ਸਫਰਨਾਮਾ ਅਲਾਸਕਾ
ਮੇਰੇ ਵੱਲੋਂ ਕੁਝ ਵਾਧੂ

'ਅਲਾਸਕਾ
ਸਫ਼ਰਨਾਮਾ' ਮੇਰੀ 27 ਜੁਲਾਈ ਤੋਂ ਦੋ ਅਗਸਤ 2008 ਤੱਕ ਦੀ ਸਮੁੰਦਰੀ ਯਾਤਰਾ ਦੀ ਇਕ ਦਿਲਚਸਪ ਨਾ-ਭੁੱਲਣਹਾਰ
ਗਾਥਾ ਹੈ, ਜਿਸ ਵਿੱਚ ਸਫ਼ਰ ਦੇ ਦੌਰਾਨ ਪ੍ਰਾਪਤ ਹੋਏ ਨਵੇਂ ਨਵੇਂ ਤਜਰਬੇ, ਅਨੁਭਵ ਤੇ ਘਟਨਾਵਾਂ ਆਪਣੇ
ਸੱਜਣਾ ਮਿੱਤਰਾਂ ਪਾਠਕਾਂ ਤੱਕ ਪਹੁੰਚਾਉਣ ਲਈ ਮੇਰਾ ਮਨ ਉਤਸ਼ਾਹਿਤ ਹੋ ਉੱਠਿਆ ਹੈ। ਗਿਆਨ ਭਰਪੁਰ ਇਸ
ਰਚਨਾ ਨੂੰ ਰੋਚਕ ਤੇ ਬਿਹਤਰ ਅਨੰਦਮਈ ਬਣਾਉਣ ਲਈ ਇਸ ਵਿੱਚ ਕਈ ਚੁਟਕਲਿਆਂ ਵਰਗੀਆਂ ਕਹਾਣੀਆਂ ਟੋਟਕੇ
ਮੈਂ ਜਾਣ ਬੁੱਝ ਕੇ ਪਾਏ ਹਨ। ਇਹ ਅਨੂਠੀਆਂ ਕਹਾਣੀਆ ਜਾਂ ਚੁਟਕਲੇ ਮਨਘੜਤ ਨਹੀਂ ਸਗੋਂ ਇਸੇ ਸਮੁੰਦਰੀ
ਹੂਟੇ ਦੀ ਹੀ ਮਨਮੋਹਣੀ ਬਾਈਪ੍ਰੋਡਕਟ {ਉਪ-ਪੈਦਾਵਾਰ' ਹਨ। ਇਹ ਸਾਰੇ ਅਨੁਭਵ ਜਾਂ ਜਾਣਕਾਰੀ ਸਥਾਨਿਕ
ਸਾਹਿਤ ਜਾਂ ਪਰਚਿਆਂ ਤੋਂ ਨਹੀਂ ਬਲਕਿ ਮੇਰੇ ਆਪਣੇ ਹੱਡਾਂ ਤੇ ਹੰਡਾਏ ਹੋਏ ਪਲਾਂ ਦੀ ਦਾਸਤਾਨ ਹਨ।
ਜਿੰਦਗੀ ਦੇ ਇਸ ਆਪਣੇ ਸਫ਼ਰ ਵਿੱਚ ਹੁਣ ਮੈਂ ਬਾਹਰਲੇ ਸਫ਼ਰ ਤੋਂ ਟਾਲ਼ਾ ਹੀ ਵੱਟਦਾ ਰਿਹਾ ਹਾਂ ਤੇ ਬਹੁਤ
ਚਾਲੂ ਹਾਂ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਬੇਲੋੜੇ ਭਰਮਣ ਤੋਂ ਗੁਰੇਜ਼ ਕੀਤਾ ਜਾਏ ਪਰ ਮੇਰਾ ਬੇਟਾ {ਬੱਬੂ'
ਦਲਵੀਰ ਪੰਨੂ ਜੋ ਅਮਰੀਕਾ ਦੇ ਚੋਟੀ ਦੇ ਸਿਰਕੱਢ ਡਾਕਟਰਾਂ ਵਿੱਚ ਸ਼ੁਮਾਰ ਹੈ, ਮੈਨੂੰ ਅਲਾਸਕਾ ਦੌਰੇ
ਲਿਜਾਉਣ ਲਈ ਏਨਾ ਖਹਿੜੇ ਪੈ ਗਿਆ ਕਿ ਆਖਰ ਮੈਨੂੰ ਹਥਿਆਰ ਸੁੱਟਣੇ ਪਏ। ਭਾਰਤ ਸਰਕਾਰ ਦੇ ਨੈਸ਼ਨਲ
ਸੈਂਪਲ ਸਰਵੇ ਸੰਗਠਨ ਵਿੱਚ 40 ਸਾਲ ਨੌਕਰੀ ਸਮੇਂ ਉੱਤਰੀ ਭਾਰਤ ਦੇ ਲਗਭਗ ਸਾਰੇ ਸ਼ਹਿਰੀ ਤੇ ਦਿਹਾਤੀ
ਖੇਤਰਾਂ ਦੇ ਸਰਵੇਖਣ ਵਾਸਤੇ ਹਰ ਮਹੀਨੇ 25 ਦਿਨ ਦਾ ਟੂਰ ਕਰਨਾ ਜਰੂਰੀ ਸੀ। ਕਹਿੰਦੇ ਦਾਣੇ ਦਾਣੇ ਤੇ
ਮੁਹਰ ਹੁੰਦੀ ਹੈ ਤੇ ਮੇਰੇ ਨਾਮ ਦੀ ਮੁਹਰ ਬੜੇ ਦੂਰ ਦਰਾਜ ਦੇ ਖੇਤਰਾਂ ਤੱਕ ਲੱਗੀ ਮਿਲੀ ਜਿਵੇਂ
ਅੰਨ-ਜਲ ਖਿੰਡਾਉਣ ਸਮੇਂ ਖਿੰਡਾਉਣ ਵਾਲੇ ਨੇ ਜਹਾਜ਼ ਤੇ ਚੜ੍ਹ ਕੇ ਛੱਟੇ ਦਿੱਤੇ ਹੋਣ। ਮੈਂ ਆਪ ਹੀ ਜਾ
ਕੇ ਵੀ ਆਪਣਾ ਅੰਨ-ਜਲ ਚੁਗਣ ਲਈ ਮੁਹਰ ਲਗਾ ਲੈਂਦਾ ਸੀ, ਇਸ ਗੱਲ ਤੇ ਮੈਂ ਆਪ ਹੈਰਾਨ ਹੁੰਦਾ ਸੀ।
ਧਰਤੀ ਹੋਰ ਅੱਗੇ ਤੋਂ ਅੱਗੇ ਹੋਰ ਅਨੁਸਾਰ ਅਮਰੀਕਾ ਪਹੁੰਚ ਕੇ ਵੀ ਇਸ ਅੰਨ ਜਲ ਤੇ ਧਰਤੀ ਦਾ ਕੋਈ
ਸਿਰਾ ਬੰਨਾ ਨਹੀਂ ਲੱਭਾ ਤੇ ਇਹ ਸਫ਼ਰ ਅੱਗੇ ਤੋਂ ਅੱਗੇ ਚਾਲੂ ਹੈ। ਅਲਾਸਕਾ ਸਮੁੰਦਰ ਨਾਲ ਘਿਰਿਆ ਹਇਆ
ਇੱਕ ਟਾਪੂ ਹੈ ਜੋ ਅਮਰੀਕਾ ਦਾ ਹੀ ਇਕ 50ਵਾਂ ਪ੍ਰਾਂਤ ਹੈ। ਆਪਣੇ ਘਰ ਸੈਨਹੋਜ਼ੇ ਕੈਲੀਫੋਰਨੀਆਂ ਤੋਂ
ਅਲਾਸਕਾ ਦੇ ਸ਼ਹਿਰ ਅਤੇ ਕੈਨੇਡਾ ਦੀ ਬੀ. ਸੀ. ਰਾਜਧਾਨੀ ਬ੍ਰਿਟਿਸ਼ ਕੋਲੰਬੀਆ ਤੱਕ ਦੇ ਸਫਰ ਨੂੰ
ਕਲਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੰਦਾ ਭੁੱਲਣਹਾਰ ਹੈ ਇਸ ਵਾਸਤੇ ਮੈਂ ਆਪਣੇ ਪਾਠਕਾਂ ਕੋਲੋਂ
ਹੁੰਗਾਰੇ ਦੀ ਆਸ ਰੱਖਦਾ ਹਾਂ। ਜੇ ਪਸੰਦ ਆ ਜਾਏ ਤਾਂ ਧੰਨਵਾਦ , ਨਾ ਆਏ ਤਾਂ ਮੈਨੂੰ ਸੂਚਿਤ ਕਰ ਦੇਣਾ
ਤਾਂ ਜੋ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਮੈਂ ਅੱਗੇ ਤੋਂ ਸੁਧਾਈ ਕਰ ਸਕਾਂ।
ਚਰਨਜੀਤ ਸਿੰਘ ਪੰਨੂ
3621 ਮਿਸਟੀ ਗਲੈਨ ਕੋਰਟ,
ਸੈਨਹੋਜ਼ੇ, ਕੈਲੀਫੋਰਨੀਆ- ਅਮਰੀਕਾ 95111 {ਫੋਨ 408 608 4961'
-------------------
ਸਫਰਨਾਮਾ ਅਲਾਸਕਾ
{ਚਰਨਜੀਤ ਸਿੰਘ ਪੰਨੂ ਸੈਨਹੋਜ਼ੇ, ਕੈਲੀਫੋਰਨੀਆ'
ਕਿਸ਼ਤ 1
27 ਜੁਲਾਈ 2007 ਦਿਨ ਸ਼ੁੱਕਰਵਾਰ, ਸੂਰਜ ਚੜ੍ਹਨ ਦਾ ਸਮਾਂ
5.38 ਮਿੰਟ, ਡੁੱਬਣ ਦਾ ਸਮਾ 8.59
ਕੈਲੀਫੋਰਨੀਆ ਦੇ ਸੈਨਹੋਜ਼ੇ ਸ਼ਹਿਰ ਦਾ ਹੁਸੀਨ ਮਿੱਠੀ ਮਿੱਠੀ ਠੰਢ ਭਰਿਆ ਪਹਿਲਾ ਪਹਿਰ, ਕੰਬਲ ਘੁੱਟਣ
ਨੂੰ ਚਿੱਤ ਕਰਦਾ ਸੀ। ਨਾ ਕੰਬਲ ਛੱਡਦਾ ਸੀ ਨਾ ਕੰਬਲ ਨੂੰ ਛੱਡਣ ਲਈ ਦਿਲ ਕਰਦਾ ਸੀ। ਛੇਤੀ ਹੀ ਕਈ
ਦਿਨਾਂ ਤੋਂ ਉਲੀਕਿਆ ਅੱਜ ਦਾ ਪ੍ਰੋਗਰਾਮ ਮਨ ਵਿੱਚ ਤਾਜ਼ਾ ਹੋ ਗਿਆ। ਘੜੀ ਵੇਖਦਾ ਹਾਂ, ਬੱਚਿਆਂ ਨਾਲ
ਕੀਤੇ ਵਾਇਦੇ ਮੁਤਾਬਿਕ ਇਕ ਦਮ ਕੰਬਲ ਵਗਾਹ ਮਾਰਦਾ ਹਾਂ, ਤੇ ਬੈੱਡ ਤੋਂ ਉੱਠਦਾ ਹਾਂ। ਹਾਏ ਏਨਾ ਵੱਡਾ
ਦਿਨ ਚੜ੍ਹ ਆਇਆ, ਮੈਂ ਜਿਨ੍ਹਾਂ ਨੂੰ ਸੁਵਖਤੇ ਉਠਾਉਣ ਦਾ ਵਾਇਦਾ ਕਰ ਕੇ ਸੁੱਤਾ ਸਾਂ ਉਨ੍ਹਾਂ ਨੂੰ
ਕੀ ਜੁਆਬ ਦਿਆਂ ਗਾ। ਸ਼ੁਕਰ ਕਿ ਉਨ੍ਹਾਂ ਦੇ ਦਰਵਾਜ਼ੇ ਲਾਗੇ ਪਹੁੰਚਣ ਤੋਂ ਪਹਿਲਾਂ ਹੀ ਬਾਥਰੂਮ ਵਿੱਚ
ਪੈਂਦੀ ਪਾਣੀ ਦੀ ਬਿੜਕ ਤੋਂ ਜਾਣ ਲੈਂਦਾ ਹਾਂ ਕਿ ਉਹ ਪਹਿਲਾਂ ਹੀ ਉੱਠੇ ਹੋਏ ਨੇ ਤੇ ਮੇਰਾ ਇਹ ਭਰਮ
ਭਾਅ ਬਣਿਆ ਰਹੇ ਗਾ ਕਿ ਤੁਹਾਡੇ ਨਾ ਉਠਾਉਣ ਕਰਕੇ ਅਸੀਂ ਲੇਟ ਹੋ ਗਏ। ਜਲਦੀ ਜਲਦੀ ਗੁਸਲਖ਼ਾਨੇ ਵਿੱਚ
ਪੰਜ-ਇਸ਼ਨਾਨਾ ਕਰਕੇ ਮੈਂ ਵੀ ਤਿਆਰ-ਬਰ-ਤਿਆਰ ਹੋ ਜਾਂਦਾ ਹਾਂ। ਸਾਹਮਣੇ ਸ਼ੀਸ਼ੇ ਤੇ ਪੈਂਦੀਆਂ ਨਵੇਂ
ਸੂਰਜ ਦੀਆਂ ਕਵਾਰੀਆਂ ਸੋਨੇ ਰੰਗੀਆਂ ਲਿਸ਼ਕੋਰਾਂ ਟਪਕ ਰਹੀਆਂ ਹਨ। ਖਿੜਕੀ ਤੋਂ ਬਾਹਰ ਬਾਲਕੋਨੀ ਤੋਂ
ਪਾਰ ਦਰਖਤ ਤੇ ਸੁਨਹਿਰੀ ਕਲਗੀ ਵਾਲੀਆਂ ਛੋਟੀਆਂ ਛੋਟੀਆਂ ਕਾਲੀਆਂ ਪਿੱਦੀਆਂ ਚਿੜੀਆਂ ਟਪੂਸੀਆਂ
ਮਾਰਦੀਆਂ ਫੁਦਕਦੀਆਂ ਨਵੀਂ ਸਵੇਰ ਦੀ ਸ਼ੁਭ ਆਮਦ ਵਿੱਚ ਚਹਿਚਹਾ ਰਹੀਆਂ ਹਨ। ਕਾਂ ਅਜੇ ਸੁੱਤੇ ਪਏ ਨੇ
ਸ਼ਾਇਦ, ਨਹੀਂ ਤੇ ਬਹੁਤੀ ਵੇਰਾਂ ਉਹ ਇਨ੍ਹਾਂ ਅਣਭੋਲ, ਕਲੋਲਾਂ ਕਰਦੀਆਂ ਜਾਨਾਂ ਨੂੰ ਝੰਜੋੜ ਕੇ ਆਪਣਾ
ਨਾਸ਼ਤਾ ਕਰ ਲੈਂਦੇ ਨੇ। ਇਸ ਸ਼ੀਸ਼ੇ ਦੀ ਖਿੜਕੀ ਰਾਹੀਂ ਧੁੱਪ, ਹਨੇਰਾ, ਚਾਨਣ ਬਿਨਾ ਝਕ, ਬਿਨਾ ਕਿਸੇ
ਸੰਗ ਸ਼ਰਮ ਮੇਰੇ ਅੰਦਰ ਆ ਵੜਦੇ ਨੇ ਪਰ ਹਨੇਰੀ, ਗਰਦ, ਘੱਟਾ, ਸ਼ੋਰ ਦਾ ਪ੍ਰਦੂਸ਼ਣ ਅੰਦਰ ਆਉਣੋਂ
ਕਤਰਾਉਂਦੇ ਨੇ।
ਬਾਹਰ ਥੱਲੇ ਇੱਕ ਲਿੰਮੋ ਕਾਰ ਆ ਖੜ੍ਹੀ ਹੈ। ਇੱਕ ਗਿਠਣੇ ਜਿਹੇ ਕੱਦ ਦੀ ਔਰਤ, ਪੈਂਟ ਕੋਟ ਵਿੱਚ ਸਜੀ,
ਕੰਨੀਂ ਖੁਲ੍ਹੇ ਕੜੇ ਵਰਗੇ ਬੁੰਦੇ ਪਾਈ ਘਰ ਦੇ ਨੰਬਰ ਪਲੇਟ ਤੋਂ ਤਸੱਲੀ ਕਰਦੀ ਅੰਦਰ ਦਰਵਾਜ਼ੇ ਵੱਲ
ਵਧਣ ਲੱਗੀ ਹੈ। ਮੈਂ ਝਟਪਟ ਪੌੜੀਆਂ ਉੱਤਰ ਜਾਂਦਾ ਹਾਂ ਤੇ ਉਸ ਦੇ ਘੰਟੀ ਦਬਾਉਣ ਤੋਂ ਪਹਿਲਾਂ ਹੀ
ਦਰਵਾਜ਼ਾ ਖੋਲ੍ਹ ਦਿੰਦਾ ਹਾਂ।
ਉਹ ਹੱਸਦੀ ਮੁਸਕਰਾਉਂਦੀ 'ਗੁੱਡ ਮੌਰਨਿੰਗ' ਕਹਿੰਦੀ ਹੈ। 'ਲੀ ਵਾਂਗ ਚੂ' ਉਸ ਦੀ ਛਾਤੀ ਤੇ ਲਟਕਦਾ
ਪਹਿਚਾਣ-ਪਟਾ ਸਹਿਜ ਸੁਭਾ ਹੀ ਮੇਰੀ ਨਜ਼ਰੀਂ ਚੜ੍ਹ ਜਾਂਦਾ ਹੈ। 'ਵੈੱਲਕਮ ਧੰਨਵਾਦ ਸ਼ੂਕਰੀਆਂ।' ਆਪ
ਮੁਹਾਰੇ ਮੇਰੇ ਮੂੰਹੋਂ ਨਿਕਲ ਜਾਂਦੇ ਹਨ। ਉਹ ਪਿੱਛੇ ਮੁੜ ਜਾਂਦੀ ਹੈ, ਜ਼ਾਹਿਰ ਹੈ ਕਿ ਉਸ ਦਾ ਮਤਲਬ
ਸਿਰਫ਼ ਦੱਸਣਾ ਹੀ ਸੀ ਕਿ ਉਹ ਆਪਣੇ ਠੀਕ ਦਿੱਤੇ ਸਮੇਂ ਅਨੁਸਾਰ ਆ ਗਈ ਹੈ। ਮੈਂ ਅੰਦਰੋਂ ਗਰਾਜ ਦਾ
ਦਰਵਾਜ਼ਾ ਖੋਲ੍ਹਦਾ ਹਾਂ। ਉਹ ਬਿਨਾ ਝਿਜਕ ਅੰਦਰ ਪਏ ਸੂਟਕੇਸ ਫੜ੍ਹ ਕੇ ਕਾਰ ਵਿੱਚ ਰੱਖਣ ਲੱਗੀ ਹੈ।
ਮੇਰੇ ਨਾਂਹ ਨਾਂਹ ਕਰਨ/ਰੋਕਣ ਤੇ ਵੀ ਉਹ ਪਰਉਪਕਾਰ ਵਾਲਾ ਇਹ ਕੰਮ ਕਰਦੀ ਰਹੀ। ਬੱਚਿਆਂ ਨੂੰ ਆਵਾਜ਼
ਲਗਾਉਣ ਹੀ ਲੱਗਾ ਸੀ ਕਿ ਉਹ ਸਾਰੇ ਸਵੇਰ ਦੀ ਨਿੱਤਰੀ ਸ਼ਬਨਮ ਵਾਂਗ ਤਰੋ-ਤਾਜ਼ਾ ਹੋਏ ਹਾਸਿਆਂ ਦੇ
ਛਣਕਾਟੇ ਲਾਉਂਦੇ ਥੱਲੇ ਉੱਤਰਦੇ ਹਨ। 'ਸਤਿ ਸ੍ਰੀ ਅਕਾਲ' ਕਹਿੰਦੇ ਮੇਰੇ ਕੋਲ ਖੜ੍ਹਦੇ ਉਹ ਹੈਰਾਨੀ
ਜਿਹੀ ਨਾਲ ਨਵੀਂ ਮਹਿਮਾਨ ਵੱਲ ਵੇਖਣ ਲੱਗੇ ਹਨ।
'ਇਹ ਸਾਡੀ ਡਰਾਈਵਰ ਹੈ ਬੇਟਾ! ਜੋ ਤੁਹਾਨੂੰ ਹਵਾਈ ਅੱਡੇ ਤੇ ਛੱਡੇ ਗੀ।' ਮੈਂ ਬੱਚਿਆਂ ਨੂੰ ਪਲੋਸਦਾ
ਪਿਆਰਦਾ ਹਾਂ।
ਨੰਨ੍ਹੀਂ ਜਿਹੀ ਜੈਸਮੀਨ ਹੱਥ ਵਿੱਚ ਆਪਣਾ ਛੋਟਾ ਜਿਹਾ ਪਰਸ ਘੁਮਾਉਂਦੀ ਬੇਪ੍ਰਤੀਤੀ ਜਿਹੀ ਨਾਲ ਮੇਰੇ
ਵੱਲ ਘੋਟਵੀਂ ਨਜ਼ਰ ਸੁੱਟਦੀ ਹੈ ਜਿਵੇਂ ਮੇਰੀ ਕਹੀ ਹੋਈ ਗੱਲ ਦੀ ਪ੍ਰੋੜ੍ਹਤਾ ਮੰਗਦੀ ਹੋਵੇ।
'ਹਾਂ ਬੇਟਾ ਹਾਂ, ਅੱਜ ਅਸੀਂ ਅਲਾਸਕਾ ਦੀ ਸਮੁੰਦਰੀ ਸੈਰ ਵਾਸਤੇ ਜਾਣਾ ਹੈ। ਸ਼ੀ ਵਿੱਲ ਲੀਵ ਯੂ ਐਟ
ਸੈਨਹੋਜ਼ੇ ਏਅਰਪੋਰਟ, ਜਿੱਥੋਂ ਅਸੀਂ ਹਵਾਈ ਜਹਾਜ ਲੈ ਕੇ ਸਿਆਟਲ ਦੇ ਹਵਾਈ ਅੱਡੇ ਤੱਕ ਤੇ ਫਿਰ ਉਥੋਂ
ਟੈਕਸੀ ਲੈ ਕੇ ਸਿਆਟਲ ਬੰਦਰਗਾਹ ਸਮੁੰਦਰੀ ਜਹਾਜ਼ ਤੱਕ ਜਾਵਾਂ ਗੇ।' ਨਵੀਂ ਤਰ੍ਹਾਂ ਦੀ ਪਿੰਗਲਿਸ਼ ਸੁਣ
ਕੇ ਜੇਦੀਪ ਵੀ ਹੱਸਣ ਲੱਗਾ। ਉਨ੍ਹਾਂ ਦੀ 'ਵੱਡੇ ਮੰਮਾ' ਵੀ ਮੋਢੇ ਤੇ ਹੈਂਡ ਬੈਗ ਲਟਕਾਈ ਅਣਚਾਹੇ
ਜਿਹੇ ਮਨ ਨਾਲ ਬੱਧੀ-ਰੁੱਧੀ ਆ ਪਹੁੰਚੀ ਹੈ। ਰਾਹ ਲਈ ਪੱਲੇ ਬੰਨ੍ਹੇ ਤੜਕੇ ਦੇ ਬਣਾਏ ਆਲੂ ਗੋਭੀ ਦੇ
ਪਰਾਉਂਠੇ ਉਸ ਦੇ ਹੈਂਡ ਬੈਗ ਵਿੱਚ ਲਪਟਾਂ ਛੱਡ ਰਹੇ ਹਨ। ਉਹ ਬਾਹਰ ਸਫ਼ਰ ਸੈਰ-ਸਪਾਟੇ ਦੀ ਬਹੁਤੀ
ਸ਼ੌਕੀਨ ਨਹੀਂ, ਬਲਕਿ ਬਿਲਕੁਲ ਪਸੰਦ ਹੀ ਨਹੀਂ ਕਰਦੀ। ਮੈਂ ਵੀ ਅਜੇਹੇ ਖਤਰਨਾਕ ਬੇਲੋੜੇ ਸਫ਼ਰ ਤੋਂ
ਕੰਨੀਂ ਕਤਰਾਉਂਦਾ ਹਾਂ ਪਰ ਦਲਵੀਰ ਕਹਿੰਦਾ ਹੈ, 'ਜੇ ਪੰਜਾਬੋਂ ਬਾਹਰ ਘਰ ਛੱਡ ਕੇ ਅਮਰੀਕਾ ਆਏ ਹੋ
ਤਾਂ ਅਸਲੀ ਅਮਰੀਕਾ ਤਾਂ ਬਾਹਰ ਨਿਕਲ ਕੇ ਹੀ ਦਿਸਣਾ ਹੈ, ਅੰਦਰ ਵੜ ਕੇ ਨਹੀਂ। ਅੰਦਰ ਤਾਂ ਤੁਹਾਨੂੰ
ਮੱਖੀਆਂ ਵੀ ਮਾਰਨ ਨੂੰ ਨਹੀਂ ਮਿਲਨੀਆਂ ਇੱਥੇ।'
ਕੈਲੀਫੋਰਨੀਆ ਦੀਆਂ ਬਹੁਤ ਸਾਰੀਆਂ ਵੇਖਣ ਯੋਗ ਥਾਂਵਾਂ ਹੁਣ ਤੱਕ ਮੈਂ ਵੇਖ ਲਈਆਂ ਹਨ। ਹਾਲੀਵੁੱਡ
ਯੂਨੀਵਰਸਲ ਸਟੂਡੀਓ, ਡਿਜ਼ਨੀਲੈਂਡ, ਰੋਲਰ ਕੋਸਟਲ ਰੇਲ ਗੱਡੀ, ਲੇਕ ਟਾਹੋ, ਸ਼ੇਵਰ ਲੇਕ, ਗੋਲਡਨ ਗੇਟ
ਬ੍ਰਿਜ, ਸਨਫ੍ਰਾਂਸਿਸਕੋ ਗੋਲਡਨ ਗੇਟ ਬ੍ਰਿਜ ਦੇ ਥੱਲੇ ਛੋਟੇ ਬਹਿਰੀ ਜਹਾਜ਼ ਦੀ ਸੈਰ, ਸੈਂਟਾ ਕਰੂਜ਼,
ਹਾਫ ਮੂਨ ਬੇ, ਕਈ ਚਿੜੀਆ ਘਰ, ਲਾਸਵੇਗੱਸ, ਹੂਵਰਡੈਮ, ਫ੍ਰੀ-ਵੇ ਨੰਬਰ ਵੰਨ ਤੇ ਲਾਸਏਂਜਲ ਤੋਂ ਮਾਨਰੇ
ਤੱਕ ਦੀ ਦਸ ਘੰਟੇ ਦੀ ਬੜੀ ਖਤਰਨਾਕ ਸਮੁੰਦਰੀ ਕੰਢੇ ਦੀ ਕਾਰ ਸਵਾਰੀ, ਗੁਬਾਰੇ ਦੀ ਉਡਾਰੀ, ਨਾਈਨ
ਫਲੈਗਜ਼, ਗਰੇਟ ਅਮੈਰਿਕਾ ਸਰਕਸ, ਵੈਂਚੁਰਾ ਬੀਚ ਦੀ ਛੋਟੇ ਜਹਾਜ਼ ਦੀ ਸਵਾਰੀ ਜਿੱਥੋਂ ਸੂਰਜ ਦੀ ਟੁਕੜੀ
ਸਮੁੰਦਰ ਵਿੱਚ ਡੁੱਬਦੀ ਵੇਖਣ ਲਈ ਖਾਸ ਆਕ੍ਰਸ਼ਣ ਹੈ, ਯਾਸੁੰਦਰਾ ਨੈਸ਼ਨਲ ਫੌਰੈੱਸਟ ਜੰਗਲ ਕੈਂਪ,
ਨਿਆਗਰਾ ਫਾਲ ਅਤੇ ਕਈ ਹੋਰ ਥਾਂਵਾਂ ਆਦਿ।
ਜਿਵੇਂ ਅਮਰੀਕਾ ਸਾਰੀ ਦੁਨੀਆ ਦਾ ਪ੍ਰਧਾਨ ਤੇ ਅਮੀਰ ਮੁਲਕ ਮੰਨਿਆ ਜਾਦਾ ਹੈ, ਕੈਲੀਫੋਰਨੀਆਂ ਅਮਰੀਕਾ
ਦਾ ਸਭ ਤੋਂ ਵੱਧ ਸਰੀਂ ਤੇ ਖੁਸ਼ਹਾਲ ਪ੍ਰਾਂਤ ਮੰਨਿਆ ਜਾਂਦਾ ਹੈ, ਉਵੇਂ ਸੈਜਹੋਜ਼ੇ ਕੈਲੀਫੋਰਨੀਆਂ ਦਾ
ਸਭ ਤੋਂ ਜਿਆਦਾ ਬਰਕਤ ਵਾਲਾ ਸਭਿਆਚਾਰਕ, ਆਰਥਿਕ ਤੇ ਸਮਾਜਿਕ ਪੱਖੋਂ ਵਿਕਸਿਤ ਸ਼ਹਿਰ ਜਾਣਿਆ ਜਾਂਦਾ
ਹੈ। ਇਹ ਸ਼ਿਲਪ-ਵਿਗਿਆਨ ਤੇ ਉਦਯੋਗ-ਵਿਗਿਆਨ ਦਾ ਗੜ੍ਹ ਹੈ। 6600 ਦੇ ਲਗਭਗ ਤਕਨੀਕੀ ਕੰਪਨੀਆਂ
254000 ਹੁਨਰਮੰਦ ਇੰਨਜੀਨੀਅਰ ਤੇ ਹੁਨਰੀ ਕਾਮਿਆਂ ਦਾ ਬਰਸਰੇ-ਰੁਜ਼ਗਾਰ ਹਨ। ਸੈਂਟਾਕਲੇਰਾ ਜਿਲਾ/ਕਾਊਂਟੀ
ਵਿੱਚ ਪੈਂਦੇ 1781 ਸੁਕੇਅਰ ਮੀਲ ਰਕਬੇ ਵਾਲੇ ਇਸ ਸ਼ਹਿਰ ਦੀ 974000 ਜਨਸੰਖਿਆ ਹੈ। ਕੈਲੀਫੋਰਨੀਆਂ
ਦਾ ਤੀਸਰਾ ਤੇ ਅਮਰੀਕਾ ਦਾ ਦਸਵਾਂ ਵੱਡਾ ਸ਼ਹਿਰ ਹੈ। ਲਾਸਏਂਜਲਸ ਤੋਂ 390 ਮੀਲ ਤੇ ਸਨਫ੍ਰਾਂਸਿਸਕੋ
ਤੋਂ 50 ਮੀਲ ਦੀ ਦੂਰੀ ਤੇ ਵਾਕਿਆ ਹੈ। ਸ਼ਹਿਰ ਦੇ ਚੜ੍ਹਦੇ ਪਾਸੇ 3636 ਮੁਰੀਲੋ ਐਵੀਨਿਊ ਵਿੱਚ ਪਹਾੜੀ
ਉੱਪਰ 45 ਏਕੜ ਵਿੱਚ ਸਸ਼ੋਭਿਤ ਗੁਰਦੁਆਰਾ {ਸਿੱਖ ਟੈਂਪਲ' ਅਮਰੀਕਾ ਭਰ ਦੇ ਵੱਡੇ ਗੁਰਧਾਮਾਂ ਵਿੱਚ
ਸ਼ੁਮਾਰ ਹੈ। ਇਸ ਗੁਰਦੁਆਰੇ ਦੀ ਹੋਰ ਉਸਾਰੀ ਲਈ ਅਨੁਮਾਨਤ ਲਾਗਤ 25 ਮਿਲੀਅਨ ਡਾਲਰ ਆਂਕੀ ਗਈ ਹੈ ਤੇ
ਜਦ ਇਹ ਪੂਰਾ ਬਣ ਗਿਆ ਤਾਂ ਦੁਨੀਆਂ ਭਰ ਵਿੱਚ ਨੰਬਰ ਵੰਨ ਹੋਵੇ ਗਾ। ਸਾਰੇ ਅਮਰੀਕਾ ਭਰ ਤੋਂ ਇੱਥੇ
ਮਹਿੰਗਾਈ ਭਾਵੇਂ ਜਿਆਦਾ ਹੈ ਪਰ ਆਮਦਨ ਦੇ ਸ੍ਰੋਤ ਵੀ ਜਿਆਦਾ ਹਨ ਤੇ ਕੰਮ-ਕਾਰ ਵੀ ਆਮ ਕਰਕੇ ਮਿਲ ਹੀ
ਜਾਂਦਾ ਹੈ, ਇਸ ਲਈ ਇੱਥੇ ਪੰਜਾਬੀਆਂ ਦੀ ਵਸੋਂ ਵੀ ਕਾਫੀ ਸੰਘਣੀ ਹੈ। ਗੁਰਦੁਆਰੇ ਜਾਓ ਤਾਂ ਤੁਸੀਂ
ਭੁੱਲ ਜਾਓ ਗੇ ਕਿ ਤੁਸੀਂ ਅਮਰੀਕਾ ਬੈਠੇ ਹੋ ਜਾਂ ਪੰਜਾਬ ਵਿੱਚ। ਇੱਥੋਂ 50 ਮੀਲ ਬਾਹਰ ਪੰਜ ਲੱਖ
ਨੂੰ ਵਿਕਣ ਵਾਲਾ ਘਰ ਇੱਥੇ 7-8 ਲੱਖ ਨੂੰ ਵਿਕਦਾ ਹੈ ਤੇ ਲੋਕ ਫਿਰ ਵੀ ਇੱਥੇ ਰਹਿਣ ਨੂੰ ਤਰਜੀਹ
ਦਿੰਦੇ ਹਨ। ਪੰਜਾਬੀ ਲੋਕਾਂ ਦਾ ਟਰੱਕ, ਹੋਟਲ, ਪੈਟਰੋਲ ਪੰਪ, ਤੇ ਸਟੋਰਾਂ ਦੇ ਕਾਰੋਬਾਰ ਵਿੱਚ ਪੂਰਾ
ਠੁਕ ਤੇ ਸਰਦਾਰੀ ਹੈ। ਇੱਥੇ ਸਾਰਾ ਸਾਲ ਮੌਸਮ ਬੜਾ ਸੁਹਾਵਣਾ ਤੇ ਖੁਸ਼ਗਰਾਰ ਰਹਿੰਦਾ ਹੈ, ਨਾ ਬਹੁਤੀ
ਗਰਮੀ ਤੇ ਨਾ ਬਹੁਤੀ ਸਰਦੀ। ਤਾਪਮਾਨ 50 ਦਰਜੇ ਤੋਂ 80 ਦਰਜੇ ਫਾਰਨਹੀਟ ਦੇ ਵਿਚਕਾਰ ਹਰ ਅਮੀਰ ਗਰੀਬ
ਵਾਸਤੇ ਸਹਿਣਯੋਗ ਰਹਿੰਦਾ ਹੈ।
ਟੈਲੀਫੋਨ ਦੀ ਘੰਟੀ ਨੇ ਸਾਰਿਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਰਿਤੂ ਪਿਛਲੇ ਪੈਰੀਂ ਮੁੜ ਜਾਂਦੀ
ਹੈ। ਟੈਲੀਫੋਨ ਮੇਰੀ ਬੇਟੀ ਦਾ ਹੈ, ਰਾਜਨ ਦਾ ਨਵਾਂਸ਼ਹਿਰ ਤੋਂ। ਉਸ ਨੂੰ ਇਹ ਪ੍ਰੋਗਰਾਮ ਦਾ ਪਤਾ ਸੀ
ਤੇ ਅਜੇਹੇ ਸਮੇਂ ਸ਼ੁੱਭ-ਇਸ਼ਾਵਾਂ ਆਦਾਨ ਪ੍ਰਦਾਨ ਕਰਨ ਤੋਂ ਉਹ ਨਹੀਂ ਖੁੰਝਦੀ। ਸਪਨਦੀਪ ਤੇ ਜੋਬਨ
ਜਸਦੀਪ ਵਾਰੀ ਵਾਰੀ ਸਾਰਿਆਂ ਨੂੰ ਹੈਪੀ ਜਰਨੀ ਕਹਿੰਦੇ ਟਾਹ ਟਾਹ ਕਰਦੇ ਹਨ। ਹਰਜੋਤ ਦੀ ਕਾਰ ਆ ਖੜ੍ਹੀ
ਹੈ। ਵੱਡਾ ਬੇਟਾ ਸੁਖਵੀਰ, ਆਮ ਕਰਕੇ ਏਅਰਪੋਰਟ ਤੇ ਛੱਡਣ ਲਈ ਉਹੀ ਜਾਦਾ ਹੈ ਪਰ ਅੱਜ ਉਸ ਦੇ ਪਿਛਲੀ
ਰਾਤ ਦੇਰ ਨਾਲ ਬਾਹਰੋਂ ਪਰਤਣ ਕਰਕੇ ਉਸ ਨੂੰ ਨਾ ਜਾਣ ਲਈ ਕਹਿ ਦਿੱਤਾ ਸੀ ਪਰ ਉਹ ਸ੍ਰਿਸ਼ਟਾਚਾਰ ਵਜੋਂ
ਆਣਿ ਹੀ ਪਹੁੰਚੇ ਨੇ ਸਾਨੂੰ ਤੋਰਨ ਲਈ। ਸ਼ਾਹਬਾਜ਼ ਜੋ ਘੁੰਮਣ ਫਿਰਨ ਦਾ ਬੜਾ ਸ਼ੌਕੀਨ ਹੈ, ਵੀ ਅੱਖਾਂ
ਮਲਦਾ ਸੋਮਨ ਹੋ ਕੇ ਆਪ ਬਾਹਰ ਦੀ ਇਹ ਸਵਾਰੀ ਖੁੰਝਣ ਕਰਕੇ ਰੋਣਹਾਕਾ ਹੋਇਆ ਖੜ੍ਹਾ ਹੈ। ਦਲਵੀਰ ਨੇ
ਟਿਕਟਾਂ ਤਾਂ ਸਾਰਿਆਂ ਲਈ ਹੀ ਕਰਵਾਈਆਂ ਸਨ ਪਰ ਗੁਰਸ਼ਾਨ ਦੀ ਚਮੜੀ ਖ਼ਾਰਿਸ਼ ਕਰਕੇ ਉਹ ਕੈਂਸਲ ਕਰਾਉਣੀਆਂ
ਪਈਆਂ। ਗੁਰਸ਼ਾਨ ਕਾਰਾਂ ਦੀ ਤਿਆਰੀ ਵੇਖ ਕੇ ਵੱਡੇ ਅੰਮਾਂ ਦੇ ਕੁੱਛੜ ਚੜ੍ਹ ਬੈਠਾ ਹੈ। ਹਰਗੁਬਿੰਦਰ
ਕਾਹਲੋਂ ਐਡਵੋਕੇਟ ਨਵਾਂਸ਼ਹਿਰ ਜੋ ਅਮਰੀਕਾ ਦਾ ਵਕੀਲ ਬਣਨ ਲਈ ਇੱਥੇ ਇਮਤਿਹਾਨ ਦੇਣ ਆਇਆ ਹੈ, ਨਾਲ ਨਾ
ਜਾ ਸਕਣ ਕਰਕੇ ਬੱਬੂ ਵੀ ਮਜਬੂਰ ਨਿਰਾਸ਼ ਜਿਹਾ ਲਗਦਾ ਹੈ। ਛੰਟੀ ਦੀਆਂ ਟੈਸਟ ਦੀਆਂ ਤਰੀਕਾਂ ਵੀ ਇਨ੍ਹਾਂ
ਤਰੀਕਾਂ ਵਿੱਚ ਆ ਗਈਆਂ ਹਨ, ਫਿਰ ਇਕ ਕੰਮ ਹੀ ਹੋ ਸਕਦਾ ਹੈ ਜਾਂ ਸੈਰ-ਸਪਾਟਾ ਕਰ ਲਓ ਜਾਂ ਇਮਤਿਹਾਨ
ਦੇ ਲਓ।
ਨੌਂ ਸਵਾਰੀਆਂ ਦੀ ਸਮਰੱਥਾ ਵਾਲੀ ਲੰਮੀ ਜਿਹੀ ਲਿੰਮੋ ਛੋਟੀਆਂ ਕੋਰਟਾਂ ਤੇ ਗਲੀਆਂ ਛੱਡਦੀ 101
ਨੈਸ਼ਨਲ ਹਾਈ ਵੇ ਤੇ ਪੈ ਕੇ ਹਵਾ ਨਾਲ ਗੱਲਾਂ ਕਰਨ ਲੱਗੀ। ਡਰਾਈਵਰ ਨੂੰ ਦੱਸਣ ਸਮਝਾਉਣ ਦੀ ਕੋਈ ਲੋੜ
ਨਹੀਂ ਪਈ, ਕਿਉਂਕਿ ਇਹ ਉਸ ਦਾ ਕਸਬ ਸੀ ਤੇ ਉਹ ਪਹਿਲਾਂ ਵੀ ਤਾਂ ਹਵਾਈ ਅੱਡੇ ਤੱਕ ਕਈ ਵੇਰਾਂ ਜਾ
ਚੁੱਕੀ ਹੋਵੇ ਗੀ, ਅਨਜਾਣ ਨਹੀਂ ਸੀ। ਫਿਰ ਵੀ ਉਸ ਦੇ ਸਟੇਅਰਿੰਗ ਦੇ ਨਾਲ ਲੱਗਾ ਰਾਹ-ਦਿਖਾਊ ਯੰਤਰ
ਸੋਨੇ ਤੇ ਸੁਹਾਗੇ ਵਾਂਗ ਸਾਰਾ ਰਸਤਾ, ਸੜਕਾਂ ਮੋੜਾਂ ਦੇ ਨਾਮ, ਮੀਲ ਤੇ ਮੋੜ ਬੋਲ ਬੋਲ ਕੇ ਏਅਰਪੋਰਟ
ਦਾ ਰਾਹ ਦੱਸ ਰਿਹਾ ਸੀ। 'ਬਰੋਕਾ ਐਗਜ਼ਿਟ' ਤੋਂ ਸੱਜੇ ਨਿਕਲ ਕੇ ਥੋੜੀ ਦੇਰ ਘੁਮੇਟਣੀਆਂ ਜਿਹੀਆਂ
ਵਿੱਚ ਘੁੰਮਦੀ ਲਿੰਮੋ, ਯੰਤਰ ਦੇ ਕਹਿਣ ਤੇ ਕਿ 'ਤੁਹਾਡੀ ਮੰਜ਼ਿਲ ਆ ਗਈ ਹੈ' ਖਲੋ ਗਈ। ਸਵੈ-ਚਲਤ
ਡਿੱਗੀ ਖੁੱਲ੍ਹ ਗਈ ਤੇ ਲੀਵਰ ਨਾਲ ਸਮਾਨ ਥੱਲੇ ਉੱਤਰ ਆਇਆ।
ਟੈਕਸੀ ਦੇ ਮੀਟਰ ਦੀ ਪੜ੍ਹਤ 88.65 ਡਾਲਰ ਆਈ। ਡਾਕਟਰ ਪੰਨੂ ਨੇ ਬਟੂਆ ਫਰੋਲਿਆ ਤੇ ਸੌ ਦਾ ਬਿੱਲ
ਉੱਧਰ ਵਧਾਇਆ।
'ਸੌਰੀ! ਨੋ ਰੀਟਰਨ!'
'ਓ ਕੇ! ਆਈ ਡੋਂਟ ਨੀਡ ਐਨੀ ਚੇਂਜ, ਕੀਪ ਇਟ ਆਲ , ਥੈਂਕ ਯੂ।'
'ਵੈੱਲ ਕਮ!' ਉਸ ਦੀਆਂ ਨੀਲੀਆਂ ਅੱਖਾਂ ਦੀਵਿਆਂ ਵਾਂਗ ਜਗ ਪਈਆਂ।
ਕਾਹਲੀ ਕਾਹਲੀ ਸਮਾਨ ਲੈ ਕੇ ਪੜਤਾਲ ਖਿੜਕੀਆਂ ਵੱਲ ਦੀ ਕਤਾਰ ਵੱਲ ਹੋਏ। ਯਾਤਰੀਆਂ ਦੇ ਸਮਾਨ ਤੇ
ਪਾਸਪੋਰਟ ਦੀ ਘੋਖ ਪਰਖ ਹੋ ਰਹੀ ਸੀ। ਇਕ ਉੱਚਾ ਲੰਬਾ ਪਗੜੀ ਵਾਲਾ ਸਰਦਾਰ ਮੂਹਰੇ ਕਤਾਰ ਵਿੱਚ ਲੱਗਾ
ਸਾਰੀ ਭੀੜ ਤੋਂ ਭਿੰਨ ਨਿਆਰਾ ਨਿਆਰਾ ਲੱਗ ਰਿਹਾ ਸੀ। ਇੱਜੜ ਵਿੱਚ ਆਪਣਾ ਸਾਨ੍ਹ ਦੂਰੋਂ ਹੀ ਪਛਾਣਿਆਂ
ਜਾਂਦਾ ਹੈ ਸ਼ਾਇਦ ਇਸ ਕਰਕੇ ਹੀ ਮੈਂ ਉਸ ਵੱਲ ਕੇਂਦਰਤ ਹਰ ਹਰਕਤ ਘੋਖ ਨਾਲ ਟੋਹ ਰਿਹਾ ਸਾਂ।
ਸਿਕਿਉਰਿਟੀ ਵਾਲੀ ਬੀਬੀ ਅੱਗੇ ਉਸ ਦੀ ਪੇਸ਼ੀ ਦੀ ਵਾਰੀ ਆ ਗਈ। ਮੈਡਮ ਦੇ ਕਹਿਣ ਤੇ ਹੀ ਸ਼ਾਇਦ ਉਸ ਨੇ
ਗਲ ਦਾ ਗਾਤਰਾ ਲਾਹ ਕੇ ਆਪਣੇ ਪਿੱਛੇ ਪਤਨੀ ਨੂੰ ਫੜਾ ਦਿੱਤਾ ਜਿਸ ਨੇ ਇਹ ਟਰੰਕ ਵਿੱਚ ਘਸੋੜ ਦਿੱਤਾ।
ਕੜਾ ਲਾਹੁਣ ਤੋਂ ਉਹ ਨਾਂਹ-ਨਿੰਮ੍ਹ ਕਰ ਰਿਹਾ ਸੀ। ਛੋਟੇ ਜਿਹੇ ਮਧਰੇ ਕੱਦ ਵਾਲੀ ਸਰਕਾਰੀ ਬੀਬੀ ਹੱਥ
ਵਿੱਚ ਧਾਤ-ਢੁੰਡਾਊ ਯੰਤਰ ਲੈ ਕੇ ਉਸ ਦੇ ਚਾਰ ਚੁਫੇਰੇ, ਉੱਪਰ ਥੱਲੇ ਫੇਰਨ ਦੇ ਦਾਅ ਪੇਚ ਟੋਲ ਰਹੀ
ਸੀ। ਪੈਰਾਂ, ਲੱਤਾਂ, ਜਾਂਘੀਆ, ਲੱਕ ਤੱਕ ਮੱਠੀ ਜਿਹੀ ਟੂੰ ਟੂੰ ਕਰਦਾ ਯੰਤਰ ਆਪਣਾ ਵਿਹਾਰ ਨਿਭਾ
ਰਿਹਾ ਸੀ। ਉਸ ਨੇ ਸਰਦਾਰ ਨੂੰ ਸਿਰ ਥੱਲੇ ਕਰਨ ਦਾ ਇਸ਼ਾਰਾ ਕੀਤਾ।
'ਨੋ ਨੋ ਨੈਵਰ! ਮਾਈ ਰੈਲੀਗਨ ਡਜ਼ ਨਾਟ ਅਲਾਊ ਮੀ ਟੂ ਬੋ ਡਾਊਨ।' ਉਹ ਸਗੋਂ ਹੋਰ ਸਾਨ੍ਹੇ ਵਾਂਗੂ ਆਕੜ
ਕੇ ਸਿਰ ਉੱਚਾ ਕਰ ਬੈਠਾ।
ਬੀਬੀ ਵਿਚਾਰੀ ਬੇਵਸ, ਉਸ ਨੇ ਪਾਸੇ ਪਿਆ ਸਟੂਲ ਚੁੱਕਿਆ ਤੇ ਉਸ ਉੱਪਰ ਖਲੋ ਕੇ ਸਰਦਾਰ ਦੇ ਸਿਰ ਤੱਕ
ਅੱਪੜਨ ਜੋਗੀ ਹੋ ਗਈ। ਉਸ ਨੇ ਆਪਣੀ ਡਯੂਟੀ ਨਿਭਾਈ, 'ਸੌਰੀ ਫਾਰ ਟਰੱਬਲ।' ਉਹ ਮੁਆਫ਼ੀ ਮੰਗਦੀ ਦੂਸਰੀ
ਸਵਾਰੀ ਵੱਲ ਹੋ ਗਈ।
ਸਰਦਾਰ ਪਰੇ ਖੜ੍ਹਾ ਜੇਤੂ ਮੁਦਰਾ ਵਿੱਚ ਆਪਣੇ ਸਾਥੀਆਂ ਨਾਲ ਹੁੱਬ ਹੁੱਬ ਗੱਲਾਂ ਕਰਦਾ ਆਪਣੇ ਆਪ ਤੇ
ਮਾਣ ਮਹਿਸੂਸ ਕਰ ਰਿਹਾ ਸੀ। ਜਿੱਥੇ ਮੈਨੂੰ ਬੀਬੀ ਵਿਚਾਰੀ ਤੇ ਤਰਸ ਆਇਆ ਉੱਥੇ ਅਜੇਹੇ ਸਰਦਾਰ ਤੇ ਵੀ
ਕਚਿਆਣ ਜਿਹੀ ਛਿੜ ਗਈ। ਹੁਣੇ ਇਹ ਬਾਹਰ ਜਾ ਕੇ ਅਖ਼ਬਾਰ ਵਿੱਚ ਆਪਣੀ ਫੋਟੋ ਕਢਾਏ ਗਾ, ਖ਼ਬਰ ਛਪਵਾਏ ਗਾ
ਕਿ ਮੈਂ ਆਪਣੀ ਸਿੱਖੀ ਦੀ ਅਣਖ ਰੱਖੀ ਹੈ ਤੇ ਉਸ ਔਰਤ ਦੇ ਸਾਹਮਣੇ ਸਿਰ ਨਹੀਂ ਝੁਕਾਇਆ। ਆਪਣਾ ਇਹ 'ਮਾਅਰਕਾ'
ਮਿਰਚ-ਮਸਾਲਾ ਲਗਾ ਦਰਸਾ ਕਰਕੇ ਇਹ ਸ਼ਖਸ ਸਿੱਖ ਕੌਮ ਦਾ ਮਹਾਨ ਆਜ਼ਾਦੀ ਘੁਲਾਟੀਆਂ ਦਰਸਾਏ ਗਾ। ਧਾਰਮਿਕ
ਸੰਸਥਾਵਾਂ ਕੋਲ ਜਾ ਕੇ ਆਪਣਾ 'ਕਾਰਨਾਮਾ' ਵਧਾ-ਚੜ੍ਹਾ ਦੱਸ ਕੇ ਮਾਣ ਸਨਮਾਨ ਲੈਣ ਦਾ ਹੱਕ ਜਤਾਏ ਗਾ।
ਆਪਣਾ ਨੰਬਰ ਆਉਣ ਤੱਕ ਮੈਂ ਉਸ ਠਿਗਣੀ ਬੀਬੀ ਨੂੰ ਪੂਰਾ ਮਿਲਵਰਤਣ ਦੇਣ ਦਾ ਇਰਾਦਾ ਬਣਾ ਬੈਠਾ ਸਾਂ।
ਚਲੋ ਸਿਰ ਨਹੀਂ ਮੈਂ ਕਮਰ ਝੁਕਾ ਲਵਾਂ ਗਾ ਥੋੜੀ ਜਿਹੀ, ਉਸ ਦੀ ਪਹੁੰਚ ਜੋਗੀ। ਮੇਰੀ ਵਾਰੀ ਤੱਕ ਇੱਕ
ਹੋਰ ਉੱਚਾ ਲੰਮਾ ਸਰਦਾਰ ਸਿਕਿਉਰਿਟੀ ਵਾਲਾ ਆਪਣੇ ਹਥਿਆਰ ਫੜ੍ਹ ਮੇਰੇ ਕੋਲ ਆ ਗਿਆ। ਉਸ ਨੇ
ਟੋਹਾ-ਟਾਹੀ ਕਰਕੇ ਮੈਨੂੰ ਜਲਦੀ ਹੀ ਅੱਗੇ ਤੋਰ ਦਿੱਤਾ। ਮੈਂ ਮਨ ਹੀ ਮਨ ਵਿੱਚ ਉਸ ਦਾ ਧੰਨਵਾਦ ਕੀਤਾ।
ਅਗਲੇ ਜਾਂਚ-ਪੜਤਾਲ ਵਾਲੇ ਦਰਵਾਜ਼ੇ ਵਿੱਚੋਂ ਲੰਘਦੇ ਟੂੰ ਟੂੰ ਨੇ ਤਰਥੱਲੀ ਮਚਾ ਦਿੱਤੀ। ਉਹੀ ਰੈਕਟ
ਵਰਗਾ ਯੰਤਰ ਲੈ ਕੇ ਇਕ ਗੋਰਾ ਸ਼ਾਇਦ ਕੋਈ ਵਡੇਰਾ ਅਧਿਕਾਰੀ, ਮੇਰੇ ਵੱਲ ਵਧਿਆ। ਕੜਾ ਬੈੱਲਟ ਤੇ ਘੜੀ
ਵੇਖ ਕੇ ਅੱਗ-ਬਗੋਲਾ ਹੋ ਗਿਆ ਤੇ ਇਕ ਨਜ਼ਰ ਉਸ ਵੱਲ ਤੇ ਇੱਕ ਮੇਰੇ ਵੱਲ ਕਰ ਕੇ ਕਹਿਣ ਲੱਗਾ, 'ਇਨ੍ਹਾਂ
ਨੂੰ ਉਤਾਰੋ'। ਮੈਂ ਲਾਹੁਣ ਵਿੱਚ ਕੋਈ ਉਜ਼ਰ ਨਹੀਂ ਕੀਤਾ ਪਰ ਉਸ ਸਰਦਾਰ ਗਾਰਡ ਦੇ ਮੱਥੇ ਤੇ ਜਿਸ ਨੇ
ਸ਼ਾਇਦ ਮੇਰੇ ਨਾਲ ਕੁਝ ਰਿਆਇਤ ਜਾਂ ਨਰਮਾਈ ਵਰਤੀ ਸੀ, ਉੱਗੀਆਂ ਪਸੀਨੇ ਦੀਆਂ ਬੂੰਦਾਂ, ਉਸ ਪ੍ਰਤੀ
ਬੇਯਕੀਨੀ ਦੀ ਗਵਾਹੀ, ਮੈਨੂੰ ਅੰਦਰ ਤੱਕ ਝੰਜੋੜ ਗਈਆਂ। ਮੈਂ ਆਪਣੇ ਆਪ ਨੂੰ ਬੜਾ ਵੱਡਾ ਗੁਨਾਹਗਾਰ
ਮਹਿਸੂਸ ਕੀਤਾ। ਮੈਂ ਆਪਣੀ ਟੁੱਟੀ ਫੁੱਟੀ ਅੰਗਰੇਜ਼ੀ ਵਿੱਚ ਇਸ ਕੱਟੜ ਘੋਰ ਬੇਇਨਸਾਫ਼ੀ ਦਾ ਵਿਰੋਧ
ਜਤਾਇਆ। ਉਹ ਗੋਰਾ ਚਿੜ ਕੇ ਹੋਰ ਚੌੜਾ ਹੋ ਗਿਆ। ਰਾਈ ਦਾ ਪਹਾੜ ਬਣ ਗਿਆ। ਮੈਂ ਬੇਕਸੂਰ ਹੁੰਦੇ ਹੋਏ
ਵੀ ਮੁਜਰਮ ਬਣ ਗਿਆ।
ਇੱਕ ਦਾੜ੍ਹੀ ਵਾਲਾ ਉੱਪਰੋਂ ਪਗੜੀ ਧਾਰੀ ਤੇ ਤੀਜਾ ਝਗੜਾਲੂ, ਹਰ ਗੱਲ ਦੀ ਪੁੱਛ-ਪੜਤਾਲ ਕਰਨ ਵਾਲਾ,
ਬਹਿਸਣ ਵਾਲਾ, ਉਨ੍ਹਾਂ ਨੂੰ ਨਸ਼ਤਰ ਵਾਂਗੂੰ ਚੁਭਿਆ। ਸਾਰੇ ਦਸਤਾਵੇਜ਼ ਤੇ ਸ਼ਨਾਖ਼ਤੀ ਕਾਰਡ ਦਿਖਾਉਣ ਤੇ
ਵੀ ਉਹ ਟੱਸ ਤੋਂ ਮੱਸ ਨਾ ਹੋਏ। ਵੇਖਦੇ ਵੇਖਦੇ ਹਾਲ ਅੰਦਰ ਕੁਝ ਸਾਈਕਲ ਸਵਾਰ ਪੁਲਸੀਏ ਦਾਖਲ ਹੋਏ ਤੇ
ਭਰਵੱਟੇ ਫੈਲਾਉਂਦੇ, ਘੂਰਦੇ ਮੇਰੀ ਘੋਖ ਕਰਦੇ ਮੈਨੂੰ ਘੇਰਾ ਘੱਤ ਖਲੋਏ, ਜ਼ਾਹਿਰ ਹੈ ਉਨ੍ਹਾਂ
ਟੈਲੀਫੋਨ ਕਰਕੇ ਮੰਗਵਾਏ ਹਨ। ਗਟਾਰਾਂ ਵਿੱਚ ਘਿਰੇ ਬੋਟ ਵਾਂਗ ਮੈਂ ਜੀ-ਭਿਆਣਾ ਜਿਹਾ ਉਨ੍ਹਾਂ ਦੇ
ਤੌਰ ਤਰੀਕੇ ਵੇਖ ਕੇ ਆਚੰਭਿਤ ਹੋ ਰਿਹਾ ਸਾਂ, ਪਤਾ ਨਹੀਂ ਹੁਣ ਇਹ ਕੀ ਚੰਦ ਚੜ੍ਹਾਉਣ ਗੇ। ਉਨ੍ਹਾਂ
ਦੋਬਾਰਾ ਧਾਤ-ਢੁੰਡਾਊ ਯੰਤਰਾਂ ਨਾਲ ਮੈਨੂੰ ਸਿਰ ਤੋਂ ਪੈਰਾਂ ਤੱਕ ਫਰੋਲਿਆ। ਮਾੜੀ ਜਿਹੀ ਟੂੰ ਟੂੰ
ਹੁੰਦੀ ਉਹ ਚਕਾਚੂੰਦ ਹੋ ਜਾਂਦੇ। ਮੇਰੇ ਕੜੇ ਮੁੰਦਰੀਆਂ, ਪੈੱਨ, ਸੈੱਲ ਫੋਨ, ਜੁੱਤੀ ਸਾਰੇ ਕਢਵਾ ਕੇ
ਇੱਕ ਟ੍ਰੇ ਵਿੱਚ ਪਾ ਕੇ ਉਸ ਤੇ ਉਹੀ ਯੰਤਰ ਬਾਰ ਬਾਰ ਫੇਰਦੇ ਰਹੇ। ਫਿਰ ਇੱਕ ਆਧੁਨਿਕ ਉਪਕਰਨਾਂ ਨਾਲ
ਭਰਪੂਰ ਇਕਾਂਤ ਛੋਟੀ ਜਿਹੀ ਕਾਲ ਕੋਠੜੀ ਵਰਗੇ ਸੈੱਲ ਵਿੱਚ ਜਾ ਵਾੜਿਆ ਜਿੱਥੇ ਕਿਸੇ ਗੈਸ ਜਿਹੀ ਦੇ
ਫੋਕੇ ਫਾਇਰ/ਧਮਾਕੇ ਨੇ ਜਿਵੇਂ ਮੇਰੀ ਜਾਨ ਹੀ ਖਿੱਚ ਲਈ। ਬਿਜਲੀ ਦੇ ਤੇਜ ਕਰੰਟ ਵਾਂਗ ਕੈਬਨ ਵਿੱਚ
ਇੱਕ ਬੁੱਲਾ ਜਿਹਾ ਫਿਰ ਗਿਆ ਤੇ ਸਕਿੰਟ ਦੀ ਸਕਿੰਟ ਮੈਨੂੰ ਹਿਲਾ ਗਿਆ ਪਰ ਮੈਂ ਇਨ੍ਹਾਂ ਸਾਰੀਆਂ
ਅਗਨ-ਪ੍ਰੀਖਿਆਵਾਂ ਵਿੱਚੋਂ ਪਾਸ ਹੋ ਕੇ ਨਿਕਲਿਆ। ਸਾਡਾ ਸਾਰਾ ਸਮਾਨ ਦੋਬਾਰਾ ਬਾਹਰ ਕਢਵਾ ਲਿਆ ਗਿਆ
ਤੇ ਫੋਲਾ-ਫਾਲੀ ਸ਼ੁਰੂ ਹੋ ਗਈ। ਮੇਰੇ ਨਾਲ ਅਜੇਹੀ ਬਦਸਲੂਕੀ ਹੁੰਦੀ ਵੇਖ ਕੇ ਮੇਰੇ ਸਾਥੀ ਤੇ ਬੱਚੇ
ਪਰੇਸ਼ਾਨ ਬੇਵਸ ਹੋਏ ਮੇਰੀ ਖਲਾਸੀ ਦੀ ਇੰਤਜ਼ਾਰ ਵਿੱਚ ਵਿਆਕਲ ਹੋ ਰਹੇ ਸਨ। ਬੱਚਿਆਂ ਲਈ ਸ਼ਹਿਦ ਅਧਰਕ,
ਨਿੰਬੂ, ਕਾਲੀ ਮਿਰਚ ਮਿਲੀ ਮੇਰੀ ਆਪ ਹੱਥੀਂ ਬਣਾਈ ਮਿਸ਼ਰਣ ਨੂੰ ਹੱਥ 'ਚ ਲੈ ਕੇ ਉਹ ਬਹੁਤ ਖੁਸ਼ ਹੋਏ,
ਜਿਵੇਂ ਬੜਾ ਵੱਡਾ ਜਿਕਰ ਯੋਗ ਖ਼ਬਰਾਂ 'ਚ ਆਉਣ ਵਾਲਾ ਮਾਅਰਕਾ ਮਾਰ ਲਿਆ ਹੋਵੇ। ਨਸ਼ੀਲੇ ਪਦਾਰਥਾਂ ਜਾਂ
ਪਾਬੰਦੀ-ਸ਼ੁਧਾ ਦਵਾਈਆਂ ਦੀ ਖੋਜ ਲਈ ਸੁੰਘਦੇ ਉਹ ਛਾਣਬੀਣ ਕਰ ਰਹੇ ਸਨ। ਇਸ ਦਾ ਨਮੂਨਾ ਇੱਕ ਟਿਊਬ
ਵਿੱਚ ਪਾ ਕੇ ਬਾਰ ਬਾਰ ਹਿਲਾਇਆ, ਸ਼ਾਇਦ ਉਨ੍ਹਾਂ ਦੇ ਮਾਪ-ਦੰਡ ਵਿੱਚ ਨਹੀਂ ਆਇਆ। ਫਿਰ ਵੀ ਇੱਕ ਹੋਰ
ਟੈੱਸਟ-ਟਿਊਬ ਵਿੱਚ ਸੈਂਪਲ ਪਾ ਕੇ ਪਿੱਛੇ ਲੈਬਾਰਟਰੀ ਵਿੱਚ ਲੈ ਗਏ। ਮੈਨੂੰ ਵੀ ਪਤਾ ਹੈ, ਪਿਛਲੇ
ਦਿਨੀਂ ਅਜੇਹੀ ਹੀ ਇੱਕ ਜੈੱਲ ਘੋਲ ਜੋ ਪੜਤਾਲ ਸਮੇਂ ਸਾਊਦੀ ਯਾਤਰੂਆਂ ਕੋਲੋਂ ਫੜ੍ਹੀ ਗਈ ਸੀ। ਜੇ ਉਹ
ਨਿਕਲ ਜਾਂਦੀ ਤਾ ਜਹਾਜ਼ ਵਾਸਤੇ ਬੜੀ ਵਿਸਫੋਟਕ ਤੇ ਖਤਰਨਾਕ ਸਿੱਧ ਹੋਣੀ ਸੀ। ਨਾਲੇ ਕੌਮਾਂਤਰੀ ਸਰਹੱਦਾਂ
ਤੇ ਲਗਾਤਾਰ ਅਖਾਉਤੀ ਪੰਜਾਬੀ ਗੱਭਰੂਆਂ ਕੋਲੋਂ ਫੜ੍ਹੀ ਜਾਂਦੀ ਕਇੰਟਲਾਂ ਮੂੰਹੀਂ ਕੋਕੀਨ ਤੇ ਹੋਰ
ਨਸ਼ੀਲੇ ਪਦਾਰਥਾਂ ਨੇ ਸਿੱਖਾਂ ਦੀ ਪਹਿਛਾਣ ਉਜਾਗਰ ਕਰਕੇ ਚੰਗੀ ਤਰ੍ਹਾਂ ਉਘਾੜ ਦਿੱਤੀ ਹੈ। ਇਸ ਲਈ
ਮੈਂ ਕੋਈ ਵੀ ਉਜ਼ਰ ਇਤਰਾਜ਼ ਨਹੀਂ ਕੀਤਾ ਤੇ ਹਰ ਤਰ੍ਹਾਂ ਉਨ੍ਹਾਂ ਨਾਲ ਮਿਲਵਰਤਣ ਦੇਣ ਦੀ ਪੂਰੀ ਵਾਹ
ਲਾਈ। ਅੰਦਰਲੇ ਸੈਂਪਲ ਦਾ ਪ੍ਰੀਖਣ ਵੀ ਮੇਰੇ ਹੱਕ ਵਿੱਚ ਨਤੀਜਾ ਦੇ ਗਿਆ। ਹੋਰ ਕੁਝ ਤਲਾਸ਼ੀ ਲੈਣ ਦੇ
ਬਾਵਜੂਦ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ। ਮੈਨੂੰ ਕੁਝ ਕੁਝ ਹੋਸ਼ ਆਈ ਕਿ ਮੈਨੂੰ ਸ਼ਾਇਦ ਉਹ ਕੁਝ
ਹੋਰ ਹੀ ਸਮਝੀ ਬੈਠੇ ਨੇ, ਬੜਾ ਵੱਡਾ ਇਸ਼ਤਿਹਾਰੀ ਮੁਜਰਮ, ਜਿਨੂੰ ਫੜ੍ਹ ਕੇ ਉਨ੍ਹਾਂ ਨੂੰ ਕਈ ਅਹੁਦੇ
ਤਰੱਕੀਆਂ ਤੇ ਇਨਾਮ ਮਿਲਨੇ ਸਨ। ਇਹ ਸਾਰੀ ਖਾਤਰ ਸੇਵਾ ਮੇਰੀ ਪਗੜੀ ਕਰਕੇ ਹੈ, ਮੇਰੀ ਦਾੜ੍ਹੀ ਕਰਕੇ
ਹੀ ਹੋ ਰਹੀ ਹੈ ਜਿਸ ਲਈ ਪਿਛਲੇ ਨਾਈਨ ਇਲੈਵਨ ਦੀ ਘਟਨਾ ਵੀ ਜਿੰਮੇਵਾਰ ਹੈ ਜਾਂ ਫਿਰ ਉਸ ਸਰਦਾਰ ਦੀ,
ਜਿਸ ਦੀ ਅੱਖੜਤਾ ਨੇ ਉਨ੍ਹਾਂ ਦੇ ਮਨ ਵਿੱਚ ਜ਼ਹਿਰ ਦੇ ਸ਼ੰਕੇ ਬੀਜ ਦਿੱਤੇ।
'ਸੌਰੀ ਮਿਸਟਰ ਪੈਨਯੂ! ਸੌਰੀ ਫਾਰ ਇਨ-ਕਨਵੀਨੀਐਂਸ... ਯੂ ਕੈਨ ਗੋ... ਹੈਪੀ ਜਰਨੀ।' ਕਹਿ ਕੇ ਭਾਵੇਂ
ਝੂਠੀ ਹੀ ਸਹੀਂ, ਚਿਹਰੇ ਤੇ ਮੁਸਕਾਨ ਫੇਰਦੇ ਹੈੱਡ ਨੇ ਮੇਰੇ ਵੱਲ ਹੱਥ ਵਧਾਇਆ ਤੇ ਉਹ ਸਾਈਕਲ ਸਵਾਰ
ਮੁੜ ਆਪਣੇ ਰਸਤੇ ਪੈ ਗਏ।
ਮੇਰੇ ਪਾਸਪੋਰਟ ਤੇ ਗਰੀਨ ਕਾਰਡ ਵੇਖ ਕੇ, ਜਹਾਜ਼ ਦੇ ਗੇਟ-ਪਾਸ ਅਤੇ ਬਾਹਰ ਜਾਣ ਦੇ ਠੱਪੇ ਲੱਗ ਗਏ।
ਮੇਰੇ ਫੈਮਿਲੀ ਮੈਂਬਰ ਆਪਣੀ ਸਾਰੀ ਕਾਰਵਾਈ ਕਰਾ ਕੇ ਕਿੰਨੀ ਦੇਰ ਦੇ ਮੇਰੇ ਛੁਟਕਾਰੇ ਦੀ ਇੰਤਜ਼ਾਰ
ਵਿੱਚ ਪਾਸੇ ਖੜ੍ਹੇ ਸਨ।
ਗੇਟ ਨੰਬਰ ਨੌਂ ਦੇ ਬਾਹਰ ਬੈਠ ਕੇ ਕੁਝ ਰਾਹਤ ਮਹਿਸੂਸ ਕੀਤੀ। ਅੰਦਰੋਂ ਘੋਸ਼ਣਾ ਹੋ ਰਹੀ ਸੀ। ਸਵਾਰੀਆਂ
ਘੱਟ ਹੋਣ ਕਰਕੇ ਸਿਆਟਲ ਨੂੰ ਜਾਣ ਵਾਲਾ ਯਾਨੀ ਕਿ ਸਾਡਾ ਹਵਾਈ ਜਹਾਜ਼ ਕੈਂਸਲ ਸੀ। ਦੂਸਰੀ ਉਡਾਣ ਜੋ
ਦੋ ਘੰਟੇ ਬਾਦ ਜਾਣੀ ਸੀ, ਵਾਸਤੇ ਸਾਡਾ ਨੰਬਰ ਲੱਗਣਾ ਸੀ। ਇਸ ਵਾਸਤੇ ਸਵਾਰੀਆਂ ਤਾਂਈਂ ਖੇਦ ਜਤਾਇਆ
ਗਿਆ। ਰਸਤੇ ਵਿੱਚ ਡਾਕਟਰ ਵਿਕਰਮ ਲਿਖਾਰੀ, ਡਾਕਟਰ ਤੁੰਗ ਤੇ ਡਾਕਟਰ ਜੇ ਸਿੰਘ ਨੂੰ ਮਿਲਨ ਦਾ
ਨਿਸ਼ਚਿਤ ਕੀਤਾ ਸਮਾ ਇਸ ਜਹਾਜ਼ ਦੀ ਪਛੇਤ ਨੇ ਖਾ ਲਿਆ। ਉਨ੍ਹਾਂ ਨੇ ਹਵਾਈ ਅੱਡੇ ਤੇ ਅੱਗਲ-ਵਾਂਢੀ ਆਉਣਾ
ਸੀ। ਦਲਵੀਰ ਉਨ੍ਹਾਂ ਨੂੰ ਸੂਚਿਤ ਕਰਨ ਵਿੱਚ ਮਸਰੂਫ ਆਪਣਾ ਉਨ੍ਹਾਂ ਨਾਲ ਬਣਾਇਆ ਸ਼ਿਕਾਰ ਖੇਡਣ,
ਪੈਰਾ-ਗਲਾਈਡਿੰਗ, ਅਤੇ 'ਵਾਟਰ ਰੈਫਟਿੰਗ' ਦਾ ਸਮਾ ਗਵਾਚਣ ਦੇ ਖ਼ਦਸ਼ੇ ਕਰਕੇ ਤਰਲੋਮੱਛੀ ਹੋ ਰਿਹਾ ਸੀ।
ਪੜਤਾਲ ਅਧਿਕਾਰੀਆਂ ਦੀ ਜਿਆਦਤੀ ਦੇ ਝਾੜੇ ਝੰਬੇ ਮੈਂ ਉਡੀਕ-ਘਰ ਵਿੱਚ ਕੁਰਸੀ ਤੇ ਹੀ ਟੇਢਾ ਹੋ ਗਿਆ
ਤੇ ਇੱਕ ਡੇਢ ਘੰਟਾ ਚੰਗਾ ਠੌਂਕਾ ਲਾ ਲਿਆ।
'ਡੈਡੀ ਨੇ ਤੇ ਚੰਗੀਆਂ ਨੀਂਦਰਾਂ ਲਾਹ ਲਈਆਂ ਨੇ।' ਰਵਨੀਤ ਹੱਸ ਰਹੀ ਸੀ ਤੇ ਉਹਨੂੰ ਸੁਣ ਕੇ ਦੂਸਰੇ
ਸਾਥੀ ਵੀ ਉਸ ਦੀ ਹਾਸੜ ਵਿੱਚ ਸ਼ਾਮਲ ਹੋ ਗਏ।
ਛੋਟੇ ਜਿਹੇ ਯਾਨੀ ਕਿ 80 ਸੀਟਾਂ ਵਾਲੇ ਜਹਾਜ਼ ਵਿੱਚ ਸਿਆਟਲ ਆ ਪਹੁੰਚੇ। ਬੱਸ! ਚੜ੍ਹਨ ਉੱਤਰਨ ਜਿੰਨੀ
ਹੀ ਦੇਰ ਲੱਗੀ। ਜਿਨ੍ਹਾਂ ਨੇ ਅੰਮ੍ਰਿਤਸਰ ਤੋਂ ਸਨਫ੍ਰਾਂਸਿਸਕੋ ਤੱਕ ਦਾ ਚੌਵੀ ਘੰਟੇ ਦਾ ਲਗਾਤਾਰ
ਸਫ਼ਰ ਕੀਤਾ ਹੋਵੇ ਉਨ੍ਹਾਂ ਲਈ ਇਹ ਦੋ ਘੰਟੇ ਤਾਂ ਨਿਗੂਣਾ ਝੂੰਗਾ ਹੀ ਹੈ। ਸੈਨਹੋਜ਼ੇ ਤੋਂ ਸਿਆਟਲ ਤੱਕ
ਦਾ ਹਵਾਈ ਸਫ਼ਰ ਦੋ ਸਵਾ ਦੋ ਘੰਟੇ ਦਾ ਹੈ, ਤੇ ਸੈਨਹੋਜ਼ੇ ਤੋਂ ਵੈਨਕੋਵਰ ਦਾ ਵੀ ਇਤਨਾ ਹੀ ਹੈ ਭਾਵੇਂ
ਸਿਆਟਲ ਤੇ ਸੈਨਹੋਜ਼ੇ ਦੋਵੇਂ ਅਮਰੀਕਾ ਦੇ ਸਟੇਸ਼ਨ ਹਨ ਤੇ ਵੈਨਕੋਵਰ ਕੈਨੇਡਾ ਦਾ ਹੈ। ਸੈਨਹੋਜ਼ੇ ਤੋਂ
ਸਿਆਟਲ ਕਾਰ ਦਾ ਕੋਈ ਦਸ ਬਾਰਾਂ ਘੰਟੇ ਦਾ ਸਫ਼ਰ ਹੈ ਪਰ ਰਸਤੇ ਦੀਆਂ ਬਹੁਤ ਹੀ ਸੁੰਦਰ ਕੁਦਰਤੀ ਨਦੀਆਂ,
ਝੀਲਾਂ, ਪਹਾੜ ਤੇ ਪ੍ਰਕਿਰਤਿਕ ਰੰਗੀਨੀਆਂ ਵੇਖਣ ਲਈ ਜਿਨ੍ਹਾਂ ਕੋਲ ਫਾਲਤੂ ਸਮਾ ਹੈ, ਉਹ ਕਾਰ ਜਾਂ
ਟਰੱਕ ਬੱਸ ਤੇ ਜਾਣ ਨੂੰ ਹੀ ਤਰਜੀਹ ਦਿੰਦੇ ਹਨ। ਇਸ ਤਰ੍ਹਾਂ ਚਾਰ ਪੰਜ ਸਵਾਰੀਆਂ ਵਾਸਤੇ ਕਾਰ ਜਹਾਜ਼
ਨਾਲੋਂ ਸਸਤੀ ਵੀ ਪੈਂਦੀ ਹੈ ਤੇ ਰਸਤੇ ਦੀ ਮੌਜ ਮਸਤੀ ਵੀ ਹੋ ਜਾਂਦੀ ਹੈ। ਸਿਆਟਲ ਹਵਾਈ ਅੱਡੇ ਤੋਂ
ਉੱਤਰ ਕੇ ਟੈਕਸੀ ਸਟੈਂਡ ਤੋਂ ਸਾਡੇ ਆਪਣੇ ਨਾਮ ਅਗੇਤੀ ਰਾਖਵੀਂ ਟੈਕਸੀ ਵਾਲਾ, ਸਾਡਾ ਹੁਲੀਆ ਪਹਿਚਾਣ
ਕੇ ਆ ਪਹੁੰਚਾ। ਫਟਾਫਟ ਸਮਾਨ ਰੱਖਿਆ ਤੇ ਸਿਆਟਲ ਬੰਦਰਗਾਹ ਜਾ ਅੱਪੜੇ।
ਇੱਥੇ ਬੰਦਰਗਾਹ ਤੇ ਵੀ ਲਗਭਗ ਉਹੀ ਚਾਲੇ, ਢੰਗ ਤਰੀਕੇ, ਉਹੀ ਸਬੱਬ ਸਾਹਮਣੇ ਸਨ। ਦੋਬਾਰਾ ਪਾਲ ਵਿੱਚ
ਲੱਗ ਕੇ ਉਨ੍ਹਾਂ ਮਸ਼ੀਨਾਂ ਵਿੱਚੋਂ ਗੁਜਰਨਾ ਪਿਆ ਪਰ ਛੁਟਕਾਰਾ ਜਲਦੀ ਹੀ ਹੋ ਗਿਆ। ਸਮਾਨ ਵਾਲੇ ਅਟੈਚੀ
ਤੇ ਬੈਗ ਚੈੱਕ-ਇਨ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚ ਚਲੇ ਗਏ। ਸਮਾਨ ਦਾ ਭਾਰ ਹਲਕਾ ਕਰਕੇ ਅਸੀਂ ਵੀ
ਹੌਲੇ ਹੌਲੇ ਹੋਏ ਮਹਿਸੂਸ ਕੀਤਾ। ਜਹਾਜ਼ ਅੰਦਰ ਜਾਣ ਲਈ ਸਿਕਿਉਰਿਟੀ ਚੈਕਿੰਗ ਕਰਦੇ ਤੇ ਇਮੀਗ੍ਰੇਸ਼ਨ
ਚੈੱਕ ਕਰਦੇ ਸਮੇਂ ਹਵਾਈ ਜਹਾਜ਼ਾਂ ਵਾਂਗ ਹੀ ਪਰੇਸ਼ਾਨੀ ਉਠਾਉਣੀ ਪਈ। ਇਨ੍ਹਾਂ ਕਰੈਡਿਟ ਕਾਰਡ ਦਾ ਨੰਬਰ
ਤੇ ਉਸ ਦੀ ਫੋਟੋ ਕਾਪੀ ਅਤੇ ਇਕ ਲਿਖਤੀ ਦਸਤਾਵੇਜ਼ ਉੱਤੇ ਦਸਤਖ਼ਤ ਕਰਵਾ ਲਏ ਕਿ ਜਹਾਜ਼ ਦਾ ਜੋ ਵਾਧੂ
ਖਰਚਾ ਪਹਿਲਾਂ ਅਗਾਊਂ ਦਿੱਤੇ ਡਾਲਰਾਂ ਤੋਂ ਵਾਧੂ ਇਸ ਕਾਰਡ ਵਿਚੋਂ ਕੱਟ ਲਿਆ ਜਾਵੇਗਾ, ਲੈ ਲਿਆ ਜਾਵੇ
ਗਾ। ਕਲਰਕ ਨੇ ਸਫ਼ਰ ਦੀ ਸ਼ੁੱਭ ਕਾਮਨਾ ਤੇ ਵਿੱਚ ਇਕ ਪ੍ਰੇਮ ਪੱਤਰ ਰਾਤ ਦੇ ਖਾਣੇ ਦੀ ਦਾਅਵਤ ਜਿਸ
ਵਿੱਚ ਸੈਂਪੇਨ ਦਾ ਟੇਸਟ ਦਿਖਾਉਣਾ ਵੀ ਸੀ, ਸਾਡੇ ਹੱਥੀਂ ਫੜਾਉਂਦਿਆਂ ਮੁਸਕਾਨ ਭਰੀ।
ਵੇਟਿੰਗ ਰੂਮ ਵਿੱਚ ਕੁਝ ਸੇਵਾਦਾਰ ਕੌਫ਼ੀ ਨਾਸ਼ਤਾ ਸਨੈਕਸ ਟ੍ਰੇਆਂ ਵਿੱਚ ਲੈ ਕੇ ਮੁਸਾਫ਼ਰਾਂ ਨੂੰ ਜੀ
ਆਇਆਂ ਕਹਿ ਰਹੇ ਹਨ। ਇੱਕ ਕੈਬਨ ਵਿੱਚ ਕਲਾਸ ਲੱਗੀ ਹੋਈ ਹੈ। ਇੱਕ ਜਿੰਮੇਵਾਰ ਅਫਸਰ ਜਹਾਜ਼ ਬਾਰੇ
ਵਿਸਥਾਰਤ ਜਾਣਕਾਰੀ ਤੇ ਹਦਾਇਤਾਂ ਦੇ ਰਿਹਾ ਹੈ।
'ਕਮਰਾ ਖੋਲ੍ਹਣ ਲਈ ਇਹ ਕਾਰਡ ਕਮਰੇ ਦੇ ਦਰਵਾਜ਼ੇ ਦੀ ਨਿਸ਼ਚਿਤ ਝੀਤ ਵਿੱਚ ਪਾਉ। ਠੀਕ ਤਰ੍ਹਾਂ ਪਾਉ
ਤਾਂ ਗਰੀਨ ਇਸ਼ਾਰਾ ਹੋਵੇਗਾ ਤੇ ਦਰਵਾਜ਼ਾ ਖੁੱਲ ਜਾਏਗਾ। ਅੰਦਰ ਘੁਸ ਜਾਓ, ਤੁਸੀਂ ਫੇਰ ਅੰਦਰੋਂ ਖੋਲ੍ਹ
ਸਕਦੇ ਹੋ। ਜੇ ਗਲਤੀ ਨਾਲ ਕਾਰਡ ਅੰਦਰ ਛੱਡ ਕੇ ਤੁਸੀਂ ਬਾਹਰ ਨਿਕਲ ਆਏ ਤਾਂ ਦਰਵਾਜ਼ਾ ਆਪੇ ਬੰਦ ਹੋ
ਕੇ ਲੌਕ ਹੋ ਜਾਣਾ ਹੈ ਤੇ ਫਿਰ ਤੁਹਾਨੂੰ ਡੈੱਕ ਨੰਬਰ 5 ਡੈੱਸਕ ਤੇ ਹਾਜ਼ਰ ਹੋਣਾ ਪਵੇਗਾ। ਕਈ
ਸਪੱਸ਼ਟੀਕਰਨ ਦੇ ਕੇ ਨਵੀ ਚਾਬੀ ਜਰੂਰ ਮਿਲ ਜਾਵੇਗੀ ਪਰ ਨਾਲ 15 ਡਾਲਰ ਦਾ ਬਿੱਲ ਭੁਗਤਾਨ ਵੀ ਕਰਨਾ
ਪਵੇਗਾ ਜਰਮਾਨੇ ਦੇ ਤੌਰ ਤੇ। ਵੈਸੇ ਜਹਾਜ਼ ਦੇ ਕਰਮਚਾਰੀ/ਸਫਾਈ ਵਾਲਿਆਂ ਕੋਲ ਮਾਸਟਰ ਚਾਬੀ ਹੁੰਦੀ ਹੈ
ਜਿਸ ਨਾਲ ਉਹ ਆਪੇ ਖੋਲ੍ਹਣ ਦਾ ਅਖਤਿਆਰ ਲੈ ਸਕਦੇ ਹਨ ਤੇ ਏਸੇ ਨਾਲ ਹੀ ਤੁਹਾਡੀ ਗ਼ੈਰਹਾਜ਼ਰੀ ਵਿੱਚ ਉਹ
ਕਮਰਾ ਖੋਲ੍ਹ ਕੇ ਸਫਾਈ ਕਰ ਸਕਦੇ ਹਨ। ਉਹਨਾਂ ਦੀ ਈਮਾਨਦਾਰੀ ਏਨੀ ਕਿ ਤੁਸੀਂ ਜ਼ਰਾ ਜਿੰਨਾ ਵੀ ਸ਼ੱਕ
ਨਹੀਂ ਕਰ ਸਕਦੇ।'
ਮੇਰਾ ਕਮਰਾ ਨੰਬਰ 2551 ਤੇ ਦਲਵੀਰ ਦਾ ਨੰਬਰ 2546 ਸੀ। ਨਿਰਧਾਰਨ ਵੰਡ ਉਨ੍ਹਾਂ ਆਪ ਹੀ ਆਪਣੀ ਮਰਜ਼ੀ
ਨਾਲ ਸਾਨੂੰ ਪੁੱਛਣ ਤੋਂ ਬਗੈਰ ਹੀ ਕੀਤੀ ਸੀ। ਅਸੀਂ ਬੇਨਤੀ ਕੀਤੀ ਕਿ ਸਾਡੇ ਦੋਹੇਂ ਕਮਰੇ ਨਾਲ ਨਾਲ
ਦਿੱਤੇ ਜਾਣ ਪਰ ਉਨ੍ਹਾਂ ਸਿਰ ਫੇਰ ਦਿੱਤਾ ਤੇ ਕਿਹਾ ਕਿ ਅਸੀਂ ਕਿਸੇ ਹੋਰ ਸਬੰਧਿਤ ਮੁਸਾਫ਼ਰ ਨਾਲ
ਅਜੇਹੇ ਬੰਦੋਬਸਤ ਲਈ ਆਪ ਹੀ ਗੱਲ ਕਰ ਵੇਖੀਏ। ਮੇਰੇ ਨਾਲ ਅਜੀਤ ਕੌਰ ਤੇ ਜੇਦੀਪ ਸਨ ਤੇ ਬੱਬੂ ਨਾਲ
ਰਵਨੀਤ ਤੇ ਜੈਸਮੀਨ ਦਾ ਨਾਮ ਸ਼ਾਮਲ ਸੀ। ਕਾਰਿੰਦਿਆਂ ਨੇ ਜਹਾਜ਼ ਦੇ ਕਮਰਿਆਂ ਦੀਆਂ ਕਾਰਡ ਚਾਬੀਆਂ ਦੇ
ਕੇ ਸਾਨੂੰ ਸਭ ਨੂੰ 'ਗੁੱਡ ਲੱਕ, ਹੈਪੀ ਜਰਨੀ, 'ਸੀ ਵਾਇਜ਼' 'ਤੁਹਾਡਾ ਸਫ਼ਰ ਸੁਖਦਾਈ ਰਹੇ' ਕਹਿੰਦੇ
ਵਿਦਾਇਗੀ ਕੀਤੀ।
ਸੱਤ ਸਟਾਰ ਹੋਟਲ ਦੀ ਪੱਧਰ ਦਾ ਮਿਆਰੀ, ਬੜਾ ਸੁੰਦਰ ਪਿਆਰਾ, ਬੜਾ ਵੱਡਾ ਪਹਾੜ ਦਾ ਪਹਾੜ, ਇੱਕ ਪੂਰਾ
ਪਿੰਡ, ਇੱਕ ਪੂਰਾ ਸ਼ਹਿਰ ''ਅਮਸਟਰਡਮ' ਨਾਮੀ ਸਮੁੰਦਰੀ ਜਹਾਜ਼ ਸਾਹਮਣੇ ਵਾਰਮ-ਅਪ ਹੁੰਦਾ ਹਾਕਰਾਂ
ਮਾਰਦਾ ਸਾਡੀ ਇੰਤਜ਼ਾਰ ਵਿੱਚ ਅੱਖਾਂ ਵਿਛਾਈ ਖੜ੍ਹਾ ਸਵਾਗਤੀ ਸ਼ਬਦਾਂ ਵਿੱਚ ਇਜ਼ਹਾਰ ਕਰ ਰਿਹਾ ਸੀ।
'ਆਓ! ਜਲਦੀ ਆਓ,
ਮੇਰੇ ਕਾਲਜੇ ਠੰਢ ਪਾਓ।
ਮੇਰੇ ਨੈਣਾਂ ਵਿੱਚ ਵਿਛ ਜਾਓ।
ਲੈ ਲਓ ਪਾਪ, ਫਰੇਬ,
ਨਫ਼ਰਤ ਸਾਰੀ ਧਰਤੀ ਦੇ,
ਚਿੰਤਾ ਗਮ ਉਦਰੇਵੇਂ ਸਾਰੇ ਜਿੰਦਗੀ ਦੇ,
ਗੁਰਬਤ, ਬੇਇਨਸਾਫ਼ੀ ਸਾਰੇ ਜਹਾਨ ਦੀ,
ਵਧੀਕੀਆਂ ਧਿੰਗੋਜੋਰੀਆਂ ਜਾਬਰ ਹਾਕਮਾਂ ਦੀਆਂ,
ਬੰਬਾਂ ਬਰੂਦਾਂ ਦੇ ਢੇਰ ਸਾਰੇ,
ਵਿਨਾਸ਼ਕਾਰੀ ਸਬੱਬ ਪਿਆਰੀ ਮਨੁੱਖਤਾ ਦੇ,
ਮੀਜ਼ਾਈਲਾਂ ਪਰਮਾਣੂ ਜਰਾਸੀਮ ਹਤਿਆਰੇ,
ਮਲਕੜੇ ਜਿਹੇ ਲੈ ਆਓ ਚੁੱਪ-ਚੁਪੀਤੇ,
ਟਿਕਾਓ ਪੈਰ ਮੇਰੀ ਤਲੀਆਂ ਤੇ।
ਮੈਂ ਠਿੱਲ੍ਹ ਪਵਾਂ ਸਮੁੰਦਰ ਦੀਆਂ ਸੁਅੱਸ਼,
ਨਿਰਮਲ, ਲਹਿਰਾਂ ਦੇ ਸੰਗ,
ਧੋ ਦੇਵਾਂ ਸਾਰੀ ਧਰਤੀ ਦੀ ਕਾਲਖ,
ਨਫ਼ਰਤ ਹਉਮੈ ਦਾ ਫਤੂਰ,
ਤੇ ਤੁਹਾਡੇ ਤਨ ਮਨ ਦੀ ਮੈਲ।
ਬਣਾ ਦੇਵਾਂ ਤੁਹਾਨੂੰ ਸ਼ੁੱਧ ਕੰਚਨ,
ਨਿਰਮਲ ਬਣ-ਮਾਣਸ।'
ਸਿਆਟਲ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਦਾ ਅੱਤ ਮਹੱਤਵ-ਸੀਲ ਚਾਰਟਰ ਸ਼ਹਿਰ ਹੈ। ਇਸ ਵੇਲੇ ਇਸ ਦੀ
ਜਨ-ਸੰਖਿਆ 592800 ਹੈ ਤੇ ਰਕਬਾ 142.5 ਸੁਕੇਅਰ ਮੀਲ ਹੈ। ਗਰੈੱਜ ਨਿਕਲਸ ਇਸ ਦਾ ਮੇਅਰ ਹੈ। ਇਹ
ਕੈਨੇਡਾ-ਅਮਰੀਕਾ ਦੀ ਕੌਮਾਂਤਰੀ ਹੱਦ ਤੋਂ 96 ਮੀਲ ਦੱਖਣ ਵਿੱਚ ਸਥਿਤ ਹੈ। 1869 ਤੋਂ 1980 ਤੱਕ ਇਹ
ਆਪਣੀ ਕੁਦਰਤੀ ਸੁੰਦਰਤਾ ਕਰਕੇ 'ਕੁਈਨ ਸਿਟੀ' ਦੇ ਨਾਮ ਨਾਲ ਜਾਣਿਆ ਜਾਦਾ ਰਿਹਾ ਹੈ। ਇਸ ਨੂੰ ਅਲਾਸਕਾ
ਦਾ ਗੇਟ-ਵੇ ਵੀ ਕਿਹਾ ਜਾਦਾ ਹੈ। ਇਸ ਸ਼ਹਿਰ ਦਾ ਨਾਮ ਕੋਈ ਡੇਢ ਸਦੀ ਪਹਿਲਾਂ ਇਸ ਖੇਤਰ ਦੇ ਵਸਨੀਕ
ਸਥਾਨਕ ਰੈੱਡ-ਇੰਡੀਅਨ ਕਬੀਲੇ ਦੇ ਮੁਖੀ 'ਸਿਆਟਲ' ਦੇ ਨਾਮ ਤੇ ਰੱਖਿਆ ਗਿਆ। ਤਤਕਾਲੀ ਅਮਰੀਕੀ
ਪ੍ਰਧਾਨ ਨੇ ਇਸ ਖ਼ਿੱਤੇ ਨੂੰ ਪ੍ਰਫੁੱਲਤ ਕਰਨ ਲਈ ਕਈ ਪ੍ਰੋਜੈਕਟ ਲਗਾਉਣ ਲਈ ਜ਼ਿਮੀਦਾਰਾਂ ਤੋਂ ਉਹਨਾਂ
ਦੀ ਜਮੀਨ ਹਥਿਆ ਲਈ। ਮੁਖੀ ਨੇ ਰੋਸ ਵਜੋਂ ਇੱਕ ਅੱਤ ਸਖ਼ਤ ਚਿੱਠੀ/ ਜ਼ਫ਼ਰਨਾਮਾ ਪ੍ਰੈਜ਼ੀਡੈਂਟ ਦੇ ਨਾਮ
ਲਿਖਿਆ ਜਿਸ ਨੇ ਪ੍ਰਧਾਨ ਦਾ ਮਨ ਪਘਰਾ ਦਿੱਤਾ। ਪ੍ਰਧਾਨ ਨੇ ਇਸ ਪ੍ਰਤੀ ਆਪਣੀ ਹਮਦਰਦੀ ਜਤਾਈ ਭਾਵੇਂ
ਇਸ ਮਾਮਲੇ ਵਿੱਚ ਕੋਈ ਰੱਦੋਬਦਲ ਨਹੀਂ ਕਰ ਸਕਿਆ ਕਿਉਂਕਿ ਇਹ ਕਦਮ ਸਮੁੱਚੇ ਦੇਸ਼ ਹਿਤ ਚੁੱਕਿਆ ਗਿਆ
ਸੀ। ਇਸ ਲਈ ਉਸ ਜੁਝਾਰੂ ਭੱਦਰ-ਪੁਰਸ,਼ ਕ੍ਰਾਂਤੀਕਾਰੀ ਆਗੂ ਦਾ ਨਾਮ ਜੀਵਤ ਰੱਖਣ ਲਈ ਇਸ ਸ਼ਹਿਰ ਦਾ
ਨਾਮ ਸਿਆਟਲ ਰੱਖਿਆ ਗਿਆ। ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਿੱਲ-ਗੇਟਸ ਜੋ 55 ਮਿਲੀਅਨ ਡਾਲਰ ਦਾ
ਮਾਲਕ ਹੈ, ਦੀਆਂ ਜੜ੍ਹਾਂ ਇਸੇ ਸ਼ਹਿਰ ਵਿੱਚ ਹਨ। {ਨਵੰਬਰ 2007 ਵਿੱਚ ਸਭ ਤੋਂ ਅਮੀਰ ਆਦਮੀ ਦਾ
ਖਿਤਾਬ 'ਗੇਟਸ' ਦੀ ਥਾਂ ਭਾਰਤ ਦੇ 'ਅੰਬਾਨੀ' ਦੇ ਹਿੱਸੇ ਆ ਗਿਆ।' ਸਿਆਟਲ ਬਿੱਲ ਗੇਟਸ ਦਾ ਜੱਦੀ
ਪੁਸ਼ਤੀ ਸ਼ਹਿਰ ਹੈ ਤੇ ਉਹ ਅੱਜ ਕਲ ਇੱਥੇ ਹੀ ਰਹਿੰਦਾ ਹੈ। ਕੰਪਿਊਟਰ ਦਾ ਅੱਤ ਮਹੱਤਵ-ਸ਼ੀਲ ਸੂਖਮ ਤਰੰਗ
ਦਫ਼ਤਰ {ਮਾਈਕਰੋ ਸਾਫਟ ਆਫਿਸ' ਪ੍ਰੋਗਰਾਮ ਦਾ ਉਹ ਸਿਰਜਣਹਾਰਾ ਹੈ। ਇਸ ਨੇ ਕੁੱਲ ਤਕਨੀਕੀ ਜਗਤ ਵਿੱਚ
ਉਸ ਦੀ ਸਰਦਾਰੀ ਕਾਇਮ ਕੀਤੀ ਹੈ ਤੇ ਸਾਰਾ ਕੰਪਿਊਟਰ ਉਦਯੋਗ ਇਸ ਦਾ ਮੁਥਾਜ ਹੈ। ਭਾਰਤ ਦੇ ਲਗਭਗ ਦਸ
ਹਜਾਰ ਕੰਪਿਊਟਰ ਪ੍ਰਤਿਭਾ/ਕਾਮੇ ਸਮੇਤ ਕੁੱਲ ਦੁਨੀਆ ਦੇ ਲੱਖਾਂ ਕਰੋੜਾਂ ਕਾਮੇ ਉਸ ਦੇ ਇਸ ਉਦਯੋਗ
ਨਾਲ ਕੰਮ ਕਰਦੇ ਜੁੜੇ ਹੋਏ ਹਨ। ਇਹ ਪੜ੍ਹਿਆਂ ਲਿਖਿਆਂ ਦਾ ਸ਼ਹਿਰ ਹੈ ਤੇ 2007 ਦੇ ਸਰਕਾਰੀ ਸਰਵੇਖਣ
ਅਨੁਸਾਰ ਇੱਥੋਂ ਦੇ 48.8% ਬਾਸ਼ਿੰਦੇ ਗਰੈਜੂਏਸ਼ਨ ਤੋਂ ਉੱਪਰ ਤੱਕ ਸਿਖਿਅਕ ਹਨ ਤੇ ਇਸ ਲਿਹਾਜ਼ ਨਾਲ ਇਹ
ਅਮਰੀਕਾ ਦਾ ਦੂਸਰਾ ਅਜੇਹਾ ਵੱਡਾ ਸ਼ਹਿਰ ਹੈ। ਬੋਇੰਗ ਹਵਾਈ ਜਹਾਜ਼ਾਂ ਦਾ ਵੀ ਇਥੇ ਬੜਾ ਵੱਡਾ ਕਾਰਖਾਨਾ
ਹੈ ਜਿਸ ਕਰਕੇ ਇਸ ਨੂੰ 'ਜੈੱਟ ਸਿਟੀ' ਕਰਕੇ ਵੀ ਜਾਣਿਆਂ ਜਾਦਾ ਹੈ। ਦੁਨੀਆ ਦੇ ਹਰ ਕੋਨੇ ਤੋਂ ਵੱਖ
ਵੱਖ ਹੁਨਰਾਂ ਦੇ ਮਾਲਕ ਰੋਟੀ ਰੋਜ਼ੀ ਦੀ ਖਾਤਰ ਆਪਣੀ ਪਹੁੰਚ/ਲਿਆਕਤ ਅਨੁਸਾਰ ਇੱਥੇ ਪਹੁੰਚੇ ਵੱਸੇ
ਹੋਏ ਹਨ। ਇੱਥੇ ਹਿੰਦੀ, ਮਰਾਠੀ, ਉਰਦੂ, ਪੰਜਾਬੀ, ਅੰਗਰੇਜ਼ੀ, ਸਪੇਨਿਸ਼ ਸਮੇਤ 68 ਭਾਸ਼ਾਵਾਂ ਬੋਲੀਆਂ
ਜਾਂਦੀਆਂ ਹਨ ਤੇ ਅਨੇਕਾਂ ਸੱਭਿਆਚਾਰਾਂ ਦਾ ਮਿਲਗੋਭਾ ਹੈ ਇੱਥੇ।
ਅਮਰੀਕਾ ਕੈਨੇਡਾ ਦੀ ਮਸ਼ਹੂਰ ਚਾਹ ਕੌਫ਼ੀ ਦੀ ਕੰਪਨੀ 'ਸਟਾਰ ਬਕਸ' ਇਸੇ ਸ਼ਹਿਰ ਦੀ ਦੇਣ ਹੈ। 'ਸਟਾਰ
ਬਕਸ ਸੈਂਟਰ' ਦੀ 2000000 ਫੁੱਟ ਇਮਾਰਤ ਸਭ ਤੋਂ ਵੱਡੀ ਹੈ। ਇਹ ਸ਼ਹਿਰ ਭੁਚਾਲਾਂ ਦਾ ਸ਼ਹਿਰ ਵੀ ਹੈ
ਤੇ ਸਮੇਂ ਸਮੇਂ ਅਨੁਸਾਰ ਇੱਥੇ ਬਹੁਤ ਭੁਚਾਲ ਆਉਂਦੇ ਰਹੇ ਹਨ। 2001 ਵਿੱਚ 6.8 ਮੈਗਨੀਚੂਡ ਦਾ
ਅਖੀਰਲਾ ਭੁਚਾਲ ਆਇਆ ਪਰ ਕੋਈ ਬਹੁਤਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿਉਂਕਿ ਸਥਾਨਕ ਵਾਸੀ ਇਸ ਦੇ
ਆਦੀ ਹੋ ਚੁੱਕੇ ਹਨ। ਅੱਗੇ ਵੀ ਸੰਭਾਵੀ ਭੁਚਾਲ ਦੇ ਖ਼ਤਰੇ ਦੀ ਤਲਵਾਰ ਇਸ ਦੇ ਸਿਰ ਲਟਕ ਰਹੀ ਹੈ।
1989 ਵਾਲੀ ਅੱਗ ਦੀ ਭਿਆਨਕ ਦੁਰਘਟਨਾ ਨੇ ਸਿਆਟਲ ਦੀ ਆਰਥਿਕਤਾ ਤੇ ਬਹੁਤ ਮਾਰੂ ਪ੍ਰਭਾਵ ਪਾਇਆ। ਲੋਕਾਂ
ਨੂੰ ਇਸ ਸਦਮੇ 'ਚੋਂ ਕੱਢਣ ਲਈ 'ਵਾਸ਼ਿੰਗਟਨ ਮੁਚੁਅਲ ਫੰਡ' ਹੋਂਦ ਵਿੱਚ ਆਇਆ ਤੇ ਇਸ ਨੇ ਡਿੱਗਿਆਂ
ਨੂੰ ਮੁੜ ਆਰਥਿਕ ਸਹਾਰਾ ਦੇ ਕੇ ਪੈਰਾਂ ਤੇ ਖੜ੍ਹਾ ਕੀਤਾ। ਹੁਣ ਵੀ ਸਿਆਟਲ ਤੋਂ ਜੰਮੀਂ ਇਹ ਕੰਪਨੀ
ਅਮਰੀਕਾ ਭਰ ਦੀ ਆਰਥਿਕਤਾ ਵਿੱਚ ਸਹਾਈ ਹੁੰਦੀ ਪੈਰ ਪਸਾਰ ਚੁੱਕੀ ਹੈ। ਇਸ ਸ਼ਹਿਰ ਦੇ ਨਾਲ ਲਗਾਤਾਰ
ਵਰਖਾ ਵਾਲੇ ਜੰਗਲ, ਸ਼ਿਕਾਰ ਕਰਨ ਦੇ ਚਾਹਵਾਨ ਸ਼ਿਕਾਰੀਆਂ ਲਈ ਨਿਸ਼ਚਿਤ ਸ਼ਿਕਾਰਗਾਹਾਂ, ਸੈਰ-ਸਪਾਟੇ ਲਈ
ਸਮੁੰਦਰੀ ਤਟ, ਇਸ ਦੇ ਖਾਸ ਆਕਰਸ਼ਿਕ ਕੁਦਰਤੀ ਸ੍ਰੋਤ ਹਨ ਤੇ ਹਰ ਸਾਲ ਲਗਭਗ ਸੱਤ ਲੱਖ ਯਾਤਰੀ ਇੱਥੋਂ
ਬਾਹਰ ਜਾਣ ਵਾਲੇ ਜਾਂ ਆਉਣ ਵਾਲੇ ਇਸ ਦਾ ਆਨੰਦ ਮਾਣਦੇ ਹਨ ਤੇ ਇਸ ਦੀ ਖੁਸ਼ਹਾਲੀ ਲਈ ਤਿਲ ਫੁੱਲ ਹਿੱਸਾ
ਪਾਉਂਦੇ ਹਨ।