ਸਫ਼ਰਨਾਮਾ ਅਲਾਸਕਾ
ਤੀਜੀ ਕਿਸ਼ਤ
ਚਰਨਜੀਤ ਸਿੰਘ ਪੰਨੂ
ਇਹ
ਛੋਟੀ ਜਿਹੀ ਪਹਿਲੀ ਮਿਲਨੀ, ਇੱਕ ਗੋਸ਼ਟੀ ਦਾ ਰੂਪ ਧਾਰ ਗਈ, ਜਿਸ ਵਿੱਚ ਕੁਝ ਹੋਰ ਗੋਰਿਆਂ ਨੇ ਵੀ
ਦਿਲਚਸਪੀ ਸਹਿਤ ਆਪਣਾ ਬੁੱਧੀਮਾਨ ਹਿੱਸਾ ਪਾਇਆ । ਮੇਲ-ਜੋਲ ਦੇ ਭੁੱਖੇ ਮਿਲਾਪੜੇ ਯਾਤਰੀ ਇਕ ਦੂਸਰੇ
ਨਾਲ ਵਾਕਫ਼ੀ ਕੱਢਦੇ, ਆਪਣਾ ਤੇਹ ਜਤਾਉਂਦੇ ਬੜੀ ਉਤਸੁਕਤਾ ਨਾਲ ਸਾਂਝਾਂ ਪੈਦਾ ਕਰ ਰਹੇ ਹਨ। ਇੱਥੇ
ਰਹਿਣ ਵਾਲੇ ਕੁੱਲ ਦੁਨੀਆ ਦੇ ਪਿਛੋਕੜ ਵਾਲੇ ਆਪਣੇ ਦੇਸ਼ਾਂ ਪ੍ਰਤੀ ਆਪਣੀਆਂ ਯਾਦਾਂ ਨਵਿਆਉਣ ਲਈ ਹਰ
ਸਾਲ ਅਜੇਹੇ ਜਸ਼ਨ ਕਰਦੇ ਹਨ ਪਰ ਕੋਈ ਕਿਸੇ ਦੂਸਰੇ ਨੂੰ ਕਿਸੇ ਕਿਸਮ ਦੀ ਛੇੜ-ਛਾੜ ਜਾਂ ਭੜਕਾਹਟ ਪੈਦਾ
ਨਹੀਂ ਕਰਦਾ। ਇਸੇ ਕਰਕੇ ਕਿਸੇ ਨੂੰ ਕੋਈ ਸਰੋਕਾਰ ਨਹੀਂ, ਨਾ ਹੀ ਕੋਈ ਧਾਰਮਿਕ ਜਾ ਸਮਾਜਿਕ ਬਵਾਲ
ਖੜ੍ਹਾ ਹੁੰਦਾ ਹੈ। 5 ਮਈ ਜਾਂ ਮਈ ਦੇ ਪਹਿਲੇ ਹਫਤੇ ਮਜਦੂਰ-ਦਿਵਸ ਮਨਾਇਆ ਜਾਂਦਾ ਹੈ ਜਿੱਥੇ ਲੱਖਾਂ
ਦੀ ਗਿਣਤੀ ਵਿੱਚ ਮਜ਼ਦੂਰ ਜਥੇਬੰਦੀਆਂ/ਜਮਾਤਾਂ ਆਪਣੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਤੇ
ਸਰਕਾਰ ਦੀ ਸਹਿਮਤੀ ਨਾਲ ਸਮਾਧਾਨ ਤਲਾਸ਼ਦੇ ਹਨ। ਸੱਤਿਆਗ੍ਰਿਹਾਂ ਦਾ ਰੁਝਾਨ ਇੱਥੇ ਘੱਟ ਹੀ ਵੇਖਣ ਨੂੰ
ਮਿਲਦਾ ਹੈ। ਅਮਰੀਕਾ ਵਿੱਚ ਭਾਰਤੀ ਵਸਿੰਦਿਆਂ ਵੱਲੋਂ ਵੀ 15 ਅਗਸਤ ਤੇ 26 ਜਨਵਰੀ ਦੇ ਕੌਮੀ ਮਹਾਨਤਾ
ਦੇ ਦਿਨ ਵੱਖ ਵੱਖ ਤਰੀਕੇ ਨਾਲ ਮਨਾਏ ਜਾਦੇ ਹਨ । ਸਿੱਖ ਜਿਆਦਾ ਕਰਕੇ ਸਨਫ੍ਰਾਂਸਿਸਕੋ ਦੇ ਸਫ਼ਾਰਤਖ਼ਾਨੇ
ਸਾਹਮਣੇ ਰੋਸ ਰੈਲੀਆਂ ਤੇ ਮੁਜ਼ਾਹਰੇ ਕਰਕੇ ਭਾਰਤ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਬੇਰੁਖ਼ੀ ਬਾਰੇ ਆਪਣੀ
ਕੁੜੱਤਣ ਦਾ ਪ੍ਰਗਟਾਵਾ ਕਰਦੇ ਹਨ ਜਦ ਕਿ ਦੂਸਰੇ ਧਰਮਾਂ ਕਬੀਲਿਆਂ ਦੇ ਲੋਕ ਵੱਡੇ ਵੱਡੇ ਹੋਟਲਾਂ
ਗ੍ਰਾਊਂਡਾਂ ਵਿੱਚ ਤਕੜੇ ਮੇਲੇ ਇਕੱਠਾਂ ਵਿੱਚ ਜਸ਼ਨਾਂ ਨਾਲ ਇਸ ਦਿਨ ਨੂੰ ਯਾਦ ਕਰਦੇ ਹਨ।
ਥੱਲੇ ਆ ਕੇ ਬੱਬੂ ਜਲਦੀ ਹੀ ਬੱਚਿਆਂ ਨੂੰ ਨਹਾਉਣ ਵਾਲੇ ਬਸਤਰ ਪੁਆ ਕੇ ਤਲਾਬ ਵਿੱਚ ਲੈ ਵੜਿਆ।
ਰਵਨੀਤ ਨੇ ਵੀ ਇਕ ਦਮ ਹੁੰਗਾਰਾ ਭਰ ਦਿੱਤਾ। ਨੰਨ੍ਹੀ ਜਿਹੀ ਜੈਸਮੀਨ ਨਕਲੀ ਬਣਾਉਟੀ ਡੱਡੀਆਂ ਵਾਂਗ
ਤਾਰੀਆਂ ਲਗਾਉਣ ਲੱਗੀ। ਜੇਦੀਪ ਵੀ ਜੈਸਮੀਨ ਵਾਂਗ ਪਹਿਲਾਂ ਤਰਨ ਵਾਲੀ ਕਲਾਸ ਵਿੱਚ ਦੋ ਤਿੰਨ ਮਹੀਨੇ
ਲਾ ਚੁੱਕਾ ਹੈ। ਜੈਸਮੀਨ ਵਾਂਗ ਥੋੜਾ ਬਹੁਤਾ ਜਾਣਦਾ ਹੀ ਹੋਵੇਗਾ, ਇਸ ਲਈ ਮੈਂ ਵੀ ਕੋਈ ਬਹੁਤੀ ਤਵੱਜੋ
ਨਹੀਂ ਦਿੱਤੀ। ਪਹਿਲੇ ਹੱਲੇ ਜੇਦੀਪ ਪਾਣੀ ਵਿੱਚ ਡੁੱਬਦਾ ਤੇ ਗੋਤੇ ਖਾਂਦਾ ਦੇਖ ਕੇ ਮੇਰਾ ਤ੍ਰਾਹ
ਨਿਕਲ ਗਿਆ। ਮੈਂ ਆਵਾਜ਼ਾਂ ਮਾਰਦਾ ਚਿਲਾਉਂਦਾ ਛਾਲ ਮਾਰਨ ਹੀ ਲੱਗਾ ਸੀ ਕਿ ਬੱਬੂ ਨੇ ਜਲਦੀ ਹੀ ਉਸ
ਨੂੰ ਫੜ੍ਹ ਕੇ ਸੰਭਾਲ ਲਿਆ। ਨੱਕ ਵਿੱਚੋਂ ਚੋਂਦੇ ਪਾਣੀ ਤੇ ਉੱਥੂ ਨਾਲ ਉਸ ਦਾ ਬੁਰਾ ਹਾਲ ਸੀ। ਘੜੇ
ਤੇ ਢਿੱਡ ਭਾਰ ਲਿਟਾਉਣ ਲਈ ਘੜੇ ਦੀ ਤਲਾਸ਼ ਵਾਸਤੇ ਮੈਂ ਸੋਚ ਰਿਹਾ ਸੀ ਪਰ ਧੰਨਵਾਦ ਪ੍ਰਮਾਤਮਾ ਦਾ,
ਉਹ ਜਲਦੀ ਹੀ ਸਹਿਲ ਹੋ ਗਿਆ। ਬੱਬੂ ਜੋਖੋਂ ਲੈਣੋਂ ਨਹੀਂ ਡਰਦਾ। ਕਈ ਵੇਰਾਂ ਰੋਕਿਆ ਪਰ ਉਹ ਆਪਣੀ
ਮਨਮਰਜ਼ੀ ਕਰਕੇ ਹੀ ਛੱਡਦਾ ਹੈ। ਜਹਾਜ਼ ਦੇ ਖੜ੍ਹੇ ਖੜ੍ਹੇ ਹੀ ਚੰਗਾ ਚੰਦ ਚੜ੍ਹਾਉਣ ਲੱਗਾ ਸੀ।
ਦਸ ਪੰਦਰਾਂ ਮਿੰਟ ਹੀ ਜਹਾਜ਼ ਦੀ ਵਾਰਮ-ਅਪ ਵਿਸਲਾਂ ਤੇ ਥੋੜੀ ਜਿਹੀ ਹਿਲਜੁੱਲ ਹੋਈ ਤੇ ਜਹਾਜ਼
ਪਲੇਟਫਾਰਮ ਤੋਂ ਪਾਸੇ ਸਰਕਦਾ ਸਿਆਟਲ ਦਾ ਕੰਢਾ ਛੱਡਣ ਲੱਗਾ। ਮੇਰੇ ਵਰਗੇ ਬਹੁਤੇ ਗਿਆਨ ਹਾਸਲ ਕਰਨ
ਦੇ ਭੁੱਖੇ ਯਾਤਰੀ ਇਹ ਸਾਰਾ ਨਜ਼ਾਰਾ ਮਾਨਣ ਤੇ ਕੈਮਰਾ-ਬੰਦ ਕਰਨ ਲਈ ਅੱਖਾਂ ਨਾਲ ਦੂਰਬੀਨਾਂ ਜੋੜੀ
ਜਹਾਜ਼ ਦੀ ਉੱਪਰਲੀ ਮੰਜ਼ਿਲ ਤੇ ਪਹੁੰਚ ਗਏ। ਜਹਾਜ਼ ਦੇ ਦੋਨੋਂ ਪਾਸੇ ਦੋ ਦੋ ਮੋਟਰ-ਬੋਟਾਂ ਪਤਾ ਨਹੀਂ
ਉਸ ਦੀ ਰਖਵਾਲੀ ਜਾਂ ਅਗਵਾਈ ਕਰਦੀਆਂ, ਚੱਲਣ ਲੱਗੀਆਂ ਤੇ ਕਿੰਨੀ ਦੇਰ ਚਲਦੀਆਂ ਰਹੀਆਂ। ਕੋਈ ਪੰਜ ਕੁ
ਵਜੇ ਤੱਕ ਸਿਆਟਲ ਦੀਆਂ ਉੱਚੀਆਂ ਅਸਮਾਨ ਨਾਲ ਗੱਲਾਂ ਕਰਦੀਆਂ ਇਮਾਰਤਾਂ ਪਿੱਛੇ ਛੱਡਦਾ ਜਹਾਜ਼ ਆਪਣੀ
ਨਿਸ਼ਚਿਤ 29 ਮੀਲ ਘੰਟੇ ਦੀ ਰਫ਼ਤਾਰ ਤੇ ਆ ਗਿਆ ਤੇ ਬੇੜੀਆਂ ਪਿੱਛੇ ਮੁੜ ਗਈਆਂ। ਚਾਰ ਚੁਫੇਰਾ ਸ਼ਾਂਤ,
ਇਵੇਂ ਲੱਗ ਰਿਹਾ ਸੀ ਜਿਵੇਂ ਕੋਈ ਸ਼ਰਾਰਤੀ ਪ੍ਰੇਮਕਾ ਕੋਮਲ ਕੋਮਲ ਪੋਟਿਆਂ ਨਾਲ ਫੱਟੀ ਨੂੰ ਧੱਕੇ ਮਾਰ
ਕੇ ਮੱਠੇ ਮੱਠੇ ਪੀਂਘ ਹੁਲਾਰੇ ਦੇ ਰਹੀ ਹੋਵੇ।
ਬੱਬੂ ਬੱਚੇ ਤੇ ਉਹਨਾਂ ਦੀ ਮੰਮੀ ਤਾਂ ਪਹਿਲਾਂ ਹੀ ਡਾਕਟਰ ਦੀ ਸਲਾਹ ਅਨੁਸਾਰ ਪੇਸ਼ਬੰਦੀ ਵਜੋਂ
ਉਲਟੀ-ਰੋਧਕ ਇਕ ਇਕ ਗੋਲੀ ਖਾ ਬੈਠੇ ਸਨ ਤੇ ਸਾਰੇ ਊਂਘਦੇ ਊਂਘਦੇ ਨੀਂਦ ਦੀ ਬੁੱਕਲ ਵਿੱਚ ਜਾਣ ਦੀ
ਤਿਆਰੀ ਵਿੱਚ ਲੱਗਣ ਲੱਗੇ ਜਿਵੇਂ ਉਹ ਕੈਅ ਰੋਕੂ ਨਾ ਹੋ ਕੇ ਨੀਂਦ ਦੀ ਗੋਲੀ ਹੋਵੇ। ਉਨ੍ਹਾਂ ਦੇ
ਕਹਿਣ ਤੇ ਗੋਲੀ ਤਾਂ ਨਾ ਚਾਹੁੰਦੇ ਹੋਏ ਮੈਂ ਵੀ ਖਾ ਲਈ ਪਰ ਮੈਨੂੰ ਉਸ ਦਾ ਕੋਈ ਫ਼ਰਕ ਨਹੀਂ ਪਿਆ।
ਜੈਸਮੀਨ ਦੁੱਧ ਦੀ ਜ਼ਿਦ ਕਰਨ ਲੱਗੀ। ਰਿਤੂ ਦੇ ਕਹਿਣ ਤੇ ਕਿ ਇਥੋਂ ਚੱਜ ਦਾ ਦੁੱਧ ਕਿੱਥੋਂ ਮਿਲਨਾ...
ਜੇ ਹੋਵੇ ਗਾ ਵੀ ਤਾਂ ਪਤਾ ਨਹੀਂ ਕਿੱਦਾਂ ਦਾ, ਉਨ੍ਹਾਂ ਦੀ ਵੱਡੇ ਮਾਮਾ ਪਾਊਡਰ-ਦੁੱਧ ਦੇ ਡੱਬੇ ਵੱਲ
ਹੋਈ। ਮੈਂ ਦੱਸਿਆ ਕਿ ਉੱਪਰ ਖਾਣ ਪੀਣ ਦਾ ਭੰਡਾਰ ਵਾਧੂ ਹੈ, 8 ਨੰਬਰ ਡੈੱਕ 'ਤੇ ਜਾਉ ਜੋ ਮਰਜ਼ੀ ਖਾਓ,
ਲਿਆਓ।
'ਉੱਥੇ ਪਈ ਮਿਸ਼ਰੀ, ਚਾਹ ਦਾ ਗਰਮ ਪਾਣੀ, ਸ਼ਹਿਦ, ਖੰਡ, ਪੋਲੀ-ਗਰੀਨ-ਲੇਬਲ ਚਾਹ-ਪੱਤੀ ਪਾ ਕੇ ਇਕ ਕੇਨੀ
ਵਿੱਚੋਂ ਮੈਂ ਆਪ ਦੁੱਧ ਰਲਾ ਕੇ ਚਾਹ ਦਾ ਕੱਪ ਬਣਾਇਆ ਸੀ।'
ਭਲਾ ਹੋਵੇ ਰਿਤੂ ਦਾ ਜਿਸ ਨੇ ਮੈਨੂੰ ਉੱਪਰ ਜਾਣ ਲਈ ਨਹੀਂ ਕਿਹਾ। ਆਪ ਹੀ ਚਲੀ ਗਈ ਵਿਚਾਰੀ ਤੇ
ਥੋੜ੍ਹੀ ਦੇਰ ਵਿੱਚ ਇਕ ਗਿਲਾਸ ਵਿੱਚ ਦੁੱਧ ਲੈ ਆਈ। ਫਿਰ ਇੱਕ ਹੋਰ ਨਵਾਂ ਪੰਗਾ ਖੜ੍ਹਾ ਹੋ ਗਿਆ।
ਜੈਸਮੀਨ ਕਹੇ, 'ਮੈਂ ਬੋਤਲ ਵਿੱਚ ਦੁੱਧ ਪੀਣਾ। ਮੈਨੂੰ ਜਿੱਥੋਂ ਮਰਜ਼ੀ ਮੇਰੀ ਬੋਤਲ ਲਿਆ ਕੇ ਦਿਓ।'
ਉਸ ਨੂੰ ਬੜਾ ਲਾਲਚ ਡਰਾਵਾ ਦੇ ਕੇ ਵਰਚਾਉਣ, ਟਰਕਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦੀ ਬੋਤਲ ਪਿੱਛੇ ਘਰ
ਰਹਿ ਗਈ ਹੈ ਤਾਂ ਜੋ ਉਸ ਦੀ ਆਦਤ ਸ਼ਾਇਦ ਛੁੱਟ ਜਾਏ ਪਰ ਉਹ ਆਖਦੀ, 'ਮੈਂ ਨਿਪਲ ਵਾਲੀ ਬੋਬੋ ਹੀ ਲੈਣੀ
ਹੈ'। ਉਸ ਨੇ ਪੂਰਾ ਨੰਨਾ ਧਰ ਲਿਆ। ਉਹ ਬੋਤਲ ਨੂੰ ਕਦੇ ਬੋਬੋ ਕਹਿੰਦੀ ਹੈ ਤੇ ਕਦੇ ਬੇਬੇ ਕਹਿ ਕੇ
ਆਪੇ ਹੱਸਣ ਲੱਗ ਜਾਂਦੀ ਹੈ।
'ਮੈਨੂੰ ਬੋਤਲ ਲਿਆ ਕੇ ਦਿਓ ਜਿੱਥੋਂ ਮਰਜ਼ੀ।' ਰਿਹਾੜ ਕਰਦੀ ਰੋਂਦੀ ਵਿਲਕਦੀ ਵੇਖ ਕੇ ਸਾਡੀ ਸਿਫਾਰਿਸ਼
ਤੇ ਰਿਤੂ ਨੇ ਬੋਤਲ ਵਿੱਚ ਦੁੱਧ ਪਾ ਦਿੱਤਾ ਤੇ ਉਹ ਪੀਂਦੀ ਪੀਂਦੀ ਹਿੱਕ ਨਾਲ ਬੋਤਲ ਲਾ ਕੇ ਸੌ ਗਈ।
ਇਹੀ ਬੋਤਲ ਉਸ ਦੀ ਅੰਮਾ ਹੈ। ਜਦ ਰਿਤੂ ਕੰਮ ਤੇ ਹੁੰਦੀ ਹੈ, ਬਹੁਤੀ ਵੇਰਾਂ ਇਹੀ ਬੋਤਲ ਸਾਰਾ ਦਿਨ
ਉਸ ਨੂੰ ਮੰਮੀ ਵਾਂਗ ਖਿਡਾਉਂਦੀ ਵਰਚਾਉਂਦੀ ਹੈ। ਬੋਤਲ ਵੇਖ ਕੇ ਉਹ ਆਪਣੀ ਵੱਡੀ ਮੰਮਾ ਦੀ ਵੀ ਬਹੁਤੀ
ਪ੍ਰਵਾਹ ਨਹੀਂ ਕਰਦੀ।
ਉੱਪਰਲੀਆਂ ਮੰਜ਼ਲਾਂ ਤੇ ਜਾਣ ਲਈ ਸਵੈ ਚਾਲਕ ਲਿਫਟਾਂ ਵੀ ਹਨ ਤੇ ਪੌੜੀਆਂ ਵੀ ਪਰ ਬੱਬੂ ਨੇ ਪ੍ਰਤਿਗਿਆ
ਕੀਤੀ ਤੇ ਸਾਥੋਂ ਵਚਨ ਲਿਆ ਕਿ ਐਲੀਵੇਟਰ ਨਹੀਂ ਵਰਤਣੀ ਤੇ ਪੌੜੀਆਂ ਹੀ ਵਰਤਣੀਆਂ ਹਨ ਤਾਂ ਜੋ ਨਾਲੋ
ਨਾਲ ਜ਼ਰੂਰੀ ਵਰਜਸ਼ ਹੁੰਦੀ ਰਹੇ। ਇਹ ਪ੍ਰਤਿੱਗਿਆ ਇਕੇ ਪਹਿਲੇ ਫੇਰੇ ਵਿੱਚ ਟੁੱਟ ਗਈ ਤੇ ਵਾਪਸੀ ਵੇਲੇ
ਲਿਫਟ ਰਾਹੀ ਹੀ ਦੋ ਨੰਬਰ ਡੈੱਕ ਤੇ ਆਏ।
ਡੈੱਕ ਨੰਬਰ 5 ਤੇ ਸਜੇ ਹੋਏ ਪਕਵਾਨ ਦੇਖ ਕੇ ਮਨ ਵਿੱਚ ਕਈ ਕਿਸਮ ਦੀ ਚੱਕ-ਥਲ ਸ਼ੁਰੂ ਹੋ ਗਈ ਕਿ
ਮਨ-ਪਸੰਦ ਦੀ ਚੋਣ ਕਿਵੇਂ ਕੀਤੀ ਜਾਵੇ। ਅਸੀਂ ਪੰਜਾਬੀ ਪਕਵਾਨ ਲੱਭ ਰਹੇ ਸਾਂ ਤੇ ਉਹ ਵਿਚਾਰੇ
ਰਾਜਸਥਾਨੀ ਭਾਈ ਦਾਲ ਬਾਟੀ ਚੂਰਮਾ, ਇਟਲੀ ਡੋਸੇ ਦੀ ਤਲਾਸ਼ ਕਰ ਰਹੇ ਸਨ ਪਰ ਉੱਥੇ ਨਾਂ ਤਾਂ ਰੋਟੀ
ਚਪਾਤੀ ਦਾ ਨਾਮ ਨਿਸ਼ਾਨ ਤੇ ਨਾ ਹੀ ਇਡਲੀ ਡੋਸਾ, ਉੱਤਰੀ ਭਾਰਤ ਤੇ ਦੱਖਣੀ ਭਾਰਤ ਦੇ ਦੋਹੇਂ
ਮਨ-ਭਾਉਂਦੀਆਂ ਖ਼ੁਰਾਕਾਂ ਗਾਇਬ ਸਨ। ਹੋਰ ਸੈਂਕੜੇ ਕਿਸਮ ਦੇ ਪਕਵਾਨ ਸ਼ਾਕਾਹਾਰੀ, ਮਾਸਾਹਾਰੀ ਸਭ
ਮੌਜੂਦ ਸਨ ਪਰ ਉਸ ਦੇ ਉੱਪਰ ਲਿਖੇ ਨਾਮ ਬੀਫ, ਪੋਰਕ ਤੇ ਕੁਝ ਹੋਰ ਊਟ-ਪਟਾਂਗ ਪੜ੍ਹ ਕੇ ਕਿਸੇ ਚੀਜ਼
ਨੂੰ ਫੜਨ ਦਾ ਹੀਆ ਨਹੀਂ ਸੀ ਪੈਂਦਾ। ਆਖਰ ਡਰਦੇ ਝਕਦੇ ਕਿਵੇਂ ਨਾ ਕਿਵੇਂ ਪੇਟ-ਪੂਜਾ ਦਾ ਆਹਾਰ ਕੀਤਾ।
ਆਫਰਿਆ ਮਹਿਆਂ ਵਿਘੇ ਦਾ ਉਜਾੜਾ। ਮੂੰਹ ਲਾ ਲਾ ਚੱਖੀ ਜਾਓ, ਛੱਡੀ ਜਾਉ, ਕੋਈ ਪੁੱਛ ਪੜਤਾਲ ਨਹੀਂ,
ਕੋਈ ਰੋਕਣ ਵਾਲਾ ਨਹੀਂ।
ਖਾਣ ਪੀਣ ਦੇ ਏਨੇ ਭੰਡਾਰ ਕਿ ਆਦਮੀ ਇਕ ਇਕ ਚੀਜ਼ ਮੂੰਹ ਨੂੰ ਲਾ ਕੇ ਸਵਾਦ ਦੇਖੇ ਤਾਂ ਸਾਰੇ ਨਹੀਂ
ਚੱਖ ਸਕਦਾ। ਏਨਾ ਭਾਰਾ ਅਮੀਰ ਖਾਣਾ! ਅੰਦਰ ਬੈਠੇ ਖਾਉ ਜਾਉ, ਢਿੱਡ ਵਧਾਈ ਜਾਉ, ਅੰਦਰ ਹੀ ਗੁਲਸਖਾਨੇ
ਵਿੱਚ ਵੜੀ ਜਾਉ। ਮੇਰੀ ਪੜਦਾਦੀ ਭਾਗ ਕੌਰ ਭਾਗੋ ਜਿਸ ਦੀ ਮੈਨੂੰ ਸੁਰਤ ਸੰਭਾਲ ਹੈ, ਹੱਥ ਵਿੱਚ ਸੋਟੀ
ਫੜ੍ਹੀ ਨੂੰਹਾਂ ਧੀਆਂ ਦਾ ਬਹੁਤ ਖਿਆਲ ਰੱਖਦੀ ਸੀ। ਮੇਰੇ ਪਿਤਾ ਜੀ ਸਿਰੀ-ਨਗਰ ਮਿਲਟਰੀ ਵਿਚੋਂ ਬਦਾਮ
ਛੁਹਾਰੇ ਗਿਰੀਆਂ ਤੇ ਹੋਰ ਵੀ ਲਟਰਮ-ਪਟਰਮ ਲੈ ਕੇ ਆਏ। ਮੇਰੀ ਚਾਚੀ ਅੰਦਰ ਜਾਏ ਮੁੱਠ ਭਰ ਲਿਆਏ ਤੇ
ਖਾਈ ਜਾਵੇ। ਉਹਨੂੰ ਟੱਟੀਆਂ ਲੱਗ ਗਈਆਂ। ਬਾਰ ਬਾਰ ਇਕ ਮੀਲ ਦੂਰ ਖੇਤਾਂ ਵਿੱਚ ਜਾਣਾ ਔਖਾ ਹੋ ਗਿਆ।
ਪਿਤਾ ਜੀ ਨੇ ਘਰ ਗੁਸਲਖ਼ਾਨੇ ਦੀ ਲੋੜ ਮਹਿਸੂਸ ਕੀਤੀ। ਮੁਸ਼ਕਲ ਸਮਝ ਕੇ ਬਾਹਰੋਂ ਕਾਰੀਗਰ ਲਿਆ ਕੇ ਘਰੇ
ਹੀ ਗਰਕੀ ਬਣਵਾ ਦਿੱਤੀ ਤਾਂ ਜੋ ਬਾਹਰ ਜਾਣ ਜਾ ਜੱਭ ਹੀ ਮੁੱਕ ਜਾਏ। ਪੜਦਾਦੀ ਨੇ ਵੇਖਿਆ ਕਿ ਇਹ
ਅਲੋਕਾਰ ਟੋਆ ਗਰਕੀ ਜਿਹੀ ਸਭ ਗੰਦ ਮੰਦ ਹਜ਼ਮ ਕਰੀ ਜਾਂਦੀ ਹੈ। ਉਹ ਖੁਸ਼ ਵੀ ਹੋਈ ਕਿ ਕੋਈ ਨਵੀਂ ਕਾਢ
ਮਿਲ ਗਈ ਹੈ ਪਰ ਨਾਲ ਹੀ ਉਲਾਂਭੇ ਜਿਹੇ ਨਾਲ ਉੱਚੀ ਜੇਹੀ ਬੋਲੀ, 'ਚੰਗਾ ਕੀਤਾ ਅਨੋਖ ਸਿਹਾਂ ਪੁੱਤਰਾ!
ਘਰੇ ਹੀ ਖਾਈ ਜਾਉ, ਘਰੇ ਹੀ ਹੱਗੀ ਜਾਉ, ਦੂਰ ਲੱਤਾਂ ਭੰਨਾ ਕੇ ਚਰ੍ਹੀਆਂ ਕਮਾਦਾਂ ਦੇ ਪੱਛ ਲੁਆ ਕੇ
ਸਾਹ ਸੁਖਾਲਾ ਕਰਨ ਨਾਲੋਂ ਤੂੰ ਤਾਂ ਘਰ ਵਿੱਚ ਹੀ ਬਹਿਸ਼ਤ ਲਿਆ ਦਿੱਤੀ ਹੈ... ਪਰ ਇਹ ਬੱਕਰੀਆਂ ਵਾਂਗ
ਜੋ ਖਾਈ ਜਾਂਦੀਆਂ ਨੇ, ਹਜ਼ਮ ਕਿਵੇਂ ਹੋਊ। ਫਿਰ ਤਾਂ ਦਸਤ ਮਰੋੜ ਹੀ ਲੱਗਣੇ ਨੇ।'
6.30 ਵਜੇ ਤੱਕ ਰਿਤੂ ਬੱਬੂ ਦੇ ਲੈਪਟੌਪ ਇੰਟਰਨੈੱਟ 'ਚੋਂ ਕੱਢੇ ਜਹਾਜ਼ ਦੇ ਰੂਟ ਨਕਸ਼ੇ ਅਨੁਸਾਰ ਏਨਾ
ਹੀ ਲੱਗਾ ਕਿ ਜਹਾਜ਼ ਸਾਰੀ ਰਾਤ ਭਰ ਕੰਢੇ ਦੇ ਨਾਲ ਨਾਲ ਜਾਵੇਗਾ ਪਰ ਸੱਤ ਵਜੇ ਦੂਰ ਹੁੰਦਾ ਹੋਇਆ
ਜਹਾਜ਼ ਧਰਤੀ ਦੇ ਕੰਢਿਆਂ ਤੋਂ ਅਦਿੱਖ ਹੋ ਕੇ ਸਾਡਾ ਇਹ ਵਹਿਮ ਤੋੜ ਗਿਆ ਤੇ ਡੂੰਘੇ ਸਮੁੰਦਰ ਵਲ
ਠਿੱਲ੍ਹ ਪਿਆ।
ਬਾਹਰੋਂ ਸਵੈ-ਚਲਤ ਚਾਬੀ ਨਾਲ ਕੋਈ ਸੇਵਾਦਾਰ ਪਰਚੀਆਂ ਸੁੱਟ ਗਿਆ ਹੈ। ਖੋਲ੍ਹ ਕੇ ਪੜ੍ਹਦਾ ਹਾਂ। ਸਾਰੇ
7 ਦਿਨ ਦਾ ਟੂਰ ਵੇਰਵਾ, ਠਹਿਰਾਓ, ਖਾਣੇ ਦਾ ਸਮਾਂ ਤੇ ਭੋਜਨ ਸੂਚੀ। ਮੈਂ ਜਲਦੀ ਜਲਦੀ ਝਾਤੀ ਮਾਰਦਾ
ਹਾਂ।
'ਅੱਜ 27 ਜੁਲਾਈ ਤੇ ਕੱਲ੍ਹ 28 ਜੁਲਾਈ ਸਾਰਾ ਦਿਨ ਜਹਾਜ਼ ਸਮੁੰਦਰ ਵਿੱਚ ਨਾਨ-ਸਟਾਪ ਚਲਦਾ ਰਹੇ ਗਾ
ਤੇ ਕਿਸੇ ਢਾਬ ਕੰਢੇ ਨਹੀਂ ਲੱਗੇ ਗਾ।'
ਅੱਜ ਦੀ ਖਾਣੇ ਦੀ ਮੀਨੂ ਵਿੱਚ ਸਭ ਠੀਕ ਠਾਕ ਹੀ ਸੀ। ਮੇਰਾ ਇਹ ਤੌਖਲਾ ਕਿ ਸਾਡਾ ਭਾਰਤੀ/ਪੰਜਾਬੀ
ਖਾਣਾ ਇੱਥੇ ਨਹੀਂ ਹੋਵੇਗਾ, ਮੀਨੂ ਪੜ੍ਹ ਕੇ ਸਭ ਭੁੱਲ ਗਿਆ। ਸਭ ਕੁਝ ਜੋ ਅਸੀਂ ਖਾ ਸਕਦੇ ਸੀ ਮੀਨੂ
ਵਿੱਚ ਹਾਜਰ ਸੀ, ਰੋਟੀ ਚਪਾਤੀ ਤੋਂ ਬਗੈਰ। ਬਾਊਲਿੰਗ ਕਰੇਲਾ, ਬੀਜੂ ਕਰੇਲਾ, ਉੱਬਲੀਆਂ ਕਰਾਰੀਆਂ
ਛੱਲੀਆਂ ਲੂਣ ਮਿਰਚ ਮਸਾਲਾ ਪਾ ਕੇ ਸਵਾਦ ਬਣਾਈਆਂ, ਸੀਲ ਮੱਛੀਆਂ, ਆਂਡੇ, ਸਬਜ਼ੀ ਤੇ ਫਲ ਮਿਕਸ ਸਲਾਦ।
ਖੁੱਲ੍ਹਾ ਸਮਾਨ ਸੀ, ਮੀਟ, ਮੁਰਗਾ, ਮੱਛੀ, ਸੀ ਫੂਡ, ਬੇਕਰੀ, ਚਾਵਲ ਤੇ ਫਿਰ 7.30 ਤੋਂ 9.30 ਤੱਕ
ਸਨਮਾਨ-ਸੂਚਕ ਸ਼ਰਾਬ ਦਾ ਸਵਾਦ ਚੱਖਣ ਦਾ ਪ੍ਰੋਗਰਾਮ ਸੁਣ ਕੇ ਮੈਂ ਵੀ ਜੇਬ ਟੋਹੀ। ਦਿਨ ਦਾ ਦਿੱਤਾ
ਸ਼ੈਂਪੇਨ ਦਾ ਮੁਫ਼ਤ ਕੂਪਨ ਮੇਰੀ ਜੇਬ ਵਿੱਚ ਜਲੂਣ ਕਰਨ ਲੱਗਾ। ਮੈਨੂੰ ਜਾਪਿਆ ਕਿ ਇਹ ਸਾਰੇ ਦਿਨ/ਰਾਤ
ਸੌਖੇ ਲੰਘ ਜਾਣਗੇ। ਸ਼ੈਂਪੇਨ ਵਾਲੇ ਕਮਰੇ ਦੀ ਸ਼ਾਨੋ-ਸ਼ੌਕਤ ਦੇਖ ਕੇ ਨਿਹਾਲ ਹੋ ਗਏ। ਆਪਣੇ ਵਾਊਚਰ ਹੱਥ
ਵਿੱਚ ਲੈ ਕੇ ਡੈੱਕ ਨੰਬਰ 5 ਦੇ ਖੁੱਲ੍ਹੇ ਡਾਈਨਿੰਗ ਹਾਲ ਵਿੱਚ ਪਹੁੰਚੇ। ਨਵੀਆਂ ਨਵੀਆਂ ਤਰੋ-ਤਾਜ਼ਾ
ਰੂਹਾਂ ਹੱਸਦੀਆਂ ਮੁਸਕਰਾਉਂਦੀਆਂ ਪੂਰੇ ਉਮਾਹ ਨਾਲ ਗਲਾਸੀਆਂ ਟਕਰਾਉਂਦੀਆਂ ਝੂਮ ਰਹੀਆਂ ਸਨ। ਮੇਰੇ
ਕਿਸੇ ਵੀ ਸਾਥੀ ਨੇ ਹਾਮੀ ਨਹੀਂ ਭਰੀ। ਮੈਨੂੰ ਵੀ ਹਿੱਕ ਤੇ ਪੱਥਰ ਰੱਖ ਕੇ ਇਹ ਦਰਵਾਜ਼ਾ ਉਲੰਘਣਾ ਪਿਆ।
ਸ਼ੈਂਪੇਨ ਦੇ ਨਾਲ ਬੀਅਰ ਵਿਸਕੀ ਵੀ ਸੀ ਭਾਵੇਂ ਇਹ ਮੁਫ਼ਤ ਨਹੀਂ ਸੀ।
ਪਿਛਲੇ ਕਈ ਦਿਨਾਂ ਤੋਂ ਪੇਟ ਖਰਾਬ ਰਹਿਣ ਕਰਕੇ ਕਾਈਜ਼ਰ ਦੇ ਡਾਕਟਰਾਂ ਨੇ ਮੇਰੇ ਐਕਸਰੇ, ਸਕੈਨਿੰਗ ਤੇ
ਅਲਟਰਾਸਾਊਂਡ ਕਰਾਏ ਪਰ ਕੋਈ ਨੁਕਸ ਨਾ ਮਿਲਣ ਕਰਕੇ ਸਿਰਫ਼ ਤੇਜ਼ਾਬੀ ਬਦਹਜ਼ਮੀ-ਰੋਧਕ ਕੈਪਸੂਲ ਖਾਣ ਲਈ
ਸਲਾਹ ਦਿੱਤੀ, ਜੋ ਮੈਂ ਇਕ ਹਫਤੇ ਤੋਂ ਖਾ ਰਿਹਾ ਹਾਂ। ਉਨ੍ਹਾਂ ਦੀ ਹਦਾਇਤ ਵਿੱਚ ਸ਼ਰਾਬ ਦਾ ਸੇਵਨ ਨਾ
ਕਰਨਾ, ਮੀਟ ਮੱਛੀ ਜਾਂ ਕੋਈ ਤਲੀ ਹੋਈ ਚੀਜ਼ ਨਾ ਖਾਣਾ ਸੀ। ਇਲਾਜ ਲਈ ਮੈਂ ਮਨਜ਼ੂਰ ਤਾਂ ਕਰ ਲਿਆ ਸੀ
ਪਰ ਅੱਜ ਮੇਰਾ ਮਨ ਮਚਲ ਕੇ ਬੇਈਮਾਨ ਹੋ ਰਿਹਾ ਹੈ। ਵੇਖੀ ਜਾਊ, ਮਰਨਾ ਹੈ ਤਾਂ ਇਕ ਦਿਨ ਮਰਨਾ ਹੀ
ਹੈ, ਭੁੱਖੇ ਢਿੱਡ ਮਰਨ ਨਾਲੋਂ ਖਾ ਪੀ ਕੇ ਮਰਨਾ ਬਿਹਤਰ ਹੈ। ਦੂਰ ਤੱਕ ਡੂੰਘੇ ਪਾਣੀਆਂ ਦੇ ਹਵਾਲੇ
ਸਾਰੇ ਟੱਬਰ ਸਮੇਤ ਪਤਾ ਨਹੀਂ ਕੱਲ੍ਹ ਦਾ ਦਿਨ ਚੜ੍ਹਨਾ/ਦੇਖਣਾ ਹੈ ਜਾਂ ਨਹੀਂ ਤੇ ਫਿਰ ਕਿਉਂ ਡਾਕਟਰਾਂ
ਦਾ ਕਹਿਣਾ ਮੰਨ ਕੇ ਊਣੇ ਢਿੱਡ ਮਰਿਆ ਜਾਵੇ। ਮੈਂ ਆਪਣੇ ਆਪ ਨੂੰ ਵਿਸਕੀ ਪੀਣ ਲਈ ਤਿਆਰ ਕਰ ਲੈਂਦਾ
ਹਾਂ। ਨਾਲੇ ਜੋ ਲੋਕ ਕਹਿੰਦੇ ਹਨ, ਸਮੁੰਦਰ ਵਿੱਚ ਜਾ ਕੇ ਬਹੁਤੇ ਲੋਕਾਂ ਦੇ ਦਿਲ ਘਟਣ ਲੱਗਦੇ ਹਨ,
ਉਲਟੀ ਆਉਣ ਲੱਗਦੀ ਹੈ, ਸ਼ਰਾਬ ਪੀਣ ਨਾਲ ਸ਼ਾਇਦ ਇਹ ਕੁਝ ਦੇਰ ਟਲ ਜਾਦੀ ਹੈ, ਇਹ ਵੀ ਤਾਂ ਇੱਕ ਦਾਰੂ
ਹੈ। ਪੀਣੇ ਵਾਲੇ ਕੋ ਪੀਣੇ ਕਾ ਬਹਾਨਾ ਚਾਹੀਏ। ਮੈਂ ਪੀਣ ਦਾ ਪੱਕਾ ਇਰਾਦਾ ਕਰ ਲਿਆ।
ਖਾਣੇ ਵਾਲੇ ਹਾਲ ਦੇ ਗੇਟ ਤੇ ਖੜ੍ਹੀ ਇਕ ਨੀਲੀ ਵਰਦੀ ਵਾਲੀ ਬੀਬੀ ਨੇ ਜੀ ਆਇਆਂ ਕਹਿੰਦਿਆਂ ਆਪਣੇ
ਚਾਰਟ ਨਾਲ ਸਾਡੇ ਪਹਿਚਾਣ-ਪੱਤਰ ਮਿਲਾ ਕੇ ਮੇਜ਼ ਨੰਬਰ 51 ਵੱਲ ਇਸ਼ਾਰਾ ਕੀਤਾ। ਇਕ ਹੋਰ ਕਰਮਚਾਰੀ
ਆਓ-ਭਗਤ ਕਰਦਾ ਉਸ ਮੇਜ਼ ਤੇ ਛੱਡ ਆਇਆ। ਥੋੜੀ ਦੂਰ ਹਟਵਾਂ 46 ਨੰਬਰ ਮੇਜ਼ ਵੀ ਸਾਡੇ ਵਾਸਤੇ ਸੁਰਖਿਅਤ
ਸੀ ਕਿਉਂਕਿ ਕਮਰਿਆਂ ਦੇ ਨੰਬਰ ਵਾਲੇ ਮੇਜ਼ ਹੀ ਦਿੱਤੇ ਗਏ ਸਨ। ਅਸੀਂ ਦੋਹੇਂ ਮੇਜ਼ਾਂ ਦੀ ਜਗ੍ਹਾ ਨਾਲ
ਨਾਲ ਪ੍ਰਾਵਧਾਨ ਕਰਨ ਦੀ ਬੇਨਤੀ ਕੀਤੀ। ਉਹ ਝੱਟ ਹੀ ਮੰਨ ਗਏ ਕਿਉਂਕਿ ਬਹੁਤੇ ਮੇਜ਼ ਅਜੇ ਖਾਲੀ ਹੀ ਸਨ।
ਬਾਹਰ ਸਮੁੰਦਰ ਨਾਲ ਲਗਦੀ ਸ਼ੀਸ਼ੇ ਦੀ ਖੱਬੀ ਕੰਧ ਦੇ ਨਾਲ ਦੋਹੇਂ ਮੇਜ਼ ਜੋੜ ਕੇ ਕੁਰਸੀਆਂ ਟਿਕਾ
ਦਿੱਤੀਆਂ ਗਈਆਂ। ਸਾਰੇ ਮੇਜ਼ ਬੜੇ ਸੁੰਦਰ ਤਰੀਕੇ ਨਾਲ ਕਰਾਕਰੀ ਤੇ ਹੋਰ ਸਟੀਲ ਬਰਤਨਾਂ ਨਾਲ ਸਜਾਏ ਪਏ
ਮਹਿਮਾਨਾਂ ਵਾਸਤੇ ਬਾਂਹਾਂ ਅੱਡੀ ਇੰਤਜ਼ਾਰ ਕਰ ਰਹੇ ਹਨ। ਜਲਦੀ ਹੀ ਹੱਥ ਵਿੱਚ ਨੋਟ-ਪੈਡ ਤੇ ਪੈੱਨਸਿਲ
ਲਈ ਇਕ ਹੋਰ ਵਰਦੀ ਵਾਲਾ ਕਰਿੰਦਾ ਆ ਪਹੁੰਚਾ।
'ਪ੍ਰੇਮ ਨਾਲ ਸਨਿਮਰ ਸਨਮਾਨ ਨਮਸਤੇ ਹੈ। ਮੇਰਾ ਨਾਮ ਸਾਕਿਨਸਨ ਹੈ। ਮੇਰੀ ਡਯੂਟੀ ਤੁਹਾਡੀ ਖ਼ਾਤਰਦਾਰੀ
ਲਈ ਲੱਗੀ ਹੈ। ਮੈਂ ਤੁਹਾਡੀ ਖਿਦਮਤ ਲਈ ਹਾਜਰ ਹਾਂ। ਤੁਸੀਂ ਭਾਰਤੀ ਖਾਣਾ ਲਿਖਾਇਆ ਹੈ, ਮੈਂ ਕੋਸ਼ਿਸ਼
ਕਰਾਂ ਗਾ ਕਿ ਤੁਹਾਡੀ ਮਨਮਰਜ਼ੀ ਨਾਲ ਹਰ ਖਾਹਸ਼ ਪੂਰੀ ਕਰ ਕੇ ਚੰਗੀ ਸਰਵਿਸ ਕਰ ਸਕਾਂ। ਮੈਂ ਤੁਹਾਡੀ
ਇੱਛਾ ਮਨਸ਼ਾ ਅਨੁਸਾਰ ਤਸੱਲੀ ਕਰਵਾ ਦਿਆਂ ਗਾਂ, ਮੈਨੂੰ ਪੂਰਾ ਭਰੋਸਾ ਹੈ। ਮੈਂ ਬਹੁਤ ਦੇਰ ਕੋਚੀਨ ਰਹਿ
ਕੇ ਆਇਆ ਹਾਂ। ਮੈਨੂੰ ਭਾਰਤੀਆਂ ਦੇ ਪਸੰਦ ਦੀ ਪੂਰੀ ਸੋਝੀ ਹੈ।' ਉਸ ਨੇ ਬੜੀ ਹਲੀਮੀ ਨਾਲ ਸਿਰ ਝੁਕਾ
ਕੇ ਆਪਣੀ ਜਾਣਕਾਰੀ ਦਿੱਤੀ।
'ਚੱਲੋ ਸ਼ੁਕਰ ਹੈ। ਖਾਣੇ ਦਾ ਮਸਲਾ ਹੱਲ ਹੋ ਗਿਆ। ਪਰ ਕੋਚੀਨ ਵਾਲੇ ਬੰਦੇ ਨੂੰ ਪੰਜਾਬੀਆਂ ਦੇ ਖਾਣੇ
ਦਾ ਕੀ ਪਤਾ!' ਮੇਰੇ ਮਨ ਧੁੜਕੂ ਜਿਹਾ ਬੈਠ ਗਿਆ। ਸੇਵਾਦਾਰ ਨੇ ਆਪਣੇ ਆਪ ਹੀ ਕੁਝ ਸੂਪ ਐਪੀਟਾਈਜ਼ਰ
ਲਿਆ ਧਰੇ ਤੇ ਫਿਰ ਕਿੰਨੀ ਦੇਰ ਬਾਅਦ ਜਿਵੇਂ ਸਾਗ ਪਾਲਕ ਭਾਰੀ ਮਿਕਦਾਰ ਪੱਠਿਆਂ ਵਾਂਗ ਭਰੀਆ ਭਰੀਆਂ
ਟ੍ਰੇਆਂ ਲਿਆ ਰੱਖੀਆਂ। ਏਨੀ ਭਾਰੀ ਮਾਤਰਾ ਵੇਖ ਕੇ ਹੈਰਾਨ ਹੋ ਗਏ ਕਿ ਇਹ ਸਾਗ ਖਾਣਾ ਸ਼ਾਇਦ ਖਰਾਬ ਨਾ
ਕਰੇ। ਦਸ ਫੀ ਸਦੀ ਖਾ ਕੇ ਸਾਗ ਛੱਡਣਾ ਪਿਆ ਤੇ ਫਰੂਟ ਨਾਲ ਪੇਟ ਭਰਨਾ ਪਿਆ। ਪੰਜਾਬੀ ਖਾਣੇ ਦਾ ਜਿਵੇਂ
ਨਾਮ-ਨਿਸ਼ਾਨ ਹੀ ਨਹੀਂ ਸੀ ਇਸ ਪ੍ਰੋਸ ਵਿੱਚ। ਸਾਰੇ ਬੰਗਾਲੀ ਮਦਰਾਸੀ ਖਾਣੇ ਸਨ। ਉਸ ਨੇ ਤਾਂ ਪੂਰੀ
ਸੁਹਿਰਦਤਾ ਨਾਲ ਵਾਹ ਲਾਈ ਪਰ ਸਾਡੇ ਕੰਮ ਨਾ ਆਈ। ਭਾਰਤੀ ਪੰਜਾਬੀ ਖਾਣੇ ਦੀ ਜਿਵੇਂ ਮੇਰਾ ਤਜਰਬਾ
ਹੈ, ਭਾਰਤ ਤੋਂ ਆਉਂਦੇ ਜਾਂਦੇ ਹਵਾਈ ਜਹਾਜ਼ਾਂ ਵਿੱਚ ਖਾਸ ਕਰੇ ਸਿੰਘਾਪੁਰ ਏਅਰ ਲਾਈਨ ਵਿੱਚ ਤਾਂ
ਮਨ-ਪਸੰਦ ਦਾ ਪੰਜਾਬੀ ਖਾਣਾ ਮਿਲ ਜਾਂਦਾ ਹੈ। ਜੇ ਵੱਧ ਘੱਟ ਖਾਧਾ ਜਾਏ ਤਾਂ ਉਨ੍ਹਾਂ ਦੀ 'ਸਿੰਘਾਪੁਰ
ਸ਼ਲਿੰਗ' ਦਾਰੂ ਸਭ ਪੱਥਰ ਕੰਕਰ ਹਜ਼ਮ ਕਰ ਦਿੰਦੀ ਹੈ। ਅਮਰੀਕਾ ਦੇ ਕੈਲੇਫੋਰਨੀਆਂ, ਕੈਨੇਡਾ ਦੇ
ਵਿਕਟੋਰੀਆ ਆਦਿ ਵਿੱਚ ਜਿੱਥੇ ਪੰਜਾਬੀ ਵੱਸੋਂ ਜ਼ਿਆਦਾ ਹੈ, ਪੰਜਾਬੀ ਖਾਣੇ ਆਦਿ ਦਾ ਚੰਗੇ ਮਿਲ ਜਾਂਦੇ
ਹਨ। ਸੁਣਨ ਨੂੰ ਪੰਜਾਬੀ ਗਾਣੇ ਤੇ ਵੇਖਣ ਲਈ ਫਿਲਮਾਂ ਵੀ ਮੰਗ ਅਨੁਸਾਰ ਮਿਲ ਜਾਂਦੀਆਂ ਹਨ।
ਸੇਵਾਦਾਰ ਨੂੰ ਅਗਲੇ ਦਿਨ ਦੀ ਮੀਨੂ ਬਾਰੇ ਦੱਸਿਆ ਕਿ ਇਕ ਆਈਟਮ ਮਾਸਾਹਾਰੀ ਵੀ ਪਾ ਦਿੱਤੀ ਜਾਵੇ,
ਬੱਚੇ ਮੀਟ ਚੂੰਡਣ ਦੇ ਸ਼ੌਕੀਨ ਹਨ। ਉਸ ਨੇ ਹੱਸਦੇ ਹੋਏ ਕਬੂਲ ਕਰ ਲਿਆ ਤੇ ਅੱਜ ਦੀ ਨਾ-ਪਸੰਦਗੀ ਦਾ
ਅਫ਼ਸੋਸ/ਪਛਤਾਵਾ ਜ਼ਾਹਿਰ ਕੀਤਾ ਤੇ ਸਲੂਟ ਮਾਰਦਾ ਚਲੇ ਗਿਆ। (ਚਲਦਾ)