ਸਫ਼ਰਨਾਮਾ ਅਲਾਸਕਾ

ਕਿਸ਼ਤ ਅੱਠਵੀਂ

ਚਰਨਜੀਤ ਸਿੰਘ ਪੰਨੂ

ਹੈਲੀਕਾਪਟਰ ਦੇ ਥੱਲੇ ਉੱਤਰਦਿਆਂ ਹੀ ਵੱਡੇ ਵੱਡੇ ਕੁੱਤਿਆਂ ਦੀ ਹੇੜ ਨੇ ਮੂੰਹ ਉੱਪਰ ਚੁੱਕ ਕੇ ਭੌਂਕਦੇ ਹੋਏ ਅਸਮਾਨ ਸਿਰ ਤੇ ਚੁੱਕ ਲਿਆ । ਕੁੱਤਿਆਂ ਦੀਆਂ ਬੇਥਵ੍ਹੀਆਂ ਭੌਂਕਾਂ/ਭਬਕਾਂ ਨੇ ਬੱਚਿਆਂ ਦਾ ਖੂਨ ਚੂਸ ਲਿਆ । ਉਹ ਦੌੜਦੇ ਮੇਰੇ ਨਾਲ ਆ ਚੰਬੜੇ । ਸਾਡਾ ਇਹ ਭਰਮ ਭਾਅ/ਗਲਤਫਹਿਮੀ ਕਿ ਇਹ ਕੁੱਤੇ ਬੜੇ ਸਿਖਲਾਈ ਪ੍ਰਾਪਤ ਸਭਿਅਕ ਹੁੰਦੇ ਹਨ ਤੇ ਮਹਿਮਾਨਾਂ ਦੀ ਬੜੇ ਨਿੱਘੇ ਸਲੀਕੇ ਨਾਲ ਆਉ-ਭਗਤ ਕਰਦੇ ਹਨ, ਇੱਕ ਛਿਣ ਵਿੱਚ ਚਕਨਾਚੂਰ ਹੋ ਗਿਆ ।
'ਕੁੱਤੇ ਤਾਂ ਆਖਰ ਕੁੱਤੇ ਹੀ ਹਨ ਇਹ ਬੰਦੇ ਨਹੀਂ ਬਣ ਸਕਦੇ ਜਿੰਨਾ ਮਰਜ਼ੀ ਸਿਖਲਾਈ ਦੇ ਲਓ ।'ਅਜੀਤ ਕੌਰ ਦਾ ਫੁਰਮਾਣੁ ਠੀਕ ਸਾਬਤ ਹੋਇਆ, ਉਹ ਖੁਸ਼ ਸੀ । ਚੁਰਾਸੀ ਗੇੜ ਦੇ ਦੌਰਾਨ ਖਾੜਕੂਆਂ ਦੀਆ ਏ. ਕੇ. ਸੰਤਾਲੀ ਦੀਆਂ ਗੋਲੀਆਂ ਦੀ ਤਾੜ ਤਾੜ ਨਾਲ ਪੰਜਾਬੀ ਪਿੰਡਾਂ ਦੇ ਕੁੱਤੇ ਪਿੰਡ ਤੇ ਪਈ ਮੁਸੀਬਤ ਨੂੰ ਦਰਸਾਉਂਦੇ ਕਿੰਨੀ-ਕਿੰਨੀ ਦੇਰ ਰੋਂਦੇ ਵਿਲਕਦੇ ਆਪਣੇ ਆਪ ਨੂੰ ਖੋਲਿਆਂ ਖੂੰਜਿਆਂ ਵਿੱਚ ਲੁਕਾਉਂਦੇ ਕਿਸੇ ਅਨਹੋਣੀ ਦੀ ਚੇਤਾਵਨੀ ਦਿੰਦੇ ।
ਅੱਜ ਇਹ ਵੀ ਸ਼ਾਇਦ ਮਹਿਮਾਨਾਂ ਨੂੰ ਵੇਖ ਕੇ ਬੁਰਾ ਭਲਾ ਕਹਿੰਦੇ ਸਰਾਫ਼ ਦਿੰਦੇ ਹੋਣ ਕਿ ਆ ਗਏ ਜੇ ਜਮ ! ਜਿਨ੍ਹਾਂ ਨੂੰ ਕੰਧਾੜਿਆਂ ਤੇ ਖਿੱਚ ਕੇ ਬਰਫ਼ਾਂ ਦੀਆਂ ਘਾਟੀਆਂ ਦੀ ਸੈਰ ਕਰਾਉਣੀ ਪੈਣੀ ਹੈ । ਇਹ ਕੁੱਤੇ ਉੱਤਰੀ ਧਰੂਵ ਦੇ ਠੰਢੇ ਯਖ਼ ਮੌਸਮ ਦੀ ਨਸਲ/ਉਪਜ ਹਨ । ਇਨ੍ਹਾਂ ਬੱਘੀ ਖਿੱਚਦੇ ਕੁੱਤਿਆਂ ਦੀ ਬਕਾਇਦਾ ਨਿਰਧਾਰਤ ਮਿਆਰੀ ਵਰਦੀ ਹੈ ਜਿਸ ਤੇ ਸਰਕਾਰ ਦਾ ਨਿਯੰਤਰਣ ਹੈ । ਧੌਣ ਅਤੇ ਪੈਰਾਂ ਵਿੱਚ ਸੰਗੀਤ ਪੈਦਾ ਕਰਦੀਆਂ ਘੁੰਗਰੀਆਂ ਹਨ । ਪੈਰਾਂ ਵਿੱਚ ਚਮੜੇ ਦੇ ਬੂਟ ਹਨ ਜੋ ਬਰਫ਼ ਤੇ ਪਕੜ ਰੱਖਦੇ ਹਨ ਤੇ ਇਹਨਾਂ ਨੂੰ ਬਰਫ਼ ਤੇ ਤਿਲਕਣ ਤੋਂ ਬਚਾਉਂਦੇ ਹਨ । ਧੌਣ ਦੁਆਲੇ ਪਟੇ ਦੇ ਨਾਲ ਇੱਕ ਮੋਟੀ ਨਰਮ ਗੱਦੀ ਲਪੇਟੀ ਹੈ ਜੋ ਕੰਨ੍ਹ ਤੇ ਪਾਈਆਂ ਵਾਗਾਂ/ ਤੜਾਵਾਂ ਨਾਲ ਧੌਣ ਨੂੰ ਜ਼ਖਮੀ ਨਹੀਂ ਹੋਣ ਦਿੰਦੀ । ਇਹ ਤਿਆਰ ਹਨ ਜਿਵੇਂ ਜੰਗ ਦੇ ਮੁਹਾਜ਼ ਤੇ ਜਾਣ ਲਈ ਫੌਜੀ ਟੁਕੜੀ ਤਿਆਰ ਬਰ ਤਿਆਰ ਖੜ੍ਹੀ ਹੋਵੇ ।
ਮਾਲਕ ਨੇ ਉਹਨਾਂ ਨੂੰ ਦਬਕਾ ਮਾਰ ਕੇ ਚੁੱਪ ਕਰਾਉਂਦੇ ਸਾਨੂੰ 'ਜੀ ਆਇਆਂ' ਕਿਹਾ । ਆਪਣੀ ਤੇ ਆਪਣੇ ਹਮਜੋਲੀਆਂ ਬਾਰੇ ਭੂਮਿਕਾ ਬੰਨ੍ਹੀਂ ਤੇ ਜਾਣਕਾਰੀ ਪ੍ਰਦਾਨ ਕੀਤੀ ।
'ਮੇਰਾ ਨਾਮ ਸੁਬਾਸਤਨ ਹੈ । ਇਹ ਮੇਰਾ ਦੂਸਰਾ ਸਾਥੀ ਜੋਹਨ ਹੈ । ਇਹ ਤੀਸਰਾ ਮਹਿਮੂਦ ਇਸਲੈਮ ਮੇਰਾ ਮੋਢੇ ਨਾਲ ਮੋਢਾ ਜੋੜਨ ਵਾਲਾ ਸਾਥੀ ।'
'ਮੁਸਲਮਾਨ?' ਮੈਂ ਉਸ ਦੇ ਨੇੜੇ ਹੋਣ ਦੀ ਕੋਸ਼ਿਸ਼ ਕੀਤੀ ।
'ਨੋ ਨੋ...ਨਾਟ ਮੁਸਲਮੈਨ ! ਆਈ ਐਮ ਮੈਨ, ਮਹਿਮੂਦ ਇਸਲਾਈਮ... ਨੋ ਇਜ਼ਮ ।' ਤੀਸਰੇ ਨੇ ਟੋਕ ਕੇ ਮੈਨੂੰ ਦਰੁਸਤ ਕਰ ਦਿੱਤਾ ਜਿਵੇਂ ਕਹਿ ਰਿਹਾ ਹੋਵੇ, 'ਅੱਵਲ ਅਲਹ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ...।'
'ਅਸੀਂ ਤੁਹਾਡੀ ਸੇਵਾ ਲਈ ਹਾਜ਼ਰ ਹਾਂ । ਇਹ ਮੇਰੇ 80 ਕੁੱਤੇ ਹਨ । ਮੇਰੇ ਕੋਲ ਇਹ ਬੱਘੀਆਂ ਨੂੰ ਖਿੱਚਣ ਵਾਲੀਆਂ 12-12 ਕੁੱਤਿਆਂ ਦੀਆਂ ਦੋ ਟੀਮਾਂ ਹਨ । ਇਕ ਮੈਂ ਚਲਾਉਂਦਾ ਹਾਂ, ਇਕ ਜੋਹਨ ਚਲਾਏਗਾ ਤੇ ਤੀਸਰਾ ਹਰ ਵਕਤ ਮੇਰੇ ਇਸ ਟੱਬਰ ਦੀ ਸਿਹਤ ਸੰਭਾਲ ਦੀ ਨਿਗਰਾਨੀ ਕਰਦਾ ਹੈ । ਰੱਸਿਆਂ ਨਾਲ ਜੋੜੇ 12 ਕੁੱਤੇ ਅਤੇ ਪਿੱਛੇ ਇਕ ਕੁਰਸੀ ਵਰਗੀ ਬੱਘੀ ਅਤੇ ਉਸ ਤੋਂ ਪਿੱਛੇ ਇਕ ਹੋਰ ਕੁਰਸੀ, ਇਸ ਕੁਰਸੀ ਤੇ ਇਕ ਆਦਮੀ ਵੀ ਬੈਠ ਸਕਦਾ ਹੈ ਅਤੇ ਦੋ ਵੀ ਬੈਠ ਸਕਦੇ ਹਨ ।
'ਬੜਾ ਹੋ ਗਿਆ ਹੁਣ, ਬੱਸ ਦੇਖ ਲਿਆ । ਅਸਾਂ ਕੁੱਤਿਆਂ ਪਿੱਛੇ ਨਹੀਂ ਬੈਠਣਾ ।' ਪਤਨੀ ਵੇਖ ਕੇ ਨਾਂਹ ਕਰ ਰਹੀ ਸੀ ।
'ਪਤਾ ਨਹੀਂ ਕੁੱਤੇ ਖਿੱਚ ਕੇ ਕਿਸੇ ਖੂਹ ਖਾਤੇ ਖੱਡ ਸਮੁੰਦਰ ਵਿੱਚ ਸੁੱਟ ਦੇਣ । ਕਿਸੇ ਬਰਫ਼ ਦੀ ਪੇਪੜੀ ਪਾੜ ਕੇ ਪਤਾਲ ਵਿੱਚ ਗਰਕ ਕਰ ਦੇਣ । ਅਸੀਂ ਪਿੱਛੋਂ ਮਸੀਂ ਏਨੇ ਖ਼ਤਰਿਆਂ ਤੋਂ ਬਚ ਕੇ ਆਏ ਹਾਂ ਹੁਣ ਨਿਗੂਣੇ ਕੁੱਤਿਆਂ ਹੱਥੋਂ ਮਰਾਂਗੇ ।'
'ਨਹੀਂ ਮਾਤਾ ਨਿਸ਼ਚਿੰਤ ਰਹੋ । ਸਮੁੰਦਰ ਅਸਮਾਨਾਂ ਵਿਚੋਂ ਬੱਚ ਕੇ ਆ ਗਏ ਹੋ, ਜਿੰਨਾਂ ਚਿਰ ਵਧੀ ਹੈ ਉੱਨਾਂ ਚਿਰ ਅੱਗ ਵੀ ਨਹੀਂ ਸਾੜ ਸਕਦੀ ਤੇ ਸਮੁੰਦਰ ਵੀ ਨਹੀਂ ਨਿਗਲ਼ ਸਕਦਾ । ਜਿੰਨੇ ਮਰਜ਼ੀ ਗੋਤੇ ਤਾਰੀਆਂ ਲਗਾਓ ਇੱਥੇ ਨਹੀਂ ਮਰਦੇ... ਚਿੰਤਾ ਨਾ ਕਰੋ.. ਚਲੋ ਬੈਠੋ । ਤੁਹਾਨੂੰ ਪਤਾਲ ਨਿਗਲ਼ ਜਾਊਗਾ ਤਾਂ ਢੇਰ ਸਾਰਾ ਹਰਜਾਨਾ ਤਾਂ ਸਾਨੂੰ ਹੀ ਭਰਨਾ ਪੈਣਾ ਹੈ । ਫਿਰ ਤਾਂ ਅਸੀਂ ਵੀ ਮਰੇ ਹੀ ਸਮਝੋ । ਨਾਲੇ ਇੱਥੇ ਤਾਂ ਸੁੱਖੀਂ-ਸਾਂਦੀਂ ਸ਼ੁੱਭ ਸ਼ਗਨਾਂ ਵਾਲੇ ਜੋੜੇ ਜੋ ਆਪਣੇ ਅਵੱਲੇ ਸ਼ੌਕ ਦੀ ਪੂਰਤੀ ਲਈ ਸਾਲਮ ਹੈਲੀਕਾਪਟਰ ਦਾ ਖਰਚਾ ਭਰਦੇ ਹਨ, ਉੱਪਰ ਉੱਡਦੇ ਹੀ ਵਿਆਹ ਦੀ ਰਸਮ ਪੁਗਾਉਂਦੇ ਹਨ ਤੇ ਫਿਰ ਥੱਲੇ ਉੱਤਰ ਕੇ ਇਹ ਸਵਾਰੀ ਸ਼ਿੰਗਾਰੀ ਹੋਈ ਕੁੱਤਾ ਬੱਘੀ ਵਿੱਚ ਹਨੀਮੂਨ ਮਨਾਉਂਦੇ ਹਨ ਜਿੱਥੋਂ ਸਾਨੂੰ ਵੀ ਚੰਗਾ ਇਨਾਮ ਮਿਲ ਜਾਂਦਾ ਹੈ ।' ਜੋਹਨ ਹੱਸਦਾ ਹੈ ਤੇ ਦੱਸਦਾ ਹੈ ।
'ਨੋ ਵਰੀ ਮਾਤਾ ! ਇਹ ਤੁਹਾਨੂੰ ਸੁਰੱਖਿਅਤ ਜਗ੍ਹਾ ਹੀ ਲਿਜਾਉਣਗੇ ਜਿਸ ਵਾਸਤੇ ਇਨ੍ਹਾਂ ਕੋਲ ਤਕਨੀਕੀ ਟੋਹ ਹੈ ।' ਬੱਬੂ ਦਿਲਾਸਾ ਦਿੰਦਾ ਹੈ ।
ਦਲਵੀਰ ਨੇ ਆਪਣੀ ਮਾਤਾ ਨੂੰ ਫੜ੍ਹ ਕੇ ਇੱਕ ਬੱਘੀ ਦੀ ਅਗਲੀ ਕੁਰਸੀ ਤੇ ਬਿਠਾ ਦਿੱਤਾ । ਮੈਨੂੰ ਪਿਛਲੀ ਕੁਰਸੀ ਤੇ ਪਿੱਛੇ ਸੁਹਾਗੇ ਵਾਂਗ ਲਟਕਦੀਆਂ ਬਾਹੀਆਂ ਤੇ ਖਲ੍ਹਾਰ ਦਿੱਤਾ ਤੇ ਹਦਾਇਤ ਕੀਤੀ ਕਿ ਜਦ ਉਹ ਜੈਸਾ ਕਹੇਗਾ ਬਾਹੀਆਂ ਤੇ ਬੈਠਣਾ ਹੈ ਤੇ ਜਦ ਸਟਾਪ ਕਰੇ ਉਹਨਾਂ ਦੋਹਾਂ ਵਿਚਕਾਰ ਲੱਗੇ ਪੌਡੇ ਤੇ ਪੈਰ ਰੱਖਣਾ ਹੈ... ਗੱਡੀ ਰੁਕ ਜਾਵੇਗੀ । ਮੈਂ ਹਦਾਇਤ ਅਨੁਸਾਰ ਬੱਘੀ ਦੀਆਂ ਵਾਗਾਂ ਫੜ੍ਹ ਕੇ ਤਿਆਰ ਬਰ ਤਿਆਰ ਖੜ੍ਹਾ ਹੋ ਗਿਆ । ਦਲਵੀਰ ਨੇ ਦੂਸਰੀ ਗੱਡੀ ਦਾ ਚਾਰਜ ਸੰਭਾਲ ਲਿਆ । ਸਾਡੇ ਚੱਲਣ ਤੋਂ ਪਹਿਲਾਂ ਹੀ ਦਲਵੀਰ ਵਾਲੀ ਬੱਘੀ ਇਕ ਦਮ ਚੱਲੀ ਤੇ ਦੌੜਦੇ ਕੁੱਤਿਆਂ ਨੇ ਪਿਛਲੀ ਕੁਰਸੀ ਥੱਲੇ ਬੰਦਾ ਘਸੀਟ ਲਿਆ । ਮੇਰੀ ਖ਼ਾਨਿਓਂ ਗਈ ਕਿ ਸ਼ਾਇਦ ਬੱਬੂ ਹੈ ਪਰ ਨਹੀਂ ਇਹ ਜੋਹਨ ਸੀ ।
ਉਸ ਨੇ ਬੱਬੂ ਨੂੰ ਸਟਾਪ ਤੇ ਪੈਰ ਰੱਖਣ ਲਈ ਕਿਹਾ ਸੀ ਪਰ ਉਸ ਨੇ ਪੈਰ ਬਾਹੀਆਂ ਤੇ ਰੱਖ ਦਿੱਤੇ ਤੇ ਕੁੱਤੇ ਗੱਡੀ ਲੈ ਦੌੜੇ । ਸ਼ੁਕਰ ਰੱਬ ਦਾ ਕਿ ਉਹ ਠੀਕ ਠਾਕ ਨਿਕਲ ਆਇਆ। ਅਸੀਂ ਫੇਰ ਰੋਕਿਆ ਕਿ ਸਾਨੂੰ ਅਜੇ ਵੀ ਰਹਿਣ ਦਿਓ ਪਰ ਕੋਈ ਨਹੀਂ ਮੰਨਿਆ । ਮੈਂ ਬਰੇਕ ਛੱਡਣ ਅਤੇ ਬਰੇਕ ਮਾਰਨ ਵਿੱਚ ਮਾਹਿਰ ਹੋ ਗਿਆ ਸਾਂ । ਉਹ ਆਪਨੀ ਅਵਾਜ਼ ਵਿੱਚ ਕੁੱਤਿਆਂ ਦਾ ਨਾਮ ਲੈ ਕੇ ਅਵਾਜ਼ ਦਿੰਦਾ ਅਤੇ ਤੇਜ਼, ਹੌਲੀ, ਹੋਰ ਤੇਜ਼ ਕਹਿੰਦਾ । ਕੁੱਤੇ ਉਸ ਦੀ ਹਦਾਇਤ ਅਨੁਸਾਰ ਬੜੀ ਸਪੀਡ ਨਾਲ ਬਰਫ਼ ਤੋਂ ਫਿਸਲਦੇ ਕਦੇ ਉੱਪਰ ਚੜ੍ਹ ਜਾਂਦੇ ਕਦੇ ਖੱਡ ਵਿੱਚ ਲੈ ਵੜਦੇ । ਵੀਹ ਪੰਝੀ ਮਿੰਟ ਦੀ ਖੇਡ ਤੋਂ ਬਾਅਦ ਠਿਕਾਣੇ ਜਾ ਕੇ ਬਰੇਕ ਲਗਾਈ । ਦੂਜੀ ਬੱਘੀ ਦਾ ਮਾਰਗ ਥੋੜ੍ਹਾ ਜਿਹਾ ਹਟਵਾ ਸੀ । ਉਹ ਹਫ ਰਹੇ ਸਨ, ਪਤਨੀ ਹਾਲੋਂ-ਬੇਹਾਲ ਹੋ ਰਹੀ ਸੀ ।
'ਨਾ ਭਾਈ ਮੈਂ ਤਾਂ ਆਪੇ ਤੁਰ ਕੇ ਚਲੀ ਜਾਊ ਵਾਪਸ ਮੈਨੂੰ ਲਾਹ ਦਿਓ । ਮੈਂ ਨਹੀਂ ਬੱਘੀ ਵਿੱਚ ਚੜ੍ਹਨਾ ਹੁਣ ।'
ਮੈਂ ਕਿਹਾ ਹੁਣ ਤਾਂ ਚੜ੍ਹਨਾ ਹੀ ਪੈਣਾ । ਪੈਦਲ ਤੁਰ ਕੇ ਕਿਸੇ ਡੁੰਮ੍ਹ ਵਿਚ ਡਿੱਗ ਪਈ ਤਾਂ ਫਿਰ ਪਤਾਲ ਧਰਮਰਾਜ ਦੇ ਦਰਸ਼ਨ ਹੋਣਗੇ ।
ਸਬਾਸਤਨ ਦੱਸਦਾ ਹੈ ਕਿ ਇਸ ਗਲੇਸ਼ੀਅਰ ਦੀ ਤਹਿ 1800 ਫੁੱਟ ਡੂੰਘੀ ਹੈ ਅਤੇ ਉਸ ਦੇ ਬਰਾਬਰ ਪਹਾੜਾਂ ਦੀ ਉੱਚਾਈ 3600 ਫੁੱਟ ਹੈ । ਅਪ੍ਰੈਲ ਤੋਂ ਅਗਸਤ ਤੱਕ ਇਹ ਖਿੱਤਾ ਸੈਰ ਲਈ ਖੁੱਲ੍ਹਦਾ ਹੈ ਬਾਕੀ ਸਾਰਾ ਸਾਲ ਇੱਥੇ ਬਰਫ਼ ਪੈਂਦੀ ਰਹਿੰਦੀ ਹੈ । ਉਸ ਨੂੰ ਠੰਡ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਹ ਠੰਡ ਤਾਂ ਉਸ ਨੂੰ ਗਰਮੀਆਂ ਵਰਗੀ ਲੱਗਦੀ ਹੈ । ਠੰਡ ਤਾਂ ਹੈ ਹੀ ਨਹੀਂ । ਉਨ੍ਹਾਂ ਨੇ ਇਹ 'ਹਰਬਟ ਗਲੇਸ਼ੀਅਰ' ਤੇ ਇਕ ਹੋਰ 'ਮੀਡ ਗੋਡ ਗਲੇਸ਼ੀਅਰ' ਕਿਰਾਏ ਤੇ ਲੈ ਰੱਖੇ ਹਨ । 80 ਕੁੱਤੇ ਤੇ 2 ਗੱਡੀਆਂ ਇਸ ਜਗ੍ਹਾਂ ਤੇ ਅਤੇ ਅੱਸੀ ਕੁੱਤੇ ਤੇ ਦੋ ਗੱਡੀਆਂ ਦੂਸਰੀ ਠਾਹਰ ਤੇ ਕੰਮ ਕਰਦੀਆਂ ਹਨ । ਕਾਮਿਆਂ ਨੂੰ ਹਰ ਰੋਜ਼ 80 ਡਾਲਰ ਉਜ਼ਰਤ ਦਿੰਦਾ ਹੈ ।
ਇਹ ਡੌਗ-ਸਲੈੱਡ ਉਸ ਨੇ ਆਪ ਆਪਣੇ ਖਰਚੇ ਤੇ ਬਣਵਾਏ ਹਨ । ਕੁੱਤਿਆਂ ਦਾ ਰੋਜ਼ ਹਰੇਕ ਦਾ ਇਕ ਪੌਂਡ ਮਾਸ ਅਤੇ ਹੋਰ ਖੁਰਾਕ ਦਾ ਖਰਚ 20 ਡਾਲਰ ਹੈ ਅਤੇ ਇਕ ਚੰਗੇ ਸੀਜ਼ਨ ਵਿੱਚ ਉਸ ਦੀ ਚੰਗੀ ਬੱਚਤ ਆਮਦਨ ਹੋ ਜਾਂਦੀ ਹੈ । ਉਸ ਦਾ ਕਾਰੋਬਾਰ ਕੋਸਟਲ ਹੈਲੀਕਾਪਟਰ ਕੰਪਨੀ ਨਾਲ ਸੰਬੰਧਿਤ ਹੈ ਤੇ ਸਰਕਾਰ ਕੋਲੋਂ ਮਨਜ਼ੂਰ-ਸ਼ੁਦਾ ਹੈ । ਇਹਨਾਂ ਗਿੱਦੜ ਵਰਗੇ ਕੁੱਤਿਆਂ ਨੂੰ ਬੋਲੀ ਸਿਖਾਈ ਹੋਈ ਹੈ। ਚਲੋ ਚੱਲੀਏ (ਹਾਈਕ) ਸੱਜੇ ਮੁੜੋ (ਜੀ), ਖੱਬੇ ਮੁੜੋ (ਹਾ), 180 ਡਿਗਰੀ ਸੱਜੇ (ਕਮ ਜੀ), 180 ਡਿਗਰੀ ਖੱਬੇ (ਕਮ ਹਾਅ) ਲੀਡ ਡਾਗ ਟੀਮ ਦਾ ਮੋਹਰੀ ਫਸਟ ਤੇਜ਼ ਕੁੱਤੇ ਨੂੰ ਕਿਹਾ ਜਾਂਦਾ ਹੈ । 'ਸਵਿੰਗ ਡਾਗ' ਲੀਡਰ ਦੇ ਇਕਦਮ ਪਿੱਛੇ ਦੋ ਨੰਬਰ ਤੇ ਹੁੰਦਾ ਹੈ ਜੋ ਦੌੜ ਵਿੱਚ ਤੇ ਮੋੜ ਮੁੜਨ ਸਮੇਂ ਆਪਣਾ ਦਿਮਾਗ਼ ਤੇ ਹੋਸ਼-ਹਵਾਸ ਵਰਤਦਾ ਹੈ । ਇਨ੍ਹਾਂ ਦੀਆਂ ਨਸਲਾਂ ਹਲਾਸਕਾ, ਹਸਕੀ, ਮਾਲਾ, ਮੂੱਟ ਅਤੇ ਸਾਈਬੇਰੀਅਨ ਹਸਕੀ ਹਨ ।
ਵਾਪਸ ਚੱਲਣ ਵਾਲੇ ਪੜਾਅ ਤੇ ਪਹੁੰਚ ਕੇ ਇਨ੍ਹਾਂ ਕੁੱਤਿਆਂ ਦੀਆਂ ਲਗਾਮਾਂ ਖੋਲ੍ਹੀਆਂ ਗਈਆਂ । ਇੱਕ ਕੁੱਤਾ ਗੋਲੀ ਵਾਂਗ ਦੌੜਦਾ ਦੂਸਰੀ ਨੁੱਕਰ ਤੱਕ ਗਿਆ ਤੇ ਇਕ ਹੋਰ ਕੁੱਤੇ ਨੂੰ ਜਾ ਢਾਹਿਆ । ਬੜੀ ਭਾਰੀ ਜੱਦੋ-ਜਹਿਦ ਨਾਲ ਤਿੰਨਾਂ ਰਖਵਾਲਿਆਂ ਨੇ ਖਿੱਚ ਕੇ ਦੁਹੱਥੜਾਂ ਮਾਰ ਮਾਰ ਕੇ ਉਸ ਨੂੰ ਉੱਪਰੋਂ ਲਾਹਿਆ । ਮਾਲਕ ਨੇ ਦੱਸਿਆ ਕਿ ਇਹ ਪਹਿਲਾ ਕਮਾਂਡਰ ਹੈ ਤੇ ਇਸ ਦੂਸਰੇ ਕੁੱਤੇ ਨੇ ਰਸਤੇ ਵਿੱਚ ਟ੍ਰੈਫ਼ਿਕ ਨਿਯਮਾਂ ਦੀ ਕੁਤਾਹੀ ਕੀਤੀ ਸੀ । ਪਹਿਲਾਂ ਵੀ ਸੰਕੇਤ ਇਸ਼ਾਰਾ ਸਮਝਣ ਤੋਂ ਬਿਨਾ ਹੀ ਚੱਲ ਪਿਆ ਸੀ ਜਿਸ ਕਰਕੇ ਮਾਲਕ ਨੂੰ ਬਹੁਤ ਚੋਟ ਆ ਸਕਦੀ ਸੀ ਜੋ ਖੁਸ਼ਕਿਸਮਤੀ ਕਰਕੇ ਬਚ ਗਿਆ । ਇਸੇ ਕਰਕੇ ਇਹ ਇਸ ਨੂੰ ਡਾਟ ਕੇ ਸਬਕ ਸਿਖਾ ਰਿਹਾ ਹੈ ।
ਇਹ ਮਾਲਕ ਦੇ ਬਹੁਤ ਵਫ਼ਾਦਾਰ ਹੁੰਦੇ ਹਨ । ਕੁੱਤਿਆਂ ਦੇ ਹਰ ਘਰ ਵਿੱਚ ਉਨ੍ਹਾਂ ਦੇ ਅਲੱਗ ਅਲੱਗ ਗੱਦੇ, ਰਜਾਈਆਂ, ਵਿਛੌਣੇ ਤੇ ਭਾਂਡੇ ਮੌਜੂਦ ਹਨ । ਹਰ ਘਰ ਦੇ ਦਰਵਾਜ਼ੇ ਤੇ ਕੁੱਤੇ ਦਾ ਨਾਮ ਲਿਖਿਆ ਹੈ । ਜਿਵੇਂ ਮੋਲੀਟਾ, ਦਾਨਾ, ਪਿਆਨੋ, ਗਗਨ, ਜੇ, ਸੋਸ਼ੀਨੀ, ਮਾਰਕਿਨ, ਕਾਲੋਰ, ਏਲੀਅਸ, ਬਲੈਕ, ਐਲਜਾ ਆਦਿ ।
'ਨਾਰਥ ਪੋਲ ਅਲਾਸਕਾ ਸੈਂਟਾ ਕਲਾਜ਼ ਦਾ ਘਰ ਸਮਝਿਆ ਜਾਂਦਾ ਹੈ ਤੇ ਇੱਥੇ ਸਾਰਾ ਸਾਲ ਕ੍ਰਿਸਮਿਸ ਮਨਾਈ ਜਾਂਦੀ ਹੈ । ਨਾਰਥ ਪੋਲ ਨਾਮੀ ਪਿੰਡ ਐਨਕਰੋਵ ਤੋਂ 261 ਮੀਲ ਦੀ ਦੂਰੀ ਤੇ ਹੈ ਤੇ ਇਸ ਦੀ ਆਬਾਦੀ 1570 ਹੈ । ਇਹ ਵਿਗਿਆਨੀਆਂ ਦੀਆਂ ਮਿੱਥੀਆਂ ਨਿਰਧਾਰਤ ਲੌਂਗੀਚੂਢ ਤੇ ਲੈਟੀਚੂਡ ਰੇਖਾਵਾਂ ਅਨੁਸਾਰ ਉੱਤਰੀ ਧ੍ਰਵ ਦੇ ਨੇੜੇ ਦਾ ਇਲਾਕਾ ਹੈ । ਉੱਤਰੀ ਧਰੁਵ ਸੂਰਜ ਦੀਆਂ ਕਿਰਨਾਂ ਦੀ ਜੱਦ ਤੋਂ ਬਾਹਰ ਦੂਰ ਉਹਲੇ ਰਹਿਣ ਕਰਕੇ ਬਹੁਤਾ ਸਮਾਂ ਹਨੇਰੇ ਵਿੱਚ ਡੁੱਬਿਆ ਰਹਿੰਦਾ ਹੈ । ਸਰਦੀ ਦਾ ਪਰਕੋਪ ਹੋਣ ਕਰਕੇ ਬਰਫ਼ ਨਾਲ ਢੱਕਿਆ ਰਹਿੰਦਾ ਹੈ । ਬੈਰੋ ਖੰਡ ਜੋ 71.30 ਲੈਟੀਚੂਡ ਅਤੇ 156.78 ਲੌਂਗੀਚੂਡ ਤੇ ਸਥਿਤ ਹੈ ਵਿਖੇ ਜੂਨ ਦਾ ਸਾਰਾ ਮਹੀਨਾ 24 ਘੰਟੇ ਸੂਰਜ ਦੀ ਰੋਸ਼ਨੀ ਰਹਿੰਦੀ ਹੈ ਤੇ ਦਸੰਬਰ ਵਿੱਚ ਸਾਰਾ ਮਹੀਨਾ ਹਨੇਰਾ ਯਾਨੀ ਕਿ ਰਾਤ ਰਹਿੰਦੀ ਹੈ ।
ਇਹ ਉੱਤਰੀ ਧ੍ਰਵ ਵੱਲ ਦਾ ਛੇਕੜਲਾ ਖਿੱਤਾ ਹੈ । ਹੁਣ ਗਲੋਬਲ ਵਾਰਮਿੰਗ (ਵਿਸ਼ਵ ਪੱਧਰ ਤੇ ਵਧ ਰਹੇ ਮੌਸਮੀ ਤਾਪਮਾਨ) ਬਰੂਦ, ਪ੍ਰਦੂਸ਼ਣ, ਭੌਤਿਕ ਤੇ ਰਸਾਇਣਿਕ ਤਜਰਬਿਆਂ ਨਾਲ ਤੇ ਕੁਦਰਤੀ ਮੌਸਮੀ ਤਬਦੀਲੀਆਂ ਕਰਕੇ ਬਰਫ਼ ਪਿਘਲਨੀ ਸ਼ੁਰੂ ਹੋਈ ਹੈ, ਸਮੁੰਦਰ ਦਾ ਤਾਪਮਾਨ ਵੱਧਣ ਲੱਗਾ ਹੈ । ਉਸ ਖ਼ਿੱਤੇ ਵਿੱਚ ਤੇਲ ਖਣਿਜ ਤੇ ਕੁਦਰਤੀ ਗੈਸਾਂ ਦੇ ਬੜੇ ਵੱਡੇ ਅਮੁੱਕ ਭੰਡਾਰ ਹਨ । ਸੋਨਾ ਵੀ ਹੈ । ਇਸ ਸੋਨ ਦੌੜ (ਗੋਲਡ ਰਸ਼) ਵਾਸਤੇ ਇਕ ਨਵੀਂ ਗਲੋਬਲ ਲੜਾਈ ਹੋਣ ਵਾਲੀ ਹੈ ਤੇ ਇਸ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ । ਹੁਣੇ ਹੀ ਇੱਕ ਖ਼ਬਰ ਮਿਲੀ ਹੈ ਕਿ ਇਸ ਮਾਮਲੇ ਵਿੱਚ ਮੱਲ ਮਾਰਨ ਲਈ ਰੂਸ ਨੇ ਪਹਿਲ ਕਰਕੇ ਉੱਥੇ ਝੰਡਾ ਜਾ ਗੱਡਿਆ ਹੈ । ਨਾਰਵੇ ਵੀ ਉੱਥੇ ਆਪਣਾ ਅਧਿਕਾਰ ਜਤਾਉਂਦਾ ਹੈ ।
ਅਮਰੀਕਾ ਵੀ ਲਾਰਾਂ ਕੇਰਦਾ, ਮੁੱਛਾਂ ਨੂੰ ਮਰੋੜਦਾ ਲੰਗਰ ਲੰਗੋਟੇ ਕੱਸੀ ਫਿਰਦਾ ਹੈ ਤੇ ਇਸ ਨੇ ਆਪਣੇ ਜੰਗੀ ਬੇੜੇ ਉੱਧਰ ਰਵਾਨਾ ਕਰ ਦਿੱਤੇ ਹਨ । ਚੁੱਪ-ਚੁਪੀਤਾ ਚੀਨ ਵੀ ਅੰਦਰਖਾਤੇ 'ਵੇਖੋ ਤੇ ਉਡੀਕ ਕਰੋ' ਦੀ ਪਾਲਸੀ ਅਧੀਨ ਬੁੱਲਾਂ ਤੇ ਜਬਾਨ ਫੇਰਦਾ ਢੁੱਕਵੇਂ ਸਮੇਂ ਦੀ ਤਲਾਸ਼ ਵਿੱਚ ਤਿਆਰ ਖੜ੍ਹਾ ਹੈ । ਸਾਇੰਸਦਾਨ ਵੀ ਮੰਨਦੇ ਹਨ ਤੇ ਸਿਆਣਿਆਂ ਦਾ ਵੀ ਪੱਕਾ ਯਕੀਨ ਹੈ ਕਿ ਥੋੜੀ ਦੇਰ ਵਿੱਚ ਉਹ ਸਾਰਾ ਖਿੱਤਾ ਨੰਗਾ ਹੋ ਜਾਣਾ ਹੈ ਤੇ ਇਸ ਦੇ ਕਬਜ਼ੇ ਲਈ ਇਹਨਾਂ ਵੱਡੀਆਂ ਤਾਕਤਾਂ ਨੇ ਆਪ ਲੜ-ਲੜ ਮਰਨਾ ਹੈ ਤੇ ਦੁਨੀਆ ਨੂੰ ਸੰਸਾਰ ਜੰਗ ਵਿੱਚ ਝੋਕਣਾ ਹੈ ।' ਇਹ ਇੰਨਚਾਰਜ ਬਹੁਤ ਪੜ੍ਹਿਆ ਲਿਖਿਆ ਤੇ ਬਹੁਤ ਗਿਆਨਵਾਨ ਭੂਗੋਲਿਕ ਵਿਗਿਆਨ ਦਾ ਪੂਰਾ ਮਾਹਿਰ ਜਾਪਦਾ ਹੈ । ਉਸ ਨੇ ਦੱਸਿਆ ਕਿ ਉਹ ਉੱਤਰੀ ਧ੍ਰੁਵ ਨੇੜੇ ਬਰਫ਼ਾਨੀ ਖ਼ਿੱਤੇ ਦਾ ਪੱਕਾ ਵਸਨੀਕ ਹੈ ਤੇ ਨੇੜੇ ਕਿਸੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੀ ਨੌਕਰੀ ਛੱਡ ਕੇ ਇਸ ਸਮੇਂ ਇਹ ਸ਼ੌਂਕੀਆਂ ਆਪਣਾ ਮਨ-ਪਸੰਦ ਦਾ ਕੰਮ ਕਰਨਾ/ਵੇਖਣਾ ਪਸੰਦ ਕਰਦਾ ਹੈ ਕਿਉਂਕਿ ਇਹ ਸੈਰ-ਸਪਾਟਾ ਕੰਮ ਦਸਤਕਾਰੀ ਦਾ ਰੂਪ ਗ੍ਰਿਹਨ ਕਰ ਚੁੱਕੀ ਹੈ ਤੇ ਇਸ ਦੇ ਹੋਰ ਵਡੇਰੇ ਪ੍ਰਫੁੱਲਤ ਹੋਣ ਦੇ ਸੁਨਹਿਰੀ ਆਸਾਰ ਹਨ । 'ਕੁਦਰਤ ਰਾਣੀ ਸਾਡੇ ਤੇ ਬੜੀ ਮਿਹਰਬਾਨ ਹੈ ਤੇ ਅਸੀਂ ਇਸ ਦਾ ਹੀ ਦਿੱਤਾ ਖੱਟ ਖਾ ਰਹੇ ਹਾਂ ।'
ਵਾਪਸੀ ਪੜਾਅ ਤੇ ਆ ਕੇ ਦਲਵੀਰ ਦੇ ਕਹਿਣ ਤੇ ਮੈਂ 20 ਡਾਲਰ ਦਾ ਨੋਟ ਕੱਢਿਆ ਤੇ ਸਵੈਸਤਨ ਨੂੰ ਫੜ੍ਹਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ । ਉਸ ਨੇ ਸ਼ੁਕਰੀਆ ਕਹਿ ਕੇ ਜੇਬ ਵਿੱਚ ਪਾ ਲਿਆ ।
'ਦੂਸਰੇ ਨੂੰ ਵੀ ਦੇ ਦਿਓ ।'
ਬੱਬੂ ਦਾ ਇਸ਼ਾਰਾ ਸੁਣ ਕੇ, 'ਨਹੀਂ ਨਹੀਂ ਆਪੇ ਹੀ ਵੰਡ ਲੈਣਗੇ ।' ਮੈਂ ਨਾਂਹ ਕਰ ਦਿੱਤੀ ।
'ਪਲੀਜ਼ ਗਿਵ ਹਿਮ ਆਲਸੋ ।' ਉਸਨੇ ਹੋਰ ਜੋਰ ਲਗਾਇਆ ਤੇ ਮੇਰੀ ਝਿਜਕ ਵੇਖ ਕੇ ਬਟੂਏ ਵਿੱਚੋਂ ਹੋਰ ਨੋਟ ਕੱਢ ਕੇ ਦੂਸਰੇ ਨੂੰ ਫੜ੍ਹਾ ਦਿੱਤੇ ।
ਹੈਲੀਕਾਪਟਰ ਹੋਰ ਦੂਜੀਆਂ ਸਵਾਰੀਆਂ ਲੈ ਕੇ ਉੱਤਰ ਆਇਆ । ਅਸੀਂ ਟਾਹ-ਟਾਹ ਕਰਦੇ ਮੁੜ ਉਸੇ ਤਰਤੀਬ ਵਿੱਚ ਵਾਪਸ ਹੈਲੀਕਾਪਟਰ ਤੇ ਚੜ੍ਹ ਬੈਠ ਗਏ । ਜੈਸਮੀਨ ਦੀ ਰੋਣ ਦੀ ਰਿਅ੍ਹਾੜ ਨੇ ਮਜ਼ਾ ਕਿਰਕਿਰਾ ਕਰ ਦਿੱਤਾ । ਉਹ ਵਿਲਕ ਰਹੀ ਸੀ ਕਿ ਉਹ ਹੁਣ ਅਗਲੀ ਸੀਟ ਤੇ ਆਪਣੀ ਵੱਡੀ ਮੰਮਾ ਨਾਲ ਹੀ ਬੈਠੇਗੀ । ਅਸੀਂ ਉਸ ਨੂੰ ਬਥੇਰਾ ਸਮਝਾਇਆ ਕਿ ਤੁਸੀਂ ਆਪਣੀ ਮਰਜ਼ੀ ਨਾਲ ਗੋਦੀ ਵਿੱਚ ਜਾਂ ਸੀਟ-ਬੈਲਟ ਤੋਂ ਬਿਨਾਂ ਨਹੀਂ ਬੈਠ ਸਕਦੇ । ਨਾਲੇ ਉਨ੍ਹਾਂ ਨੇ ਭਾਰ ਦੇ ਹਿਸਾਬ ਨਾਲ ਸੰਤੁਲਨ ਰੱਖਣ ਲਈ ਹੀ ਸਵਾਰੀਆਂ ਥਾਂ ਸਿਰ ਬਿਠਾਈਆਂ ਹੁੰਦੀਆਂ ਹਨ ਪਰ ਉਹ ਨਹੀਂ ਮੰਨੀ ਤੇ ਆਪਣੇ ਰੋਣ ਦੀ ਹਠ ਨਹੀਂ ਛੱਡੀ । ਕੈਮਰੇ ਵਿੱਚ ਬੰਦ ਗਲੇਸ਼ੀਅਰ ਅਤੇ ਜੋਹਨ ਪਾਰਟੀ ਨਾਲ ਕੁੱਤਿਆਂ ਸਮੇਤ ਖਿਚਾਈਆਂ ਫੋਟੋਆਂ ਯਾਦਗਾਰੀ ਬਣ ਗਈਆਂ ।
ਇਹ ਅਮਰੀਕਾ ਜਿਹੇ ਉਪਜਾਊ ਤੇ ਬਾਣੀਆਂ ਦਿਮਾਗ ਦੇ ਸੁਹਜ ਦੀ ਕਾਰਸਤਾਨੀ ਹੀ ਹੈ ਕਿ ਅਜਿਹੇ ਦੂਰ ਦਰਾਜ਼ ਦੇ ਖ਼ਿੱਤੇ ਵਿੱਚ ਵੀ ਕੁਦਰਤੀ ਵਸੀਲਿਆਂ ਨੂੰ ਆਪਣੀ ਕੈਦ ਵਿੱਚ ਪਾ ਕੇ ਏਨੀਆਂ ਆਕਰਸ਼ਿਕ ਸੈਰਗਾਹਾਂ ਪ੍ਰਫੁੱਲਤ ਕਰਕੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਇੱਧਰ ਖਿੱਚਿਆ ਹੈ ਤੇ ਭਰਪੂਰ ਕਮਾਈ ਦੇ ਸਾਧਨ ਜੁਟਾਏ ਹਨ ।
ਵਾਪਸ ਮੁੜ ਕੇ ਅਜੇ ਵੀ ਦਲਵੀਰ ਦਾ ਮਨ ਨਹੀਂ ਰੱਜਿਆ । ਸਾਡੇ ਜਹਾਜ਼ ਨੇ ਅੱਗੇ 11 ਵਜੇ ਚੱਲਣਾ ਹੈ ਤੇ ਸਾਡੇ ਕੋਲ ਤਿੰਨ ਘੰਟੇ ਅਜੇ ਬਾਕੀ ਹਨ । ਉੱਪਰ ਝੋਟੀਆਂ ਵਰਗੀਆਂ ਮੋਟੀਆਂ ਤਕੜੀਆਂ ਲੰਬੇ ਸਿੰਗਾ ਵਾਲੀਆਂ ਪਹਾੜੀ ਬੱਕਰੀਆਂ ਗਰਮੀਆਂ ਵੇਲੇ ਬਰਫ਼ੀਲੇ ਗਲੇਸ਼ੀਅਰ ਦੇ ਨਾਲ ਉੱਚੇ ਹਰਿਆਵਲੇ ਪਹਾੜਾਂ ਤੇ ਚੜ੍ਹਨਾ ਤੇ ਚਰਨਾਂ ਜ਼ਿਆਦਾ ਪਸੰਦ ਕਰਦੀਆਂ ਹਨ ਜੋ ਦੇਖਣ ਨੂੰ ਆਮ ਮਿਲ ਜਾਂਦੀਆਂ ਹਨ । ਇਨ੍ਹਾਂ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ, ਹਾਂ ਬੱਕਰੇ ਨੂੰ ਜੇ ਕੋਈ ਜਿਆਦਾ ਤੰਗ ਕਰੇ ਤਾਂ ਇਹ ਹਿੰਸਕ ਹੋ ਕੇ ਅਗਲੇ ਦਾ ਢਿੱਡ ਪਾੜਨ ਤੱਕ ਜਾਂਦੇ ਹਨ । ਉਨ੍ਹਾਂ ਨੂੰ ਵੇਖ ਕੇ ਬੱਬੂ ਫਿਰ ਚਾਮ੍ਹਲ ਪਿਆ ।
'ਚਲੋ ਫਿਰ ਉੱਪਰ ਚੱਲਦੇ ਹਾਂ । ਇਹ ਟਿਕਟ ਸਾਰਾ ਦਿਨ ਚੱਲਣੀ ਹੈ । ਉਸ ਦਾ ਹੋਰ ਲਾਹਾ ਲੈ ਲਈਏ ।' ਉਸ ਨੇ ਉੱਪਰ ਚੜ੍ਹਦੀ ਸਕਾਈ ਟਰੇਨ ਵੱਲ ਚੁਟਕੀ ਜਿਹੀ ਮਾਰੀ ।
'ਮੇਰਾ ਹਾਈਕਿੰਗ ਕਰਨ ਦਾ ਮਨ ਬਣਦਾ ਹੈ ।' ਰਿਤੂ ਨੇ ਵੀ ਝੱਟ ਉਸ ਦੀ ਹਾਂ 'ਚ ਹਾਂ ਮਿਲਾ ਦਿੱਤੀ । 'ਇਕ ਨੇ ਕਹੀ ਦੂਸਰੀ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ ।' ਮੈਂ ਰਿਤੂ ਦੀ 'ਹਾਂ ਜਨਾਬ !' ਤੇ ਹਾਜ਼ਰ ਜੁਆਬੀ ਦੀ ਤਾਰੀਫ਼ ਕਰਦਾ ਹਾਂ ।
'ਚੱਲੋ ! ਪਰ ਅਸੀਂ ਉੱਥੇ ਠਹਿਰ ਜਾਵਾਂਗੇ ਸਟੋਰ ਵਿੱਚ । ਅਸੀਂ ਪਹਾੜਾਂ ਦੀ ਚੜ੍ਹਾਈ ਨਹੀਂ ਚੜ੍ਹਨੀ, ਸਾਡੇ ਤਾਂ ਗੋਡਿਆਂ ਦੀਆਂ ਪਹਿਲਾਂ ਹੀ ਚੂਲਾਂ ਹਿੱਲੀਆਂ ਹੋਈਆਂ ਨੇ ।' ਪਤਨੀ ਦੀ ਕਹੀ ਅਣਸੁਣੀ ਜਿਹੀ ਹੋ ਗਈ । ਦੋਬਾਰਾ ਉੱਧਰ ਪਹੁੰਚ ਕੇ ਉਸੇ ਸਕਾਈ ਟਰੇਨ ਵਿੱਚ ਜਾ ਚੜ੍ਹੇ । ਟਰਾਲੀ ਚਾਲਕ ਨੇ ਦੱਸਿਆ ਕਿ 20 ਮਿੰਟ ਪਹਿਲਾਂ ਉੱਪਰ ਟਰੇਨ ਵਿੱਚ ਮੁਸਾਫ਼ਰਾਂ ਨੇ ਚੀਤਾ, ਪੋਲਰ ਬੀਅਰ ਅਤੇ ਛੋਟੇ ਲੇਲੇ/ਬੱਚੇ ਫਿਰਦੇ ਵੇਖੇ ਹਨ । ਦਲਵੀਰ ਨਿਹਾਲ ਹੋ ਕੇ ਛਾਲਾਂ ਮਾਰਨ ਲੱਗਾ । ਬੱਚੇ ਤੇ ਰਿਤੂ ਵੀ ਖੁਸ਼ ਹੋ ਗਏ । ਅਸੀਂ ਡਰਦੇ ਮਾਰੇ ਨਾਂਹ-ਨਾਂਹ ਕਰਨ ਲੱਗ ਪਏ । ਕੈਸਾ ਉਲਟਾ ਜ਼ਮਾਨਾ ਆ ਗਿਆ । ਇਹੋ ਜਿਹੇ ਭਿਆਨਕ ਜਾਨਵਰ ਦਾ ਨਾਮ ਸੁਣ ਕੇ ਸਾਡੇ ਵਰਗੇ ਮਾਪੇ ਬੱਚਿਆਂ ਨੂੰ ਅੰਦਰ ਵਾੜ ਲੈਂਦੇ ਸਨ ਤੇ ਕੁੱਕੜੀ ਵਾਂਗ ਖੰਭਾਂ ਹੇਠਾਂ ਲੁਕਾ ਲੈਂਦੇ ਸਨ ਤੇ ਇਹ ਉੱਥੇ ਜਾਣ ਦੀ ਜਿੱਦ ਕਰ ਰਹੇ ਹਨ ਜਿੱਥੇ ਮੌਤ ਸਾਹਮਣੇ ਦਣਦਣਾ ਰਹੀ ਦਿਸਦੀ ਹੈ ।
ਸਾਡੇ ਬਾਰ ਬਾਰ ਵਰਜਣ ਤੇ ਵੀ ਉਹ ਨਹੀਂ ਰੁਕੇ ਤੇ ਪਗਡੰਡੀ ਪੈ ਕੇ ਉੱਪਰ ਚੜ੍ਹ ਗਏ । 10 ਨੰਬਰ ਬੁਰਜੀ ਤੇ ਜਾ ਕੇ ਮੈਂ ਤੇ ਉਨ੍ਹਾਂ ਦੀ ਮੰਮੀ ਨੇ ਹਥਿਆਰ ਸੁੱਟ ਦਿੱਤੇ । ਉਨ੍ਹਾਂ ਨੂੰ ਕਿਹਾ ਕਿ ਜੰਗਲੀ ਜਾਨਵਰਾਂ ਤੋਂ ਡਰਨਾ ਚਾਹੀਦਾ ਹੈ । ਨਾਲੇ ਹਨੇਰਾ ਹੋ ਗਿਆ ਹੈ ਪਰ ਜਿਵੇਂ ਮੱਛੀ ਪੱਥਰ ਚੱਟ ਕੇ ਮੁੜਦੀ ਹੈ, 'ਡੈਡੀ ਦਸ ਬੁਰਜੀਆਂ ਹੋਰ ਰਹਿ ਗਈਆਂ, ਅਸੀਂ ਆਏ ।' ਬੇਬਸ ਵਿਚਾਰਿਆਂ ਵਾਂਗ ਅਸੀਂ ਉੱਥੇ ਹੀ ਧਰਨਾ ਮਾਰ ਕੇ ਭੁੰਜੇ ਘਾਹ ਤੇ ਵਿਛ ਗਏ । ਮਹਿਕਦੀਆਂ ਰੁਮਕਦੀਆਂ ਰਸ-ਭਿੰਨੀਆਂ ਪੌਣਾਂ ਹੁਲਾਰੇ ਦੇਣ ਦੀ ਥਾਂਵੇਂ ਸਾਨੂੰ ਰੌਂਦਦੀਆਂ ਰਹੀਆਂ । ਸਾਂ ਸਾਂ ਛੂਕਦੇ ਇਸ ਭਿਆਨਕ ਜੰਗਲ ਵਿੱਚ ਭੇੜੀਏ ਦੀ ਘੁਰ ਘੁਰ, ਲੂੰਬੜੀ ਦੀ ਚੌਕਸ ਹਵਾਂਕਣੀ ਤੇ ਸ਼ੇਰ ਚੀਤਿਆਂ ਦੀਆਂ ਗਰਜ਼ਾਂ ਸਾਡੀ ਮਨ ਆਤਮਾ ਨੂੰ ਨਿਰੰਤਰ ਝੰਜੋੜਦੀਆਂ ਜ਼ਖ਼ਮੀ ਕਰਦੀਆਂ ਰਹੀਆਂ । ਆਸੇ ਪਾਸੇ ਸੰਘਣੀਆਂ ਝਾੜੀਆਂ ਜਰਾ ਜਿੰਨੀ ਵੀ ਸਰਸਰਾਹਟ ਕਰਦੀਆਂ ਤਾਂ ਸਾਡਾ ਸਰੀਰ ਲੂੰ ਕੰਡੇ ਖੜ੍ਹੇ ਹੋ ਕੇ ਬੋਝਲ ਹੋਣ ਲੱਗਦਾ । ਮਨ ਵਿੱਚ ਪਛਤਾਉਂਦੇ ਆਪਣੇ ਆਪ ਨੂੰ ਕੋਸਦੇ ਪਛਤਾਉਂਦੇ ਰਹੇ । (ਚਲਦਾ)