ਸ਼੍ਰੋਮਣੀ ਕਮੇਟੀ ਗਤੀ ਵਿਧੀਆਂ

 

ਸਿੱਖ ਨੌਜੁਆਨ ਆਪਣੇ ਵਿਰਸੇ ਪ੍ਰਤੀ ਸੁਹਿਰਦ ਹੋਣ-ਜਥੇ: ਬਲਦੇਵ ਸਿੰਘ ਡਾ: ਰਮਨਦੀਪ ਕੌਰ ਦਾ ਸਨਮਾਨ

ਅੰਮ੍ਰਿਤਸਰ 4 ਮਈ- ਸਿੱਖ ਧਰਮ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਅਤੇ ਬਿਨਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਕਰਨ ਵਰਗੇ ਸੁਨਿਹਰੀ ਅਸੂਲਾਂ 'ਤੇ ਅਧਾਰਤ ਹੋਣ ਕਰਕੇ ਅਜੋਕੇ ਯੁੱਗ 'ਚ ਵਿਸ਼ਵ ਦੇ ਪ੍ਰਮੁੱਖ ਧਰਮਾਂ 'ਚੋਂ ਸਭ ਤੋਂ ਵੱਧ ਸਤਿਕਾਰਿਆ ਤੇ ਪਿਆਰਿਆ ਜਾਂਦਾ ਹੈ। ਸਿੱਖ ਧਰਮ ਸੰਸਾਰ ਦੇ ਕੋਨੇ-ਕੋਨੇ ਤੀਕ ਫੈਲਿਆ ਹੋਇਆ ਹੈ ਅਤੇ ਵੱਖ-ਵੱਖ ਧਰਮਾਂ ਦੇ ਸੂਝਵਾਨ ਲੋਕ ਇਸ ਧਰਮ ਪ੍ਰਤੀ ਬੜੀ ਗੰਭੀਰਤਾ ਨਾਲ ਸਰਗਰਮੀ ਵਿਖਾ ਰਹੇ ਹਨ। ਪਰ ਅੱਜ ਕੁਝ ਭੁੱਲੜ ਸਿੱਖ ਬੱਚੇ ਆਪਣੇ ਸ਼ਾਨਾਂ ਮੱਤੇ ਵਿਰਸੇ ਤੋਂ ਮੁੱਖ ਮੋੜ ਕੇ ਆਪਣੇ ਧਰਮ ਨੂੰ ਪਿੱਠ ਦਿਖਾ ਰਹੇ ਹਨ ਜੋ ਬਹੁਤ ਹੀ ਦੁਖਦਾਈ ਤੇ ਚਿੰਤਾ ਦਾ ਵਿਸ਼ਾ ਹੈ ਇਸ ਪ੍ਰਤੀ ਸੁਹਿਰਦਤਾ ਨਾਲ ਸੁਚੇਤ ਹੋਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਦਿਸ਼ਾ-ਨਿਰਦੇਸ਼ਨਾਂ ਹੇਠ ਧਰਮ ਪ੍ਰਚਾਰ ਕਮੇਟੀ ਵਲੋਂ ਵਿੱਢੀ 'ਧਰਮ ਪ੍ਰਚਾਰ ਤੇ ਸਿੱਖ ਵਿਰਸਾ ਸੰਭਾਲ' ਲਹਿਰ ਦੇ ਮੁਖੀ ਜਥੇਦਾਰ ਬਲਦੇਵ ਸਿੰਘ (ਮੁਖੀ ਅਖੰਡ ਕੀਰਤਨੀ ਜਥਾ ਇੰਨਟਰਨੈਸ਼ਨਲ) ਨੇ ਸਥਾਨਕ ਗੁਰੂ ਰਾਮਦਾਸ ਡੈਂਟਲ ਕਾਲਜ ਵਿਖੇ ਇਕ ਗੁਰਮਤਿ ਸਮਾਗਮ ਸਮੇਂ ਕਾਲਜ ਦੇ ਵਿਦਿਆਰਥੀ, ਸਟਾਫ ਤੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਦਿਨ-ਬ-ਦਿਨ ਵਧ ਰਹੇ ਡੇਰਾਵਾਦ ਤੋਂ ਸੁਚੇਤ ਹੋਣ ਦੀ ਪ੍ਰੇਰਨਾ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਜਗਤ ਦੇ ਜਾਗਤ ਜੋਤਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਧੁਰ ਕੀ ਬਾਣੀ ਦਾ ਪਾਵਨ ਸੰਦੇਸ਼ ਮਨੁੱਖੀ ਜੀਵਨ ਦੇ ਹਰ ਪ੍ਰਕਾਰ ਦੇ ਦੁੱਖ ਸੰਤਾਪ ਨੂੰ ਦੂਰ ਕਰਨ ਦੇ ਸਮਰੱਥ ਹੈ। ਇਕ ਚਿਤ ਹੋ ਕੇ ਸੂਝ ਬੂਝ ਨਾਲ 'ਧੁਰ ਕੀ ਬਾਣੀ' ਪੜਨ ਨਾਲ ਮਨੁੱਖ ਦੀ ਮਾਨਸਿਕ ਅਵਸਥਾ 'ਚ ਸੁੱਤੇ ਸਿਧ ਪ੍ਰੀਵਰਤਨ ਆਉਂਦਾ ਹੈ ਅਤੇ ਮਨੁੱਖੀ ਜੀਵਨ ਸੱਚ, ਅਚਾਰ, ਵਿਹਾਰ, ਸਤਿ-ਸੰਤੋਖ, ਦਇਆ ਤੇ ਨਿਮਰਤਾ ਵਰਗੇ ਨੈਤਿਕ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਅਜੋਕਾ ਸਿੱਖ ਨੌਜੁਆਨ ਆਪਣੇ ਸ਼ਾਨਾਮੱਤੇ ਵਿਰਸੇ ਨੂੰ ਭੁੱਲ ਕੇਸਾਂ ਦੀ ਬੇਅਦਬੀ ਅਤੇ ਨਸ਼ਿਆਂ ਵਰਗੀਆਂ ਨਾਮੁਰਾਦ ਸਮਾਜਿਕ ਬੁਰਾਈਆਂ 'ਚ ਗਲਤਾਨ ਹੁੰਦਾ ਜਾ ਰਿਹਾ ਹੈ। ਇਥੇ ਹੀ ਬੱਸ ਨਹੀਂ ਆਮ ਲੋਕ ਅਗਿਆਨਤਾ ਵੱਸ ਡੇਰਾਵਾਦ ਦੇ ਸ਼ਿਕਾਰ ਹੋ ਰਹੇ ਹਨ, ਜਿਸ ਨੂੰ ਤੁਰੰਤ ਠੱਲ੍ਹ ਪਾਉਣ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨਾਲ ਗੁਰਮਤਿ ਦੀ ਸਾਂਝ ਕਰਦਿਆਂ ਕੇਸਾਂ ਦੀ ਬੇਅਦਬੀ, ਨਸ਼ਿਆਂ ਦੀ ਵਰਤੋਂ ਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਛੁਟਕਾਰਾ ਪਾਉਣ ਲਈ ਗੁਰਮਤਿ ਜੀਵਨ ਜੁਗਤ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਚੇਤਨ ਵਰਗ ਦੇ ਨੁਮਾਇੰਦੇ ਹੋ ਤੁਸੀਂ ਮਨੁੱਖੀ ਮਰਜ ਦੇ ਦੁਨਿਆਵੀਂ ਇਲਾਜ ਦੇ ਨਾਲ ਮਨੁੱਖੀ ਮਨ ਨੂੰ ਵੀ ਪੜ੍ਹ ਸਕਦੇ ਹੋ ਇਸ ਲਈ ਤੁਹਾਨੂੰ ਕਲਗੀਧਰ ਦਸਮੇਸ਼ ਪਿਤਾ ਵਲੋਂ ਦਰਸਾਈ ਜੀਵਨ ਜੁਗਤ ਦੇ ਧਾਰਨੀ ਬਣ, ਜਨ ਸਧਾਰਨ ਨੂੰ ਗੁਰਮਤਿ ਨਾਲ ਜੋੜਨ ਦੀ ਨਿਸ਼ਕਾਮ ਸੇਵਾ ਲਈ ਹਰ ਸਮੇਂ ਤਤਪਰ ਰਹਿਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਡਾ: ਰਮਨਦੀਪ ਕੌਰ, ਜਿਸ ਦੀ ਕੁੱਖੋਂ ਇਕ ਬੇਟੀ ਦੇ ਪੈਦਾ ਹੋਣ ਦੀ ਖੁਸ਼ੀ ਵਿਚ ਉਸ ਨੇ ਲੱਡੂ ਵੰਡੇ ਤੇ ਸਾਕ-ਸਬੰਧੀਆਂ ਨੂੰ ਤੋਹਫੇ ਦਿਤੇ, ਨੂੰ ਸਨਮਾਨ ਵਜੋਂ ਸਿਰੋਪਾਓ ਬਖਸ਼ਿਸ਼ ਕੀਤਾ। ਗਿਆਨੀ ਬਲਦੇਵ ਸਿੰਘ ਦੀ ਪ੍ਰੇਰਨਾ ਸਦਕਾ ਇਸ ਮੌਕੇ ਵੱਡੀ ਗਿਣਤੀ 'ਚ ਨੌਜੁਆਨ ਵਿਦਿਆਰਥੀਆਂ ਨੇ ਗੁਰਮਤਿ ਅਨੁਸਾਰ ਜੀਵਨ ਬਸਰ ਕਰਦਿਆਂ ਸਿੱਖੀ ਦੇ ਪ੍ਰਚਾਰ ਲਈ ਪ੍ਰਣ ਲਿਆ, ਨੂੰ ਧਰਮ ਪ੍ਰਚਾਰ ਕਮੇਟੀ ਵਲੋਂ ਸਨਮਾਨ ਵਜੋਂ ਸਿਰੋਪਾਓ ਤੇ ਪ੍ਰਮਾਣ ਪੱਤਰ ਭੇਟ ਕੀਤੇ ਗਏ।

ਇਸ ਮੌਕੇ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ: ਚਰਨਜੀਤ ਸਿੰਘ ਬੱਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਹਰ ਸਿੱਖ ਪ੍ਰਚਾਰਕ ਹੈ। ਇਸ ਲਈ ਹਰ ਸਿੱਖ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਦਿਆਂ ਆਪਣੇ ਧਰਮ 'ਚ ਪ੍ਰਪੱਕ ਤੇ ਸਿੱਖੀ ਦੇ ਪ੍ਰਚਾਰ ਲਈ ਸੁਹਿਰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਕਾਲਜ 'ਚ 300 ਵਿਦਿਆਰਥੀ (200 ਲੜਕੀਆਂ 100 ਲੜਕੇ) ਤੇ 150 ਦੀ ਗਿਣਤੀ 'ਚ ਸਟਾਫ ਹੈ, ਜਿਨ੍ਹਾਂ ਵਿਚੋਂ ਕਈ ਤਾਂ ਮਾਂ ਬਾਪ ਬਣ ਚੁੱਕੇ ਹਨ ਅਤੇ ਕਈਆਂ ਨੇ ਗ੍ਰਹਿਸਤ ਜੀਵਨ ਅਰੰਭ ਕਰਨਾ ਹੈ। ਇਸ ਲਈ ਅਜਿਹੇ ਕੈਂਪ ਸਫਲ ਮਾਂ-ਬਾਪ ਬਣਨ ਲਈ ਉਨ੍ਹਾਂ ਦੀਆਂ ਜਿੰਮੇਵਾਰੀਆਂ ਪ੍ਰਤੀ ਪ੍ਰੇਰਨਾ ਸਰੋਤ ਬਣਦੇ ਹਨ। ਉਨ੍ਹਾਂ ਕੇਸ ਕਟਵਾਉਣ ਵਾਲੇ ਬੱਚਿਆਂ ਨੂੰ ਕਿਹਾ ਕਿ ਸਾਬਤ ਸੂਰਤ ਸਿੱਖੀ ਦੀ ਦਿਖ ਸਮੁੱਚੇ ਸੰਸਾਰ 'ਚ ਇਕ ਸਿੱਖ ਦੀ ਸਖਸ਼ੀਅਤ ਵਿਲੱਖਣ ਸਖਸ਼ੀਅਤ ਵਜੋਂ ਨਜ਼ਰੀ ਪੈਂਦੀ ਹੈ ਜਿਸ ਤੋਂ ਇਕ ਸਿੱਖ ਨੂੰ 'ਸਿੱਖ' ਹੋਣ ਦਾ ਫਖਰ ਮਹਿਸੂਸ ਹੁੰਦਾ ਹੈ, ਇਸ ਲਈ ਸਿੱਖ ਬੱਚਿਆਂ ਨੂੰ ਮੁਕੰਮਲ ਸਿੱਖੀ ਸਰੂਪ ਧਾਰਨ ਕਰਨਾ ਚਾਹੀਦਾ ਹੈ। ਅੱਜ ਦੇ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਡਾ: ਸੁਮੀਤ ਕੌਰ (ਸੰਧੂ), ਡਾ: ਕਵਿੰਦਰ ਸਿੰਘ, ਡਾ: ਇਮਾਨਦੀਪ ਸਿੰਘ, ਡਾ: ਜਸਵਿੰਦਰ ਸਿੰਘ, ਡਾ: ਨਵਕਿਰਨ ਕੌਰ, ਡਾ: ਹਰਜੀਤ ਸਿੰਘ (ਢਿਲੋਂ) ਨੇ ਵਧ-ਚੜ੍ਹ ਕੇ ਹਿੱਸਾ ਲਿਆ।
ਧਰਮ ਪ੍ਰਚਾਰ ਕਮੇਟੀ ਦੇ ਐਡੀਸ਼ਨਲ ਸਕੱਤਰ ਸ. ਮੇਜਰ ਸਿੰਘ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਪ੍ਰੀਤ ਸਿੰਘ ਤੇ ਭਾਈ ਵਰਿੰਦਰ ਸਿੰਘ ਦੇ ਜਥੇ ਦੇ ਰਾਗੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ, ਭਾਈ ਸਰਬਜੀਤ ਸਿੰਘ ਤੇ ਭਾਈ ਕੁਲਰਾਜ ਸਿੰਘ ਦੇ ਕਵੀਸ਼ਰੀ ਜਥੇ ਨੇ ਸਮਾਜਿਕ ਬੁਰਾਈਆਂ ਤੇ ਚੋਟ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ ਅਤੇ ਪੰਜ ਪਿਆਰਾ ਭਾਈ ਮੇਜਰ ਸਿੰਘ ਨੇ ਸੰਗਤਾਂ ਨੂੰ ਗੁਰਮਤਿ ਮਰਿਯਾਦਾ ਤੋਂ ਜਾਣੂੰ ਕਰਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਸੁਖਰਾਜ ਸਿੰਘ ਵੇਰਕਾ, ਸ. ਮਹਾਂਵੀਰ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ ਅਤੇ ਗਿਆਨੀ ਹਰਬੰਸ ਸਿੰਘ ਮੌਜੂਦ ਸਨ।
ਨੰ: 1383/3-5-08 (ਰਾਮ ਸਿੰਘ)

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਲੋਹਗੜ੍ਹ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਅਯੋਜਿਤ ਕੀਤਾ ਗਿਆ
ਅੰਮ੍ਰਿਤਸਰ : - ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਤੋਂ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਆਯੋਜਿਤ ਕੀਤਾ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਇਹ ਨਗਰ ਕੀਰਤਨ ਸਵੇਰੇ 9 ਵਜੇ ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਤੋਂ ਆਰੰਭ ਹੋਇਆ। ਸੁੰਦਰ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ 'ਚ ਸ਼ਸ਼ੋਭਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਚੌਰ ਦੀ ਸੇਵਾ ਨਿਭਾ ਰਹੇ ਸਨ। ਨਗਰ ਕੀਰਤਨ 'ਚ ਸ਼ਹਿਰ ਦੀਆਂ ਧਾਰਮਿਕ ਸਭਾ ਸੁਸਾਇਟੀਆਂ, ਸ਼ਬਦੀ ਜਥੇ, ਗਤਕਾ ਪਾਰਟੀਆਂ, ਵੱਖ-ਵੱਖ ਸਕੂਲਾਂ ਦੇ ਬੈਂਡ ਦੇ ਵਿਦਿਆਰਥੀ ਤੇ ਅਧਿਆਪਕ, ਫੌਜੀ ਬੈਂਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦਾ ਸਮੁੱਚਾ ਸਟਾਫ ਸ਼ਾਮਲ ਸੀ। ਨਗਰ ਕੀਰਤਨ ਦਾ ਰਸਤਾ ਬਹੁਤ ਹੀ ਸੋਹਣੀ ਤਰ੍ਹਾਂ ਸਜਾਇਆ ਹੋਇਆ ਸੀ। ਰਸਤੇ ਵਿਚ ਸ਼ਰਧਾਲੂਆਂ ਨੇ ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਦੀ ਲੰਗਰ, ਜਲ, ਚਾਹ ਆਦਿ ਨਾਲ ਸੇਵਾ ਕੀਤੀ। ਹੋਰਨਾਂ ਤੋਂ ਇਲਾਵਾ ਨਗਰ ਕੀਰਤਨ 'ਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ, ਮੈਂਬਰ ਸ਼੍ਰੋਮਣੀ ਕਮੇਟੀ ਸ. ਉਂਕਾਰ ਸਿੰਘ ਸ਼ਰੀਫਪੁਰਾ, ਸਕੱਤਰ ਸ. ਦਲਮੇਘ ਸਿੰਘ ਤੇ ਸ. ਰਣਵੀਰ ਸਿੰਘ, ਐਡੀ: ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ, ਸ. ਰੂਪ ਸਿੰਘ ਅਤੇ ਸ. ਮੇਜਰ ਸਿੰਘ ਰਟੌਲ, ਮੀਤ ਸਕੱਤਰ ਸ. ਸਤਬੀਰ ਸਿੰਘ, ਸ. ਉਂਕਾਰ ਸਿੰਘ ਤੇ ਸ. ਬਲਕਾਰ ਸਿੰਘ, ਸੁਪ੍ਰਿੰਟੈਂਡੈਂਟ ਸ. ਦਿਲਬਾਗ ਸਿੰਘ, ਸਹਾਇਕ ਸੁਪ੍ਰਿੰਟੈਂਡੈਂਟ ਸ. ਮੇਜਰ ਸਿੰਘ, ਧਰਮ ਪ੍ਰਚਾਰ ਦੇ ਸੁਪ੍ਰਿੰਟੈਂਡੈਂਟ ਸ. ਹਰਭਜਨ ਸਿੰਘ, ਪਬਲੀਸਿਟੀ ਇੰਚਾਰਜ ਸ. ਰਾਮ ਸਿੰਘ, ਚੀਫ ਗੁ: ਇ: ਸ. ਸੁਖਦੇਵ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਭਜਨ ਸਿੰਘ, ਐਡੀਸ਼ਨਲ ਮੈਨੇਜਰ ਸ. ਬਲਵਿੰਦਰ ਸਿੰਘ (ਭਿੰਡਰ), ਸ. ਹਰਬੰਸ ਸਿੰਘ (ਮੱਲੀ), ਸ. ਸੁਖਦੇਵ ਸਿੰਘ ਤਲਵੰਡੀ ਤੇ ਸ. ਟਹਿਲ ਸਿੰਘ ਕੰਡੀਲਾ, ਮੀਤ ਮੈਨੇਜਰ ਸ. ਸੁਖਰਾਜ ਸਿੰਘ, ਸੈਕਸ਼ਨ 87 ਦੇ ਇੰਚਾਰਜ ਸ. ਬਲਬੀਰ ਸਿੰਘ, ਰਿਕਾਰਡ ਵਿਭਾਗ ਦੇ ਇੰਚਾਰਜ ਸ. ਗੁਰਚਰਨ ਸਿੰਘ, ਸ. ਸੰਤੋਖ ਸਿੰਘ ਇੰਚਾਰਜ 85, ਸ. ਮਲਕੀਤ ਸਿੰਘ ਬਹਿੜਵਾਲ, ਸ. ਸੁਰਜੀਤ ਸਿੰਘ ਪ੍ਰਧਾਨ ਸੇਵਕ ਜਥਾ ਤੋਂ ਇਲਾਵਾ ਭਾਰੀ ਗਿਣਤੀ 'ਚ ਪਤਵੰਤੇ ਸੱਜਣ ਤੇ ਸੰਗਤਾਂ ਮੌਜੂਦ ਸਨ।
ਨਗਰ ਕੀਰਤਨ ਤੋਂ ਪਹਿਲੇ ਗੁਰਦੁਆਰਾ ਲੋਹਗੜ੍ਹ ਸਾਹਿਬ ਸਜੇ ਦੀਵਾਨ ਵਿਚ ਭਾਈ ਗੁਰਇਕਬਾਲ ਸਿੰਘ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਅਤੇ ਅਰਦਾਸ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਭਜਨ ਸਿੰਘ ਨੇ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਨਗਰ ਕੀਰਤਨ ਖੂਹ ਬੰਬੇ ਵਾਲਾ, ਕਟੜਾ ਪਰਜ਼ਾਪਤ, ਸ਼ਾਸ਼ਤਰੀ ਮਾਰਕੀਟ, ਚੌਂਕ ਟੈਲੀਫੋਨ ਐਕਸਚੈਂਜ, ਕਟੜਾ ਘਨੱਈਆ, ਚੌਂਕ ਫਰੀਦ, ਕਟੜਾ ਸ਼ੇਰ ਸਿੰਘ, ਰੀਜ਼ੈਂਟ ਟਾਕੀ ਤੇ ਹਾਲ ਬਜ਼ਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਟਾਹਲੀ ਸਾਹਿਬ (ਸੰਤੋਖਸਰ) ਵਿਖੇ ਸੰਪੰਨ ਹੋਇਆ।
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤਿ ਕੱਲ ਬੁੱਧਵਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਇਲਾਹੀ ਬਾਣੀ ਦਾ ਕੀਰਤਨ ਕਰਨਗੇ। ਇਸ ਮੌਕੇ ਇਤਿਹਾਸਕ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਸ਼ਾਮ ਨੂੰ ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਵਿਖੇ ਦੀਪਮਾਲਾ ਹੋਵੇਗੀ ਅਤੇ ਰਹਿਰਾਸ ਦੇ ਪਾਠ ਉਪਰੰਤ ਆਤਿਸ਼ਬਾਜ਼ੀ ਚਲਾਈ ਜਾਵੇਗੀ।

ਹਰਿਆਣਾ 'ਚ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੀ ਕਾਂਗਰਸ 84 ਦੇ ਘੱਲੂਘਾਰੇ ਦਾ ਕਲੰਕ ਅਜੇ ਤੀਕ ਨਹੀਂ ਧੋ ਸਕੀ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ : ''ਸਿੱਖਾਂ ਦੀ ਦੁਸ਼ਮਣ ਕਾਂਗਰਸ ਨੇ ਹਮੇਸ਼ਾਂ 'ਪਾੜੋ ਤੇ ਰਾਜ ਕਰੋ' ਦੀ ਨੀਤੀ 'ਤੇ ਚੱਲਦਿਆਂ ਰਾਜ ਕੀਤਾ। ਕਾਂਗਰਸੀਆਂ ਨੇ ਕਦੇ ਏਸ਼ੀਆਈ ਖੇਡਾਂ ਸਮੇਂ ਸਿੱਖਾਂ ਨੂੰ ਹਰਿਆਣੇ 'ਚੋਂ ਲੰਘਣ ਤੋਂ ਰੋਕਿਆ ਤੇ ਕਦੇ ਸਿੱਖ ਜਗਤ ਦੇ ਕੇਂਦਰੀ ਧਰਮ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤੋਪਾਂ, ਟੈਂਕਾਂ ਨਾਲ ਗੋਲਾਬਾਰੀ ਕਰਕੇ ਸਿੱਖਾਂ ਦੇ ਸਬਰ ਦੀ ਪਰਖ ਕੀਤੀ, ਪਰ ਇਸ ਸਭ ਕਾਸੇ ਦੇ ਬਾਵਜੂਦ ਵੀ ਕੁਝ ਭੁਲੜ ਸਿੱਖ ਵੀਰ ਇਸ ਕਾਂਗਰਸ ਦੀਆਂ ਲੂੰਬੜ ਚਾਲਾਂ 'ਚ ਆ ਕੇ ਵੱਖਰੀ ਕਮੇਟੀ ਦੀ ਮੰਗ ਕਰ ਰਹੇ ਹਨ। ਸਿੱਖ ਜਗਤ ਦੀ ਸ਼ਕਤੀ 'ਚ ਵੰਡੀਆਂ ਪਾਉਣ ਤੇ ਇਤਿਹਾਸ ਨੂੰ ਕਲੰਕਤ ਕਰਨ ਵਾਲੇ ਅਜਿਹੇ ਸਿੱਖਾਂ ਨੂੰ ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ''। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ 'ਚ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਸ. ਦੀਦਾਰ ਸਿੰਘ ਨਲਵੀ ਵਲੋਂ ਕੁਰੂਕਸ਼ੇਤਰ ਤੋਂ ਕਾਂਗਰਸ ਦੇ ਐਮ.ਪੀ. ਨਵੀਨ ਜਿੰਦਲ ਨੂੰ ਲੈ ਕੇ ਵੱਖਰੀ ਕਮੇਟੀ ਬਨਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਤੇ ਅ-ਸੰਵਿਧਾਨਕ ਦਬਾਅ ਬਨਾਉਣ ਸਬੰਧੀ ਅਖ਼ਬਾਰਾਂ 'ਚ ਛਪੀਆਂ ਖਬਰਾਂ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕੀਤਾ।
ਜਥੇਦਾਰ ਅਵਤਾਰ ਸਿੰਘ ਨੇ ਵੱਖਰੀ ਕਮੇਟੀ ਲਈ ਵਕਾਲਤ ਕਰਨ ਵਾਲੇ ਮਿ: ਜਿੰਦਲ ਨੂੰ ਕਿਹਾ ਕਿ ਵੱਡੇ ਸੰਘਰਸ਼ ਤੇ ਅਥਾਹ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ ਸੀ ਅਤੇ ਇਸ ਦੇ ਮੈਂਬਰਾਂ ਦੀ ਚੋਣ ਉਪਰੰਤ ਸਮੁੱਚੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ 15 ਮੈਂਬਰ ਨਾਮਜਦ ਵੀ ਕੀਤੇ ਜਾਂਦੇ ਹਨ। ਉਨ੍ਹਾਂ ਮਿ: ਜਿੰਦਲ ਨੂੰ ਕਿਹਾ ਕਿ ਇਹ ਗੱਲਾਂ ਸ਼ਾਇਦ ਉਨ੍ਹਾਂ ਦੇ ਬਚਪਨ ਜਾਂ ਸ਼ਾਇਦ ਜਨਮ ਤੋਂ ਵੀ ਪਹਿਲਾਂ ਦੀਆਂ ਹੋਣ। ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਹੋਂਦ 'ਚ ਆਈ ਉਦੋਂ ਹਰਿਆਣਾ ਪੰਜਾਬ ਰਾਜ ਦਾ ਹੀ ਹਿੱਸਾ ਸੀ। ਉਨ੍ਹਾਂ ਕਿਹਾ ਕਿ ਹੁਣ ਹਾਲਤ ਬਹੁਤ ਬਦਲ ਗਏ ਹਨ ਅਤੇ ਸਿੱਖ ਜਗਤ ਸਿਆਸੀ ਲਾਹਾ ਲੈਣ ਵਾਲੇ ਸਿਆਸਤ-ਦਾਨਾਂ ਦੇ ਸਿੱਖਾਂ ਪ੍ਰਤੀ ਹੇਜ ਨੂੰ ਵੇਖ ਪਰਖ ਲਿਆ। ਉਨ੍ਹਾਂ ਕਿਹਾ ਕਿ ਕੁਰੱਪਟ ਮਹੰਤਾਂ ਤੋਂ ਗੁਰਦੁਆਰਾ ਪ੍ਰਬੰਧ ਨੂੰ ਸੰਗਤੀ ਪ੍ਰਬੰਧ ਵਿਚ ਲਿਆਉਣ ਅਤੇ ਗੁਰਮਤਿ ਮਰਯਾਦਾ ਅਨੁਸਾਰ ਚਲਾਉਣ ਲਈ ਸਿੱਖ ਪੰਥ ਨੂੰ ਲੰਮੇ ਸੰਘਰਸ਼ ਦੌਰਾਨ ਬੀ.ਟੀ. ਵਰਗੇ ਅੰਗਰੇਜ਼ ਜ਼ਾਲਮ ਦੇ ਘੋੜਿਆਂ ਦੇ ਸੁੰਬਾਂ ਥੱਲੇ ਸਿੱਖਾਂ ਨੂੰ ਦਰੜਿਆ ਗਿਆ ਅਨੇਕਾਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਜਾਇਦਾਦਾਂ ਵੀ ਕੁਰਕ ਕਰਵਾਈਆਂ, ਤਾਂ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ, ਜੋ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੇ ਇਤਿਹਾਸਕ ਗੁਰਧਾਮਾਂ ਦਾ ਪ੍ਰਬੰਧ ਗੁਰਮਤਿ ਮਰਯਾਦਾ ਅਨੁਸਾਰ ਸੰਭਾਲ ਰਹੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਤੀ ਲਈ ਜਦੋਂ ਸੰਘਰਸ਼ ਕਰ ਰਹੀ ਸੀ ਤਾਂ ਉਦੋਂ ਅਕਾਲੀ ਨੇਤਾਵਾਂ ਦੇ ਨਾਲ ਜਵਾਹਰ ਲਾਲ ਵਰਗੇ ਕਾਂਗਰਸੀ ਨੇਤਾਵਾਂ ਨੇ ਵੀ ਜੇਲ੍ਹਾਂ ਕੱਟੀਆਂ ਅਤੇ ਚਾਬੀਆਂ ਦੇ ਮੋਰਚੇ ਦੀ ਜਿੱਤ ਉਪਰੰਤ ਮਹਾਤਮਾ ਗਾਂਧੀ ਨੇ ਇਸ ਜਿੱਤ ਨੂੰ ਅਜ਼ਾਦੀ ਦੀ ਪਹਿਲੀ ਜਿੱਤ ਕਰਾਰ ਦਿੰਦਿਆਂ ਸਿੱਖ ਜਗਤ ਨੂੰ ਵਧਾਈ ਸੰਦੇਸ਼ ਭੇਜੇ, ਜੋ ਇਤਿਹਾਸ ਦਾ ਹਿੱਸਾ ਹਨ। ਉਨ੍ਹਾਂ ਸ੍ਰੀ ਜਿੰਦਲ ਨੂੰ ਕਿਹਾ ਕਿ ਕਮੇਟੀਆਂ ਸਿਆਸੀ ਲਾਹਾ ਲੈਣ ਲਈ ਝੂਠੇ ਦਾਵਿਆਂ ਤੇ ਸੰਗਤਾਂ ਨੂੰ ਗੁੰਮਰਾਹ ਕਰਕੇ ਨਹੀਂ ਬਣਾਈਆਂ ਜਾ ਸਕਦੀਆਂ। ਉਨ੍ਹਾਂ ਸ. ਨਲਵੀ ਨੂੰ ਵੀ ਵਾਸਤਾ ਪਾਇਆ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਾਪਤੀ ਦੇ ਸੰਘਰਸ਼ ਦੌਰਾਨ ਹੋ ਸਕਦਾ ਕਿ ਉਨ੍ਹਾਂ ਦੇ ਪੁਰਖਿਆਂ ਦਾ ਵੀ ਖੂਨ ਡੁੱਲਿਆ ਹੋਵੇ, ਪਰ ਜੇ ਨਾਂ ਵੀ ਡੁੱਲਿਆ ਹੋਵੇ ਤਾਂ ਵੀ ਉਨ੍ਹਾਂ ਨੂੰ ਕੋਈ ਹੱਕ ਨਹੀਂ ਕਿ ਸ਼ਹਾਦਤ ਦੇ ਕੇ ਪ੍ਰਾਪਤ ਕੀਤੀ ਇਸ ਕਮੇਟੀ ਨੂੰ ਤੋੜਨ ਲਈ ਕੋਝੇ ਹੱਥਕੰਡੇ ਵਰਤਣ। ਉਨ੍ਹਾਂ ਦਿੱਲੀ ਕਮੇਟੀ ਦੀ ਹੋਂਦ ਦਾ ਜ਼ਿਕਰ ਕਰਦਿਆਂ ਕਿਹਾ ਕਿ 1973 'ਚ ਪੰਜਾਬ ਤੋਂ ਦਿੱਲੀ ਜਾ ਕੇ ਮੋਰਚਾ ਲਾ ਕੇ ਦਿੱਲੀ ਕਮੇਟੀ ਹੋਂਦ 'ਚ ਲਿਆਂਦੀ ਗਈ ਨਾਂ ਕਿ ਏ.ਸੀ. ਕਮਰਿਆਂ 'ਚ ਬੈਠ ਕੇ ਅਖ਼ਬਾਰਾਂ ਨੂੰ ਬਿਆਨ ਦੇ ਕੇ। ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਜਿੰਦਲ ਤੇ ਸ. ਨਲਵੀ ਨੂੰ ਸਲਾਹ ਦਿੱਤੀ ਕਿ ਜੇ ਉਹ ਸਿਆਸਤ ਕਰਨੀ ਚਾਹੁੰਦੇ ਹਨ ਤਾਂ ਸਿੱਖ ਸ਼ਕਤੀ 'ਚ ਵੰਡੀਆਂ ਪਾ ਕੇ ਸਿਆਸੀ ਰੋਟੀਆਂ ਸੇਕਣ ਦੀ ਝਾਕ ਛੱਡ ਦੇਣ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ।

ਸ਼੍ਰੋਮਣੀ ਕਮੇਟੀ ਵਲੋਂ ਸਥਾਪਤ ਸਕੂਲਾਂ 'ਚ ਕਿਸੇ ਪ੍ਰਕਾਰ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਜਥੇ: ਅਵਤਾਰ ਸਿੰਘ ਸਕੂਲਾਂ ਲਈ ਨਵੀਆਂ ਬੱਸਾਂ ਨੂੰ ਝੰਡੀ ਲਹਿਰ ਕੇ ਰਵਾਨਗੀ
ਅੰਮ੍ਰਿਤਸਰ : - ਸਿੱਖ ਜਗਤ ਦੀ ਨੁਮਾਇੰਦਾ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਪ੍ਰਬੰਧਾਂ ਦੇ ਨਾਲ-ਨਾਲ ਵਿੱਦਿਆ ਦੇ ਖੇਤਰ 'ਚ ਵੀ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਪੰਜਾਬ ਦੇ ਵੱਖ-ਵੱਖ 9 ਜਿਲਿਆਂ 'ਚ ਸੀ.ਬੀ.ਐਸ.ਈ. ਨਾਲ ਸਬੰਧਤ ਉਚ ਪਾਏ ਦੇ ਸ਼ਾਨਦਾਰ ਇਮਾਰਤਾਂ ਵਾਲੇ ਨਵੇਂ ਸਕੂਲ ਸਥਾਪਤ ਕੀਤੇ ਹਨ। ਜਿਥੇ ਅਕਾਦਮਿਕ ਸਿੱਖਿਆ ਦੇ ਨਾਲ ਵਿਦਿਆਰਥੀਆਂ ਨੂੰ ਸਿੱਖ ਧਰਮ, ਗੁਰ-ਇਤਿਹਾਸ ਤੇ ਸਿੱਖ ਇਤਿਹਾਸ ਤੋਂ ਵੀ ਜਾਣੂੰ ਕਰਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ, ਡਾਇਰੈਕਟਰ ਐਜੂਕੇਸ਼ਨ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਸਥਾਨਕ ਗੁਰੂ ਨਾਨਕ ਨਿਵਾਸ ਇਕੱਤਰਤਾ ਹਾਲ 'ਚ ਇਕ ਮੀਟਿੰਗ ਦੌਰਾਨ ਕੀਤਾ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਸੰਸਥਾ ਦੇ ਮੁਖੀ ਵਜੋਂ ਔਹੁਦਾ ਸੰਭਾਲਦਿਆਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਅਦਾਰਿਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਅਤੇ ਨਵੇਂ ਸਥਾਪਤ ਕੀਤੇ ਜਾਣ ਵਾਲੇ ਸਕੂਲਾਂ ਨੂੰ ਤੁਰੰਤ ਮੁਕੰਮਲ ਕਰਵਾ ਵਿੱਦਿਅਕ ਸੈਸ਼ਨ ਅਰੰਭ ਕਰਨ ਵਰਗੇ ਵੱਡੇ ਤੇ ਅਗਾਂਹਵਧੂ ਫੈਸਲੇ ਲਏ ਸਨ। ਸਿੱਟੇ ਵਜੋਂ ਨਵੇਂ ਸਕੂਲ ਮੁਕੰਮਲ ਹੋ ਕਿ ਵਿੱਿਦਅਕ ਸੈਸ਼ਨ ਸ਼ੁਰੂ ਹੋ ਗਏ ਹਨ ਜੋ ਇਸ ਸੰਸਥਾ ਦੀ ਵੱਡੀ ਪ੍ਰਾਪਤੀ ਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਮੀਟਿੰਗ 'ਚ ਮੌਜੂਦ ਸਟਾਫ ਨੂੰ ਕਿਹਾ ਕਿ ਸਪਸ਼ਟ ਆਦੇਸ਼ ਕੀਤੇ ਕਿ ਉਹ ਪੂਰੀ ਤਨਦੇਹੀ ਨਾਲ ਇਹਨਾਂ ਸਕੂਲਾਂ ਨੂੰ ਸਫਲ ਬਨਾਉਣ ਅਤੇ ਇਸ ਸੰਸਥਾ ਤੇ ਮਾਪਿਆਂ ਦੀਆਂ ਆਸ਼ਾਵਾਂ 'ਤੇ ਪੂਰੇ ਉਤਰਨ। ਉਨ੍ਹਾਂ ਪ੍ਰਬੰਧਕੀ ਪੱਖੋਂ ਵੀ ਪ੍ਰਿੰਸੀਪਲ ਸਾਹਿਬਾਨ ਨੂੰ ਆਦੇਸ਼ ਕੀਤੇ ਕਿ ਉਹ ਸਕੂਲ ਦੀ ਹਰ ਪ੍ਰਕਾਰ ਸਾਂਭ-ਸੰਭਾਲ ਅਤੇ ਅਕਾਊਂਟਸ ਆਦਿ ਨੂੰ ਵੀ ਅਪਡੇਟ ਰੱਖਣ ਅਤੇ ਹਰ ਆਏ ਗਏ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ।
ਇਸ ਮੌਕੇ ਇਕੱਤਰਤਾ ਨੂੰ ਡਾਇਰੈਕਟਰ ਐਜੂਕੇਸ਼ਨ ਸ. ਗੁਰਮੋਹਨ ਸਿੰਘ ਸਿੰਘ ਵਾਲੀਆ, ਸਕੱਤਰ ਸ. ਹਰਬੇਅੰਤ ਸਿੰਘ ਅਤੇ ਐਡੀ: ਸਕੱਤਰ ਸ. ਜੋਗਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਕੱਤਰਾ 'ਚ ਹੋਰਨਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ (ਬਠਿੰਡਾ) ਦੀ ਪ੍ਰਿੰਸੀਪਲ ਬੀਬੀ ਗੁਰਿੰਦਰ ਕੌਰ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੰਗਸਰ ਜੈਤੋਂ (ਫਰੀਦਕੋਟ) ਦੀ ਟੀਚਰ ਇੰਚਾਰਜ ਬੀਬੀ ਨਮਰਤਾ ਗੋਇਲ, ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ ਗਿਦੜਬਾਹਾ (ਮੁਕਤਸਰ) ਦੀ ਟੀਚਰ ਇੰਚਾਰਜ ਬੀਬੀ ਰਿੰਪਲ ਕੌਰ, ਮਾਤਾ ਸੁੰਦਰੀ ਪਬਲਿਕ ਸਕੂਲ ਕੋਟ ਸ਼ਮੀਰ (ਬਠਿੰਡਾ) ਦੀ ਪ੍ਰਿੰਸੀਪਲ ਬੀਬੀ ਹਰਜੀਤ ਕੌਰ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਬਜੀਦਪੁਰ (ਫਿਰੋਜ਼ਪੁਰ) ਦੇ ਟੀਚਰ ਇੰਚਾਰਜ ਸ. ਬਲਜੀਤ ਸਿੰਘ, ਸਾਹਿਬਜਾਦਾ ਜੁਝਾਰ ਸਿੰਘ ਪਬਲਿਕ ਸਕੂਲ ਕੋਟ ਧਰਮੂੰ (ਮਾਨਸਾ) ਦੇ ਪ੍ਰਿੰਸੀਪਲ ਸ. ਸਤਨਾਮ ਸਿੰਘ, ਸੰਤ ਮੋਹਨ ਸਿੰਘ ਮਤਵਾਲਾ ਪਬਲਿਕ ਸਕੂਲ ਤਿਰਲੋਕੇਵਾਲਾ ਸਿਰਸਾ (ਹਰਿਆਣਾ) ਦੀ ਟੀਚਰ ਇੰਚਾਰਜ ਬੀਬੀ ਸਵਰਨਜੀਤ ਕੌਰ, ਸਾਹਿਬਜਾਦਾ ਫਤਹਿ ਸਿੰਘ ਪਬਲਿਕ ਸਕੂਲ ਗੁਰੂ-ਕਾ-ਬਾਗ (ਅੰਮ੍ਰਿਤਸਰ) ਦੀ ਪ੍ਰਿੰਸੀਪਲ ਬੀਬੀ ਗੁਰਪ੍ਰੀਤ ਕੌਰ, ਸਾਹਿਬਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ (ਕਪੂਰਥਲਾ) ਦੀ ਟੀਚਰ ਇੰਚਾਰਜ ਬੀਬੀ ਕੰਵਲਜੀਤ ਕੌਰ, ਟ੍ਰਸਟ ਵਿਭਾਗ ਦੇ ਇੰਚਾਰਜ ਸ. ਮਨਜੀਤ ਸਿੰਘ ਤੇ ਪਬਲਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ ਮੌਜੂਦ ਸਨ।
ਜਥੇਦਾਰ ਅਵਤਾਰ ਸਿੰਘ ਅਰਦਾਸ ਉਪਰੰਤ ਵੱਖ-ਵੱਖ ਸਕੂਲਾਂ ਲਈ ਜੈਕਾਰਿਆਂ ਦੀ ਗੁੰਜ 'ਚ ਬੱਚਿਆਂ ਨੂੰ ਲਿਆਉਣ ਤੇ ਲਿਜਾਣ ਲਈ ਬੱਸਾਂ ਦੇ ਕਾਫਲੇ ਨੂੰ ਰਵਾਨਾ ਕੀਤਾ। ਸੁੰਦਰ ਫੁੱਲਾਂ ਨਾਲ ਸੱਜੀਆਂ ਨਵੀਆਂ ਬੱਸਾਂ 'ਚ ਪ੍ਰਤੀ ਬਸ ਦੀ ਕੀਮਤ 8 ਲੱਖ ਦੇ ਕਰੀਬ ਹੈ। ਜ਼ਿਕਰਯੋਗ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ ਮੌਕੇ ਫਤਹਿਗੜ੍ਹ ਸਾਹਿਬ ਸਿੱਖ ਨਵੀਂ ਪੀੜੀ ਨੂੰ ਉਚਪਾਏ ਦੀ ਵਿੱਦਿਆ ਦੇਣ ਦੀ ਭਾਵਨਾ ਨਾਲ ਸ਼ਤਾਬਦੀ ਨੂੰ ਸਮਰਪਤਿ ਨਵੇਂ ਸਕੂਲ ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ ਸੀ। ਜਥੇਦਾਰ ਅਵਤਾਰ ਸਿੰਘ ਦੇ ਕਾਰਜ ਕਾਲ ਦੌਰਾਨ 9 ਨਵੇਂ ਸਕੂਲ ਮੁਕੰਮਲ ਹੋਏ ਹਨ ਅਤੇ 6 ਅਪਰੈਲ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਉਦਘਾਟਨ ਕੀਤੇ ਜਾਣ 'ਤੇ ਵਿੱਦਿਅਕ ਸੈਸ਼ਨ ਆਰੰਭ ਕੀਤਾ ਗਿਆ ਹੈ। ਪਹਿਲੇ ਸੈਸ਼ਨ ਦੌਰਾਨ ਹੀ ਇਲਾਕਾ ਨਿਵਾਸੀ ਸੂਝਵਾਨ ਮਾਪਿਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਮੌਕੇ ਵੱਖ-ਵੱਖ ਸਕੂਲਾਂ ਤਿੰਨ ਹਜ਼ਾਰ ਵਿਦਿਆਰਥੀ ਦਾਖਲਾ ਲੈ ਚੁਕੇ ਹਨ। ਇਸੇ ਦੌਰਾਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਵਿੱਦਿਅਕ ਅਦਾਰਿਆਂ ਨੂੰ ਸਮੇਂ ਦੇ ਹਾਣ ਦਾ ਬਨਾਉਣ ਲਈ ਡਾਇਰੈਕਟੋਰੇਟ ਸਥਾਪਤ ਕੀਤਾ ਗਿਆ ਹੈ।

ਸ਼ਹੀਦੀ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ 10 ਮਈ ਤਕ ਪਾਸਪੋਰਟ ਜਮ੍ਹਾਂ ਕਰਵਾਉਣ: ਸਕੱਤਰ
ਅੰਮ੍ਰਿਤਸਰ :- ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਜਥੇ 'ਚ ਜਾਣ ਦੇ ਚਾਹਵਾਨ ਸਿੱਖ ਸ਼ਰਧਾਲੂ ਆਪਣੇ ਪਾਸਪੋਰਟ 10 ਮਈ ਤੀਕ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਹਰਬੇਅੰਤ ਸਿੰਘ ਨੇ ਇਕ ਪ੍ਰੈਸ ਰਲੀਜ਼ 'ਚ ਦਿੱਤੀ।
ਉਨ੍ਹਾਂ ਦੱਸਿਆ ਕਿ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਪਾਕਿਸਤਾਨ ਜਾਣ ਵਾਲੇ ਜਥੇ 'ਚ ਜਾਣ ਦੇ ਚਾਹਵਾਨ ਯਾਤਰੀ ਆਪਣੇ ਹਲਕੇ ਦੇ ਮੈਂਬਰ ਸ਼੍ਰੋਮਣੀ ਕਮੇਟੀ ਦੀ ਸਿਫਾਰਸ਼/ਤਸਦੀਕ ਸਹਿਤ ਜਾਂ ਸਿੱਧੇ ਤੌਰ 'ਤੇ 10 ਮਈ ਤੀਕ ਦਫਤਰ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾਉਣ ਦੀ ਖੇਚਲ ਕਰਨ ਤਾਂ ਜੋ ਲਿਸਟ ਤਿਆਰ ਕਰਕੇ ਵੀਜ਼ਾ ਪ੍ਰਾਪਤ ਕਰਨ ਦੀ ਕਾਰਵਾਈ ਮੁਕੰਮਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਲੇਟ ਪੁੱਜੇ ਪਾਸਪੋਰਟਾਂ ਵਾਲੇ ਯਾਤਰੂਆਂ ਨੂੰ ਜਥੇ 'ਚ ਸ਼ਾਮਲ ਹੋਣ ਲਈ ਵਿਚਾਰਿਆ ਨਹੀਂ ਜਾ ਸਕੇਗਾ।

ਬਾਬਾ ਅਟੱਲ ਰਾਏ ਅਤੇ ਬੁੰਗਾ ਰਾਮਗੜ੍ਹੀਆ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਰੱਖ-ਰਖਾਵ ਦਾ ਕੰਮ ਆਰੰਭ
ਅੰਮ੍ਰਿਤਸਰ 18 ਅਪ੍ਰੈਲ-ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਪਵਿੱਤਰ ਕੰਪਲੈਕਸ ਵਿਚ ਸਥਿਤ ਇਤਿਹਾਸਕ ਇਮਾਰਤਾਂ ਬਾਬਾ ਅਟੱਲ ਰਾਏ ਅਤੇ ਬੁੰਗਾ ਰਾਮਗੜ੍ਹੀਆ ਨੂੰ ਸਮੇਂ ਅਤੇ ਵਾਤਾਵਰਣ ਦੀ ਮਾਰ ਤੋਂ ਬਚਾਉਣ ਲਈ ਉਨ੍ਹਾਂ ਦੀ ਸਾਂਭ-ਸੰਭਾਲ ਦਾ ਕੰਮ ਅੱਜ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਰੰਭ ਕੀਤਾ ਗਿਆ। ਵਰਨਣਯੋਗ ਹੈ ਕਿ ਇਹ ਦੋਵੇਂ ਇਮਾਰਤਾਂ ਇਤਿਹਾਸਕਤਾ ਪੱਖੋਂ ਬਹੁਤ ਮਹੱਤਵਪੂਰਨ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਅਮਾਨਤ ਹਨ। ਜੇਕਰ ਇਹਨਾਂ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨਾ ਕੀਤੀ ਗਈ ਤਾਂ ਇਹ ਇਮਾਰਤਾਂ ਕਿਸੇ ਦਿਨ ਆਪਣੀ ਹੋਂਦ ਗੁਆ ਬੈਠਣਗੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਦੇ ਮੌਜੂਦਾ ਸਰੂਪ ਦੇ ਦੀਦਾਰ ਕਰਨ ਤੋਂ ਵਾਂਝੀਆਂ ਰਹਿ ਜਾਣਗੀਆਂ।
ਸ੍ਰੀ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚਾਲੇ ਸਥਿਤ ਬੁੰਗਾ ਰਾਮਗੜ੍ਹੀਆ ਦੀ ਇਮਾਰਤ 18ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਰੈਣ-ਬਸੇਰਾ ਦੇ ਨਾਲ-ਨਾਲ ਸੁਰੱਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਬਣਾਈ ਗਈ ਸੀ। ਇਹ ਇਮਾਰਤ ਨਾਨਕਸ਼ਾਹੀ ਇੱਟਾਂ, ਚੂਨੇ ਅਤੇ ਗਾਰੇ ਨਾਲ ਬਣੀ ਹੋਈ ਹੈ ਅਤੇ ਇਸਦੇ ਕੋਲੋਨੇਡ ਅਤੇ ਡਾਟਾਂ ਲਾਲ ਪੱਥਰ ਦੀਆਂ ਬਣੀਆਂ ਹੋਈਆਂ ਹਨ। ਪਵਿੱਤਰ ਕੰਪਲੈਕਸ ਵਿਚ ਸਥਿਤ ਦੂਸਰੀ ਇਮਾਰਤ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਦੀ ਹੈ ਜਿਸਦੀਆਂ ਨੌਂ ਮੰਜਲਾਂ ਹਨ। ਇਹ ਨੌਂ ਮੰਜਲਾਂ ਬਾਬਾ ਅਟੱਲ ਰਾਏ ਜੀ ਦੀ ਨੌਂ ਸਾਲ ਦੀ ਆਯੂ ਦਰਸਾਉਂਦੀਆਂ ਹਨ। ਅੱਠ ਭੁਜੀ ਇਸ ਇਮਾਰਤ ਦੀ ਸਭ ਤੋਂ ਹੇਠਲੀ ਮੰਜਲ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਅਤੇ ਉਪਰਲੇ ਸਿਰੇ 'ਤੇ ਗੁੰਬਦ ਸੋਨੇ ਵਿਚ ਮੜ੍ਹਿਆ ਹੋਇਆ ਹੈ। ਇਸ ਇਮਾਰਤ ਦੀ ਹੇਠਲੀ ਮੰਜਲ 'ਤੇ 10 ਫੁੱਟ ਤੀਕ ਸੰਗਮਰਮਰ ਲੱਗਿਆ ਹੋਇਆ ਹੈ ਅਤੇ ਇਮਾਰਤ ਦੇ ਅੰਦਰ ਬਹੁਤ ਪੁਰਾਣੀਆਂ ਕਲਾ-ਕਿਰਤੀਆਂ ਬਣੀਆਂ ਹੋਈਆਂ ਹਨ। ਸਮੇਂ ਦੇ ਬੀਤਣ ਨਾਲ ਅਤੇ ਸਲ੍ਹਾਬ ਦੇ ਕਾਰਨ ਸੰਗਮਰਮਰ ਅਤੇ ਕਲਾ-ਕਿਰਤੀਆਂ ਖਰਾਬ ਹੋ ਰਹੀਆਂ ਹਨ। ਜਿਨਾਂ ਨੂੰ ਸੰਭਾਲਣ ਲਈ ਮਾਹਰਾਂ ਦੀ ਇਕ ਕਮੇਟੀ ਬਣਾਈ ਗਈ ਹੈ ਜਿਸਦੀ ਨਿਗਰਾਨੀ ਅਤੇ ਦਿਸ਼ਾ-ਨਿਰਦੇਸ਼ ਹੇਠ ਇਹਨਾਂ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ ਕੀਤੀ ਜਾਵੇਗੀ।
ਦੋਵਾਂ ਇਮਾਰਤਾਂ ਦੇ ਰੱਖ-ਰਖਾਵ ਦੇ ਕੰਮ ਦਾ ਆਰੰਭ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਹ ਦੋਵੇਂ ਇਮਾਰਤਾਂ ਕੌਮ ਦਾ ਅਮੁੱਲਾ ਸਰਮਾਇਆ ਹਨ ਅਤੇ ਇਹਨਾਂ ਦੀ ਸਾਂਭ-ਸੰਭਾਲ ਸ਼੍ਰੋਮਣੀ ਕਮੇਟੀ ਦੀ ਪ੍ਰਮੁੱਖ ਜਿੰਮੇਵਾਰੀ ਹੈ। ਉਹਨਾਂ ਕਿਹਾ ਕਿ ਭਾਵੇਂ ਕਿੰਨਾ ਵੀ ਖਰਚ ਆਵੇ ਸ਼੍ਰੋਮਣੀ ਕਮੇਟੀ ਇਨ੍ਹਾਂ ਇਤਿਹਾਸਕ ਇਮਾਰਤਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਰੱਖੇਗੀ।
ਨੰ: 1369/18-4-08 (ਪਰਮਜੀਤ ਸਿੰਘ)

ਸਪੋਕਸਮੈਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅ-ਸਤਿਕਾਰ ਦੀ ਭਾਵਨਾ ਪੈਦਾ ਕਰਨ ਦੀਆਂ ਕੁਚਾਲਾਂ ਤੋਂ ਬਾਜ ਆਵੇ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ 18 ਅਪ੍ਰੈਲ- ''ਖਰੜ ਗਿਆਨੀਆਂ ਤੇ ਗੁਰੂ ਨਿੰਦਕਾਂ ਦੀ ਟਕਸਾਲ ਦੇ ਤੌਰ 'ਤੇ ਜਾਣੇ ਜਾਂਦੇ ਮੋਹਾਲੀ ਤੋਂ ਪ੍ਰਕਾਸ਼ਤ ਅਖ਼ਬਾਰ ਰੋਜ਼ਾਨਾ ''ਸਪੋਕਸਮੈਨ'' ਵਲੋਂ ਸਿੱਖ ਹਿਰਦੇ ਵਲੂੰਧਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਆਪਣੇ ਆਪ ਨੂੰ ਬੁੱਧੀਜੀਵੀ ਅਖਵਾਉਂਦੇ ਇਹ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅ-ਸਤਿਕਾਰ ਦੀ ਭਾਵਨਾ ਪੈਦਾ ਕਰਨ ਤੋਂ ਵੀ ਬਾਜ ਨਹੀਂ ਆਉਂਦੇ'' ਇਹ ਸ਼ਬਦ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ''ਸਪੋਕਸਮੈਨ'' ਦੇ 12 ਅਪ੍ਰੈਲ ਦੇ ਪਰਚੇ ਵਿਚ ਕਿਸੇ ਹਰੀ ਰਤਨ ਯੁਕਤਾ ਦੇ ''ਇਕ ਪ੍ਰਸ਼ਨ ਇਕ ਜਗਿਆਸੂ ਦਾ'' ਮੱਥਾ ਟੇਕਣ ਵਰਗੇ ਪੂਜਾ ਦੇ ਬ੍ਰਾਹਮਣੀ ਢੰਗ ਸਿੱਖਾਂ ਵਿਚੋਂ ਕਦੋਂ ਤੇ ਕਿਥੇ ਆ ਗਏ? ਸਿਰਲੇਖ ਹੇਠ ਛਪੇ ਇਕ ਲੇਖ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਲੇਖਕ ਨੇ ਇਹ ਝੂਠਾ ਤੇ ਤੱਤਹੀਣ ਦਾਅਵਾ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੀ ਹਦਾਇਤ ਗੁਰੂ ਸਾਹਿਬ ਨੇ ਨਹੀਂ ਸੀ ਕੀਤੀ ਅਤੇ ਇਹ ਇਕ ਬ੍ਰਾਹਮਣੀ ਪੰਥ ਪਰੰਪਰਾ ਹੈ। ਇਸ ਲੇਖਕ ਤੇ ਆਪਣੀ ਇਸ ਮੰਦੀ ਸੋਚ ਨੂੰ ਅੰਜਾਮ ਦੇਣ ਲਈ ਸ਼ਬਦ ਗੁਰੂ ਦੇ ਸਿਧਾਂਤ ਦਾ ਜ਼ਿਕਰ ਹੀ ਨਹੀਂ ਕੀਤਾ ਕਿਉਂ ਕਿ ਇਹ ਸਿਧਾਂਤ ਇਕੱਲਾ ਹੀ ਲੇਖਕ ਦੀ ਨਵੀਨ ਵਿਚਾਰਧਾਰਾ ਦਾ ਖੰਡਨ ਕਰਦਾ ਹੈ। ਇਹ ਲੇਖ ਸਵੈ-ਵਿਰੋਧੀ ਹੀ ਨਹੀਂ ਬਲਕਿ ਇਹ ਇਸਦੇ ਸਿਰਲੇਖ ਦੇ ਵੀ ਉਲਟ ਹੈ। ਸਿਰਲੇਖ ਹੈ ''ਇਕ ਪ੍ਰਸ਼ਨ ਇਕ ਜਗਿਆਸੂ ਦਾ'', ਪਰ ਲੇਖਕ ਦੀ ਮੰਦੀ ਭਾਵਨਾ ਨਾਲ ਲਿਖਿਆ ਲੇਖ ਕੋਈ ਪ੍ਰਸ਼ਨ ਨਹੀਂ ਨਾ ਹੀ ਕੋਈ ਸਵਾਲ ਹੈ ਬਲਕਿ ਲੇਖਕ ਆਪ ਹੀ ਆਪਣੇ ਪ੍ਰਸ਼ਨ ਦਾ ਸਪੱਸ਼ਟੀਕਰਨ ਵੀ ਦੇ ਰਿਹਾ ਹੈ ਜਿਸ ਦਾ ਕੋਈ ਅਧਾਰ ਨਹੀਂ ਹੈ। ਲੇਖ ਦਾ ਸਿਰਲੇਖ ਹੀ ਸ਼ਰਾਰਤ ਪੂਰਨ ਹੈ ਤੇ ਸਪੋਕਸਮੈਨ ਦੀ ਨਵੀਨ ਸੋਚ ਦੀ ਨਵੀਨ ਕੁਚੇਸ਼ਟਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਾਂ ਦੀ ਸਿਰਮੌਰ ਨੁਮਾਇੰਦਾ ਸੰਸਥਾ ਹੋਣ ਦੇ ਨਾਤੇ ਇਸ ਲੇਖ ਦੀ ਪੁਰਜ਼ੋਰ ਨਿੰਦਾ ਹੀ ਨਹੀਂ ਕਰਦੀ ਬਲਕਿ ਸਾਰੀਆਂ ਸੰਪਰਦਾਵਾਂ ਤੇ ਜਥੇਬੰਦੀਆਂ ਨੂੰ ਇਹ ਪੰਥ ਵਿਰੋਧੀ ਗੁਰੂ ਨਿੰਦਕਾਂ ਤੇ ਉਨ੍ਹਾਂ ਦੇ ਸਮਰਥਨ ਕਰਨ ਵਾਲਿਆਂ ਦੇ ਵਿਰੁੱਧ ਕਾਨੂੰਨੀ ਲੜਾਈ ਦਾ ਵੀ ਸੰਕਲਪ ਕਰਦੀ ਹੈ। ਇਹ ਗੁਰੂ ਨਿੰਦਕ ਆਪਣੇ ਆਪ ਨੂੰ ਜਗਿਆਸੂ ਵੀ ਕਹਿ ਰਿਹਾ ਹੈ ਅਤੇ ਆਪਣੇ ਆਪ ਨੂੰ ਉਸ ਅਧਿਆਤਮਕ ਅਵਸਥਾ ਦਾ ਧਾਰਨੀ ਵੀ ਦੱਸ ਰਿਹਾ ਹੈ ਜਿਸ ਅਵਸਥਾ ਵਿਚ ਮੋਲਾਨਾ ਰੂਮ, ਬੁਲੇ ਸ਼ਾਹ, ਕ੍ਰਿਸ਼ਨ ਜੀ ਆਦਿ ਪਹੁੰਚੇ ਸਨ।
ਉਨ੍ਹਾਂ ਕਿਹਾ ਹੈ ਕਿ ਸਪੋਕਸਮੈਨ ਪਿਛਲੇ 15 ਸਾਲਾਂ ਤੋਂ ਸਿੱਖ ਸਿਧਾਂਤਾਂ ਦਾ ਵਿਰੋਧ ਹੀ ਨਹੀਂ ਕਰ ਰਿਹਾ ਬਲਕਿ ਆਪਣੇ ਅਖ਼ਬਾਰ ਤੇ ਰਸਾਲੇ ਨੂੰ ਪੰਥ ਵਿਰੋਧੀ ਸਿਆਸੀ ਤਾਕਤਾਂ ਕੋਲ ਗਿਰਵੀ ਰੱਖ ਕੇ ਗੁਰੂ ਨਿੰਦਕ ਗਤੀਵਿਧੀਆਂ ਕਰ ਰਿਹਾ ਹੈ ਜੋ ਕਿ ਗੁਰੂ ਕਾਲ ਵਿਚ ਮੀਣੇ, ਮਸੰਦ, ਧੀਰ ਮਲੀਏ, ਰਾਮ ਰਾਈਏ, ਅਜੀਤ ਮਲੀਏ, ਮਿਸਲ ਕਾਲ ਵਿਚ ਨਿਰਜਣੀਏ ਤੇ ਵਰਤਮਾਨ ਕਾਲ ਵਿਚ ਨਿਰੰਕਾਰੀਏ ਆਦਿ ਕਰ ਚੁਕੇ ਹਨ। ਸਿੱਖ ਕੌਮ ਨੇ ਗੁਰੂ ਕਾਲ ਤੋਂ ਹੀ ਇਹੋ ਜਿਹੀਆਂ ਪੰਥ ਵਿਰੋਧੀ ਤਾਕਤਾਂ ਦਾ ਵਿਰੋਧ ਹੀ ਨਹੀਂ ਕੀਤਾ ਬਲਕਿ ਇਨ੍ਹਾਂ ਨੂੰ ਇਹੋ ਜਿਹੀਆਂ ਕੋਝੀਆਂ ਤੇ ਗੁਰੂ ਨਿੰਦਕ ਹਰਕਤਾਂ ਲਈ ਇਨ੍ਹਾਂ ਨਾਲ ਕੋਈ ਵਾਸਤਾ ਨਾ ਰੱਖਣ ਦੇ ਆਦੇਸ਼ ਵੀ ਦਿਤੇ ਜਿਨ੍ਹਾਂ ਨੂੰ ਸਿੱਖ ਕੌਮ ਹੁਣ ਤੱਕ ਮੰਨਦੀ ਆ ਰਹੀ ਹੈ ਅਤੇ ਅੱਗੋਂ ਵੀ ਮੰਨੇਗੀ। ਇਹ ਲੜਾਈ ਸਿਆਸੀ ਨਹੀਂ ਬਲਕਿ ਸਿਧਾਂਤਕ ਹੈ ਅਤੇ ਸਿਧਾਂਤਾਂ ਦੀ ਰਾਖੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਕੌਮ ਤੇ ਪੰਥ ਦਰਦੀਆਂ ਨੂੰ ਸਪੋਕਸਮੈਨ ਦੇ ਖਿਲਾਫ ਇਕ ਪਲੇਟਫਾਰਮ 'ਤੇ ਇਕੱਠਾ ਕਰਨ ਲਈ ਵਚਨਬੱਧ ਹੈ।
ਨੰ: 1370/18-4-08 (ਪਰਮਜੀਤ ਸਿੰਘ)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਵਚ ਦੀ ਪ੍ਰਮਾਣਿਕਤਾ ਲਈ ਸਬ-ਕਮੇਟੀ ਗਠਿਤ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ 2 ਅਪ੍ਰੈਲ:-ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਵਚ ਨਿਲਾਮੀ ਸਬੰਧੀ ਅਖ਼ਬਾਰਾਂ 'ਚ ਛਪੀਆਂ ਖਬਰਾਂ ਨੂੰ ਮੱਦੇ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਸ ਕਵਚ ਦੀ ਨਿਲਾਮੀ ਰੋਕਣ ਅਤੇ ਇਸਦੀ ਪ੍ਰਮਾਣਿਕਤਾ ਸਬੰਧੀ ਵਿਦਵਾਨਾਂ 'ਤੇ ਅਧਾਰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਛੇ ਮੈਂਬਰੀ ਸਬ-ਕਮੇਟੀ ਦਾ ਗਠਨ ਕੀਤਾ ਹੈ।
ਇਥੋਂ ਜਾਰੀ ਇਕ ਪ੍ਰੈਸ ਰਲੀਜ਼ 'ਚ ਜਥੇਦਾਰ ਅਵਤਾਰ ਸਿੰਘ ਨੇ ਡਾ: ਜਸਦੇਵ ਸਿੰਘ ਜੀ ਰਾਏ (ਲੰਡਨ), ਬਾਬਾ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਬਰਮਿੰਘਮ (ਯੂ.ਕੇ), ਡਾ: ਖੜਕ ਸਿੰਘ ਜੀ ਚੰਡੀਗੜ੍ਹ, ਡਾ: ਗੁਰਨੇਕ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ: ਸੁਖਦਿਆਲ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ: ਬਲਵੰਤ ਸਿੰਘ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਤੇ ਅਧਾਰਤ ਸਬ-ਕਮੇਟੀ ਗਠਿਤ ਕੀਤੀ ਹੈ ਜੋ ਇਸ ਕਵਚ ਦੀ ਨਿਲਾਮੀ ਰੁਕਵਾਉਣ ਲਈ ਇਤਿਹਾਸਕ ਪ੍ਰਮਾਣਿਕਤਾ ਸਬੰਧੀ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਲਈ ਲੋੜ ਪੈਣ 'ਤੇ ਲੰਡਨ (ਯੂ.ਕੇ) ਵੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਹਰਬੇਅੰਤ ਸਿੰਘ ਇਸ ਨੂੰ ਕੁਆਰਡੀਨੇਟ ਕਰਨਗੇ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਜੀ ਦੇ ਨਾਲ ਸਬੰਧਤ ਕਵਚ ਇਤਿਹਾਸਕ ਵਸਤਾਂ ਸਿੱਖ ਜਗਤ ਦਾ ਬਹੁਮੁੱਲਾ,ਬੇਸ਼ਕੀਮਤੀ ਤੇ ਨਾਯਾਬ ਖਜ਼ਾਨਾ ਹੈ, ਇਸ ਦੀ ਨਿਲਾਮੀ ਰੁਕਵਾਉਣ ਅਤੇ ਇਤਿਹਾਸਿਕ ਪ੍ਰਮਾਣਿਕਤਾ ਸਬੰਧੀ ਖੋਜ ਲਈ ਤੁਰੰਤ ਸੰਜੀਦਾ ਕਾਰਵਾਈ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਦਿੱਲੀ ਸਥਿਤ ਯੂ.ਕੇ. ਹਾਈ ਕਮਿਸ਼ਨ ਨੂੰ ਵੀ ਪੱਤਰ ਲਿਖ ਚੁਕੇ ਹਨ। ਇਸ ਮੌਕੇ ਉਨ੍ਹਾਂ ਯੂ.ਕੇ. ਦੇ ਸਿੱਖ ਸੰਗਠਨਾਂ ਤੇ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਯਤਨਾਂ ਰਾਹੀਂ ਯੂ.ਕੇ. ਸਰਕਾਰ ਪਾਸ ਪਹੁੰਚ ਕਰਕੇ ਇਸ ਕਵਚ ਦੀ ਨਿਲਾਮੀ ਨੂੰ ਰੱਦ ਕਰਨ ਲਈ ਜ਼ੋਰ ਪਾਉਣ।
ਨੰ: 1354/2-4-08
(ਪਰਮਜੀਤ ਸਿੰਘ)

ਧਾਰਮਿਕ ਪ੍ਰੀਖਿਆ 'ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਇਸ ਸਾਲ , 14 ਲੱਖ 30 ਹਜ਼ਾਰ ਰੁਪਏ ਵਜ਼ੀਫੇ ਵਜੋਂ ਦਿਤੇ ਜਾਣਗੇ-ਹਰਬੇਅੰਤ ਸਿੰਘ, 2007 ਦੀ ਪ੍ਰੀਖਿਆ 'ਚ ਅੱਵਲ ਆਉਣ ਵਾਲਿਆਂ ਦੀ ਸੂਚੀ ਜ਼ਾਰੀ, ਇਸ ਵਾਰ ਦੀ ਪ੍ਰੀਖਿਆ 'ਚ ਲੜਕੀਆਂ ਅੱਗੇ ਰਹੀਆਂ, ਜਥੇ: ਅਵਤਾਰ ਸਿੰਘ ਵਲੋਂ ਮੁਬਾਰਕਾਂ

ਅੰਮ੍ਰਿਤਸਰ 2 ਅਪ੍ਰੈਲ:- ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਜੋੜਨ ਲਈ ਸਿੱਖ ਇਤਿਹਾਸ, ਸਿੱਖ ਰਹਿਤ ਮਰਯਾਦਾ ਤੇ ਗੁਰਬਾਣੀ ਸਬੰਧੀ ਵਿਸ਼ੇਸ਼ ਸਿਲੇਬਸ 'ਚ ਹਰ ਸਾਲ ਅਕਤੂਬਰ-ਨਵੰਬਰ ਮਹੀਨੇ 'ਚ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਦੇ ਵੱਖ-ਵੱਖ ਕੈਟਾਗਿਰੀਆਂ 'ਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲਿਆਂ ਨੂੰ ਚੌਦਾਂ ਲੱਖ ਤੀਹ ਹਜ਼ਾਰ ਰੁਪੈ ਤੋਂ ਵੱਧ ਰਕਮ ਵਜੀਫਿਆਂ ਦੇ ਰੂਪ ਵਿਚ ਦਿੱਤੀ ਜਾਂਦੀ ਹੈ ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਹਰਬੇਅੰਤ ਸਿੰਘ ਨੇ ਨਵੰਬਰ 2007 'ਚ ਧਰਮ ਪ੍ਰਚਾਰ ਕਮੇਟੀ ਵਲੋਂ ਲਈ ਪ੍ਰੀਖਿਆ ਦੇ ਨਤੀਜੇ 'ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦੀ ਸੂਚੀ ਜ਼ਾਰੀ ਕਰਦਿਆਂ ਦਿੱਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਧਾਰਮਿਕ ਪ੍ਰੀਖਿਆ 'ਚ ਵਧੀਆ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਗੁਰਮਤਿ 'ਚ ਪ੍ਰਪੱਕ ਹੋਣ ਤੇ ਭਵਿੱਖ 'ਚ ਹੋਰ ਸਖਤ ਮੇਹਨਤ ਕਰਨ ਦੀ ਪ੍ਰੇਰਨਾ ਕੀਤੀ।
ਇਥੋਂ ਜਾਰੀ ਇਕ ਪ੍ਰੈਸ ਰਲੀਜ਼ 'ਚ ਉਨ੍ਹਾਂ ਦੱਸਿਆ ਕਿ ਨਵੰਬਰ 2007 'ਚ ਪਹਿਲੇ, ਦੂਜੇ, ਤੀਜੇ ਤੇ ਚੌਥੇ ਦਰਜੇ ਦੀ ਪ੍ਰੀਖਿਆ 'ਚ 17915 ਵਿਦਿਆਰਥੀ ਸ਼ਾਮਲ ਹੋਏ। ਇਨ੍ਹਾਂ ਵਿਚੋਂ ਪਹਿਲੇ, ਦੂਜੇ, ਤੀਜੇ ਤੇ ਚੌਥੇ ਦਰਜੇ 'ਚ ਅੱਵਲ ਆਉਣ ਵਾਲੇ 250,250,200 ਤੇ 50 ਵਿਦਿਆਰਥੀਆਂ ਨੂੰ ਕਰਮਵਾਰ ਪ੍ਰਤੀ ਵਿਦਿਆਰਥੀ 1200 ਰੁਪੈ ਅਤੇ 1800, 2400 ਤੇ 4000 ਰੁਪੈ ਸਲਾਨਾ (ਯੱਕਮੁਸ਼ਤ) ਵਜੀਫੇ ਦਿੱਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਸਾਲ 2007 ਦੀ ਪ੍ਰੀਖਿਆ 'ਚੋਂ ਪਹਿਲੇ ਦਰਜੇ 'ਚ ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ (ਤਰਨ ਤਾਰਨ) ਦੀ ਵਿਦਿਆਰਥਣ ਬੀਬੀ ਨਵਪ੍ਰੀਤ ਕੌਰ ਸਪੁੱਤਰੀ ਸ. ਜਸਵੰਤ ਸਿੰਘ ਰੋਲ ਨੰ: 6150 ਤੇ ਸ੍ਰੀ ਗੁਰੂ ਤੇਗ ਬਹਾਦਰ ਹਾਈ ਸਕੂਲ ਜੋਗੀ ਚੀਮਾਂ (ਗੁਰਦਾਸਪੁਰ) ਦੀ ਵਿਦਿਆਰਥਣ ਬੀਬੀ ਵਿਪਨਦੀਪ ਕੌਰ ਸਪੁੱਤਰੀ ਸ. ਅਪਰਿੰਦਰ ਸਿੰਘ ਰੋਲ ਨੰਬਰ 6297 ਦੋਹਾਂ ਨੇ 230-230 ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ, ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ (ਤਰਨ ਤਾਰਨ) ਦੀ ਵਿਦਿਆਰਥਣ ਬੀਬੀ ਡਿੰਪਲਜੀਤ ਕੌਰ ਸਪੁੱਤਰੀ ਸ. ਗੁਰਜਿੰਦਰ ਸਿੰਘ ਰੋਲ ਨੰਬਰ 6151 ਨੇ 228 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਉਕਤ ਸਕੂਲ ਦੀ ਹੀ ਵਿਦਿਆਰਥਣ ਬੀਬੀ ਮਨਪ੍ਰੀਤ ਕੌਰ ਸਪੁੱਤਰੀ ਸ. ਰਣਧੀਰ ਸਿੰਘ ਰੋਲ ਨੰ: 6152 ਤੇ ਦਸਮੇਸ਼ ਪਬਲਿਕ ਸਕੂਲ ਮਹਿਣੀਆਂ ਕੁਹਾਰਾਂ (ਅੰਮ੍ਰਿਤਸਰ) ਦੀ ਵਿਦਿਆਰਥਣ ਬੀਬੀ ਮਨਦੀਪ ਕੌਰ ਸਪੁੱਤਰੀ ਸ. ਸੁਖਦੇਵ ਸਿੰਘ ਰੋਲ ਨੰ: 2882, ਦੋਹਾਂ ਨੇ 227-227 ਨੰਬਰ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਦੂਜੇ ਦਰਜੇ ਵਿਚ ਬਾਬਾ ਗੁਰਮੁੱਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ (ਤਰਨ ਤਾਰਨ) ਦੀ ਵਿਦਿਆਰਥਣ ਬੀਬੀ ਨਵਜੋਤ ਕੌਰ ਸਪੁੱਤਰੀ ਸ. ਹਰਜਿੰਦਰ ਸਿੰਘ ਰੋਲ ਨੰ: 5208 ਨੇ 228 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਇਸੇ ਸਕੂਲ ਦੀ ਵਿਦਿਆਰਥਣ ਬੀਬੀ ਪ੍ਰਭਦੀਪ ਕੌਰ ਸਪੁੱਤਰੀ ਸ. ਬਲਦੇਵ ਸਿੰਘ ਰੋਲ ਨੰ: 5207 ਨੇ 227 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਸ਼ਹੀਦ ਗੰਜ ਖਾਲਸਾ ਮੈਮੋਰੀਅਲ ਸਕੂਲ ਰੇਲਵੇ ਬੀ-ਬਲਾਕ, ਅੰਮ੍ਰਿਤਸਰ ਦੀ ਵਿਦਿਆਰਥਣ ਬੀਬੀ ਬਲਜਿੰਦਰ ਕੌਰ ਸਪੁੱਤਰੀ ਸ. ਹੀਰਾ ਸਿੰਘ ਰੋਲ ਨੰ: 393 ਨੇ 223 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਤੀਜੇ ਦਰਜੇ ਵਿਚ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ (ਗੁਰਦਾਸਪੁਰ) ਦੀ ਵਿਦਿਆਰਥਣ ਬੀਬੀ ਸੁਖਮੀਤ ਕੌਰ ਸਪੁੱਤਰੀ ਸ. ਸੁਖਦੇਵ ਸਿੰਘ ਰੋਲ ਨੰ: 611 ਨੇ 224 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਇਸੇ ਹੀ ਕਾਲਜ ਦੀ ਵਿਦਿਆਰਥਣ ਬੀਬੀ ਕੁ