ਸਫ਼ਰਨਾਮਾ ਅਲਾਸਕਾ

ਕਿਸ਼ਤ ਛੇਵੀਂ

ਚਰਨਜੀਤ ਸਿੰਘ ਪੰਨੂ

29 ਜੁਲਾਈ 2007
ਰਾਤ ਦੀ ਬੜੀ ਸਿਹਤਮੰਦ ਨੀਂਦ ਨੇ ਸਵੇਰੇ ਦਿਮਾਗ ਤਰੋ-ਤਾਜ਼ਾ ਕਰ ਦਿੱਤੇ । ਮੇਰੀ ਪਤਨੀ ਜਿਸ ਨੂੰ ਮੈਂ ਰਾਤ ਹੱਥ ਵਿੱਚ ਗੁਟਕਾ ਫੜ੍ਹੀ ਵੇਖ ਕੇ ਸੌਂ ਗਿਆ ਸੀ, ਉਹ ਫੇਰ ਮੇਰੇ ਤੋਂ ਪਹਿਲਾਂ ਨਹਾ ਕੇ ਗੁਟਕਾ ਫੜ੍ਹੀ ਬੈਠੀ ਪਾਠ ਕਰ ਰਹੀ ਹੈ ।
ਪਿਛਲੇ ਦਿਨ ਤੋਂ ਉਲਟ ਅੱਜ ਅਸਮਾਨ ਭਾਵੇਂ ਚੰਗਾ ਸਾਫ ਤਾਂ ਨਹੀਂ ਕਿਤੇ ਕਿਤੇ ਬੱਦਲਵਾਈ ਵੀ ਹੈ ਪਰ ਇਹ ਬੱਦਲ ਚਿੱਟੇ ਚਿੱਟੇ ਕਬੂਤਰ ਖੰਭੇ ਹਨ ਜਿਨ੍ਹਾਂ ਵਿੱਚੋਂ ਝਮਕਦੇ ਲਿਸ਼ਕਾਰੇ ਸਮੁੰਦਰ ਨੂੰ ਵੀ ਲਿਸ਼ਕਾਂ ਰਹੇ ਹਨ । ਸਵੇਰੇ 6 ਵਜੇ ਹੀ ਤਕੜਾ ਦਿਨ ਚੜ੍ਹ ਆਇਆ ਹੈ । ਆਸਾਰ ਚੰਗੇ ਹਨ, ਦਿਨ ਠੀਕ ਸਿਹਤਮੰਦ ਚੜ੍ਹੇਗਾ ਗੁਜ਼ਰੇਗਾ । ਸੂਰਜ ਦੇਵਤਾ ਦਰਸ਼ਨ ਦੇਵੇਗਾ । ਇਹੀ ਦੁਆ ਕਰਦੇ ਕਰਦੇ ਕਾਮਨਾ ਕੀਤੀ । ਅੱਗੇ ਤੇਰੀ ਰਜ਼ਾ । ਜਹਾਜ਼ ਡੂੰਘੇ ਸਮੁੰਦਰ ਵਿਚੋਂ ਕੰਢੇ ਵੱਲ ਨੇੜੇ ਨੇੜੇ ਸਰਕ ਰਿਹਾ ਹੈ।
ਪਹਾੜਾਂ ਤੇ ਬਰਫ਼ ਦੀਆਂ ਤਹਿਆਂ ਲਟਕਦੀਆਂ ਚਮਕਦੀਆਂ ਨਜ਼ਰ ਆਉਣ ਲੱਗੀਆਂ ਹਨ । ਜਿਉਂ ਜਿਉਂ ਜਹਾਜ਼ ਅੱਗੇ ਵਧਦਾ ਕੰਢੇ ਵੱਲ ਜਾ ਰਿਹਾ ਹੈ ਤਿਉਂ ਤਿਉਂ ਬਰਫ਼ਾਂ ਲੱਦੀਆਂ ਪਹਾੜੀਆਂ ਹੋਰ ਦੀ ਹੋਰ ਨੇੜੇ ਆ ਰਹੀਆਂ ਹਨ । ਕਿਧਰੇ ਕਿਧਰੇ ਸਮੁੰਦਰੀ ਪੰਛੀ ਵੀ ਉੱਡਦੇ ਨਜ਼ਰ ਆਉਣ ਲੱਗੇ ਹਨ । ਟੀ.ਵੀ. ਪ੍ਰੋਗਰਾਮ ਵਿੱਚ ਜੁਨੋ ਦੇ ਪੰਛੀ, ਜਾਨਵਰ, ਕੁੱਤੇ, ਗਲੇਸ਼ੀਅਰ, ਚੀਲ੍ਹਾਂ, ਕਬੂਤਰ, ਕਾਂ ਦਿਖਾਏ ਜਾ ਰਹੇ ਹਨ । ਬਰਫ਼ ਦੇ ਗਲੇਸ਼ੀਅਰ ਅਤੇ ਉਨ੍ਹਾਂ ਦੇ ਡਿੱਗਣ ਢੱਠਣ ਦੇ ਰਮਣੀਕ ਨਜ਼ਾਰੇ ਦਿਖਾ ਰਹੇ ਹਨ । ਪਹਾੜਾਂ ਤੋਂ ਡਿੱਗਦੇ ਪਾਣੀ ਦੇ ਝਰਨੇ ਕੁਦਰਤ ਨਾਲ ਜਿਵੇਂ ਛੇੜ ਛਾੜ ਕਰ ਰਹੇ ਹਨ । ਅੱਠ ਵਜੇ ਤੱਕ ਕੰਢਾ ਤੇ ਪਹਾੜੀਆਂ ਬਹੁਤ ਨੇੜੇ ਸਰਕ ਰਹੀਆਂ ਹਨ ।
ਪਿਛਲੇ ਅਰਸੇ ਦੇ ਡੂੰਘੇ ਸਮੁੰਦਰ ਦੇ ਚਿੰਤਾ ਭਰੇ ਪਲ ਉੱਡਣ ਲੱਗੇ ਨੇ । ਰਾਤ ਬੈਰਾ/ਸੇਵਾਦਾਰ ਇਕ ਪਰਚੀ ਫੜ੍ਹਾ ਗਿਆ ਹੈ । ਉਸ ਤੇ ਲਿਖਿਆ ਸੀ ਕਿ ਇਸ ਖ਼ਿੱਤੇ ਦੇ ਸੂਰਜੀ ਸਮੇਂ ਅਨੁਸਾਰ ਜਹਾਜ਼ ਦਾ ਸਮਾਂ ਇਕ ਘੰਟਾ ਪਿੱਛੇ ਹੋ ਜਾਏਗਾ । ਜੇ ਠੀਕ ਸਮਝੋ ਜੀ ਤਾਂ ਆਪਣੀ ਘੜੀ ਠੀਕ ਕਰ ਲਓ । ਮੈਂ ਆਪਣੀ ਘੜੀ ਤੇ 8 ਵਜੇ ਦੀ ਥਾਂ 7 ਵਜਾ ਦਿੰਦਾ ਹਾਂ । ਵੈਸੇ ਕੈਲੀਫੋਰਨੀਆ ਵਿੱਚ ਵੀ ਸਾਲ ਵਿੱਚ ਦੋ ਵੇਰਾਂ ਸਰਕਾਰੀ ਹੁਕਮਾਂ ਅਨੁਸਾਰ ਘੜੀ ਦਾ ਟਾਈਮ ਇਕ ਘੰਟਾ ਅੱਗੇ ਪਿੱਛੇ ਕਰਨਾ ਪੈਂਦਾ ਹੈ । ਇਸ ਦਾ ਮਨੋਰਥ ਹੈ ਕੰਮ ਕਾਰ ਵਾਲੇ ਲੋਕਾਂ ਵੱਲੋਂ ਸੂਰਜ ਦੀ ਰੋਸ਼ਨੀ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ, ਸਾਰੇ ਸਰੋਤ ਪੂਰੀ ਤਰ੍ਹਾਂ ਇਸਤੇਮਾਲ ਕਰਨੇ । ਇਹ ਕੁਝ ਹੋਰ ਹੀ ਭੂਗੋਲਿਕ ਜ਼ੋਨ ਕਰਕੇ ਹੈ ਭਾਵੇਂ ਇਸ ਦਾ ਮਤਲਬ ਵੀ ਉਹੀ ਹੈ ।
ਇਕ ਸੂਚਨਾ ਅਨੁਸਾਰ ਜਹਾਜ਼ ਅੱਜ 29 ਮਈ 11 ਵਜੇ ਅਗਲੇ ਕੰਢੇ ਤੇ ਲੱਗੇਗਾ ਤੇ ਇਹ ਸਮਾਂ ਬਹੁਤ ਨੇੜੇ-ਨੇੜੇ ਢੁੱਕ ਰਿਹਾ ਸੀ । ਬਾਹਰ ਦੂਰ ਤਾਈਂ ਬੇਹਾਥ ਪਾਣੀ ! ਦੂਰ ਹਰਿਆਉਲੀ ਕੰਢੇ, ਉੱਡਦੇ ਬਗਲੇ ਮੁਰਗਾਬੀਆਂ ਇੱਲਾਂ ਧਰਤੀ ਦੇ ਨੇੜੇ ਹੋਣ ਦੀਆਂ ਸੂਚਕ ਹਨ । ਆਸੇ ਪਾਸੇ ਪਹਾੜੀਆਂ ਨੇੜੇ ਆ ਗਈਆਂ ਹਨ । ਕਿਧਰੇ-ਕਿਧਰੇ ਬੇੜੀਆਂ ਨਜ਼ਰ ਆਉਣ ਲੱਗੀਆਂ । ਹੁਣ ਜਹਾਜ਼ ਦੇ ਦੋਹੇਂ ਪਾਸੇ ਦੋ ਛੋਟੀਆਂ ਬੇੜੀਆਂ ਨਾਲ-ਨਾਲ ਚੱਲ ਰਹੀਆਂ ਦਿਸਦੀਆਂ ਹਨ ਜਿਵੇਂ ਤੁਰਦੇ ਸਮੇਂ ਸਨ । ਸ਼ਾਇਦ ਇਹ ਜਹਾਜ਼ ਦਾ ਮਾਰਗ ਦਰਸ਼ਨ ਕਰਨ ਲਈ ਅੱਗੇ ਆ ਗਈਆਂ ਹਨ । ਜਹਾਜ਼ ਦਸ ਵਜੇ ਤੱਕ ਇਕ ਝੀਲ ਵਰਗੀ ਸਮੁੰਦਰ ਦੀ ਛੋਟੀ ਜਿਹੀ ਵੱਖੀ ਵਿੱਚ ਵੜ ਗਿਆ ਜਿੱਥੇ ਇਸ ਦੀ ਰਫ਼ਤਾਰ ਹੋਰ ਮੱਧਮ ਹੋ ਗਈ ਹੈ ।
ਅਧਖੜ ਰਵਾਨੀ ਜਿਹੀ ਮੱਧਮ ਤੋਰ ਨਾਲ ਜਹਾਜ਼ ਆਸੇ ਪਾਸੇ ਦੀਆਂ ਹਰੀਆ ਕਚੂਰ ਪਹਾੜੀਆਂ ਵਿੱਚ ਆ ਵੜਿਆ । ਬਰਫ਼ਾਂ ਦੇ ਭਾਰ ਥੱਲਿਓਂ ਰੁਮਕਦੇ ਦਿਆਰਾਂ ਦੀਆਂ ਤਰੋ-ਤਾਜ਼ਾ ਟੀਸੀਆਂ ਵਿੱਚੋਂ ਛਣ ਛਣ ਕੇ ਆਉਂਦੀਆਂ ਠੰਢੀਆਂ ਯਖ਼ ਹਵਾਵਾਂ ਸ਼ੂਕਦੀਆਂ ਸਮੁੰਦਰੀ ਲਹਿਰਾਂ ਨਾਲ ਗਲੇ ਮਿਲਦੀਆਂ ਬੜਾ ਰੋਮਾਂਟਿਕ ਮਾਹੌਲ ਸਿਰਜ ਰਹੀਆਂ ਹਨ । ਬਰਫ਼ ਦੀਆਂ ਟੁਕੜੀਆਂ 'ਤੇ ਬੱਦਲਾਂ ਦੇ ਟੋਟੇ ਵੀ ਹੁਣ ਗਾਇਬ ਹੋ ਰਹੇ ਹਨ ।
ਇਸ ਝੀਲ ਨੁਮਾ ਸਮੁੰਦਰ ਵਿੱਚ ਕਿਧਰੇ ਕਿਧਰੇ ਮੁਸਾਫ਼ਰ ਛੋਟੀਆਂ ਵੱਡੀਆਂ ਬੇੜੀਆਂ ਰਾਹੀਂ ਕੁਦਰਤ ਦੀ ਇਸ ਬਖਸ਼ਿਸ਼ ਫ਼ਰਾਖ਼-ਦਿਲ ਉਤਪਤੀ ਦਾ ਲੁਤਫ਼ ਉਠਾ ਰਹੇ ਹਨ । ਕੁਛ ਦੇਸੀ ਚੱਪੂ ਵਾਲੀਆਂ ਬੇੜੀਆਂ, ਮੋਟਰ ਬੇੜੀਆਂ, ਛੱਤਰੀ ਵਾਲੀਆਂ ਬੇੜੀਆਂ ਅੱਗੇ ਨੇੜੇ ਆ ਗਈਆਂ ਹਨ, ਜਿਵੇਂ ਜਹਾਜ਼ ਦਾ ਸਵਾਗਤ ਕਰ ਰਹੀਆਂ ਹੋਣ । ਇਕ ਫਲੈਟ ਬੇੜੀ ਦਾ ਮਲਾਹ ਆਪਣੀਆਂ ਕਲਾਬਾਜ਼ੀਆਂ ਲਗਾਉਂਦਾ {ਸਰਫੇਸਿੰਗ} ਬੇੜੀ ਦੀ ਵੀਹ-ਵੀਹ ਫੁੱਟ ਉੱਚੀ ਛਲਾਂਗ ਲਗਾਉਂਦਾ ਜਹਾਜ਼ੀ ਮੁਸਾਫ਼ਰਾਂ ਦਾ ਧਿਆਨ ਆਪਣੀ ਕਲਾ ਵੱਲ ਖਿੱਚ ਰਿਹਾ ਸੀ । ਯਾਤਰੀ ਸਾਹ ਰੋਕ ਕੇ ਇਸ ਬੇਟਿਕਟੇ ਸ਼ੋ ਨੂੰ ਬੜੀ ਉਤਸੁਕਤਾ ਨਾਲ ਵੇਖਣ ਲੱਗੇ ।
ਸਮੁੰਦਰ ਦਾ ਪਾਣੀ ਵੀ ਆਪਣਾ ਰੰਗ ਬਦਲ ਗਿਆ ਹੈ । ਭਾਵੇਂ ਬੱਦਲ ਫਿਰ ਉੱਭਰ ਆਏ ਨੇ ਪਰ ਸੂਰਜ ਦੀ ਰੋਸ਼ਨੀ ਅਜੇ ਵੀ ਕਾਇਮ ਹੈ ਜਿਵੇਂ ਲੁਕਣ-ਮੀਟੀ ਹੋ ਰਹੀ ਹੋਵੇ । ਸੂਰਜ ਆਪਣੀ ਹੋਂਦ ਦਾ ਅਹਿਸਾਸ ਜਿਤਾਉਂਦਾ ਪੂਰਾ ਟਿੱਲ ਲਗਾ ਰਿਹਾ ਜਾਪਦਾ ਹੈ ਪਰ ਬੱਦਲ ਵੀ ਆਪਣੀ ਆਈ ਤੇ ਤੁਲੇ ਹੋਏ ਲੱਗਦੇ ਹਨ । ਸਮੁੰਦਰ ਹੁਣ ਸ਼ਾਂਤ ਹੈ । ਰਾਤ ਵਾਲੀਆਂ ਕਾਂਗਾਂ ਦੀ ਆਵਾਜ਼ ਵੀ ਮੱਧਮ ਹੈ । ਆਗੇ ਆਗੇ ਵੇਖੀਏ ਹੋਤਾ ਹੈ ਕਿਆ ।
ਜੂਨੋਂ ਬੰਦਰਗਾਹ ਨੇ ਕਾਂਗੜੇ ਦੇ ਪਾਲਮਪੁਰ ਦਾ ਰੇਲਵੇ ਸਟੇਸ਼ਨ ਤੇ ਸ਼ਿਮਲੇ ਦੇ ਠਿਉਗ ਕਸਬੇ/ ਪਿੰਡ ਯਾਦ ਕਰਾ ਦਿੱਤੇ ਹਨ । ਦੋਹਾਂ ਪਾਸਿਆਂ ਤੋਂ ਉੱਚੀਆਂ ਪਹਾੜੀਆਂ ਨਾਲ ਘਿਰਿਆਂ ਜੁਨੋ ਸ਼ਹਿਰ ਛੋਟਾ ਜਿਹਾ ਲੱਗਦਾ ਹੈ । ਇਸ ਦੀ ਆਬਾਦੀ ਅਤੇ ਬਾਹਰ ਦਿਸਦੀਆਂ ਪਹਾੜੀਆਂ, ਗਲੇਸ਼ੀਅਰ 20 ਮੀਲ ਤੱਕ ਫੈਲੀਆਂ ਹੋਈਆਂ ਹਨ । ਅਬਾਦੀ ਵਜੋਂ ਇਹ ਅਮਰੀਕਾ ਦਾ ਪੰਜਾਹਵੇਂ ਵੱਡੇ ਸ਼ਹਿਰਾਂ ਵਿੱਚੋਂ ਮੰਨਿਆਂ ਜਾਂਦਾ ਹੈ । ਲੋਕਾਂ ਦੀ ਕਮਾਈ ਦਾ ਜ਼ਿਆਦਾਤਰ ਸਾਧਨ ਸੈਰ ਸਪਾਟਾ ਹੀ ਜਾਪਦਾ ਹੈ, ਭਾਵੇਂ ਕਿਤੇ ਕਿਤੇ ਫਰ ਦੇ ਕਾਰਖ਼ਾਨੇ ਵੀ ਦਿੱਸਣ ਲੱਗੇ ਹਨ ।
ਇੱਕ ਜਹਾਜ਼ ਪਹਿਲਾਂ ਹੀ ਬੰਦਰਗਾਹ ਪਲੇਟਫਾਰਮ ਤੇ ਖੜ੍ਹਾ ਹੈ । ਹੌਲੀ ਹੌਲੀ ਅਮਸਟਰਡਮ ਨੇ ਵੀ ਆਪਣਾ ਟਿਕਾਣਾ ਜਾ ਮੱਲਿਆ । ਇੱਕ ਹੋਰ ਜਹਾਜ਼ ਸਮੁੰਦਰ ਵਿੱਚ ਹੀ ਲੰਗਰ ਸੁੱਟੀ ਖੜ੍ਹਾ ਹੈ । ਉਸ ਦੇ ਮੁਸਾਫ਼ਰ ਕੁਝ ਬੇੜੀਆਂ ਰਾਹੀਂ ਕੱਢੇ ਜਾ ਰਹੇ ਹਨ । ਕੁਝ ਫਲੋਟਿੰਗ ਹੈਲੀਕੋਪਟਰਾਂ ਰਾਹੀਂ ਢੋਆ-ਢੁਆਈ ਹੋ ਰਹੀ ਹੈ ਜੋ ਮੁਰਗਾਬੀ ਵਾਂਗ ਉਡਾਰੀ ਮਾਰਦੇ ਉੱਡਦੇ ਜਾਂਦੇ ਹਨ । ਇੱਕ ਲਾਈਨ ਜਿਹੀ ਲੱਗ ਗਈ ਹੈ । ਇੱਕ ਪਾਸਿਓਂ ਆਉਂਦੇ, ਸਵਾਰੀਆਂ ਲੈ ਕੇ ਦੋ ਚਾਰ ਮਿੰਟ ਵਿੱਚ ਹੀ ਦੂਸਰੇ ਪਾਸਿਓਂ ਚੜ੍ਹਦੇ ਜਾਂਦੇ ਹਨ ।
ਗਲੇਸ਼ੀਅਰ ਵੱਲ ਜਾਣ ਦਾ ਸਾਡਾ ਹੈਲੀਕਾਪਟਰ ਬੁਕਿੰਗ ਦਾ ਸਮਾਂ ਸ਼ਾਮ ਚਾਰ ਵਜੇ ਸੀ । ਬਾਹਰ ਨਿਕਲ ਕੇ ਆਸੇ ਪਾਸੇ ਦੇਖਣ ਤੋਂ ਬਿਨਾ ਹੀ ਉੱਚੇ ਅਸਮਾਨ ਤੋਂ ਇੱਕ ਸੁੰਦਰ ਲਭਾਉਣੀ ਬੱਸ ਮਲਕੜੇ ਜਿਹੇ ਉੱਤਰਦੀ ਸਭ ਦੇ ਨਜ਼ਰੀਂ ਚੜ੍ਹ ਗਈ । ਇਸ ਲਈ ਪਹਿਲਾਂ 'ਮਾਊਂਟ ਰੋਬਰਟ ਟਰਾਮਵੇਅ' ਸਕਾਈਟਰੇਨ ਦੇ ਹੂਟੇ ਲਈ ਜਾ ਖੜ੍ਹੇ । ਬੰਦਰਗਾਹ ਦੇ ਨਾਲ ਲੱਗਦੀ ਟਿਕਟ-ਕਾਊਂਟਰ ਤੋਂ ਦਰਿਆਫ਼ਤ ਕੀਤੀ । ਬਾਲਗ ਦਾ ਟਿਕਟ 24.95 ਡਾਲਰ ਤੇ ਬੱਚਿਆਂ ਲਈ 13.50 ਡਾਲਰ ਲੈ ਕੇ ਉਡੀਕ ਕੁਰਸੀਆਂ ਤੇ ਬੈਠ ਗਏ । ਬਹੁਤੀ ਦੇਰ ਨਹੀਂ ਲੱਗੀ । ਉੱਪਰਲੀ ਆਬਾਦੀ/ਪਹਾੜੀ ਤੋਂ ਉਹੀ ਵੱਡੀ ਸਾਰੀ ਸੁੰਦਰ ਬੱਸ ਤਾਰਾਂ ਨਾਲ ਰੀਂਗਦੀ ਥੱਲੇ ਆਉਂਦੀ ਦਿਸੀ । ਇਹ ਦਸ ਮਿੰਟ ਜਾਣ, ਦਸ ਮਿੰਟ ਸਵਾਰੀਆਂ ਲਾਹੁਣ ਚੜ੍ਹਾਉਣ ਤੇ ਦਸ ਮਿੰਟ ਆਉਣ ਲਈ ਕੁੱਲ ਤੀਹ ਕੁ ਮਿੰਟ ਵਿੱਚ ਇਕ ਚੱਕਰ ਲਗਾਉਂਦੀ ਹੈ ।
ਉਸ ਨੂੰ ਵੇਖਣਾ ਮਾਨਣਾ ਆਪਣੇ ਆਪ ਹੀ ਬਹੁਤ ਰੋਮਾਂਟਿਕ ਤੇ ਜੋਸ਼ ਭਰਿਆ ਲੱਗ ਰਿਹਾ ਸੀ । ਬੱਚੇ ਵੇਖ ਕੇ ਉਤਸ਼ਾਹਿਤ ਹੋ ਕੇ ਨੱਚਣ ਟੱਪਣ ਲੱਗੇ । 60 ਸਵਾਰੀਆਂ ਲੈ ਕੇ ਜਾਣ ਵਾਲਾ ਇਹ ਡੱਬਾ ਸਹਿਜੇ ਹੀ ਹਿਲਿਆ ਅਤੇ ਲੰਬੀਆਂ ਤਾਰਾਂ ਦੇ ਸਹਾਰੇ ਉੱਪਰ ਵੱਲ ਨੂੰ ਤੁਰਨ ਲੱਗਾ । ਸਾਰੇ ਜੁਨੋ ਸ਼ਹਿਰ ਤੇ ਉੱਚੀਆਂ ਪਹਾੜੀਆਂ ਨੇੜੇ ਨੇੜੇ ਸਰਕ ਆਈਆਂ । ਕੰਢੇ ਤੇ ਖੜ੍ਹੇ ਸਮੁੰਦਰੀ ਜਹਾਜ਼ ਛੋਟੀ ਜਿਹੀ ਕਾਰ ਵਾਂਗੂੰ ਪ੍ਰਤੀਤ ਹੋਏ । ਉਨ੍ਹਾਂ ਤੋਂ ਸਵਾਰੀਆਂ ਲੈ ਕੇ ਉਡਾਰੀਆਂ ਭਰਦੇ ਉਡਾਰੂ ਜਹਾਜ਼ ਕਬੂਤਰਾਂ ਵਾਂਗੂੰ ਲੱਗਣ ਲੱਗੇ ।
ਜੁਨੋਂ ਦੀ ਖਾੜੀ ਝੀਲ ਇਕ ਛੋਟੇ ਜਿਹੇ ਨਦੀ ਨਾਲੇ ਵਾਂਗ ਭਾਸਣ ਲੱਗੀ । ਡੋਗਲਸ ਤੇ ਐਡਮੀਰਾਲਦੀ ਜਜ਼ੀਰੇ, ਗੈੱਸਟੀਨੀਓ ਚੈਨਲ ਅਤੇ ਚਿਲਕਟ ਪਹਾੜ ਸਭ ਥੱਲੇ ਥੱਲੇ ਨੀਵੇਂ ਦਿਸਣ ਲੱਗੇ । 'ਮਾਊਟਰੌਬਰਟ ਟਰਾਮਵੇ' ਨਾਮ ਦਾ ਇਹ ਸੰਚਾਰ ਸਾਧਨ ਜੁਨੋ ਸ਼ਹਿਰ ਦਾ ਵੱਡਾ ਆਕਰਸ਼ਣ ਹੈ ਤੇ ਜੋ ਵੀ ਇੱਥੇ ਜਾਂਦਾ ਹੈ ਸਵਾਰੀ ਕਰਨ ਤੋਂ ਬਿਨ੍ਹਾਂ ਨਹੀਂ ਮੁੜ ਸਕਦਾ । ਇਕ ਤਾਂ ਇਹ ਬੰਦਰਗਾਹ ਜਿੱਥੇ ਜਹਾਜ਼ ਚੋਂ ਸਵਾਰੀਆਂ ਲੱਥਦੀਆਂ ਹਨ ਦੇ ਐਨ ਮੂੰਹ ਵਿੱਚ ਬਿਲਕੁਲ ਨਜ਼ਦੀਕ ਹੈ, ਦੂਸਰਾ ਉੱਚੀ ਪਹਾੜੀ ਚੋਟੀ ਵੱਲ ਵਧਦੀ ਬੱਸ ਵੇਖ ਕੇ ਹਰੇਕ ਦਾ ਮਨ ਲਲਚਾ ਜਾਂਦਾ ਹੈ ।
ਉੱਪਰ ਦੁਕਾਨਾਂ ਬਜ਼ਾਰਾਂ ਦੀ ਬੜੀ ਵੱਡੀ ਮਾਰਕੀਟ ਸਟੋਰ ਹਨ ਜਿੱਥੇ ਯਾਤਰੀਆਂ ਦੇ ਖੀਸੇ ਟੋਹਣ ਲਈ ਉਨ੍ਹਾਂ ਦੀਆਂ ਲੋੜਾਂ ਦੀ ਨਬਜ਼ ਪਹਿਚਾਣਦੇ ਹੋਏ, ਮਨ ਮਰਜ਼ੀ ਦੇ ਮੁੱਲ ਲਗਾਏ ਜਾਂਦੇ ਹਨ । ਇਕ ਪੈੱਨ, ਕੀ ਚੈਨ ਜਾਂ ਟੋਪੀ ਘੱਟ ਤੋਂ ਘੱਟ ਦਸ ਡਾਲਰ, ਤੇ ਵੱਧ ਦੀ ਹੋਈ ਹੱਦ ਨਹੀਂ । ਥੋੜ੍ਹਾ ਹਟ ਕੇ ਇਕ ਟਰੇਲ ਉੱਪਰ ਚੜ੍ਹਦੀ ਹੈ ਜਿਸ ਦਾ ਨਕਸ਼ਾ ਇੱਕ ਡਾਲਰ ਦਾ ਮਿਲ ਜਾਂਦਾ ਹੈ । ਟਰੇਲ ਦੇ ਸ਼ੁਰੂ ਵਿੱਚ ਛੋਟੇ ਜਿਹੇ ਪਿੰਜਰਾ ਨੁਮਾ ਕਮਰੇ (ਜੁਨੋ ਰੈਪਚਰ ਸੈਂਟਰ) ਵਿੱਚ ਇੱਕ ਵੱਡਾ ਸਾਰਾ ਪੰਛੀ, ਜਿਸ ਨੂੰ ਮੈਂ ਤਾਂ ਇੱਲ ਜਾਂ ਗਿੱਧ ਹੀ ਕਹਾਂਗਾ ਪਰ ਇਹ ਬਾਜ਼ ਕਹਿੰਦੇ ਹਨ, ਪਿੰਜਰੇ ਵਿੱਚ ਤਾੜਿਆ ਪਿਆ ਸੀ ।
ਦਰਸ਼ਕਾਂ ਨੂੰ ਵੇਖ ਕੇ ਸੁਸਤ ਹੋ ਕੇ ਅੱਖਾਂ ਮੀਟ ਰਿਹਾ ਸੀ ਜਿਵੇਂ ਬਹੁਤ ਥੱਕਿਆ ਤੇ ਅਵਾਜ਼ਾਰ ਹੋਵੇ । ਕੁਝ ਬੱਚੇ ਉਸ ਵੱਲ ਖਾਦ ਪਦਾਰਥ ਵਸਤਾਂ ਸੁੱਟਦੇ ਛੇੜਦੇ ਚਿੜਾ ਰਹੇ ਸਨ ਭਾਵੇਂ ਅਜੇਹਾ ਕਰਨ ਦੀ ਸਖ਼ਤ ਮਨਾਹੀ ਬਾਰੇ ਲਿਖਿਆ ਤਖਤਾ ਲਟਕ ਰਿਹਾ ਸੀ । ਸਾਡੇ ਕੋਲ ਕਈ ਜੋੜੇ ਖੜ੍ਹੇ ਉੱਧਰ ਦੇਖ ਕੇ ਹੱਸਦੇ ਹੱਸਦੇ ਸਾਨੂੰ ਦੇਖ ਕੇ ਬਾਏ ਬਾਏ ਕਰਦੇ ਹਨ । ਗੋਰੇ ਬੱਚੇ ਸਾਨੂੰ ਵੇਖ ਕੇ ਖਲੋ ਕੇ ਬੜੇ ਗੌਰ ਨਾਲ ਵੇਖਦੇ ਹੈਰਾਨੀ ਪ੍ਰਗਟਾਉਂਦੇ ਨੇ, ਦੇਖੀ ਜਾਂਦੇ ਹਨ । ਮੈਂ ਟਾਟਾ ਕਰਦਾ ਹੱਥ ਹਿਲਾਉਂਦਾ ਹਾਂ । ਉਹ ਡਰ ਕੇ ਮਾਂ ਨਾਲ ਚਿੰਬੜ ਜਾਂਦੇ ਹਨ ।
'ਨੋ ਨੋ ! ਹੀ ਇਜ਼ ਮੈਨ, ਨਾਟ ਕੈਨੀਬਲ ।' ਉਹ ਸਾਰੇ ਹੱਸਦੇ ਹੋਏ ਆਪਣੇ ਰੋਂਦੇ ਬੱਚਿਆਂ ਨੂੰ ਚੁੱਪ ਕਰਾਉਂਦੇ ਨੇ । ਅਸੀਂ ਵੀ ਸਾਰੇ ਉਨ੍ਹਾਂ ਨਾਲ ਹੱਸਣ ਦਾ ਸਾਥ ਦਿੰਦੇ ਹਾਂ ।
'ਮੈਨੂੰ ਸ਼ਾਬਾਸ਼ ਕਹੋ, ਅੱਜ ਮੈਂ ਕਿੰਨ੍ਹੇ ਬੰਦਿਆਂ ਨੂੰ ਹਸਾਇਆ ਹੈ । ਮੇਰਾ ਜੀਅ ਕਰਦਾ ਹੈ, ਮੈਂ ਇੱਥੇ ਖੜ੍ਹਾ ਰਹਾਂ ਤੇ ਲੋਕ ਮੇਰੇ ਵੱਲ ਵੇਖ ਕੇ ਹੱਸਦੇ ਰਹਿਣ ।' ਹੱਸਣਾ ਹਸਾਉਣਾ ਹੀ ਤਾਂ ਔਖਾ ਹੈ । ਅਜਿਹੇ ਰੁਝੇਵਿਆਂ ਭਰੇ ਦੇਸ਼ਾਂ ਵਿੱਚ ਜਿੱਥੇ ਮਾਨਸਿਕ ਤਨਾਓ ਜਿਆਦਾ ਹੈ, ਪਦਾਰਥਵਾਦੀ ਦੌੜ ਲੱਗੀ ਹੋਈ ਹੈ, ਉੱਥੇ ਹੱਸਣਾ ਹਸਾਉਣਾ ਹੀ ਇਕ ਮਨ ਪ੍ਰਚਾਵੇ ਦਾ ਸਾਧਨ ਹੈ, ਜੋ ਬਹੁਤ ਮਹਿੰਗਾ ਪੈਂਦਾ ਹੈ ਤੇ ਮੁੱਲ ਨੂੰ ਵੀ ਨਹੀਂ ਮਿਲਦਾ । ਇਹ ਲੋਕ ਪੱਗ ਕੁੜਤਾ ਪਜਾਮਾ ਵੇਖ ਕੇ ਮੈਨੂੰ ਕੁਝ ਅਲੋਕਾਰ ਚੀਜ਼ ਸਮਝ ਕੇ ਹੈਰਾਨ ਪਰੇਸ਼ਾਨ ਹੋ ਰਹੇ ਹਨ । ਕੁਝ ਕਾਟ ਵੀ ਕਰਦੇ ਸਨ । ਕੁਝ ਅੱਲ੍ਹੜ ਬਾਂਕੀਆਂ ਜਿਹੀਆਂ ਪਹਾੜੀ ਮੱਠੀਆਂ ਟਿੱਪਣੀਆਂ ਕਰਦੀਆਂ ਹੱਸਦੀਆਂ ਮੂੰਹ ਅੱਗੇ ਹੱਥ ਰੱਖ ਲੈਂਦੀਆਂ ਹਨ । ਮੈਂ ਵੀ ਆਪਣੇ ਆਪ ਨੂੰ ਉਸ ਅਲੋਕਾਰ ਜਾਨਵਰ ਵਾਂਗ ਮਹਿਸੂਸ ਕਰਦਾ ਹਾਂ, ਜਿਸ ਨੂੰ ਦੇਖਣ ਲਈ ਲੋਕ ਉਚੇਚੇ ਇੱਧਰ ਉਮਡ ਰਹੇ ਹਨ । ਹਸਾਉਣਾ ਸੱਚੀਂ-ਮੁੱਚੀਂ ਪੁੰਨ ਦਾ ਕੰਮ ਹੈ ।
ਬਾਜ ਦੇ ਪਿੱਛੇ ਉੱਪਰ ਚੜ੍ਹਦੀ ਟਰੇਲ ਦੇ ਪਾਸੇ ਭੁੰਜੇ ਹੀ ਆਸਣ ਲਗਾਈ ਬੈਠੇ ਇਕ ਤੀਵੀਂ ਆਦਮੀ ਹੱਥ ਵਿੱਚ ਬੀਅਰ ਵਾਈਨ ਦੀਆਂ ਬੋਤਲਾਂ ਸਿੱਪ ਕਰਦੇ ਮਸਤੀ ਮਾਰਦੇ, ਅੱਖਾਂ ਚੜ੍ਹਾਈ ਝੂਮ ਰਹੇ ਹਨ । ਇੱਥੋਂ ਉੱਪਰ ਚੜ੍ਹਦੀ ਟਰੇਲ ਵੇਖ ਕੇ ਦਲਵੀਰ ਫੁੱਲ ਕੇ ਪਹਾੜ ਹੋ ਜਾਂਦਾ ਹੈ । ਉਹ ਸਭ ਤੋਂ ਪਹਿਲਾਂ ਉੱਪਰ ਟਰੇਲ ਤੇ ਚੜ੍ਹਨ ਦੀ ਖਾਹਸ਼ ਕਰਦਾ ਹੈ ਪਰ ਮੈਂ ਰੋਕਣ ਦੀ ਕੋਸ਼ਿਸ਼ ਕਰਦਾ ਹਾਂ । ਰਵਨੀਤ ਵੀ ਮੇਰੀ ਗੱਲ ਦੀ ਤਸਦੀਕ ਕਰਦੀ ਹੈ । 'ਗਲੇਸ਼ੀਅਰ ਸਿਟੀ ਟੂਰ' ਨਾਮ ਦੀ ਲਾਰੀ ਜੋ ਖਾਣ ਵੱਲ ਜਾਂਦੀ ਹੈ, ਦਾ ਸਮਾਂ ਇੱਕ ਵਜੇ ਦਾ ਹੈ ਅਤੇ ਹੈਲੀਕਾਪਟਰ ਟੂਰ ਦਾ ਚਾਰ ਵਜੇ ਦਾ ਹੈ ।
ਸੋ ਆਸੇ ਪਾਸੇ ਦੁਕਾਨਾਂ ਵਿੱਚ ਕੁਝ ਕੁਝ ਜੇਬ ਹਲਕੀ ਕੀਤੀ ਅਤੇ ਸੋਨੇ ਦੀ ਖਾਣ ਵੱਲ ਪਹਿਲਾਂ ਬੁੱਕ ਕਰਵਾਈਆਂ ਅਗਾਊਂ ਸੀਟਾਂ ਤੇ ਬੱਸ ਵਿੱਚ ਚੜ੍ਹ ਗਏ । ਉਹੀ ਉੱਚੀਆਂ-ਉੱਚੀਆਂ ਸੜਕਾਂ ਦਰਿਆ ਸਮੁੰਦਰ ਦੇ ਨਾਲ ਨਾਲ ਚੱਲਣ ਲੱਗੇ । ਬੱਸ ਫਿਰ ਇੱਕ ਲੰਬਾ ਪੁਲ ਟੱਪ ਕੇ ਖਾਣ-ਨੁਮਾ ਪਹਾੜੀ ਦੀ ਸੰਘੀ ਵਿੱਚ ਜਾ ਖੜ੍ਹੀ ਜਿੱਥੋਂ ਕਹਿੰਦੇ ਹਨ ਕਿ ਸੋਨਾ ਨਿਕਲਿਆ ਸੀ । ਹੁਣ ਵੀ ਸੋਨਾ ਨਿਕਲ ਰਿਹਾ ਹੈ ।
ਜਿਸ ਦੀ ਕਿਸਮਤ ਵਿੱਚ ਲਿਖਿਆਂ ਹੋਊ, ਮਿਲ ਜਾਏਗਾ । ਅੰਦਰ ਜਾਣ ਦੀ ਪੰਜਾਹ ਡਾਲਰ ਦੀ ਟਿਕਟ ਹੈ । ਅਸੀਂ ਪੰਜਾਹ ਡਾਲਰ ਖ਼ਰਚਣ ਤੋਂ ਝੇਪ ਜਾਂਦੇ ਹਾਂ । 'ਪਰ ਚੱਲੋ ਬੱਚਿਆਂ ਦੀ ਕਿਸਮਤ ਅਜ਼ਮਾ ਲਈਏ ।' ਰਵਨੀਤ ਨੇ ਦੋਹਾਂ ਬੱਚਿਆਂ ਜੇਦੀਪ ਤੇ ਜੈਸਮੀਨ ਨੂੰ ਪੰਜਾਹ-ਪੰਜਾਹ ਡਾਲਰ ਦੇ ਕੇ ਸਟੋਰ ਤੋਂ ਲੈ ਕੇ ਇਕ ਇਕ ਛਾਨਣੀ ਫੜ੍ਹਾ ਦਿੱਤੀ । 'ਲਓ ਇਸ ਨੂੰ ਪਾਣੀ ਵਿੱਚ ਫੇਰੋ ਹੰਘਾਲ਼ੋ ਤੇ ਦੋ ਚਾਰ ਵਾਰ ਫੇਰ ਕੇ ਬਾਹਰ ਕੱਢ ਲਓ ।' ਉਹ ਬੜੇ ਸ਼ਗਨਾਂ ਭਰੀਆਂ ਉਮੀਦਾਂ ਨਾਲ ਉਨ੍ਹਾਂ ਦੀ ਪਿੱਠ ਥਾਪੜਦੀ ਕੰਢੇ ਤੇ ਲੈ ਬੈਠਦੀ ਹੈ । ਇੱਥੇ ਪਹਾੜੀ ਝਰਨਿਆਂ ਦਾ ਪਾਣੀ ਥੋੜਾ ਰੁਕ ਕੇ ਇਕੱਠਾ ਹੋ ਕੇ ਫਿਰ ਥੱਲੇ ਡਿੱਗਦਾ ਹੈ । ਛਾਨਣੀਆਂ ਪਾਣੀ ਵਿੱਚ ਸਾਫ ਕੀਤੀਆਂ । ਰੇਤ ਦੇ ਕੁਝ ਮੋਟੇ ਕਿਣਕੇ ਵਿੱਚ ਬਚੇ ਰਹਿ ਗਏ ।
'ਲਓ ਜੀ ਮੁਬਾਰਕ ਤੁਹਾਨੂੰ ! ਸੋਨਾ ਚੰਗਾ ਮਿਲ ਗਿਆ ਹੈ ।.. ਬੁਨਿਆਦੀ ਅਸਲੀ ਸੋਨਾ ਹੈ ਇਹ ! ਨਿਰੋਲ ਟਕਸਾਲੀ ।' ਇਹ ਠੇਕੇਦਾਰ ਸੀ ਸ਼ਾਇਦ ਜੋ ਕਹਿ ਕੇ ਸਾਡੇ ਖਰਚੇ ਹੋਏ ਸੌ ਡਾਲਰਾਂ ਦੇ ਇਵਜ਼ ਵਜੋਂ ਧਰਵਾਸ ਬੰਨ੍ਹਾਂ ਰਿਹਾ ਸੀ । ਸੋਨੇ ਦੀ ਡਲੀ ਦੀ ਉਮੀਦ ਲੈ ਕੇ ਗਏ, ਕੁਝ ਕਿਣਕਿਆਂ ਨਾਲ ਹੀ ਸਬਰ ਕਰਨਾ ਪਿਆ ।
ਥੋੜਾ ਉੱਪਰ ਪਹਾੜਾਂ ਤੋਂ ਡਿੱਗਦੇ ਝਰਨੇ ਦੇ ਥੱਲੇ ਇਕ ਨਦੀ ਜਿਹੀ ਦੇ ਬੰਨੇ ਕੁਝ ਚਾਕੜਹੱਥੇ ਹੋਕਾ ਦੇ ਰਹੇ ਸਨ । 'ਇਹ ਤੀਹ ਫੁੱਟ ਚੌੜੀ ਨਦੀ ਲੰਘੋ ਤੇ ਸੌ ਡਾਲਰ ਦੇ ਮੁੱਲ ਦੀ ਸੋਨਾ ਚਿੱਪਰ ਇਨਾਮ ਪਾਓ ।' ਇਹ ਨਦੀ ਬਹੁਤੀ ਡੂੰਘੀ ਨਹੀਂ, ਸਿਰਫ਼ ਗੋਡੇ ਤੱਕ ਹੀ ਸੀ ਵੱਧ ਤੋਂ ਵੱਧ ਪਰ ਠੰਢੀ ਬਹੁਤ ਸੀ ਬਰਫ਼ਾਨੀ ਪਾਣੀ ਦੀ । ਜਿਵੇਂ ਤਵੱਕੋ ਕੀਤੀ ਜਾਦੀ ਹੈ, ਦਲਵੀਰ ਝੱਟ ਨਦੀ ਵਿੱਚ ਵੜਨ ਨੂੰ ਤਿਆਰ ਹੋ ਗਿਆ । ਉਸ ਦੀ ਇਹ ਲਾਲਸਾ ਇਨਾਮ ਜਿੱਤਣ ਲਈ ਨਹੀਂ ਸਗੋਂ ਹੋਰ ਦੀ ਹੋਰ ਨਵੇਂ ਤਜਰਬੇ ਗ੍ਰਿਹਨ ਕਰਨ ਦੀ ਇਕ ਕੜੀ ਵਜੋਂ ਸੀ । ਮੈਂ ਟੇਢੀ ਨਜ਼ਰੇ ਬੱਬੂ ਦੀ ਹਰਕਤ ਤਾੜ ਰਿਹਾ ਸਾਂ । ਉਸ ਨੇ ਪੈਂਟ ਕਲੁੰਜਣੀ ਸ਼ੁਰੂ ਕਰ ਦਿੱਤੀ ਸੀ ।
ਨੁਕੀਲੇ ਪੱਥਰਾਂ ਤੇ ਬਰਫ਼ ਦੇ ਤੇਜ ਹੜ ਰਹੇ ਠੰਢੇ ਪਾਣੀ ਨੇ ਇਕ ਹੋਰ ਖਿਲਾੜੀ ਨੂੰ ਦਸ ਫੁੱਟ ਤੇ ਹੀ ਘੇਰ ਕੇ ਥੱਲੇ ਪਟਕਾਅ ਮਾਰਿਆ । ਕੈਮਰੇ ਸਮੇਤ ਚੂਹੇ ਵਾਂਗ ਭਿੱਜਾ ਉਹ ਬੇਵਸ ਜੀ-ਭਿਆਣਾ ਜਿਹਾ ਪ੍ਰਤੀਤ ਹੋਇਆ । ਮੌਕੇ ਤੇ ਖੜ੍ਹੇ ਗਾਰਡ ਨੇ ਬੜੀ ਹੁਸ਼ਿਆਰੀ ਨਾਲ ਉਸ ਨੂੰ ਬੋਚ ਕੇ ਬਾਹਰ ਨਿਕਲਣ ਦਾ ਆਸਰਾ ਦਿੱਤਾ । ਸਾਰੇ ਚੁੱਪ-ਚਾਪ ਇਹ ਸਭ ਕੁਝ ਵੇਖ ਕੇ ਬਿਨਾ ਕੁਝ ਬੋਲੇ ਵਿੱਚੇ ਵਿੱਚ ਪੀ ਗਏ ਤੇ ਬੱਬੂ ਦਾ ਬਦਲਿਆ ਇਰਾਦਾ ਵੇਖ ਕੇ ਰੱਬ ਦਾ ਸ਼ੁਕਰ ਕੀਤਾ । ਇਸ ਗੇਮ ਵਿੱਚ ਫਸਦਾ-ਫਸਦਾ ਬਚਿਆ ਬੱਬੂ ਵੇਖ ਕੇ ਸੰਚਾਲਕਾਂ ਨੇ ਉਸ ਨੂੰ ਵੀ ਦਿਲਾਸਾ ਦਿੰਦੇ ਸੌ ਡਾਲਰ ਦਾ ਕੂਪਨ ਫੜਾਉਂਦਿਆਂ ਇਕੇ ਸਾਹੇ ਸ਼ਾਬਾਸ਼ ਤੇ ਸੌਰੀ ਕਿਹਾ । 'ਮੁਬਾਰਕ ! ਤੂੰ ਵੀ ਇਸ ਇਨਾਮ ਦਾ ਹੱਕਦਾਰ ਬਣ ਗਿਆ ਹੈਂ, ਧੰਨਵਾਦ ।'(ਚਲਦਾ)