ਪੀਲ ਬੋਰਡ ਦੇ ਬੱਚਿਆਂ ਦੇ ਮਾਪਿਆਂ ਲਈ ਸਾਲਾਨਾ ਕਾਨਫਰੰਸ। ਅਜਿਹੇ ਯਤਨ ਸਾਡੇ ਭਵਿੱਖ ਨੂੰ ਚੰਗਾ ਬਣਾਉਣ ਲਈ ਸਹਾਈ ਹੁੰਦੇ ਹਨ।
ਮਿਸੀਸਾਗਾ: (ਟਹਿਲ ਸਿੰਘ ਬਰਾੜ) ਪੀਲ ਡਿਸਟ੍ਰਿਕਟ ਬੋਰਡ ਦੇ ਬੱਚਿਆਂ ਦੇ ਮਾਪਿਆਂ ਲਈ ਬੋਰਡ ਵਲੋਂ ਸਾਲਾਨਾ ਕਾਨਫਰੰਸ ਇਸ ਸਾਲ ਮਿਸੀਸਾਗਾ ਸੈਕੰਡਰੀ ਸਕੂਲ, ਜੋ ਕਿ 550 ਕੋਰਟਨੀ ਪਾਰਕ ਡਰਾਈਵ (ਵੈਸਟ) ਤੇ ਸਥਿੱਤ ਹੈ, ਵਿਖੇ ਹੋ ਰਹੀ ਹੈ। ਆਪ ਸਭ ਨੂੰ ਇਸ ਦੌਰਾਨ ਸਵਾ ਦੋ ਘੰਟੇ ਦੀ ਪੰਜਾਬੀ ਵਿੱਚ ਹੋ ਰਹੀ ਵਰਕਸ਼ਾਪ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ। ਇਹ ਵਰਕਸ਼ਾਪ 29 ਮਾਰਚ, 2008, ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12:15 ਵਜੇ ਤੱਕ ਹੋਵੇਗੀ। ਇਸ ਦੌਰਾਨ ਬੱਚਿਆਂ ਲਈ ਚੰਗੇਰੀ ਸਿੱਖਿਆ ਨਾਲ਼ ਸੰਬੰਧਤ ਗੱਲਾਂ-ਬਾਤਾਂ ਹੋਣਗੀਆਂ। ਆਪਸ ਵਿੱਚ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲੇਗਾ।
ਇਸ ਪੰਜਾਬੀ ਦੀ ਵਰਕਸ਼ਾਪ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਸਾਰੇ ਪ੍ਰੋਗਰਾਮ ਸਵੇਰੇ 9:00 ਵਜੇ ਸ਼ੁਰੂ ਹੋ ਜਾਣਗੇ। ਹਰ ਸਾਲ ਤਕਰੀਬਨ 1300 ਦੇ ਕਰੀਬ ਮਾਪੇ ਇਸ ਕਾਨਫਰੰਸ ਵਿੱਚ ਹਿੱਸਾ ਲੈਂਦੇ ਹਨ। ਚਾਹ ਪਾਣੀ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਬੱਚਿਆਂ ਦੀ ਮੱਦਦ ਲਈ ਕੰਮ ਆਉਣ ਵਾਲ਼ੀ ਸਮੱਗਰੀ ਦੇ ਨਾਲ਼-ਨਾਲ਼ ਹੋਰ ਇਨਾਮ ਜਿੱਤਣ ਦਾ ਮੌਕਾ ਵੀ ਮਿਲੇਗਾ। ਸੋ ਆਓ, ਹਿੱਸਾ ਲਓ, ਸਿੱਖੋ, ਅਤੇ ਇਸ ਸਿੱਖਿਆ ਨੂੰ ਵਰਤ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਆਪਣਾ ਬਣਦਾ ਯੋਗਦਾਨ ਪਾਓ ਜੀ!
ਦਾਖਲਾ ਅਤੇ ਖਾਣਾ ਮੁਫ਼ਤ ਹੈ। ਇਸ ਵਰਕਸ਼ਾਪ ਲਈ ਨਾਮ ਦਰਜ ਕਰਵਾਉਣ ਲਈ ਤੁਹਾਡੇ ਬੱਚੇ ਦਾ ਸਕੂਲ ਮੱਦਦ ਕਰ ਸਕਦਾ ਹੈ। ਹੋਰ ਜਾਣਕਾਰੀ ਲਈ 416-471-9723, 905-302-1622 ਜਾਂ ਸ: ਗੁਰਨਾਮ ਸਿੰਘ ਢਿੱਲੋਂ ਨੂੰ (905) 794-2577 ਤੇ ਫ਼ੋਨ ਕਰ ਸਕਦੇ ਹੋ।

 

'ਪੰਜਾਬੀ ਨੂੰ ਕਨੇਡਾ ਦੀ ਬੋਲੀ ਮੰਨਿਆ ਜਾਵੇ'

ਹਰਪ੍ਰੀਤ ਸੇਖਾ


(ਤਸਵੀਰ ਵਿਚ ਖੱਬਿਓਂ ਸੱਜੇ: ਬਲਵੰਤ ਸੰਘੇੜਾ, ਸਾਧੂ ਬਿਨਿੰਗ, ਰਘਬੀਰ ਸਿੰਘ ਸਿਰਜਣਾ, ਐਨ ਮਰਫੀ, ਜੇ ਪੀ ਸ਼ੇਸਨ)

ਇਹ ਮਤਾ ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ(ਪਲੀ) ਵੱਲੋਂ ਮਨਾਏ ਗਏ ਛੇਵੇਂ ਅੰਤਰਰਾਸ਼ਟਰੀ ਮਾਂ-ਬੋਲੀ ਦਿਨ 'ਤੇ 24 ਫਰਵਰੀ ਦਿਨ ਐਤਵਾਰ ਨੂੰ ਸਰੀ ਦੇ ਹਵੇਲੀ ਰੈਸਟੋਰੈਂਟ ਵਿੱਚ ਤਾੜੀਆਂ ਦੀ ਗੂੰਜ ਨਾਲ ਪਾਸ ਕੀਤਾ ਗਿਆ।

ਭਰਵੀਂ ਗਿਣਤੀ ਵਿੱਚ ਪਹੁੰਚੇ ਲੋਕਾਂ ਨੂੰ ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਜੀਅ ਆਇਆਂ ਆਖ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਅਤੇ ਮੰਚ ਸੰਚਾਲਨ ਦੀ ਜਿੰਮੇਵਾਰੀ ਰਮਿੰਦਰਜੀਤ ਧਾਮੀ ਨੂੰ ਸੌਂਪ ਦਿੱਤੀ।

ਪਲੀ ਮੈਂਬਰ ਅਮਨ ਤੱਗੜ ਵੱਲੋਂ ਪੰਜਾਬ ਵਿੱਚ ਪੰਜਾਬੀ ਦੀ ਦਸ਼ਾ ਬਾਰੇ ਤਿਆਰ ਕੀਤੀ ਵੀਡੀਓ ਇਸ ਮੌਕੇ ਦਿਖਾਈ ਗਈ। ਇਸ ਵੀਡੀਓ ਰਾਹੀਂ ਪੰਜਾਬ ਸਰਕਾਰ ਵੱਲੋਂ ਅੰਗ੍ਰੇਜ਼ੀ ਵਿੱਚ ਭੇਜੇ ਜਾਂਦੇ ਸੱਦਾ ਪੱਤਰ, ਵਿਦਿਅਕ ਅਦਾਰਿਆਂ ਦੇ ਬੋਰਡ, ਸੜਕਾਂ ਉੱਪਰ ਲੱਗੇ ਦਿਸ਼ਾ ਨਿਰਦੇਸ਼ ਬੋਰਡ ਅਤੇ ਇਸ਼ਤਿਹਾਰਬਾਜੀ ਲਈ ਅੰਗ੍ਰੇਜ਼ੀ ਦੀ ਖੁੱਲ੍ਹ ਕੇ ਕੀਤੀ ਜਾਂਦੀ ਵਰਤੋਂ ਦਿਖਾਈ ਗਈ।

ਪਹਿਲੇ ਸੈਸ਼ਨ ਦੇ ਸ਼ੁਰੂ ਵਿਚ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਪੰਜਾਬੀ ਅਧਿਆਪਕ ਸਾਧੂ ਬਿਨਿੰਗ ਨੇ ਆਪਣੇ ਲੇਖ 'ਕਨੇਡਾ ਵਿੱਚ ਪੰਜਾਬੀ ਬੋਲੀ ਦੇ 110 ਵਰ੍ਹੇ' ਰਾਹੀਂ ਤੱਥਾਂ 'ਤੇ ਅਧਾਰਤ ਕਨੇਡਾ ਵਿੱਚ ਪੰਜਾਬੀ ਬੋਲੀ ਦੇ ਵਿਕਾਸ ਉੱਪਰ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ 1910 ਵਿੱਚ ਵੈਨਕੂਵਰ ਤੋਂ ਪੰਜਾਬੀ ਦਾ ਪਹਿਲਾ ਅਖ਼ਬਾਰ 'ਸੁਦੇਸ਼ ਸੇਵਕ' ਗੁਰਮੁਖੀ ਲਿਪੀ ਵਿੱਚ ਸ਼ੁਰੂ ਕੀਤਾ ਗਿਆ। ਇਸ ਤੋਂ ਦੋ ਸਾਲ ਬਾਅਦ ਵਿਕਟੋਰੀਆ ਤੋਂ ਸੰਸਾਰ ਨਾਂ ਦਾ ਅਖਬਾਰ ਕੱਢਿਆ ਗਿਆ। ਉਨ੍ਹਾਂ ਦਿਨਾਂ 'ਚ ਕਨੇਡਾ ਆਏ ਕਈ ਪਹਿਲਾਂ ਅਨਪੜ੍ਹ ਪੰਜਾਬੀਆਂ ਨੇ ਇਹ ਅਖਬਾਰ ਪੜ੍ਹਨ ਖਾਤਿਰ ਹੀ ਪੰਜਾਬੀ ਪੜ੍ਹਨੀ-ਲਿਖਣੀ ਸਿੱਖੀ। ਉਨ੍ਹਾਂ ਅੱਗੇ ਦੱਸਿਆ ਕਿ 1970 ਵਿਆਂ ਵਿੱਚ ਪੰਜਾਬੀਆਂ ਦੇ ਵੱਡੀ ਗਿਣਤੀ ਵਿੱਚ ਕਨੇਡਾ ਪਹੁੰਚਣ ਨਾਲ ਕਨੇਡਾ ਵਿੱਚ ਪੰਜਾਬੀ ਬੋਲੀ ਦਾ ਤੇਜ਼ੀ ਨਾਲ ਵਿਕਾਸ ਹੋਇਆ। ਯੂ ਬੀ ਸੀ ਵਿੱਚ 1987 ਨੂੰ ਚੇਅਰ ਸਥਾਪਤ ਹੋਣ ਨਾਲ ਅਤੇ 1994 ਵਿੱਚ ਪੰਜਾਬੀ ਬੋਲੀ ਨੂੰ ਬੀ ਸੀ ਦੇ ਵਿਦਿਆ ਮਹਿਕਮੇ ਵਲੋਂ ਦੂਜੀ ਭਾਸ਼ਾ ਦੇ ਤੌਰ 'ਤੇ ਸਕੂਲਾਂ ਵਿੱਚ ਪੜਾਉਣਾ ਲਾਗੂ ਕਰਨ ਨਾਲ ਵਿਕਾਸ ਵਿੱਚ ਹੋਰ ਵੀ ਤੇਜ਼ੀ ਆਈ।

ਇਸ ਦਿਨ ਭਰ ਦੇ ਪ੍ਰੌਗਰਾਮ ਦੇ ਦੂਜੇ ਸੈਸ਼ਨ ਵਿਚ ਪੰਜਾਬੀ ਵਪਾਰਕ ਭਾਈਚਾਰੇ ਵਲੋਂ ਪੰਜਾਬੀ ਬੋਲੀ ਦੇ ਵਿਕਾਸ ਵਿਚ ਨਿਭਾਈ ਜਾਂਦੀ ਭੂਮਿਕਾ ਬਾਰੇ ਇੱਕ ਪੈਨਲ ਡਿਸਕਸ਼ਨ ਹੋਈ। ਇਸ ਹਿੱਸੇ ਦਾ ਸੰਚਾਲਨ ਸੁਖਵੰਤ ਹੁੰਦਲ ਨੇ ਕੀਤਾ। ਇਸ ਵਿਚਾਰ-ਵਟਾਂਦਰੇ ਵਿੱਚ ਪੰਜਾਬੀ ਵਪਾਰੀ ਭਾਈਚਾਰੇ ਦੀਆਂ ਕੁਝ ਉੱਘੀਆਂ ਸਖਸ਼ੀਅਤਾਂ ਅਮਰਿੰਦਰ ਸਿੰਘ ਬਬਰ, ਏ ਕਲਾਸ ਆਟੋ ਬੌਡੀ ਤੋਂ ਅਮਰਜੀਤ ਸਿੰਘ ਸਮਰਾ, ਫਰੂਟੀਕੇਨਾ ਤੋਂ ਟੋਨੀ ਸਿੰਘ, ਐਮਰੀਟੈਕ ਕੰਮਪਿਊਟਰ ਤੋਂ ਅਮ੍ਰਿਤਪਾਲ ਸਿੰਘ ਗਿੱਲ ਅਤੇ ਵਕੀਲ ਪੁਨੀਤ ਕੌਰ ਸੰਧਰ ਸ਼ਾਮਲ ਸਨ। ਇਸ ਵਿਚਾਰ-ਵਟਾਂਦਰੇ ਵਿੱਚ ਉੱਭਰ ਕੇ ਆਇਆ ਕਿ ਵਪਾਰਕ ਭਾਈਚਾਰਾ ਜੋ ਪਹਿਲਾਂ ਹੀ ਪੰਜਾਬੀ ਬੋਲੀ ਦੇ ਵਿਕਾਸ ਵਿਚ ਕਾਫੀ ਵੱਡਾ ਯੋਗਦਾਨ ਪਾ ਰਿਹਾ ਹੈ ਇਸ ਕੰਮ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਕਰ ਸਕਦਾ ਹੈ। ਪੈਨਲ 'ਤੇ ਸ਼ਾਮਲ ਸਾਰੇ ਇਸ ਵਿਚਾਰ ਨਾਲ ਸਹਿਮਤ ਸਨ ਕਿ ਪੰਜਾਬੀ ਬੋਲੀ ਦੀ ਸਾਂਭ ਸੰਭਾਲ ਅਤੇ ਇਸ ਦੀ ਸਹੀ ਵਰਤੋਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਤੀਜੇ ਸੈਸ਼ਨ ਵਿਚ ਉੱਘੇ ਅਲੋਚਕ ਡਾ. ਰਘਬੀਰ ਸਿੰਘ ਸਿਰਜਣਾ, ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਡਾ. ਐਨ ਮਰਫੀ ਅਤੇ ਜੇ ਪੀ ਸ਼ੇਸਨ ਨੇ ਭਾਗ ਲਿਆ। ਇਸ ਸੈਸ਼ਨ ਦਾ ਸੰਚਾਲਨ ਸਾਧੂ ਬਿਨਿੰਗ ਨੇ ਕੀਤਾ। ਡਾ. ਮਰਫੀ ਅਤੇ ਜੇ ਪੀ ਸ਼ੇਸਨ ਨੇ ਆਪਣੇ ਵਿਚਾਰ ਪੰਜਾਬੀ ਵਿੱਚ ਪੇਸ਼ ਕੀਤੇ। ਭਾਵੇਂ ਇਸ ਵਿਚਾਰ-ਵਟਾਂਦਰੇ ਦਾ ਵਿਸ਼ਾ 'ਵਿਸ਼ਵ ਪੱਧਰ ਉੱਤੇ ਪੰਜਾਬੀ ਬੋਲੀ ਦਾ ਸਥਾਨ ਅਤੇ ਚੁਣੌਤੀਆਂ' ਸੀ ਪਰ ਇਸੇ ਵਿਸ਼ੇ ਉੱਪਰ ਸ਼ਿੱਦਤ ਨਾਲ ਵਿਚਾਰ ਗੋਸ਼ਟੀ ਨਾ ਹੋ ਸਕੀ। ਡਾ. ਰਘਬੀਰ ਸਿੰਘ ਨੇ ਕਿਹਾ ਕਿ ਪੰਜਾਬੀ ਬੋਲੀ ਨੂੰ ਕਦੇ ਵੀ ਰਾਜਸੀ ਸਰਪਰਸਤੀ ਨਹੀਂ ਮਿਲੀ ਅਤੇ ਮੰਦਭਾਗੀ ਗੱਲ ਇਹ ਹੈ ਕਿ ਪੰਜਾਬੀ ਲੋਕ ਆਪਣੀ ਬੋਲੀ ਉੱਪਰ ਮਾਣ ਨਹੀਂ ਕਰਦੇ ਪਰ ਇਸ ਦੇ ਬਾਵਜੂਦ ਪਿਛਲੇ ਕੁਝ ਦਹਾਕਿਆਂ ਵਿਚ ਬਹੁਤ ਕੁਝ ਸਾਰਥਿਕ ਵੀ ਹੋਇਆ ਹੈ। ਡਾ. ਐਨ ਮਰਫੀ ਨੇ ਕਿਹਾ ਕਿ ਉਸ ਦਾ ਹੇਜ ਪੰਜਾਬੀ ਨਾਲ ਇਸ ਕਰ ਕੇ ਹੈ ਕਿ ਉਸ ਨੂੰ ਆਪਣੇ ਆਇਰਸ਼ ਪਿਛੋਕੜ ਅਤੇ ਪੰਜਾਬੀ ਸਭਿਆਚਾਰ ਵਿੱਚ ਬਹੁਤ ਸਮਾਨਤਾਵਾਂ ਲੱਗਦੀਆਂ ਹਨ। ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਪੰਜਾਬੀ ਬੋਲੀ ਦਾ ਹਾਲ ਵੀ ਉਸ ਦੀ ਮਾਤ ਭਾਸ਼ਾ ਗੇਲਿਕ ਵਾਲਾ ਹੀ ਹੋਵੇ। ਉਨ੍ਹਾਂ ਕਿਹਾ ਕਿ ਉਹ ਆਪਣੀ ਵਲੋਂ ਪੰਜਾਬੀ ਬੋਲੀ ਦੇ ਵਿਕਾਸ ਲਈ ਯਤਨਸ਼ੀਲ ਰਹੇਗੀ। ਜੇ ਪੀ ਸ਼ੇਸਨ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਵਿਚ ਉਸ ਦੀ ਦਿਲਚਸਪੀ ਦਾ ਮੁੱਖ ਕਾਰਨ ਇਸ ਬੋਲੀ ਦੀ ਪ੍ਰਾਚੀਨਤਾ ਹੈ। ਉਨ੍ਹਾਂ ਕਿਹਾ ਕਿ ਜਿਸ ਖਿੱਤੇ 'ਚੋਂ ਇਸ ਬੋਲੀ ਨੇ ਜਨਮ ਲਿਆ ਹੈ ਉੱਥੇ ਦੁਨੀਆਂ ਦੇ ਸਭ ਤੋਂ ਪੁਰਾਣੇ ਸਾਹਿਤ ਰਿਗ ਵੇਦ ਦੀ ਰਚਨਾ ਹੋਈ ਹੈ।

ਇਨ੍ਹਾਂ ਤਿੰਨਾਂ ਹੀ ਸੈਸ਼ਨਾਂ ਵਿਚ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਵੀ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ। ਸਰੀ ਦੀ ਅਧਿਆਪਕਾ ਗੁਰਪ੍ਰੀਤ ਬੈਂਸ ਨੇ ਸਕੂਲਾਂ ਵਿੱਚ ਪੰਜਾਬੀ ਮਟੀਰੀਅਲ ਦੀ ਘਾਟ ਬਾਰੇ ਜਾਣਕਾਰੀ ਦਿੱਤੀ। ਪਾਕਿਸਤਾਨੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਡਾ. ਸੈਫ਼ ਨੇ ਕਨੇਡਾ ਵਿੱਚ ਪੰਜਾਬੀ ਦੇ ਵਿਕਾਸ ਵਿੱਚ ਆਪਣੇ ਭਾਈਚਾਰੇ ਵੱਲੋਂ ਕਦਮ ਨਾਲ ਕਦਮ ਮਿਲਾ ਕੇ ਚੱਲਣ ਦਾ ਭਰੋਸਾ ਦਿਵਾਇਆ। ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੇ ਦੱਸਿਆ ਕਿ ਕਨੇਡਾ ਵਿੱਚ ਪੰਜਾਬੀ ਦੀ ਪਹਿਲੀ ਕਿਤਾਬ ਮੁਨਸ਼ਾ ਸਿੰਘ ਦੁਖੀ ਵਲੋਂ 1913 ਵਿੱਚ ਛਾਪੀ ਗਈ ਸੀ। ਰੇਡੀਓ ਸ਼ੇਰੇ ਪੰਜਾਬ ਦੇ ਹੋਸਟ ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਵਪਾਰੀ ਸੱਜਣਾਂ ਨੂੰ ਆਇਦ ਕਰਨਾ ਚਾਹੀਦਾ ਹੈ ਕਿ ਆਪਣੇ ਬਿਜਨਿਸ ਕਾਰਡ ਦੇ ਇੱਕ ਪਾਸੇ ਪੰਜਾਬੀ ਲਿਖਵਾਉਣ ਤੇ ਦੂਜੇ ਪਾਸੇ ਅੰਗ੍ਰੇਜ਼ੀ। ਬੀ ਸੀ ਲੈਜਿਸਲੇਚਰ ਦੇ ਪੰਜਾਬੀ ਮੈਂਬਰਾਂ ਰਾਜ ਚੌਹਾਨ, ਹੈਰੀ ਬੈਂਸ, ਜਗਰੂਪ ਬਰਾੜ ਅਤੇ ਦੇਵ ਹੇਅਰ ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਐਮ ਪੀ ਪੈਨੀ ਪਰਿਡੀ ਵੀ ਕੁਝ ਦੇਰ ਲਈ ਸ਼ਾਮਲ ਹੋਏ। ਛੋਟੀਆਂ ਬੱਚੀਆਂ ਹਰਲੀਨ ਅਤੇ ਗੁਰਲੀਨ ਧਾਮੀ ਨੇ ਪੰਜਾਬੀ ਕਵਿਤਾ ਸੁਣਾਈ। ਬਿੱਲਾ ਤੱਖਰ ਅਤੇ ਉਸ ਦੇ ਸਾਥੀਆਂ ਨੇ ਸਾਰੰਗੀ ਨਾਲ ਕਵੀਸ਼ਰੀ ਪੇਸ਼ ਕੀਤੀ। ਬੱਚੇ ਸਾਜਨ ਸਿੰਘ ਮਾਨ ਨੇ ਗੀਤ 'ਦੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ' ਗਾਇਆ। ਸਾਜਾਂ ਉੱਪਰ ਉਸ ਦਾ ਸਾਥ ਉਸ ਦੇ ਪਿਤਾ ਕਰਮਜੀਤ ਸਿੰਘ ਮਾਨ ਨੇ ਦਿੱਤਾ।

ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਹਾਜ਼ਰੀਨ ਅਤੇ ਪੰਜਾਬੀ ਮੀਡੀਏ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਪਲੀ ਦੇ ਵਲੰਟੀਅਰਾਂ ਪਾਲ ਬਿਨਿੰਗ, ਸੁਖੀ ਬੈਂਸ, ਰਜਿੰਦਰ ਸਿੰਘ ਪੰਧੇਰ, ਹਰਪ੍ਰੀਤ ਸੇਖਾ ਅਤੇ ਹੋਰ ਮੈਂਬਰਾਂ ਦਾ ਧੰਨਵਾਦ ਕੀਤਾ।

ਅੰਤ ਵਿਚ ਪਲੀ ਦੇ ਉੱਪ-ਪ੍ਰਧਾਨ ਸਾਧੂ ਬਿਨਿੰਗ ਨੇ ਮਤਾ ਪੇਸ਼ ਕੀਤਾ ਕਿ ਪੰਜਾਬੀ ਬੋਲੀ ਨੂੰ ਕਨੇਡਾ ਦੀ ਬੋਲੀ ਵਜੋਂ ਮਾਨਤਾ ਦਿੱਤੀ ਜਾਵੇ। ਹਾਜ਼ਰ ਲੋਕਾਂ ਨੇ ਜ਼ੋਰਦਾਰ ਤਾੜੀਆਂ ਮਾਰ ਕੇ ਇਸ ਮਤੇ ਨਾਲ ਸਹਿਮਤੀ ਪ੍ਰਗਟਾਈ।

ਅਲਬਰਟਾ ਦੀ ਰਾਜਧਾਨੀ ਐਂਡਮਿੰਟਨ ਕੈਨੇਡਾ ਦੇ ਬਾਕੀ ਸ਼ਹਿਰਾਂ ਵਾਂਗ ਮੀਡੀਆਂ ਕੈਪੀਟਲ ਬਣ ਗਿਆ

ਦਸਤਕ' ਮੈਗਜ਼ੀਨ ਰਿਜੀਜ਼ ਕਰਦੇ ਹੋਏ ਗੁਰਭਲਿੰਦਰ ਸਿੰਘ ਸੰਧੂ (ਮਾੜੀਮੇਘਾ)ਨਾਲ(ਖੱਬੇ ਤੋਂ) ਸ.ਗੁਰਮੇਲ ਸਿੰਘ ਧਾਲੀਵਾਲ, ਸੁਖਦੇਵ ਸਿੰਘ ਢਿੱਲੋ, ਹਰਜੀਤ ਸਿੰਘ ਸੰਧੂ, ਗੁਰਸ਼ਰਨ ਸਿੰਘ 'ਬੁੱਟਰ' ਰਘਵੀਰ ਬਲਾਸਪੁਰੀ,ਲਾਟ ਭਿੰਡਰ,ਨਵਦੀਪ ਨਵੀ ਰਾਜਵਿਦਰ ਕੌਰ, ਕੁਲਦੀਪ ਕੌਰ ਧਾਲੀਵਾਲ ਅਤੇ ਜਰਨੈਲ ਕੌਰ ਧਾਲੀਵਾਲ

ਐਂਡਮਿੰਟਨ(ਦਸਤਕ) ਅਲਬਰਟਾ ਦੀ ਰਾਜਧਾਨੀ ਐਂਡਮਿੰਟਨ ਕੈਨੇਡਾ ਦੇ ਬਾਕੀ ਸ਼ਹਿਰਾਂ ਵਾਂਗ ਮੀਡੀਆਂ ਕੈਪੀਟਲ ਬਣ ਗਿਆ ਹੈ,ਜਿੱਥੇ ਬਹੁਤ ਸਾਰੇ ਟੀ.ਵੀ. ਪ੍ਰੋਗ੍ਰਾਮ,ਰੇਡੀਓ,ਅਖਬਾਰਾਂ ਅਤੇ ਮੈਗਜ਼ੀਨ ਚੱਲ ਰਹੇ ਹਨ।ਇਸ ਵਿਚ ਇਕ ਹੋਰ ਵਾਧਾ ਹੋਇਆ ਹੈ। ਅਨੂਪ ਪਬਲੀਕੇਸ਼ਨ ਐਡਮਿੰਟਨ ਦੇ ਰਘਵੀਰ ਬਲਾਸਪੁਰੀ,ਕੁਲਦੀਪ ਕੌਰ ਧਾਲੀਵਾਲ ਨੇ ਬਹੁਤ ਹੀ ਵਧੀਆ ਦਿੱਖ ਵਾਲਾ ਮਾਸਿਕ ਮੈਗਜ਼ੀਨ 'ਦਸਤਕ' ਪਾਠਕਾਂ ਦੀਆਂ ਬਰੂਹਾਂ ਉਤੇ ਦਸਤਕ ਦੇਣ ਲਈ ਤਿਆਰ ਕੀਤਾ ਹੈ,ਜਿਸ ਦਾ ਰਲੀਜ਼ ਸਮਾਰੋਹ ਨਿਊ ਏਸ਼ੀਅਨ ਵਿਲਜ਼ ਰੈਸਟੋਰੈਂਟ ਵਿਖੇ ਕੀਤਾ ਗਿਆ, ਜਿਸ ਵਿਚ ਪੰਜਾਬੀ ਮੀਡੀਆ ਐਸੋਸੀਏਸ਼ਨ ਆਫ ਅਲ਼ਬਰਟਾ ਦੇ ਮੈਬਰ ਭਰਵੀ ਗਿਣਤੀ ਵਿਚ ਪਹੰਚੇ ਹੋਏ ਸਨ। 42 ਸਫ਼ਿਆਂ ਦੇ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਗਲੌਸੀ ਪੇਪਰ ਉਤੇ ਵੱਖ ਵੱਖ ਲੇਖ ਅਤੇ ਹੋਰ ਸਮੱਗਰੀ ਪੜਨਯੋਗ ਹੈ। ਇਸ ਸਮੇ ਸਾਰੇ ਆਏ ਮਹਿਮਾਨਾਂ ਵੱਲੋ 'ਦਸਤਕ' ਮੈਗਜ਼ੀਨ ਦੇ ਰਘਵੀਰ ਬਲਾਸਪੁਰੀ ਅਤੇ ਕੁਲਦੀਪ ਕੌਰ ਧਾਲੀਵਾਲ ਨੂੰ ਸ਼ੁਭਕਾਮਾਨਵਾਂ ਅਤੇ ਵਧਾਈਆਂ ਦਿੱਤੀਆਂ ਗਈਆਂ। ਇਸ ਮੈਗਜ਼ੀਨ ਦੇ ਸਰਪ੍ਰਸਤ ਗੁਰਮੇਲ ਸਿੰਘ ਧਾਲੀਵਾਲ,ਮੁੱਖ ਸੰਪਾਦਕ ਰਘਵੀਰ ਬਲਾਸਪੁਰੀ , ਗੁਰਮੇਲ ਬੌਡੇ(ਆਨਰੇਰੀ) ਸੰਪਾਦਕ ਟੈਕਨੀਕਲ ਸਪੋਰਟ ਅਮਿਤ ਮਿੱਤਰ,ਮਾਰਕੀਟਿੰਗ ਕੁਲਦੀਪ ਕੌਰ ਧਾਲੀਵਾਲ, ਅਤੇ ਸਲਾਹਕਾਰੀ ਬੋਰਡ,ਅਵਤਾਰ ਗਿੱਲ, ਟੋਨੀ ਗਿੱਲ, ਸਰਵਣ ਸਿੰਘ ਰੰਧਾਵਾ ਹਨ।ਹੋਰ ਜਾਣਕਾਰੀ ਲਈ ਜਾਂ ਇਸ਼ਤਿਹਾਰ ਦੇਣ ਲਈ (780) 278 0627 ਜਾ (780) 278 278 2607 ਤੇ ਸੰਪਰਕ ਕੀਤਾ ਜਾ ਸਕਦਾ ਹੈ। ਵਰਣਨਯੋਗ ਹੈ ਕਿ ਇਹ ਮੈਗਜ਼ੀਂਨ ਮੁਫ਼ਤ ਹੈ। ਅਤੇ ਸਾਰੇ ਜਨਤਕ ਥਾਵਾਂ ਉਤੇ ਉਪਲਬਧ ਹੈ।

ਅੰਮ੍ਰਿਤਧਾਰੀ ਸਿੱਖ ਨੂੰ ਅਦਾਲਤ ਵਿਚ ਜਾਣ ਤੋਂ ਰੋਕਿਆ ਗਿਆ
ਜਗਰਾਉਂ (!9 ਜਨਵਰੀ)- ਸੁਪਰੀਮ ਕੋਰਟ ਆਫ ਕੈਨੇਡਾ ਵਲੋਂ ਮਾਰਚ 2006 ਵਿਚ ਦਿੱਤੇ ਗਏ ਸਪਸ਼ਟ ਫੈਸਲੇ ਦੇ ਬਾਵਜੂਦ ਇਥੋਂ ਦੇ ਇਕ ਸਿੱਖ ਨੂੰ ਕ੍ਰਿਪਾਨ ਪਾ ਕੇ ਅਦਾਲਤ ਵਿਚ ਜਾਣ ਤੋਂ ਰੋਕ ਦਿਤਾ ਗਿਆ । ਇਹ ਘਟਨਾ ਉਸ ਵਕਤ ਵਾਪਰੀ ਜਦੋਂ ਤੇਜਿੰਦਰ ਸਿੰਘ ਸਿੱਧੂ ਨਾਮੀ ਵਿਅਕਤੀ ਕ੍ਰਿਪਾਨ ਸਮੇਤ ਅਦਾਲਤ ਵਿਚ ਪਹੁੰਚਿਆ ਅਤੇ ਸਕਿਉਰਿਟੀ ਮੁਲਾਜ਼ਮਾਂ ਨੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ।
ਚੇਤੇ ਰਹੇ ਕਿ ਮਾਰਚ 2006 ਵਿਚ ਸੁਪਰੀਮ ਕੋਰਟ ਨੇ ਗੁਰਬਾਜ਼ ਸਿੰਘ ਮੁਲਤਾਨੀ ਨਾਂ ਦੇ ਸਿੱਖ ਵਿਦਿਆਰਥੀ ਦੇ ਕੇਸ ਦੀ ਰੌਸ਼ਨੀ ਵਿਚ ਇਹ ਸਪਸ਼ਟ ਫੈਸਲਾ ਸੁਣਾਇਆ ਸੀ ਕਿ ਸਿੱਖ ਛੇ ਇੰਚ ਦੀ ਛੋਟੀ ਕ੍ਰਿਪਾਨ ਨੂੰ ਲੈ ਕੇ ਸਕੂਲਾਂ, ਅਦਾਲਤਾਂ ਅਤੇ ਪਾਰਲੀਮੈਂਟ ਵਿਚ ਦਾਖਲ ਹੋ ਸਕਦਾ ਹੈ ।