇ ਗਿਲਾਸ ਉਸ ਦੇ ਹੱਥ ਫ਼ੜਾਉਂਦਿਆਂ ਗੱਲ ਤੋਰੀ। ਉਹ ਤੱਤੇ ਘਾਹ ਹੀ ਫ਼ਾਲ਼ਾ ਕੁੱਟ ਦੇਣਾ
ਚਾਹੁੰਦਾ ਸੀ।
-''ਨਹੀਂ, ਮੈਨੂੰ ਨ੍ਹੀ ਪਤਾ...! ਜਗਤੇ ਦੇ ਮਰੇ ਤੋਂ ਬਾਅਦ ਤਾਂ ਮੈਂ ਉਥੇ ਗਿਆ ਈ ਨਹੀਂ! ਨਾਲ਼ੇ
ਮਿੱਤਰਾ ਜਾਣਾ ਵੀ ਕੀਹਦੇ ਕੋਲ਼ੇ ਐ? ਤੁਰ ਗਏ ਗੁਆਂਢੋਂ ਯਾਰ-ਹੁਣ ਆਪਣਾ ਉਥੇ ਹੈ ਵੀ ਕੀ? ਯਾਰਾਂ ਨਾਲ਼
ਈ ਬਹਾਰਾਂ ਹੁੰਦੀਐਂ ਜਾਗਰ ਸਿਆਂ! ਯਾਰ ਮਰੇ, ਪਾਸਾ ਪਲਟਿਆ! ਬੱਸ ਜਗਤੇ ਦੇ ਸਸਕਾਰ 'ਤੇ ਗਿਆ
ਸੀ-ਹੁਣ ਤੇਰੇ ਨਾਲ਼ ਮੇਰਾ ਆਉਣ ਜਾਣ ਐਂ-ਤੇ ਜਿੱਦੇਂ ਤੂੰ ਤੁਰ ਗਿਆ-ਐਥੇ ਕਿਹੜੇ ਕੰਜਰ ਨੇ ਆਉਣੈਂ?''
ਜੁਗਾੜ ਸਿਉਂ ਨੇ ਆਖਿਆ। ਜਾਗਰ ਸੋਚ ਰਿਹਾ ਸੀ ਕਿ ਸਾਲ਼ਿਆ, ਮੈਂ ਤਾਂ ਤੁਰ ਜਾਊਂ, ਪਰ ਤੇਰੇ ਐਥੇ
ਕਿਹੜੇ ਕਿੱਲੇ ਗੱਡੇ ਹੋਏ ਐ?
-''ਜਗਤੇ ਦੀ ਕੁੜੀ ਨਾਲ ਹੋਗੀ ਸੀ ਖਟਪਟੀ-!''
-''ਆਹੋ ਸੱਚ...! ਕੀ, ਗੱਲ ਕੀ ਸੀ?'' ਜੁਗਾੜ ਸਿਉਂ ਨੂੰ ਅਚਾਨਕ ਯਾਦ ਆਇਆ।
-''ਉਹ ਥੋੜੀਆਂ ਜੀਆਂ ਛੜਾਂ ਜਾਅਦੇ ਈ ਮਾਰਨ ਲੱਗਪੀ ਸੀ-।''
-''ਉਹ ਤਾਂ ਕੁੜੀ ਸਹੁਰੀ ਹੈ ਈ ਲਲੈਕ! ਗੁੱਸਾ ਨਾ ਕਰੀਂ, ਜਾਗਰਾ! ਸਹੁਰੀ ਦਾ ਘਰ ਵਸਾਇਆ-ਆਪਣੇ
ਹਰਦੇਵ ਸਿਉਂ ਦੀ ਦੱਸ ਪਾਈ-ਗੋਹਲ ਅਰਗਾ ਮੁੰਡਾ ਲੱਭ ਕੇ ਦਿੱਤਾ-ਕਦੇ ਸਹੁਰੀ ਨੇ ਕੋਈ ਚਿੱਠੀ ਪੱਤਰ
ਨ੍ਹੀ ਪਾਇਆ-ਹੋਰ ਨ੍ਹੀ ਤਾਂ ਬੰਦਾ ਸੋਚ ਕਰਦੈ! ਬਈ ਇਹਨਾਂ ਨੇ ਮੇਰਾ ਘਰ ਵਸਾਇਐ-ਚਲੋ ਪੰਜ ਸੱਤ ਸੌ
ਰੁਪਈਆ ਈ ਭੇਜ ਦੇਈਏ? ਪਰ ਨ੍ਹਾਂ...! ਕੋਈ ਅਕਲ ਈ ਨੀ ਸਹੁਰੀ ਨੂੰ! ਆਬਦਾ ਕੀਤਾ ਪਾ ਲਿਆ-ਆਪਾਂ ਕੀ
ਕਰ ਸਕਦੇ ਐਂ? ਕੀ, ਹੁਣ ਰੌਲ਼ਾ ਗੌਲ਼ਾ ਨਿੱਬੜਿਆ? ਜਾਂ ਅਜੇ ਵਿਚ ਵਿਚਾਲ਼ੇ ਚੱਲਦਾ ਈ ਐ?''
-''ਨਹੀਂ ਰੌਲ਼ਾ ਤਾਂ ਨਿਬੜ ਗਿਆ-ਤਲਾਕ ਮੰਗਦੀ ਸੀ-।''
-''ਦੇ ਕੇ ਪਰਾਂਹ ਕਰਨਾ ਸੀ...! ਕੀ ਕਰਾਉਣੈਂ ਐਹੋ ਜੀ ਤੋਂ?''
-''ਦੇ ਦਿੱਤਾ...! ਤਲਾਕ ਤਾਂ ਦੇ ਦਿੱਤਾ-!'' ਜਾਗਰ ਸੋਚ ਰਿਹਾ ਸੀ ਕਿ ਦਾਰੂ ਵੀ ਕੀ ਚੀਜ਼ ਹੈ?
ਸਾਰੀ ਉਮਰ ਜਗਤੇ ਨਾਲ਼ ਖਾਂਦਾ ਖਾਂਦਾ, ਅੱਜ ਉਸ ਦੀ ਕੁੜੀ ਦੇ ਵਿਰੁੱਧ ਹੀ ਹੋਇਆ ਬੈਠੈ ਕੰਜਰ! ਇਸ
ਬੰਦੇ ਦਾ ਵੀ ਕੋਈ ਇਤਬਾਰ ਨਹੀਂ!
-''ਵਧੀਆ ਕੀਤਾ...! ਫੇਰ?''
-''ਫੇਰ ਕੀ...? ਖਰਚਾ ਬਰਚਾ ਮੰਗਦੀ ਸੀ-।''
-''ਖੌਂਸੜਾ ਲਾਹ ਲੈਣਾ ਸੀ ਅੱਗਿਓਂ! ਮੰਗਦੀ ਸੀ ਖਰਚਾ...! ਖਰਚੇ ਨੂੰ ਟਾਟੇ ਆਲ਼ੀ ਮਿੱਲ੍ਹ ਐ ਸਾਡੇ
ਕੋਲ਼ੇ?''
-''ਚਲੋ ਫੇਰ ਵੀ ਆਪਣੇ ਹਰਦੇਵ ਸਿਉਂ ਨੇ ਸਿਆਣਪ ਕੀਤੀ-ਖਰਚਾ ਬਰਚਾ ਦੇ ਕੇ ਖਹਿੜਾ ਛੁਡਾ ਲਿਆ।''
-''ਚਲੋ...! ਖਹਿੜਾ ਛੁੱਟਣਾਂ ਚਾਹੀਦੈ-ਜੇ ਚਾਰ ਪੈਸੇ ਲੱਗ ਵੀ ਗਏ-ਫੇਰ ਕੀ ਹੋ ਗਿਆ? ਆਪਣੇ ਹਰਦੇਵ
ਸਿਉਂ ਦੇ ਪੈਰ ਤਾਂ ਲੱਗੇ ਬਾਹਰਲੇ ਮੁਲਖ 'ਚ...! ਹੁਣ ਇਹਦਾ ਫੇਰ ਵਿਆਹ ਕਰੇਂਗਾ?'' ਜੁਗਾੜ ਸਿਉਂ
ਦੇ ਆਖਣ 'ਤੇ ਜਾਗਰ ਸਮਝ ਗਿਆ ਕਿ ਹੁਣ ਉਹ ਅਗਲੀ ਸਾਅਮੀਂ ਖਰੀ ਕਰਨੀ ਚਾਹੁੰਦਾ ਸੀ। ਉਸ ਨੇ ਜੁਗਾੜ
ਸਿਉਂ ਨੂੰ ਮਨ ਅੰਦਰ ਭੈੜ੍ਹੀ ਗਾਹਲ ਕੱਢੀ। ਸਾਲ਼ਾ ਕੁੱਤੇ ਦਾ! ਸਾਲ਼ਿਆ ਅੱਗੇ ਮਜਬੂਰੀ ਸੀ, ਹੁਣ ਤੇਰੇ
ਅਰਗੇ ਚਗਲ਼ ਨੂੰ ਮੈਂ ਦੇਹਲ਼ੀ 'ਤੇ ਪੈਰ ਨ੍ਹੀ ਧਰਨ ਦਿੰਦਾ। ਹੁਣ ਹਰਦੇਵ ਸਿਉਂ ਇੰਗਲੈਂਡ 'ਚ ਪੱਕਾ!
ਤੈਥੋਂ ਕੰਜਰ ਤੋਂ ਹੁਣ ਅਸੀਂ ਜਰੂਰੀ ਖੁਰ-ਵੱਢ ਕਰਵਾਉਣੀਂ ਐਂ? ਹੁਣ ਤਾਂ ਹਰਦੇਵ ਸਿਉਂ ਦੇ ਮਗਰ
ਰਿਸ਼ਤੇ ਗੋਲ਼ੀ ਬਣੇ ਆਉਣਗੇ! ਤੇਰੀਆਂ ਲਾਲ਼ਾਂ ਜਮਾਂ ਨੀ ਚੱਟਦੇ!
-''ਵਿਆਹ ਦਾ ਅਜੇ ਤਾਂ ਕੋਈ ਇਰਾਦਾ ਹੈਨੀ!''
-''ਚੱਲ...! ਇਹ ਕਿਹੜਾ ਬੁੜ੍ਹਾ ਹੋ ਚੱਲਿਐ-ਨਾਲ਼ੇ ਵਲੈਤ ਦੇ ਨਾਂ ਨੂੰ ਤਾਂ ਚਾਹੇ ਇਹ ਪੰਜਾਹ ਸਾਲਾਂ
ਦਾ ਹੋ ਕੇ ਕਰਵਾ ਲਵੇ! ਕੋਈ ਪੁੱਛਦਾ ਗਿਛਦਾ ਨ੍ਹੀ!''
ਜੁਗਾੜ ਸਿਉਂ ਅੱਧੀ ਰਾਤ ਤੱਕ ਦਾਰੂ ਪੀਂਦਾ ਰਿਹਾ। ਬੱਕਰਾ ਚੂੰਡਦਾ ਰਿਹਾ। ਉਸ ਤੋਂ ਬਾਅਦ ਪੈਣ ਸਾਰ
ਉਸ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਵਿਸਕੀ ਅਤੇ ਦੇਸੀ ਦਾਰੂ ਆਪਸ ਵਿਚ ਭਿੜ੍ਹ ਪਈਆਂ ਸਨ।
ਜੁਗਾੜ ਸਿਉਂ ਦਾ ਪੇਟ ਐਨਾ ਕਰੜਾ ਨਹੀਂ ਸੀ ਕਿ ਦੋਨਾਂ ਦੀ ਧੰਗੇੜ ਝੱਲ ਜਾਂਦਾ। ਇਸ ਲਈ ਅਵੱਤ ਜਿਹੇ
ਆ-ਆ ਕੇ ਉਸ ਦੀਆਂ ਨਾੜਾਂ ਇਕੱਠੀਆਂ ਹੋ ਗਈਆਂ ਸਨ। ਸਾਰੀ ਰਾਤ ਉਹ ਤਾੜੇ ਵਾਂਗ ਪਿੰਜੀਦਾ ਰਿਹਾ।
ਬੈਠਕ ਵਿਚੋਂ ਬੂਅ ਮਾਰਦੀ ਸੀ। ਜਾਗਰ ਸਿੰਘ ਨੇ ਨੱਕ ਘੁੱਟ ਲਿਆ ਸੀ।
ਸਵੇਰੇ ਜਾਗਰ ਸਿਉਂ ਨੇ ਉਸ ਨੂੰ ਸੌ ਰੁਪਏ ਦੇ ਕੇ ਦਫ਼ਾ ਕਰ ਦਿੱਤਾ।
-''ਜੇ ਮੇਰੇ ਲੈਕ ਕੋਈ ਸੇਵਾ ਹੋਵੇ-ਜਰੂਰ ਦੱਸੀਂ!'' ਤੁਰਦੇ ਜੁਗਾੜ ਸਿਉਂ ਨੇ ਆਖਿਆ ਸੀ।
-''ਹੋਰ ਦੱਸਣਾ ਕੀਹਨੂੰ ਐਂ?'' ਜਾਗਰ ਨੇ ਹੱਸ ਕੇ ਕਿਹਾ।
ਕੁਝ ਦਿਨਾਂ ਦੇ ਵਿਚ-ਵਿਚ ਹੀ ਹਰਦੇਵ ਦੇ ਵਿਆਹ ਦੀ ਗੱਲ ਛਿੜ ਪਈ। ਦੂਰੋਂ-ਦੂਰੋਂ ਰਿਸ਼ਤੇਦਾਰ ਵਹੀਰਾਂ
ਘੱਤੀ ਆ ਰਹੇ ਸਨ। ਜਿਵੇਂ ਪਸ਼ੂਆਂ ਦੀ ਮੰਡੀ ਵਿਚ ਦਲਾਲ ਆਉਂਦੇ ਅਤੇ ਭਲਵਾਨੀ ਗੇੜੇ ਦਿੰਦੇ ਹਨ।
ਹਰਦੇਵ ਅਤੇ ਹਰਦੇਵ ਦਾ ਸਾਰਾ ਪ੍ਰੀਵਾਰ ਬਾਗੋਬਾਗ ਸੀ ਕਿ ਚਲੋ ਰੌਣਕ ਤਾਂ ਲੱਗੀ। ਪੁੱਛ ਗਿੱਛ ਤਾਂ
ਹੋਈ। ਰਿਸ਼ਤੇਦਾਰ ਆਪਣੇ ਆਪਣੇ ਰਿਸ਼ਤਿਆਂ ਦੀਆਂ ਸਿਫ਼ਤਾਂ ਕਰ ਰਹੇ ਸਨ। ਕਿਸੇ ਦੀ ਸਾਲ਼ੀ ਸੀ। ਕਿਸੇ ਦੇ
ਘਰਵਾਲ਼ੀ ਦੀ ਭੂਆ ਦੀ ਕੁੜੀ ਸੀ। ਕਿਸੇ ਦੇ ਸਹੁਰੇ ਨੇ ਪੂਛ ਨੂੰ ਵੱਟ ਚਾੜ੍ਹਿਆ ਹੋਇਆ ਸੀ। ਸਾਰੇ
ਵੱਖੋ ਵੱਖ ਗੁਣ ਦੱਸ ਕੇ ਫ਼ੋਨ ਕਰਨ ਲਈ ਆਖ ਜਾਂਦੇ। ਪਰ ਹਰਦੇਵ ਅਤੇ ਹਰਦੇਵ ਦਾ ਬਾਪੂ ਕੱਚੀਆਂ
ਗੋਲ਼ੀਆਂ ਨਹੀਂ ਖੇਡੇ ਸਨ। ਉਹ ਕਿਸੇ ਤਕੜੀ ਮਾਰ ਦੀ ਆਸ ਵਿਚ ਸਨ।
-''ਬਾਪੂ...!'' ਹਰਦੇਵ ਨੇ ਬਾਪੂ ਨੂੰ ਅੰਦਰ ਬੁਲਾਇਆ।
-''ਹਾਂ ਬੋਲ ਸ਼ੇਰਾ...?'' ਬਾਪੂ ਸ਼ਿਕਾਰੀ ਕੁੱਤੀ ਵਾਂਗ ਭੱਜਿਆ ਹੀ ਆਇਆ।
-''ਐਵੇਂ ਪੈਰ ਨਾ ਛੱਡਜੀਂ...! ਇੰਗਲੈਂਡ ਦੇ ਰਿਸ਼ਤੇ ਪਿੱਛੇ ਲੋਕ ਪੱਚੀ ਪੱਚੀ ਲੱਖ ਚੱਕੀ ਫ਼ਿਰਦੇ
ਐ!'' ਉਸ ਨੇ ਹਾਲਾਤਾਂ ਤੋਂ ਜਾਣੂੰ ਕਰਵਾਇਆ। ਤਜ਼ਰਬਾ ਦੱਸਿਆ।
-''ਤੂੰ ਮੈਨੂੰ ਪਾਗਲ ਸਮਝਦੈਂ ਹਰਦੇਵ ਸਿਆਂ? ਮੈਂ ਦੁਨੀਆਂ ਲੁੱਟ ਕੇ ਖਾਧੀ ਵੀ ਐ-ਹੁਣ ਤਾਂ ਤੈਨੂੰ
ਪਤੈ ਬਈ ਜੀਹਦੇ ਘਰ ਦਾਣੇ-ਉਹਦੇ ਕਮਲ਼ੇ ਵੀ ਸਿਆਣੇ? ਇਸ ਗੱਲ ਦਾ ਤੂੰ ਬਹਿਮ ਨਾ ਕਰ!''
-''ਪੱਚੀ ਲੱਖ ਦਾ ਸਿੱਧਾ ਈ ਤੀਹ ਹਜਾਰ ਪੌਂਡ ਬਣ ਜਾਂਦੈ! ਡਿਪੌਜ਼ਟ ਦੇ ਕੇ ਬੰਦਾ ਆਬਦਾ ਮਕਾਨ ਖਰੀਦ
ਸਕਦੈ!'' ਉਸ ਨੇ ਅਗਲੀ ਸਕੀਮ ਦੱਸੀ।
-''ਤੂੰ ਬਾਪੂ ਨੂੰ ਕਮਲ਼ਾ ਈ ਸਮਝਦੈਂ?'' ਜਾਗਰ ਸਿਉਂ ਹੱਸ ਪਿਆ।
ਪੱਚੀ ਤੀਹ ਕੁੜੀਆਂ ਵਿਚੋਂ ਹਰਦੇਵ ਨੇ ਇਕ ਕੁੜੀ ਚੁਣੀਂ। ਉਹ ਨਵੇਂ ਆਏ ਠਾਣੇਦਾਰ ਵਾਂਗ ਆਪਣੇ ਕਮਰੇ
ਵਿਚ ਕੁੜੀਆਂ ਦੀ ਇੰਟਰਵਿਊ ਜਿਹੀ ਕਰਦਾ ਸੀ। ਚੁਣੀਂ ਜਾਣ ਵਾਲ਼ੀ ਕੁੜੀ ਇਕੱਲੀ ਇਕੱਲੀ ਭੈਣ ਸੀ। ਨਾ
ਹੋਰ ਭਰਾ ਨਾ ਭੈਣ! ਕੁੜੀ ਦਾ ਬਾਪ ਤਸੀਲਦਾਰ ਸੀ। ਮਾਂ ਤਾਂ ਪੰਜ ਕੁ ਹੀ ਪੜ੍ਹੀ ਹੋਈ ਸੀ। ਹਰਦੇਵ ਨੇ
ਆਪਣੇ ਪਹਿਲੇ ਵਿਆਹ ਦੀ ਗੱਲ ਉਸ ਤੋਂ ਛੁਪਾਈ ਰੱਖੀ ਸੀ। ਸਾਰੀ ਗੱਲ ਬਾਤ ਹੋ ਗਈ। ਵਿਚੋਲਾ ਹਰਦੇਵ ਦੀ
ਭੂਆ ਅਤੇ ਫੁੱਫੜ ਬਣੇ ਸਨ। ਉਹਨਾਂ ਨੇ ਵੀ ਹਰਦੇਵ ਦੇ ਪਹਿਲੇ ਵਿਆਹ ਬਾਰੇ ਕੋਈ ਗੱਲ ਨਹੀਂ ਚਿਤਾਰੀ
ਸੀ।
ਕੁੜੀ ਵਾਲ਼ੇ ਸ਼ਗਨ ਪਾ ਗਏ। ਵਿਆਹ ਦਾ ਦਿਨ ਪੱਕਾ ਹੋ ਗਿਆ। ਕੁੜੀ ਵਾਲ਼ਿਆਂ ਨੇ ਵਿਆਹ ਦਾ ਪ੍ਰਬੰਧ ਕਿਸੇ
ਮੈਰਿਜ ਪੈਲੇਸ ਵਿਚ ਹੀ ਕੀਤਾ ਹੋਇਆ ਸੀ। ਕੁੜੀ ਦੇ ਬਾਪ ਨੇ ਹੀ ਗਾਉਣ ਵਾਲ਼ੀ ਪਾਰਟੀ ਦਾ ਪ੍ਰਬੰਧ
ਕਰਨਾ ਸੀ। ਉਸ ਨੇ ਜਾਗਰ ਸਿਉਂ ਨੂੰ ਸਿੱਧੀ ਗੱਲ ਹੀ ਆਖ ਦਿੱਤੀ ਸੀ।
-''ਜਾਗਰ ਸਿੰਘ ਜੀ! ਮੇਰੀ 'ਕੱਲੀ 'ਕੱਲੀ ਧੀ ਐ-ਇਹਦਾ ਵਿਆਹ ਮੈਂ ਪੁੱਤਾਂ ਵਾਂਗ ਕਰਾਂਗਾ! ਗਾਉਣ
ਵਾਲ਼ੀ ਪਾਰਟੀ ਮੈਂ ਆਪ ਬਲਾਊਂ-ਤੁਸੀਂ ਕਿਸੇ ਨੂੰ ਨਾ ਆਖਿਓ...!''
-''ਕੋਈ ਗੱਲ ਨਹੀਂ ਕਰਮ ਸਿਆਂ! ਤੇਰੀ ਧੀ ਤੇ ਮੇਰੀ ਧੀ 'ਚ ਕੋਈ ਫ਼ਰਕ ਨ੍ਹੀ! ਬੱਸ ਜੰਨ ਦੀ ਮਾੜੀ
ਮੋਟੀ ਖਾਤਰ ਜਰੂਰ ਕਰ ਦਿਓ-ਥੋਨੂੰ ਪਤੈ ਪਿੰਡਾਂ ਦਾ-ਬਈ ਅਗਲੇ ਦੇ ਤਾਂ ਬਰਾਤ 'ਚ ਹੋਈ ਸੇਵਾ ਈ ਚੇਤੇ
ਰਹਿ ਜਾਂਦੀ ਐ।''
-''ਤੁਸੀਂ ਕੋਈ ਧੁੜਕੂ ਨਾ ਮੰਨੋਂ! ਤੁਹਾਨੂੰ ਕਿਸੇ ਗੱਲੋਂ ਕੋਈ ਨਮੋਸ਼ੀ ਨਹੀਂ ਆਵੇਗੀ! ਇਹ ਮੇਰੀ
ਜ਼ਿੰਮੇਵਾਰੀ ਐ!'' ਤਸੀਲਦਾਰ ਨੇ ਹਿੱਕ ਠੋਕੀ।
ਵਿਆਹ ਦਾ ਦਿਨ ਆ ਗਿਆ। ਬਰਾਤ ਦਾ ਡੇੜ੍ਹ ਕੁ ਸੌ ਬੰਦਾ ਹੋ ਗਿਆ। ਚਾਹੇ ਕੁੜੀ ਵਾਲ਼ਿਆਂ ਨੂੰ ਸੌ ਕੁ
ਬੰਦਾ ਹੀ ਕਿਹਾ ਸੀ। ਪਰ ਬੰਦਾ ਮੱਲੋਮੱਲੀ ਡੇੜ੍ਹ ਸੌ ਹੋ ਗਿਆ ਸੀ। ਜਦ ਆਨੰਦ ਕਾਰਜ ਹੋਣ ਲੱਗੇ ਤਾਂ
ਤਸੀਲਦਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਰਦੇਵ ਦੇ ਪਹਿਲੇ ਵਿਆਹ ਬਾਰੇ ਪਤਾ ਲੱਗ ਗਿਆ। ਅਸਲ ਵਿਚ ਇਹ
ਗੱਲ ਮੀਤੀ ਦੀ ਮਾਸੀ ਦੇ ਮੁੰਡੇ ਨੇ ਹੀ ਕਿਵੇਂ ਨਾ ਕਿਵੇਂ ਉਹਨਾਂ ਤੱਕ ਪਹੁੰਚਾਈ ਸੀ। ਤਸੀਲਦਾਰ ਨੇ
ਹਰਦੇਵ ਨੂੰ ਆਨੰਦ ਕਾਰਜਾਂ ਤੋਂ ਉਠਾ ਲਿਆ ਅਤੇ ਇਕ ਕਮਰੇ ਵਿਚ ਲੈ ਗਿਆ। ਤਸੀਲਦਾਰ ਦੀ ਕੁੜੀ ਦੇ
ਵਿਆਹ 'ਤੇ ਅਫ਼ਸਰ ਹੀ ਅਫ਼ਸਰ ਇਕੱਠੇ ਹੋਏ ਸਨ। ਪੁਲੀਸ ਅਫ਼ਸਰਾਂ ਤੋਂ ਲੈ ਕੇ ਡਿਪਟੀ ਕਮਿਸ਼ਨਰ ਤੱਕ!
ਸਾਰੇ ਹੈਰਾਨ ਜਿਹੇ ਹੋ ਗਏ ਕਿ ਤਸੀਲਦਾਰ ਨੇ ਮੁੰਡੇ ਨੂੰ ਆਨੰਦ ਕਾਰਜਾਂ ਤੋਂ ਉਠਾ ਕਿਉਂ ਲਿਆ
ਸੀ...? ਇਕ ਆਚੰਭਾ ਜਿਹਾ ਖਿੰਡ ਗਿਆ।
-''ਕਾਕਾ ਜੀ...! ਤੁਸੀਂ ਸਾਨੂੰ ਆਪਣੇ ਪਹਿਲੇ ਵਿਆਹ ਬਾਰੇ ਕਿਉਂ ਨਹੀਂ ਦੱਸਿਆ?'' ਤਸੀਲਦਾਰ ਨੇ
ਕਰੜਾ ਹੋ ਕੇ ਸੁਆਲ ਦਾਗਿਆ। ਹਰਦੇਵ ਦੇ ਮੂੰਹ ਤੋਂ ਹਵਾਈਆਂ ਉਡਣ ਲੱਗ ਪਈਆਂ। ਉਸ ਨੇ ਸਰਵਾਲ੍ਹੇ ਨੂੰ
ਆਪਣਾ ਛੋਟਾ ਅਟੈਚੀ ਲਿਆਉਣ ਲਈ ਕਿਹਾ। ਕਸੂਤਾ ਫ਼ਸਿਆ ਸਰਵਾਲ੍ਹਾ ਪੈਰ ਤੋਂ ਹੀ ਚਾਲ ਫੜ ਗਿਆ ਸੀ। ਉਸ
ਦਾ ਮਾਵਾ ਜਿਹਾ ਲਹਿ ਗਿਆ ਸੀ। ਉਹ ਤੁਰੰਤ ਛੋਟਾ ਅਟੈਚੀ ਚੁੱਕ ਲਿਆਇਆ।
-''ਤੁਸੀਂ ਆਹ ਤਲਾਕ ਦੇ ਕਾਗਜ਼ ਦੇਖੋ, ਬਾਪੂ ਜੀ!'' ਉਸ ਨੇ ਕੰਬਦੇ ਹੱਥਾਂ ਨਾਲ਼ ਕਾਗਜ਼ ਤਸੀਲਦਾਰ ਦੇ
ਅੱਗੇ ਕਰ ਦਿੱਤੇ। ਉਸ ਦੇ ਚਿਹਰੇ 'ਤੇ ਪਿਲੱਤਣ ਫਿਰ ਗਈ ਸੀ।
-''ਇਹ ਵਿਆਹ ਮੈਂ ਸਿਰਫ਼ ਪੱਕਾ ਹੋਣ ਲਈ ਕਰਵਾਇਆ ਸੀ-ਪੱਕਾ ਹੋਣ ਤੋਂ ਬਾਅਦ ਤਲਾਕ ਹੋ ਗਿਆ।'' ਉਸ ਨੇ
ਫਿਰ ਵੀ ਪੂਰਾ ਸੱਚ ਨਾ ਦੱਸਿਆ। ਪਰ ਤਸੀਲਦਾਰ ਨੂੰ ਤਸੱਲੀ ਜਿਹੀ ਹੋ ਗਈ। ਪਰ ਉਹ ਚਿੜ ਜ਼ਰੂਰ ਗਿਆ
ਸੀ। ਐਡਾ ਵੱਡਾ ਰਹੱਸ ਛੁਪਾਉਣਾ? ਇਹ ਉਸ ਨਾਲ਼ ਅਤੇ ਉਸ ਦੀ ਕੁੜੀ ਨਾਲ਼ ਧੋਖਾ ਸੀ! ਉਸ ਨੂੰ ਹਰਦੇਵ ਦੇ
ਪ੍ਰੀਵਾਰ 'ਤੇ ਖਿਝ ਫ਼ੁੱਟ ਪਈ ਸੀ।
-''ਹੁਣ ਤਾਂ ਨ੍ਹੀ ਤੇਰਾ ਉਸ ਕੁੜੀ ਨਾਲ਼ ਕੋਈ ਨਾਤਾ?''
-''ਰੱਬ ਰੱਬ ਕਰੋ ਬਾਪੂ ਜੀ! ਉਹ ਕੁੜੀ ਕੜੀ ਕਾਹਨੂੰ ਸੀ? ਉਹ ਤਾਂ ਬਿਆਲ਼ੀ ਸਾਲ ਦੀ ਔਰਤ ਐ।''
-''ਹੁਣ ਤਾਂ ਨ੍ਹੀ ਕੋਈ ਰਿਸ਼ਤਾ ਉਹਦਾ ਤੇਰੇ ਨਾਲ਼...?'' ਉਸ ਨੇ ਬਗੈਰ ਸੁਣਿਆਂ ਦੁਹਰਾਇਆ।
-''ਬਿਲਕੁਲ ਨਹੀਂ ਜੀ! ਆਹ ਕਾਗਜ਼ ਦੇਖ ਕੇ ਤਸੱਲੀ ਤਾਂ ਕਰ ਲਓ!''
-''ਹਰਦੇਵ ਸਿਆਂ...! ਇਹ ਗੱਲ ਤੈਨੂੰ ਪਹਿਲਾਂ ਦੱਸਣੀ ਚਾਹੀਦੀ ਸੀ? ਇਹ ਕੋਈ ਗੁੱਡੇ ਗੁੱਡੀ ਦੀ ਖੇਡ
ਨਹੀਂ! ਇਹ ਜ਼ਿੰਦਗੀ ਦਾ ਮਾਮਲਾ ਐ! ਕਿਸੇ ਦੀ ਪੂਰੀ ਜ਼ਿੰਦਗੀ ਦਾ ਸੁਆਲ...! ਆਹ ਮੇਰੇ ਯਾਰ ਮਿੱਤਰ
ਤੂੰ ਦੇਖਦਾ ਈ ਐਂ? ਸਾਰੇ ਵੱਡੇ ਵੱਡੇ ਖਾਂਟ ਅਫ਼ਸਰ ਐ-ਵਿਚੇ ਪੁਲ਼ਸ ਅਫ਼ਸਰ ਤੇ ਵਿਚੇ ਈ ਜੱਜ! ਜੇ ਕਦੇ
ਮੇਰੀ ਧੀ ਦੀਪ ਨਾਲ਼ ਉਨੀ ਇੱਕੀ ਹੋਈ-ਹਸ਼ਰ ਦਾ ਤੈਨੂੰ ਪਤਾ ਈ ਐ, ਬਈ ਕੀ ਹੋਊ! ਮੇਰੇ ਘਰ ਦਾ ਦੀਪ ਤਾਂ
ਮੇਰੀ ਧੀ ਦੀਪ ਨਾਲ਼ ਈ ਬਲ਼ਦੈ!'' ਉਸ ਨੇ ਆਪਣੀ ਤਸੀਲਦਾਰੀ ਦਾ ਦਬਕਾ ਮਾਰ ਦਿੱਤਾ। ਹਰਦੇਵ ਦੇ ਮੱਥੇ
'ਤੇ ਮੁੜ੍ਹਕਾ ਆ ਗਿਆ। ਉਸ ਦੀ ਖ਼ੁਸ਼ੀ ਖਟਿਆਈ ਵਿਚ ਪੈ ਗਈ। ਪਰ ਹੁਣ ਕੀ ਹੋ ਸਕਦਾ ਸੀ? ਨਾ ਜਵਾਬ ਦੇਣ
ਜੋਕਰਾ ਅਤੇ ਨਾ ਹੀ ਕੁਝ ਅੱਗੇ ਕਹਿਣ ਦੀ ਸਮਰੱਥਾ! ਉਹ ਖ਼ੁਦ ਚੋਰ ਸੀ। ਉਸ ਦਾ ਆਪਣਾ ਹੀ ਦੋਸ਼ ਸੀ,
ਜਿਹੜਾ ਉਸ ਨੇ ਆਪਣੇ ਪਹਿਲੇ ਵਿਆਹ ਬਾਰੇ ਨਹੀਂ ਦੱਸਿਆ ਸੀ। ਸੱਪ ਦੇ ਮੂੰਹ 'ਚ ਕੋਹੜ ਕਿਰਲਾ ਆ ਗਿਆ
ਸੀ। ਜੇ ਖਾਂਦਾ ਤਾਂ ਕੋਹੜੀ ਅਤੇ ਜੇ ਛੱਡਦਾ ਤਾਂ ਕਲੰਕੀ ਸੀ!
ਖ਼ੈਰ! ਆਨੰਦ ਕਾਰਜ ਹੋ ਗਏ। ਗਾਉਣ ਵਾਲ਼ੇ ਆਪਣੇ ਪ੍ਰੋਗਰਾਮ ਦੇ ਕੇ ਹਟ ਗਏ। ਪਰ ਹਰਦੇਵ ਦਾ ਮਨ
ਉਦਾਸੀਆਂ ਦੇ ਗੇੜਾਂ ਵਿਚ ਹੀ ਭਾਉਂਦਾ ਰਿਹਾ। ਉਸ ਦੀ ਇਕ ਤਰ੍ਹਾਂ ਨਾਲ਼ ਬੇਇੱਜ਼ਤੀ ਹੋ ਗਈ ਸੀ। ਉਸ
ਨੂੰ ਆਪਣੇ ਪਿਛਲੇ ਟੱਬਰ ਦਾ ਫ਼ਿਕਰ ਤੋੜ ਤੋੜ ਖਾਣ ਲੱਗ ਪਿਆ। ਜੇ ਕਦੇ ਉਨੀ ਇਕੀ ਹੋ ਗਈ, ਘਰਦਿਆਂ ਦਾ
ਕੀ ਬਣੂੰ? ਤਸੀਲਦਾਰ ਨੇ ਤਾਂ ਉਹਨਾਂ ਨੂੰ ਪੁੱਠੇ ਟੰਗ ਧਰਨਾ ਸੀ। ਕਿੰਨੇ ਪੁਲਸ ਅਫ਼ਸਰ ਸਨ ਇਸ ਸ਼ਾਦੀ
ਉਪਰ? ਸਾਰੇ ਹੀ ਸਾਨੂੰ ਜਾਨਣ ਲੱਗ ਪਏ ਹਨ। ਹਰਦੇਵ ਸਿਆਂ, ਸਿਆਣੇ ਆਖਦੇ ਹੁੰਦੇ ਐ ਬਈ ਯਾਰੀ ਲਾਉਣੀ
ਹਾਥੀਆਂ ਨਾਲ਼ ਤੇ ਦਰਵਾਜੇ ਰੱਖਣੇ ਭੀੜ੍ਹੇ? ਹੁਣ ਤਸੀਲਦਾਰੀ ਦਾ ਨੁੱਗਾ ਤੇਰੇ ਸੰਘ 'ਚ ਆ ਫ਼ਸਿਐ। ਹੁਣ
ਤਾਂ ਭਾਣਾ ਮੰਨ ਕੇ ਦਿਨ ਲੰਘਾਈ ਚੱਲੀਂ...! ਜੇ ਤਿੜ-ਫਿੜ ਕੀਤੀ ਤਾਂ ਅਗਲੇ ਬਾਪੂ ਦੀਆਂ ਲੱਤਾਂ ਵੱਢ
ਕੇ ਸਫ਼ੈਦੇ ਦੀ ਟੀਸੀ 'ਤੇ ਟੰਗ ਦੇਣਗੇ! ਬਾਕੀ ਪ੍ਰੀਵਾਰ ਨੂੰ ਬੇਪੱਤ ਵਾਧੂ ਕਰਨਗੇ! ਪਿੰਡ 'ਚ ਮਿੱਟੀ
ਵਾਧੂ ਦੀ ਪਿੱਟੀ ਜਾਊ! ਇਹ ਮੀਤੀ ਨਹੀਂ! ਬਈ ਜਦੋਂ ਦਿਲ ਕੀਤਾ ਗਾਲ੍ਹਾਂ ਕੱਢ ਲਈਆਂ। ਜਦੋਂ ਜੀਅ
ਕੀਤਾ ਬੇਇੱਜ਼ਤੀ ਕਰ ਧਰੀ। ਇਹਦੀ ਖਸਮਾਂ ਨੂੰ ਖਾਣੀ ਦੀ ਤਾਂ ਹਾਂ 'ਚ ਹਾਂ ਮਿਲਾਉਣੀ ਪਊ! ਜੇ ਹੁਣ
ਉਖਲ਼ੀ 'ਚ ਸਿਰ ਦੇ ਹੀ ਦਿੱਤਾ ਹੈ, ਤਾਂ ਘੋਟਣਿਆਂ ਤੋਂ ਨਾ ਡਰ...! ਉਸ ਨੇ ਕਰੜਾ ਪੈੱਗ ਲਾ ਕੇ ਮਨ
ਦੀ ਉਦਾਸੀ ਨੂੰ ਦੂਰ ਕਰਨਾ ਚਾਹਿਆ। ਪਰ ਉਦਾਸੀ ਕੰਨ ਖੰਜੂਰੇ ਵਾਂਗ ਫਿਰ ਦਿਮਾਗ 'ਤੇ ਆ ਚੜ੍ਹਦੀ।
ਜੰਨ ਤੁਰ ਗਈ। ਤਸੀਲਦਾਰ ਨੇ ਕੁੜੀ ਨੂੰ ਦਿਲ ਭਰ ਕੇ ਲੈਣ ਦੇਣ ਕੀਤਾ ਸੀ। ਸਾਰੇ ਪਿੰਡ ਅਤੇ
ਰਿਸ਼ਤੇਦਾਰਾਂ ਵਿਚ ਗੱਲਾਂ ਹੋਈਆਂ ਸਨ। ਦੀਪ ਵੀ ਪੂਰੀ ਖ਼ੁਸ਼ ਸੀ। ਚਾਹੇ ਉਹ ਹਰਦੇਵ ਨਾਲੋਂ ਅੱਠ ਸਾਲ
ਛੋਟੀ ਸੀ। ਪਰ ਉਸ ਦੇ ਦਿਲ 'ਤੇ ਕੋਈ ਅਸਰ ਨਹੀਂ ਸੀ। ਅੱਠ ਕੁ ਸਾਲ਼ ਵੱਡਾ ਪਤੀ ਤਾਂ ਪਿੰਡਾਂ ਵਿਚ ਆਮ
ਜਿਹੀ ਗੱਲ ਸੀ।
ਮਹੀਨੇ ਵਿਚ ਦੀਪ ਅਤੇ ਹਰਦੇਵ ਨੇ ਕਈ ਇਲਾਕੇ ਘੁੰਮ ਲਏ ਸਨ। ਸ਼ਿਮਲਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ
ਗਾਹ ਧਰੇ ਸਨ। ਹਨੀਮੂਨ ਮਨਾਇਆ ਸੀ। ਕਾਫ਼ੀ ਹੱਦ ਤੱਕ ਹਰਦੇਵ ਦੀ ਉਦਾਸੀ ਅਤੇ ਦਿਲ ਦਾ ਧੁੜਕੂ ਪਿੱਛਾ
ਛੱਡ ਗਿਆ ਸੀ। ਉਹ ਦੋਵੇਂ ਹੀ ਖ਼ੁਸ਼ ਸਨ। ਦੀਪ ਬੜੇ ਖੁੱਲ੍ਹੇ ਸੁਭਾਅ ਸੀ ਕੁੜੀ ਸੀ। ਉਹ ਹਰ ਇਕ ਨਾਲ਼
ਹੱਸ ਕੇ ਗੱਲ ਕਰਦੀ। ਇਸ ਗੱਲੋਂ ਹਰਦੇਵ ਨੇ ਉਸ ਨੂੰ ਕਈ ਵਾਰ ਟੋਕਿਆ ਵੀ ਸੀ। ਪਰ ਦੀਪ ਦਾ ਸੁਭਾਅ
ਨਹੀਂ ਬਦਲਿਆ ਸੀ। ਉਹ ਮਾਂ ਬਾਪ ਦੀ ਇਕਲੌਤੀ ਅਤੇ ਲਾਡਲੀ ਧੀ ਸੀ। ਸਭ ਤੋਂ ਵੱਡੀ ਗੱਲ ਸੀ ਕਿ ਉਹ ਇਕ
ਅਮੀਰ ਪਿਉ ਦੀ ਧੀ ਸੀ। ਜਿਸ ਨੇ ਸੱਭਿਆਚਾਰ ਦੇਖਣ ਦੇ ਬਹਾਨੇ ਸਾਰਾ ਹਿੰਦੋਸਤਾਨ ਪਹਿਲਾਂ ਹੀ ਗਾਹਿਆ
ਹੋਇਆ ਸੀ। ਕਾਲਜ ਦਾ ਬਾਹਰਲਾ ਟੂਰ ਉਹ ਕਦੇ ਵੀ ਨਾ ਖੁੰਝਾਉਂਦੀ। ਉਹ ਯੂਰਪ ਵੀ ਜਾਣਾ ਚਾਹੁੰਦੀ ਸੀ।
ਪਰ ਮਾਂ ਨੇ ਵਰਜ ਦਿੱਤਾ ਸੀ। ਉਹ ਨਹੀਂ ਚਾਹੁੰਦੀ ਸੀ ਕਿ ਕੁਆਰੀ ਕੁੜੀ ਇਕੱਲੀ ਯੂਰਪ ਘੁੰਮ ਕੇ ਆਵੇ!
ਪਰ ਪਿਉ ਉਸ ਨੂੰ ਕਿਸੇ ਗੱਲੋਂ ਮਨ੍ਹਾਂ ਨਾ ਕਰਦਾ। ਦੀਪ ਦੀ ਮਾਂ ਕੁੜੀ ਹੋਣ ਦਾ ਅਹਿਸਾਸ ਕਰਵਾਉਂਦੀ
ਤਾਂ ਪਿਉ ਧੀ ਉਸ ਦੀ 'ਰੂੜੀਵਾਦੀ' ਸੋਚ 'ਤੇ ਹੱਸ ਛੱਡਦੇ। ਬਾਪੂ ਤਾਂ ਉਸ ਦਾ ਮਜ਼ਾਕ ਵੀ ਉਡਾਉਂਦਾ।
-''ਦੇਖ ਲੈ ਪੁੱਤ ਦੀਪ! ਤੈਨੂੰ ਤਾਂ ਪਤਾ ਲੱਗ ਗਿਆ ਨਾ? ਬਈ ਤੇਰੇ ਮੰਮੀ ਨਾਲ਼ ਮੈਂ ਹੁਣ ਤੱਕ ਕਿਵੇਂ
ਕੱਟਿਆ ਹੋਊ?''
ਬਾਪੂ ਦੇ ਕਹਿਣ 'ਤੇ ਦੀਪ ਹੱਸ ਪੈਂਦੀ।
-''ਜਦੋਂ ਸਾਡਾ ਵਿਆਹ ਹੋਇਆ ਪੁੱਤ-ਮੈਂ ਇਹਨੂੰ ਕਹਿ ਬੈਠਾ-ਬਈ ਚੱਲ ਭਾਗਮਾਨੇ! ਆਪਾਂ ਕਿਤੇ ਬਾਹਰ
ਘੁੰਮ ਫਿਰ ਆਈਏ-ਨਾਲ਼ੇ ਹਨੀਮੂਨ ਮਨਾ ਲਵਾਂਗੇ! ਮੈਨੂੰ ਪਤੈ ਕੀ ਕਹਿੰਦੀ?''
-''ਕੀ ਕਹਿੰਦੀ...?''
-''ਕਹਿੰਦੀ ਤੁਸੀਂ ਐਤਕੀਂ ਮੈਨੂੰ ਰਹਿਣ ਦਿਓ-ਬੇਬੇ ਜੀ ਨੂੰ ਲੈਜੋ!''
ਦੀਪ ਹੱਸ ਕੇ ਦੂਹਰੀ ਹੋ ਗਈ। ਜਿੱਥੇ ਲੋਟ ਲੱਗਦਾ ਉਥੇ ਤਸੀਲਦਾਰ ਆਪਣੇ ਘਰਵਾਲ਼ੀ ਦੀ ਤਹਿ ਲਾਉਣ ਵਿਚ
ਕੋਈ ਕਸਰ ਬਾਕੀ ਨਾ ਛੱਡਦਾ। ਉਸ ਦੇ ਘਰਵਾਲ਼ੀ ਵੀ ਖੁੱਲ੍ਹੀ ਡੁੱਲ੍ਹੀ ਔਰਤ ਸੀ। ਘਰਵਾਲ਼ੇ ਦਾ ਕਦੇ
ਗੁੱਸਾ ਨਾ ਕਰਦੀ। ਦੀਪ ਵੀ ਹਮੇਸ਼ਾ ਆਪਣੇ ਬਾਪ ਦਾ ਪੱਖ ਹੀ ਲੈਂਦੀ। ਤਸੀਲਦਾਰ ਵੀ ਉਸ ਤੋਂ ਆਪਣੀ
ਜਿੰਦ ਵਾਰਦਾ ਸੀ। ਕਦੇ ਉਸ ਨੇ ਆਪਣੀ ਧੀ ਨੂੰ ਕਿਸੇ ਗੱਲੋਂ ਤਲਕਣ ਨਹੀਂ ਦਿੱਤਾ ਸੀ। ਉਹ ਦੀਪ ਲਈ
ਅੰਬਰੋਂ ਤਾਰੇ ਤੋੜ ਕੇ ਲਿਆ ਸਕਦਾ ਸੀ। ਚਿੜੀਆਂ ਦਾ ਦੁੱਧ ਪੇਸ਼ ਕਰ ਸਕਦਾ ਸੀ। ਦੀਪ ਦੀ ਇੱਛਾ 'ਤੇ
ਹੀ ਤਸੀਲਦਾਰ ਨੇ ਉਸ ਲਈ ਇੰਗਲੈਂਡ ਦਾ ਵਰ ਚੁਣਿਆਂ ਸੀ। ਅਗਰ ਤਸੀਲਦਾਰ ਨੂੰ ਪਹਿਲਾਂ ਪਤਾ ਲੱਗ
ਜਾਂਦਾ ਕਿ ਹਰਦੇਵ ਦੁਹਾਜੂ ਸੀ, ਉਹ ਦੀਪ ਦਾ ਰਿਸ਼ਤਾ ਕਦੇ ਵੀ ਉਸ ਨਾਲ਼ ਨਾ ਕਰਦਾ। ਦੀਪ ਲਈ ਕਿਤੇ
ਰਿਸ਼ਤਿਆਂ ਦਾ ਘਾਟਾ ਸੀ? ਪਰ ਸੰਯੋਗ ਹੀ ਇਤਨੇ ਬਲੀ ਸਨ ਕਿ ਉਹਨਾਂ ਦਾ ਜੋੜ ਜੁੜ ਗਿਆ ਸੀ। ਦੀਪ ਵੀ
ਪਾਪਾ ਜੀ ਤੋਂ ਲਹੂ ਡੋਲ੍ਹਦੀ ਸੀ। ਉਸ ਨੇ ਵੀ ਹਰਦੇਵ ਦੇ ਦੁਹਾਜੂ ਹੋਣ ਦਾ ਕੋਈ ਬਹੁਤਾ ਅਸਰ ਨਹੀਂ
ਕੀਤਾ ਸੀ।
ਹਰਦੇਵ ਦਾ ਵਾਪਸ ਇੰਗਲੈਂਡ ਜਾਣ ਦਾ ਸਮਾਂ ਆ ਗਿਆ ਸੀ। ਉਸ ਨੇ ਜਾਣ ਸਾਰ ਦੀਪ ਦੇ ਸਾਰੇ ਕਾਗਜ਼ ਪੱਤਰ
ਭੇਜਣ ਦਾ ਵਾਅਦਾ ਕੀਤਾ ਸੀ। ਉਸ ਦਾ ਅਤੇ ਦੀਪ ਦਾ ਪ੍ਰੀਵਾਰ ਉਸ ਨੂੰ ਦਿੱਲੀ ਏਅਰਪੋਰਟ 'ਤੇ ਚੜ੍ਹਾਉਣ
ਆਏ। ਦੀਪ ਦਾ ਬਾਪ ਹੁਣ ਕਿਸੇ ਨਾਲ਼ ਚੱਜ ਨਾਲ਼ ਅੱਖ ਨਹੀਂ ਮਿਲਾਉਂਦਾ ਸੀ। ਉਸ ਦੇ ਮਨ ਵਿਚ ਹਰਦੇਵ ਦੇ
ਪਹਿਲੇ ਵਿਆਹ ਵਾਲ਼ੀ ਗੱਲ ਬੈਠ ਗਈ ਸੀ। ਉਹ ਹਰਦੇਵ ਦੇ ਪ੍ਰੀਵਾਰ ਨੂੰ ਚਤਰ ਅਤੇ ਮੀਸਣਾ ਪ੍ਰੀਵਾਰ
ਗਰਦਾਨਣ ਲੱਗ ਪਿਆ ਸੀ। ਉਸ ਦੇ ਮਨ ਉਪਰ ਹਰਦੇਵ ਦੇ ਪਹਿਲੇ ਵਿਆਹ ਵਾਲ਼ਾ ਝੂਠ ਕਿਸੇ ਸ਼ਿਲਾਲੇਖ ਵਾਂਗ
ਉਕਰਿਆ ਗਿਆ ਸੀ। ਵਿਚੋਲੇ ਵੀ ਉਸ ਨੇ ਮੁੜ ਕੇ ਨਹੀਂ ਬੁਲਾਏ ਸਨ।
ਹਰਦੇਵ ਇੰਗਲੈਂਡ ਆ ਗਿਆ। ਇੰਗਲੈਂਡ ਆ ਕੇ ਉਸ ਨੇ ਸਭ ਤੋਂ ਪਹਿਲਾਂ ਦੀਪ ਦੇ ਕਾਗਜ਼ ਤਿਆਰ ਕਰਵਾਏ ਅਤੇ
ਭਾਰਤ ਭੇਜ ਦਿੱਤੇ। ਉਸ ਨੂੰ ਆਪਣੇ ਘੈਂਟ ਪਿਉ ਦੇ ਬਚਨ ਵਾਰ ਵਾਰ ਚੇਤੇ ਆਉਂਦੇ ਸਨ, ''ਜਦੋਂ ਘਰੇ
ਸ਼ੇਰ ਪਾਲ਼ੀਏ ਪੁੱਤ-ਉਦੋਂ ਨਹੁੰਦਰਾਂ ਦਾ ਖਿਆਲ ਜਰੂਰ ਰੱਖੀਏ...!'' ਜਾਗਰ ਸਿਉਂ ਦਾ ਇਸ਼ਾਰਾ ਤਸੀਲਦਾਰ
ਵੱਲ ਸੀ। ਉਹ ਤਕੜੇ ਨਾਲ਼ ਰਿਸ਼ਤਾ ਜੋੜ ਕੇ ਆਪਣੇ ਆਪ ਨੂੰ ਕਸੂਤਾ ਫ਼ਸਿਆ ਮਹਿਸੂਸ ਕਰ ਰਿਹਾ ਸੀ। ਉਹ
ਸੋਚਦਾ ਸੀ ਕਿ ਅਗਰ ਕਿਸੇ ਬਰਾਬਰ ਦੇ, ਜਾਂ ਆਪ ਤੋਂ ਮਾੜੇ ਨਾਲ਼ ਰਿਸ਼ਤਾ ਜੋੜਿਆ ਹੁੰਦਾ, ਅਗਲੇ ਦੇ
ਲੱਤ ਤਾਂ ਉਪਰ ਰਹਿੰਦੀ? ਪਰ ਤਸੀਲਦਾਰ ਤਾਂ ਆਪ ਸਾਡੀ ਸੰਘੀ 'ਤੇ ਅੱਡੀ ਧਰੀ ਫਿਰਦੈ? ਤਸੀਲਦਾਰ ਜਦੋਂ
ਵੀ ਦੀਪ ਨੂੰ ਮਿਲਣ ਆਉਂਦਾ, ਤਾਂ ਉਸ ਨਾਲ਼ ਪੰਜ-ਸੱਤ ਬੰਦੇ ਜ਼ਰੂਰ ਹੁੰਦੇ। ਬੰਦੇ ਵੀ ਕੋਈ ਸਾਊ ਜਾਂ
ਭਲੇ ਲੋਕ ਨਹੀਂ, ਅੜਬ ਝਾਕਣੀਂ ਵਾਲੇ ਬੰਦੇ! ਨਜ਼ਰ ਨਾਲ਼ ਹੀ ਅਗਲੇ ਦਾ ਸਾਹ ਸੂਤਣ ਵਾਲ਼ੇ! ਅੱਖਾਂ
ਰਾਹੀਂ ਕਾਲ਼ਜਾ ਕੱਢਣ ਵਾਲ਼ੇ ਬੰਦੇ।
ਹਰਦੇਵ ਦਾ ਸਾਰਾ ਪ੍ਰੀਵਾਰ ਉਹਨਾਂ ਦੀ ਟਹਿਲ ਸੇਵਾ ਵਿਚ ਹਾਜ਼ਰ ਰਹਿੰਦਾ। ਬਾਪੂ ਵਾਰ ਵਾਰ ਪਾਣੀ ਦੇ
ਜੱਗ ਭਰ ਭਰ ਕੇ ਦਿੰਦਾ, ਉਹਨਾਂ ਅੱਗੇ ਊਰੀ ਬਣਿਆਂ ਫਿਰਦਾ। ਕਿਸੇ ਬਰਾਬਰ ਦੇ ਜਾਂ ਗਰੀਬ ਘਰ ਨਾਲ਼
ਮੱਥਾ ਲੱਗਿਆ ਹੁੰਦਾ ਤਾਂ ਬਾਪੂ ਅਗਲਿਆਂ ਨੂੰ ਸੌ-ਸੌ ਗਾਲ਼ ਕੱਢਦਾ ਅਤੇ ਅਗਲੇ ਦੀ ਧੀ-ਭੈਣ ਇਕ ਕਰੀ
ਰੱਖਦਾ! ਪਰ ਮਜਬੂਰੀ ਦਾ ਨਾਂ ਮਾਸੀ ਸੀ। ਡਰ ਅੱਗੇ ਭੂਤਨੇ ਨੱਚ ਰਹੇ ਸਨ। ਤਸੀਲਦਾਰ ਇਕ ਭੱਠ ਸੀ।
ਜਿਸ ਨੇ ਸਾਰਾ ਟੱਬਰ ਫ਼ੂਕ ਕੇ ਪਰਾਂਹ ਕਰਨਾ ਸੀ। ਤਸੀਲਦਾਰ ਕਈ ਵਾਰ ਦੀਪ ਨੂੰ ਮਿਲਣ ਆਇਆ ਕਹਿ
ਚੁੱਕਿਆ ਸੀ, ''ਕਿਸੇ ਦੀ ਧੰਘੇੜ੍ਹ ਝੱਲਣ ਦੀ ਲੋੜ ਨਹੀਂ ਦੀਪਿਆ! ਤੂੰ ਘਰੇ ਸਰਦਾਰੀ ਕੀਤੀ ਐ-ਐਥੇ
ਵੀ ਹਿੱਕ ਦੇ ਜੋਰ 'ਤੇ ਜਿਉਣੈਂ! ਜੇ ਕੋਈ ਪੰਜ ਤਿੰਨ ਕਰੇ, ਤਾਂ ਦੱਸੀਂ? ਸਾਰੇ ਟੱਬਰ ਨੂੰ ਕੋਹਲੂ
ਗੇੜੇ ਨਾ ਪਾ ਦੇਈਏ।'' ਪਰ ਪਤਾ ਨਹੀਂ ਕਿਉਂ? ਦੀਪ ਚੁੱਪ ਹੀ ਰਹਿੰਦੀ।