ਕੈਮਰਾ ਬੋਲ ਪਿਆ
ਗਰੀਬਾਂ ਦੀ ਐਸ਼ ਸ਼ੁਰੂ

ਹਰ ਮਨੁੱਖ ਦੀ ਤਮੰਨਾ ਹੁੰਦੀ ਹੈ ਕਿ ਉਸ ਨੂੰ ਜੀਵਨ ਵਿਚ
ਸਭ ਕੁਝ ਮਨ ਭਾਉਂਦਾ ਮਿਲੇ, ਕਾਰ, ਨਾਰ, ਯਾਰ, ਰੁਜ਼ਗਾਰ ਤੇ ਸੁਆਦ ਦੀ ਤਾਰ ਹਰ ਕੋਈ ਪਾਉਣਾ ਚਾਹੁੰਦਾ
ਹੈ। ਕਹਿੰਦੇ ਹਨ ਸਮੇਂ ਤੋਂ ਪਹਿਲੋਂ ਕੁਝ ਨਹੀਂ ਮਿਲਦਾ ਤੇ ਜੇ ਕੋਈ ਪਾਉਂਦਾ ਵੀ ਜਾਂ ਪਾਉਣ ਦੀ
ਕੋਸ਼ਿਸ਼ ਕਰਦਾ ਹੈ ਤਾਂ ਉਸਦੇ ਖਟਾਸ ਹੀ ਪੱਲੇ ਪੈਂਦੀ ਹੈ। ਇਸੇ ਨਿਯਮ ਨੂੰ ਲੈਕੇ ਕੁਦਰਤ ਨੇ ਫਲਾਂ
ਦੀਆਂ ਰੁੱਤਾਂ ਮਿੱਥੀਆਂ ਹੋਈਆਂ ਹਨ। ਜਦੋਂ ਵੀ ਗਰਮੀ ਸ਼ੁਰੂ ਹੋਣੀ ਹੁੰਦੀ ਹੈ ਤਾਂ ਮਨੁੱਖੀ ਸਰੀਰ ਕਈ
ਜਲਵੇ ਦਿਖਾਉਂਦਾ ਹੈ। ਬੁਖਾਰ, ਇਨਫੈਕਸ਼ਨ, ਅਲਰਜੀ ਆਦਿ ਬਿਮਾਰੀਆਂ ਜ਼ੋਰ ਫੜ ਲੈਂਦੀਆਂ ਹਨ। ਇਹੋ ਜਿਹੇ
ਮੌਕੇ ਤੇ ਕੁਦਰਤ ਨੇ ਗਰੀਬ ਲੋਕਾਂ ਲਈ ਤੂਤ ਦਾ ਤੋਹਫਾ ਪੇਸ਼ ਕੀਤਾ ਹੈ। ਗੂੜ੍ਹੇ ਲਾਲ, ਕਾਲੇ ਜਾਂ
ਚਿੱਟੇ ਚੀਨੀ ਤੂਤ ਤੇ ਸ਼ਹਿਤੂਤ ਦੇ ਫਲ ਬੇਸ਼ੁਮਾਰ ਲੱਗਦੇ ਹਨ। ਟਾਹਣੀ ਤੋਂ ਤੋੜ ਕੇ ਇਹ ਠੰਡੇ ਛਾਂਦਾਰ
ਤੂਤ ਦੇ ਫਲ ਖਾਣੇ ਸਰੀਰਕ ਬਿਮਾਰੀਆਂ ਦੇ ਨਾਲ ਲੜਨ ਦੇ ਮਨੁੱਖ ਨੂੰ ਯੋਗ ਬਣਾਉਂਦੇ ਹਨ। ਇਹਨਾਂ ਫਲਾਂ
ਦੀ ਖੂਬਸੂਰਤੀ ਵੀ ਕਮਾਲ ਹੀ ਹੁੰਦੀ ਹੈ। ਇੱਕੋ ਸਮੇਂ ਨਵੇਂ ਫਲ ਲੱਗਣੇ ਸ਼ੁਰੂ ਹੁੰਦੇ ਹਨ। ਰਸਦੇ ਹਨ
ਤੇ ਪੱਕੇ ਵੀ ਹੁੰਦੇ ਹਨ। ਇਹ ਪੂੰਕਿੂੰਆ ਲੰਮੇ ਸਮੇਂ ਦਾ ਸਾਥ ਦੇਣ ਲਈ ਹੈ। ਪੰਛੀਆਂ ਤੇ ਮਨੁੱਖਾਂ
ਨੂੰ ਅਨੂਠਾ ਸਵਾਦ ਦੇਂਦਾ, ਇਹ ਅੱਜ ਦੇ ਮੌਸਮ ਦਾ ਤੋਹਫਾ ਹੈ। ਸ਼ਾਇਦ ਇਹੀ ਕਾਰਣ ਹੈ ਕਿ ਪੰਜਾਬ ਦੇ
ਹਰ ਖੂਹ ਤੇ ਤੂਤ ਹੁੰਦੇ ਸਨ ਤੇ ਸਾਡਾ ਸਾਹਿੱਤ ਤੂਤਾਂ ਨਾਲ ਜੁੜੀਆਂ ਬੋਲੀਆਂ ਤੇ ਦੰਦ ਕਥਾਵਾਂ ਨਾਲ
ਭਰਿਆ ਪਿਆ ਹੈ।
ਜਨਮੇਜਾ ਸਿੰਘ ਜੌਹਲ
ਖੀਰ ਕਿਸੇ ਦੀ, ਖਾ ਗਿਆ ਕੋਈ

ਦੁਨੀਆ ਦੇ ਸਾਰੇ ਮੁਲਕਾਂ ਵਿਚ ਡੀਜ਼ਲ ਅਤੇ ਪੈਟਰੋਲ ਦੀ ਦੇ ਭਾਅ ਬਰਾਬਰ
ਹਨ ਪਰ ਸਾਡੇ ਦੇਸ਼ ਵਿਚ ਡੀਜ਼ਲ ਦਾ ਘੱਟ ਭਾਅ ਇਸੇ ਲਈ ਰੱਖਿਆ ਸੀ ਕਿ ਖੇਤੀ ਨੂੰ ਲਾਭ ਹੋ ਸਕੇ ਪਰ ਵਰਤੋਂ
ਇਸ ਦੀ ਸਾਰਾ ਦੇਸ਼ ਕਰਦਾ ਹੈ। ਅਨੇਕਾਂ ਕਾਰਾਂ ਡੀਜ਼ਲ ਤੇ ਚਲ ਰਹੀਆਂ ਹਨ। ਬੱਸਾਂ ਆਦਿ ਵੀ ਇਸ ਦਾ ਲਾਭ
ਲੈਂਦੀਆਂ ਹਨ, ਸਾਰੀ ਇੰਡਸਟਰੀ ਵੀ ਕਿਸਾਨ ਦਾ ਡੀਜ਼ਲ ਤੇਲ ਹੀ ਬਾਲਦੀ ਹੈ, ਹੁਣ ਲੋੜ ਹੈ ਇਸ ਤੇ
ਵਿਚਾਰ ਕਰਨ ਦੀ। ਖੇਤੀ ਸੈਕਟਰ ਨੂੰ ਇਸ ਦਾ ਪੂਰਾ ਲਾਭ ਦਿੱਤਾ ਜਾਵੇ। ਇਸ ਲਈ ਜ਼ਰੂਰੀ ਹੈ ਕਿ ਡੀਜ਼ਲ
ਦੇ ਵਰਤੋਂ ਕਾਨੂੰਨ ਵਿਚ ਸੋਧ ਕੀਤੀ ਜਾਵੇ, ਮਿੱਟੀ ਦੇ ਤੇਲ ਵਾਂਗ ਕਿਸਾਨਾਂ ਨੂੰ ਵਰਤਣ ਲਈ ਸਬਸਿਡੀ
ਵਾਲਾ ਡੀਜ਼ਲ ਦਾ ਰੰਗ ਤੇ ਫਾਰਮੂਲਾ ਅਲੱਗ ਹੋਵੇ। ਦੁਨੀਆਂ ਦੇ ਦੂਸਰੇ ਦੇਸ਼ਾਂ ਵਾਂਗ ਆਮ ਵਰਤੋਂ (ਕਾਰਾਂ,
ਬੱਸਾਂ, ਟਰੱਕ ਆਦਿ) ਲਈ ਡੀਜ਼ਲ ਪੂਰੇ ਰੇਟ ਤੇ ਹੋਵੇ। ਇਸ ਇਕ ਕਾਰਜ ਨਾਲ ਹੀ ਦੇਸ਼ ਦੀ ਸਰਕਾਰ ਦੇ
ਖਜ਼ਾਨੇ ਭਰ ਜਾਣਗੇ ਅਤੇ ਅੱਗੋਂ ਇਹ ਪੈਸਾ ਦੇਸ਼ ਦੀ ਤਰੱਕੀ ਲਈ ਲਗਾਇਆ ਜਾ ਸਕਦਾ ਹੈ। ਜੋ ਲੋਕ ਡਰਦੇ
ਹਨ ਕਿ ਮਹਿੰਗਾਈ ਵਧ ਜਾਵੇਗੀ। ਉਹਨਾਂ ਦੇ ਸ਼ੰਕੇ ਸਹੀ ਨਹੀਂ ਹਨ। ਜ਼ਰਾ ਸੋਚੋ ਤੇ ਆਲੇ ਦੁਆਲੇ ਦੇਖੋ
ਕਿ ਉਤਪਾਦਕਾਂ ਤੇ ਕਾਰਖਾਨੇਦਾਰਾਂ ਦੇ ਮੁਨਾਫੇ ਕਿੰਨੇ ਘਟ ਹਨ ਤੇ ਸਿਰਫ ਦੁਕਾਨਾਂ ਤੇ ਮਾਲ ਰੱਖ ਕੇ
ਵੇਚਣ ਵਾਲਿਆਂ ਦੇ ਮੁਨਾਫੇ ਕਿੰਨੇ ਵਾਧੂ ਹਨ।
ਜਨਮੇਜਾ ਸਿੰਘ ਜੌਹਲ
ਕਤਲ, ਕਾਤਲ ਤੇ ਸਜ਼ਾਵਾਂ

ਅੰਕੜੇ ਦੱਸਦੇ ਹਨ ਕਿ ਉੱਤਰੀ ਭਾਰਤ ਵਿਚ ਹਰ ਸਾਲ ਘੱਟੋ
ਘੱਟ 500 ਕਤਲ, ਆਪਸੀ ਦੁਸ਼ਮਣੀਆ ਕਰਕੇ ਹੁੰਦੇ ਹਨ। ਆਖਰ ਇਹ ਕਤਲ ਕਿਉਂ ਹੁੰਦੇ ਹਨ। ਮਨੁੱਖ ਜੋ ਆਪ
ਜਿਊਣ ਲਈ ਆਉਂਦਾ ਹੈ ਕਿਉਂ ਦੂਸਰੇ ਨੂੰ ਖਤਮ ਕਰਦਾ ਹੈ? ਸਿਆਣੇ ਤਾਂ ਇਹ ਵੀ ਕਹਿੰਦੇ ਹਨ ਕਿ ਹਰ ਕਤਲ
ਹੋਇਆ ਵਿਅਕਤੀ ਆਪਣੇ ਕਤਲ ਹੋਣ ਵਿਚ ਘੱਟੋ ਘੱਟ ਅੱਧ ਦਾ ਹਿੱਸੇਦਾਰ ਹੁੰਦਾ ਹੈ। ਜਿਸ ਜ਼ਮੀਨ ਨੂੰ ਲੈਣ
ਖਾਤਰ ਕਤਲ ਹੁੰਦੇ ਹਨ ਉਹ ਮੁਕੱਦਮਿਆਂ ਦੌਰਾਨ ਵਕੀਲਾਂ ਸਣੇ ਕਈਆਂ ਹੋਰਨਾਂ ਦੇ ਢਿੱਡਾਂ ਵਿਚ ਜਾ
ਪੈਂਦੀ ਹੈ। ਲੰਮੇ ਸਮੇਂ ਤੱਕ ਚਲਦੇ ਕੇਸ ਫੈਸਲੇ ਦੀ ਘੜੀ ਹੋਣ ਤਕ ਸਮਾਜਿਕ ਉੱਥਲ ਪੁਥਲ ਵਿਚ ਸਜ਼ਾ ਦਾ
ਅਰਥ ਗੁਆ ਲੈਂਦੇ ਹਨ। ਸਜ਼ਾ ਵੀ ਹੋ ਜਾਂਦੀ ਹੈ। ਕਿਸ ਨੂੰ? ਕਿਸ ਲਈ? ਕਿਉਂ? ਇਹ ਨਵੇਂ ਸੁਆਲ ਪੈਦਾ
ਹੋ ਜਾਂਦੇ ਹਨ। ਪਹਿਲੀ ਸਜ਼ਾ ਕਤਲ ਹੋਣ ਵਾਲੇ ਨੂੰ, ਦੂਜੀ ਕਾਤਲ ਜਾਂ ਕਾਤਲ ਨਾਮਜ਼ਦ ਹੋ ਜਾਣ ਵਾਲੇ
ਨੂੰ। ਕਤਲ ਦੀ ਪੂੰਕਿਰਿਆ ਹੀ ਸਜ਼ਾ ਦਾ ਕਾਰਨ ਬਣਦੀ ਹੈ। ਕਦੇ ਇਹ ਫੈਸਲਾ ਨਹੀਂ ਦਿੱਤਾ ਜਾਂਦਾ ਕਿ ਇਹ
ਕਤਲ ਕਿਉਂ ਹੋਇਆ? ਜੇਕਰ ਇਹ ਫੈਸਲਾ ਸੁਨਾਣਾ ਵੀ ਸਜ਼ਾ ਦਾ ਹਿੱਸਾ ਹੋਵੇ ਤਾਂ ਹੋ ਸਕਦਾ ਹੈ ਕਿ ਕਈ
ਬੇਗੁਨਾਹ ਬਚ ਜਾਣ ਤੇ ਸਮਾਜ ਨੂੰ ਵੀ ਪਤਾ ਲੱਗੇ ਕਿ ਕੀ ਨਹੀਂ ਕਰਨਾ ਚਾਹੀਦਾ, ਜੋ ਸਜ਼ਾ ਸੁਨਾਉਣ ਦਾ
ਮੁੱਖ ਕਰਤਵ ਹੁੰਦਾ ਹੈ। ਵੈਸੇ ਇਹ ਵਰਤਾਰਾ ਸਾਡੇ ਹੀ ਨਹੀਂ, ਪੂਰੀ ਦੁਨੀਆਂ ਵਿਚ ਹੀ ਇੰਜ ਵਰਤ ਰਿਹਾ
ਹੈ। ਆਖਰੀ ਸਚ ਕਦੇ ਸਾਹਮਣੇ ਨਹੀਂ ਆਉਂਦਾ, ਬਸ ਇੱਕ ਗੱਲ ਹਰ ਵਾਰ ਦੁਹਰਾਈ ਤੇ ਪਕਿਆਈ ਜਾਂਦੀ ਹੈ ਕਿ
'ਹਰ ਦੁਸ਼ਮਨੀ ਦੀ ਸ਼ੁਰੂਆਤ ਦੋਸਤੀ ਤੋਂ ਹੁੰਦੀ ਹੈ।'
ਜਨਮੇਜਾ ਸਿੰਘ ਜੌਹਲ
ਜਦ ਸ਼ਬਦਾਂ ਦਾ ਨਸ਼ਾ ਹੋ ਜਾਵੇ

ਜੇਕਰ ਚੰਗਾ ਬਿਸਕੁਟ ਬਣਾਉਣਾ ਹੋਵੇ ਤਾਂ ਚੰਗੀ ਤਰ੍ਹਾਂ ਤਿਆਰ ਆਟਾ, ਮਿੱਠਾ ਤੇ ਦੁੱਧ ਆਦਿ ਦੇ
ਨਾਲਨਾਲ ਭੱਠੀ ਦਾ ਸੇਕ ਵੀ ਸਹੀ ਹੋਣਾ ਤੇ ਸਹੀ ਸਮੇਂ ਲਈ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ ਉਸੇ
ਤਰ੍ਹਾਂ ਇਕ ਚੰਗਾ ਮਨੁੱਖ ਤਦ ਹੀ ਬਣਿਆ ਜਾ ਸਕਦਾ ਹੈ ਜੇਕਰ ਸਾਡੇ ਸਿਹਤਮੰਦ ਸਰੀਰ ਦੇ ਵਿਚ ਅਕਲ ਦਾ
ਤਾਪਮਾਨ ਠੀਕ ਤੇ ਸਹੀ ਸਮੇਂ ਅਨੁਸਾਰ ਹੋਵੇ। ਇਹ ਤਾਪਮਾਨ ਤਾਂ ਹੀ ਠੀਕ ਰਹਿ ਸਕਦਾ ਹੈ ਜੇਕਰ ਅਸੀਂ
ਇਸਨੂੰ ਅਕਲ ਨਾਲ ਬਾਲਣ ਪਾਈਏ। ਇਸ ਬਾਲਣ ਦੇ 'ਕੱਚੇ ਕੋਲੇ' ਲਿਖੇ ਹੋਏ ਸ਼ਬਦ ਹੁੰਦੇ ਹਨ। ਅਖਬਾਰਾਂ
ਤੋਂ ਇਲਾਵਾ ਕਿਤਾਬਾਂ ਪੜ੍ਹਨ ਦਾ ਸ਼ੌਕ ਹੋਣਾ ਮਨੁੱਖ ਲਈ ਵਰਦਾਨ ਹੁੰਦਾ ਹੈ। ਅਸੀਂ ਦੁਕਾਨਾਂ ਜਾਂ ਘਰਾਂ
ਵਿਚ ਦੇਵੀ ਦੇਵਤਿਆਂ ਜਾਂ ਗੁਰੂਆਂ ਦੀਆਂ ਫੋਟੋਆਂ ਲਗਾ ਲੈਂਦੇ ਹਾਂ ਪਰ ਕਿਸੇ ਲੇਖਕ ਦੀ ਫੋਟੋ ਲਾਉਣ
ਤੋਂ ਕੰਨੀ ਕਤਰਾਉਂਦੇ ਹਾਂ। ਅਸੀਂ ਧਾਰਮਿਕ ਗੂੰੰਥਾਂ ਨੂੰ ਰਖ ਕਿ ਪੂਜਦੇ ਹਾਂ। ਪਰ ਹੋਰ ਜੀਵਨ ਜਾਚ
ਸਿਖਾਉਣ ਦੀਆਂ, ਸਮਾਜ ਨੂੰ ਆਮ ਭਾਸ਼ਾ ਵਿਚ ਸਮਝਾਉਂਦੀਆਂ ਕਿਤਾਬਾਂ ਤੇ ਰੁਪਏ ਖਰਚਣ ਲੱਗੇ ਘਬਰਾ ਜਾਂਦੇ
ਹਾਂ। ਇਹ ਸਾਡੀ ਮਾਨਸਿਕ ਗਰੀਬੀ ਦੀ ਤਸਵੀਰ ਹੈ। ਪਰ ਕੁਝ ਲੋਕ ਹਨ ਜੋ ਸੂਰਜ ਵਾਂਗ ਚਮਕਣਾ ਚਾਹੁੰਦੇ
ਹਨ। ਉਹ ਸਾਹਿਤਕ ਕਿਤਾਬਾਂ ਵੀ ਪੜ੍ਹਦੇ ਹਨ ਤੇ ਕੰਮਾਂ ਕਾਰਾਂ ਦੀ ਭੱਠੀ ਦੇ ਮੂਹਰੇ ਵੀ ਤੱਪਦੇ ਹਨ।
ਉਹ ਆਪਣੀਆਂ ਕਾਰਾਂ ਉਤੇ ਨਾਰਾਂ ਦੀਆਂ ਸਿਫਤਾਂ ਕਰਦੇ ਜਾਂ ਰਬ ਕੋਲੋਂ ਡਰਦੇ ਫਿਕਰੇ ਨਹੀਂ ਲਿਖਵਾਉਂਦੇ,
ਸਗੋਂ ਉਹ ਤਾਂ 'ਉਲਫਤ' ਵਰਗੇ ਸ਼ਾਇਰ ਦੀਆਂ ਲਾਈਨਾਂ ਲਿਖਦੇ ਹਨ:
'ਤਲ਼ੀ ਤੇ ਸੀਸ ਜੇ ਧਰਦੇ ਤਾਂ ਇੱਥੇ ਇਨਕਲਾਬ ਆਉਂਦਾ
ਪੈਰੀਂ ਸੀਸ ਧਰਦੇ ਨੇ ਇਹਨਾਂ ਲੋਕਾਂ ਦਾ ਕੀ ਕਰੀਏ।'
ਇਹ ਸੁਨੇਹਾ ਲੈਂਦੇ ਤੇ ਸੁਨੇਹਾ ਦੇਂਦੇ ਸੂਰਜ ਇਕ ਨਵਾਂ ਸਵੇਰਾ ਸਿਰਜਣਗੇ, ਸ਼ਬਦਾਂ ਦਾ ਨਸ਼ਾ ਇਹਨਾਂ
ਨੂੰ ਮੁਬਾਰਕ।
ਜਨਮੇਜਾ ਸਿੰਘ ਜੌਹਲ
ਸਰਕਾਰਾਂ ਤਾਂ ਸਰਕਾਰਾਂ ਨੇ

ਮਨੁੱਖ ਕੁਦਰਤੀ ਤੌਰ ਤੇ ਅੰਤਰਮੁਖੀ ਅਤੇ ਸਵੈ ਸ਼ਕਤੀ ਦੇ ਪੂੰਗਟਾਵੇ ਵਾਲਾ ਹੁੰਦਾ ਹੀ ਹੈ। ਇਹ ਵੱਖਰੀ
ਗੱਲ ਹੈ ਕਿ ਉਸ ਵਿੱਚ ਇਹ ਰੁਚੀ ਕਿੰਨੀ ਕੁ ਭਾਰੂ ਹੈ। ਇਸੇ ਰੁਚੀ ਕਰਕੇ ਸਮਾਜ ਦੀ ਸਥਾਪਨਾ ਇਕ
ਜ਼ਰੂਰਤ ਬਣ ਗਈ। ਇਸ ਸਥਾਪਨਾ ਨੇ ਪਰਿਵਾਰ ਦੇ ਮੁੱਖੀ ਦਾ ਹੁਕਮ ਮੰਨਣਾ ਜ਼ਰੂਰੀ ਕੀਤਾ, ਫੇਰ ਪੰਚਾਇਤ
ਦਾ ਕਿਹਾ 'ਸਿਰ ਮੱਥੇ' ਹੋਣ ਲੱਗਾ ਤੇ ਆਖਰ ਇਹ ਸ਼ਕਤੀ ਤੁਰਦੀ ਤੁਰਦੀ ਸਰਕਾਰਾਂ ਤੱਕ ਪਹੁੰਚ ਗਈ। ਅਸੀਂ
ਅਕਸਰ ਹੀ ਆਪਣੇ ਖਿਤੇ ਦੀਆਂ ਸਰਕਾਰਾਂ ਨੂੰ ਨਿਕੰਮੀਆਂ ਜਾਂ ਗੈਰ ਲੋਕ ਹਿਤੂ ਗਰਦਾਨਦੇ ਆਏ ਹਾਂ। ਸਾਨੂੰ
ਲੱਗਦਾ ਰਹਿੰਦਾ ਹੈ ਕਿ ਸਾਡੀ ਸਰਕਾਰ ਕੁਝ ਨਹੀਂ ਕਰਦੀ, ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਲੋਕਾਂ ਲਈ
ਬਹੁਤ ਕੁਝ ਕਰਦੀਆਂ ਹਨ। ਇਹ ਸਾਡਾ ਭਰਮ ਭੁਲੇਖਾ ਹੀ ਹੈ। ਮਿਸਾਲ ਦੇ ਤੌਰ ਤੇ ਬਿਹਾਰ ਵਿਚ ਹਰ ਸਾਲ
ਭਾਰੀ ਹੜ੍ਹ ਆਉਂਦੇ ਹਨ। ਅਸੀਂ ਸਰਕਾਰ ਨੂੰ ਕੋਸਦੇ ਹਾਂ ਕਿ ਉਸਨੇ ਅਗਾਊਂ ਕੁਝ ਨਹੀਂ ਕੀਤਾ। ਦੂਸਰੇ
ਪਾਸੇ ਜਿਵੇਂ ਫੋਟੋ ਵਿੱਚੋਂ ਦਿਖਦਾ ਹੈ ਉੱਤਰੀ ਇੰਗਲੈਂਡ ਵਿੱਚ ਵੀ ਇਸ ਵਾਰੀ ਭਾਰੀ ਹੜ੍ਹ ਆਏ ਹਨ।
ਉਥੇ ਵੀ ਅਣਕਿਆਸੀ ਤਬਾਹੀ ਮਚੀ ਹੈ। ਬੰਦੇ ਮਰੇ ਹਨ, ਜਾਇਦਾਦਾਂ ਤਬਾਹ ਹੋਈਆਂ ਹਨ। ਇਸੇ ਤਰ੍ਹਾਂ
ਅਮਰੀਕਾ ਦੇ ਕਈ ਸੂਬਿਆਂ ਵਿੱਚ ਭਾਰੀ ਹੜ੍ਹ ਆਉਂਦੇ ਹਨ। ਮੈਂ ਆਪ ਵੀ ਦੋ ਵਾਰੀ ਇਹ ਅੱਖੀਂ ਦੇਖ
ਚੁਕਿਆ ਹਾਂ। ਕਨੇਡਾ ਦੇ ਉੱਤਰੀ ਭਾਗ ਵਿੱਚ ਤੁਫਾਨਾਂ ਤੇ ਬਰਫਬਾਰੀ ਨੇ ਜਿੰਨੀਂ ਤਬਾਹੀ ਮਚਾਈ ਸੀ,
ਇੰਨੀਂ ਕਦੇ ਕਸ਼ਮੀਰ ਵਿੱਚ ਹੋਈ ਹੀ ਨਹੀਂ। ਅਜੇ ਪਿਛਲੇ ਹਫਤੇ ਹੀ ਕੈਲੇਫੋਰਨੀਆਂ ਵਿੱਚ ਮਹਿੰਗੇ ਭਾਅ
ਦੇ 220 ਘਰ ਜੰਗਲ ਦੀ ਅੱਗ ਵਿੱਚ ਸੜ ਗਏ। ਉਥੇ ਫਾਇਰਬਿੂੰਗੇਡ ਕੁਝ ਕਰ ਹੀ ਨਹੀਂ ਸਕੀ। ਮੇਰੇ ਕਹਿਣ
ਦਾ ਮਤਲਬ ਆਪਣੀਆਂ ਸਰਕਾਰਾਂ ਨੂੰ ਬਰੀ ਕਰਨ ਤੋਂ ਨਹੀਂ ਹੈ। ਸਗੋਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ
ਜਦੋਂ ਵੀ ਰਾਜ ਸਤਾ ਕਿਸੇ ਦੇ ਹੱਥ ਆਵੇਗੀ, ਉਸਦੇ ਕੰਨ ਤੇ ਅੱਖਾਂ ਬੰਦ ਹੋਣੀਆਂ , ਇਸ ਵਰਤਾਰੇ ਦਾ
ਇੱਕ ਹਿੱਸਾ ਹੈ। ਫੇਰ ਸਰਕਾਰ ਭਾਵੇਂ ਬਿਹਾਰ ਦੀ ਹੋਵੇ, ਬੰਗਾਲ ਦੀ ਹੋਵੇ ਜਾਂ ਵਿਕਸਤ ਦੇਸ਼ ਅਮਰੀਕਾ,
ਆਸਟਰੇਲੀਆ ਜਾਂ ਕੋਈ ਹੋਰ। ਲੋਕਾਂ ਨੂੰ ਇਸਦੇ ਨਾਲ ਹੀ ਜਿਊਣ ਦੀ ਜਾਚ ਸਿੱਖਣੀ ਪੈਣੀ ਹੈ। ਆਪਣੇ
ਕਾਰਜ ਆਪ ਹੀ ਸੰਵਾਰਨੇ ਪੈਂਦੇ ਹਨ।
ਜਨਮੇਜਾ ਸਿੰਘ ਜੌਹਲ