ਸਫ਼ਰਨਾਮਾ ਅਲਾਸਕਾ
ਕਿਸ਼ਤ ਪੰਜਵੀਂ
ਚਰਨਜੀਤ ਸਿੰਘ ਪੰਨੂ
ਸਵੇਰ
ਦੀ ਕੁਝ ਮੱਧਮ-ਮੱਧਮ ਬੱਦਲਵਾਈ ਰਹੀ ਪਰ 8 ਵਜੇ ਤੱਕ ਬੜਾ ਤੇਜ਼ ਚਮਕਦਾ ਸੂਰਜ ਨਿਕਲ ਆਇਆ । ਪਾਣੀ ਤੇ
ਪੈਂਦੀਆਂ ਸੂਰਜ ਦੀਆਂ ਕਿਰਨਾਂ ਅੱਖਾਂ ਚੁੰਧਿਆ ਰਹੀਆਂ ਸਨ । ਪਰਦੇ ਸਰਕਾਉਣ ਲਈ ਮਜਬੂਰ ਕਰਦੀਆਂ ਹਨ
। ਕੰਪਾਸ ਦੇਖਣ ਤੋਂ ਬਿਨਾ ਹੀ ਪਤਾ ਲੱਗਦਾ ਹੈ ਕਿ 30 ਮੀਲ ਦੀ ਸਪੀਡ ਨਾਲ ਦੌੜਦਾ ਜਹਾਜ਼ ਜਿਵੇਂ
ਸੂਰਜ ਨੂੰ ਢੁੱਡ ਮਾਰਨ ਲਈ ਜਾਂ ਉਸ ਦਾ ਪਿੱਛਾ ਕਰਨ ਲਈ ਸ਼ਰਤ ਲਗਾ ਕੇ ਦੌੜ ਲਗਾ ਰਿਹਾ ਹੈ । ਅੱਜ ਦਾ
ਸਾਰਾ ਦਿਨ ਜਹਾਜ਼ ਡੂੰਘੇ ਸਮੁੰਦਰ ਵਿੱਚ ਬੇਰੋਕ ਨਾਨ-ਸਟਾਪ ਚੱਲਦਾ ਰਿਹਾ ।
ਇੱਕ ਹੋਰ ਜਹਾਜ਼ ਇਸ ਜਹਾਜ਼ ਦੇ ਸੱਜੇ ਪਾਸੇ ਬਰਾਬਰ ਕੋਈ 4 ਮੀਲ ਦੀ ਦੂਰੀ ਤੇ ਬਹੁਤ ਸਮਾਂ ਨਾਲ ਚੱਲਦਾ
ਰਿਹਾ ਪਰ ਇਕ ਵਜੇ ਪਿੱਛੇ ਰਹਿ ਕੇ ਅਦਿੱਖ ਹੋ ਗਿਆ, ਕਿਸੇ ਹੋਰ ਮੰਜ਼ਿਲ ਵੱਲ ਚਲਾ ਗਿਆ ਸ਼ਾਇਦ ।
ਅੱਜ ਦੇ ਦਿਨ ਦੁਪਹਿਰੇ ਲੰਚ ਵੇਲੇ ਖਾਣੇ ਤੋਂ ਪਹਿਲਾਂ ਮੇਜ਼ ਤੇ ਪਲੇਟਾਂ ਵਿੱਚ ਸੂਪ ਆ ਟਿਕੇ । ਸ਼ੋਰਬਾ
ਕਾਹਦਾ ? ਤੁਸੀਂ ਹੈਰਾਨ ਹੋਵੋਗੇ । ਸਵਾਦ ਕੁਝ ਜਾਣਿਆਂ ਪਛਾਣਿਆ ਸੀ । ਗਿਲਾਸ ਵਿੱਚ ਉਂਗਲ ਫੇਰੀ ।
ਇਹ ਸੀ 'ਮਸਰਾਂ ਦੀ ਤਰੀ' ਅਤੇ ਵਿੱਚ ਥੱਲੇ ਕਿਧਰੇ ਕਿਧਰੇ ਮਸਰਾਂ ਦੇ ਦਾਣੇ ! ਵੇਖ ਕੇ ਸੁਆਦ ਚੱਖ
ਕੇ ਖੂਬ ਹੱਸੇ ਸਾਰੇ । ਹੱਸਣਾ ਵੀ ਜ਼ਰੂਰੀ ਹੈ । ਸਾਨੂੰ ਖਿੜ-ਖਿੜਾ ਕੇ ਹੱਸਦੇ ਵੇਖ ਕੇ ਗਵਾਂਢੀ ਮੇਜ਼ਾਂ
ਵਾਲਿਆਂ ਵੀ ਸਾਡਾ ਸਾਥ ਦਿੱਤਾ । ਇੱਧਰ ਹੱਸਣ-ਹਸਾਉਣ ਦੀਆਂ ਵੀ ਕਲਾਸਾਂ ਲੱਗਦੀਆਂ ਹਨ ਜੋ ਮਹਿੰਗੀਆਂ
ਹੁੰਦੀਆਂ ਹਨ । ਜਹਾਜ਼ ਵਿੱਚ ਵੀ ਹਸਾਉਣ ਦੀ ਕਲਾਸ ਹੈ ਜੋ ਹਰ ਦਿਨ ਦੁਪਹਿਰੇ ਇੱਕ ਵੱਜੇ ਲੱਗਦੀ ਹੈ ।
ਇਸ ਲਈ ਪੂਰੇ ਸਫ਼ਰ ਦੇ ਦਿਨਾਂ ਲਈ ਇੱਕ ਸੌ ਡਾਲਰ ਦਾ ਖਰਚਾ ਹੈ । ਅਸਾਂ ਇਹ ਲਾਹਾ ਸ਼ੋਰਬਾ ਵੇਖ ਪਰਖ
ਕੇ ਕੁਝ ਖ਼ਰਚਣ ਤੋਂ ਬਿਨਾ ਹੀ ਲੈ ਲਿਆ ।
ਮੇਰੇ ਇਕ ਦੋਸਤ ਦੀ ਸੁਣਾਈ ਇੱਕ ਪੁਰਾਣੀ ਕਹਾਣੀ ਯਾਦ ਆਈ । ਇਹ ਮਸਰ ਜੱਟਾਂ ਜ਼ਿਮੀਂਦਾਰਾਂ ਦੇ ਖੇਤਾਂ
ਵਿੱਚ ਘਰ ਦੀ ਉਪਜਾਈ ਉਪਜ ਹੈ । ਜਿਮੀਂਦਾਰ ਜਿਵੇਂ ਸਾਰੇ ਘਰ ਦੇ ਖਾਣ ਪੀਣ ਵਰਤਣ ਦੀਆਂ ਲੋੜੀਂਦੀਆਂ
ਵਸਤਾਂ ਆਪ ਉਗਾਉਂਦੇ ਹਨ । ਮਸਰਾਂ ਦੀ ਦਾਲ ਤਾਂ ਆਮ ਕਰਕੇ ਬਹੁਤ ਬੀਜੀ ਜਾਦੀ ਹੈ ਤੇ ਹਰ ਘਰ ਬਣਦੀ
ਹੈ ਕਿਉਂਕਿ ਹਰ ਜ਼ਿਮੀਦਾਰ ਆਪਣੇ ਖੇਤਾਂ ਵਿੱਚ ਆਪ ਬੀਜ ਕੇ ਪੈਦਾ ਕਰ ਲੈਂਦਾ ਹੈ । ਬਹੁਤ ਦੇਰ ਉਹ ਘਰ
ਮਸਰਾਂ ਦੀ ਦਾਲ ਖਾਂਦਾ ਅੱਕ ਗਿਆ । ਕਹਿੰਦਾ ਚਲੋ ਬਾਹਰ ਵਾਂਢੇ ਮੂੰਹ ਦਾ ਸੁਆਦ ਬਦਲ ਕੇ ਆਈਏ । ਜਾਵੇ
ਕਿੱਥੇ ? ਸਸੁਰਾਲ ਘਰ ! ਆਪਣੀ ਵਹੁਟੀ ਨੂੰ ਲਿਆ ਨਾਲ, ਗੱਡੇ ਅੱਗੇ ਜੋੜੀ ਬੈਲਾਂ ਦੀ ਜੋੜੀ ਤੇ ਜਾ
ਪਹੁੰਚੇ ਸਹੁਰੇ ਘਰ । ਸਸੁਰਾਲ ਵਾਲੇ ਵੇਖ ਕੇ ਬਹੁਤ ਖੁਸ਼ ਹੋਏ... ਪਰ ਨਾਲ ਹੈਰਾਨ ਪਰੇਸ਼ਾਨੀ ਵੀ ਕਿ
ਤੁਸੀਂ ਬਿਨਾ ਦੱਸੇ ਪੁੱਛੇ, ਬਿਨਾ ਸੁਨੇਹੇ ਦੇ, ਬਿਨਾ ਕਿਸੇ ਚਿੱਠੀ ਤਾਰ ਦੇ ਕਿਵੇਂ ਆ ਗਏ । ਸੁੱਖ
ਹੈ ?
'ਸੁੱਖ ਹੀ ਹੈ ! ਸਭ ਠੀਕ ਠਾਕ ਹੈ । ਤੁਹਾਡਾ ਜਵਾਈ ਕਹਿੰਦਾ ਸੀ, ਮੂੰਹ ਦਾ ਸੁਆਦ ਬਦਲ ਕੇ ਆਉਂਦੇ
ਹਾਂ । ਸਹੁਰੇ ਘਰੋਂ ਚੰਗਾ ਚੋਖਾ ਖਾਣ ਨੂੰ ਮਿਲੇਗਾ ।' ਕੱਛਾਂ ਵਿੱਚੋਂ ਫੁਦਕਦੀ ਹੱਸਦੀ ਵਹੁਟੀ ਨੇ
ਮਕਸਦ ਦੱਸ ਕੇ ਸਭਨਾ ਨੂੰ ਕੰਮੇ ਲਾ ਦਿੱਤਾ । ਪਰ੍ਹੋਣੇ ਦੀਆਂ ਲਾਰਾਂ ਵਗਣ ਲੱਗੀਆਂ । ਵੇਹੜੇ ਵਿੱਚ
ਫਿਰਦੇ ਮੁਰਗੇ ਉਸ ਗਿਣੇ, ਉਹ 6 ਸਨ । 'ਹੁਣੇ ਥੋੜ੍ਹੀ ਦੇਰ ਵਿੱਚ ਇਹ ਵਿਚਾਰੇ 5 ਰਹਿ ਜਾਣਗੇ ਤੇ
ਫੇਰ 4, ਥੋੜ੍ਹੀ ਦੇਰ ਮੇਰੇ ਅਖੀਰਲੇ ਦਿਨ ਤੱਕ ਵੇਹੜਾ ਖਾਲੀ ਹੋ ਜਾਵੇਗਾ ।' ਉਸ ਨੇ ਮਨ ਹੀ ਮਨ
ਵਿੱਚ ਹਿਸਾਬ ਕਿਤਾਬ ਲਗਾ ਕੇ ਆਪਣਾ ਲੰਬਾ ਟੂਰ ਉਲੀਕ ਲਿਆ । ਹੌਲੀ ਹੌਲੀ ਮੁਰਗੇ ਖੁੱਡਿਆਂ ਵਿੱਚ ਵੜ
ਗਏ । ਉਸ ਦਾ ਸਾਲਾ ਦਾਰੂ ਦੀ ਬੋਤਲ ਲੈ ਆਇਆ । ਉਪਰ ਉੱਠਾ ਕੇ ਹਿਲਾ ਕੇ ਕਹਿੰਦਾ, 'ਦੇਖ ਭਾਈਆਂ
ਕਿੰਨੀ ਸੰਘਣੀ ਦਾਰੂ ਹੈ, ਪਹਿਲੇ ਤੋੜ ਦੀ ਨਿੱਤਰੀ ਦਾਰੂ ਕੁੰਗੂ ਵਰਗੀ ।'
ਉਸ ਨੇ ਪੈੱਗ ਲਾਇਆ । 'ਉਹ ਵੀ ਲੈ ਆਉ... ਉਹ...।' ਪਹਿਲਾ ਨੀਟ ਹਾੜਾ ਚੁੱਕ ਗਿਲਾਸ ਖਾਲੀ ਕਰਦੇ ਉਸ
ਨੇ ਵੇਹੜੇ ਵੱਲ ਇਸ਼ਾਰਾ ਕੀਤਾ ।
'ਉਹ ਵੀ ਆ ਜਾਊ, ਪ੍ਰਾਉਣਿਆਂ ਸਬਰ ਕਰ ।' ਬੁੱਢੇ ਨੇ ਉਸ ਨੂੰ ਦਿਲਾਸਾ ਦਿੰਦੇ ਚੌਂਕੇ ਵੱਲ ਛਿਛਕਾਰਾ
ਮਾਰਿਆ ।
'ਉਏ ਛੇਤੀ ਕਰੋ ਭਾਈ ਭੁੱਖ ਲੱਗੀ ਹੈ ਮੇਰੇ ਜਵਾਤਰੇ ਨੂੰ ।' ਰਸੋਈ ਵਾਲੀਆਂ ਨੂੰ ਹੱਥਾਂ ਪੈਰਾਂ ਦੀ
ਪੈ ਗਈ । ਬੁੱਢੇ ਦਾ ਦਬਕਾ ਘਰ ਵਿੱਚ ਹਲਚਲ ਮਚਾ ਗਿਆ । ਇਕ ਹੋਰ ਛੰਨੇ ਵਿੱਚ ਸਬਜ਼ੀ ਆ ਗਈ । ਮੁੱਛਾਂ
ਨੂੰ ਤਾਅ ਦਿੱਤਾ । ਛੰਨੇ ਵਿੱਚ ਉਂਗਲ ਫੇਰੀ, ਸੰਖੀ ਕੋਈ ਨਹੀਂ ਲੱਭੀ । ਉਹ ਹੈਰਾਨ ਪਰੇਸ਼ਾਨ ਹੋ ਗਿਆ
। ਛੰਨਾਂ ਚੁੱਕ ਕੇ ਮੂੰਹ ਨੂੰ ਲਾਇਆ । ਮਸਰਾਂ ਦੀ ਦਾਲ ! ਹੈਤ ਤੇਰੇ ਦੀ, ਬਿਜਲੀ ਦੇ ਝਟਕੇ ਨਾਲ
ਦਾਲ ਥੱਲੇ ਟਿਕਾ ਦਿੱਤੀ । ਬੁੱਢੇ ਦੇ ਖੂੰਡੇ ਨੂੰ ਹੱਥ ਪਾਇਆ । ਬਾਪੂ ਫੜਾਈਂ ਜਰਾ ਮੈਨੂੰ, ਇਹਦੀ
ਸਾਰ ਲਵਾਂ ।
'ਕੀ ਹੋਇਆ ਪੁੱਤ ? ਸਵਾਦ ਨਹੀਂ ਲੱਗਾ ਲਾਜਮਾ ?'
'ਨਹੀਂ ਬਾਪੂ ਜੀ ! ਲਾਜਮਾ ਤਾਂ ਠੀਕ ਹੈ, ਬਿਲਕੁਲ ਉਹੀ । ਬਾਪੂ ਜੀ, ਮੈਂ ਇਹਦੀ ਸਾਰ ਲੈਣੀ ਆਂ, ਇਸ
ਕਮਜਾਤ ਦੀ, ਇਸ ਮਸਰਾਂ ਦੀ ਦਾਲ ਦੀ, ਜਿਸ ਸਾਰੀ ਉਮਰ ਮੇਰਾ ਪਿੱਛਾ ਨਹੀਂ ਛੱਡਿਆ । ਮੈਂ ਇਸ ਤੋਂ
ਬਚਣ ਲਈ ਬੈਲ ਗੱਡੀ ਜੋੜ ਕੇ ਏਨੀ ਵਾਟ ਵਾਹ ਕੇ ਏਨੀ ਦੂਰ ਆਇਆਂ ਤੇ ਮੈਥੋਂ ਪਹਿਲਾਂ ਹੀ ਮੇਰੇ ਅੱਗੇ
ਫੇਰ ਪਹੁੰਚ ਗਈ ਹੈ ਇਹ ।' ਵਿਹੜੇ ਵਿੱਚ ਹਾਸੇ ਦੀ ਛਣਕਾਰ ਫੁੱਟ ਪਈ ।
'ਓਏ ਲਿਆਓ ਵਈ ਸ਼ੇਰੋ ! ਫੜੋ ਕੁੱਕੜ ਤੇ ਭੁੰਨੋ ਪਰ੍ਹੋਣੇ ਵਾਸਤੇ । ਘਰ ਦੀ ਮੁਰਗੀ ਦਾਲ ਬਰਾਬਰ ।'
ਫਿਰ ਮਸਰਾਂ ਦੀ ਦਾਲ ਨੇ ਕੁੜ ਕੁੜ ਕਰਦੇ ਕੁਕੜੀਆਂ ਪਿੱਛੇ ਭੱਜੇ ਫਿਰਦੇ ਕੁੱਕੜ ਦੀ ਜਾਨ ਲੈ ਲਈ ।
ਸਾਰੀ ਧਰਤੀ ਅਸਮਾਨ ਆਪਣਾ ਸਮਝਣ ਵਾਲਾ ਕੁੱਕੜ ਪਤੀਲੇ ਵਿੱਚ ਗੜ੍ਹਕਣ ਲੱਗਾ ।
'ਚਿੰਤਾ ਨਾ ਕਰੋ ਡੈਡੀ, ਇੱਥੇ ਜਿੰਨੇ ਮਰਜ਼ੀ ਕੁੱਕੜ ਭੁੰਨੀ ਜਾਓ ਭੁੰਨਾਈ ਜਾਓ । ਇਹ ਤੁਹਾਡੇ ਸਾਰੇ
ਸੇਵਾਦਾਰ ਨੇ, ਜੋ ਕਹੋਗੇ ਕਰੀ ਜਾਣਗੇ । ਤੁਹਾਨੂੰ ਕੁੱਕੜ ਭੁੰਨ ਭੁੰਨ ਕੇ ਦੇਈ ਜਾਣਗੇ, ਨਾਲੇ
ਤੁਹਾਨੂੰ ਸਲਾਮਾਂ ਕਰਨਗੇ ।' ਬੱਬੂ ਤਾੜੀ ਮਾਰਦਾ ਹੱਸਦਾ ਹੈ ।
ਦੋ ਵਜੇ ਡਾਕਟਰ ਪੰਨੂ ਆਪਣੀ ਦੰਦਾਂ ਦੀ ਕਲਾਸ ਵਿੱਚ ਚਲਾ ਗਿਆ । ਇਹੀ ਕਲਾਸ ਉਸ ਦੇ ਜਹਾਜ਼ੀ ਦੌਰੇ ਦਾ
ਸਬੱਬ ਬਣੀ ਹੈ ਤੇ ਇਸ ਦੀ ਉਹ ਬਹੁਤ ਕਦਰ ਕਰਦਾ ਹੈ । ਬੱਬੂ ਕਹਿੰਦਾ, 'ਡੈਡੀ ਨਹਾਉਣ ਵਾਲਾ ਕੱਛਾ ਤੇ
ਕੱਪੜੇ ਲੈ ਜਾਓ ਤੇ ਜਾ ਕੇ ਉੱਪਰ ਗਰਮ ਤਲਾਬ ਵਿੱਚ ਬੈਠੋ, ਭਾਫ ਇਸ਼ਨਾਨ ਕਰੋ, ਸੁਇਨੇ ਦਾ ਫਾਇਦਾ
ਉਠਾਓ' ਪਰ ਮੇਰਾ ਮੂੜ ਨਹੀਂ ਬਣਿਆ । ਬੱਚੇ ਜੇਦੀਪ ਤੇ ਜੈਸਮੀਨ ਨੂੰ ਰਵਨੀਤ ਬੱਚਿਆਂ ਦੀ ਡੇ-ਕੇਅਰ
ਕਲਾਸ ਵਿੱਚ ਛੱਡ ਆਈ ਕਿਉਂਕਿ ਅਸੀਂ ਅੱਜ ਉੱਪਰਲੇ ਡੈੱਕ ਤੇ ਜਾ ਕੇ ਖੁੱਲ੍ਹੇ ਸਮੁੰਦਰ ਦਾ ਆਨੰਦ
ਮਾਨਣਾ ਚਾਹੁੰਦੇ ਸੀ ਜਿੱਥੇ ਜਾਣਾ ਬੱਚਿਆਂ ਵਾਸਤੇ ਵਿਵਰਜਿਤ ਹੈ । ਗੋਲੀ ਵਾਂਗ ਤੇਜ਼ ਠੰਢੀ ਸੀਤ
ਚੱਲਦੀ ਹਵਾ ਵਿੱਚ ਮੈਂ ਸੱਤਵੀਂ ਮੰਜ਼ਿਲ ਤੇ ਟਹਿਲਣ ਲੱਗ ਪਿਆ, ਪਰ ਤੇਜ਼ ਬਰਫ਼ਾਨੀ ਹਵਾ ਦਾ ਭੰਨਿਆਂ
ਠਰੂੰ-ਠਰੂੰ ਕਰਦਾ ਝਬਦੇ ਥੱਲੇ ਮੁੜ ਆਇਆ ।
ਡੈੱਕ ਨੰਬਰ 5 ਤੇ ਖਾਣੇ ਦਾ ਵੱਡਾ ਖੁੱਲ੍ਹਾ ਹਾਲ, ਸਜੇ ਹੋਏ ਮੇਜ਼, ਕੁਰਸੀਆਂ, ਨੀਲੀਆਂ ਲਾਲ ਵਰਦੀਆਂ
ਵਿੱਚ ਸਜੇ ਕਾਮੇ, ਬਾਹਰ ਸ਼ੀਸ਼ਿਆਂ ਵਿਚ ਦੀ ਦਿਸਦੇ ਸਮੁੰਦਰੀ ਦ੍ਰਿਸ਼ ਬੜਾ ਹੀ ਵਧੀਆ ਅਣਮੋਲ ਨਜ਼ਾਰਾ
ਪੇਸ਼ ਕਰਦੀਆਂ ਹਨ । ਸੂਰਜ ਵੱਲ ਨੂੰ ਜਹਾਜ਼ ਦੌੜ ਰਿਹਾ ਸੀ ਤੇ ਸੂਰਜ ਜਹਾਜ਼ ਦੇ ਅੱਗੇ ਅੱਗੇ ਵਾਹੋ-ਦਾਹੀ
ਸਮੁੰਦਰ ਵਿੱਚ ਸਮਾਉਣ ਲਈ ਚਾਰਾਜੋਈ ਕਰ ਰਿਹਾ ਸੀ, ਤੇ ਅਖੀਰ ਸੂਰਜ ਤੇਜ਼ ਦੌੜਦੇ ਦੌੜਦੇ ਅਲੋਪ ਹੋ
ਗਿਆ । ਚਾਰ ਚੁਫੇਰੇ ਡੂੰਘਾ ਘੁੱਪ ਅੰਧੇਰਾ ਵਿੱਸ ਗਿਆ । ਬੱਸ ਬਾਹਰ ਆਵਾਜ਼ ਸੀ ਸਮੁੰਦਰ ਦੀਆਂ ਲਹਿਰਾਂ
ਦੀ, ਜਾਂ ਹਨੇਰੇ ਦੇ ਪਹਿਰੇ ਦੀ । ਵੇਖਦੇ ਵੇਖਦੇ ਬਾਹਰ ਦੇ ਅੰਧੇਰੇ ਦਾ ਫਾਇਦਾ ਉਠਾ ਕੇ ਅੰਦਰਲੀਆਂ
ਬੱਤੀਆਂ ਦਾ ਪ੍ਰਤੀਬਿੰਬ ਬਾਹਰ ਜਾ ਡਿੱਗਾ । ਸਜਾਏ ਹੋਏ ਮੇਜ਼, ਕੁਰਸੀਆਂ, ਸਾਰਾ ਖਾਣੇ ਵਾਲਾ ਹਾਲ
ਇੱਕ ਅੰਦਰ ਤੇ ਇੱਕ ਬਾਹਰ, ਨਾਲ ਨਾਲ ਚੱਲਦੇ ਬੜਾ ਦਿਲਚਸਪ ਰੋਮਾਂਟਿਕ ਨਜ਼ਾਰਾ ਪੇਸ਼ ਕਰ ਰਹੇ ਸਨ ।
ਕਮਰੇ ਵਿੱਚ ਵਾਪਿਸ ਆਏ । ਟੀ.ਵੀ. ਤੇ ਹਜ਼ਾਰਾਂ ਪੈਂਗੂਇਨ, ਝੁੰਡਾਂ ਦੇ ਝੁੰਡ ਇਕ ਪਾਸੇ ਮੂੰਹ ਚੁੱਕੀ
ਰਮਤੇ ਹੋਏ ਫਿਰਦੇ ਹਨ । ਸਮੁੰਦਰੀ ਸ਼ੇਰ ਅਠਖੇਲੀਆਂ ਕਰ ਰਹੇ ਹਨ । ਡਾਲਫਿਨ ਟਪੂਸੀਆਂ ਮਾਰ ਰਹੀ ਹੈ,
ਗਲੇਸ਼ੀਅਰ ਬਾਰੇ ਜਾਣਕਾਰੀ ਭਰਪੂਰ ਚਰਚਾ ਚੱਲ ਰਹੀ ਹੈ । ਮੈਂ ਕੁਝ ਦੇਰ ਉਧਰ ਖੁੱਭਿਆ ਰਿਹਾ । 'ਕੀ
ਵੇਖਣਾ ਇਨ੍ਹਾਂ ਦਾ ਡੈਡੀ ! ਕੱਲ੍ਹ ਤੁਹਾਨੂੰ ਸਹੀ ਮਾਅਨੇ ਵਿੱਚ ਇਨ੍ਹਾਂ ਸਾਰਿਆਂ ਨੂੰ ਮਿਲਾਵਾਂਗੇ
ਤੇ ਗਲੇਸ਼ੀਅਰ ਦੀ ਹਿੱਕ ਤੇ ਕੁੱਤਾ-ਗੱਡੀ ਤੁਰਾ ਕੇ ਆਪ ਚਲਾ ਕੇ ਦਿਖਾਵਾਂਗੇ । ਤੁਸੀਂ ਆਪ ਇਨ੍ਹਾਂ
ਦੀ ਵਾਗ ਫੜ੍ਹ ਕੇ ਕੁੱਤਾ ਬੱਘੀ ਹਿੱਕੋਗੇ । ਸਮੁੰਦਰੀ ਸ਼ੇਰ ਤੁਹਾਡੇ ਪੈਰਾਂ ਤੇ ਡਿੱਗ ਕੇ ਤੁਹਾਡਾ
ਸਵਾਗਤ ਕਰਨਗੇ ।' ਦਲਵੀਰ ਹੱਸ ਰਿਹਾ ਸੀ ।
ਸਫਾਈ ਕਰਨ ਆਏ ਕਰਮਚਾਰੀ ਸਾਰਾ ਕਮਰਾ ਸਜਾ ਗਏ ਨੇ । ਤੌਲੀਏ ਚਾਦਰਾਂ, ਸਰ੍ਹਾਣੇ ਦੋਬਾਰਾ ਬਦਲ ਗਏ ਨੇ
। ਇੱਕ ਬਿਸਤਰੇ ਤੇ ਸਿਰਹਾਣੇ ਦਾ ਹਾਥੀ ਵਰਗਾ ਕਾਰਟੂਨ ਬਣਾ ਕੇ ਰੱਖ ਗਏ ਨੇ ਦੂਸਰੇ ਬੈੱਡ ਤੇ ਇੱਕ
ਸਿਰਹਾਣੇ ਦਾ ਹੀ ਗੁੱਡੀ-ਖਿਡਾਉਣਾ ਬਣਾ ਗਏ ਨੇ । ਇਹ ਦੋਵੇਂ ਕਮਰੇ 'ਚ ਵੜਨ ਤੇ ਜਿਵੇਂ ਹੱਥ ਜੋੜਦੇ
ਇਸਤਕਬਾਲ ਕਰਦੇ ਹਨ । ਇਕ ਪਲੇਟ ਵਿੱਚ ਗੁੱਡ-ਵਿਸ਼ਿਸ਼ ਤੇ ਨਾਲ ਕੇਲੇ, ਸੰਤਰੇ, ਸੇਬ, ਅਮਰੂਦ, ਨਾਸ਼ਪਾਤੀ
ਆਦਿ ਦੀ ਸਜੀ ਵਰਕ ਲਗਾਈ ਟੋਕਰੀ ਟਿਕਾ ਗਏ ਹਨ । ਇਹੋ ਜਿਹੀ ਬਣਾਈ ਸਜਾਈ ਟੋਕਰੀ ਇਸ ਤੋਂ ਪਹਿਲਾਂ
ਮੈਂ ਪੰਜਾਬ ਵਿੱਚ ਲੜਕੀਆਂ ਦੀ ਕੁੜਮਾਈ ਵਿਆਹ ਦੇ ਸ਼ਗਨ ਸਮੇਂ ਵੇਖਦਾ ਹੁੰਦਾ ਸੀ । ਕਮਰੇ ਵਿੱਚ
ਖੁਸ਼ਬੂਦਾਰ ਸੈਂਟ ਛਿੜਕਾ ਗਏ ਹਨ । ਦਲਵੀਰ ਨੇ ਫਰਿੱਜ ਵਿੱਚ ਪਈਆਂ ਪਾਣੀ ਦੀਆਂ ਬੋਤਲਾਂ ਖੋਲ੍ਹ
ਦਿੱਤੀਆਂ ਹਨ । ਪਹਿਲਾਂ ਪਿਆ ਸਮਾਨ, ਬੋਤਲਾਂ, ਪੈਪਸੀ ਦੇ ਕੇਨ, ਬੀਅਰ ਬੱਬੂ ਪਹਿਲਾਂ ਹੀ ਜਾਣ ਕੇ
ਖੋਲ੍ਹ ਗਿਆ ਸੀ ।
'ਇਹ ਵੀ ਖੋਲ੍ਹਣੇ ਚਾਹੀਦੇ ਨੇ, ਵਰਤਣੇ ਚਾਹੀਦੇ ਹਨ । ਵੇਖੋ ਬੀਅਰ, ਵਿਸਕੀ, ਵੋਧਕਾ, ਤੁਹਾਡੇ ਘਰ
ਚੱਲ ਕੇ ਆਏ ਨੇ, ਤੇ ਤੁਸੀਂ ਇਨ੍ਹਾਂ ਦਾ ਨਿਰਾਦਰ ਕਰੋਗੇ ?' ਉਹ ਮੈਨੂੰ ਮੁਖ਼ਾਤਬ ਸੀ ।
'ਬਿਨ੍ਹਾਂ ਲੋੜ ਤੋਂ ? ਜਦ ਬਾਹਰ ਏਨਾ ਸਮਾਨ ਹੈ ਕਿ ਬੰਦਾ ਸਾਰੀ ਉਮਰ ਖਾਈ ਜਾਵੇ ਮੁੱਕਦਾ ਨਹੀਂ ।'
'ਉਹ ਤਾਂ ਮੁਫ਼ਤ ਦੇ ਪਹਿਲੇ ਅਗਾਊਂ ਦਿੱਤੇ ਪੈਸਿਆਂ ਦਾ ਭੁਗਤਾਨ ਹੈ ਡੈਡੀ, ਤੇ ਹੋਰ ਵੀ ਖ਼ਰਚਣੇ
ਚਾਹੀਦੇ ਹਨ ਜੇਬ ਵਿੱਚੋਂ । ਇਹ ਸਫ਼ਰ ਖ਼ਰਚਣ ਵਾਸਤੇ ਹੈ, ਸੰਕੋਚ ਸਰਫੇ ਵਾਸਤੇ ਨਹੀਂ ।'
'ਇਕ ਪਾਣੀ ਦੀ ਬੋਤਲ ਦੋ ਡਾਲਰ ਤੇ ਕੋਕ ਦੀ ਇੱਕ ਡਾਲਰ ਦੀ ਹੈ ।'
ਉਸ ਦੀ ਮਾਤਾ ਕੀਮਤਾਂ ਦੀ ਲਿਸਟ ਪੜ੍ਹ ਕੇ ਹੈਰਾਨ ਹੁੰਦੀ ਭਵਾਂ ਅੱਡ ਲੈਂਦੀ ਹੈ ।
'ਹਾਏ ਪਾਣੀ ਵਿੱਚ ਰਹਿ ਕੇ ਵੀ ਪਾਣੀ ਏਨਾ ਮਹਿੰਗਾ ਹੈ । ਇਹ ਵੀ ਜ਼ਮਾਨਾ ਦੇਖਣਾ ਸੀ ਕਿ ਪਾਣੀ ਮਹਿੰਗਾ
ਤੇ ਕੋਕ ਸਸਤਾ ।' ਮਾਂ ਪੁੱਤਰ ਫੇਰ ਹੱਥ ਤੇ ਹੱਥ ਮਾਰਦੇ ਹੱਸਦੇ ਹਨ ।
ਬੱਬੂ ਤੇ ਰਵਨੀਤ ਜਿੰਮ ਵੱਲ ਜਾਣ ਲਈ ਤਿਆਰ ਖੜ੍ਹੇ ਨੇ ।
'ਏਨਾ ਖਾ ਕੇ ਕਸਰਤ ਨਾ ਕੀਤੀ ਤਾਂ ਲੂੰਬੜ ਮੋਟੇ ਬਣ ਕੇ ਜਾਵਾਂਗੇ ਵਾਪਿਸ ਫਿਰ ਕਿਸੇ ਨੇ ਪਹਿਚਾਨਣਾ
ਵੀ ਨਹੀਂ ।'
ਬੱਦਲਵਾਈ ਵਾਲੀ ਦੁਪਹਿਰ ਨੇ ਠੰਡ ਤੇ ਹੁਸੀਨ ਮੌਸਮ ਨੂੰ ਹੋਰ ਠੰਢਾ ਕਰ ਦਿੱਤਾ । ਦਿਨੇ ਬਾਰਾਂ ਕੁ
ਵਜੇ ਸੂਰਜ ਨੇ ਥੋੜ੍ਹੀ ਜਿਹੀ ਦਿਖਾਈ ਦੇ ਕੇ ਸਮੁੰਦਰ ਤੇ ਸੁਨਹਿਰੀ ਕਿਰਨਾਂ ਦੀ ਲਿਸ਼ਕੋਰ ਪਾ ਕੇ
ਬੱਦਲਾਂ ਦੇ ਓਹਲੇ ਓਝਲ ਹੋ ਗਿਆ । ਹੁਣ 5 ਵਜੇ ਤੱਕ ਦੂਰ ਚਾਰ ਚੁਫੇਰੇ ਹਰਾ ਨੀਲਾ ਪਾਣੀ ਤੇ ਅਸਮਾਨ
। ਪਤਾ ਨਹੀਂ ਲੱਗਦਾ ਅਸਮਾਨ ਕਿੱਥੋਂ ਸ਼ੁਰੂ ਹੁੰਦਾ ਹੈ ਤੇ ਸਮੁੰਦਰ ਕਿੱਥੇ ਖ਼ਤਮ ਹੁੰਦਾ ਹੈ । ਸਭ
ਕੁਝ ਅਭੇਦ ਹੋ ਗਿਆ । ਨੀਲਾ ਹਰਾ ਸਮੁੰਦਰ ਤੇ ਚਿੱਟਾ ਕਾਲਾ ਆਸਮਾਨ ਇਕ ਦੂਸਰੇ ਵਿੱਚ ਸਮਾਉਣ ਲਈ
ਤਤਪਰ ਲੱਗਦੇ ਹਨ । ਬੱਬੂ ਦੇ ਕਮਰੇ 'ਚੋਂ ਫੋਨ ਆਇਆ ਖਾਣਾ ਤਿਆਰ ਹੈ ਚਲੋ, ਮੈਂ ਹਾਂ ਕਰ ਦਿੰਦਾ ਹਾਂ
। ਪਰ ਸਵੇਰ ਦਾ ਖਾਧਾ ਪੀਤਾ ਤਾਂ ਅਜੇ ਵੀ ਉੱਪਰ-ਉੱਪਰ ਫਿਰਦਾ ਹੈ ।
ਮੈਂ ਰੁਕ ਜਾਂਦਾ ਹਾਂ । ਕਿਨਾਰਾ ਬਹੁਤ ਦੂਰ ਚਲੇ ਗਿਆ ਲੱਗਦਾ ਹੈ, ਸਮੁੰਦਰ ਦੇਵਤਾ ਦੇ ਰਹਿਮ ਕਰਮ
ਤੇ ਹੀ ਇਕ ਹਫਤਾ ਨਿਕਲਣਾ ਹੈ । ਰੱਬ ਖੈਰ ਕਰੇ । ਗੋਬਿੰਦਗੜ੍ਹ ਦੀਆਂ ਭੱਠੀਆਂ ਵਾਂਗ ਇਥੋਂ ਵੀ ਕੁਝ
ਨਹੀਂ ਮਿਲਣਾ । ਮੈਨੂੰ ਕਿਸੇ ਕਾਰਖ਼ਾਨੇ ਦੇ ਮਾਲਕ ਨੇ ਦੱਸਿਆ ਕਿ ਕਿਵੇਂ ਕੋਈ ਸਰਕਾਰੀ ਅਧਿਕਾਰੀ ਉਸ
ਨੂੰ ਪੈਸੇ ਲੈਣ ਦੇ ਬਹਾਨੇ ਕਈ ਊਣਤਾਈਆਂ ਤੇ ਕੁਤਾਹੀਆਂ ਜਤਾ ਕੇ ਉਸ ਨੂੰ ਤੰਗ ਪਰੇਸ਼ਾਨ ਬਲੈਕਮੇਲ
ਕਰਦਾ ਸੀ । ਉਸਨੂੰ ਸਬਕ ਸਿਖਾਉਣ ਲਈ ਉਨ੍ਹਾਂ ਉਸ ਨੂੰ ਆਪਣੇ ਦਫ਼ਤਰ ਬੁਲਾ ਕੇ ਖੂਬ ਸੇਵਾ ਕੀਤੀ ।
ਮੀਟ, ਵਿਸਕੀ, ਮੁਰਗਾ ਤੇ ਹੋਰ ਵੀ ਔਰਤਾਂ ਦਾ ਉਹ ਬੜਾ ਸ਼ੌਕੀਨ ਸੀ । ਉਸ ਦੀ ਉਹ ਚਾਹਤ ਵੀ ਪੂਰੀ ਕੀਤੀ
ਤੇ ਕਿਹਾ ਆਓ ਚਾਵਲਾ ਸਾਹਿਬ ਨਹਾ ਲਓ ਗਰਮ ਪਾਣੀ ਵਿੱਚ । ਉਸ ਨੂੰ ਗਰਮ ਪਾਣੀ ਵਿੱਚ ਚੁੱਭੀ ਲਵਾਈ,
ਪਵਿੱਤਰ ਕੀਤਾ ਤੇ ਫੇਰ ਭੱਠੀ ਦੇ ਵਿੱਚ ਧੜੰਮ, ਤੁੜ ਤੁੜ ਹੋਈ ਕੁਝ ਸਕਿੰਟ ਤੇ ਸਾਰਾ ਮਾਮਲਾ ਖਤਮ ।
ਕਈ ਇਨਕੁਆਰੀਆਂ ਹੁੰਦੀਆਂ ਰਹੀਆਂ ਪਰ ਉਹ ਲਾਪਤਾ ਹੋ ਗਿਆ । ਮੈਂ ਹੂੰ ਹਾਂ ਕਰਦਾ ਸੁਣਦਾ ਰਿਹਾ ।
ਮੈਨੂੰ ਪਤਾ ਸੀ ਕਿ ਇਹ ਕਹਾਣੀ ਤਾਂ ਮੈਨੂੰ ਉਸ ਨੇ ਸੁਣਾ ਕੇ ਦੱਸੀ ਹੈ ਕਿ ਜੇ ਮੈਂ ਵੀ ਅਜਿਹਾ ਕੰਮ
ਕਰਾਂ ਤਾਂ ਮੇਰਾ ਵੀ ਇਹ ਹੀ ਹਸ਼ਰ ਹੋਵੇਗਾ । ਅੱਜ ਇਹ ਸਮੁੰਦਰ ਤਾਂ ਉਸ ਤੋਂ ਵੀ ਭਿਆਨਕ ਮੂੰਹ ਅੱਡੀ
ਖੜ੍ਹਾ ਹੈ । ਜਹਾਜ਼ ਦੇ ਪਾਸੇ ਲਟਕਦੀਆਂ ਬੇੜੀਆਂ ਮਨ ਨੂੰ ਰਾਹਤ ਦਿੰਦੀਆਂ ਹਨ । 'ਕੋਈ ਨਹੀਂ ਜਹਾਜ਼
ਨਹੀਂ ਡੁੱਬਦਾ । ਜੇ ਡੁੱਬ ਵੀ ਗਿਆ ਤਾਂ ਤੁਸੀਂ ਨਹੀਂ ਡੁੱਬਦੇ, ਇਹ 16 ਬੇੜੀਆਂ ਜੋ ਨਾਲ ਬੱਝੀਆਂ
ਹਨ । ਅਜਿਹੇ ਸਮੇਂ ਆਪੇ ਖੁੱਲ੍ਹ ਜਾਣੀਆਂ ਨੇ ਤੇ ਲਾਈਫ਼ ਬੋਟ/ਜੈਕਟ ਵਾਲੇ ਤੁਹਾਨੂੰ ਇਹਨਾਂ ਤੇ ਚੜ੍ਹਾ
ਕੇ ਬਚਾ ਲੈਣਗੇ ।' ਮੇਰਾ ਡੁੱਬਦਾ ਤਰਦਾ ਮਨ ਫਿਰ ਸ਼ੇਰ ਹੋ ਜਾਂਦਾ ਹੈ ।
ਮੈਨੂੰ ਗੁਰਦਿਆਲ ਜਵੰਦਾ ਮੇਰੇ ਦੋਸਤ ਜਮਾਤੀ ਦੀ ਵੀ ਯਾਦ ਆਉਂਦੀ ਹੈ । ਪ੍ਰੋਫੈਸਰ ਨੇ ਕੋਈ ਅਜੇਹੀ
ਉਦਾਹਰਨ ਬਿਆਨ ਕਰਦਿਆਂ ਉਸ ਨੂੰ ਸੁਆਲ ਕੀਤਾ ।
'ਜਵੰਦਾ ਸਾਹਿਬ ! ਤੁਸੀਂ ਆਪਣੀ ਪ੍ਰੇਮਿਕਾ ਨਾਲ ਘਰੋਂ ਦੌੜ ਕੇ ਜੰਗਲ ਵਿੱਚ ਜਾ ਰਹੇ ਹੋ । ਮਿੱਠੀਆਂ
ਮਿੱਠੀਆਂ ਗੱਲਾਂ ਕਰ ਰਹੇ ਹੋ ।'
'ਇਹ ਝੂਠ ਹੋਵੇਗਾ ਸਰ ! ਪਹਿਲਾਂ ਤਾਂ ਮੇਰੀ ਕੋਈ ਪ੍ਰੇਮਿਕਾ ਹੈ ਹੀ ਨਹੀਂ, ਬਾਕੀ ਘਰੋਂ ਕਾਹਨੂੰ
ਭੱਜਣਾ ਹੋਇਆ । ਇਹ ਤਾਂ ਪਾਪ ਹੈ, ਬਦਨਾਮੀ ਵਾਲਾ ਕੰਮ ਮੈਂ ਕਦੇ ਨਹੀਂ ਕਰਦਾ ।' ਉਹ ਚਕਾਚੂੰਦ ਹੋ
ਕੇ ਬੜੀ ਸੁਚੇਤਤਾ ਨਾਲ ਮਨ ਨੂੰ ਲਾ ਬੈਠਾ ।
'ਇਹ ਤਾਂ ਮੈਨੂੰ ਪਤੈ ਬੇਟਾ ! ਤੂੰ ਬੜਾ ਸੱਚ-ਪੁੱਤਰ ਹੈ ਪਰ ਮੈਂ ਤਾਂ ਇਹ ਝੂਠੀ-ਮੂਠੀ ਮਿੱਥ ਕੇ ਹੀ
ਕਹਿ ਰਿਹਾਂ ।'
ਹੱਸਦੀ ਸਾਰੀ ਕਲਾਸ ਵਿੱਚ ਉਹ ਗੰਭੀਰ ਹੋ ਗਿਆ ।
'ਫਰਜ਼ ਕੀਤਾ, ਜੇ ਉਸ ਭਿਆਨਕ ਡਰਾਉਣੇ ਜੰਗਲ ਵਿੱਚ ਲੰਘਦੇ ਹੋਏ ਰਸਤੇ ਵਿੱਚ ਤੁਹਾਡੇ ਅੱਗੇ ਸ਼ੇਰ ਆ
ਜਾਏ ਤਾਂ ਤੂੰ ਕੀ ਕਰੇਗਾ ?'
'ਜੀ, ਜੀ ... ਸ਼ੇਰ ਜੀ ?'
'ਹਾਂ. . . ਹਾਂ ਸ਼ੇਰ !'
'ਸਰ ! ਫਿਰ ਮੈਂ ਕੀ ਕਰਨਾ ? ਮਿੱਠੀਆਂ ਗੱਲਾਂ ਬੰਦ ਤੇ ਸ਼ੇਰ ਸਾਹਿਬ ਦੀ ਕਾਰਵਾਈ ਸ਼ੁਰੂ ... ਫੇਰ
ਤਾਂ ਉਹੀ ਕਰੂ ਜੋ ਕਰਨਾ ਹੋਇਆ ।'
ਸਾਰੀ ਕਲਾਸ ਖਿੜਖਿੜਾ ਕੇ ਹੱਸ ਪਈ ਸੀ । ਉਸ ਦੀ ਕਹਾਣੀ ਯਾਦ ਕਰਨ ਤੇ ਮੇਰੇ ਸਾਥੀ ਵੀ ਹੱਸਦੇ ਹਨ ।
ਭਾਵੇਂ ਇਹਦੇ ਨਾਲ ਸਮੁੰਦਰ ਦੀ ਕੋਈ ਸਾਂਝ ਨਹੀਂ ਹੈ ਏਨਾ ਜਰੂਰ ਕਿ ਹੁਣ ਡੋਰੀ ਹਾਥ ਤੁਮਾਰੇ ! ਜਹਾਜ਼
ਦੇ ਕਪਤਾਨ ਦੇ ਹੱਥ, ਕੁਦਰਤ ਦੇ ਹੱਥ ਜਾਂ ਉੱਪਰ ਵਾਲੇ ਦੇ ਹੱਥ, ਸ਼ੇਰ ਤੋਂ ਭਿਆਨਕ ਖੁੱਲ੍ਹਾ ਭਵਸਾਗਰ
ਦਾ ਜਬਾੜ੍ਹਾ ਹੋਰ ਜਿਆਦਾ ਚੌੜਾ ਮੋਕਲਾ ਅੱਗੇ ਖੜ੍ਹਾ ਹੈ ।
ਅੱਜ ਦਾ ਸਾਰਾ ਦਿਨ ਸਰਗਰਮੀਆਂ ਤੇ ਗਤੀ-ਵਿਧੀਆਂ ਭਰਪੂਰ ਰਿਹਾ । ਕਵੀਨ ਲਾਂਜ਼ ਵਿੱਚ ਫਿਲੀਪੈਨੀ
ਸਿਨੇਮਾ ਸ਼ੋਅ ਸੀ । ਸਵੇਰੇ ਗਿਆਰਾਂ ਵਜੇ ਫਿਲੀਪੈਨੀ ਸਭਿਆਚਾਰ ਦੀ ਤਰਜਮਾਨੀ ਕਰਦਾ ਵਿਖਾਵਾ,
ਰੰਗ-ਬਰੰਗੀਆਂ ਪੋਸ਼ਾਕਾਂ ਵਿੱਚ ਸੱਜੀਆਂ ਮੁਟਿਆਰਾਂ ਤੇ ਨੌਜਵਾਨਾਂ ਨੇ ਜ਼ਬਾਨ ਭਾਸ਼ਾ ਆਦਿ ਸਮਝ ਨਾ ਆਉਣ
ਦੇ ਬਾਵਜੂਦ ਵੀ ਦਰਸ਼ਕਾਂ ਦਾ ਮਨ ਮੋਹ ਲਿਆ । ਹਾਂ ਨੂੰ ਉਹ 'ਊ' ਕਹਿੰਦੇ, ਨਾ ਨੂੰ 'ਹਿੰਦੂ',
ਧੰਨਵਾਦ ਨੂੰ 'ਸਲਾਮਤ ਭੋ', ਆਓ ਜੀ ਸਦਕੇ ਨੂੰ 'ਵਾਲੰਗ ਅਨੁਮਾਨ', ਜੀ ਆਇਆਂ ਨੂੰ 'ਮਾਬਰੂ'
ਫਿਲਪਾਈਨ ਦਾ ਕੌਮੀ ਗੀਤ 'ਲਾ ਜੋਤਾ ਮੋਨਿਕਾ ਦੇਣਾ....।' ਡਾਂਸ ਨਾਲ ਗਾ ਕੇ ਦਰਸ਼ਕਾਂ ਦੀਆਂ ਤਾੜੀਆਂ
ਵਜਵਾਈਆਂ ਤੇ ਫਿਰ ਪਿਆਰ ਭਰੇ ਗੀਤ, ਸਭਿਆਚਾਰਕ ਗੀਤ, ਬਾਬੂ-ਡਾਂਸ ਨਾਲ ਮਦਹੋਸ਼ ਹੋਏ ਕੁਝ ਨਚਾਰ ਦਰਸ਼ਕਾਂ
ਵਿੱਚੋਂ ਉੱਠ ਕੇ ਉਨ੍ਹਾਂ ਨਾਲ ਸ਼ਾਮਲ ਹੋ ਗਏ, ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ
ਮੂੰਹ...।
ਸਿਨੇਮਾ ਘਰ ਵਿੱਚ ਜਹਾਜ਼ ਦੀਆਂ ਪੁਰਾਣੀਆਂ ਯਾਦਗਾਰਾਂ ਪ੍ਰਾਪਤੀਆਂ ਦੀ ਨੁਮਾਇਸ਼, ਡਾਂਸ ਅਤੇ ਗਾਣੇ
ਵਜਾਉਣੇ ਦਾ ਸ਼ੋਅ ਸੀ । ਨਾਲੇ ਸ਼ੈਪੇਨ ਵਾਲਿਆਂ ਨੇ ਆਪਣੀ ਮਸ਼ਹੂਰੀ ਲਈ ਸਭ ਤੋਂ ਪਹਿਲੇ ਅੰਦਰ ਜਾਣ ਵਾਲੇ
ਇੱਕ ਸੌ ਮਹਿਮਾਨਾਂ ਨੂੰ ਮੁਫ਼ਤ ਦੀ ਸ਼ੈਂਪੇਨ ਪਿਲਾਉਣੀ ਸੀ । ਪਹਿਲੇ ਦਾਖਲ ਹੋਇਆਂ ਦੇ ਹੱਥ ਗਿਲਾਸ
ਫੜ੍ਹਾ ਦਿੱਤੇ ਗਏ ਸਨ । ਸਾਡੇ ਜਾਣ ਤੋਂ ਪਹਿਲਾਂ ਇਹ ਗਿਣਤੀ ਪੂਰੀ ਹੋ ਗਈ । ਲੋਕਾਂ ਦੇ ਹੱਥਾਂ
ਵਿੱਚ ਲੰਬੇ ਲੰਬੇ ਸੁੰਦਰ ਜਾਮ ਵੇਖ ਕੇ ਮੈਨੂੰ ਆਪਣੇ ਆਪ ਨਾਲ ਚਿੜ ਜਿਹੀ ਹੋਈ ।
ਜੇ ਆਉਣਾ ਹੀ ਸੀ ਤਾਂ ਦਸ ਮਿੰਟ ਪਹਿਲਾਂ ਲਾਈਨ ਵਿੱਚ ਆ ਲਗਦੇ ਪਰ ਨਿਆਣਾ ਸਾਥ, ਨਾਲੇ ਮੇਰੇ ਜਿਹੇ
ਦੀ ਆਕੜ ਕਿ ਮੈਂ ਨਹੀਂ ਪੀਂਦਾ ਅਜੇਹੀ ਮੁਫ਼ਤ ਦੀ ਦਾਰੂ । ਫਿਰ ਪਛਤਾਏ ਕੀ ਹੋਵੇ ਜਦ ਚਿੜੀਆਂ ਚੁਗ ਗਈ
ਖੇਤ । ਸਟੇਜ ਤੇ ਪਹਿਲਾਂ ਮੰਚ ਸੰਚਾਲਕ ਨੇ ਇਕ ਮਸਤਾਨਾ ਜਿਹਾ ਸ਼ਾਇਰ ਬੁਲਾਇਆ ਜਿਸ ਨੇ ਮੂੰਹ ਤੋਂ
ਜ਼ਬਾਨ ਨਾਲ ਸੀਟੀ-ਸਾਇਰਨ ਵਜਾ ਕੇ ਸ਼ੋ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ । ਮੋਟੀਆਂ ਵੱਡੀਆਂ ਬੋਤਲਾਂ
ਹੱਥ 'ਚ ਲਈ 10 ਵਰਤਾਵੇ ਇਕ ਪਾਸਿਓਂ, 10 ਦੂਜੇ ਪਾਸਿਓਂ ਜੋ ਪਹਿਲਾਂ ਤਿਆਰ ਖੜ੍ਹੇ ਸਨ, ਝਟਪਟ ਸੀਟਾਂ
ਅੰਦਰ ਵਧੇ ।
ਇਕ ਮੋਟੀ ਵੱਡੀ ਬੋਤਲ ਇੱਕ ਪਟਾਕੇ ਨਾਲ ਸਟੇਜ ਤੇ ਖੁੱਲ੍ਹੀ । ਤਾੜੀਆਂ ਦੀ ਆਵਾਜ਼ ਨਾਲ ਵਰਤਾਵਿਆਂ ਨੇ
ਵਰਤਾਉਣੀ ਸ਼ੁਰੂ ਕਰ ਦਿੱਤੀ । ਮੈਂ ਭਾਵੇਂ ਪੀਣ ਦਾ ਸ਼ੌਕੀਨ ਨਹੀਂ, ਨਾ ਹੀ ਮੇਰੀ ਪੀਣ ਦੀ ਤਮੰਨਾ ਸੀ
ਪਰ ਲੋਕਾਂ ਨੂੰ ਮੁਫ਼ਤ ਪੀਂਦੇ ਵੇਖ ਕੇ ਮੈਨੂੰ ਆਪਣੇ ਆਪ ਤੇ ਖਿਝ ਜਿਹੀ ਵੀ ਆ ਗਈ । ਮੁਫ਼ਤ ਦੀ ਸ਼ਰਾਬ
ਤਾਂ ਕਾਜ਼ੀ ਵੀ ਨਹੀਂ ਛੱਡਦੇ ਤੇ ਮੈਂ ਐਵੇਂ ਕਿਉਂ ਨਾਂਹ ਕਰ ਬੈਠਾ । ਪਹਿਲੇ ਪੈੱਗ ਖਤਮ ਕਰ ਕੇ
ਗਿਲਾਸਾਂ ਵਾਲੇ ਪਿਆਕਲ ਉੱਠ ਕੇ ਸਰਵਿਸ ਵਿੰਡੋ ਵੱਲ ਜਾ ਰਹੇ ਸਨ ।
ਗਿਲਾਸਾਂ ਤੋਂ ਬਗੈਰ ਵਾਲਿਆਂ ਨੂੰ ਵੀ ਵਰਤਣੀ ਸ਼ੁਰੂ ਹੋ ਗਈ ਸੀ । ਬੱਬੂ ਵੀ ਮੈਨੂੰ ਇਸ਼ਾਰਾ ਕਰ ਰਿਹਾ
ਸੀ ਕਿ ਮੈਂ ਵੀ ਜਾਵਾਂ ਪਰ ਮੈਂ ਹਿੱਕ ਤੇ ਪੱਥਰ ਧਰ ਕੇ ਬੈਠਾ ਰਿਹਾ । ਸਾਰੇ ਲੋਕ ਚੁਸਕੀਆਂ ਭਰਦੇ
ਗਿਲਾਸ ਟਕਰਾਉਂਦੇ ਚੀਅਰਸ ਕਰਦੇ ਫਿਰਦੇ ਝੂਮ ਰਹੇ ਸਨ ਪਰ ਮੈਂ ਇਕ ਵੇਰਾਂ ਨਾਂਹ ਕਰਨ ਦਾ ਖਮਿਆਜ਼ਾ
ਭੁਗਤਦਾ ਝੂਰ ਰਿਹਾ ਸਾਂ ।
ਜਹਾਜ਼ ਨੇ ਸ਼ਾਇਦ ਚੜ੍ਹਦੇ ਵੱਲ ਨੂੰ ਮੂੰਹ ਕਰ ਲਿਆ ਹੈ । ਰਾਤੀਂ 11 ਵਜੇ ਤੱਕ ਬਾਹਰ ਚੰਗਾ ਚਾਨਣ ਹੈ
ਤੇ ਕੱਲ੍ਹ ਦੀ ਰਾਤ ਦੇ ਮੁਕਾਬਲੇ ਅੱਜ ਬਹੁਤ ਸੁਹਾਵਣਾ ਲੱਗ ਰਿਹਾ ਹੈ । ਚੰਦ ਦੀ ਸੁੰਦਰ ਰੋਸ਼ਨੀ
ਵਿੱਚ ਸਮੁੰਦਰ ਚਾਂਦੀ ਵਾਂਗ ਚਮਕ ਰਿਹਾ ਹੈ । ਕਿਧਰੇ ਕਿਧਰੇ ਚੰਦ ਸਮੁੰਦਰ ਵਿੱਚ ਤਾਰੀਆਂ ਲਗਾਉਂਦਾ
ਖ਼ਰਮਸਤੀਆਂ ਕਰ ਰਿਹਾ ਜਾਪਦਾ ਹੈ।
ਇਕ ਦੋ ਪੈੱਗ ਸ਼ੈਂਪਨ ਲੈ ਕੇ ਕੁਝ ਤਿੱਤਲੀਆਂ ਵਰਗੀਆਂ ਫਬੀਆਂ, ਸ਼ਿੰਗਾਰੀਆਂ ਮੁਟਿਆਰਾਂ ਆਪਣੇ ਨਾਲ ਦੇ
ਸਾਥੀ ਨੂੰ ਬਾਂਹਾਂ 'ਚ ਬਾਂਹਾਂ ਪਾ ਕੇ ਉੱਪਰ ਡਾਂਸ ਕਰਨ ਲਈ ਮੰਚ ਤੇ ਲੈ ਆਈਆਂ ਪਰ ਪ੍ਰਬੰਧਕਾਂ ਨੇ
ਰੋਕਿਆ, 'ਅਜੇ ਨਹੀਂ । ਤੁਹਾਨੂੰ ਵੀ ਪੂਰਾ ਸਮਾ ਦਿੱਤਾ ਜਾਵੇਗਾ ਥੋੜੀ ਦੇਰ ਬਾਅਦ । ਪਹਿਲੇ ਵਿਓਂਤੇ
ਪ੍ਰੋਗਰਾਮ ਅਨੁਸਾਰ ਸਟੇਜ ਦੇ ਸਟਾਫ ਕਲਾਕਾਰ ਆਪਣਾ ਜੋਸ਼ ਤੇ ਜੌਹਰ ਦਿਖਾਉਣਗੇ । ਉਨ੍ਹਾਂ ਨੂੰ ਵੇਖ
ਕੇ ਆਨੰਦ ਮਾਣੋ ।' ਉਹ ਨਖਰੇਲੀ ਮਸਤੀ ਨਾਲ ਝੂਮਦੇ ਹੋ-ਹੱਲਾ ਕਰਨ ਤੋਂ ਬਿਨਾ ਹੀ ਬੜੀ ਤਹਿਜ਼ੀਬ ਸਹਿਤ
ਵਾਪਸ ਮੁੜ ਆਏ ।
ਸਟੇਜ ਤੇ ਇਕ ਗਾਣੇ ਦਾ ਸੀਨ ਫਿਲਮਾਇਆ ਗਿਆ ਸੀ । ਇਕ ਦੇਵੀ ਦੇਵਦਾਸੀ/ਪਰੀ ਵੱਡੇ ਸਿੰਘਾਸਨ ਤੇ ਬੈਠੀ
ਆਸੇ ਪਾਸੇ ਬਿਟਰ ਬਿਟਰ ਝਾਕ ਰਹੀ ਹੈ । ਗੋਲੀਆਂ ਕਾਮੀਆਂ ਉਸ ਨੂੰ ਚੌਰ ਝੱਲ ਰਹੀਆਂ ਹਨ । ਪਿਛਲੇ
ਦਰਵਾਜ਼ੇ ਵਿਚੋਂ ਦੁਲਹਨ ਵਾਂਗ ਸੱਜੀ ਹੋਈ ਇਕ ਸੁੰਦਰੀ ਆਈ । ਗਾਣਾ ਗਾਉਂਦੀ ਵਿਰਲਾਪ ਕਰਦੀ ਰੋਣ ਵਾਂਗ
ਮੁਦਰਾ ਵਿੱਚ ਉਸ ਦੇਵੀ ਅੱਗੇ ਹੱਥ ਜੋੜਦੀ, ਬੜੇ ਤਰਸ ਮਈ ਅੰਦਾਜ਼ ਵਿੱਚ ਕੁਝ ਮੰਗਣ ਲਈ ਦੁਆ ਕਰਦੀ, 'ਮੇਰੀ
ਮਾਂ ! ਮੇਰਾ ਪਿਆਰ ਮੈਥੋਂ ਗੁੰਮ ਹੋ ਗਿਆ । ਉਹ ਰੁੱਠ ਗਿਆ ਹੈ ਮੇਰਾ ਪਿਆਰਾ । ਉਸ ਦੇ ਸਿਰ ਮੇਰੀ
ਵਫ਼ਾਈ ਦਾ ਜਾਦੂ ਧੂੜ ਦੇਹ ਮੇਰੀ ਮਾਂ । ਮੇਰਾ ਪਿਆਰ ਮੈਨੂੰ ਮੋੜ ਦੇ । ਮੇਰੀ ਮਦਦ ਕਰ ਮੇਰੀ ਅੰਮਾਂ
।'
ਅੱਖਾਂ ਫੈਲਾ ਕੇ ਦੇਵੀ ਨੇ ਹੱਥ ਉਠਾਇਆ ਤੇ ਗੀਤਾਂ ਭਰੀ ਅੰਦਾਜ਼ ਵਿੱਚ ਉਸ ਨੂੰ ਹੌਂਸਲਾ ਦਿੱਤਾ, 'ਸਭ
ਠੀਕ ਹੋ ਜਾਵੇਗਾ, ਬੇਟਾ ਰੋਵੋ ਮੱਤ । ਉਹ ਆਏਗਾ, ਆਉਣ ਵਾਲਾ ਹੀ ਹੈ । ਤੇਰੀ ਭਗਤੀ ਪੂਰੀ ਹੋ ਗਈ ਹੈ
।' ਉਸ ਨੇ ਅਸ਼ੀਰਵਾਦ ਦੇਣ ਵਾਂਗ ਉਸ ਦੀ ਪਿੱਠ ਥਪਥਪਾਈ । ਲੜਕੀ ਸਿਰ ਨਿਭਾਉਂਦੀ ਗੀਤ ਗਾਉਂਦੀ ਪਾਸੇ
ਜਾ ਕੇ ਨੱਚਣ ਲੱਗੀ । ਪਿਛਲੀ ਦੂਸਰੀ ਨੁੱਕਰੋਂ ਇੱਕ ਸੁੰਦਰ ਨੌਜਵਾਨ ਆਇਆ ਤੇ ਉਸ ਨੂੰ ਸਿਰ ਨਿਵਾ ਕੇ
ਆਪਣੇ ਗਵਾਚੇ ਹੋਏ ਦਿਲਦਾਰ ਬਾਰੇ ਪੁੱਛ ਪਾਈ ਤੇ ਉਸ ਨੂੰ ਕੀਲਣ ਦਾ ਉਪਰਾਲਾ ਕਰਨ ਦੀ ਵਿਓਂਤ ਪੁੱਛਦੇ
ਪਿਆਰ ਦੀ ਭੀਖ ਮੰਗੀ ।
ਮਹਾਰਾਣੀ ਨੇ ਉਸ ਨੂੰ ਵੀ ਤਸੱਲੀ ਦਿੱਤੀ ਤੇ ਅਸ਼ੀਰਵਾਦ ਦਿੱਤਾ । ਥੋੜ੍ਹੀ ਦੇਰ ਵਿੱਚ ਨੱਚਦੀ, ਝੂਮਦੀ
ਉਹੀ ਸੁੰਦਰੀ ਵੀ ਆ ਗਈ ਤੇ ਦੋਵੇਂ ਗਲੇ ਲੱਗ ਕੇ ਦੇਵੀ ਦੇ ਚਰਨੀਂ ਡਿੱਗਦੇ ਮਸਤਾਉਣ ਲੱਗੇ । ਇਨ੍ਹਾਂ
ਫਨਕਾਰਾਂ ਦੀ ਦਮਦਾਰ ਅਦਾਕਾਰੀ ਨਾਲ ਦਰਸ਼ਕ ਸਾਹ ਰੋਕ ਕੇ ਮੰਤਰ-ਮੁਗਦ ਹੋਏ ਆਵਾਜ਼ੇ ਕੱਸ ਕੇ ਦਾਦ ਦਿੰਦੇ
ਰਹੇ । ਲੋਕਾਂ ਦੀਆਂ ਤਾੜੀਆਂ ਦਾ ਸਵਾਗਤ ਕਬੂਲਦੇ ਕੜਿੰਗੜੀ ਪਾ ਕੇ ਦੋਹੇਂ ਸਾਥੀ ਬਾਏ ਬਾਏ ਕਰਦੇ
ਸਟੇਜ ਛੱਡ ਗਏ ।
ਦਰਸ਼ਕਾਂ ਦੀ ਵਾਰੀ ਆਉਣ ਤੱਕ ਅਸੀਂ ਨਾ ਚਾਹੁੰਦੇ ਹੋਏ ਵੀ ਵਿਚੋਂ ਛੱਡ ਕੇ ਆ ਗਏ । ਨਿਆਣੇ ਨੀਂਦ ਨਾਲ
ਟੇਢੇ ਹੋ ਰਹੇ ਸਨ । ਨਾਲੇ ਮੁਫ਼ਤ ਦੀ ਸ਼ੈਂਪੇਨ ਠੁਕਰਾਉਣ ਦਾ ਢਕੌਂਸਲਾ ਮੈਨੂੰ ਕਸੀਰਾਂ ਵਾਂਗ ਪੱਛ
ਰਿਹਾ ਸੀ ।
ਰਾਤ ਦਾ ਖਾਣਾ ਪਹਿਲਾਂ ਨਾਲੋਂ ਕੁਝ ਬਿਹਤਰ ਸੀ । ਹਾਏ ਬਾਏ ਕਹਿੰਦੇ ਗਵਾਂਢੀ ਮੇਜ਼ਾਂ ਵਾਲੇ ਵੀ ਨੇੜੇ
ਨੇੜੇ ਆਉਂਦੇ ਅਪਣੱਤ ਜਤਾਉਣ ਲੱਗੇ । ਬੈਰੇ ਵੀ ਸਾਡੀ ਰਮਜ਼ ਤੇ ਮੂੰਹ ਦਾ ਸੁਆਦ ਸਮਝ ਗਏ ਹਨ । (ਚਲਦਾ)