ਸਫ਼ਰਨਾਮਾ ਅਲਾਸਕਾ

ਕਿਸ਼ਤ ਸੱਤਵੀ

ਚਰਨਜੀਤ ਸਿੰਘ ਪੰਨੂ

'ਮੈਂ ਆਪਣਾ ਸ਼ਿਕਾਰ ਆਪ ਮਾਰ ਕੇ ਖਾਂਦਾ ਹਾਂ, ਇਸ ਤਰ੍ਹਾਂ ਰਿਆਇਤੀ ਨਹੀਂ ।' ਕਹਿ ਕੇ ਉਸ ਨੇ ਨਾਂਹ ਕਰ ਦਿੱਤੀ । ਇਹ ਕੂਪਨ ਪਿਛਲੀ ਮਾਰਕੀਟ ਦੇ ਪ੍ਰਬੰਧਕਾਂ ਵੱਲੋਂ ਯਾਤਰੀਆਂ ਨੂੰ ਉਤੇਜਿਤ ਕਰਨ ਲਈ, ਆਪਣੀ ਕਾਰੋਬਾਰੀ ਪਰਮੋਸ਼ਨ ਵਾਸਤੇ ਹੀ ਦਿੱਤੇ ਜਾਂਦੇ ਹਨ ।
ਸੋਨੇ ਦੀਆਂ ਖਾਣਾਂ ਭਾਵੇਂ ਸਿਸਕ ਸਿਸਕ ਕੇ ਦਮ ਤੋੜ ਗਈਆ ਹਨ ਪਰ ਸੁਨਿਆਰਿਆਂ ਦੀਆਂ ਦੁਕਾਨਾਂ/ਸਟੋਰਾਂ ਤੇ ਸੈਲਾਨੀਆ ਦੀਆਂ ਭੀੜਾਂ ਦੁਕਾਨਦਾਰਾਂ ਦੇ ਚਿਹਰੇ ਰੁਸ਼ਨਾਈ ਰੱਖਦੀਆਂ ਹਨ । ਵੰਨ -ਸੁਵੰਨੇ ਨਗ, ਹੀਰੇ ਜਵਾਹਰਾਤ, ਮੋਤੀ, ਮਹਿੰਗੇ ਤੋਂ ਮਹਿੰਗੇ ਮੂੰਹ ਮੰਗੇ ਭਾਅ ਗਰਮ ਪਕੌੜਿਆਂ ਵਾਂਗ ਵਿਕ ਰਹੇ ਹਨ । ਦੁਕਾਨਦਾਰ ਗਾਹਕਾਂ ਦੀ ਔਕਾਤ ਪਰਖ ਕੇ ਚੰਗੇ ਸਿਰ ਮੁੰਨਦੇ ਹਨ । ਫਰ ਦੇ ਕੋਟ ਚਾਰ ਸੌ ਤੋਂ ਦੋ ਹਜ਼ਾਰ ਡਾਲਰ ਮੂੰਹ ਮੰਗੀ ਕੀਮਤ ਯਾਤਰੀ ਹੱਸ ਕੇ ਦਿੰਦੇ ਹਨ । ਕੋਈ ਸੌਦੇਬਾਜ਼ੀ ਨਹੀਂ ਹੁੰਦੀ । ਸੋਨੇ ਦੀਆਂ ਖਾਣਾਂ ਦੇ ਨਾਮ ਕਰਕੇ ਇਹ ਇਲਾਕਾ ਸੋਨੇ ਦਾ ਘਰ ਸਮਝਿਆ ਜਾਦਾ ਹੈ । ਇੱਥੇ ਜੋ ਵੀ ਆਉਂਦਾ ਹੈ, ਸੋਨੇ ਦੀ ਮਿੱਟੀ ਮੱਥੇ ਨੂੰ ਛੁਹਾਉਂਦਾ ਹੈ ਤੇ ਕੁਝ ਨਾ ਕੁਝ ਲੈ ਕੇ ਹੀ ਜਾਂਦਾ/ਜਾਦੀ ਹੈ ।
ਸ਼ਿਮਲਾ-ਕਾਲਕਾ ਰੇਲ ਗੱਡੀ ਵਾਂਗ ਇੱਥੇ ਵੀ ਬੜੇ ਮਨ ਮੋਹਿਤ ਤੇ ਲੁਭਾਉਣੀ ਰੇਲ ਕਾਰ ਮੁਸਾਫ਼ਰਾਂ ਦੇ ਮਨ-ਪਰਚਾਵੇ ਲਈ ਉਪਲੱਬਧ ਹੈ । ਇਹ ਰੇਲ ਪਹਿਲਾਂ ਪਹਿਲ ਮਾਲ ਮਸ਼ੀਨਰੀ ਦੀ ਢੋਆ-ਢੁਆਈ ਵਾਸਤੇ ਬਣਾਈ ਗਈ ਸੀ ਜੋ ਖਾਣ ਦੇ ਬੰਦ ਹੋਣ ਤੇ ਨਿਰਾਰਥ ਰਹਿ ਗਈ ਤੇ ਬੰਦ ਹੋ ਗਈ । ਹੁਣ 470 ਮੀਲ ਲੰਬੀ ਰੇਲ ਰੋਡ ਸੈਲਾਨੀਆਂ ਵਾਸਤੇ ਸੀਵਾਰਡ ਅਤੇ ਫੇਅਰਬੈਂਕ ਸ਼ਹਿਰਾਂ ਨੂੰ ਜੋੜਦੀ ਹੈ ।
ਇਹ ਰੇਲ ਗੱਡੀ ਦੀਨਾਲੀ ਨੈਸ਼ਨਲ ਪਾਰਕ, ਦੀਨਾਲੀ ਸਟੇਟ ਪਾਰਕ ਤੇ ਚੁਗਚ ਨੈਸ਼ਨਲ ਪਾਰਕਾਂ ਵਿਚ ਦੀ ਗੁਜ਼ਰਦੀ ਵਿਸ਼ਾਲ ਅਲਾਸਕਾ ਦੀਆਂ ਦਿਲਚਸਪੀ ਵਾਲੀਆਂ ਸੈਰਗਾਹਾਂ ਦੇ ਦਰਸ਼ਨ ਕਰਾਉਂਦੀ ਹੈ ਤੇ ਸੈਲਾਨੀਆਂ ਦਾ ਮਨ ਬਹਿਲਾਉਂਦੀ ਹੈ । ਗਰਮੀਆਂ ਦੇ ਦਿਨਾਂ ਵਿੱਚ ਇਕ ਪਸੰਜਰ ਰੇਲ ਗੱਡੀ 'ਦੀਨਾਲੀ ਸਟਾਰ' ਫੇਅਰ ਬੈਂਕ-ਦੀਨਾਲੀ-ਟਾਕੀਟਨਾ ਤੇ ਐਨਕਰੋਵ ਦੇ ਵਿਚਕਾਰ ਚੱਲਦੀ ਹੈ । ਇੱਕ ਹੋਰ 'ਕੋਸਟਲ ਕਲਾਸਿਕ' ਐਨਕਰੋਵ ਤੇ ਸੀਵਾਰਡ ਦੇ ਵਿਚਕਾਰ ਚੱਲਦੀ ਹੈ । ਇਨ੍ਹਾਂ ਵਾਸਤੇ ਅਗਾਊਂ ਬੁਕਿੰਗ ਕਰਾਉਣੀ ਪੈਂਦੀ ਹੈ । ਆਮ ਕਰਕੇ ਜੇ ਕੋਈ ਚਾਹਵੇ ਤਾਂ ਹਵਾਈ/ ਸਮੁੰਦਰੀ ਜਹਾਜ਼ ਦੀਆਂ ਟਿਕਟਾਂ ਦੇ ਨਾਲ ਹੀ ਇਨ੍ਹਾਂ ਦਾ ਰਾਖਵਾਂਕਰਨ ਵੀ ਹੋ ਸਕਦਾ ਹੈ ।
1898 ਦੀ ਸੋਨਾ-ਹੇੜ ਦੌੜ (ਗੋਲਡ ਰਸ਼) ਸਮੇਂ ਕਾਮਿਆਂ ਦੀ ਅਤੇ ਸਮਾਨ ਮਸ਼ੀਨਰੀ ਦੀ ਢੋਆ ਢੁਆਈ ਲਈ ਇਹ ਇਕ ਮਾਲ ਰੇਲ ਲਾਈਨ ਹੋਂਦ ਵਿੱਚ ਆਈ । ਥੋੜੀ ਦੇਰ ਵਿੱਚ 'ਲੱਡੂ ਮੁੱਕ ਗਏ ਯਰਾਨੇ ਟੁੱਟ ਗਏ' ਖਾਣਾਂ ਦੇ ਤੱਪੜ ਰੁਲ ਗਏ ਤੇ ਇਹ ਹੋੜ ਵੀ ਮੱਧਮ ਪੈ ਗਈ । ਮਸ਼ੀਨਰੀ ਨੂੰ ਜੰਗਾਲ ਲੱਗ ਗਿਆ । ਗੱਡੀਆਂ ਰੁਕ ਗਈਆਂ ਤੇ ਮਾਲ ਗੱਡੀ ਦੇ ਬੇਲੋੜੇ ਡੱਬੇ ਅਲੋਪ ਗਏ । ਲਾਗੇ ਪਾਰਕ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਪੁਰਾਣੇ ਟੁੱਟੇ ਵਿੰਗ-ਤੜਿੰਗੇ ਚਿੱਬੇ ਹੋਏ ਰੇਲ ਪਟੜੀ ਦੇ ਜੰਗਾਲ ਖਾਧੇ ਟੋਟੇ, ਉੱਪਰ ਘਾਹ ਫੂਸ ਉੱਗਿਆ ਹੋਇਆ ਸਾਂਭੇ ਪਏ ਮਹਿਮਾਨਾਂ ਦਾ ਮਨੋਰੰਜਨ ਕਰਦੇ ਹਨ । ਇੱਥੇ 'ਲਾਸਟ ਚਾਂਸ ਅਜਾਇਬ ਘਰ' ਦੀਆਂ ਤਖਤੀਆਂ ਲਟਕਣ ਲੱਗੀਆਂ ।
ਹੁਣ ਇਹ ਰੇਲ ਗੱਡੀ 117 ਸੁਰੰਗਾਂ ਵਾਲੀ ਕਾਲਕਾ ਸ਼ਿਮਲਾ ਖਿਡਾਉਣਾ ਰੇਲ-ਕਾਰ ਵਾਂਗ ਸ਼ੌਕੀਆ ਘੁੰਮਣ ਫਿਰਨ ਦੇ ਸ਼ੌਕੀਨਾਂ ਦੀ ਹੀ ਸਵਾਰੀ ਹੈ ਤੇ ਉਦਮ-ਕਾਰੀਆਂ ਤੋਂ ਵਿਹਲੀ ਹੈ । ਕੋਈ ਕੋਈ ਮੁਸਾਫ਼ਰ ਬੇਲਚਾ ਕਹੀ ਕਿਰਾਏ ਤੇ ਲੈ ਕੇ ਸ਼ਿਕਾਰੀਆਂ ਵਾਂਗ ਢਲਾਣਾਂ ਦੀਆਂ ਕੰਦਰਾਂ ਫੋਲਦੇ ਆਪਣੀ ਕਿਸਮਤ ਅਜ਼ਮਾਈ ਕਰਦੇ ਲੁਤਫ਼ ਲੈਂਦੇ ਹਨ ਤੇ ਕੁਝ ਸਿਰੜੀ ਕੁਝ ਖੱਟ ਵੀ ਬਹਿੰਦੇ ਹਨ । ਰਸਤੇ ਦੇ ਸਥਾਨਕ ਲੋਕ ਝੰਡੀ ਹਿਲਾ ਕੇ ਜਿੱਥੇ ਮਰਜ਼ੀ ਗੱਡੀ ਖੜ੍ਹੀ ਕਰਾ ਕੇ ਚੜ੍ਹ ਉੱਤਰ ਸਕਦੇ ਹਨ ।
ਗੱਡੀ ਦਾ ਮੁਹਰਲਾ ਹਿੱਸਾ ਉਨ੍ਹਾਂ ਲਈ ਰਾਖਵਾਂ ਹੈ। ਕਈ ਵੇਰਾਂ ਜੰਗਲੀ ਜਾਨਵਰ, ਹਾਥੀ ਜਿੰਨੀ ਵਡ-ਆਕਾਰੀ ਮੂਰ ਜੋ ਇਸ ਇਲਾਕੇ ਦੀ ਰਾਣੀ ਸਮਝੀ ਜਾਂਦੀ ਹੈ, ਰੇਲ ਗੱਡੀ ਨੂੰ ਘੁਸਪੈਠੀਆਂ ਸਮਝ ਕੇ ਰੋਕ ਦਿੰਦੀ ਹੈ । ਹਿਰਨ ਬਾਰਾਂ-ਸਿੰਗਾ, ਜੰਗਲੀ ਭੇਡਾਂ ਬੱਕਰੀਆਂ ਵੀ ਕਈ ਵੇਰਾਂ ਰੇਲ ਪਟੜੀ ਤੇ ਆ ਕੇ ਹਿੱਕ ਦੇ ਜੋਰ ਨਾਲ ਗੱਡੀ ਖੜ੍ਹੀ ਕਰਾ ਲੈਂਦੀਆਂ ਹਨ ।
ਡੇਢ ਘੰਟੇ ਵਿੱਚ ਤਿੰਨ ਸੌ ਡਾਲਰ ਬੱਸ ਦਾ ਕਿਰਾਇਆ, ਸੌ ਡਾਲਰ ਖਾਣ ਦਾ ਟੋਲ ਟੈਕਸ, ਕੁੱਲ ਚਾਰ ਸੌ ਖਰਚ ਕੇ ਮੁੜ ਅਮਸਟਰਡਮ ਦੇ ਆਪਣਿਆਂ ਕਮਰਿਆਂ ਵਿੱਚ ਆ ਵੜੇ ।
ਲੰਚ ਵਾਸਤੇ ਡਾਈਨਿੰਗ-ਰੂਮ ਗਏ, ਸਮਾ ਖ਼ਤਮ ਹੋ ਗਿਆ ਸੀ । ਬੱਚਿਆਂ ਨੂੰ ਬਜ਼ਾਰੋਂ ਪੀਜ਼ਾ ਪੇਸਟਰੀ ਵਗੈਰਾ ਲੈ ਕੇ ਖਵਾਉਣੇ ਪਏ । ਚਾਰ ਵਜੇ ਬੰਦਰਗਾਹ ਤੇ ਹੀ ਇਕ ਟੈਕਸੀ/ਕੌਸਟਲ ਹੈਲੀਕਾਪਟਰ ਆ ਖੜ੍ਹੀ ਹੋਈ । ਇਕ ਵਰਦੀ-ਧਾਰੀ 'ਕੋਸਟਲ ਹੈਲੀਕਾਪਟਰ' ਵਾਲੀ ਗੋਰੀ, ਹੱਥ ਵਿੱਚ 'ਪੰਨੂ ਫੈਮਲੀ' ਤਖਤੀ ਘੁਮਾਉਂਦੀ ਸਾਨੂੰ ਘੋਖ ਰਹੀ ਸੀ । ਨੇੜੇ ਆਉਣ ਤੋਂ ਪਹਿਲਾਂ ਹੀ ਅਸੀਂ ਆਪਣੇ ਹੱਥ ਹਿਲਾ ਦਿੱਤੇ । ਉਸ ਮੁਸਕਾਨ ਭਰ ਕੇ ਸਿਰ ਹਿਲਾਇਆ ਤੇ ਖੜ੍ਹੀ ਗੱਡੀ/ਵੈਨ ਵੱਲ ਇਸ਼ਾਰਾ ਕੀਤਾ ।
ਅਸੀਂ ਰੱਬ ਦਾ ਨਾਮ ਲੈ ਕੇ ਸਵਾਰ ਹੋ ਗਏ । ਇਹ ਟੈਕਸੀ ਸਿਰਫ਼ ਸਾਡੇ ਲਈ ਹੀ ਰਾਖਵੀਂ ਸੁਰੱਖਿਅਤ ਸੀ । ਦਸ ਕੁ ਮੀਲ ਬਾਹਰ ਸਮੁੰਦਰ ਦੇ ਕੰਢੇ ਦੇ ਨਾਲ-ਨਾਲ ਫਰੀ-ਵੇ ਤੇ ਚੱਲਦੀ ਰਹੀ । ਸਾਡੇ ਪੁੱਛਣ ਤੋਂ ਬਗੈਰ ਹੀ ਉਹ ਬੀਬੀ ਰਸਤੇ ਦੀਆਂ ਥਾਂਵਾਂ, ਹੈਲੀਕਾਪਟਰ ਬਾਰੇ, ਇਸ ਸ਼ਹਿਰ ਬਾਰੇ, ਆਪਣੇ ਬਾਰੇ, ਦੱਸਦੀ ਤਬਸਰਾ ਕਰਦੀ, ਬਾਰ ਬਾਰ ਆਪਣੇ ਦੰਦਾਂ ਨੂੰ ਨੁਮਾਇਸ਼ ਕਰਦੀ ਰਹੀ ਜਿਵੇਂ ਦੰਦਾਂ ਦੇ ਡਾਕਟਰ ਪੰਨੂ ਨੂੰ ਦਿਖਾ ਰਹੀ ਹੋਵੇ । ਛੋਟੇ ਜਿਹੇ ਹਵਾਈ ਅੱਡੇ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਾਂਗ ਹੈਲੀਕਾਪਟਰ ਲਾਈਨਾਂ ਲਗਾ ਕੇ ਖੜ੍ਹੇ ਸਨ । ਉੱਡ ਰਹੇ ਸਨ, ਆ ਰਹੇ ਸਨ, ਜਾ ਰਹੇ ਸਨ । ਬਹੁਤ ਜਲਦੀ ਹਰਕਤ ਵਿੱਚ ਸਨ । ਇਕ ਉੱਡਦਾ, ਦੂਸਰਾ ਨਾਲ ਹੀ ਤਿਆਰ । ਇਸੇ ਤਰ੍ਹਾਂ ਉੱਤਰਨ ਵਾਲਿਆਂ ਦੀ ਵੀ ਦੂਰ ਉੱਪਰ ਪਿੱਛੇ ਤੱਕ ਕਤਾਰ ਲੱਗੀ ਹੋਈ ਸੀ ।
'ਫਾਲੋ ਮੀ.....ਮੇਰੇ ਪਿੱਛੇ ਆ ਜਾਓ ।' ਆਪਣੀ ਡਰਾਈਵਰ ਸੀਟ ਛੱਡਦੇ ਇੱਕ ਲੰਮੀ ਜਿਹੀ ਹੇਕ ਲਗਾਉਂਦੇ ਉਸ ਕਿਹਾ ।
ਅਸੀ ਟੈਕਸੀ ਛੱਡ ਕੇ ਉਸ ਪਿੱਛੇ ਇਕ ਛੋਟੇ ਸਟੋਰ-ਨੁਮਾ ਹਾਲ ਵਿੱਚ ਪਰਵੇਸ ਕੀਤਾ । ਜੈਕਟਾਂ, ਪੈਂਟਾਂ, ਬੂਟ, ਗਰਮ ਬੂਟ, ਦਸਤਾਨੇ, ਟੋਪੀਆਂ ਆਦਿ ਦਾ ਬੜਾ ਵੱਡਾ ਭੰਡਾਰ ਲੱਗਾ ਹੋਇਆ ਸੀ । ਪਾਸੇ ਨੁੱਕਰ ਵਿੱਚ ਇਕ ਵੱਡੀ ਥਰਮੋਸ ਕੇਤਲੀ ਵਿੱਚ ਗਰਮ ਪਾਣੀ ਤਿਆਰ ਸੀ । ਨਾਲ ਪਈਆਂ ਟਾਫੀਆਂ, ਬਿਸਕੁਟ, ਚਾਹ, ਕੌਫ਼ੀ, ਮਿਸ਼ਰੀ, ਸ਼ਹਿਦ, ਦੁੱਧ, ਖੰਡ, ਗੁੜ ਦੀਆਂ ਪੁੜੀਆਂ ਵਿੱਚੋਂ ਜਿਹੜੀ ਮਰਜ਼ੀ ਮਿਕਸ ਕਰੋ, ਪੀਓ ਤੇ ਆਨੰਦ ਮਾਣੋ ਪਰ ਇਹ ਸਾਡੇ ਨਸੀਬ ਵਿੱਚ ਨਹੀਂ ਹੋਇਆ ਕਿਉਂਕਿ ਮੇਰੇ ਸਾਰੇ ਸਾਥੀ ਨਾਂਹ ਕਰ ਗਏ । ਸਾਰੇ ਮੁਸਾਫ਼ਰਾਂ ਦੇ ਪਹਿਚਾਣ-ਪੱਤਰ ਵੇਖ ਕੇ ਨਾਮ ਪਤਾ ਨੋਟ ਕਰਕੇ ਭਾਰ ਤੋਲਿਆ ਜਾ ਰਿਹਾ ਸੀ । ਅਸੀਂ ਸਾਰੇ 200 ਪੌਂਡ ਤੋਂ ਘੱਟ ਵਜ਼ਨ ਦੇ ਸਾਂ । ਹੈਲੀਕਾਪਟਰ ਤੇ ਚੜ੍ਹਨ ਵਾਸਤੇ ਵੈਸੇ ਦੋ ਸੌ ਪੰਜਾਹ ਪੌਂਡ ਤੋਂ ਵੱਧ ਭਾਰ ਵਾਲੀ ਸਵਾਰੀ ਦਾ ਕਿਰਾਇਆ ਡੂਢਾ ਲੈਂਦੇ ਹਨ ।
ਇਕ ਕਰਮਚਾਰੀ ਬੀਬੀ ਨੇ ਵਾਟਰ ਪਰੂਫ਼ ਪੈਂਟਾਂ, ਬਰਫ਼ ਵਾਲੇ ਪਜਾਮੇ ਜੈਕਟਾਂ ਆਦਿ ਲਿਆ ਕੇ ਫੜਾਈਆਂ ਤੇ ਦੱਸਿਆ ਕਿ ਇਨ੍ਹਾਂ ਕੱਪੜਿਆਂ ਨੂੰ ਪਹਿਲਾਂ ਪਹਿਨੇ ਕੱਪੜਿਆਂ ਦੇ ਉੱਪਰ ਹੀ ਪਾ ਲਓ । ਮੈਨੂੰ ਬਹੁਤਾ ਓਪਰਾ ਜਿਹਾ ਲੱਗਾ । ਮੈਂ ਦੁਬਿਧਾ ਜਿਹੀ ਵਿੱਚ ਫਸ ਗਿਆ । ਮੇਰੀ ਦੁਚਿੱਤੀ ਵੇਖ ਕੇ ਇਹ ਬੀਬੀ ਮੇਰੇ ਪੈਰ ਫੜ੍ਹ ਬੈਠੀ ਤੇ ਗਰਮ ਬੂਟ ਮੇਰੀ ਗੁਰਗਾਬੀ ਦੇ ਉਪਰੋਂ ਹੀ ਚੜ੍ਹਾ ਕੇ ਤਸਮੇ ਕੱਸ ਦਿੱਤੇ । ਇਸ ਤਰ੍ਹਾਂ ਵਾਰੀ-ਵਾਰੀ ਸਾਰਿਆਂ ਨੂੰ ਉਨ੍ਹਾਂ ਨੇ ਹੋਰਾਂ ਦੀ ਮਦਦ ਨਾਲ ਤਿਆਰ ਕਰਕੇ ਐੱਸਕੀਮੋ ਬਣਾ ਦਿੱਤਾ ।
ਐਸਕੀਮੋ ਬਰਫ਼ੀਲੇ ਦੇਸ਼ਾਂ ਦੇ ਵਾਸੀ, ਜੋ ਪਹਿਲੀਆਂ ਛੋਟੀਆਂ ਕਲਾਸਾਂ ਵਿੱਚ ਪੜ੍ਹਦੇ ਰਹੇ ਹਾਂ, ਸ਼ੀਸ਼ੇ ਵਿੱਚ ਦੇਖ ਕੇ ਉਹ ਸਭ ਕੁਝ ਯਾਦ ਆ ਗਿਆ । ਸਾਰੇ ਅੱੈਸਕੀਮੋ ਦੇ ਲਿਬਾਸ ਵਿੱਚ ਦੇਖ ਕੇ ਇਕ ਦੂਸਰੇ ਨੂੰ ਹੱਸਣ ਲੱਗੇ । ਬੱਚਿਆਂ ਦੇ ਨਾਪ ਦੇ ਕੱਪੜੇ ਨਹੀਂ ਮਿਲੇ । ਉਨ੍ਹਾਂ ਨੂੰ ਵੀ ਉਹੀ ਵੱਡਿਆਂ ਦੇ ਕੱਪੜੇ ਦੋਹਰੇ ਕਰਕੇ ਪੁਆ ਦਿੱਤੇ ਤੇ ਪ੍ਰਬੰਧਕਾਂ ਦੀ ਪਲੈਨ ਅਨੁਸਾਰ ਹੈਲੀਕਾਪਟਰ ਵਿੱਚ ਚੜ੍ਹਾ ਦਿੱਤੇ ਗਏ । ਹੈਲੀਕਾਪਟਰ ਹੌਲੀ ਹੌਲੀ ਉੱਡਿਆ ਤੇ ਟਾਪੂ ਸਮੁੰਦਰ, ਪਹਾੜ ਲੰਘਦਾ ਬਰਫ਼ਾਨੀ ਪਹਾੜੀਆਂ ਦੀਆਂ ਕੰਦਰਾਂ ਵੱਖੀਆਂ 'ਚੋਂ ਜਗ੍ਹਾ ਬਣਾਉਂਦਾ ਵਿੰਗਾ ਟੇਢਾ ਹੋ ਕੇ ਪੰਦਰਾਂ ਸੌ ਸੁਕੇਅਰ ਮੀਲ ਵਿੱਚ ਫੈਲੇ ਜੁਨੋ ਆਈਸ ਫੀਲਡ, ਇਕ ਬਰਫ਼ਾਨੀ ਮੈਦਾਨ ਉੱਪਰ ਘੁੰਮਿਆ ।
ਯੂਨੀਵਰਸਲ ਸਟੂਡਿਊ {ਹਾਲੀਵੁੱਡ} ਦੀ ਉਡਾਰੂ ਮੈਜਿਕ-ਜੀਪ ਵਾਂਗ ਜੋ ਇੱਕ ਥਾਂ ਖੜ੍ਹੀ-ਖੜ੍ਹੀ ਹੀ ਤੁਹਾਨੂੰ ਬੜੇ ਡਰਾਉਣੇ ਜ਼ੋਨ, ਪਹਾੜ, ਦਰਿਆ, ਅੱਗ ਲੱਗੇ ਜੰਗਲਾਂ ਵਿੱਚੋਂ ਦੀ ਉੱਡਦੀ ਲੰਘਦੀ ਮਹਿਸੂਸ ਹੁੰਦੀ ਹੈ, ਕਈ ਥਾਈਂ ਬੜੇ ਭਿਆਨਕ ਹਾਦਸੇ ਦੇ ਖ਼ਦਸ਼ੇ ਅੱਗੇ ਆ ਕੇ ਜਾਨ ਤੋੜਦੇ ਤੁਹਾਨੂੰ ਤੜਫਾਉਂਦੇ ਰਹਿੰਦੇ ਹਨ ।
ਅਸਲ ਵਿੱਚ ਇਹ ਇੱਕ ਮਾਨਸਿਕ ਉਡਾਣ ਹੀ ਹੁੰਦੀ ਹੈ ਜੋ ਬੈਠੇ ਬੈਠੇ ਕੁਰਸੀ ਦੀ ਹਿਲਜੁੱਲ ਤੇ ਸਕਰੀਨ ਦੀ ਜਾਦੂ ਮਈ ਹਿੱਲਣੀ ਦਰਸ਼ਕ ਨੂੰ ਨਾਲ ਉਡਾ ਲੈਂਦੀ ਹੈ । ਦਸ ਮਿੰਟ ਦਾ ਇਹ ਖੇਲ ਇਕ ਨਵੀਨ ਹੀ ਖਤਰਨਾਕ ਖੇਲ ਖੇਲਦਾ ਤੁਹਾਨੂੰ ਮੁੜ ਆਪਣੀਆਂ ਕੁਰਸੀਆਂ ਤੇ ਲਿਆ ਬਿਠਾਲਦਾ ਹੈ । ਅਜਿਹੇ ਹੂਟੇ ਸਮੇਂ ਤੁਸੀਂ ਮਹਿਸੂਸ ਕਰੋਗੇ... ਹਨੇਰਾ ਹੋ ਜਾਵੇਗਾ, ਦਰਵਾਜੇ ਤਾਕੀਆਂ ਸਭ ਬੰਦ ਹੋ ਜਾਣਗੀਆਂ ।
ਹਵਾਈ ਜਹਾਜ਼ ਦੇ ਇੰਜਨ ਚੱਲਣ ਦੀ ਆਵਾਜ਼, ਜਹਾਜ਼ ਹਿੱਲੇਗਾ, ਦੌੜੇਗਾ, ਤੁਸੀਂ ਕਾਲਿਜਾ ਫੜ੍ਹ ਕੇ ਬੈਠ ਜਾਓ, ਜਾਨ ਮੁੱਠੀ ਵਿੱਚ ਆਉਂਦੀ ਰਹੇਗੀ । ਉੱਪਰ ਉੱਡਣ ਦਾ ਅਹਿਸਾਸ ਮਹਿਸੂਸ ਕਰਦੇ ਤੁਸੀਂ ਆਕਾਸ਼ ਵਿੱਚ ਉੱਡਣ ਲੱਗੋਗੇ। ਇਹ ਅਨਜਾਣ ਲੋਕਾਂ ਵਾਸਤੇ ਹੀ ਹੈ ਜੋ ਪਹਿਲੀ ਸਵਾਰੀ ਕਰਦੇ ਹਨ । ਜੋ ਇੱਕ ਵੇਰਾਂ ਨਿਕਲ ਗਏ, ਦੂਜੀ ਵਾਰ ਬੱਸ ਕੁਰਸੀ ਦੀਆਂ ਬਾਹੀਆਂ ਫੜ੍ਹ ਕੇ ਬੈਠੇ ਰਹੋ, ਕੁਰਸੀ ਦੇ ਝਟਕਿਆਂ ਤੋਂ ਆਸੇ ਪਾਸੇ ਹੱਡ ਗੋਡੇ ਬਚਾਈ ਰੱਖੋ, ਸਿਰ ਦੀ ਪਗੜੀ ਦਾ ਧਿਆਨ ਰੱਖੋ, ਪਰ ਉੱਪਰਲਾ ਡਰ ਗਾਇਬ ਹੋ ਜਾਏਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਉੱਥੇ ਹੀ ਬੈਠੇ ਹੋ ਤੇ ਰਸਤੇ ਦੇ ਸਾਰੇ ਝਰੋਖੇ ਇੱਕ ਮਾਇਆ-ਜਾਲ ਹੀ ਹੈਨਿ, ਨਿਰਾ ਛਲਾਵਾ।
ਅਜੇਹਾ ਹੂਟਾ ਪਹਿਲੀ ਵੇਰਾਂ ਮੈਂ ਕਪੂਰਥਲਾ ਦੇ ਸਾਇੰਸ ਸਿਟੀ ਵਿੱਚ ਉਦਘਾਟਨ ਵਾਲੇ ਦਿਨ ਵੀ ਲਿਆ ਸੀ ਭਾਵੇਂ ਇਸ ਦਾ ਮੁਕਾਬਲਤਨ ਪੱਧਰ ਇਸ ਤੋਂ ਇਨਾ ਕੁ ਹੀ ਹਲਕਾ ਸੀ ਜਿੰਨਾ ਅਮਰੀਕਾ ਤੇ ਭਾਰਤ ਦੀ ਆਰਥਿਕ ਪੱਧਰ ਦਾ ਫਰਕ, ਹੋ ਸਕਦਾ ਉਸ ਵਿੱਚ ਹੁਣ ਤੱਕ ਕੋਈ ਵਾਧਾ ਕਰ ਦਿੱਤਾ ਗਿਆ ਹੋਵੇ ।
ਉਸ ਨਕਲੀ ਉਡਾਣ ਦੇ ਉਲਟ ਅੱਜ ਇਹ ਅਸਲੀ ਹੈਲੀਕਾਪਟਰ ਪਹਾੜਾਂ ਦੀਆਂ ਅਜੇਹੀਆਂ ਹੀ ਉੱਚੀਆਂ-ਉੱਚੀਆਂ ਕਤਾਰਾਂ ਦੇ ਤੰਗ ਦੱਰਿਆਂ ਵਿੱਚੋਂ ਲੰਘਦਾ ਸਾਡੀ ਜਾਨ ਨੂੰ ਤੜਫਾ ਰਿਹਾ ਸੀ ਪਤਾ ਨਹੀਂ ਕਦ ਕਿਸੇ ਪਰਬਤ ਦੀ ਨੁੱਕਰ ਨਾਲ ਖਹਿ ਕੇ 'ਆਹ ਲੈ ਫੜ੍ਹ' ਹੋ ਜਾਏ । ਅਸੀਂ ਸ਼ੀਸ਼ਿਆਂ ਥਾਣੀ ਅੱਖਾਂ ਫਾੜ-ਫਾੜ ਵੇਖਦੇ ਜਾ ਰਹੇ ਸਾਂ । ਕੰਨਾਂ ਵਿੱਚ ਜਿਵੇਂ ਝੱਪੇ ਆ ਗਏ, ਕੁਝ ਸੁਣਾਈ ਨਹੀਂ ਸੀ ਦੇ ਰਿਹਾ । ਥੱਲੇ ਤੀਲਾਂ-ਡੱਬੀਆਂ ਦੇ ਆਕਾਰ ਦੀਆਂ ਦਿਸਦੀਆਂ ਝੌਂਪੜੀਆਂ ਚਿੱਟੀ ਸਫ਼ੈਦ ਬਰਫ਼ ਉੱਤੇ ਸੁੰਦਰ ਮੁਖੜੇ ਤੇ ਜਿਵੇਂ ਕਾਲਖ ਦਾ ਨਜ਼ਰਵੱਟੂ ਲਗਾਇਆ ਹੋਵੇ, ਜਾਪ ਰਹੀਆਂ ਸਨ । ਦੋ ਤਿੰਨ ਝੁੱਗੀਆਂ ਵਿਚੋਂ ਕੁਝ ਆਦਮੀ ਫਿਰਦੇ ਨਜ਼ਰ ਆਏ ।
ਸ਼ਹਿਦ ਦੀ ਮੱਖੀਆਂ ਦੇ ਡੱਬੇ ਵਰਗੇ ਕੋਈ 100 ਕੁ ਲੱਕੜ ਦੇ ਡੱਬੇ ਬਰਫ਼ ਤੇ ਅਬਾਦ ਦਿੱਸਣ ਲੱਗੇ । ਥੱਲਿਓਂ ਖੜ੍ਹੇ ਇੱਕ ਵਿਅਕਤੀ ਨੇ ਹਰੇ ਕੱਪੜੇ/ਝੰਡੇ ਦਾ ਇਸ਼ਾਰਾ ਕੀਤਾ ਤੇ ਹੈਲੀਕਾਪਟਰ ਬਰਫ਼ੀਲੀਆਂ ਪਹਾੜੀਆਂ ਵਿਚਕਾਰ ਟੱਪਰੀਆਂ ਨੇੜੇ ਜਾ ਉਤਰਿਆ । ਕੁੱਤਿਆਂ ਦੇ ਭੌਂਕਣ ਦੀ ਅਵਾਜ਼ ਨੇ ਬੱਚਿਆਂ ਦੇ ਸਾਹ ਸੂਤ ਲਏ ।
ਉੱਚੀ-ਉੱਚੀ ਅਵਾਜ਼ਾਂ ਕੱਢ ਕੇ ਜਿਵੇਂ ਉਹ ਮਹਿਮਾਨਾਂ ਦਾ ਸਵਾਗਤ ਕਰ ਰਹੇ ਸਨ । ਅਸੀਂ ਸਮਝ ਗਏ ਇਹ ਉਹੀ ਕੁੱਤੇ ਹਨ ਜੋ ਸਾਨੂੰ ਬੱਘੀਆਂ ਵਿੱਚ ਬਰਫ਼ ਦੀ ਸੈਰ ਕਰਾਉਣਗੇ । ਹੈਲੀਕਾਪਟਰ ਦੇ ਖੰਭ ਬੰਦ ਹੋਣ ਤੇ ਦੋ ਵਿਅਕਤੀ ਸਲਾਮ ਕਰਦੇ ਹੋਏ ਅੱਗੇ ਆਏ । ਹੈਲੀਕਾਪਟਰ ਸਾਨੂੰ ਬਰਫ਼ ਤੇ ਉਤਾਰ ਕੇ ਉਨ੍ਹਾਂ ਦੇ ਹਵਾਲੇ ਕਰਕੇ ਵਾਪਸ ਮੁੜ ਗਿਆ । ਕਿਤਾਬਾਂ ਵਿੱਚ ਪੜ੍ਹੀਆਂ ਐਸਕੀਮੋ ਦੀਆਂ ਝੌਂਪੜੀਆਂ ਤੇ ਬਸਤੀ ਸਾਖਸ਼ਾਤ ਸਾਡੇ ਸਾਹਮਣੇ ਸਨ । (ਚਲਦਾ)