ਸਫ਼ਰਨਾਮਾ ਅਲਾਸਕਾ

ਕਿਸ਼ਤ ਨੌਵੀਂ

ਚਰਨਜੀਤ ਸਿੰਘ ਪੰਨੂ

'ਤੁਸੀਂ ਆਪ ਇੱਥੇ ਜੀਊਣ ਲਈ ਬੈਠ ਗਏ ਹੋ ਤੇ ਉਨ੍ਹਾਂ ਜੀਊਣ ਜੋਗਿਆਂ ਨੂੰ ਜੰਗਲ ਵਿੱਚ ਧਕੇਲ ਦਿੱਤਾ ਹੈ । ਕੀ ਤੁਹਾਨੂੰ ਉਨ੍ਹਾਂ ਨਾਲੋਂ ਆਪਣੀ ਜਾਨ ਜਿਆਦਾ ਪਿਆਰੀ ਹੈ ?' ਨਹੀਂ ਨਹੀਂ ! ਕਦੰਤ ਨਹੀਂ । ਅਸੀਂ ਤਾਂ ਥਕਾਵਟ ਦੇ ਭੰਨੇ ਇਕ ਤਰਲਾ ਜਿਹਾ ਕੀਤਾ ਸੀ ਕਿ ਸ਼ਾਇਦ ਉਹ ਸਾਡੀ ਮੰਨ ਜਾਣਗੇ ਪਰ ਚਲੋ ਉਨ੍ਹਾਂ ਦੀ ਮੌਜ !' ਮਨ ਵਿੱਚ ਕਈ ਚੰਗੇ ਮੰਦੇ ਉਬਾਲ ਉਸਲਵੱਟੇ ਲੈਂਦੇ ਸਾਡੀ ਜਾਨ ਤੋੜਦੇ ਰਹੇ ।
ਉਹ ਸਾਨੂੰ ਇਕ ਇਕ ਕਰਕੇ ਟਾਹ-ਟਾਹ ਕਰਦੇ ਰਿੱਝਦੇ ਖਿੱਝਦੇ ਛੱਡ ਕੇ ਤੁਰ ਗਏ । ਅਸੀਂ ਮਨ ਹੀ ਮਨ ਵਿੱਚ ਝੂਰਦੇ ਥੱਲੇ ਬੈਠੇ ਹੋਰ ਆਉਂਦੇ ਰਾਹੀਆਂ ਦੇ ਮੂੰਹ ਸੁੰਘਦੇ ਰਹੇ । ਸਭ ਹੱਸ ਰਹੇ ਸਨ । ਖੁਸ਼ ਨਜ਼ਰ ਆ ਰਹੇ ਸਨ । ਰਿੱਛ ਦੀ ਗੱਲ ਕਰ ਰਹੇ ਸਨ । ਇਕ ਗੋਰੀ ਚੀਤੇ ਦੇ ਛੋਟੇ-ਛੋਟੇ ਭੋਲੂ ਜਿਹੇ ਬੱਚਿਆਂ ਬਾਰੇ ਪਿਆਰ ਭਰੀਆਂ ਅੱਖਾਂ ਮੁੰਦ ਕੇ ਹੱਥਾਂ ਦੇ ਇਸ਼ਾਰੇ ਕਰਦੀ ਸ਼ਰ-ਸ਼ਰ ਹੋਈ ਜਾ ਰਹੀ ਸੀ ।
ਆਪਣਿਆਂ ਦੇ ਉੱਚੀ-ਉੱਚੀ ਗੱਲਾਂ ਕਰਨ ਅਤੇ ਚੀਕਾਂ ਮਾਰਨ ਦੀਆਂ ਅਵਾਜ਼ਾਂ ਸੁਣ ਕੇ ਸਾਡੇ ਸਾਹ 'ਚ ਸਾਹ ਆਇਆ । ਭਿਆਨਕ ਡਰਾਉਣਾ ਸੰਘਣਾ ਜੰਗਲ ਛੋਟੀ ਜਿਹੀ ਪਗਡੰਡੀ ! ਜੇ ਗਲਤੀ ਨਾਲ ਆਪਣਾ ਜਾਂ ਕਿਸੇ ਬੱਚੇ ਦਾ ਪੈਰ ਪਾਸੇ ਤਿਲਕ ਜਾਏ ਤਾਂ ਝਾੜੀਆਂ ਵਿੱਚ ਕਿੱਥੇ ਜਾ ਕੇ ਰੁਕਣਾ ਹੈ ਕੋਈ ਹਾਥ ਨਹੀਂ । ਬੱਚੇ ਬਹੁਤ ਖੁਸ਼ ਨਜ਼ਰ ਆ ਰਹੇ ਸਨ । ਉਨ੍ਹਾਂ ਨੂੰ ਵੀ ਭਾਲੂ ਅਤੇ ਛੋਟੇ ਬੱਚਿਆਂ ਦੇ ਦਰਸ਼ਨ ਹੋ ਗਏ ਸਨ ।
'ਸੌਰੀ ਡੈਡੀ ! ਯੂ ਹੈਵ ਮਿੱਸਡ ਏ ਵੈਰੀ ਬਿਊਟੀਫੁੱਲ ਚਾਨਸ ਟੂ ਰਾਈਟ ਏ ਨਿਊ ਐਕਸਪੀਰੀਐਂਸ ।' ਬੱਬੂ ਕੈਮਰੇ ਵਿੱਚ ਬੰਦ ਕੀਤੀਆਂ ਜਾਨਵਰਾਂ ਦੀਆਂ ਤਸਵੀਰਾਂ ਮੇਰੇ ਸਾਹਮਣੇ ਖੋਲ੍ਹਦਾ ਹੈ ।
'ਕੋਈ ਨਹੀਂ ਬੇਟੇ ! ਥੈਂਕ ਗਾਡ । ਤੁਸੀਂ ਸਹੀ ਸਲਾਮਤ ਵਾਪਸ ਆ ਗਏ । ਤੁਹਾਡਾ ਦੱਸਿਆ ਹੀ ਮੈਂ ਲਿਖ ਦਿਆਂਗਾ । ਧੰਨਵਾਦ ।'
ਕਈ ਪਲਾਜ਼ੇ ਸਟੋਰਾਂ ਦੀਆਂ ਪੌੜੀਆਂ ਚੜ੍ਹਨ ਉੱਤਰਨ ਤੋਂ ਬਾਦ ਰਾਤ ਦਸ ਕੁ ਵਜੇ ਵਾਪਿਸ ਜਹਾਜ਼ ਵਿੱਚ ਮੁੜੇ । ਕਮਰੇ ਵਿੱਚ ਜਾਣ ਤੋਂ ਪਹਿਲਾਂ ਪੇਟ-ਪੂਜਾ ਦਾ ਨਿਰਬਾਹ ਕਰਨ ਦੀ ਸੋਚੀ ਕਿਉਂਕਿ ਬਹੁਤ ਲੇਟ ਹੋ ਗਏ ਸਾਂ । ਪੰਜਵੀਂ ਮੰਜ਼ਿਲ ਵਾਲੇ ਸਾਡੇ ਨਿਰਧਾਰਤ ਡਾਈਨਿੰਗ ਹਾਲ ਵੱਲ ਪਹੁੰਚੇ ਜਿੱਥੇ ਕੱਲ੍ਹ ਸੇਵਾਦਾਰ ਨੂੰ ਕਹਿ ਆਏ ਸੀ ਕਿ ਭਲਕੇ ਮਸਰਾਂ ਦੀ ਦਾਲ ਖਾਵਾਂਗੇ। ਪਿਛਲੀ ਕੱਲ੍ਹ ਉਸ ਦਾ ਦਿਖਾਇਆ ਸੂਪ ਦਾ ਸਵਾਦ ਸਾਰਿਆਂ ਦੇ ਪਸੰਦ ਆ ਗਿਆ ਸੀ । ਤੜਕੇ ਲੱਗੇ ਵਾਲੀ ਭੁੱਖ-ਵਧਾਊ ਖੁਰਾਕ ਖਾ ਕੇ ਵੇਖੀ ਤਾਂ ਇਹ ਮਸਰਾਂ ਦੀ ਦਾਲ ਸੀ ।
ਸਾਰੇ ਖੂਬ ਹੱਸੇ ਪਰ ਚਲੋ 'ਸਮਥਿੰਗ ਇਜ਼ ਬੈਟਰ ਦੈਨ ਨੱਥਿੰਗ' । ਖਾਣ ਤੇ ਬਹੁਤ ਸਵਾਦਲੀ ਲੱਗੀ, ਸਾਰਿਆਂ ਦੇ ਮੂੰਹ ਚੜ੍ਹ ਗਈ । ਬੈਰੇ ਨੂੰ ਕਿਹਾ ਕਿ ਅਗਲੀ ਭਲਕ ਸਾਨੂੰ ਹੋਰ ਜੋ ਮਰਜ਼ੀ ਲਿਆ ਦੇਵੀ ਪਰ ਨਾਲ ਇਹ ਮਸਰਾਂ ਦੀ ਦਾਲ ਜਰੂਰ ਲਿਆ ਦੇਵੀ । ਦਿਨ ਦੇ ਕੁਝ-ਕੁਝ ਥੱਕੇ ਹੋਏ ਵੀ ਸੀ, ਇਸ ਲਈ ਪੇਟ ਦੀ ਭੁੱਖ ਵੀ ਚਮਕ ਰਹੀ ਸੀ । ਉੱਪਰ ਡਾਈਨਿੰਗ ਹਾਲ ਪਹੁੰਚ ਕੇ, 'ਸੌਰੀ, ਵੁਈ ਆਰ ਕਲੋਜ਼ਡ ਐਟ 9.30' ਦਾ ਮੂੰਹ ਚਿੜਾਉਂਦਾ ਗੱਤਾ ਵੇਖ ਕੇ ਬਹੁਤ ਸ਼ਰਮਿੰਦੇ ਜਿਹੇ ਹੋ ਗਏ । ਪੇਟ ਵਿੱਚ ਪੈਂਦੀਆਂ ਭੁੱਖ ਦੀਆਂ ਕੜੱਲਾਂ ਹੋਰ ਵਿਆਕੁਲ ਹੋ ਗਈਆਂ ।
ਸਾਨੂੰ ਵੇਖ ਕੇ ਸਾਡਾ ਸੇਵਾਦਾਰ ਵੀ ਆ ਗਿਆ ਤੇ ਕਹਿਣ ਲੱਗਾ, 'ਮੈਂ ਤੁਹਾਡਾ ਮਨਪਸੰਦ ਦਾ ਪਕਵਾਨ ਮਸਰੀ ਸਮੇਤ ਬਣਾ ਕੇ ਤੁਹਾਨੂੰ ਬਹੁਤ ਉਡੀਕਿਆ, ਤੁਹਾਡੇ ਕਮਰੇ ਦੀ ਘੰਟੀ ਵੀ ਖੜਕਾਈ ਪਰ ਤੁਸੀਂ ਨਹੀਂ ਮਿਲੇ, ਲੇਟ ਹੋ ਗਏ । ਮੈਨੂੰ ਤੁਹਾਡਾ ਖਾਣਾ ਖੁੰਝਣ ਕਰਕੇ ਖੇਦ ਹੈ ।' ਮੈਨੂੰ ਬਿਲਕੁਲ ਏਦਾਂ ਹੀ ਜਾਪਿਆ ਜਿਵੇਂ ਕਹਿ ਰਿਹਾ ਹੋਵੇ, 'ਆਹ ਮੂੰਹ ਤੇ ਮਸਰਾਂ ਦੀ ਦਾਲ !' ਅਸੀਂ ਕੁਝ ਨਾ ਵੀ ਖਾਂਦੇ ਤਾਂ ਕੋਈ ਬਹੁਤਾ ਫਰਕ ਨਹੀਂ ਸੀ ਪੈਣਾ ਪਰ ਬੱਚਿਆਂ ਨੂੰ ਰਾਤ ਫਿਰ ਕਿੱਥੋਂ ਖੁਆਵਾਂਗੇ । ਉਨ੍ਹਾਂ ਦੀ ਚਿੜੀ ਜਿੰਨੀ ਪੋਟ ਜਲਦੀ ਹੀ ਵਿਰਵੀ ਹੋ ਜਾਣੀ ਤੇ ਇਨ੍ਹਾਂ ਖਾਣ ਨੂੰ ਮੰਗ ਲੈਣਾ । ਇਹ ਸੋਚ ਕੇ ਜਲਦੀ ਜਲਦੀ ਲਿੱਡੋ ਡੈੱਕ ਤੇ ਪਹੁੰਚੇ । ਆਮ ਕਰਕੇ ਉੱਥੇ ਹਰ ਵਕਤ ਤਿਆਰ ਬਫੇ ਮਿਲ ਜਾਂਦੇ ਹਨ ।
ਖਾਣ ਪੀਣ ਦੇ ਸੈਂਕੜੇ ਪਕਵਾਨ, ਜੋ ਮਰਜ਼ੀ ਫੜੋ ਤੇ ਖਾਓ ਜਾਂ ਬੈਰੇ ਨੂੰ ਆਰਡਰ ਦੇ ਕੇ ਬਣਵਾ ਲਓ, ਜਿਵੇਂ ਪਿਛਲੇ ਸੇਵਾਦਾਰ ਨੇ ਦੱਸਿਆ ਸੀ ਪਰ ਉੱਥੇ ਵੀ ਸਾਰੇ ਪਕਵਾਨ ਪਰਦੇ ਤੇ ਚਾਦਰਾਂ ਨਾਲ ਢੱਕੇ ਹੋਏ ਕਿਸੇ ਹੁਸੀਨਾਂ ਦੇ ਘੁੰਡ ਕੱਢਣ ਵਾਂਗ ਨਾਂਹ ਨਾਂਹ ਕਰ ਰਹੇ ਸਨ । ਸਾਡੀ ਉਤਸੁਕਤਾ ਤੇ ਨਿਰਾਸਤਾ ਹੋਰ ਵਧ ਗਈ, ਭੁੱਖ ਵੀ ਚੰਗੀ ਤਰ੍ਹਾਂ ਚਮਕਣ ਲੱਗੀ । ਪੁੱਛਣ ਤੇ ਪਤਾ ਚੱਲਿਆ ਕਿ ਇਹ ਅਹਾਤਾ ਸਫਾਈ ਕਰਨ ਲਈ ਥੋੜੀ ਦੇਰ ਵਾਸਤੇ ਰੋਕਿਆ ਗਿਆ ਹੈ ਤੇ 10.30 ਤੇ ਫਿਰ ਖੁੱਲ੍ਹ ਜਾਏਗਾ । ਸਾਨੂੰ ਸੁਖ ਚੈਨ ਦਾ ਸਾਹ ਆਇਆ । ਬੱਬੂ ਕਹਿੰਦਾ ਚਲੋ ਬਾਹਰ ਤੀਜੀ ਮੰਜ਼ਿਲ ਡੈੱਕ ਦੇ ਬਰਾਂਡੇ ਵਿੱਚ ਚੱਲਦੇ ਹਾਂ ਪਰ ਆਰਕੈੱਸਟਰਾ ਦੀ ਧੁਨ ਨੇ ਰਵਨੀਤ ਦਾ ਧਿਆਨ ਦੂਜੇ ਪਾਸੇ ਮੋੜ ਲਿਆ ।
ਇਕ ਬਜ਼ੁਰਗ ਜੋੜਾ ਬਾਂਹਾਂ 'ਚ ਬਾਂਹਾਂ ਪਾਈ ਸੰਗੀਤ ਦੀ ਧੁੰਨ ਤੇ ਝੂੰਮਦਾ ਡਾਂਸ ਕਰ ਰਿਹਾ ਸੀ । ਵੱਡੇ ਹਾਲ ਵਿੱਚ ਸੋਫਿਆਂ ਤੇ ਆਸ-ਪਾਸੇ ਕੁਝ ਹੋਰ ਵਡੇਰੀ ਉਮਰ ਦੇ ਜੋੜੇ ਹੱਥਾਂ ਵਿੱਚ ਜਾਮ ਫੜ੍ਹੀ ਘੁੱਟ ਭਰ ਰਹੇ ਸਨ । ਉੱਥੇ ਬੈਠ ਗਏ । ਮੇਰੇ ਨਾ ਚਾਹੁੰਦੇ ਹੋਏ ਵੀ ਬੱਬੂ ਨੇ ਆਪਣੇ ਲਈ ਬੀਅਰ ਤੇ ਮੇਰੇ ਲਈ ਸਕਾਚ ਦਾ ਆਰਡਰ ਦੇ ਦਿੱਤਾ । ਬੱਚਿਆਂ ਲਈ ਮੈਂਗੋ ਤੇ ਪਾਈਨ-ਐਪਲ ਸ਼ੈਕ ਆ ਗਿਆ । ਬਜ਼ੁਰਗਾਂ ਦੀਆਂ ਜੋੜੀਆਂ ਉੱਠਦੀਆਂ, ਝੂਮਦੀਆਂ ਇਕ ਦੂਸਰੇ ਨਾਲ ਲਿਪਟ ਕੇ ਸੰਗੀਤ ਨਾਲ ਡਾਂਸ ਕਰਨ ਲੱਗੀਆਂ ।
ਆਪਣੀ ਮਰਜ਼ੀ ਦੇ ਗੀਤ ਦੀ ਧੁਨ ਉਹ ਫਨਕਾਰਾਂ ਨੂੰ ਸਿਫਾਰਿਸ਼ ਕਰਦੇ ਤੇ ਫਿਰ ਉਸ ਦੀ ਧੁਨ ਤੇ ਨੱਚਣ ਲੱਗਦੇ । ਇਸ ਜਹਾਜ਼ ਦੇ ਅੱਧੇ ਤੋਂ ਵੱਧ ਯਾਤਰੀ ਪੰਜਾਹ ਸਾਲ ਤੋਂ ਉੱਪਰ ਦੀ ਉਮਰ ਦੇ ਹਨ ਜਿਨ੍ਹਾਂ ਜ਼ਿੰਦਗੀ ਦਾ ਬਹੁਤ ਕੁਝ ਖੱਟਿਆ ਕਮਾਇਆ ਹੈ ਤੇ ਹੁਣ ਜ਼ਿੰਦਗੀ ਦੇ ਬਾਕੀ ਪਲ ਹੋਰ ਹੁਸੀਨ ਕਰਨ ਲਈ ਬਾਹਰ ਚੱਕਰਧਾਰੀ ਹੋ ਤੁਰੇ ਹਨ । ਕਈ ਅਜਿਹੇ ਲੰਮੇ ਟੂਰ ਸੱਤ ਦਿਨ, ਮਹੀਨਾ ਤੇ ਦੋ ਤਿੰਨ ਮਹੀਨੇ ਦੇ ਵੀ ਹੁੰਦੇ ਹਨ, ਜਿੱਥੇ ਇਹ ਲੋਕ ਖੁੱਲ੍ਹੇ ਦਿਲ ਨਾਲ ਖਰਚ ਕਰਦੇ ਆਪਣਾ ਸੁੱਖ ਭੋਗਦੇ ਹਨ । ਸੰਕੋਚ ਸਰਫ਼ਾ ਤੇ ਬੱਚਤ ਇਨ੍ਹਾਂ ਦਾ ਰੁਝਾਨ ਨਹੀਂ । ਨਾ ਹੀ ਇਨ੍ਹਾਂ ਨੂੰ ਬੈਂਕਾਂ ਦੇ ਨੜ੍ਹਿਨਵੇਂ ਦੇ ਗੇੜ ਦਾ ਸ਼ੌਕ ਹੈ, ਨਾ ਵੱਡੀਆਂ-ਵੱਡੀਆਂ ਜ਼ਮੀਨਾਂ ਜਾਇਦਾਦਾਂ ਬਣਾਉਣ ਦਾ ।
'ਚੱਲੋ ਤੁਸੀਂ ਵੀ ।' ਉਨ੍ਹਾਂ ਨੂੰ ਝੂਮਦੇ ਵੇਖ ਕੇ ਬੱਬੂ ਆਪਣੀ ਮੰਮੀ ਵੱਲ ਨਿਗਾਹ ਕਰਦਾ ਹੈ ਕਿ ਜਾਉ ਤੁਸੀਂ ਵੀ ਇਹਨਾਂ ਜੋੜਿਆਂ ਵਿੱਚ ਰਲ ਜਾਓ ਤੇ ਹੱਥ ਬਾਂਹਾਂ ਦੀ ਕੜਿੰਗੜੀ ਪਾ ਕੇ ਨੱਚ ਕੇ ਵਿਖਾਓ ਪਰ ਉਹ ਨਵ-ਵਿਆਹੀ ਵਹੁਟੀ ਵਾਂਗ ਮੂੰਹ ਕੱਛਾ 'ਚ ਲੈ ਕੇ ਸੁੰਗੜ ਜਾਂਦੀ ਹੈ । ਬੱਚੇ ਤੇ ਰਿਤੂ ਖਿੜਖਿੜਾ ਕੇ ਹੱਸ ਪਏ ।
ਜਹਾਜ਼ ਨੇ ਹੂਕਰ ਜਿਹੀ ਮਾਰੀ ਹੈ । ਹਿੱਲਣ ਲੱਗਾ ਹੈ ਪਤਾ ਹੀ ਨਹੀਂ ਲੱਗਾ ਏਨਾ ਸਮਾ ਕਿਵੇਂ ਗੁਜ਼ਰ ਗਿਆ ।
ਅੱਠ ਨੰਬਰ ਤੇ ਜਾ ਕੇ ਮਨ ਭਰ ਕੇ ਆਪਣੀ ਪਸੰਦ ਦੀ ਚੋਣ ਕਰ ਕੇ ਜਿੰਨਾ ਜੀਅ ਕੀਤਾ ਢਿੱਡ ਭਰ ਕੇ ਖਾ ਲਿਆ । ਖਾਧਾ ਘੱਟ ਤੇ ਬਰਬਾਦ ਜਿਆਦਾ ਕੀਤਾ । ਰਿਤੂ ਫਲ-ਫਰੂਟ ਦੀਆਂ ਪਲੇਟਾਂ ਭਰ ਲਿਆਈ । ਜਿਸ ਵਿੱਚ ਅੰਬ, ਖ਼ਰਬੂਜ਼ਾ, ਹਦਵਾਣਾ, ਪੀਲਕਾਂ, ਨਿੰਮ ਦੀਆਂ ਨਿਮੋਲ਼ੀਆਂ, ਸ਼ਹਿਤੂਤ ਦੀਆਂ ਗੋਹਲਾਂ, ਫਾਲਸਾ ਤੇ ਕਈ ਕੁਝ ਹੋਰ ਨਿਕ-ਸੁਕ ਸਮਾਨ ਸੀ । ਮੈਨੂੰ ਮੁਰਗੇ ਦਾ ਟਿਕਾਣਾ ਮਿਲ ਗਿਆ । ਮੈਂ ਦੋ ਟੰਗਾਂ ਤੁੜਾ ਕੇ ਪਲੇਟ ਭਰ ਲਿਆਇਆ । ਬੱਬੂ ਜੂਸ ਦੇ ਗਿਲਾਸ ਟ੍ਰੇਅ ਵਿੱਚ ਰੱਖ ਲਿਆਇਆ । ਮੂੰਹ ਲਾ ਲਾ ਕੇ ਸਾਰੇ ਛੱਡਦੇ ਰਹੇ, ਰੱਖਦੇ ਰਹੇ । ਜੈਸਮੀਨ ਨੂੰ ਟੰਗਾਂ ਪਸੰਦ ਆ ਗਈਆਂ । ਉਸ ਨੂੰ ਵੇਖ ਕੇ ਜੈ ਦੀਪ ਵੀ ਲੈੱਗਜ਼ ਖਾਣ ਲੱਗਾ ।
ਚਾਵਲ ਤੇ ਡਬਲਰੋਟੀ ਦੇ ਟੁਕੜੇ ਅੱਧ-ਵਰਿਤੋ ਛੱਡਣੇ ਪਏ । ਏਨੀ ਬਰਬਾਦੀ, ਖਾਦ ਪਦਾਰਥਾਂ ਦੀ ਬੇਅਦਬੀ ਵੇਖ ਕੇ ਮੇਰੇ ਆਪਣੇ ਮਨ ਨੂੰ ਪਰੇਸ਼ਾਨੀ ਹੋਈ । ਵੇਖਿਆ ਹੋਰ ਵੀ ਬਹੁਤ ਸਾਰੀਆਂ ਥਾਲ਼ੀਆਂ ਪਲੇਟਾਂ ਇਵੇਂ ਹੀ ਜੂਠ ਨਾਲ ਭਰੀਆਂ ਛੱਡੀਆਂ ਹੋਈਆਂ ਸਨ, ਅਧ ਭਰੀਆਂ ਗੋਤਕਨਾਲੇ ਕਰ ਕੇ ਛੱਡੀਆਂ ਹੋਈਆਂ । ਭਾਰਤ ਵਰਗੇ ਗਰੀਬ ਦੇਸ਼ ਜਿਸ ਦਾ ਪ੍ਰਧਾਨ ਮੰਤਰੀ ਮੁਰਾਰ ਜੀ ਦੇਸਾਈ ਅੰਨ-ਸੰਕਟ ਨੂੰ ਦੂਰ ਕਰਨ ਲਈ ਲੋਕਾਂ ਨੂੰ ਹਫਤੇ ਵਿੱਚ ਇਕ ਦਿਨ ਖਾਣ ਦਾ ਨਾਗਾ ਰੱਖਣ ਲਈ ਕਹਿੰਦਾ ਸੀ, ਮਰ ਗਿਆ ਵਿਚਾਰਾ, ਦੇ ਨਾਗਰਿਕ ਲਈ ਇਹ ਅਨਹੋਣਾ ਜੁਰਮ ਸੀ । ਅੰਨ ਦਾ ਏਨਾ ਵਿਨਾਸ਼, ਖੇਤੀ ਦਾ ਉਜਾੜਾ, ਜਿਨਾ ਮਰਜ਼ੀ ਖਾਈ ਜਾਓ ਤੇ ਮੂੰਹ ਨੂੰ ਲਾ ਕੇ ਛੱਡ ਦਿਓ ।
ਨਾਰਥ ਅਮਰੀਕਾ ਦਾ ਪੰਜਵਾ ਸਭ ਤੋਂ ਵੱਡਾ ਬਰਫ਼ ਦਾ ਘਰ ਜੁਨੋ, ਵਿੱਚ ਬਰਫ਼ ਦੀ ਚਾਦਰ ਵਿਛੀ ਰਹਿੰਦੀ ਹੈ, ਉੱਤਰ ਤੋਂ ਦੱਖਣ 100 ਮੀਲ ਤੱਕ ਅਤੇ ਪੂਰਬ ਤੋਂ ਪੱਛਮ 45 ਮੀਲ ਤੱਕ ਫੈਲਿਆ ਹੋਇਆ ਹੈ । ਇਲਾਕੇ ਦੀ ਭੂਗੋਲਿਕ ਸਥਿਤੀ ਦੱਖਣੀ ਧਰੁਵ ਦੇ ਨੇੜੇ ਹੋਣ ਕਰਕੇ ਇਹ ਅੱਜ ਨਹੀਂ ਪਿਛਲੇ 1000 ਸਾਲਾ ਤੋਂ ਇਵੇਂ ਹੀ ਕਾਇਮ ਹੈ । ਇਸ ਖੋਜ ਲਈ ਵੱਖ-ਵੱਖ ਥਾਂਵਾਂ ਤੇ 15 ਪੱਕੇ ਖੋਜ ਕੇਂਦਰ ਸਥਾਪਿਤ ਕੀਤੇ ਹੋਏ ਹਨ । ਹੋਰ ਗਲੇਸ਼ੀਅਰ ਹੌਲੀ-ਹੌਲੀ ਖੁਰਦੇ ਨੀਵੇਂ ਹੋ ਰਹੇ ਹਨ । ਪਰ ਟਾਕੂ ਗਲੇਸ਼ੀਅਰ ਹੋਰ ਉੱਪਰ ਵਧ ਰਿਹਾ ਹੈ ।
ਇਸ ਦੀ ਘਣਤਾ ਡੂੰਘਾਈ 800 ਫੁੱਟ ਤੋਂ 4500 ਫੁੱਟ ਦੇ ਵਿਚਕਾਰ ਹੈ । ਡਾਕਟਰ ਮਿਨਾਡ ਮਿਲਰ ਨੇ 1946 ਵਿੱਚ ਬਰਫ਼ ਖੋਜ ਕੇਂਦਰ ਜੇ.ਆਈ.ਆਰ.ਪੀ. ਬਰਫ਼ ਦੇ ਖੇਤਰ ਵਿੱਚ ਗਲੇਸ਼ੀਅਰ ਸਿਸਟਮ ਦੀ ਖੋਜ ਲਈ 15 ਖੋਜ ਕੇਂਦਰ ਸਥਾਪਿਤ ਕੀਤੇ । 1949 ਵਿੱਚ ਸਮੁੰਦਰੀ ਫ਼ੌਜ ਨੇ ਇਸ ਕੇਂਦਰ ਨੂੰ ਮਿਲਟਰੀ ਮਹੱਤਤਾ ਦੇ ਆਧਾਰ ਤੇ ਆਪਣੀ ਮਦਦ ਮਾਨਤਾ ਦੇ ਦਿੱਤੀ । ਇਸ ਤੋਂ ਇਲਾਵਾ ਅਮਰੀਕਾ ਦੀ ਭੂਗੋਲਿਕ ਸੁਸਾਇਟੀ ਨੇ 'ਗਲੇਸ਼ੀਅਰ ਵਾਤਾਵਰਣ ਫਾਊਂਡੇਸ਼ਨ' 1960 ਵਿੱਚ 'ਗਲੇਸ਼ੀਅਰ ਤੇ ਆਰਕਟਿਕ ਸਾਇੰਸ ਸੰਸਥਾ' ਦੀ ਹੌਂਸਲਾ-ਅਫਜਾਈ ਕੀਤੀ ਤਾਂ ਜੋ ਨਵੇਂ ਵਿਦਿਆਰਥੀਆਂ ਨੂੰ ਇਸ ਸੰਦਰਭ ਵਿੱਚ ਚੰਗੀ ਵਿੱਦਿਆ ਤੇ ਤਜਰਬਾ ਦਿੱਤਾ ਜਾ ਸਕੇ ।
ਜੁਨੋ ਸ਼ਹਿਰ ਦੀ ਵਸੀਨ ਰੋਡ ਤੋਂ ਇੱਕ ਮੀਲ ਬਾਹਰ ਨਿਕਲੋ ਤਾਂ ਤੁਹਾਨੂੰ ਅਲਾਸਕਾ ਜੁਨੋ ਦੇ ਕੰਪਰੈਸ਼ਰ ਘਰ (ਖਾਣ ਦੀ ਰਹਿੰਦ ਖੂੰਹਦ) ਨਿਸ਼ਾਨੀ ਨਜ਼ਰ ਆਏਗੀ । ਇਹ ਕੰਪਰੈਸ਼ਰ 1912-1944 ਤੱਕ ਬਹੁਤ ਕਾਰਜਸ਼ੀਲ ਰਿਹਾ । ਅੱਜ ਇਹ ਇਮਾਰਤ ਸੋਨੇ ਦੀ ਖਾਨ ਦੀ ਆਖਰੀ ਝਲਕੀ 'ਲਾਸਟ ਚਾਨਸ ਮਾਈਨਿੰਗ ਮਿਊਜ਼ੀਅਮ' ਦੇ ਨਾਮ ਨਾਲ ਜਾਣੀ ਜਾਂਦੀ ਹੈ ਜਿੱਥੇ ਮਾਈਨਜ ਨਾਲ ਸੰਬੰਧਿਤ ਕੁਝ ਨਿਸ਼ਾਨੀਆਂ ਮਿਲਦੀਆਂ ਹਨ । ਡੋਗਲਸ ਨੇੜੇ ਗੈਸਟੇਨੀਊ ਤੋਂ ਪਾਰ ਇਸ ਵਿਨਾਸ਼ ਭਰੀ ਨੁਮਾਇਸ਼ ਦੀ ਖੋਜ ਦੀ ਲੋੜ ਹੈ । 'ਟਰੈੱਡਵੈੱਲ ਖਾਣ ਸੰਸਥਾ' 1922 ਵਿੱਚ ਬੰਦ ਹੋ ਗਈ, ਉਸ ਤੋਂ ਪਹਿਲਾਂ 1917 ਵਿੱਚ ਆਰਥਿਕ ਮੰਦਹਾਲੀ ਨੇ ਇਸ ਦਾ ਇਹ ਹਸ਼ਰ ਕੀਤਾ ਪਰ ਇਸ ਦੇ ਚੰਗੇ ਸੁਨਹਿਰੀ ਦਿਨਾਂ ਨੇ ਡਗਲਸ ਦਾ ਨਾਮ ਚੰਗਾ ਖਿਡਾਰੀਆਂ ਵਿੱਚ ਸ਼ਾਮਲ ਕਰਵਾ ਲਿਆ ।
ਟਰੈੱਡਵੈੱਲ ਮਾਰਗ ਤੋਂ ਉੱਪਰ 90 ਮਿਲੀਅਨ ਡਾਲਰ ਦੀ ਪੈਦਾਵਾਰ ਤੋਂ ਬਾਅਦ 1944 ਵਿੱਚ ਇਹ ਖਾਣ ਵੀ ਬੰਦ ਹੋ ਗਈ । ਹੁਣ ਇਹ ਅਜਾਇਬ ਘਰ ਵਾਂਗ ਸੈਲਾਨੀਆਂ ਦੇ ਮਨ-ਪਰਚਾਵੇ ਦਾ ਸਾਧਨ ਹੈ । ਜੰਗਲ ਦੀ ਇਸ ਖਾੜੀ ਜੁਨੋ ਵਿੱਚ ਜਿੱਥੇ ਸਭ ਤੋਂ ਪਹਿਲਾਂ ਸੋਨੇ ਦੀ ਧਾਤ ਮਿਲੀ ਸੀ, ਵਿਖੇ ਖਾਣ ਦੀਆਂ ਪੁਰਾਣੀਆਂ ਇਮਾਰਤਾਂ, ਮਸ਼ੀਨਰੀ, ਮੋਟੇ ਸ਼ੀਸ਼ੇ ਦੀ ਬਣੀ ਸੁਰੰਗ ਅਤੇ 1912 ਵਿੱਚ ਬਣਿਆ ਉੱਤਮ ਦਰਜੇ ਦਾ ਕੰਪਰੈਸ਼ਰ ਆਦਿ ਨਿਸ਼ਾਨੀਆਂ ਉਪਲੱਬਧ ਅਤੇ ਸੁਰੱਖਿਅਤ ਹਨ । 'ਖੰਡਰਾਤ ਬਤਾਤੇ ਹੈਂ ਇਮਾਰਤ ਅਜ਼ੀਮ ਥੀ' ਵਾਂਗ ਇਹ ਜਗ੍ਹਾ ਕਿਸੇ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਸੋਨੇ ਦੀ ਖਾਣ ਕਰਕੇ ਪ੍ਰਸਿੱਧ ਸੀ ਅਤੇ ਇੱਥੇ ਕੁੱਲ ਦੁਨੀਆ ਦੇ ਕਾਮੇ ਅਤੇ ਵੱਡੇ-ਵੱਡੇ ਸੌਦਾਗਰ ਸੋਨੇ ਦੀ ਤਲਾਸ਼ ਵਿੱਚ ਖਿੱਚੇ ਚਲੇ ਆਉਂਦੇ ਸਨ ।
ਜਹਾਜ਼ ਦਾ ਮਾਰਗ= 27 ਜੁਲਾਈ ਨੂੰ ਜਹਾਜ਼ 4 ਵਜੇ ਸ਼ਾਮ ਚੱਲ ਕੇ ਪੱਗਟ ਸਮੁੰਦਰ ਦੀ ਖਾੜੀ ਜੋ 60 ਮੀਲ ਚੌੜੀ ਹੈ ਵਿਚੋਂ ਦੀ ਗੁਜ਼ਰਦਾ ਹੋਇਆ 80 ਮੀਲ ਚੌੜੀ ਜਵਾਨ ਫੂਕਾ ਖਾੜੀ ਵਿੱਚ ਆ ਗਿਆ । ਫਿਰ ਸ਼ਾਂਤ ਮਹਾਂਸਾਗਰ ਦੇ ਕੈਨੇਡੀਅਨ ਪਾਣੀਆਂ ਵਿਚੋਂ ਲੰਘਦਾ ਰਾਣੀਚਾਰਲੈੱਟ ਦੇ ਰਸਤੇ ਪੈ ਗਏ ।
28 ਜੁਲਾਈ ਕੈਨੇਡਾ ਤੇ ਅਮਰੀਕਾ ਦੇ ਪਾਣੀਆਂ ਦੀ ਹੱਦ ਤੋਂ ਡਿਕਸਨ (600 ਮੀਲ ਚੌੜੀ) ਖਾੜੀ ਦੇ ਕਈ ਉੱਘੜ ਦੁੱਗੜੇ ਚੱਟਾਨਾਂ ਭਰੇ ਟਾਪੂਆਂ ਤੋਂ ਬਚਦੇ ਬਚਾਉਂਦੇ 800 ਮੀਲ ਚੌੜੀ ਚੈਥਮ ਖਾੜੀ ਵਿੱਚ ਦਾਖਲ ਹੋਏ । ਚੈਥਮ ਤੋਂ ਕਿੰਗਸਮਿੱਲ ਨੋਕ ਬਿੰਦੂ ਉਡਾਰੂ ਠਿਕਾਣੇ ਪਹੁੰਚ ਗਏ । ਫਿਰ 831 ਮੀਲ ਚੌੜੀ ਫਰੈਰੀਰੇਕ ਖਾੜੀ ਜਿਸ ਤੇ ਚੱਲ ਕੇ ਬਰਦਰਜ਼ ਅਤੇ ਸਿਸਟਰਜ਼ ਟਾਪੂਆਂ ਦੇ ਵਿਚਕਾਰ ਸਟੀਫਨ ਦਰੇ ਵੱਲ ਚੱਲ ਪਏ ਤੇ ਫਿਰ ਟੈਂਕੂ ਖਾੜੀ ਵਿੱਚ ਸੁੰਦਰ ਪ੍ਰਤਾਪੀ ਟੈਂਕੂ ਗਲੇਸ਼ੀਅਰ ਤੱਕ ਪਹੁੰਚ ਗਏ । ਫਿਰ ਜੂਨੋਂ ਦੇ ਗੈਸਟੀਨੀਓਂ ਚੈਨਲ ਵਿੱਚ ਅੱਪੜ ਗਏ ।
ਐੱਂਡੀਕੋਟ ਭੁਜਾ ਵਿਚੋਂ ਹੁੰਦੇ ਹੋਏ 900 ਮੀਲ ਚੌੜੀ ਟਰੇਸੀ ਭੁਜਾ ਜੋ ਬਹੁਤ ਸੁੰਦਰ ਮਨਮੋਹਣੇ ਗਲੇਸ਼ੀਅਰ ਹਨ ਵਿੱਚ ਅੱਪੜੇ । ਇਸ ਵਿੱਚ ਬਹੁਤ ਸਾਰੇ ਬਰਫ਼ ਦੇ ਟੁਕੜੇ ਤਰਦੇ ਜਾਂ ਪਾਸਿਓਂ ਪਹਾੜਾਂ ਤੋਂ ਡਿੱਗਦੇ ਦਿਖਾਈ ਦਿੰਦੇ ਹਨ । ਇਹ ਤਰਨ ਵਾਲੇ ਉਪਰੋਂ ਛੋਟੇ ਦਿਸਣ ਵਾਲੇ ਤੋਦੇ ਅਸਲ ਵਿੱਚ ਥੱਲੇ ਬਹੁਤ ਵੱਡੇ ਡੂੰਘੇ ਹੁੰਦੇ ਹਨ ਤੇ ਕਈ ਵਾਰ 2-3 ਮੰਜਲੀ ਇਮਾਰਤ ਜਿੱਡੇ ਹੁੰਦੇ ਹਨ । ਅਸਾਵਧਾਨੀ ਨਾਲ ਇਹ ਜਹਾਜ਼ ਲਈ ਇਹ ਬਹੁਤ ਬੜੇ ਖ਼ਤਰਨਾਕ ਸਾਬਤ ਹੁੰਦੇ ਹਨ । ਇਸ ਲਈ ਅਜਿਹੀ ਥਾਂਵਾਂ ਤੇ ਬੜਾ ਟੋਹ-ਟੋਹ ਕੇ ਹੌਲੀ-ਹੌਲੀ ਚੱਲਣਾ ਪੈਂਦਾ ਹੈ ।
ਟਰੇਸੀ ਦਾ ਇਹ ਏਰੀਆ ਚੜ੍ਹਦੇ ਪਾਸੇ ਕੈਨੇਡਾ ਦੇ ਪਹਾੜੀ ਜੰਗਲਾਂ ਦੀ ਹੱਦ ਅਤੇ ਐਂਡੀਕੱਟ ਭੁਜਾ ਦੋਵੇਂ ਬੜੀਆਂ ਤੰਗ ਪਰ ਬਹੁਤ ਡੂੰਘੀਆਂ 30 ਮੀਲ ਲੰਬੀਆਂ ਹਨ । ਇਨ੍ਹਾਂ ਦੋਹਾਂ ਦੇ ਕੰਢਿਆਂ ਤੋਂ ਹਜ਼ਾਰਾਂ ਗਲੇਸ਼ੀਅਰ ਦੇ ਟੋਟੇ ਡਿੱਗਦੇ ਰਹਿੰਦੇ ਹਨ । ਅਮਰੀਕਾ ਦੇ ਜੰਗਲੀ ਮਹਿਕਮੇ ਅਨੁਸਾਰ ਇਸ ਇਲਾਕੇ ਦਾ ਪੰਜਵਾਂ ਹਿੱਸਾ ਗਲੇਸ਼ੀਅਰ ਨਾਲ ਢੱਕਿਆ ਹੋਇਆ ਹੈ ।
ਹਮੇਸ਼ਾ ਬਾਰਿਸ਼ ਹੁੰਦੀ ਰਹਿਣ ਕਰਕੇ ਇਸ ਖ਼ਿੱਤੇ ਨੂੰ ਰੇਨ-ਫਾਰੈੱਸਟ (ਮੀਂਹ ਵਾਲਾ ਜੰਗਲ) ਕਹਿੰਦੇ ਹਨ । ਜੰਗਲੀ ਜਾਨਵਰਾਂ ਵਿੱਚ ਭੂਰੇ ਤੇ ਕਾਲੇ ਰਿੱਛ, ਪਹਾੜੀ ਬੱਕਰੀਆਂ, ਚੀਤੇ, ਕਾਲੀ ਪੂਛ ਵਾਲੇ ਹਿਰਨ ਅਤੇ ਕਈ ਹੋਰ ਜੱਤ ਵਾਲਾਂ ਵਾਲੇ ਛੋਟੇ ਵੱਡੇ ਜਾਨਵਰ ਹੁੰਦੇ ਹਨ । ਬੰਦਰਗਾਹਾਂ ਦੇ ਨੇੜੇ ਵੇਲ ਮੱਛੀਆਂ ਤੇ ਸਮੁੰਦਰੀ ਸ਼ੇਰ ਪਾਣੀ ਵਿੱਚ ਘੁੰਮਦੇ ਫਿਰਦੇ ਮੌਜ ਮਸਤੀ ਕਰਦੇ ਆਮ ਦੇਖੇ ਜਾਂਦੇ ਹਨ । ਚਿੱਟੀ ਘੋਨੀ ਇੱਲ ਤੇ ਹੋਰ ਸਮੁੰਦਰੀ ਕੰਢਿਆਂ ਵਾਲੇ ਪੰਛੀ ਆਮ ਮਿਲਦੇ ਹਨ । (ਚਲਦਾ)