''ਤਿੜਕਦੇ ਰਿਸ਼ਤੇ'' (ਕਹਾਣੀ-ਸੰਗ੍ਰਹਿ) ਰਿਵਿਊਕਾਰ: ਸ਼ਿਵਚਰਨ ਜੱਗੀ ਕੁੱਸਾ


 

''ਤਿੜਕਦੇ ਰਿਸ਼ਤੇ'' (ਕਹਾਣੀ-ਸੰਗ੍ਰਹਿ)
ਲੇਖਕ: ਅਮਰਜੀਤ ਸਿੰਘ ਸਿੱਧੂ
ਪ੍ਰਕਾਸ਼ਕ: ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ
ਪੰਨੇ: 104
ਮੁੱਲ: 50 ਰੁਪੈ, ਪੇਪਰ ਬੈਕ, 100 ਸਜਿਲਦ
ਰਿਵਿਊਕਾਰ: ਸ਼ਿਵਚਰਨ ਜੱਗੀ ਕੁੱਸਾ

ਭਾਰ ਢੋਣ ਵਾਲ਼ੇ ਰਿਸ਼ਤਿਆਂ ਅਤੇ ਵੱਖੋ-ਵੱਖ ਪੀੜਾਂ ਦੀ ਦਾਸਤਾਨ ''ਤਿੜਕਦੇ ਰਿਸ਼ਤੇ''
ਅਮਰਜੀਤ ਸਿੱਧੂ ਨੂੰ ਸਭ ਤੋਂ ਪਹਿਲਾਂ ਮੈਂ 'ਬੱਧਨੀ ਡੌਟ ਕੌਮ' 'ਤੇ ਪੜ੍ਹਿਆ। ਕੀ ਪੜ੍ਹਿਆ? ਕਹਾਣੀ..? ਕਵਿਤਾ ਜਾਂ ਗ਼ਜ਼ਲ...?? ਇਹ ਤਾਂ ਮੈਨੂੰ ਯਾਦ ਨਹੀਂ! ਪਰ ਜਦੋਂ ਮੈਂ ਪਹਿਲੀ ਵਾਰ ਉਸ ਦਾ ਨਾਂ 'ਅਮਰਜੀਤ ਸਿੱਧੂ, ਬੱਧਨੀ ਵਾਲ਼ਾ' ਪੜ੍ਹਿਆ, ਤਾਂ ਨਾਮ ਪੱਖੋਂ ਉਹ ਮੈਨੰ ਲੇਖਕ ਘੱਟ ਅਤੇ ਦੇਸੀ 'ਹਕੀਮ' ਜ਼ਿਆਦਾ ਲੱਗਿਆ! ਫਿਰ ਮੈਂ ਉਸ ਦੀ ਫ਼ੋਟੋ 'ਤੇ ਨਜ਼ਰ ਮਾਰੀ, ਤਾਂ ਫ਼ੋਟੋ ਵੀ ''ਸ਼ਾਦੀ ਸੇ ਪਹਿਲੇ ਔਰ ਸ਼ਾਦੀ ਕੇ ਬਾਅਦ'' ਵਾਲ਼ੇ 'ਵੈਦ' ਦਾ ਹੁੰਗਾਰਾ ਜਿਹਾ ਭਰਦੀ ਲੱਗੀ। ਉਹ ਵੈਦ, ਜਿਹੜੇ ਚੰਗੇ-ਭਲੇ 'ਮਰਦ' ਨੂੰ ਭੂਚਾਲ਼ ਵਿਚ ਪਾ ਦਿੰਦੇ ਹਨ ਕਿ ਤੁਸੀਂ ਤਾਂ ਭਾਈ ਜਮਾਂ ਹੀ ਕੌਡੀਓਂ ਖੋਟੇ ਅਤੇ ਚੱਲੇ ਹੋਏ ਕਾਰਤੂਸ ਹੋ..! ਪਰ ਜਦੋਂ ਮੈਂ ਸਿੱਧੂ ਦੀਆਂ ਰਚਨਾਵਾਂ, ਖ਼ਾਸ ਤੌਰ 'ਤੇ ਕਹਾਣੀਆਂ ਪੜ੍ਹੀਆਂ, ਤਾਂ ਮੇਰੇ ਸਾਰੇ ਗ਼ਿਲੇ-ਸ਼ਿਕਵੇ ਦੂਰ ਹੋ ਗਏ ਅਤੇ ਉਸ ਵਿਚ ਮੈਨੂੰ ਇਕ ਸੰਵੇਦਨਸ਼ੀਲ ਅਤੇ ਇਮਾਨਦਾਰ ਲੇਖਕ ਦਿਸਿਆ! ਸਿੱਧੀ ਅਤੇ ਸਪੱਸ਼ਟ ਗੱਲ ਮੂੰਹ 'ਤੇ ਮਾਰਨ ਵਾਲ਼ਾ ਨਿਰਲੇਪ ਲੇਖਕ...! ਸਿੱਧੂ ਕੋਲ਼ ਗੱਲ ਚਿਤਰਣ ਦਾ ਢੰਗ ਹੈ, ਜੁਗਤ ਅਤੇ ਨੀਤੀ ਹੈ। ਉਹ ਰੋੜਾ ਮਾਰ ਕੇ ਬੇਰ ਵੱਲ ਝਾਕੀ ਜਾਣ ਦਾ ਆਦੀ ਨਹੀਂ, ਕਿੱਕਰ ਤੋਂ ਕਾਟੋ ਲਾਹੁੰਣ ਦੀ ਸਮਰੱਥਾ ਰੱਖਦਾ ਹੈ। ਸਿੱਧੂ ਹੱਸਣ-ਖੇਡਣ ਅਤੇ ਮਜ਼ਾਕ ਕਰਨ ਵਾਲ਼ਾ 'ਰੰਗੀਲਾ' ਬੰਦਾ ਅਤੇ ਯਾਰਾਂ ਦਾ ਯਾਰ ਹੈ। ਅੱਜ ਕੱਲ੍ਹ ਪੱਕੇ ਤੌਰ 'ਤੇ ਜਰਮਨ ਵੱਸਦਾ ਹੈ। ਦੋ ਕੁ ਦਹਾਕੇ ਜਰਮਨ ਵਸਣ ਤੋਂ ਪਹਿਲਾਂ ਕਾਰੋਬਾਰ ਤੌਰ 'ਤੇ ਮੇਰੇ ਪਿੰਡ 'ਕੁੱਸੇ' ਵੀ ਕਾਫ਼ੀ ਚਿਰ ਵਿਚਰਿਆ। ਲੇਖਣੀਂ ਪੱਖੋਂ ਜਿੱਥੇ ਲੋਕ 'ਤੂਤੀ' ਵਜਾਉਂਦੇ ਹਨ, ਉਥੇ ਸਿੱਧੂ 'ਨਗਾਰਾ' ਖੜਕਾਉਂਦਾ ਹੈ! ਸ਼ਬਦਾਂ ਦਾ ਨਿਧੜਕ ਨਗਾਰਾ! ਕਹਾਣੀ ਨੂੰ ਗੋਲ਼-ਮੋਲ਼ ਕਰਨਾ ਉਸ ਦੀ ਫ਼ਿਤਰਤ ਨਹੀਂ, ਗਜ ਵਾਂਗ ਸਿੱਧੀ ਅਤੇ ਨੰਗੀ ਚਿੱਟੀ ਪੇਸ਼ਕਾਰੀ ਉਸ ਦੀ ਦਲੇਰੀ ਹੈ! ਸਿੱਧੂ ਕੋਲ਼ ਖੁੱਲ੍ਹਾ ਡੁੱਲ੍ਹਾ ਸ਼ਬਦ ਭੰਡਾਰ ਹੈ, ਮਿੱਠੀ ਮਲਵਈ ਬੋਲੀ ਹੈ, ਕਹਾਣੀ ਸਿਰਜਣ ਦੀ ਤਕਨੀਕ ਹੈ, ਨਿੱਗਰ ਵਿਸ਼ੇ ਹਨ, ਬੇਬਾਕ ਅਤੇ ਬਿਨਾ ਝਿਜਕ ਗੱਲ ਕਹਿਣ ਲਈ ਫ਼ੌਲਾਦੀ ਜਿਗਰਾ ਹੈ।
ਸਾਹਿਤਕ ਤੌਰ 'ਤੇ ਉਸ ਨਾਲ਼ ਮੇਰੀ ਵਾਕਫ਼ੀਅਤ ਉਸ ਦੀ ਕਹਾਣੀ 'ਸ਼ੀਹਣੀ' ਤੋਂ ਹੋਈ। ਅਤੇ ਫਿਰ ਕਵਿਤਾ...। ਗ਼ਜ਼ਲ ਮੈਂ ਪੜ੍ਹਦਾ ਹੀ ਨਹੀਂ। ਇਸ ਦੇ ਦੋ ਕਾਰਨ ਹਨ। ਇਕ ਤਾਂ ਗ਼ਜ਼ਲ ਰਾਕਟ ਵਾਂਗ ਮੇਰੇ ਸਿਰ ਉਪਰੋਂ ਦੀ ਘੂਕਦੀ ਲੰਘ ਜਾਂਦੀ ਹੈ, ਦੂਜਾ ਕਾਰਨ ਇਹ ਵੀ ਹੈ ਕਿ ਪੰਜਾਬੀ ਲੇਖਕ ਖਾਂਦੇ ਪੰਜਾਬ ਦਾ ਹਨ ਅਤੇ 'ਲੇਡੇ' ਉੜਦੂ ਜਾਂ ਫ਼ਾਰਸੀ ਦੇ ਕਰਦੇ ਨੇ! ਸਰ੍ਹੋਂ ਦੇ ਸਾਗ ਨਾਲ਼ ਡਬਲਰੋਟੀ ਖਾਣ ਦੀ ਬਿਰਤੀ..! ਹਰ ਲੇਖਕ ਦੀ ਇਹ ਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੋ ਲਿਖਿਆ ਜਾਵੇ, ਉਹ 'ਆਮ' ਲੋਕਾਂ ਲਈ ਸਰਲ ਭਾਸ਼ਾ ਵਿਚ ਲਿਖਿਆ ਜਾਵੇ, ਨਾ ਕਿ ਜਟਿਲ ਭਾਸ਼ਾ ਵਿਚ। ਮੇਰੀ ਨਜ਼ਰ ਵਿਚ ਉਹ ਲੇਖਕ ਹੀ ਲੋਕਾਂ ਨੇ ਪ੍ਰਵਾਨ ਕੀਤੇ, ਜਿਹਨਾਂ ਨੇ ਆਮ ਲੋਕਾਂ ਦੀ ਸਮਝ ਵਿਚ ਆਉਣ ਵਾਲ਼ਾ ਸੁਖ਼ਾਲ਼ਾ ਸਾਹਿਤ ਰਚਿਆ। ਉਸ ਲੇਖਕ ਨੂੰ ਪੜ੍ਹਨ ਦਾ ਸੁਆਦ ਹੀ ਕੀ ਆਉਣਾ ਸੀ, ਜਿਸ ਦੇ ਸ਼ਬਦਾਂ ਦੇ ਅਰਥ ਹੀ ਸਾਨੂੰ 'ਸ਼ਬਦ-ਕੋਸ਼' ਵਿਚੋਂ ਲੱਭਣੇ ਪੈਣ? ਅਜਿਹੇ ਲੋਕ 'ਬੁੱਧੀਜੀਵੀਆਂ' ਦੇ ਲੇਖਕ ਤਾਂ ਹੋ ਸਕਦੇ ਹਨ, ਸਾਡੇ ਪੇਂਡੂ ਲੋਕਾਂ ਦੇ ਲੇਖਕ ਨਹੀਂ!
''ਤਿੜਕਦੇ ਰਿਸ਼ਤੇ'' ਅਮਰਜੀਤ ਸਿੱਧੂ ਦਾ ਪਲੇਠਾ ਕਹਾਣੀ-ਸੰਗ੍ਰਹਿ ਹੈ। ਕਹਾਣੀ 'ਤਿੜਕਦੇ ਰਿਸ਼ਤੇ' ਵਿਚ ਲੇਖਕ ਨੇ ਖ਼ੁਦਗਰਜ਼, ਮਤਲਬੀ ਅਤੇ ਬੇਰਹਿਮ ਰਿਸ਼ਤਿਆਂ ਦੀ ਗੱਲ ਕੀਤੀ ਹੈ। ਕੈਨੇਡਾ ਦੇ ਰੰਗੀਨ ਵਾਤਾਵਰਣ ਵਿਚ ਪਲ਼ੀ ਅਤੇ ਵੱਡੀ ਹੋਈ ਲੰਡਰ ਆਚਰਣ ਦੀ ਕਿਰਨਦੀਪ, ਮਾਪਿਆਂ ਦੇ ਆਖੇ ਪੰਜਾਬ ਤੋਂ ਵਿਆਹ ਕੇ ਲਿਆਂਦੇ ਅਤੇ ਅਚਾਨਕ ਐਕਸੀਡੈਂਟ ਹੋਣ ਕਾਰਨ ਮਰਨ 'ਤੇ ਪਏ ਪਤੀ ਕੁਲਵਿੰਦਰ ਨੂੰ ਆਪਣੇ 'ਯਾਰ' ਦੀਆਂ ਬਾਹਾਂ ਵਿਚ ਬਾਹਾਂ ਪਾ ਕੇ ਹਸਪਤਾਲ਼ ਮਿਲਣ ਜਾਂਦੀ, ਸਫ਼ੈਦ ਹੋ ਚੁੱਕੇ ਖ਼ੂਨ ਦਾ ਸਬੂਤ ਦਿੰਦੀ ਹੈ। ਸੋਹਣਾਂ-ਸੁਣੱਖਾ ਅਤੇ ਛੈਲ-ਛਬੀਲਾ ਗੱਭਰੂ ਕੁਲਵਿੰਦਰ ਕਿਵੇਂ ਕੈਨੇਡਾ ਦੇ ਖੁੱਲ੍ਹ-ਬਹਾਰੇ ਮਾਹੌਲ ਦਾ ਸ਼ਿਕਾਰ ਹੋ, ਅਪਾਹਜ ਬਣ ਕੇ ਬੇਸਹਾਰਾ ਮਾਂ-ਬਾਪ ਕੋਲ ਪੁੱਜਦਾ ਹੈ। ਜਿਹੜੇ ਇਕੱਲੇ ਪਾਗਲ ਹੋ ਚੁੱਕੇ ਪੁੱਤ ਨੂੰ ਦੇਖ ਕੇ ਨਾ ਜਿਉਂਦਿਆਂ ਅਤੇ ਨਾ ਮਰਿਆਂ ਵਿਚ ਸ਼ਾਮਲ ਹੋ ਸਕਦੇ ਹਨ, ਸੱਚ ਦੇ ਬਹੁਤ ਨਜ਼ਦੀਕ ਅਤੇ ਹਿਰਦੇਵੇਧਕ ਕਹਾਣੀ ਹੈ। 'ਸ਼ੀਹਣੀ' ਵਿਚ ਬਾਹਰੋਂ ਬਗਲੇ ਭਗਤ ਅਤੇ ਅੰਦਰੋਂ ਗਿੱਦੜਮਾਰ ਲਾਲਚੀ ਸਹੁਰਿਆਂ ਦੀ ਕਹਾਣੀ ਹੈ। ਇਸ ਕਹਾਣੀ ਵਿਚ ਸਿੱਧੂ ਨੇ ਉਹਨਾਂ ਲੋਕਾਂ 'ਤੇ ਚੋਟੀ ਦੀ ਚੋਟ ਕੀਤੀ ਹੈ। ਜਿਹੜੇ ਲੋਕਾਂ ਵਿਚ ਸਮਾਜ ਸੁਧਾਰਕ ਪ੍ਰਚਾਰ ਕਰਦੇ ਹਨ ਅਤੇ ਆਪਣੀ ਨੂੰਹ ਨੂੰ ਦਾਜ ਨਾ ਲਿਆਉਣ ਖਾਤਰ ਜਿਉਣਾਂ ਮੁਹਾਲ ਕਰ ਦਿੰਦੇ ਹਨ। ਅਖੀਰ ਪੜ੍ਹੀ ਲਿਖੀ ਨੂੰਹ ਆਪਣੀ ਤਕਨੀਕ ਨਾਲ਼ ਕਿਵੇਂ ਤਲਾਕ ਲੈ ਕੇ ਜ਼ਮੀਨ ਵਿਚੋਂ ਵੀ ਅੱਧ ਲੈ ਲੈਂਦੀ ਹੈ? ਅਜਿਹੇ ਪ੍ਰਚਾਰੀ-ਪੰਡਤਾਂ ਲਈ ਅਨੋਖਾ ਸਬਕ ਅਤੇ ਮੂੰਹ 'ਤੇ ਕਰਾਰੀ ਚੁਪੇੜ ਹੈ! 'ਲਾਵਾਰਿਸ ਲਾਸ਼ਾਂ' ਵਿਸ਼ੇ ਪੱਖੋਂ ਬਿਲਕੁਲ ਮਾੜੀ ਕਹਾਣੀ ਨਹੀਂ ਹੈ। ਪਰ ਵਰਨਣ ਅਤੇ ਕਲਾਤਮਿਕ ਪੱਖੋਂ ਅਤੀਅੰਤ 'ਊਣੀਂ' ਹੈ! ਇਸ ਕਹਾਣੀ ਨੂੰ 'ਬੇਬੇ ਦੀ ਬਾਤ' ਤਾਂ ਆਖਿਆ ਜਾ ਸਕਦਾ ਹੈ, ਪਰ ਕਹਾਣੀ ਨਹੀਂ। ਜੇ ਮੈਂ ਨਿਰਸੰਕੋਚ ਇੰਜ ਆਖ ਦੇਵਾਂ ਕਿ ਇਹ ਕਹਾਣੀ ਮੈਨੂੰ ਬਣਾਉਟੀ ਜਿਹੀ ਲੱਗਦੀ ਹੈ, ਤਾਂ ਗੱਲ ਸੱਚਾਈ ਤੋਂ ਬਿਲਕੁਲ ਪਰ੍ਹੇ ਨਹੀਂ ਹੋਵੇਗੀ! 'ਬੋਲ' ਵਿਚ ਟੁੱਟੀ ਕਿਰਸਾਣੀ ਦਾ ਵਰਨਣ ਬੜੀ ਖ਼ੂਬੀ ਨਾਲ਼ ਕੀਤਾ ਗਿਆ ਹੈ ਕਿ ਕਿਵੇਂ ਦੋ ਵੱਡੇ ਭਰਾ ਆਪਣੇ ਛੋਟੇ ਭਾਈ ਨੂੰ ਵਿਆਹੁੰਣ ਵਾਸਤੇ ਆਪਣੇ ਹਿੱਸੇ ਦੀ ਜ਼ਮੀਨ ਉਸ ਦੇ ਨਾਂ ਕਰਦੇ ਹਨ ਅਤੇ ਹਰ ਪਾਪੜ ਵੇਲਦੇ ਹਨ। ਇਸ ਤੋਂ ਇਲਾਵਾ ਸੰਨ 1947 ਦੀ ਵੰਡ ਵੇਲ਼ੇ ਪਾਣੀਓਂ ਪਤਲੇ ਹੋਏ ਲਹੂ ਦੀ ਬਵੀ ਜ਼ਬਰਦਸਤ ਦਾਸਤਾਨ ਸਿਰਜੀ ਹੋਈ ਹੈ, ਕਿ ਸਵਰਗ ਅਤੇ ਨਰਕ ਇੱਥੇ ਹੀ ਹਨ। ਬੰਦਾ ਇੱਥੇ ਹੀ ਹਿਸਾਬ ਕਿਤਾਬ ਭੁਗਤ ਜਾਂਦਾ ਹੈ। ਬੂਟੇ ਦੇ ਮਰਨ ਮਗਰੋਂ ਕੋਈ ਬਜੁਰਗ ਬਲਰਾਜ ਨੂੰ ਉਸ ਦੇ ਬਾਪ ਦੀ ਬੇਰਹਿਮੀ ਦੀ ਕਹਾਣੀ ਦੱਸਦੈ ਕਿ ਕਿਵੇਂ ਉਸ ਦੇ ਬਾਪ ਨੇ ਵੰਡ ਵੇਲ਼ੇ ਇਕ ਮੁਸਲਮਾਨ ਫ਼ਕੀਰ ਨੂੰ ਬਿਨਾ ਕਸੂਰ ਵੱਢਿਆ ਅਤੇ ਕਿਵੇਂ ਫ਼ਕੀਰ ਨੇ 'ਕੁਲ਼ ਦੇ ਨਾਸ਼' ਦਾ ਸ਼ਰਾਪ ਦਿੱਤਾ।
'ਚੰਦ' ਵਿਚ ਲੇਖਕ ਨੇ ਸਰਕਾਰ ਦੀ 'ਘੇਸਲ਼ਮਾਰੀ' 'ਤੇ ਬੜੀ ਕਰਾਰੀ ਸੱਟ ਮਾਰੀ ਹੈ, ਜਦੋਂ ਉਸ ਦੀ ਕਹਾਣੀ ਦੀ ਪਾਤਰ ਆਖਦੀ ਹੈ, ''ਜੇ ਨਹੀਂ ਪੜ੍ਹਦਾ ਨਾ ਪੜ੍ਹਨ ਦੇ - ਅੱਗੇ ਕਿਹੜਾ ਪੜ੍ਹੇ ਹੋਏ ਪਟਵਾਰੀ ਲੱਗੇ ਆ..!'' ਰੱਬ ਜਾਂ ਫਿਰ ਸਿੱਧੂ ਹੀ ਜਾਣਦੈ ਕਿ 'ਚੰਦ' ਕਹਾਣੀ ਸੱਚੀ ਹੈ ਜਾਂ ਕਾਲਪਨਿਕ? ਪਰ ਇਹ ਸਮੁੱਚੇ ਪੰਜਾਬ ਦੇ ਘਰ-ਘਰ ਦਾ ਦੁਖਾਂਤ ਰਿਹਾ ਹੈ! ਕਿ ਕਿਵੇਂ ਪੁਲੀਸ ਨੇ ਬੇਕਸੂਰ ਲੋਕਾਂ ਦੀਆਂ ਫੜੋ-ਫੜਾਈਆਂ ਕਰਕੇ ਪੈਸੇ ਬਟੋਰੇ। ਠਾਣੇਦਾਰ ਦੀ ਇੱਕੋ ਗੱਲ ਹੀ ਦੱਸਣੀ ਵਾਧੂ ਹੋਵੇਗੀ, '' ਸਰਪੰਚਾ ਤੇਰਾ ਬੰਦਾ ਕਿਸੇ ਗੱਲ 'ਤੇ ਨਹੀਂ ਆਉਂਦਾ। ਉਪਰਲੇ ਅਫ਼ਸਰ ਤਾਂ ਹੋਰ ਹੀ ਕੁਝ ਕਹਿੰਦੇ ਸਨ। ਪਰ ਮੈਂ ਲੱਤ ਨਹੀਂ ਲਾਈ। ਹੁਣ ਤੁਸੀਂ ਹੀ ਵੇਖ ਲਵੋ ਕਿ ਕਿਵੇਂ ਕਰਨੀ ਹੈ? ਕੁਝ ਚੜ੍ਹਵਾ ਚੜ੍ਹਾਉਣਾ ਪਊ। ਨਹੀਂ ਫਿਰ ਮੈਨੂੰ ਦੋਸ਼ ਨਾ ਦੇਣਾਂ..!'' ਇਹ 'ਮੁਕਾਬਲੇ' ਵੱਲ ਸਿੱਧਾ ਸੰਕੇਤ ਹੈ। 'ਘਤਿੱਤੀ ਸ਼ਾਹ' ਇਸ ਕਿਤਾਬ ਦੀ ਪ੍ਰਾਪਤੀ ਹੈ! ਇਸ ਕਹਾਣੀ ਵਿਚ ਸਿੱਧੂ ਨੇ ਇਕ 'ਅੱਤਿਵਾਦੀ' ਤੋਂ 'ਜਤੀ ਸਾਧ' ਬਣੇ ਖਚਰੇ, ਪਰ ਦਿਲ ਦਰਿਆ ਬੰਦੇ ਦੀ ਗੱਲ ਕੀਤੀ ਹੈ। ਸਕੂਲ ਦੀਆਂ ਕੰਧਾਂ 'ਤੇ ਊਲ-ਜਲੂਲ ਲਿਖਣ ਤੋਂ ਲੈ ਕੇ ਘਤਿੱਤੀ ਦੇ 'ਸ਼ਾਹ' ਬਣਨ ਤੱਕ ਕਹਾਣੀ ਆਪਣੀ ਮਿਸਾਲ ਆਪ ਹੈ। ਕੈਨੇਡਾ ਤੋਂ ਆਇਆ ਜਗਜੀਤ ਆਪਣੇ ਪੁਰਾਣੇ ਹਮਜਮਾਤੀ ਭਲਵਾਨ-ਨੁਮਾਂ ਸਾਧ ਨੂੰ ਵੀ ਨਹੀਂ ਪਛਾਣ ਸਕਦਾ। ਪਰ ਇਲਤੀ ਬੱਚੇ ਤੋਂ 'ਜਤੀ ਸਾਧ' ਬਣਨ ਤੱਕ ਵੀ ਉਸ ਦੀਆਂ ਆਦਤਾਂ ਨਹੀਂ ਬਦਲਦੀਆਂ। ਕਹਾਣੀ ਉਦੋਂ ਸਿਖ਼ਰ 'ਤੇ ਪੁੱਜਦੀ ਹੈ। ਜਦੋਂ ਜਤੀ ਸਾਧ ਆਖਦਾ ਹੈ, ''ਜੀਤੀ ਮੈਨੂੰ ਲੱਗਦੈ ਤੂੰ ਅਜੇ ਵੀ ਪਹਿਚਾਣਿਆਂ ਨਹੀਂ। ਉਏ ਮੈਂ ਤੇਰਾ ਯਾਰ ਹਾਂ, ਮੰਗੀ..!'' ਤਾਂ ਉਸ ਨਾਲ਼ ਪੜ੍ਹਨ ਵਾਲ਼ਾ ਜਗਜੀਤ ਉਸ ਦੇ ਭੇਸ ਬਦਲ ਕੇ ਸਾਧ ਬਣਨ ਅਤੇ ਕਰੋੜਾਂਪਤੀ ਹੋਣ 'ਤੇ ਹੈਰਾਨ ਰਹਿ ਜਾਂਦਾ ਹੈ। 'ਗੁਆਚੇ ਲਫ਼ਜ਼' ਇਕ ਬੇਘਰ ਹੋਏ ਬੱਚੇ ਦੀ ਸਬਕ ਦੇਣ ਵਾਲ਼ੀ ਕਹਾਣੀ ਹੈ। ਜਿਸ ਵਿਚੋਂ ਹੌਲੈਂਡ ਰਹਿੰਦੇ ਗੁਰਨਾਮ ਨੂੰ ਆਪਣੇ ਪਿਛੋਕੜ ਦਾ ਪ੍ਰਤੀਬਿੰਬ ਦਿਸਦਾ ਹੈ। ਪਰ ਸਿੱਧੂ ਨੇ ਇਸ ਕਹਾਣੀ ਨੂੰ ਨਿਖੇਰਿਆ ਨਹੀਂ। ਇਸ ਕਹਾਣੀ ਨੂੰ ਹੋਰ ਬ੍ਰਿਤਾਂਤ ਦੇਣ ਦੀ ਲੋੜ ਸੀ।
'ਲਾਲਚ' ਵਿਚ ਬੀ. ਐੱਡ ਕਰ ਹੀ ਸਿਰਕੱਢ ਖਿਡਾਰਨ ਪ੍ਰਮਿੰਦਰ ਵੀ ਕੈਨੇਡਾ ਦੇ ਲਾਲਚ ਵਿਚ ਬੌਂਦਲ਼ੀ ਹਰ ਕੁਰਬਾਨੀ ਦੇਣ ਨੂੰ ਤਿਆਰ ਹੋ ਜਾਂਦੀ ਹੈ। ਜਦ ਇਕ ਦੁਹਾਜੂ ਅਤੇ ਉਮਰੋਂ ਵੀਹ ਸਾਲ ਵੱਡਾ ਕੈਨੇਡੀਅਨ ਉਸ ਨੂੰ ਦੇਖਣ ਆਉਂਦਾ ਹੈ। ਉਸ ਦੇ ਪੜ੍ਹੇ ਲਿਖੇ ਮਾਂ-ਬਾਪ ਵੀ ਇਸ ਹਮਾਮ ਵਿਚ ਪਿੱਛੇ ਨਹੀਂ। ਦਾਦਾ ਤਾਂ ਤਹਿ ਹੀ ਤੋੜ ਦਿੰਦਾ ਹੈ, ਜਦੋਂ ਉਸ ਦੇ ਬਜੁਰਗ ਮਿੱਤਰ ਆਖਦੇ ਹਨ ਕਿ ਤੇਰਾ ਕੈਨੇਡੀਅਨ ਪੋਤ-ਜੁਆਈ ਉਮਰੋਂ ਕੁੜੀ ਨਾਲੋਂ ਕਾਫ਼ੀ ਵੱਡਾ ਹੈ। ਤਾਂ ਦਾਦਾ ਆਖਦਾ ਹੈ, ''ਉਏ ਕਰਤਾਰ ਸਿਆਂ ਆਪਾਂ ਨੂੰ ਕਿਹੜਾ ਕਿਸੇ ਨੇ ਪੁੱਛਿਐ? ਮੈਨੂੰ ਤੇ ਤੇਰੇ ਭਤੀਜ ਨੇ ਸਾਰਾ ਪੱਕ-ਪਕਾ ਕੇ ਦੱਸਿਆ। ਲਾਲਚ ਤਾਂ ਭਾਈ ਤੁਹਾਨੂੰ ਵੀ ਤੇ ਮੈਨੂੰ ਵੀ ਪਤੈ। ਮੁੰਡਾ ਕੈਨੇਡਾ ਤੋਂ ਆਇਐ..!'' ਇਸ ਕਹਾਣੀ ਵਿਚ ਸਿੱਧੂ ਨੇ ਦਫ਼ਤਰੀ ਕੰਮ ਕਾਰਜ 'ਤੇ ਵੀ ਭਰਵਾਂ ਵਾਰ ਕੀਤਾ ਹੈ। ਜਦੋਂ ਅਫ਼ਸਰੀ ਠਾਠ ਵਿਚ ਹਰਕੰਵਲ ਵਿਚੋਲਾ ਬਣਨ ਵੇਲ਼ੇ ਦੇਖ-ਦਿਖਾਈ ਕਰਨ ਵੇਲ਼ੇ ਆਪਣੇ ਦਫ਼ਤਰ ਨੂੰ ਹੀ ਚੁਣਦਾ ਹੈ ਅਤੇ ਆਪਣੇ ਚਪੜਾਸੀ ਨੂੰ ਆਖਦਾ ਹੈ, ''ਅੱਜ ਕੋਈ ਵੀ ਕੰਮ ਵਾਲ਼ਾ ਮਿਲਣਾ ਚਾਹੇ, ਆਖ ਦੇਣਾਂ ਸਾਹਿਬ ਮੀਟਿੰਗ ਵਿਚ ਹਨ, ਕੱਲ੍ਹ ਨੂੰ ਆਵੇ..!'' ਇਹ ਪੰਜਾਬ ਦੇ ਇਕ ਦਫ਼ਤਰ ਦਾ ਹੀ ਨਹੀਂ, ਊਤੇ ਸਮੁੱਚੇ ਆਵੇ ਦਾ ਸੁਲੱਖਣਾ ਚਿਹਰਾ ਦਿਖਾੲਅਿਾ ਹੈ ਸਿੱਧੂ ਨੇ! 'ਮਿੱਟੀ ਦਾ ਮੋਹ' ਇਸ ਕਿਤਾਬ ਦੀ ਚੋਟੀ ਦੀ ਕਹਾਣੀ ਹੈ। 1947 ਦੀ ਵੰਡ ਵੇਲ਼ੇ ਪਿੰਡ ਬੱਧਨੀ ਛੱਡ ਕੇ ਪਾਕਿਸਤਾਨ ਆਇਆ ਅਲੀਆ ਧਰਮਸਾਲ਼ਾ ਦੀ ਇਕ ਚੁਟਕੀ ਮਿੱਟੀ ਲਈ ਤੜਫ਼ਦਾ ਕਹਿੰਦਾ ਹੈ, ''ਪੁੱਤ ਜਦੋਂ ਚਿੱਠੀ ਪਾਈ, ਉਸ ਵਿਚ ਆਪਣੀ ਧਰਮਸਾਲ਼ਾ ਵਾਲ਼ੇ ਚੁਗਾਠ ਵਿਚੋਂ ਥੋੜ੍ਹੀ ਜਿਹੀ ਮਿੱਟੀ ਜ਼ਰੂਰ ਪਾ ਦੇਵੀਂ। ਇਹ ਮੇਰੀ ਆਖ਼ਰੀ 'ਤਮੰਨਾਂ' ਹੈ। ਉਹ ਮਿੱਟੀ ਮੈਂ ਆਪਣੇ ਪੁੱਤਰਾਂ ਨੂੰ ਕਹਿਣਾਂ, ਮੈਨੂੰ ਸਪੁਰਦ-ਏ-ਖ਼ਾਕ ਕਰਨ ਲੱਗੇ ਪਹਿਲਾਂ ਮੇਰੀ ਕਬਰ ਵਿਚ ਪਾਉਣ..!'' ਕਹਾਣੀ 'ਪਿਆਰ ਦਾ ਮੁੱਲ' ਵਿਚ ਕੋਈ ਨਿਖ਼ਾਰ ਨਹੀਂ ਕਿ ਲੇਖਕ ਕੀ ਗੱਲ ਸਪੱਸ਼ਟ ਕਰਨੀ ਚਾਹੁੰਦਾ ਹੈ? ਅਤੇ ਉਸ ਦਾ ਸੰਕੇਤ ਕਿਸ ਪਾਸੇ ਹੈ? 'ਸੱਚ ਦਾ ਮਾਰਗ' ਕਹਾਣੀ ਉਸ ਕੌਮ ਨੂੰ ਸਮਰਪਤ ਯੋਧੇ ਦਾ ਬ੍ਰਿਤਾਂਤ ਹੈ, ਜੋ ਨਿੱਜੀ ਵੈਰ-ਵਿਰੋਧ ਤਿਆਗ ਕੇ ਸਿਰਫ਼ ਕੌਮ ਲਈ ਜੂਝ ਮਰਨਾ ਲੋਚਦਾ ਹੈ। ਆਪਣੇ ਵਿਰੋਧੀਆਂ, ਮੰਤਰੀ ਅਤੇ ਨੰਬਰਦਾਰ ਦਾ ਧੰਨਵਾਦੀ ਹੈ, ਜਿਹਨਾਂ ਦੀਆਂ ਵਧੀਕੀਆਂ ਕਾਰਨ ਉਸ ਨੂੰ ਸੰਘਰਸ਼ ਦਾ ਸੱਚਾ ਅਤੇ ਸੁੱਚਾ ਮਾਰਗ ਨਸੀਬ ਹੋਇਆ। ਖਾੜਕੂਵਾਦ ਦੀ ਚੜ੍ਹਤ ਸਮੇਂ ਵੀ ਉਹ ਉਹਨਾਂ ਨੂੰ 'ਸੋਧਣ' ਦਾ ਖ਼ੁਆਬ ਵੀ ਮਨ ਵਿਚ ਨਹੀਂ ਲਿਆਉਂਦਾ, ਜਦੋਂ ਲੋਕਾਂ ਨੇ ਬੇਅੰਤ ਨਿੱਜੀ ਕਿੜਾਂ ਕੱਢੀਆਂ। 'ਸੰਯੋਗ' ਇਕ ਪ੍ਰੇਮੀ ਜੋੜੇ ਦੀ ਕਹਾਣੀ ਹੈ। ਜੋ 1984 ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਅੰਮ੍ਰਿਤ ਛਕਣ ਅਤੇ ਆਨੰਦ ਕਾਰਜਾਂ ਦੀ ਇੱਛਾ ਲੈ ਕੇ ਗੁਰੂ ਕੀ ਨਗਰੀ ਗਿਆ, ਫ਼ੌਜ ਦੀਆਂ ਗੋਲ਼ੀਆਂ ਦਾ ਸ਼ਿਕਾਰ ਹੋ ਗਿਆ। 1984 ਵਾਲ਼ੇ ਨਾਸੂਰ ਨੂੰ ਸਿੱਖ ਕੌਮ ਕਦੀ ਵੀ ਨਹੀਂ ਭੁਲਾ ਪਾਵੇਗੀ। ਚਾਹੇ ਸਾਡੇ ਲੀਡਰ ਅੱਖੀਂ ਵੇਖ ਕੇ ਮੱਖੀ ਚਿੱਥੀ ਜਾ ਰਹੇ ਹਨ। ਪਰ ਗੁਰੂ ਦਾ ਸੱਚਾ ਅਤੇ ਸੁੱਚਾ ਸਿੱਖ ਇਸ ਘੱਲੂਘਾਰੇ ਨੂੰ ਕਦੇ ਨਹੀਂ ਭੁੱਲੇਗਾ। ਮੱਧ ਤੱਕ ਪ੍ਰੇਮ ਨਾਲ਼ ਲਬਰੇਜ਼ ਇਹ ਕਹਾਣੀ ਵਾਰ-ਵਾਰ ਪੜ੍ਹਨ ਨੂੰ ਦਿਲ ਕਰਦਾ ਹੈ। 'ਯਾਦਾਂ ਦੇ ਨਾਸੂਰ' ਰਣਜੋਧ ਦੀ ਉਹ ਆਤਮ-ਕਥਾ ਹੈ, ਜਿਹੜੀ ਹਰ ਬੰਦੇ ਦਾ ਹਿਰਦਾ ਵਲੂੰਧਰਦੀ, ਧੁਰ ਆਤਮਾਂ ਤੱਕ ਕੰਬਾ ਧਰਦੀ ਹੈ। ਸ਼੍ਰੀ ਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕੀ-ਕੀ ਨਿਰਦੋਸ਼ੇ ਸਿੱਖਾਂ ਨਾਲ਼ ਵਾਪਰਿਆ? ਹੱਸਦੇ-ਵਸਦੇ ਅਤੇ ਰਸਦੇ ਪ੍ਰੀਵਾਰ ਉਜੜੇ। ਇਹ ਬ੍ਰਿਤਾਂਤ ਪੜ੍ਹ ਕੇ ਆਦਮੀ ਮਨ ਮਸੋਸੇ ਬਿਨਾਂ ਨਹੀਂ ਰਹਿ ਸਕਦਾ। ਕਿਉਂਕਿ ਐਡੇ ਵੱਡੇ 'ਲੋਕਤੰਤਰ' ਦੀ 'ਡੌਂਡੀ ਪਿੱਟਣ' ਵਾਲ਼ੇ ਦੇਸ਼ ਵਿਚ ਦਿਨ ਦਿਹਾੜੇ ਨਿਰਦੋਸ਼ ਸਿੱਖ ਅੱਗਾਂ ਲਾ-ਲਾ ਕੇ ਸਾੜੇ ਜਾਣ ਅਤੇ ਇਕ ਵੀ ਮੋਹਰੀ ਜਾਂ ਮੁੱਖ ਦੋਸ਼ੀ ਨੂੰ ਸਜ਼ਾ ਨਾ ਮਿਲ਼ੇ? ਇਹ ਇਕ ਦਿਲ ਹਿਲਾਊ ਕਹਾਣੀ ਹੈ! 'ਬਦਲੇ ਦੀ ਅੱਗ' ਵਿਚ ਵੀ ਜਸਬੀਰ ਦਿੱਲੀ ਕਤਲੇਆਮ ਦਾ ਸਤਾਇਆ, ਲੁਟੇਰਾ ਬਣ, ਭੁਲੇਖੇ ਵਿਚ ਆਪਣੇ ਕੈਨੇਡਾ ਤੋਂ ਪਰਤੇ 'ਕਲੀਨਸ਼ੇਵ' ਭਰਾ ਦੀ ਹੀ ਜਾਨ ਲੈ ਲੈਂਦਾ ਹੈ। ਇਕ ਸੰਖਿਪਤ ਕਹਾਣੀ ਹੈ। 'ਲਵ-ਮੈਰਿਜ' ਇਕ ਉਹ 'ਰਿਸ਼ਤਾ' ਮੰਨਿਆਂ ਜਾਂਦਾ ਹੈ, ਜੋ ਸਾਡੇ ਬਜੁਰਗ ਸਮਾਜ ਵਿਚ ਅਜੇ ਤੱਕ ਵੀ ਦਿਲੋਂ ਪ੍ਰਵਾਨ ਨਹੀਂ! ਚਾਹੇ ਪੜ੍ਹੀ-ਲਿਖੀ ਪੀੜ੍ਹੀ ਧੜਾਧੜ ਪ੍ਰੇਮ-ਵਿਆਹ ਰਚਾ ਰਹੀ ਹੈ। ਪਰ ਬਜੁਰਗ ਇਸ ਦਾ ਮਤਲਬ ਅਜੇ ਵੀ 'ਕੱਢ ਕੇ ਲੈ ਗਿਆ' ਹੀ ਕੱਢਦੇ ਹਨ।
ਸਿੱਧੂ ਨੂੰ ਕਹਾਣੀ ਬੁਣਨੀ ਆਉਂਦੀ ਹੈ। ਕਹਾਣੀ ਸਿਰਜਣ ਦੀ ਮੁਹਾਰਤ ਹਾਸਲ ਹੈ। ਪਰ ਕਹਾਣੀ-ਕਲਾ ਨੂੰ ਪਹੁੰਚਣ ਲਈ ਉਸ ਨੂੰ ਹੋਰ ਕਹਾਣੀਆਂ ਪੜ੍ਹਨ ਅਤੇ ਵਾਚਣ ਦੀ ਲੋੜ ਹੈ। ਸਿੱਧੂ ਸ਼ਬਦਾਂ ਦਾ ਮਾਂਦਰੀ ਹੈ, ਵਿਸ਼ੇ ਨੂੰ ਕੀਲ ਕੇ ਪਟਾਰੀ ਵਿਚ ਸੁੱਟਣਾਂ ਅਤੇ ਫਿਰ ਸ਼ਬਦ ਤਕਨੀਕ ਦੀ ਬੀਨ ਵਜਾ ਕੇ ਉਸ ਦੇ ਫ਼ਣ ਦੇ ਦਰਸ਼ਣ ਕਰਵਾਉਣੇ ਉਸ ਦੀ ਪ੍ਰਾਪਤੀ ਹੈ! ਪਰ ਕਦੇ-ਕਦੇ ਕਹਾਣੀ ਦੇ ਅਖੀਰ ਵਿਚ ਨਿਭਾਅ ਪੱਖੋਂ ਮਾਰ ਖਾ ਜਾਂਦਾ ਹੈ। ਜਾਂ ਤਾਂ ਉਹ ਲਿਖਣ ਵਿਚ ਕਾਹਲ਼ੀ ਕਰਦਾ ਹੈ ਜਾਂ ਆਪਣੀ ਕਿਰਤ ਨੂੰ ਦੁਬਾਰਾ ਪੜ੍ਹਦਾ ਨਹੀਂ। ਕਿਤੇ ਨਾ ਕਿਤੇ 'ਫ਼ਰੜ' ਜ਼ਰੂਰ ਹੈ! ਪਰ ਜੇ ਉਹ ਆਪਣੀਆਂ ਲਿਖਤਾਂ ਵਿਚ ਸੁਚੱਜੇ ਨਿਭਾਅ ਦਾ ਖ਼ਿਆਲ ਰੱਖੇ ਅਤੇ ਮਲਵਈ ਬੋਲੀ ਨੂੰ ਠੇਠ ਦੀ 'ਪੁੱਠ' ਦੇਣੀਂ ਸ਼ੁਰੂ ਕਰ ਦੇਵੇ ਤਾਂ ਕਿਸੇ ਦੇ ਲੈਣ ਦਾ ਨਹੀਂ! ਕਿਤਾਬ ਵਿਚ 'ਪਰੂਫ਼ ਰੀਡਿੰਗ' ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। 'ਕੁੱਢਰਾਂ' ਨੂੰ 'ਕੁਦਰਾ' ਅਤੇ 'ਸੌ' ਨੂੰ 'ਸ਼ੋ' ਜਿਹੇ ਲਫ਼ਜ਼ ਕਹਾਣੀ ਦਾ ਸੁਆਦ ਤਾਂ ਮਾਰਦੇ ਹੀ ਹਨ, ਪਰ ਭਾਵ-ਅਰਥ ਵੀ ਬਦਲ ਧਰਦੇ ਹਨ। ਪਹਿਲੀ ਕਿਤਾਬ ਲਈ ਮੈਂ ਬਾਈ ਅਮਰਜੀਤ ਸਿੱਧੂ ਨੂੰ ਵਧਾਈ ਦਿੰਦਾ ਹੋਇਆ ਇਹ ਹੀ ਆਸ ਕਰਦਾ ਹਾਂ ਕਿ ਅਗਲੀ ਕਿਤਾਬ ਵਿਚ ਸਿੱਧੂ ਮੇਰੇ ਵੱਲੋਂ ਕੀਤੇ ਹੋਏ ਗ਼ਿਲੇ 'ਤੇ ਜ਼ਰੂਰ ਧਿਆਨ ਦੇਵੇਗਾ!