ਸਫ਼ਰਨਾਮਾ ਅਲਾਸਕਾ

ਕਿਸ਼ਤ ਚੌਥੀ

ਚਰਨਜੀਤ ਸਿੰਘ ਪੰਨੂ


---------------28 ਜੁਲਾਈ ਦਿਨ ਦਾ ਚੜ੍ਹਾ 5.28, ਅਸਤ 10.02
ਬਰੇਕ ਫਾਸਟ ਦਾ ਸਮਾ ਹੈ । ਪਤਨੀ ਗੁਟਕਾ ਛੱਡ ਕੇ ਮੇਰੇ ਵੱਲ ਵੇਖਦੀ ਹੈ । ਮੈਂ 02546 ਨੰਬਰ ਟੈਲੀਫੋਨ ਘੁਮਾਉਂਦਾ ਹਾਂ । ਹਦਾਇਤ ਅਨੁਸਾਰ ਦੂਸਰਾ ਕੈਬਨ ਸੰਪਰਕ ਕਰਨ ਲਈ ਕਮਰੇ ਦੇ ਨੰਬਰ ਤੋਂ ਪਹਿਲਾਂ 0 ਲਗਾਉਣ ਨਾਲ ਨੰਬਰ ਮਿਲਦਾ ਹੈ । ਬਾਰ ਬਾਰ ਟੂੰ ਟੂੰ ਹੋਣ ਤੇ ਕੋਈ ਨਹੀਂ ਚੁੱਕਦਾ ।
'ਨਾ ਤੰਗ ਕਰੋ, ਸੁੱਤੇ ਹੋਣਗੇ ਅਜੇ ।' ਪਤਨੀ ਰੋਕਦੀ ਹੈ ।
ਮੇਰੇ ਬਾਰ ਬਾਰ ਫੋਨ ਕਰਨ ਤੇ ਰਵਨੀਤ ਚੁੱਕਦੀ ਹੈ । ਅੱਧ ਸੁੱਤੀ 'ਹੈਲੋ' ਦੀ ਆਵਾਜ਼ ਆਉਂਦੀ ਹੈ ।
'ਉਠੋ ਬੇਟੇ ਗੁੱਡ ਮਾਰਨਿੰਗ, ਇਟ ਇਜ਼ 8 ਏ ਐਮ ।'
'ਥੈਂਕ ਯੂ ਡੈਡੀ, ਪੈਰੀਂ ਪੈਂਦੀ ਆਂ, ਮੱਥਾ ਟੇਕਦੀ ਆਂ ।' ਆਪਣੇ ਰੋਜ਼ ਦੇ ਅਭਿਆਸ ਅਨੁਸਾਰ ਰਿਤੂ ਦਾ ਹੱਸਦੀ ਦਾ ਚਿਹਰਾ ਮੇਰੇ ਸਾਹਮਣੇ ਆ ਜਾਂਦਾ ਹੈ ।
'ਡੈਡੀ ਤੁਸੀਂ ਆਪੇ ਜਾ ਆਓ । ਬੱਚੇ ਅਜੇ ਸੁੱਤੇ ਪਏ ਨੇ । ਉਠਾ ਕੇ ਉਨ੍ਹਾਂ ਨੂੰ ਤਿਆਰ ਵੀ ਕਰਨਾ ਹੈ । ਬੱਬੂ ਜੀ ਵੀ ਘੁਰਾੜੇ ਮਾਰ ਰਹੇ ਨੇ ਅਜੇ {ਹੱਸਦੀ ਹੈ} । ਰਾਤ ਉਹ ਚੰਗੀ ਤਰ੍ਹਾਂ ਨਹੀਂ ਸੁੱਤੇ । ਪਤਾ ਨਹੀਂ ਸਿਗਰਟ ਦੀ ਸਮੈੱਲ ਜਿਵੇਂ ਕਮਰੇ ਅੰਦਰ ਜੰਮੀਂ ਪਈ ਹੈ, ਲੱਖ ਸਫਾਈ ਕਰਨ ਤੇ ਵੀ ਬਦਬੂ ਨਹੀਂ ਗਈ ।' ਮੈਨੂੰ ਰਿਤੂ ਦੀ ਗੱਲ ਨਾਲ ਡੂੰਘੀ ਚਿੰਤਾ ਜਿਹੀ ਹੋ ਗਈ ਹੈ ।
ਅਠਵੇਂ ਡੈੱਕ ਤੇ ਜਾ ਕੇ ਮੈਂ ਤੇ ਪਤਨੀ ਨਾਸ਼ਤਾ ਕਰ ਆਏ ਹਾਂ । ਉੱਬਲੇ ਆਂਡੇ, ਬ੍ਰੈੱਡ ਤੇ ਜੈਮ ਉਨ੍ਹਾਂ ਲਈ ਪੈਕ ਕਰਵਾ ਕੇ ਲੈ ਆਏ । ਪ੍ਰਬੰਧਕੀ ਬਲਾਕ ਦੇ ਕਰਿੰਦੇ ਅਜੇ ਕੰਮ ਤੇ ਨਹੀਂ ਆਏ । ਮੈਂ ਬੱਬੂ ਦੇ ਕਮਰੇ ਦੀ ਸਫਾਈ ਵਾਸਤੇ ਸ਼ਕਾਇਤ ਪਹੁੰਚਾਉਣ ਲਈ ਤਰਲੋ-ਮੱਛੀ ਹੋ ਰਿਹਾ ਹਾਂ । ਐਮਰਜੈਂਸੀ ਵਾਲੇ ਕਾਊਂਟਰ ਤੇ ਸ਼ਕਾਇਤ ਦਰਜ ਕਰਾ ਦਿੰਦਾ ਹਾਂ, ਉਹ ਜਲਦੀ ਹੀ ਇਸ ਦਾ ਉਪਰਾਲਾ ਕਰਨ ਲਈ ਯਕੀਨ ਦਿਵਾਉਂਦੇ ਹਨ ।
ਸਾਢੇ ਕੁ ਦਸ ਵਜੇ ਜਹਾਜ਼ ਦੇ ਲੰਬੇ ਭੌਂਪੂ ਨੇ ਭਗਦੜ ਮਚਾ ਦਿੱਤੀ । ਸਾਰਿਆਂ ਦੇ ਸਾਹ ਸੂਤੇ ਗਏ, ਢਿੱਡ ਟਾਈਟ ਹੋ ਗਏ, ਫੂਕ ਨਿਕਲਨ ਵਾਲੀ ਗੱਲ ਹੋ ਗਈ । ਪਤਾ ਨਹੀਂ ਕੀ ਹੋਣ ਵਾਲਾ ਹੈ । ਬਾਹਰ ਸਮੁੰਦਰ ਵੱਲ ਨਿਗ੍ਹਾ ਮਾਰੀ ਤਾਂ ਸਮੁੰਦਰ ਸ਼ਾਂਤ ਦਾ ਸ਼ਾਂਤ ਸੀ । ਪੈਸੀਫਿਕ ਦੂਰ ਤੱਕ ਬਾਂਹਾਂ ਅੱਡੀ ਖੜ੍ਹਾ ! ਪਰ ਉਸ ਦੇ ਮਨ ਵਿੱਚ ਕੁਝ ਵਹਿਸ਼ੀ ਜਾਂ ਬੇਈਮਾਨੀ ਵਾਲਾ ਕੋਈ ਸੰਕੇਤ ਨਹੀਂ ਸੀ । 'ਅੱਗ ਬੁਝਾਉਣ ਵਾਲੇ ਅਮਲੇ ਦੀ ਡਰਿੱਲ ਹੋ ਰਹੀ ਹੈ । 11 ਵਜੇ ਸਾਰੇ ਮਹਿਮਾਨਾਂ ਨੂੰ ਆਉਣ ਦਾ ਸੱਦਾ ਹੈ, ਚਿੰਤਾ ਦੀ ਕੋਈ ਗੱਲ ਨਹੀਂ । ਜੇ ਕੋਈ ਆਪ ਬਾਹਰ ਨਹੀਂ ਆ ਸਕਦਾ ਤਾਂ ਇਹ ਰਿਹਰਸਲ ਹਰ ਕਮਰੇ ਅੰਦਰ ਲੱਗੇ ਟੀ ਵੀ ਚੈਨਲ ਨੰਬਰ ਬਾਰਾਂ ਤੇ ਵੀ ਵੇਖੀ ਜਾ ਸਕਦੀ ਹੈ ।' ਪ੍ਰਬੰਧਕੀ ਅਮਲੇ ਦੀ ਘੋਸ਼ਣਾ ਨੇ ਕੁਛ ਕੁਛ ਰਾਹਤ ਪ੍ਰਦਾਨ ਕੀਤੀ ।
ਇੰਟਰਨੈੱਟ ਦੀਆਂ ਖ਼ਬਰਾਂ ਤੋਂ ਪੰਜਾਬ ਵਿੱਚ ਔੜ ਨਾਲ ਪਾਟ ਰਹੇ ਝੋਨੇ ਦੇ ਖੇਤ ਵੇਖ ਕੇ ਪਤਨੀ ਆਪਣੇ ਝੋਨੇ ਬਾਰੇ ਚਿੰਤਾਤੁਰ ਹੋ ਰਹੀ ਹੈ । 'ਰੱਬ ਵੀ ਮਰ ਜਾਣਾ ਵੇਖੋ। ਕਿਧਰੇ ਸੋਕਾ ਤੇ ਕਿਧਰੇ ਡੋਬਾ । ਉਧਰ ਸਾਡੇ ਪੰਜਾਬ ਵਿੱਚ ਕਿਵੇਂ ਹਾਹਾਕਾਰ ਮੱਚੀ ਹੋਈ ਏ, ਲੋਕ ਪਾਣੀ ਦੀ ਘੁੱਟ ਘੁੱਟ ਨੂੰ ਤਰਸਦੇ ਤੜਫਦੇ ਮਰ ਰਹੇ ਹਨ । ਔੜ ਦੇ ਮਾਰੇ ਜੱਟ ਖੁਦਕੁਸ਼ੀਆਂ ਕਰ ਰਹੇ ਹਨ। ਕਹਿਰਾਂ ਦੀ ਗਰਮੀ ਹੈ ਤੇ ਇੱਥੇ ਹਜ਼ਾਰਾਂ ਮੀਲ ਦਿਸਹੱਦੇ ਤੱਕ ਪਾਣੀ ਹੀ ਪਾਣੀ ਭਾਵੇਂ ਕੁੱਲ ਦੁਨੀਆ ਨੂੰ ਸੁੱਟ ਕੇ ਗਰਕ ਕਰ ਦਿਉ ਇੱਥੇ ।'
ਅਜੀਤ ਕੌਰ ਨੰਗਲ ਦੀ ਗੋਬਿੰਦ ਸਾਗਰ ਝੀਲ ਤੋਂ ਡਰੀ ਬਹੁਤ ਦੇਰ ਪਾਣੀ ਤੋਂ ਡਰਦੀ ਰਹੀ ।
ਅਮਰੀਕਾ ਆ ਕੇ ਬੱਚਿਆਂ ਨੇ ਚੁੱਕ ਚੁਕਾ ਕੇ ਲਾਈਫ਼ ਜੈਕੇਟ ਪੁਆ ਕੇ 'ਬੇੜੀ ਸਕੂਟਰ' ਤੇ ਸ਼ੇਵਰ ਲੇਕ ਵਿੱਚ ਵਾੜ ਦਿੱਤੀ । ਹੁਣ ਏਨੇ ਵੱਡੇ ਭਿਆਨਕ ਸਮੁੰਦਰ ਵਿੱਚ ਠਿੱਲ੍ਹ ਕੇ ਉਹ ਚੁੱਪ ਦੀ ਚੁੱਪ ਡੁੰਨ-ਵੱਟਾ ਬਣੀ ਕਦੇ ਮੇਰੇ ਵੱਲ ਬਿਟਰ ਬਿਟਰ ਵੇਖਦੀ ਕਦੇ ਨਿਆਣਿਆਂ ਵੱਲ ਵੇਖ ਕੇ ਘੂਰਦੀ ਅੱਖਾਂ ਝਮਕਦੀ ਮੀਟ ਰਹੀ ਹੈ । 'ਪਤਾ ਨਹੀਂ' ਇਸ ਮੁੰਡੇ ਨੇ ਕਿੱਥੇ ਮਾਰਨਾ ਸਾਨੂੰ । ਨਾਲੇ ਆਪ ਮਰੂ ਨਿਆਣਿਆਂ ਸਮੇਤ ਨਾਲੇ ਸਾਨੂੰ ਕੋਹ ਕੋਹ ਕੇ ਮਾਰੂ ਗੋਤੇ ਦੇ ਕੇ ਡੂੰਘੇ ਪਾਣੀਆਂ ਵਿੱਚ ।'
'ਤੁਹਾਨੂੰ ਪਤਾ ਨਹੀਂ ? ਸਾਰੀ ਉਮਰ ਇਹੀ ਪੜ੍ਹਦੇ ਰਹੇ ਹੋ/ ਪੜ੍ਹਾਉਂਦੇ ਰਹੇ ਹੋ ਕਿ ਦੁਨੀਆ ਦਾ ਸਿਰਫ਼ ਚੌਥਾ ਹਿੱਸਾ ਧਰਤੀ ਹੈ ਤੇ ਤਿੰਨ ਹਿੱਸੇ ਪਾਣੀ ਤੇ ਅੱਜ ਤੁਸੀਂ ਉਸ ਤਿੰਨ ਹਿੱਸੇ ਵਾਲੇ ਯੂਨੀਵਰਸ ਦਾ ਇੱਕ ਹਿੱਸਾ ਹੋ । ਜੋ ਪੜ੍ਹਿਆ, ਛੋਟੇ ਹੁੰਦੇ ਮਾਸਟਰ ਨੇ ਪੜ੍ਹਾਇਆ, ਉਹ ਤੁਹਾਡੇ ਅੱਗੇ ਹੈ। ਵੇਖ ਲਓ । ਹੈ ਕੋਈ ਝੂਠ? ਕਸਰ?'
'ਨਾ ਬਾਬਾ ਨਾ, ਇੱਥੇ ਆ ਕੇ ਜਾਪਦਾ, ਜਿਵੇਂ ਧਰਤੀ ਹੈ ਹੀ ਨਹੀਂ ਕਿਤੇ! ਪਾਣੀ ਹੀ ਪਾਣੀ ਸਾਰਾ ।' ਕਹਿੰਦੀ ਕਹਿੰਦੀ ਉਸ ਦੀਆਂ ਝੀਲ ਜਿੱਡੀਆਂ ਡੂੰਘੀਆਂ ਅੱਖਾਂ ਸਮੁੰਦਰ ਦੀ ਵਿਸ਼ਾਲਤਾ ਵਾਂਗ ਫੈਲ ਗਈਆਂ । ਗੋਬਿੰਦ ਸਾਗਰ ਨੰਗਲ ਦੀ ਪਹਿਲੀ ਕੀਤੀ ਨੌਕਾ-ਯਾਤਰਾ ਉਸ ਦੀਆਂ ਨਜ਼ਰਾਂ 'ਚ ਭਿਆਨਕਤਾ ਭਰ ਲਿਆਈ ।
ਗਰਮੀਆਂ ਦੀਆਂ ਛੁੱਟੀਆਂ ਵਿੱਚ 1982 ਵਿੱਚ ਨੰਗਲ ਦੀ ਸੈਰ ਨੂੰ ਗਏ । ਬੜੀ ਖੁਸ਼ੀ ਖੁਸ਼ੀ ਉਚੇਚੇ ਵੀ. ਆਈ. ਪਾਸ ਲੈ ਕੇ ਪਹਾੜਾਂ ਦੀਆਂ ਕੰਧਾਂ ਵਿੱਚ ਘਿਰਿਆ ਭਾਖੜਾ ਡੈਮ ਅੰਦਰੋਂ ਤੇ ਬਾਹਰੋਂ ਵੇਖਿਆ । ਫ੍ਰੀਜ਼ਰ ਵਾਂਗ ਠੰਢੇ ਕਮਰੇ ਅਤੇ ਪਾਣੀ ਨੂੰ ਰਿੜਕ ਰਿੜਕ ਸੁੱਟਦੀਆਂ ਬਿਜਲੀ ਪੈਦਾ ਕਰਦੀਆਂ ਟਰਬਾਈਨਾਂ, ਗੋਬਿੰਦ ਸਾਗਰ ਝੀਲ! ਦੂਰ ਤੱਕ ਪਾਣੀ ਹੀ ਪਾਣੀ ! ਵੇਖ ਕੇ ਆਚੰਭਿਤ ਬਾਗੋ ਬਾਗ ਹੋ ਗਏ । ਜਿਸ ਨੇ ਕਦੇ ਪਿੰਡ ਦਾ ਖੂਹ, ਨਹਿਰ ਜਾਂ ਵੱਧ ਤੋਂ ਵੱਧ ਛੱਪੜ ਹੀ ਵੇਖਿਆ ਹੋਵੇ ਉਸ ਲਈ ਇਹ ਝੀਲਾਂ ਅਲੋਕਾਰ ਹੀ ਤਾਂ ਸਨ । ਕਿਸ਼ਤੀ ਦੀ ਸੈਰ ਲਈ ਉਸਨੇ ਆਪ ਹੀ ਖਾਹਸ਼ ਜਤਾ ਦਿੱਤੀ ਸੀ ।
ਮੇਰੀ ਸਰਕਾਰੀ ਡਿਊਟੀ ਹੋਣ ਕਰਕੇ 'ਨੰਗਲ ਫਰਟੀਲਾਈਜ਼ਰ' ਦਾ ਗੈਸਟ ਹਾਊਸ ਸੂਟ ਨੰਬਰ ਅੱਠ ਬੁੱਕ ਸੀ । ਨੰਗਲ ਟਾਊਨਸ਼ਿਪ ਤੋਂ ਉੱਪਰ ਭੰਬੋਰ ਸਾਹਿਬ ਦਾ ਉੱਚਾ ਨਿਸ਼ਾਨ ਸਾਹਿਬ ਝੂਲਦਾ, ਸਭ ਯਾਤਰੀਆਂ ਨੂੰ ਖਿੱਚਦਾ ਦੂਰੋਂ ਆਕਰਸ਼ਿਤ ਕਰ ਰਿਹਾ ਸੀ । ਉਪਰੋਂ ਬਜ਼ਾਰ ਵਿੱਚ ਦੀ ਰਸਤਾ ਵੀ ਲੰਬਾ ਸੀ । 'ਚਲੋ ਸਿੱਧੇ ਚੱਲਦੇ ਹਾਂ ਪਾਣੀ ਵਿੱਚ ਦੀ, ਨਾਲੇ ਸਫ਼ਰ ਘੱਟ ਹੈ, ਨਾਲੇ ਬੇੜੀ ਦੀ ਸੈਰ ਹੋ ਜਾਵੇਗੀ ।' ਮੇਰੀ ਤਜਵੀਜ਼ ਉਹ ਝੱਟ ਮੰਨ ਗਈ ।
ਉਸ ਦੀ ਇਕ ਸਹਿ-ਕਰਮਚਾਰੀ ਸਤਪਾਲ ਦਾ ਮੁੰਡਾ ਗੋਲਡੀ ਤੇ ਲੜਕੀ ਹੈਪੀ ਸਾਡੇ ਬੱਚਿਆਂ ਦੇ ਹਾਣੀ, ਜੋ ਅੱਜ ਕੱਲ੍ਹ ਨਿਊਯਾਰਕ ਰਹਿੰਦੇ ਹਨ, ਵੀ ਸਾਡੇ ਨਾਲ ਸਨ । ਬੜੇ ਅਹਿਸਾਨਾਂ ਨਾਲ ਉਨ੍ਹਾਂ ਨੂੰ ਵੀ ਨਾਲ ਲੈ ਕੇ ਆਏ ਸਾਂ ਕਿ ਚਲੋ ਮੇਰੀ ਸਰਕਾਰੀ ਡਿਊਟੀ ਦੇ ਬਹਾਨੇ ਉਹ ਵੀ ਬਾਹਰ ਘੁੰਮ ਆਉਣ ਗੇ । 15 ਮੁਸਾਫ਼ਰਾਂ ਵਾਲੀ ਬੇੜੀ ਵਿੱਚ 7 ਮੁਸਾਫ਼ਰ ਅਸੀਂ ਹੀ ਸਾਂ ਤੇ ਹੋਰ ਉਡੀਕਣ ਦੀ ਬਿਜਾਏ ਜਿਆਦਾ ਪੈਸੇ ਦੇ ਕੇ ਮਲਾਹ ਨੂੰ ਜਲਦੀ ਤੁਰਨ ਲਈ ਮਨਾ ਲਿਆ । ਅੱਧ ਵਿਚਾਲੇ ਇਕ ਘੁੰਮਣ-ਘੇਰੀ ਬੇੜੀ ਨੂੰ ਟੱਕਰ ਮਾਰਦੀ ਮਲਾਹ ਨੇ ਬੜੀ ਹੁਸ਼ਿਆਰੀ ਨਾਲ ਬਚਾ ਲਈ । ਸਵਾਰੀਆਂ ਦਾ ਚੀਖ਼ ਚਿਹਾੜਾ ਤੇ ਮਲਾਹ ਦੇ ਮੱਥੇ ਤੇ ਨਿੱਤਰੀਆਂ ਪਸੀਨੇ ਦੀਆਂ ਬੂੰਦਾਂ ਨੇ ਉਸ ਦੇ ਮਨ ਦੀ ਨਾਜੁਕਤਾ ਤੇ ਭਿਆਨਕਤਾ ਅਜੀਤ ਕੌਰ ਨੂੰ ਹੋਰ ਡੂੰਘਾ ਦੁੱਖੀ ਕਰ ਗਈ ।
'ਵੇ ਬਾਬਾ ਭੰਬੋਰ ਸਾਹਿਬ ਵਾਲਿਆ ! ਬਚਾ ਲੈ ਵੇ ਡੁੱਬਦੀ ਬੇੜੀ ਤੇਰੇ ਹੱਥ । ਖਿੱਚ ਲੈ ਵੇ ਲੰਬੀ ਬਾਂਹ ਕਰਕੇ ਇਸ ਭਵਸਾਗਰ ਵਿੱਚੋਂ, ਤੇਰੇ ਦਰਸ਼ਨ ਨੂੰ ਆ ਰਹੇ ਹਾਂ । ਵੇਖੀ ਕਿਤੇ ਲੋਹੜਾ ਨਾ ਪੈ ਜਾਏ । ਅਸੀਂ ਤਾਂ ਪੂਰੇ ਦੇ ਪੂਰੇ ਦੋ ਟੱਬਰ ਹਾਂ । ਸਾਡਾ ਕੋਈ ਯਾਦ ਕਰਨ ਵਾਲਾ ਨਹੀਂ ਬਚਣਾ ਤੇ ਇਹ ਵੀ ਦੋਨੋਂ ਤਰਸ ਤਰਸ ਕੇ ਲਏ ਬੱਚੇ, ਉਨ੍ਹਾਂ ਦੀ ਵੀ ਪੀੜ੍ਹੀ ਤਬਾਹ ਹੋ ਜਾਣੀ ।'
ਸ਼ੁਕਰ ! ਪਰਮਾਤਮਾ ਦਾ, ਉਸ ਦੀ ਚੀਖ਼ ਪੁਕਾਰ ਖੌਰੇ ਕੰਮ ਆ ਗਈ । ਹਫਦੇ ਹਫਦੇ ਪਾਣੀ ਨਾਲ ਝਕਾਨੀਆਂ ਮਾਰਦੀ ਬੇੜੀ ਚੱਪੂ ਲਾਉਂਦਾ ਮਲਾਹ ਕੰਢੇ ਲੈ ਉੱਪੜਿਆ । ਐਨੀ ਡਰੀ ਹੋਈ ਅਜੀਤ ਕੌਰ ਨੇ ਬਾਬੇ ਦੇ ਬਾਰ ਬਾਰ ਮੱਥਾ ਰਗੜਿਆ ਤੇ ਧੰਨਵਾਦ ਕੀਤਾ । ਅੱਗੇ ਗੈਸਟ ਹਾਊਸ ਥੋੜ੍ਹਾ ਜਿਹਾ ਤੁਰ ਕੇ ਪੈਦਲ ਸੀ । ਇੱਕ ਪਾਣੀ ਦੇ ਡਹਿਲ ਤੇ ਦੂਸਰੇ ਆਸੇ ਪਾਸੇ ਟੱਪਦੇ ਟਪੂਸੀਆਂ ਮਾਰਦੇ ਬਾਂਦਰਾਂ ਤੋਂ ਡਰਦੇ ਅੱਗੇ ਤੁਰਨ ਦਾ ਹੀਆ ਨਾ ਪਿਆ ।
'ਅੱਜ ਇੱਥੇ ਬਾਬੇ ਦੀ ਹੀ ਚੌਂਕੀ ਭਰਾਂਗੇ ।' ਉਸਨੇ ਆਪਣਾ ਆਖਰੀ ਫੈਸਲਾ ਦੇ ਦਿੱਤਾ ।
ਲੰਗਰ ਦੇ ਪਰਸ਼ਾਦੇ ਛਕੇ ਤੇ ਸਰਾਂ ਦੇ ਕਮਰੇ ਵਿੱਚ ਟਿਕ ਗਏ । ਸਾਰੀ ਰਾਤ ਉੱਪਰੋਂ ਮੋਟੇ ਮੱਛਰਾਂ ਦਾ ਹਮਲਾ ਤੇ ਥੱਲਿਓਂ ਮੰਜੇ ਦੇ ਸੰਘਿਆਂ ਵਿਚੋਂ ਨਿਕਲੇ ਮਾਂਗਣੂ ਬੱਚਿਆਂ ਦੀ ਨਵੀ ਨਰੋਈ ਤਾਜ਼ਾ ਚਮੜੀ ਤੇ ਵਹੀਰਾਂ ਘੱਤ ਕੇ ਟੁੱਟ ਪਏ । ਸਾਰੀ ਰਾਤ ਤੜਪ ਕੇ ਲੰਘਾਈ । ਉਹ ਦਿਨ ਤੇ ਅੱਜ ਦਾ ਇਹ ਦਿਨ, ਫਿਰ ਉਸਨੇ ਬਾਹਰ ਬੇੜੀਆਂ ਦੀ ਸੈਰ ਨੂੰ ਮੂੰਹ ਨਹੀਂ ਕੀਤਾ ।
ਏਸੇ ਸਥਾਨ ਤੇ ਇਸ ਦਿਨ ਤੋਂ ਕੋਈ ਇਕ ਹਫਤੇ ਦੇ ਵਿੱਚ ਵਿੱਚ ਸ਼ਾਇਦ ਪਟਿਆਲੇ ਦੇ ਕਿਸੇ ਕਾਨਵੈਂਟ ਸਕੂਲ ਦੀ ਪਿਕਨਿਕ ਟੀਮ ਦੀ ਲਗਭਗ 100 ਬੱਚਿਆਂ ਵਾਲੀ ਕਿਸ਼ਤੀ ਉਲਟ ਗਈ ਸੀ । 24 ਬੱਚੇ ਉਸੇ ਘੁੰਮਣ-ਘੇਰੀ ਵਿੱਚ ਡੁੱਬ ਗਏ ਤੇ ਉਨ੍ਹਾਂ ਦੀਆਂ ਗਲੀਆਂ ਸੜੀਆਂ ਫੁੱਲੀਆਂ ਲਾਸ਼ਾਂ ਕਈ ਦਿਨ ਬਾਦ ਗੋਤਾਖੋਰ ਲੱਭਦੇ ਸਾਂਭਦੇ ਰਹੇ । ਮਾਪਿਆਂ ਨੂੰ ਉਸ ਪਿਕਨਿਕ ਦੀ ਕੌੜੀ ਕਾਟਵੀਂ ਚੁਭਵੀਂ ਯਾਦ ਸਾਰੀ ਉਮਰ ਵਾਸਤੇ ਨਾਸੂਰ ਛੱਡ ਗਈ ਸੀ ।
ਜਿਹੜੀ ਬੀਬੀ ਛੱਪੜ ਝੀਲ ਤੋਂ ਡਰਦੀ ਤ੍ਰਭਕਦੀ ਸੀ, ਉਸ ਦੀ ਮਾਨਸਿਕਤਾ ਦਾ ਅਹਿਸਾਸ ਅੰਦਾਜ਼ਾ ਹੀ ਇਸ ਭਿਆਨਕ ਕਾਂਗਾਂ ਮਾਰਦੇ ਸਮੁੰਦਰ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ । (ਚਲਦਾ)