ਪੁਸਤਕ ਰਿਵੀਊ: ਪੁਸਤਕ ਦਾ ਨਾਂ.. ਅਜ਼ਲਾਂ ਦੇ ਰਿਸ਼ਤੇ

ਹਰਬੀਰ ਸਿੰਘ ਭੰਵਰ

ਲੇਖਕ -ਕਰਨੈਲ ਸਿੰਘ ਗਿਆਨੀ
ਪੰਨੇ 144 ਮੁਲ 250 ਰੁਪੈ/20 ਡਾਲਰ
ਪ੍ਰਕਾਸ਼ਕ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ

ਉਕਤ ਪੁਸਤਕ, ਪ੍ਰਸਿੱਧ ਪੰਜਾਬੀ ਲੇਖਕ ਕਰਨੈਲ ਸਿੰਘ ਗਿਆਨੀ ਦੁਆਰਾ ਲਿਖਿਆ ਪੰਜਾਬੀ ਵਿਚ ਛਪਿਆ ਪਹਿਲਾ ਸਕਰੀਨ-ਪਲੇਅ ਹੈ। ਕਰਨੈਲ ਸਿੰਘ ਮੂਲ ਰੁਪ 'ਤੇ ਕਿੱਤੇ ਵਜੋਂ ਇੰਜੀਅਰ ਰਹੇ ਹਨ । 1964 ਵਿਚ ਜਦੋਂ ਇੰਗਲੈਂਡ ਤੋਂ ਆਪਣੀ ਹਾਈਡਰੋ-ਇਲੈਕਟਰਿਕ ਇੰਜਨੀਅਰਿੰਗ ਦੀ ਸਿੱਖਿਆ ਲੈਣ ਉਪਰਾਂਤ ਉਹ ਭਾਰਤ ਪੁੱਜੇ ਤਾਂ ਉਹਨਾਂ ਦਾ ਵਾਹ ਇਕ ਪੰਜਾਬੀ ਕਲਚਲਰ ਸੋਸਾਇਟੀ ਨਾਲ ਪਿਆ। ਜਿਸ ਕਾਰਨ ਉਹਨਾਂ ਦਾ ਰੁਝਾਨ ਇਕਾਂਗੀ ਡਰਾਮੇਂ ਲਿਖਣ, ਖੇਡ੍ਹਣ ਵੱਲ ਹੋ ਗਿਆ।1971 ਵਿਚ ਉਹਨਾਂ ਦੇ ਅਮਰੀਕਾ ਪਰਵਾਸ ਧਾਰਨ ਉਪਰਾਂਤ ਉਹਨਾਂ ਦੀ ਰੁਚੀ ਕਹਾਣੀ ਲਿਖਣ ਵੱਲ ਵੀ ਹੋ ਗਈ। ਏਸ ਦੌਰਾਨ ਉਹਨਾਂ ਤਿੰਨ ਕਹਾਣੀ ਸੰਗ੍ਰਹਿ ਲਿਖੇ। ਸਾਲ 2003 ਵਿਚ ਉਹਨਾਂ ਦੀ ਲਿਖੀ ਇਕ ਕਹਾਣੀ 'ਇਕ ਹੋਰ ਸੱਸੀ' ਰੋਜ਼ਾਨਾ ਅਜੀਤ ਵੱਲੋਂ ਤਿੰਨ ਕਿਸ਼ਤਾਂ ਵਿਚ ਛਾਪੀ ਗਈ, ਜਿਹੜੀ ਨਵਾਂ ਜ਼ਮਾਨਾ ਵਿਚ ਛਪੇ ਸਰਵੇਖਣ ਅਨੁਸਾਰ, ਓਸ ਸਾਲ ਦੀਆਂ ਸਰਵੋਤਮ ਕਹਾਣੀਆਂ ਵਿਚੋਂ ਗਿਣੀ ਗਈ। ਉਸ ਰਚਨਾ ਦੀਆਂ ਕੁਝ ਕੁ ਨਾਟਕੀਯ-ਵਿਸ਼ੇਸ਼ਤਾਵਾਂ ਕਾਰਨ, ਉਹਨਾਂ ਦੇ ਕੁਝ ਪ੍ਰਸੰਸਕਾ ਨੇ ਕਰਨੈਲ ਸਿੰਘ ਨੂੰ ਇਸ ਰਚਨਾ ਨੂੰ ਇਕ ਫ਼ਿਲਮੀ ਕਹਾਣੀ ਵਿਚ ਬਦਲਨ ਵੱਲ ਪ੍ਰੇਰਤ ਕੀਤਾ, ਜਿਸ 'ਤੇ ਉਹਨਾਂ ਨੇ ਹਾਲੀ-ਵੁੱਡ ਦੇ ਫ਼ਿਲਮੀ ਅਦਾਰਿਆਂ ਰਾਹੀਂ ਸਕਰੀਨ-ਰਾਈਟਿੰਗ ਕਲਾ ਦਾ ਡੂੰਘਾ ਅੱਧਿਅਨ ਕੀਤਾ।ਜਿਸ ਦੇ ਫਲ-ਸਰੂਪ,ਉਸ ਕਹਾਣੀ ਦੀ ਰੂਪਾਂਤਰ ਵਜੋਂ ਇਹ ਸਕਰੀਨ-ਪਲੇਅ 'ਅਜ਼ਲਾਂ ਦੇ ਰਿਸ਼ਤੇ' ਹੋਂਦ ਵਿਚ ਆਇਆ।

ਕਿਸੇ ਵੀ ਹੋਰ ਫ਼ਿਲਮੀ ਕਹਾਣੀ ਵਾਂਗ, ਇਹ ਵੀ ਇਕ ਪ੍ਰੇਮ ਕਹਾਣੀ ਹੈ। ਜੋ ਸਿੱਖੀ ਵਿਚ ਕੋਈ ਜ਼ਾਤ ਪਾਤ ਨਾ ਹੁੰਦਿਆਂ ਹੋਇਆਂ ਵੀ, ਪ੍ਰੇਮਕਾ ਦੇ ਪਿਤਾ ਦੀ ਹਉਮੈ ਦੇ ਕਾਰਨ ਸਿਰੇ ਨਾ ਚੜ੍ਹ ਸਕੀ। ਅਜਮੇਰ ਸ਼ਹਿਰ ਤੋਂ ਇਕ ਯੁਵਕ ਰੇਲਵੇ-ਇੰਜੀਨੀਅਰ ਅਨੂਪ ਸਿੰਘ, ਯੂ.ਪੀ ਦੇ ਇਕ ਕਸਬੇ ਵਿਚ ਡਿਊਟੀ 'ਤੇ ਜਾਂਦਾ ਹੈ, ਅਤੇ ਇਕ ਸਕੂਲ ਦੀ ਵਿਦਿਆਰਥਣ ਦੁਰਲੱਭ ਕੌਰ ਦੇ ਪਿਆਰ ਵਿਚ ਗ੍ਰਸਿਤ ਹੋ ਜਾਂਦਾ ਹੈ। ਲੜਕੀ ਦੀ ਮਾਂ ਤਾਂ ਇਸ ਰਿਸ਼ਤੇ ਵਿਚ ਰਾਜ਼ੀ ਹੋ ਜਾਂਦੀ ਹੈ, ਪਰ ਪਿਤਾ ਕਰਮ ਸਿੰਘ ਇਸ ਦਾ ਵਿਰੋਧ ਕਰਦਾ ਹੈ। ਅਨੂਪ ਵਾਪਸ ਆਪਣੇ ਹੈਡ ਕੁਆਰਟਰ ਆ ਜਾਂਦਾ ਹੈ। ਮਾਂ ਬਾਪ ਕੁੜੀ ਦਾ ਸਾਕ ਕਰਨ ਲੁਧਿਆਣੇ ਚਲੇ ਜਾਂਦੇ ਹਨ, ਪਰ ਉਸ ਦਾ ਵਿਦਰੋਹ ਕਰਦੀ ਦੁਰਲੱਭ ਅਪਣੇ ਪ੍ਰੇਮੀ ਨੂੰ ਇਕ ਚਿੱਠੀ ਲਿਖ ਕੇ ਮਜਬੂਰ ਕਰਦੀ ਹੈ ਕਿ ਜੇ ਕਰ ਉਹ ਉਸ ਦੀ ਸਾਰ ਨਾ ਆ ਕੇ ਲਵੇਗਾ, ਤਾਂ ਉਹ ਖੁਦਕਸ਼ੀ ਕਰ ਲਵੇਗੀ।ਅਨੂਪ ਉਸ ਨੁੰ ਆਪਣੇ ਨਾਲ ਆਪਣੇ ਘਰ ਅਜਮੇਰ ਲੈ ਜਾਂਦਾ ਹੈ। ਪਰ ਆਪਣੇ ਕੋਲ ਲਿਜਾ ਕੇ ਵੀ, ਉਹ ਉਸ ਨਾਲ ਸ਼ਰੀਰਕ ਸੰਬੰਧ ਨਹੀਂ ਬਣਾਉਂਦਾ। ਜਿਸ ਨੁੰ ਵੇਖ ਕੇ ਲੜਕੀ ਨੂੰ ਲੈਣ ਆਈ ਉਸ ਦੀ ਮਾਂ ਵੀ ਬਹੁਤ ਪ੍ਰਭਾਵਿਤ ਹੁੰਦੀ ਹੈ। ਫੇਰ ਵੀ ਕੋਈ ਸਿਆਣਪ ਕਰਕੇ, ਉਹ ਉਸਨੂੰ ਲੜਕੇ ਕੋਲੋਂ ਵਾਪਸ ਲੈ ਆਉਂਦੀ ਹੈ ਅਤੇ ਉਸ ਦਾ ਵਿਆਹ ਕਿਸੇ ਰੇਲਵੇ ਇੰਜਣ-ਡਰਾਈਵਰ ਨਾਲ ਕਰ ਦਿੰਦੀ ਹੈ, ਜੋ ਇਕ ਰੇਲ-ਹਾਦਸੇ ਵਿਚ ਮਾਰਿਆ ਜਾਂਦਾ ਹੋ । ਕੁਝ ਸਮੇਂ ਬਾਅਦ, ਵਿਧਵਾ ਦੁਰਲੱਭ ਇਕ ਬੇਟੇ ਜਸਪਿੰਦਰ ਨੂੰ ਜਨਮ ਦਿੰਦੀ ਹੈ, ਜੋ ਵੱਡਾ ਹੋ ਕੇ ਡਾਕਟਰ ਬਣਦਾ ਹੈ।

ਇਕ ਵਾਰੀ ਅਨੂਪ ਨੂੰ ਜਦੋਂ ਦੁਰਲੱਭ ਗਰਭਵਤੀ ਹਾਲਤ ਵਿਚ ਦਿਸ ਪੈਂਦੀ ਹੈ ਤਾਂ ਮਜਬੂਰ ਹੋ ਕੇ ਉਹ, ਮੀਰਾਂਡਾ ਕਾਲਿਜ ਦਿੱਲੀ ਦੀ ਇਕ ਲੜਕੀ ਜਸਪ੍ਰੀਤ ਨਾਲ ਵਿਆਹ ਕਰਵਾ ਲੈਂਦਾ ਹੈ, ਜਿਸ ਤੋਂ ਉਹਨਾਂ ਦੇ ਘਰ ਇਕ ਬੇਟੀ ਗੁਲਸ਼ਨ ਪੈਦਾ ਹੁੰਦੀ ਹੈ ਜੋ ਵੱਡੀ ਹੋ ਕੇ ਇਕ ਸਟਾਫ਼-ਨਰਸ ਬਣ ਜਾਂਦੀ ਹੈ।ਦੋਵੇਂ, ਗੁਲਸ਼ਨ ਅਤੇ ਅਨੂਪ, ਜੈਪੁਰ ਦੇ ਇਕ ਹਪਤਾਲ ਵਿਚ ਇਕੱਠੇ ਕੰਮ ਕਰਦੇ ਪਿਆਰ ਬੰਧਨ ਵਿਚ ਬੱਝ ਜਾਂਦੇ ਹਨ। ਜਦੋਂ ਜਸਪਿੰਦਰ, ਗੁਲਸ਼ਨ ਦੇ ਪਿਤਾ ਅਨੂਪ ਕੋਲੋਂ ਉਸ ਦੀ ਬੇਟੀ ਨਾਲ ਵਿਆਹ ਕਰਾਉਣ ਦੀ ਪਰਵਾਨਗੀ ਲਈ ਆਉਂਦਾ ਹੈ ਤਾਂ ਅਨੂਪ ਇਹ ਵੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਉਹ ਤਾਂ ਉਸ ਦੀ ਪ੍ਰੇਮਕਾ ਦਾ ਬੇਟਾ ਹੈ। ਅਨੂਪ ਦੇ ਦੱਸਣ 'ਤੇ ਕਿ ਉਸਦੇ ਨਾਨਾ ਜੀ, ਜ਼ਾਤ ਪਾਤ ਵਿਚ ਕੱਟੜ ਹੋਣ ਦੇ ਕਾਰਨ ਉਸਦਾ ਵਿਆਹ ਨਹੀਂ ਹੋਣ ਦੇਣਗੇ, ਤਾਂ ਜਸਪਿੰਦਰ ਦੀ ਨਾਨੀ, 23 ਸਾਲ ਪੁਰਾਣੀ ਹੋਈ ਗ਼ਲਤੀ ਲਈ ਮੁਆਫ਼ੀ ਮੰਗਦੀ ਹੈ। ਜਿਸ 'ਤੇ ਅਨੂਪ ਉਹਨਾਂ ਦੇ ਵਿਆਹ ਲਈ ਰਜ਼ਾਮੰਦ ਹੋ ਜਾਂਦਾ ਹੈ।

ਕੁਝ ਸਮੇਂ ਬਾਅਦ, ਗੁਲਸ਼ਨ ਦੀ ਮਾਂ ਜਸਪ੍ਰੀਤ, ਗਲੇ ਦੇ ਕੈਂਸਰ ਕਾਰਨ ਪਰਲੋਕ ਸਿਧਾਰ ਜਾਂਦੀ ਹੈ, ਤਾਂ
ਉਹਨਾਂ ਦੇ ਬੱਚੇ ਅਚਾਨਕ ਦੋਹਾਂ ਦੇ ਮਾਂ ਬਾਪ ਦੀ ਇਕੱਲ ਦੇ ਵਿਸ਼ੇ 'ਤੇ ਗੰਭੀਰਤਾ ਨਾਲ ਸੋਚਦੇ ਨੇ। ਦੁਰਲੱਭ ਦੀ ਭੈਣ ਗੁਰਲਾਭ ਰਾਹੀਂ ਜਦੋਂ ਪਤਾ ਲੱਗਦਾ ਹੈ ਕਿ ਉਹ ਤਾਂ ਦੋਵੇਂ ਕਦੀ ਪ੍ਰੇਮੀ ਹੁੰਦੇ ਸਨ ਤਾਂ ਦੋਵੇਂ ਬੱਚੇ ਉਹਨਾਂ ਦੇ ਵਿਆਹ ਦੀ ਵਿਓਂਤ ਬਣਾਉਂਦੇ ਹਨ ਅਤੇ ਦੋਨਾਂ ਨੂੰ ਇਕੱਠਾ ਕਰ ਦਿੰਦੇ ਹਨ।

ਨਾਮਵਰ ਨਾਟਕਕਾਰ ਡਾ. ਆਤਮਜੀਤ ਸਿੰਘ ਨੇ ਇਸ ਪੁਸਤਕ ਦੇ ਮੁਖ ਬੰਦ ਵਿਚ ਲਿਖਿਆ ਹੈ,
''ਫਿਲਮ ਲਈ ਸਕਰੀਨ-ਪਲੇਅ ਲਿਖਣਾ ਇਕ ਵਿਸ਼ੇਸ ਕਲਾ ਹੈ ਜੋ ਨਾਵਲ, ਕਹਾਣੀ ਅਤੇ ਨਾਟਕ ਲਿਖਣ ਨਾਲੋਂ ਨਿਸ਼ਚਿਤ ਤੌਰ 'ਤੇ ਵੱਖਰੀ ਅਤੇ ਮੁਸ਼ਕਿਲ ਹੈ। ਭਾਵੇਂ ਵਿਕਸਤ ਮੁਲਕਾਂ ਅਤੇ ਭਾਸ਼ਾਵਾਂ ਵਿਚ ਹਰ ਕਿਸਮ ਦੀਆਂ ਲਿਖਤਾਂ ਲਈ ਫਾਰਮਲ ਸਿੱਖਲਾਈ ਦੀ ਸੰਭਾਵਨਾ ਹੈ, ਪਰ ਸਕਰੀਨ-ਪਲੇਅ ਲਿਖਣ ਤੋਂ ਇਲਾਵਾ ਹੋਰ ਕੁਝ ਵੀ ਲਿਖਣ ਲਈ, ਸਿਖਲਾਈ ਲੈਣ ਦੀ ਮਜਬੂਰੀ ਨਹੀਂ ਹੁੰਦੀ। ਹਾਂ, ਸਕਰੀਨ-ਪਲੇਅ ਲਿਖਣ ਲਈ ਅਨੁਭਵ ਜਾਂ ਸਿਖਲਾਈ ਵਿਚੋਂ ਇਕ ਦਾ ਹੋਣਾ ਲਾਜ਼ਮੀ ਹੈ। ਇਸ ਸੰਦਰਭ ਵਿਚ ਇਹ ਗਲ ਤਸੱਲੀ ਵਾਲੀ ਹੈ ਕਿ ਕਰਨੈਲ ਸਿੰਘ ਗਿਆਨੀ ਨੇ ਅਮਰੀਕਾ ਵਿੱਚ ਵੱਸਦਿਆ ਬਾਕਾਇਦਾ ਇਸ ਕਲਾ ਦਾ ਚੋਖਾ ਅਧਿਐਨ ਕੀਤਾ ਹੈ।''

ਦੁਨੀਆਂ ਦੀਆਂ ਵਿਕਸਿਤ ਭਾਸ਼ਾਵਾਂ ਵਿਚ ਫਿਲ਼ਮਾਂ ਦੇ ਸਕਰੀਨ-ਪਲੇਅ ਅਕਸਰ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਭਾਵੇਂ ਬਹੁਤੀ ਵਾਰ ਸਫਲ ਅਤੇ ਹਰਮਨ ਪਿਆਰੀਆਂ ਫਿਲਮਾਂ ਦੇ ਹੀ ਸਕਰੀਨ-ਪਲੇਅ ਛਪਦੇ ਹਨ। ਪਰ ਕੁਝ ਸਕਰੀਨ-ਪਲੇਅ, ਫਿਲ਼ਮਾਂਕਣ ਤੋਂ ਪਹਿਲਾਂ ਵੀ ਪ੍ਰਕਾਸ਼ਿਤ ਹੋਏ ਹਨ। ਪੰਜਾਬੀ ਭਾਸ਼ਾ ਵਿਚ ਫੀਚਰ ਫਿਲਮ ਦਾ ਸਕਰੀਨ-ਪਲੇਅ ਛਾਪਣ ਦੀ ਅਜੇ ਤਾਈਂ ਕੋਈ ਪਰੰਪਰਾ ਨਹੀਂ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਇਕ ਇਹ ਵੀ ਹੈ ਕਿ ਸਾਡੀ ਭਾਸ਼ਾ ਵਿਚ ਅੱਜ ਤਕ ਇਸ ਮਿਆਰ ਦੀ ਕੋਈ ਫਿਲਮ ਨਹੀਂ ਬਣੀ ਜਿਸ ਦੇ ਸਕਰੀਨ-ਪਲੇਅ ਨੂੰ ਕੋਈ ਪੜ੍ਹਣਾ ਚਾਹੇ ।''

ਪੰਜਾਬੀ ਸਾਹਿਤ ਵਿਚ ਇਸ ਪਹਿਲੇ ਸਕਰੀਨ-ਪਲੇਅ ਦਾ ਹਾਰਦਿਕ ਸਵਾਗਤ ਕਰਦਿਆਂ, ਸਾਨੂੰ ਆਸ ਬੱਝਦੀ ਹੈ ਕਿ ਛੇਤੀ ਹੀ ਕੋਈ ਫਿਲਮ-ਸਾਜ਼ ਇਸ ਉਤੇ ਆਧਾਰਿਤ ਪੰਜਾਬੀ ਫਿਲਮ ਬਣਾਏਗਾ।