ਦੂਜੀ ਕਿਸ਼ਤ
ਚਰਨਜੀਤ ਸਿੰਘ ਪੰਨੂ
.jpg)

ਮੁਸਾਫ਼ਰ-ਖ਼ਾਨੇ ਤੋਂ ਜਹਾਜ਼ ਤੱਕ ਹਰੀ ਪਲਾਸਟਿਕ-ਛੀਟ ਦੀ
ਇੱਕ ਛੱਤ-ਦਾਰ ਲੰਮੀ ਪੌੜੀ ਗੇਟ ਤੱਕ ਸਾਡੀ ਅਗਵਾਈ ਕਰ ਰਹੀ ਸੀ। ਜਹਾਜ਼ ਦੇ ਗੇਟ ਤੇ ਪਹੁੰਚ ਕੇ ਮੈਨੂੰ
ਮੇਰੇ ਪਿੰਡ ਦੀ ਯਾਦ ਆ ਗਈ। ਸਾਡੇ ਸੰਭਾਲ ਦੀ ਹੀ ਗੱਲ ਹੈ, ਬਹੁਤੀ ਪੁਰਾਣੀ ਨਹੀਂ। ਪਿੰਡਾਂ ਵਿੱਚ
ਜੰਜ ਦੇ ਚਾਹ ਪਾਣੀ ਵਾਲੀ ਜਗ੍ਹਾ ਤੇ ਨਾਈ ਲਾਗੀ ਪਾਣੀ ਦੀਆਂ ਬਾਲਟੀਆਂ ਤੇ ਜੱਗ, ਸਾਬਣ, ਤੌਲੀਏ ਲੈ
ਕੇ ਖੜ੍ਹੇ ਹੁੰਦੇ ਸਨ/ਹਨ। ਹਰ ਬਾਰਾਤੀ ਨੂੰ ਹੱਥ ਜੋੜਦੇ ਫਤਿਹ ਬੁਲਾਉਂਦੇ ਪਾਣੀ ਦੇ ਜੱਗ ਵੱਲ ਇਸ਼ਾਰਾ
ਕਰਦੇ।
'ਹੱਥ ਸੁੱਚੇ ਕਰੋ ਜੀ।'
ਬਾਅਦ ਵਿੱਚ ਇਹੀ ਰਿਵਾਜ ਹੁਣ ਟੂਟੀ ਵਾਲੀ ਪਾਣੀ ਦੀ ਟੈਂਕੀ ਦੇ ਨਾਲ ਸਾਬਣ ਤੇ ਤੌਲੀਆ ਰੱਖ ਦਿੱਤਾ
ਜਾਂਦਾ ਹੈ, ਨੇ ਲੈ ਲਿਆ ਪਰ ਮਤਲਬ ਇਸ ਦਾ ਵੀ ਉਹੀ ਹੈ, ਹੱਥ ਸੁੱਚੇ ਕਰਨ ਵਾਲਾ। ਜਹਾਜ਼ ਦੇ ਦਰਵਾਜ਼ੇ
ਤੋਂ ਕੁਝ ਪਹਿਲਾਂ ਅਜੇਹੀ ਹੀ ਇਕ ਮਸ਼ੀਨ ਪਈ ਮਿਲੀ ਜਿੱਥੋਂ ਯਾਤਰੀ ਅੰਦਰ ਜਾਣ ਤੋਂ ਪਹਿਲਾਂ ਹੱਥ ਸਾਫ
ਕਰਦੇ ਹਨ। ਇਹ ਹੱਥਾਂ ਦੀ ਸੁੱਕੀ ਸਫਾਈ ਕਰਦੀ ਹੈ, ਡਰਾਈ-ਵਾਸ਼। ਦਰਵਾਜੇ ਦੇ ਦੋਹੀਂ ਪਾਸੀਂ ਦੋ
ਸੁੰਦਰੀਆਂ ਹੱਥਾਂ ਵਿੱਚ ਫੁੱਲ-ਪੱਤੀਆਂ ਭਰੀਆਂ ਟੋਕਰੀਆਂ ਲੈ ਕੇ ਖੜ੍ਹੀਆਂ ਵੈੱਲਕਮ ਕਹਿੰਦੀਆਂ ਹਨ।
ਉਹ ਅੰਦਰ ਆਉਣ ਵਾਲੇ ਹਰ ਮਹਿਮਾਨ ਉੱਪਰ, ਬੁੱਲਾ 'ਚੋਂ ਮੁਸਕਰਾਹਟ ਮਿਲਾ ਕੇ ਫੁੱਲ-ਪੱਤੀਆਂ ਦੀ ਵਰਖਾ
ਕਰਦੀਆਂ ਹਨ ਜਿਵੇਂ ਗੁੰਗੀ ਬੋਲੀ ਵਿੱਚ ਕਹਿੰਦੀਆਂ ਹੋਣ, 'ਬਹਾਰੋ ਫੂਲ ਵਰਸਾਓ, ਮੇਰਾ ਮਹਿਬੂਬ ਆਇਆ
ਹੈ।' ਇਮੀਗ੍ਰੇਸ਼ਨ ਦੇ ਝੰਬੇ ਮਨ ਇਨ੍ਹਾਂ ਤਿਤਲੀਆਂ ਵਰਗੀਆਂ ਕੁੜੀਆਂ ਦੇ ਹੱਸਦੇ ਮਸਤਕ ਨੇ ਹੌਲੇ
ਫੁੱਲ ਕਰ ਦਿੱਤੇ।
ਜਹਾਜ਼ ਦੇ ਗੇਟ ਤੇ ਜਿੱਥੇ ਯਾਤਰੀਆਂ ਦੀ ਤਲਾਸ਼ੀ ਲਈ ਪੜਤਾਲ ਵਾਸਤੇ ਐਕਸ-ਰੇ ਤੇ ਹੋਰ ਯੰਤਰਾਂ ਵਿੱਚੋਂ
ਲੰਘਣਾ ਪਿਆ ਉਥੇ ਨਾਲ ਹੀ ਖੜ੍ਹੇ ਚੌਕੀਦਾਰ ਨੇ ਇਕ ਹੋਰ ਮਸ਼ੀਨ ਵੱਲ ਇਸ਼ਾਰਾ ਕੀਤਾ। ਉਸ ਦੇ ਥੱਲੇ ਹੱਥ
ਕੀਤੇ। ਆਪੇ ਸੀਂਅਅ ਕਰਕੇ ਕੁਝ ਤਰਲ ਪਦਾਰਥ ਆ ਡਿੱਗਾ ਤੇ ਹੋਰਾਂ ਵੱਲ ਵੇਖਦੇ ਮੈਂ ਵੀ ਹੱਥ ਮੂੰਹ
ਨੂੰ ਮਲ ਲਿਆ।
'ਇਹ ਜਰਾਸੀਮਾਂ ਨੂੰ ਮਾਰਨ ਵਾਲਾ {ਸਿਨਕਰੋ} ਘੋਲ ਹੈ ਤਾਂ ਜੋ ਤੁਹਾਡੇ ਨਾਲ ਬਾਹਰਲੇ ਮਾੜੇ ਜਰਾਸੀਮ
ਜਹਾਜ਼ ਦੇ ਅੰਦਰ ਆ ਕੇ ਵਾਤਾਵਰਨ ਨੂੰ ਗੰਧਲਾ ਨਾ ਕਰਨ ਅਤੇ ਦੂਸਰਿਆਂ ਦੇਸ਼ਾਂ, ਟਾਪੂਆਂ ਜਿੱਥੇ ਜਾਣਾ
ਹੈ, ਨੂੰ ਨਿਰਯਾਤ ਨਾ ਕਰ ਜਾਣ। ਇਹ ਕਿਰਿਆ ਇਤਿਹਾਦ ਵਜੋਂ ਤੁਹਾਨੂੰ ਹਰ ਪੜਾਅ/ ਸਟੇਸ਼ਨ ਤੋਂ ਬਾਹਰ
ਧਰਤੀ ਤੇ ਜਾ ਕੇ ਜਾਂ ਵਾਪਿਸ ਜਹਾਜ਼ ਵਿੱਚ ਆਉਣ ਸਮੇਂ ਕਰਨੀ ਲਾਜ਼ਮੀ ਹੈ। ਇਹ ਤੁਹਾਡੇ ਆਪਣੇ ਅਤੇ
ਸਰਬੱਤ ਦੇ ਭਲੇ ਵਾਸਤੇ ਹੈ। ਅਸੁਵਿਧਾ ਲਈ ਮੁਆਫ਼ੀ।'
ਗੇਟ ਤੇ ਖੜ੍ਹਾ ਇਕ ਪਹਿਰੇਦਾਰ ਬੜੀ ਹਲੀਮੀ ਨਾਲ ਪ੍ਰਚਾਰ ਕਰ ਰਿਹਾ ਸੀ। ਖੁਸ਼ਬੂਦਾਰ ਪਦਾਰਥ ਵਾਲੀਆਂ
ਅਜੇਹੀਆਂ ਮਸ਼ੀਨਾਂ ਲੋੜ ਅਨੁਸਾਰ ਹੱਥ ਸੁੱਚੇ ਕਰਨ ਲਈ ਅੱਜ ਕਲ ਲਗਭਗ ਹਰ ਵੱਡੇ ਹੋਟਲ ਤੇ ਜਨਤਕ ਥਾਂਵਾਂ
ਤੇ ਵੀ ਉਪਲਭਦ ਹਨ।
ਸਾਡਾ ਇਹ ਪ੍ਰਭਾਵ ਕਿ ਜਹਾਜ਼ ਇਹ ਸਾਰੇ ਸੱਤੇ ਦਿਨ ਡੂੰਘੇ ਸਮੁੰਦਰ ਵਿੱਚ ਹੀ ਰਹੇ ਗਾ, ਟੁੱਟ ਗਿਆ,
ਜਦ ਸਵਾਗਤੀ ਕਾਊਂਟਰ ਤੋਂ ਮਿਲੇ ਪੈਂਫਲਿਟ ਤੋਂ ਜਹਾਜ਼ ਦੇ ਟੂਰ-ਪ੍ਰੋਗਰਾਮ ਦੀ ਜਾਣਕਾਰੀ ਮਿਲੀ ਕਿ ਇਹ
ਅਮਰੀਕਾ ਦੀ ਅਲਾਸਕਾ ਸਟੇਟ ਦੇ ਕਈ ਮਹੱਤਵਪੂਰਨ ਸ਼ਹਿਰ ਜੁਨੋ, ਸਿਟਕਾ, ਕੈਚੀਕਾਨ ਅਤੇ ਕੈਨੇਡਾ ਦੀ
ਬ੍ਰਿਟਿਸ਼ ਕੋਲੰਬੀਆ ਸਟੇਟ ਦੀ ਰਾਜਧਾਨੀ 'ਵਿਕਟੋਰੀਆ' ਦੇ ਦਰਸ਼ਨ ਵੀ ਕਰਵਾਏ ਗਾ ਤੇ ਸਾਰੇ ਸਮੇਂ ਤੋਂ
ਕੋਈ ਤੀਸਰਾ ਹਿੱਸਾ ਥਲ/ਧਰਤੀ ਤੇ ਵੀ ਠਹਿਰਾਓ ਕਰਾਏ ਗਾ। ਕਾਗ਼ਜ਼ ਦੇ ਨਕਸ਼ੇ ਤੇ ਉੱਕਰੀ ਛੋਟੀ ਜਿਹੀ
ਲਕੀਰ ਤੇ ਉਸ ਵਿਚਲਾ ਫਾਸਲਾ ਸਮੁੰਦਰ ਵਿੱਚ ਬਹੁਤ ਵੱਡਾ ਵਿਸ਼ਾਲ ਹੋ ਗਿਆ।
ਸਮੁੰਦਰ ਦੀ ਹਿੱਕ ਤੇ ਚਲਦਾ ਫਿਰਦਾ ਪਿਕਨਿਕ ਸਪਾਟ, ਅਮਸਟਰਡਮ ਨਾਮੀ 'ਹਾਲੈਂਡ ਅਮਰੀਕਾ ਕੰਪਨੀ' ਦਾ
ਇਹ ਸਮੁੰਦਰੀ ਜਹਾਜ਼ 780 ਫੁੱਟ ਲੰਬਾ ਤੇ 106 ਫੁੱਟ ਚੌੜਾ ਹੈ। ਸਮੁੰਦਰ ਦੀ ਹਿੱਕ ਤੇ ਟਹਿਲਦਾ ਇਹ
ਇਕ ਬਾਦਸ਼ਾਹੀ ਮਹਿਲ ਵਾਂਗ ਹੈ। ਇਸ ਦੇ 10 ਡੈੱਕ ਹਨ, 700 ਰਿਹਾਇਸ਼ੀ ਸੂਟ ਹਨ ਜਿਸ ਵਿੱਚ 1380
ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਹੈ। 647 ਜਹਾਜ਼ ਦੇ ਕਰਮਚਾਰੀ ਹਨ। ਇਹ ਡੀਜ਼ਲ ਉਤਪਾਦਿਤ ਬਿਜਲੀ
ਜਿਸ ਵਾਸਤੇ ਜਹਾਜ਼ ਵਿੱਚ ਕਈ ਜੈਨਰੇਟਰ ਹਨ, ਨਾਲ ਚੱਲਣ ਵਾਲਾ ਸਵੈ-ਚਾਲਕ ਇੰਜਣ ਵਾਲਾ ਅੱਤ ਆਧੁਨਿਕ
ਜਹਾਜ਼ ਹੈ। ਇਸ ਦੀ ਭਾਰ ਚੁੱਕਣ ਦੀ ਪੂਰੀ ਸਮਰਥਾ 61000 ਟਨ ਹੈ। ਉਪਰ ਵਾਲੀਆਂ ਮੰਜ਼ਲਾਂ ਤੱਕ ਜਾਣ ਲਈ
16 ਐਲੀਵੇਟਰ ਤੇ 16 ਪੌੜੀਆਂ ਹਨ। ਸਭ ਤੋਂ ਥੱਲੇ ਵਾਲੇ ਸਮੁੰਦਰ ਦੇ ਪਾਣੀ ਦੀ ਸਤ੍ਹਾ ਦੇ ਨੇੜੇ
ਡੈੱਕ ਨੰਬਰ ਇੱਕ ਨੂੰ ਡਾਲਫਿਨ ਡੈੱਕ ਬੋਲਦੇ ਹਨ। ਉਸ ਵਿੱਚ 165 ਰਿਹਾਇਸ਼ੀ ਬੰਗਲੇ ਹਨ। ਦੂਸਰਾ ਡੈੱਕ
ਨੰਬਰ 2 ਵਿੱਚ 216 ਸੂਟ ਹਨ। ਤੀਸਰਾ ਪਰੋਸਨੇਟ (ਹੇਠਲਾ) ਵਿੱਚ 134 ਕਮਰੇ ਹਨ। ਚੌਥੀ ਮੰਜ਼ਿਲ ਡੈੱਕ
ਨੰਬਰ. 4 ਪਰੋਮੈਨਾਡੋ ਡੈੱਕ ਵਿੱਚ ਫੁਹਾਰੇ, ਡਾਂਸਿੰਗ ਰੂਮ, ਫੋਟੋ ਗੈਲਰੀ, ਤਲਾਬ, ਕੁਈਨਜ਼ ਲੌਂਜ,
ਥੇਟਰ, ਆਰਟ ਇਮਪੋਰੀਅਮ ਤੇ ਐਟਰੀਅਮ ਆਦਿ ਹਨ। ਮੁਸਾਫ਼ਰਾਂ ਦੇ ਦਿਲ-ਬਹਿਲਾਵੇ ਲਈ ਇਕ ਅਮਿਊਜ਼ਮੈਂਟ
ਗਰੁੱਪ ਦੇ ਮੈਂਬਰ ਹੱਥ ਜੋੜਦੇ ਹਰ ਮਹਿਮਾਨ ਦਾ ਮਨ ਮੋਹ ਲੈਂਦੇ ਹਨ। ਜਹਾਜ਼ ਵਿੱਚ ਫਿਰਦੀਆਂ ਇਹ
ਰੰਗ-ਬਰੰਗੀਆਂ ਕਾਲੀਆਂ ਗੋਰੀਆਂ ਕੁੜੀਆਂ ਹੱਸਦੀਆਂ ਨੇ, ਮੁਸਕਰਾਉਂਦੀਆਂ ਨੇ, ਦੰਦ ਕੱਢਦੀਆਂ ਨੇ,
ਚਲਿੱਤਰ ਨਖਰੇ ਕਰਦੀਆਂ ਨੇ, ਅੱਖਾਂ ਮੀਟਦੀਆਂ, ਬੁੱਲ੍ਹ ਟੁੱਕਦੀਆਂ ਨੇ, ਗੱਲ੍ਹਾਂ 'ਚ ਟੋਏ ਪਾਉਂਦੀਆਂ
ਹੱਥ ਮਿਲਾਉਂਦੀਆਂ ਨੇ, ਗਲੇ ਮਿਲਦੀਆਂ ਬੋਸੇ ਲੈਣ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਇੱਕ ਅਲੱਗ
ਤੇ ਮਨਮੋਹਣੀ ਨੀਲੀ ਬੂਟੀਦਾਰ ਵਰਦੀ ਇਨ੍ਹਾਂ ਦੀ ਨਿਵੇਕਲੀ ਪਛਾਣ ਹੈ।
ਜਹਾਜ਼ ਦਾ
ਕਪਤਾਨ ਵਾਨਜਾਨੇ, ਹੋਟਲ, ਡੈੱਕ ਅਤੇ ਇੰਜਣ ਦੀਆਂ ਸਾਰੀਆਂ ਸਰਗਰਮੀਆਂ ਦੀ ਦੇਖ ਭਾਲ ਕਰਨ
ਤੋਂ ਉਪਰੰਤ ਜਹਾਜ਼ ਨੂੰ ਠੀਕ ਢੰਗ ਨਾਲ ਚਲਾਉਣ ਅਤੇ ਅਮਲੇ ਸਮੇਤ ਮੁਸਾਫ਼ਰਾਂ ਦੀ ਸਲਾਮਤੀ ਦਾ
ਜ਼ਿੰਮੇਵਾਰ ਹੈ। 1957 ਵਿੱਚ ਜਨਮਿਆ ਕੈਪਟਨ ਵਾਨਜਾਨੇ ਇਕ ਸਾਧਾਰਨ ਸੀ-ਮੈਨ ਦੇ ਤੌਰ ਤੇ 1977 ਵਿੱਚ
ਭਰਤੀ ਹੋਇਆ। ਉਸਨੇ ਸਮਾਨ ਵਾਲੇ ਜਹਾਜ਼ ਚਲਾਏ, ਡੂੰਘੇ ਸਮੁੰਦਰਾਂ ਦੀ ਖੋਜ ਕਰਨ ਵਾਲੇ ਜਹਾਜ਼ ਚਲਾਏ ਤੇ
ਨਾਲ ਨਾਲ 'ਨਿਊਟੀਕਲ ਕਾਲਜ ਵੈਨ ਹੈਲਡਰ' ਤੋਂ ਗਰੈਜੂਏਸ਼ਨ ਕੀਤੀ। 1981 ਵਿੱਚ ਉਸ ਨੇ 'ਹਾਲੈਂਡ
ਅਮਰੀਕਾ ਲਾਈਨ' ਦੀ ਨੌਕਰੀ ਜੁਆਇਨ ਕੀਤੀ। ਜਹਾਜ਼ ਦੇ ਚੌਥੇ ਅਫ਼ਸਰ ਤੋਂ ਤਰੱਕੀ ਕਰਦਾ ਕਈ ਸਮੁੰਦਰੀ
ਕਰਤੱਵ ਦਿਖਾਉਂਦਾ 1994 ਵਿੱਚ ਇਸ ਸਭ ਤੋਂ ਉੱਚੇ ਅਹੁਦੇ ਕਮਾਂਡਰ ਤੱਕ ਪਹੁੰਚ ਗਿਆ। ਅੱਜ ਕੱਲ ਉਹ
ਇਸ ਬਹੁਤ ਵੱਡੇ ਸ਼ਾਹਾਨਾ ਜਹਾਜ਼ ਅਮਸਟਰਡਮ ਦਾ ਪੂਰਾ ਕੰਟ੍ਰੋਲਰ ਹੈ। ਲਹਿਰਾਂ ਦੀ ਹਿੱਕ ਤੇ ਟਹਿਲਦੇ
ਮਟਰ-ਗਸ਼ਤੀ ਕਰਦੇ ਇਸ ਵੱਡੇ ਸਾਰੇ ਸ਼ਹਿਰ ਦਾ ਮੇਅਰ ਹੈ ਉਹ। ਉਸ ਦੇ ਹੁਕਮ ਤੋਂ ਬਿਨਾ ਚਿੜੀ ਵੀ ਨਹੀਂ
ਫੁੜਕ ਸਕਦੀ ਇਸ ਜਹਾਜ਼ ਤੇ। ਉਸ ਦਾ ਜੱਦੀ ਪੁਸ਼ਤੀ ਘਰ ਹਾਲੈਂਡ ਵਿਖੇ ਹੈ। ਵਿਆਹ ਤੋਂ ਅਜੇ ਤੱਕ ਉਸ ਨੇ
ਤੋਬਾ ਹੀ ਕਰ ਰੱਖੀ ਹੈ।
ਦੋਹਾਂ ਬਾਲਕੋਨੀਆਂ ਤੋਂ ਬਾਹਰ ਨੂੰ ਖੁੱਲ੍ਹਦੇ ਕਮਰੇ ਜਿਨ੍ਹਾਂ ਵਿਚਲੀ ਬਾਹਰ ਸ਼ੀਸ਼ੇ ਰਾਹੀਂ ਸਮੁੰਦਰ
ਤੱਕ ਸਿੱਧੀ ਪਹੁੰਚ ਹੈ, ਦਾ ਕਿਰਾਇਆ 1500 ਡਾਲਰ ਤੇ ਵਿਚਕਾਰ ਦੇ ਕਮਰਿਆਂ ਦਾ ਕਿਰਾਇਆ 1000 ਡਾਲਰ
ਹੈ। ਬਾਹਰਲੇ ਕਮਰਿਆਂ ਵਾਲੇ ਲੋਕ ਤਾਕੀ ਰਾਹੀਂ ਹਰ ਸਮੇਂ ਲੋੜ ਅਨੁਸਾਰ ਆਪਣੀ ਮਨ ਮਰਜ਼ੀ ਨਾਲ ਸਮੁੰਦਰ
ਦਾ ਸਿੱਧਾ ਨਜ਼ਾਰਾ ਵੇਖ ਸਕਦੇ ਹਨ। ਅੰਦਰਲਿਆਂ ਕਮਰਿਆਂ ਦਾ ਕਿਰਾਇਆ ਘੱਟ ਹੈ ਜੋ ਬਾਹਰ ਨੂੰ ਨਹੀਂ
ਖੁੱਲ੍ਹਦੇ ਤੇ ਸਮੁੰਦਰ ਦਾ ਨਜ਼ਾਰਾ ਲੈਣ ਲਈ ਉਨ੍ਹਾਂ ਮੁਸਾਫ਼ਰਾਂ ਨੂੰ ਉੱਪਰਲੇ ਡੈੱਕ ਤੇ ਜਾਣਾ ਪੈਂਦਾ
ਹੈ। ਇਹ ਉਹ ਲੋਕ ਵੀ ਹਨ ਜਿਨ੍ਹਾਂ ਨੇ ਸਮੁੰਦਰ ਪਹਿਲਾਂ ਵੇਖਿਆ ਹੈ ਤੇ ਉਹ ਲੋਕ ਆਮ ਤੌਰ ਤੇ ਉੱਪਰ
ਡੈੱਕ ਨੰਬਰ 8 ਜਾਂ 9 ਤੇ ਆਰਾਮ ਕੁਰਸੀਆਂ ਤੇ ਬੈਠ ਕੇ ਸਾਰਾ ਨਜ਼ਾਰਾ ਵੇਖ ਕੇ ਮਨ ਦੀ ਤਸੱਲੀ ਕਰ
ਲੈਂਦੇ ਹਨ ਤੇ ਆਪਣਾ ਫਾਲਤੂ ਖਰਚਾ ਬਚਾ ਲੈਂਦੇ ਹਨ। ਵੈਸੇ ਅਜੇਹੇ ਲੋਕ ਜੋ ਇਸ ਤਰ੍ਹਾਂ ਇਨ੍ਹਾਂ
ਅਜੇਹੇ ਸ਼ੌਂਕੀ ਦੌਰਿਆਂ ਲਈ ਨਿਕਲਦੇ ਹਨ, ਉਨ੍ਹਾਂ ਦੇ ਮਨ ਵਿੱਚ ਡਾਲਰ ਬਚਾਉਣ ਦੀ ਲੋਭ ਲਾਲਸਾ ਘੱਟ
ਹੀ ਦੇਖੀ ਗਈ ਹੈ।
ਬੱਬੂ ਦਾ 2546 ਨੰਬਰ ਕਮਰਾ ਜਹਾਜ਼ ਦੀ ਖੱਬੀ ਬਾਹੀ ਬਾਹਰ ਵੱਲ ਨੂੰ ਮੋਟੇ ਸ਼ੀਸ਼ੇ ਦੀ ਕੰਧ ਵਾਲੀ
ਪਿਛਵਾੜੀ ਤੇ ਸਮੁੰਦਰ ਦਾ ਨਜ਼ਾਰਾ ਦੇਖਣ ਲਈ ਬਹੁਤ ਢੁਕਵਾਂ ਹੈ। ਮੇਰਾ 2551 ਖੁਸ਼ਕਿਸਮਤੀ ਨਾਲ ਸੱਜੇ
ਪਾਸੇ ਉਸੇ ਹੀ ਮੰਜ਼ਿਲ ਤੇ ਹੈ ਪਰ ਉਹ ਵੀ ਬਾਹਰ ਵੱਲ ਸਮੁੰਦਰ ਨੂੰ ਪਿਛਵਾੜੀ ਲੱਗਦੀ ਹੈ। ਬੜੇ ਵੱਡੇ
ਮੋਟੇ ਸ਼ੀਸ਼ੇ ਦੇ ਪੜਦੇ ਹਟਾ ਕੇ ਮੈਂ ਸਾਰਾ ਸਮੁੰਦਰ ਆਪਣੀ ਝੋਲੀ ਵਿੱਚ ਪਾ ਲਿਆ ਅਤੇ ਸਾਰਾ ਪਾਣੀ
ਆਪਣੀਆਂ ਅੱਖਾਂ ਵਿਚ ਸਮਾ ਲਿਆ। ਸਮੁੰਦਰ ਦੀ ਗਾਗਰ ਆਪਣੇ ਕਲਾਵੇ ਵਿੱਚ ਲੈ ਲਈ।
ਬੱਬੂ ਦੇ ਕਮਰੇ ਦੀ ਸਫਾਈ ਦਾ ਹਾਲ ਮੰਦਾ ਹੀ ਸੀ। ਉਸ ਨੇ ਆਪਣੇ ਅੰਦਰ ਵੜਦੇ ਹੀ ਸੁਮਕੇ ਜਿਹੇ ਮਾਰੇ
ਤੇ ਨੱਕ ਸਿਕੋੜਿਆ। ਸਿਗਰਟ ਦੀ ਹਵਾੜ੍ਹ ਤੇ ਤੂਸ ਸਾਨੂੰ ਵੀ ਬਾਹਰ ਧਕੇਲ ਗਈ। ਏਨਾ ਮਹਿੰਗੇ ਭਾਅ ਦਾ
ਇਤਨਾ ਭੱਲ ਭਾਅ ਵਾਲਾ ਡੀਲਕਸ ਕਮਰਾ ਤੇ ਇੰਤਜ਼ਾਮ ਏਨਾ ਨਿਕੰਮਾ! ਸਿਗਰਟ ਦੀ ਬਦਬੂ ਇਸ ਦੇ ਜਿਵੇਂ ਹੱਡਾਂ
ਵਿੱਚ ਰਚੀ ਹੋਈ ਸੀ। ਬਾਹਰ ਠਹਿਰਨ ਸਮੇਂ ਚੰਗਾ ਕੈਂਪ ਸਥਾਪਤ ਕਰਨਾ ਹੀ ਸਭ ਤੋਂ ਵੱਧ ਜਰੂਰੀ ਹੈ ਤੇ
ਜੇ ਤੁਹਾਡਾ ਕੈਂਪ ਹੀ ਠੀਕ ਤਸੱਲੀਬਖ਼ਸ਼ ਨਹੀਂ ਤਾਂ ਸਾਰੇ ਫਨ ਤੇ ਸਮਾਂ ਵਿਅਰਥ ਗਵਾਉਣ ਵਾਲੀ ਗੱਲ ਹੈ।
ਟੈਲੀਫੋਨ ਤੇ ਉੱਪਰਲਿਆਂ ਅਧਿਕਾਰੀਆਂ ਤੱਕ ਸ਼ਕਾਇਤ ਕੀਤੀ। ਜਲਦੀ ਹੀ ਸਫਾਈ ਵਾਲੇ ਆ ਕੇ ਸਫਾਈ ਕਰ ਗਏ
ਪਰ ਮੁਸ਼ਕ ਨਹੀਂ ਗਿਆ। ਪਲੰਬਰ ਆ ਕੇ ਹੱਥ ਜੋੜ ਕੇ ਮੁਆਫ਼ੀ ਮੰਗਦਾ ਬੰਦ ਪਈ ਗੁਸਲਖ਼ਾਨੇ ਦੀ ਸੀਟ ਸਾਫ
ਕਰ ਗਿਆ। ਇਕ ਹੋਰ ਸੇਵਾਦਾਰ ਆ ਗਿਆ ਤੇ ਪੁੱਛਣ ਲੱਗਾ।
'ਦੱਸੋ ਸਰ! ਹੁਕਮ ਕਰੋ, ਮੈਂ ਕਿੰਨੇ ਵਜੇ ਆਵਾਂ ਤੇ ਤੁਹਾਡਾ ਸੋਫਾ-ਬਿਸਤਰਾ ਖੋਲ੍ਹ ਦੇਵਾਂ?'
ਸਾਨੂੰ ਉਹ ਸਾਡੇ 2551 ਨੰਬਰ ਵੱਲ ਲੈ ਗਿਆ। ਉਥੋਂ ਸੈਂਟ ਦੀ ਭਿੰਨੀ ਭਿੰਨੀ ਖ਼ੁਸ਼ਬੋ ਲਪਟਾਂ ਮਾਰ ਰਹੀ
ਸੀ।
.jpg)
ਮੈਂ ਉਸ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਤੀਸਰੇ ਬੈੱਡ ਦੀ ਤਾਂ ਸ਼ਾਇਦ ਲੋੜ ਹੀ ਨਾ ਪਵੇ ਕਿਉਂਕਿ
ਦੋਵੇਂ ਕਮਰਿਆਂ ਵਿੱਚ ਦੋ ਬੱਚੇ ਹਨ, ਇਸ ਲਈ ਸੋਫਾ ਬੈੱਡ ਦੀ ਜ਼ਰੂਰਤ ਜੇ ਪਵੇਗੀ ਤਾਂ ਅਸੀਂ ਆਪੇ ਹੀ
ਖੋਲ੍ਹ ਲਵਾਂਗੇ। ਏਨੇ ਕੁ ਪੱਤਣ ਤਾਂ ਅਸੀਂ ਪਹਿਲਾਂ ਹੀ ਤਰੇ ਹੋਏ ਹਾਂ।
ਸਾਡੇ ਕੋਲ ਦੋਹੇਂ 2551 ਤੇ 2546 ਨੰਬਰ ਡੀਲਕਸ ਕਮਰੇ ਹਨ। 18 ਫੁੱਟ ਲੰਬੇ 11 ਫੁੱਟ ਚੌੜੇ ਬੜੇ
ਵੱਡੇ ਸੂਟ ਵਿੱਚ ਹਰ ਕਿਸਮ ਦੀ ਸ਼ਾਨਦਾਰ ਸਹੂਲਤ ਉਪਲਬਧ ਹੈ। ਦੋ ਪਲੰਘ, ਡਬਲ ਬੈੱਡ ਤੋਂ ਇਲਾਵਾ
ਸਪਰਿੰਗਾਂ ਵਾਲਾ ਇਕ ਸੋਫਾ ਜੋ ਖੁੱਲ੍ਹ ਕੇ ਮੰਜਾ ਵੀ ਬਣ ਸਕਦਾ ਹੈ, ਬੜੇ ਉੱਚੇ ਕੋਟੀ ਦੇ ਵਿਛਾਉਣੇ,
ਦੋ ਦੋ ਸਿਰਹਾਣੇ, ਕੰਬਲ, ਬਾਥਰੂਮ ਟਾਇਲੈੱਟ, ਤੌਲੀਏ, ਸ਼ੈਂਪੂ, ਸਾਬਣ, ਹਜਾਮਤੀ ਸਮਾਨ, ਵੱਡਾ ਸ਼ੀਸ਼ਾ,
ਕੱਪੜੇ ਟੰਗਣ ਵਾਲੀਆਂ ਕਿੱਲੀਆਂ, ਜੁਰਾਬਾਂ, ਸੂਈ, ਧਾਗੇ ਦੀ ਗੁੱਟੀ/ਫਿਰਕੀ, ਖਾਨੇ ਅਲਮਾਰੀਆਂ,
ਫਰਿੱਜ, ਟੀ.ਵੀ., ਮੇਜ਼, ਦਰਾਜ਼, ਸੋਫੇ, ਕੁਰਸੀਆਂ, ਤਰਪਾਈਆਂ, ਟੈਲੀਫੋਨ, ਟੇਬਲ-ਲੈਂਪ, ਪੈੱਨ,
ਪੈਨਸਿਲ, ਕਾਗ਼ਜ਼ ਦੇ ਪੈਡ, ਸਿਗਰਟ ਲਈ ਐਸ਼-ਟ੍ਰੇ {ਜੋ ਅਸੀਂ ਪਾਸੇ ਟਿਕਾ ਦਿੱਤੀ', ਟਿਊਬਾਂ, ਛੱਤਰੀਆਂ,
ਚੱਪਲਾਂ, ਰੇਨ ਕੋਟ, ਲਾਈਫ਼ ਜੈਕਟਾਂ ਆਦਿ।
ਡੈੱਕ ਨੰਬਰ ਪੰਜ ਨੂੰ ਉੱਪਰਲਾ ਪਰੋਮੈਨਾਡੋ ਡੈੱਕ ਕਹਿੰਦੇ ਹਨ ਜਿਸ ਵਿੱਚ ਲਾ-ਫਾਊਟਿੰਗ, ਡਾਈਨਿੰਗ
ਰੂਮ, ਕੈਫੇ, ਐਕਸਪਲੋਰਰ ਲਾਬੀ, ਸਪੋਰਟਸ ਦੁਕਾਨਾਂ, ਕੁਈਨਜ਼ ਲੌਂਗੀ, ਉਸ਼ੀਮ ਬਾਰ, ਸਪੋਰਟਸ ਬਾਰ,
ਹਡਸਮ ਰੂਮ, ਰੈਮ ਬ੍ਰੈਂਟਿਕ ਲੌਂਗੀ ਆਦਿ ਦੇ ਨਜ਼ਾਰੇ ਹਨ। ਡੈੱਕ ਨੰਬਰ 6 ਵਿੱਚ ਰਿਹਾਇਸ਼ੀ ਕਮਰੇ 6100
ਨੰਬਰ ਤੋਂ 6228 =129 ਕਮਰੇ ਹਨ ਤੇ ਚਾਰ ਚੁਫੇਰੇ ਸਮੁੰਦਰ ਨੂੰ ਖੁੱਲ੍ਹਦਾ ਬਰਾਂਡਾ ਹੈ, ਜਿਸ ਵਿੱਚ
ਯਾਤਰੀ ਟਹਿਲਦੇ ਸੈਰ ਕਰਦੇ, ਕਸਰਤ ਕਰਦੇ ਤੇ ਲੁਤਫ਼ ਲੈਂਦੇ ਹਨ। ਕਮਰਿਆਂ ਤੱਕ ਅੱਪੜਨ ਲਈ ਖੁੱਲ੍ਹਾ
ਕੌਰੀਡੋਰ ਹੈ। ਡੈੱਕ ਨੰਬਰ 7 ਨੂੰ ਨੈਵੀਗੇਸ਼ਨ ਡੈੱਕ ਕਹਿੰਦੇ ਹਨ। ਉਸ ਵਿੱਚ 158 ਰਿਹਾਇਸ਼ੀ ਕਮਰੇ ਹਨ।
ਅੱਠਵੀਂ ਮੰਜ਼ਿਲ ਨੂੰ ਲਿੱਡੋਂ ਡੈੱਕ ਕਹਿੰਦੇ ਹਨ। ਉਸ ਵਿੱਚ ਵੀ ਸਵਿਮਿੰਗ ਪੂਲ ਹੈ। ਜਿਸ ਵਿੱਚ
ਮੁਸਾਫ਼ਰ ਨਹਾ ਕੇ ਆਨੰਦ ਮਾਣਦੇ ਤਨ ਮਨ ਦੀ ਮੈਲ ਧੋਂਦੇ ਹਨ। ਇਸ ਵਿੱਚ ਹਾਟ-ਟਿਊਬ, ਗਰਮ ਪਾਣੀ ਦੇ
ਫੁਹਾਰੇ, ਲਿਬੋ ਬੁਆਏ, ਲਿਲੋ ਗਰਿੱਲ, ਜੈੱਮ, ਸੀ ਵਿਉ ਹੈ, ਗਰੀਨ ਸੈਲੂਨ ਹੈ। ਡੈੱਕ ਨੰਬਰ. 9
ਸਪੋਰਟ ਡੈੱਕ ਹੈ ਜਿਸ ਵਿੱਚ ਕਲੱਬ ਹਾਲ, ਸਪੋਰਟਸ, ਕੋਰਟ ਅਤੇ ਕਰਮਚਾਰੀਆਂ ਦੀ ਰਿਹਾਇਸ਼ ਹੈ। ਇਸ
ਵਿੱਚ ਇੰਟਰਨੈੱਟ, ਕੰਪਿਊਟਰ, ਲਾਇਬਰੇਰੀ, ਮੀਟਿੰਗ ਰੂਮ ਹਨ ਜਿੱਥੇ ਪੇਸ਼ਾਵਰ ਤਕਨੀਕੀ ਪ੍ਰੋਫੈਸ਼ਨਲ
ਕੰਪਨੀਆਂ ਕਾਨਫਰੰਸਾਂ ਕਰਦੀਆਂ ਹਨ। ਦਿਲ ਪਰਚਾਵੇ ਦੇ ਸਾਧਨ ਵੀ ਬਹੁਤ ਦਿਲਚਸਪ ਹਨ।
3.30 ਵਜੇ ਕਮਰਿਆਂ ਨਾਲ ਅਜੇ ਜਾਣ ਪਹਿਚਾਣ, ਛਾਣ-ਬੀਣ ਅਤੇ ਸਮਾਨ ਦੀ ਸੈੱਟਿੰਗ ਹੀ ਕਰ ਰਹੇ ਸਾਂ ਕਿ
ਬਿਗਲ ਦੀ ਆਵਾਜ਼ ਨੇ ਜਹਾਜ਼ ਵਿੱਚ ਤਰਥੱਲੀ ਜਿਹੀ ਮਚਾ ਦਿੱਤੀ। ਨਾਲ ਹੀ ਇਕ ਘੋਸ਼ਣਾ ਕਿ ਆਪਾਤਕਾਲ ਵੇਲੇ
ਦੀ ਰੀਹਰਸਲ ਵਾਸਤੇ ਸਭ ਮਹਿਮਾਨ ਆਪਣੀਆਂ ਆਪਣੀਆਂ ਲਾਈਫ਼ ਜੈੱਕਟਾਂ ਪਾ ਕੇ ਇਸ ਵਿੱਚ ਸ਼ਾਮਲ ਹੋਣ ਦੀ
ਖੇਚਲ ਕਰਨ। ਬਾਹਰ ਬਰਾਂਡੇ ਵੱਲ ਮੂੰਹ ਕੱਢ ਕੇ ਡਿੱਠਾ, ਸਾਰੇ ਲੋਕ ਮੀਂਹ ਪੈਣ ਬਾਦ ਭੌਣ ਵਿੱਚੋਂ
ਨਿਕਲਦੇ ਕੀੜਿਆਂ ਵਾਂਗ ਭੁਰਲ ਭੁਰਲ ਕਰਦੇ ਆਪਣੇ ਕਮਰਿਆਂ 'ਚੋਂ ਨਿਕਲ ਕੇ ਬਾਹਰਲੇ ਬਰਾਂਡੇ ਵੱਲ ਧਾ
ਰਹੇ ਸਨ। ਹਰੇਕ ਦੇ ਗਲ ਸੰਤਰੀ ਰੰਗੀਆਂ ਜੈਕਟਾਂ ਫਬ ਰਹੀਆਂ ਸਨ। ਸਾਡੇ ਵਰਗੇ ਪਿਛਲੱਗ ਜਿਨ੍ਹਾਂ ਨੂੰ
ਪਹਿਲਾਂ ਸੂਚਨਾ ਨਹੀਂ ਸੀ, ਉਹੀ ਲੇਟ ਹਨ। ਅਸੀਂ ਵੀ ਜਲਦੀ ਜਲਦੀ ਅਲਮਾਰੀਆਂ ਖੋਲ੍ਹੀਆਂ ਤੇ ਲਾਈਫ਼
ਜੈਕਟਾਂ ਚੜ੍ਹਾ ਕੇ ਭੀੜ ਵਿੱਚ ਸ਼ਾਮਲ ਹੋ ਗਏ। ਬੱਚਿਆਂ ਦੇ ਨਾਪ ਦੀਆਂ ਵੀ ਦੋ ਅਜੇਹੀਆਂ ਫਤੂਹੀਆਂ
ਮਿਲ ਗਈਆਂ ਤੇ ਉਨ੍ਹਾਂ ਦੇ ਮੋਢਿਆਂ ਤੇ ਚੜ੍ਹਾ ਦਿੱਤੀਆਂ। 'ਅਪਾਤਕਾਲ ਵੇਲੇ ਜਦ ਜਹਾਜ਼ ਵਿੱਚ ਕੋਈ
ਖ਼ਰਾਬੀ ਆ ਜਾਏ, ਰਸਤੇ ਵਿੱਚ ਤੁਫਾਨ ਘੁੰਮਣ-ਘੇਰੀਆਂ ਨਾਲ ਮੁਕਾਬਲਾ ਕਰਨਾ ਪੈ ਜਾਏ, ਕਿਧਰੇ ਅੱਗ ਲੱਗ
ਜਾਏ, ਕਿਸੇ ਚਟਾਨ ਗਲੇਸ਼ੀਅਰ ਨਾਲ ਟਕਰਾ ਜਾਏ, ਜਾਂ ਜਹਾਜ਼ ਵਿੱਚ ਪਾਣੀ ਭਰ ਕੇ ਡੁੱਬਣ ਲੱਗੇ, ਤੁਸੀਂ
ਕੀ ਕਰਨਾ ਹੈ, ਕਿਵੇਂ ਜੈਕਟਾਂ ਪਾਉਣੀਆਂ ਹਨ, ਕਿਵੇਂ ਬਾਹਰ ਲਟਕਦੀਆਂ ਬੇੜੀਆਂ ਖੋਲ੍ਹ ਦਿੱਤੀਆਂ
ਜਾਣੀਆਂ ਹਨ ਤੇ ਕਿਵੇਂ ਹਫਤਾ ਤਫ਼ੜੀ ਤੋਂ ਬਿਨਾ ਉਹਨਾਂ ਤੇ ਚੜ੍ਹ ਜਾਣਾ ਹੈ। ਸਾਰੇ ਯਾਤਰੂਆਂ ਨੂੰ ਸਹੀ
ਥਾਂ ਟਿਕਾਣੇ ਪਹੁੰਚਾਉਣ ਲਈ ਬਹੁਤ ਢੁਕਵੇਂ ਲੋੜੀਦੇ ਸ੍ਰੋਤ ਉਪਲਭਦ ਹਨ। ਅਜੇਹੇ ਖ਼ਤਰੇ ਸਮੇਂ ਦੋ
ਤਿੰਨ ਲੰਮੀਆਂ ਵਿਸਲਾਂ ਵੱਜਣ ਗੀਆਂ। ਜਦ ਇਹ ਖ਼ਤਰਾ ਟਲ ਗਿਆ, ਇਕ ਲੰਮੀ ਵਿਸਲ ਵੱਜੇ ਗੀ ਤੇ ਫਿਰ ਸਭ
ਠੀਕ ਠਾਕ।' ਅਜੇਹੀਆਂ ਰਵਾਇਤੀ ਨਸੀਹਤਾਂ ਹਰ ਵੇਰਾਂ ਉਡਾਰੂ ਜਹਾਜ਼ਾਂ ਦੀ ਉਡਾਣ ਸਮੇਂ ਵੀ ਯਾਤਰੀਆਂ
ਨੂੰ ਟਰਬੂਲੈਂਸ ਤੋਂ ਸਾਵਧਾਨ ਕਰਨ ਵਾਸਤੇ ਪਾਈਲਾਟ ਅਤੇ ਅਸਮਾਨੀਂ ਪਰੀਆਂ ਵੱਲੋਂ ਵੀ ਦਿਤੀਆਂ
ਜਾਂਦੀਆਂ ਹਨ।
ਡੈੱਕ ਨੰਬਰ 10 ਨੂੰ ਸਕਾਈ ਡੈੱਕ ਕਹਿੰਦੇ ਹਨ। ਉੱਪਰ ਜਾ ਕੇ ਚਾਰ ਚੁਫੇਰੇ ਸਮੁੰਦਰ ਤੇ ਆਸ ਪਾਸ ਦਾ
ਆਨੰਦ ਮਾਣਦੇ ਹਨ ਲੋਕ ਪਰ ਹਵਾ ਦੀ ਤੇਜ਼ੀ ਨਾਲ ਮਿੰਟਾਂ ਵਿੱਚ ਹੀ ਥੱਲੇ ਧੱਕੇ ਆਉਂਦੇ ਹਨ। ਜਹਾਜ਼ ਦੀ
ਗਤੀ ਤੇ ਹਵਾ ਦੀ ਤੇਜ ਚਾਲ ਰਲ ਕੇ ਬੜਾ ਭਾਰੀ ਚਾਲਾ ਚੱਲਦੇ ਹਨ। ਉਪਰ ਥੱਲੇ ਜਾਣ ਵਾਸਤੇ ਵੱਖ-ਵੱਖ
ਥਾਂਵਾਂ ਤੇ ਸਵੈਚਲਤ ਐਸਕੇਲੇਟਰ ਵੀ ਹਨ, ਐਲੀਵੇਟਰ ਹਨ ਤੇ ਨਾਲ ਪੈਦਲ ਪੌੜੀਆਂ ਵੀ ਹਨ। ਤੁਸੀਂ ਜਿਹੜੀ
ਮਰਜ਼ੀ ਵਰਤ ਲਓ।
ਡੈੱਕ ਨੰਬਰ 8 ਉੱਪਰਲੀ ਖੁੱਲ੍ਹੀ ਮੰਜ਼ਿਲ ਤੇ ਵੱਡੇ ਵੱਡੇ ਹੋਟਲ ਰੈਸਟੋਰੈਂਟ, ਤਰ੍ਹਾਂ ਤਰ੍ਹਾਂ ਦੇ
ਖਾਣੇ ਤੇ ਪਕਵਾਨ, ਨਹਾਉਣ ਵਾਲੇ ਤਲਾਬ, ਫੁਹਾਰੇ, ਕੁਰਸੀਆਂ, ਮੇਜ਼, ਆਰਕੈਸਟਰਾ ਦਾ ਸੰਗੀਤ ਡਾਂਸ ਦੇਖ
ਕੇ ਸੁਣ ਕੇ ਕਈਆਂ ਦੀ ਅੱਡੀ ਟਪਕਣ ਲੱਗੀ। ਸਮਾਨ ਵੇਚਣ ਵਾਲੇ ਰੈਫਲ ਵਾਸਤੇ ਪੰਜੀਕਰਨ ਕਰ ਰਹੇ ਹਨ।
ਲੋਕ ਪੀ ਰਹੇ ਹਨ ਬੀਅਰ, ਵਾਈਨ, ਵਿਸਕੀ। ਮੇਰੇ ਵਰਗੇ ਚਾਹ ਕਾਫ਼ੀ ਪੀ ਕੇ ਹੀ ਗੁਜ਼ਾਰਾ ਕਰ ਰਹੇ ਹਨ।
ਇੱਕ ਸਾੜ੍ਹੀ ਵਾਲੀ ਮਾਤਾ ਤੇ ਨਾਲ ਧੋਤੀ ਵਾਲਾ ਬਜ਼ੁਰਗ ਗਵਾਚੇ ਗੋਕੇ ਵਾਂਗ ਭੀੜ ਵਿੱਚ ਉੱਭਰੇ ਓਪਰੇ
ਜਿਹੇ ਲੱਗ ਰਹੇ ਹਨ। ਇਹ ਬਜ਼ੁਰਗ ਜੋੜਾ ਵੀ ਕੁਝ ਅਣਭਿੱਜ ਜਿਹਾ ਡਰਿਆ ਕੁੰਗੜਿਆ ਜਾਪਦਾ ਹੈ ਜਿਵੇਂ
ਸਾਡੇ ਵਾਂਗ ਮਜਬੂਰਨ ਹੀ ਫਸੇ ਹੋਣ। ਮੈਂ ਅਪਣੱਤ ਜਿਹੀ ਦਰਸਾਉਂਦਾ ਵਾਕਫ਼ੀ ਕਰਨੀ ਚਾਹੁੰਦਾ ਹਾਂ ਪਰ
ਉਹ ਬਹੁਤੀ ਦਿਲਚਸਪੀ ਨਹੀਂ ਲੈਂਦੇ। ਇਹ ਹਮਾਤੜ ਰਾਜਸਥਾਨੀ ਭਾਈ ਕੋਈ ਮਿਲਗੋਭਾ ਕੱਚ-ਘਰੜ ਜਿਹੀ
ਬਾਂਗਰੂ ਹਿੰਦੀ ਬੋਲਦੇ ਜਾਪਦੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਨੂੰਹ ਪੁੱਤ ਜੋ ਸ਼ਾਇਦ ਕਿਸੇ
ਕੰਪਿਊਟਰ ਕੰਪਨੀ ਦੇ ਮੁਲਾਜ਼ਮ ਹਨ ਵੀ ਕੰਪਨੀ ਦੇ ਖਰਚੇ ਤੇ ਇਸ ਫੇਰੇ ਵਿੱਚ ਸ਼ਾਮਲ ਉਨ੍ਹਾਂ ਦੀ ਅਗਵਾਈ
ਕਰ ਰਹੇ ਹਨ। ਉਹ ਬਾਹਰਲੇ ਜੰਗਲੇ ਨਾਲ ਚੰਬੜੇ ਸਮੁੰਦਰ ਵੱਲ ਵੇਖਦੇ ਭਰਵੱਟੇ ਫੈਲਾਉਂਦੇ ਗੁਫ਼ਤਗੂ ਕਰ
ਰਹੇ ਹਨ। ਉਨ੍ਹਾਂ ਦੇ ਮੱਥੇ ਤੋਂ ਵੀ ਡਰ ਖ਼ੌਫ ਤੇ ਹੈਰਾਨੀ ਦੀਆਂ ਲਕੀਰਾਂ ਸਾਫ ਪੜ੍ਹੀਆਂ ਜਾ ਸਕਦੀਆਂ
ਹਨ। ਅਮਰੀਕਾ ਦੀ ਲਭਤ ਤੇ ਆਪਣੀ ਫੇਰੀ ਤੇ ਖੁਸ਼ ਵੀ ਹਨ।
'ਜੇ ਕੁਲੰਬੱਸ ਸਮੁੰਦਰ ਵਿੱਚ ਜਾਨ ਹੂਲ ਕੇ ਇਸ ਤਰ੍ਹਾਂ ਜੂਝਿਆ ਨਾ ਹੁੰਦਾ ਤਾਂ ਅਮਰੀਕਾ ਦਾ ਨਾਮ
ਅੱਜ ਗਲੋਬ ਤੇ ਨਹੀਂ ਸੀ ਹੋਣਾ।' ਮੱਥੇ ਦੀਆਂ ਲਕੀਰਾਂ ਫੈਲਾਉਂਦੇ ਬੜੀ ਹੈਰਾਨੀ ਨਾਲ ਬਜ਼ੁਰਗ ਨੇ
ਮੋਨ-ਵਰਤ ਤੋੜਿਆ।
'ਜੇ ਵਾਸਕੋਡੀਗਾਮਾ ਝੱਖੜ ਤੁਫ਼ਾਨਾਂ ਤੋਂ ਡਰ ਜਾਂਦਾ ਤਾ ਭਾਰਤ ਦਾ ਨਾਮ ਵੀ ਕਿਸੇ ਪਾਸੇ ਸ਼ੁਮਾਰ ਨਹੀਂ
ਸੀ ਹੋਣਾ।' ਉਸ ਦੇ ਬੇਟੇ ਜਾਂ ਜਵਾਈ? ਨੇ ਉਸ ਦੀ ਗੱਲ ਅੱਗੇ ਤੋਰੀ।
'ਉਹ ਪਹਿਲੀ ਵੇਰ ਭਾਰਤ ਦੀ ਕਾਲੀਕੱਟ ਬੰਦਰਗਾਹ ਤੇ 20 ਮਈ 1498 ਨੂੰ ਲੱਗਾ। ਸਤੰਬਰ 1499 ਵਿੱਚ
ਆਪਣੇ 170 ਵਿੱਚੋਂ 55 ਸਾਥੀ ਸਹੀ ਸਲਾਮਤ ਲੈ ਕੇ ਵਾਪਿਸ ਮੁੜ ਗਿਆ। ਰਸਤੇ ਦੀਆਂ ਦੁਸ਼ਵਾਰੀਆਂ ਤੇ
ਕਲਹਿਣੀਆਂ ਬਿਮਾਰੀਆਂ ਨੇ ਉਸ ਦੇ 115 ਮਲਾਹ ਨਿਗਲ਼ ਲਏ। ਇਹੋ ਜਿਹੇ ਮੌਤ ਨੂੰ ਜੱਫੀਆਂ ਪਾਉਣ ਵਾਲੇ
ਸਿਰੜੀ ਹੀ ਇਤਿਹਾਸ ਦੇ ਸੁਨਹਿਰੀ ਪੰਨੇ ਬਣ ਸਕਦੇ ਨੇ।' ਉਸ ਦੇ ਲੜਕੇ ਨੇ ਗਿਆਨ ਦੇ ਗਲ ਰੱਸੀ ਪਾ ਕੇ
ਆਪਣੇ ਪੜ੍ਹੇ ਲਿਖੇ ਵਿਦਵਾਨ ਹੋਣ ਦੀ ਮੋਹਰ ਲਾ ਦਿੱਤੀ ਤੇ ਫਿਰ ਇਹ ਜਹਾਜ਼ ਵੀ ਨਹੀਂ ਸੀ ਚੱਲਣਾ ਤੇ
ਅਸੀਂ ਵੀ ਅੱਜ ਇੱਥੇ ਇਸ ਮਹਾਂਸਾਗਰ ਵਿੱਚ ਨਹੀਂ ਸੀ ਆਉਣਾ।'
ਬਿਨ ਬੁਲਾਏ ਮਹਿਮਾਨ ਵਾਂਗ, ਟੋਟੇ ਨਾਲ ਟੋਟਕਾ ਰਲਾਉਂਦੇ, ਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ।
ਉਨ੍ਹਾਂ ਸਾਰਿਆਂ ਮੇਰੇ ਵੱਲ ਝਾਕਿਆ। ਬੜਾ ਹੀ ਦਿਲਚਸਪ ਲਗਦਾ ਉਹ ਚੁੱਪ ਕੀਤਾ ਜਿਹਾ ਆਦਮੀ ਮੇਰੀ
ਪਹਿਲ-ਕਦਮੀ ਤੇ ਬੜਾ ਪ੍ਰਸੰਨ ਹੁੰਦਾ ਮੇਰੇ ਨੇੜੇ ਹੋ ਗਿਆ। ਨਵੀਆਂ ਸਾਂਝਾ ਤੇ ਮੁਹੱਬਤ ਦੇ ਪਿਆਸੇ
ਮਿਲਨਸਾਰ ਗਲਾਧੜੀ ਭੌਂਦੂ ਆਨੇ-ਬਹਾਨੇ ਬੜੀ ਉਤਸੁਕਤਾ ਨਾਲ ਸੁਣਦੇ ਸੁਣਾਉਂਦੇ ਇੱਕ ਦੂਸਰੇ ਦੇ ਨੇੜੇ
ਢੁੱਕਣ ਲੱਗੇ। ਇੱਕ ਪੂਰੀ ਗਿਆਨ ਗੋਸ਼ਟੀ ਬਣ ਗਈ। ਹੋਰ ਵੇਖਣ ਵਾਲੇ ਗਵਾਂਢੀ ਵੀ ਇਸ ਬਹਿਸ ਵਿੱਚ
ਦਿਲਚਸਪੀ ਲੈਣ ਲੱਗੇ।
ਅਮਰੀਕਾ ਦੇ ਇਤਿਹਾਸ ਵਿੱਚ ਕੁਲੰਬੱਸ ਦਾ ਯੋਗਦਾਨ ਸੱਚ-ਮੁੱਚ ਹੀ ਨਾ-ਭੁੱਲਣ ਵਾਲਾ ਹੈ। ਕੁਲੰਬੱਸ 10
ਸਤੰਬਰ 1492 ਨੂੰ ਸਪੇਨ {ਕੈਨਾਰੀਜ} ਤੋਂ ਚੱਲ ਕੇ ਦੁਨੀਆ ਦਾ ਭਰਮਣ ਕਰਦਾ ਭਾਰਤ ਦੀ ਖੋਜ ਲਈ
ਨਿਕਲਿਆ। ਇਕ ਮਹੀਨੇ ਦੇ ਤੂਫਾਨੀ ਸਮੁੰਦਰੀ ਸਫ਼ਰ ਕਰਕੇ ਤੇ ਮੰਜ਼ਲ ਦੂਰ ਹੁੰਦੀ ਵੇਖ ਕੇ 9 ਅਕਤੂਬਰ
ਨੂੰ ਉਸ ਦੇ ਸਾਥੀ ਮਲਾਹਾਂ ਨੇ ਬਗਾਵਤ ਕਰ ਦਿੱਤੀ ਤੇ ਉਹ ਪਿੱਛੇ ਮੁੜਨ ਲਈ ਕਾਹਲੇ ਪੈ ਗਏ। 12
ਅਕਤੂਬਰ 1492 {ਗਰੀਜੋਰੀਅਨ ਕਲੰਡਰ ਮੁਤਾਬਿਕ 21 ਅਕਤੂਬਰ 1492' ਨੂੰ ਤੇਤੀਵੇਂ ਦਿਨ ਕੰਢਾ ਨਜ਼ਰੀਂ
ਪਿਆ ਤੇ ਉਹ ਸਾਰੇ ਉਮਾਹ ਨਾਲ ਛਾਲਾਂ ਮਾਰ ਉੱਠੇ। ਕੁਲੰਬੱਸ ਨੇ ਨਵੀਂ ਧਰਤੀ ਲੱਭ ਕੇ ਇਸ ਨੂੰ ਇੰਡੀਆ
ਦਾ ਨਾਮ ਦਿੱਤਾ ਤੇ ਇੱਥੇ ਹੀ ਧਰਨਾ ਮਾਰ ਕੇ ਬੈਠ ਗਿਆ ਕਿ ਮੇਰਾ ਮਿਸ਼ਨ ਮੁਕੰਮਲ ਹੋ ਗਿਆ ਹੈ। ਉਸ ਦੇ
ਸਾਥੀਆਂ ਨੇ ਪਹਿਲਾਂ ਰਸਤੇ ਵਿੱਚ ਕੀਤੀ ਗੁਸਤਾਖ਼ੀ/ਅਵੱਗਿਆ ਦੀ ਮੁਆਫ਼ੀ ਮੰਗੀ। ਉਹ ਵੀ ਕਿੰਨਾ ਮੌਜੂ
ਠਾਕਰ ਨਿਕਲਿਆ, ਘਰੋਂ ਇੰਡੀਆ ਦੀ ਖੋਜ ਵਿੱਚ ਤੁਰਿਆ, ਇੱਕ ਅਗਿਆਤ ਟਾਪੂ ਦੇ ਕੰਢੇ ਜਾ ਲੱਗਾ। ਲੋਕਾਂ
ਨੇ ਬੜੇ ਨਿੱਘੇ ਸਲੀਕੇ ਨਾਲ ਮਹਿਮਾਨਾਂ ਨੂੰ ਅੱਖਾਂ ਤੇ ਚੁੱਕ ਲਿਆ। ਵਸਨੀਕਾਂ ਨੂੰ ਉੱਚੇ ਲੰਮੇ ਗੋਰੇ
ਸੁਨੱਖੇ ਮਨੁੱਖ ਵੇਖ ਕੇ ਉਹ ਭਾਰਤ ਦੇ ਵਸਨੀਕਾਂ ਨਾਲ ਹੁਲੀਆ ਮਿਲਦਾ ਸਮਝ ਕੇ ਬਹੁਤ ਪ੍ਰਸੰਨ ਹੋਇਆ।
ਉਸ ਦੇ ਸਾਥੀ ਜਹਾਜ਼ਰਾਨ ਮਲਾਹਾਂ ਨੇ ਆਪਣੇ ਵਤਨ ਵਾਪਸ ਜਾ ਕੇ ਬੜੇ ਉਮਾਹ ਨਾਲ ਆਪਣੀ ਪ੍ਰਾਪਤੀ ਬਾਰੇ
ਦੱਸਿਆ ਤੇ ਇੰਡੀਅਨ ਲੋਕਾਂ ਦੀ ਬੜੀ ਤਾਰੀਫ਼ ਕੀਤੀ। ਇੰਡੀਆ ਦੇ ਲੋਕਾਂ ਬਾਰੇ ਜੋ ਸੁਣਿਆ ਸੀ ਉਹਨਾਂ
ਦੇ ਦਰਸ਼ਨ ਕਰ ਕੇ ਉਹ ਸੁਰਖਰੂ ਹੋ ਗਏ ਦੱਸਦੇ ਸਨ। ਇਹ ਪਹਿਲੀ ਵੇਰਾਂ ਸੀ ਕਿ 'ਅਮੈਰੀਗੋ ਵਾਸਪੱਕੀ'
ਨੇ 1502-04 ਵਿੱਚ ਇਹ ਕਹਿਣਾ ਸ਼ੁਰੂ ਕੀਤਾ ਕਿ ਜਿਸ ਖ਼ਿੱਤੇ ਨੂੰ ਕੁਲੰਬੱਸ ਭਾਰਤ ਸਮਝੀ ਬੈਠਾ ਹੈ ਉਹ
ਅਸਲ ਵਿੱਚ ਕਿਸੇ ਹੋਰ ਯੂਰਪੀ ਮਹਾਂਦੀਪ ਦਾ ਹਿੱਸਾ ਹੈ। ਉਸ ਨੇ ਇਸ ਦਾ ਨਾਮ ਅਮਰੀਕਾ ਰੱਖਿਆ ਪਰ
ਸਥਾਨਕ ਲੋਕ ਅਪਣੇ ਆਪ ਨੂੰ ਨੇਟਿਵ ਇੰਡੀਅਨ ਹੀ ਕਹਿੰਦੇ ਰਹੇ ਤੇ ਹੁਣ ਵੀ ਜੱਦੀ ਅਮਰੀਕੀ, ਰੈੱਡ
ਅਮਰੀਕੀ {ਗੋਰੇ ਅਮਰੀਕੀ' ਕਹਾਉਂਦੇ ਹਨ। ਦੂਸਰੇ ਨੀਗਰੋ ਅਤੇ ਹੋਰ ਦੇਸ਼ਾਂ ਦੇ ਪ੍ਰਵਾਸੀ ਬਾਸ਼ਿੰਦੇ ਆਦਿ
ਵੀ ਅਮਰੀਕੀ ਕਹਾਉਣ ਲੱਗੇ। ਕੁਲੰਬੱਸ ਨੇ ਆਪਣੀ ਜਿੰਦਗੀ ਵਿੱਚ ਚਾਰ ਉਦਾਸੀਆਂ ਲਗਾਈਆਂ ਪਰ ਅਸਲ ਭਾਰਤੀ
ਸਮੁੰਦਰ ਦਾ ਕੰਢਾ ਉਸ ਨੂੰ ਨਸੀਬ ਨਹੀਂ ਹੋਇਆ। ਆਪਣੀ ਇਸ ਨਾਲਾਇਕੀ ਤੇ ਪਛਤਾਉਂਦਾ ਉਹ 1506 ਵਿੱਚ
ਰੱਬ ਨੂੰ ਪਿਆਰਾ ਹੋ ਗਿਆ। ਏਨੀ ਦੇਰ ਤੱਕ ਕੁਲੰਬੱਸ ਦਾ ਦਿੱਤਾ ਨਾਮ 'ਇੰਡੀਆ' ਅਮਰੀਕਾ ਦੇ ਸਥਾਨਕ
ਵਸਨੀਕਾਂ ਦੇ ਮਨ ਵਿੱਚ ਇਸ ਤਰ੍ਹਾਂ ਘਰ ਕਰ ਗਿਆ ਕਿ ਉਹ ਇਸ ਨਾਮ ਨੂੰ ਪਿਆਰ ਕਰਦੇ ਛੱਡਣ ਲਈ ਰਾਜ਼ੀ
ਨਾ ਹੋਏ।'
'ਅਮਰੀਕਾ ਵਿੱਚ ਕਰਿਸਟੋਫਰ ਕੁਲੰਬਸ ਦਾ ਨਾਮ ਭਾਵੇਂ ਭਾਰਤ ਦੇ ਮਹਾਤਮਾਂ ਗਾਂਧੀ ਵਾਂਗ 'ਫਾਦਰ ਆਫ ਦੀ
ਨੇਸ਼ਨ' ਕਰਕੇ ਨਹੀਂ ਸਤਿਕਾਰਿਆ ਜਾਂਦਾ ਪਰ ਇਸ ਦੀ ਮੰਨਤ ਅਮਰੀਕਾ ਦਾ ਪਿਤਾਮਾ ਕਰਕੇ ਕੀਤੀ ਜਾਦੀ ਹੈ।
ਇਸ ਦਿਨ ਨੂੰ 'ਕੁਲੰਬੱਸ ਡੇ {ਜੁਲੀਅਨ ਕੈਲੰਡਰ ਅਨੁਸਾਰ' 12 ਅਕਤੂਬਰ ਤੇ ਸਰਕਾਰੀ ਛੁੱਟੀ ਹੁੰਦੀ ਆਈ
ਹੈ ਤੇ ਸਰਕਾਰੀ ਤੌਰ ਤੇ ਕਈ ਜਸ਼ਨ ਮਨਾਏ ਜਾਂਦੇ ਹਨ। ਪ੍ਰੈਜ਼ੀਡੈਂਟ ਨਿਕਸਨ ਨੇ ਇਹ ਛੁੱਟੀ ਅਕਤੂਬਰ ਦੇ
ਦੂਸਰੇ ਸੋਮਵਾਰ ਮਨਾਉਣ ਦਾ ਫੈਸਲਾ ਕੀਤਾ। ਇਸ ਦਿਨ ਸਰਕਾਰੀ ਤੌਰ ਤੇ ਦੀਪਮਾਲਾ ਤੇ ਆਤਾਸ਼-ਬਾਜੀ ਕੀਤੀ
ਜਾਂਦੀ ਹੈ।
ਹੁਣ ਇੱਕ ਨਵੀਂ ਧਾਰਨਾ ਉਤਪੰਨ ਹੋਈ ਹੈ ਤੇ ਪ੍ਰਫੁੱਲਤ ਹੋ ਰਹੀ ਹੈ ਕਿ ਕੁਲੰਬੱਸ ਇੱਕ ਵਿਦੇਸ਼ੀ
ਘੁਸਪੈਠੀਆ ਧਾੜਵੀ ਸੀ ਜਿਸ ਨੇ ਇੱਥੇ ਆ ਕੇ ਨਾ ਕੇਵਲ ਸਥਾਨਿਕ ਲੋਕਾਂ, ਭੋਲੇ ਭਾਲੇ ਵਸਨੀਕਾਂ ਨਾਲ
ਬਹੁਤ ਬੁਰਾ ਵਿਵਹਾਰ ਕੀਤਾ ਸਗੋਂ ਉਨ੍ਹਾਂ ਨੂੰ ਕੁੱਟਿਆ, ਲੁੱਟਿਆ ਤੇ ਧਨ ਮਾਲ ਸਾਰਾ ਜਹਾਜ਼ ਭਰ ਕੇ
ਸਪੇਨ ਆਪਣੇ ਦੇਸ਼ ਪਹੁੰਚਾ ਦਿੱਤਾ। 'ਅੱਗ ਲੈਣ ਆਈ ਘਰ ਵਾਲੀ ਬਣ ਬੈਠੀ', ਮੇਜ਼ਬਾਨਾਂ ਦੀ ਸੇਵਾ ਦਾ
ਅਹਿਸਾਨ ਜਤਾਉਣ ਦੀ ਬਿਜਾਏ ਧਾੜਵੀਆਂ ਵਾਂਗ ਸਥਾਨਕ ਲੋਕਾਂ ਨੂੰ ਆਰਥਿਕ, ਸਮਾਜਿਕ, ਇਖਲਾਕੀ ਤੇ
ਜਿਸਮਾਨੀ ਪੱਧਰ ਤੇ ਵੀ ਬੜਾ ਸ਼ੋਸ਼ਣ ਕੀਤਾ। ਉਨ੍ਹਾਂ ਨੂੰ ਗੁਲਾਮਾਂ ਤੇ ਬੰਧੂਆ-ਮਜ਼ਦੂਰਾਂ ਵਾਂਗ ਹਰ
ਹੀਲੇ, ਹਰ ਹਰਬੇ ਵਰਤਿਆ। ਜਿਹੜੇ ਸਥਾਨਿਕ ਦੇਸ਼-ਭਗਤਾਂ ਨੇ ਇਨ੍ਹਾਂ ਧਾੜਵੀਆਂ ਦਾ ਮੁਕਾਬਲਾ ਕੀਤਾ
ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਔਰਤਾਂ ਨਾਲ ਘਿਣਾਉਣੇ ਅਪਰਾਧ ਕੀਤੇ ਤੇ ਨਵੀਂ ਭਵਿੱਖੀ
ਪਨੀਰੀ ਦਾ ਸ਼ੋਸ਼ਣ ਕਰਕੇ ਆਪਣੇ ਝੰਡੇ ਗੱਡ ਦਿੱਤੇ। ਦੇਸ਼ਾਂ ਵਿਦੇਸ਼ਾਂ ਤੋਂ ਲਿਆਂਦੀਆਂ ਭਿਆਨਕ ਮਾਰੂ
ਛੂਤ ਦੀਆ ਬਿਮਾਰੀਆਂ ਆਤਸ਼ਕ, ਸੁਜ਼ਾਕ ਤੇ ਸਿਫਲਿਸ ਇੱਥੇ ਹੀ ਨਹੀਂ ਬਲਕੇ ਹੋਰ ਦੂਰ ਦੁਰੇਡੇ ਟਾਪੂਆਂ
ਵਿੱਚ ਵੀ ਫੈਲਾਏ ਜਿਸ ਕਰਕੇ ਅਮਰੀਕੀ ਨਵੀਂ ਪੀੜੀ ਦੀ ਸੋਚ ਇਸ ਵੱਲ ਤਿਰਛੇ ਕਲੰਕਿਤ ਨਜ਼ਰੀਏ ਨਾਲ ਵੇਖ
ਰਹੀ ਹੈ। ਅੱਗੇ ਊਠ ਕਿਸ ਕਰਵਟ ਬੈਠਦਾ ਹੈ, ਇਹ ਭਵਿੱਖ ਦੱਸੇ ਗਾ।'
'ਚਾਰ ਜੁਲਾਈ ਹਰ ਸਾਲ ਅਮਰੀਕਨ ਲੋਕ ਆਪਣਾ ਆਜਾਦੀ-ਦਿਨ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ ਜਿਸ ਦਿਨ
ਇਨ੍ਹਾਂ ਨੂੰ ਵਿਦੇਸ਼ੀ ਬ੍ਰਿਟਿਸ਼ ਹਕੂਮਤ ਦੀ ਗੁਲਾਮੀ ਤੋਂ ਛੁਟਕਾਰਾ ਮਿਲਿਆ ਸੀ। 5 ਮਈ ਨੂੰ ਹਰ ਸਾਲ
ਇੱਥੇ ਮੈਕਸੀਕਨਾਂ ਵੱਲੋਂ 'ਸਿੰਕੋ ਮਾਇਓ ਦਿਨ' ਵੀ ਮਨਾਇਆ ਜਾਂਦਾ ਹੈ। ਮੈਕਸੀਕੋ ਭਾਵੇਂ ਹੁਣ ਇੱਕ
ਅਲਗ ਮੁਲਕ ਹੈ ਪਰ ਉਥੋਂ ਦੇ, ਇੱਥੇ ਰਹਿਣ ਵਾਲੇ ਲੋਕ ਹਰ ਸਾਲ ਆਪਣੇ ਬਹਾਦਰ ਸਿਪਾਹੀਆਂ ਨੂੰ ਯਾਦ
ਕਰਦੇ ਹਨ ਕਿਉਂਕਿ ਉਨ੍ਹਾਂ ਨੇ ਵੀ ਅਮਰੀਕਾ ਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਅਮਰੀਕੀਆਂ ਦਾ
ਸਾਥ ਦਿੱਤਾ ਸੀ। ਮੈਕਸੀਕੋ ਨੇ ਆਪਣੀ ਆਜ਼ਾਦੀ 15 ਸਤੰਬਰ 1810 ਨੂੰ ਐਲਾਨ ਕਰ ਦਿੱਤਾ ਸੀ ਪਰ ਕੁਝ
ਘਰੇਲੂ ਤੇ ਵਿਦੇਸ਼ੀ ਦਬ-ਦਬਾ ਥੱਲੇ ਅੰਦਰੂਨੀ ਲੜਾਈ ਚੱਲਦੀ ਰਹੀ। ਮੈਕਸੀਕੋ ਦੇ 4000 ਵਫ਼ਾਦਾਰ
ਸਿਪਾਹੀਆਂ ਨੇ ਆਪਣੀ ਏਕਤਾ ਤੇ ਦੇਸ਼ ਭਗਤੀ ਦਾ ਸਬੂਤ ਦਿੰਦੇ ਹੋਏ ਅੰਗਰੇਜ਼ੀ, ਫ੍ਰਾਂਸੀਸੀ ਫੌਜ ਤੇ
8000 ਗੱਦਾਰ ਮੈਕਸੀਕੋ ਸਿਪਾਹੀਆਂ ਨੂੰ ਪਿਉਬਲਾ ਦੀ ਆਖਰੀ ਲੜਾਈ ਵਿੱਚ ਭਾਂਜ ਦੇ ਕੇ ਦੇ ਮੁਕੰਮਲ
ਆਜ਼ਾਦੀ 05 ਮਈ 1862 ਨੂੰ ਹਾਸਲ ਕੀਤੀ।' (ਚਲਦਾ)