ਪੁਸਤਕ ਰੀਵੀਓ - ਅਣਫ਼ਰੋਲੇ ਵਰਕੇ
ਪ੍ਰੋਫੈਸਰ ਜਨਰਮਲਜੀਤ ਕੌਰ
ਲੇਖਕ
- ਗੁਰਮੇਲ ਸਿੰਘ ਬੌਡੇ, ਪ੍ਰਕਾਸ਼ਕ : ਪਰਮ ਪ੍ਰੋਡਕਸ਼ਨ (ਰਜਿ.),
ਡੀ.ਐਮ.ਕਾਲਜ ਆਫ਼ ਐਜੂਕੇਸ਼ਨ ਮੋਗਾ ਦਾ ਮੈਗਜ਼ੀਨ ਛਪ ਰਿਹਾ ਸੀ। ਮੈਂ ਆਪਣੇ ਇਕ ਕੁਲੀਗ ਪ੍ਰੋਫੈਸਰ ਨਾਲ
ਮੈਗਜ਼ੀਨ ਦੇ ਪਬਲਿਸ਼ਰ ਪਾਸ ਗਈ ਤਾਂ ਇਕ ਮੋਟੀਆਂ ਮੋਟੀਆਂ ਅੱਖਾਂ ਵਾਲਾ ਪਰ ਬੜਾ ਹੀ ਸੰਜੀਦਾ ਜਿਹਾ
ਲੜਕਾ ਜੋ ਪਬਲਿਸ਼ਰ ਪਾਸ ਖੜ੍ਹਾ ਸੀ, ਬਹੁਤ ਹੀ ਸਤਿਕਾਰ ਨਾਲ ਉਸਨੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ
ਤੇ ਆਪੇ ਹੀ ਆਪਣੀ ਜਾਣ-ਪਹਿਚਾਣ ਕਰਵਾਈ।
ਗੁਰਮੇਲ ਸਿੰਘ ਬੌਡੇ
ਵਿਦਿਆਰਥੀ ਸੰਪਾਦਕ (ਡੀ.ਐਮ. ਕਾਲਜ ਮੈਗਜ਼ੀਨ)
ਪੰਜਾਬੀ ਵਿਭਾਗ
ਮੈਂ ਤੇ ਮੇਰੇ ਨਾਲ ਦੇ ਪ੍ਰੋਫੈਸਰ ਨੇ ਉਸਨੂੰ ਉਸਦੀ ਸਤਿ ਸ੍ਰੀ ਅਕਾਲ ਦਾ ਜਵਾਬ ਬੜੇ ਨਿੱਘ ਨਾਲ
ਦਿੱਤਾ। ਉਹ ਮੁਸਕਰਾਇਆ। ਉਸੇ ਵੇਲੇ ਪਬਲਿਸ਼ਰ ਨੇ ਸਾਨੂੰ ਤਿੰਨਾਂ ਨੂੰ ਤਿੰਨ ਕੱਪ ਚਾਹ ਦੇ ਭੇਜ ਦਿੱਤੇ।
ਸਾਨੂੰ ਇਕ ਵਿਦਿਆਰਥੀ ਨਾਲ ਪੰਜਾਬੀ ਸਾਹਿਤ ਬਾਰੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਿਆ। ਅਸੀਂ
ਹੈਰਾਨ ਰਹਿ ਗਏ ਕਿ ਇਕ ਵਿਦਿਆਰਥੀ ਸੰਪਾਦਕ ਸਹਿਤ ਵਿਚ ਕਿੰਨੀ ਦਿਲਚਸਪੀ ਰੱਖਦਾ ਹੈ ਤੇ ਪੰਜਾਬੀ
ਸਾਹਿਤ ਬਾਰੇ ਉਸਦਾ ਕਾਫੀ ਗਿਆਨ ਹੈ। ਡੀ.ਐਮ. ਕਾਲਜ ਆਫ਼ ਐਜੂਕੇਸ਼ਨ ਵਿਚ ਜਦ ਉਹ ਮੇਰੀ ਕਲਾਸ ਵਿਚ ਆਇਆ
ਤਾਂ ਉਸਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ। ਪੜ੍ਹਾਈ ਦੇ ਨਾਲ-ਨਾਲ ਉਹ ਕਾਲਜ ਦੀ ਹਰ ਗਤੀਵਿਧੀ
ਵਿਚ ਅੱਗੇ ਹੀ ਅੱਗੇ ਰਿਹਾ। ਇਕ ਦਿਨ ਮੈਂ ਉਸ ਦੀ ਲਿਖੀ ਕਹਾਣੀ 'ਤਾਬੂਤ' ਪੰਜਾਬੀ ਟ੍ਰਿਬਿਊਨ ਵਿਚ
ਪੜ੍ਹੀ। ਮੈਨੂੰ ਆਪਣੇ ਵਿਦਿਆਰਥੀ ਦੀ ਸਾਹਿਤਕ ਪ੍ਰਤਿਭਾ ਬਾਰੇ ਜਾਣ ਕੇ ਬੜਾ ਮਾਣ ਮਹਿਸੂਸ ਹੋਇਆ।
ਅੱਜ ਗੁਰਮੇਲ ਸਿੰਘ ਬੌਡੇ ਪੰਜਾਬੀ ਸਾਹਿਤ ਵਿਚ ਇਕ ਅੱਗੇ ਵਧੂ ਤੇ ਸਥਾਪਤ ਲੇਖਕ ਦੇ ਤੌਰ 'ਤੇ ਜਾਣਿਆ
ਜਾਂਦਾ ਹੈ ਤੇ ਉਸਦੀ ਵਿਲੱਖਣ ਲਿਖਣ ਸ਼ੈਲੀ ਨੂੰ ਪੰਜਾਬੀ ਆਲੋਚਕਾਂ ਨੇ ਵੀ ਮੰਨਿਆ ਹੈ। ਉਸਦੀਆਂ
ਕਵਿਤਾਵਾਂ, ਕਹਾਣੀਆਂ ਤੇ ਲੇਖ ਪੰਜਾਬੀ ਦੁਨੀਆਂ ਵੱਲੋਂ ਬੜੇ ਸਲਾਹੇ ਜਾ ਰਹੇ ਹਨ। ਉਹ ਆਪਣੀਆਂ ਦੋ
ਪੁਸਤਕਾਂ 'ਬੰਨ ਉਠਾਈ ਪੈਟਲੀ' ਤੇ 'ਪਗੜੀ ਅਜੇ ਸੰਭਲੀ ਨਹੀਂ' ਪੰਜਾਬੀ ਮਾਂ ਬੋਲੀ ਦੀ ਝੋਲੀ ਪਾ
ਚੁੱਕਾ ਹੈ। ਉਸ ਦੀ ਸ੍ਵੈ-ਜੀਵਨੀ ਉਸਦੇ ਲੜੀਵਾਰ ਕਾਲਮ 'ਅਣਫਰੋਲੇ ਵਰਕੇ' ਪੰਜਾਬੀ ਦੇ ਪ੍ਰਸਿੱਧ
ਅੰਤਰ-ਰਾਸ਼ਟਰੀ ਪੇਪਰ 'ਮਹਿਕ ਵਤਨ ਦੀ' ਵਿਚ ਛਪਦੇ ਰਹੇ ਹਨ। ਹੁਣ ਇਨ੍ਹਾਂ ਅਣਫ਼ਰੋਲਿਆਂ ਵਰਕਿਆਂ ਨੂੰ
ਪੁਸਤਕ ਦੇ ਰੂਪ ਵਿਚ ਦੇਖ ਕੇ ਬੜੀ ਤਸੱਲੀ ਹੋਈ ਹੈ। ਇਸ ਵਿਚ ਉਸਨੇ ਆਪਣੇ ਜਨਮ ਤੋਂ ਲੈ ਕੇ ਅੱਜ ਤੱਕ
ਦੀਆਂ ਮਿੱਠੀਆਂ ਕੌੜੀਆਂ ਯਾਦਾਂ, ਹਾਸੇ ਤੇ ਦੁਰਘਟਨਾਵਾਂ ਬਹੁਤ ਹੀ ਪ੍ਰਭਾਵਸ਼ਾਲੀ ਸ਼ੈਲੀ ਵਿਚ ਅੰਕਿਤ
ਕੀਤੀਆਂ ਹਨ। ਵਾਸਤਵ ਵਿਚ ਸ੍ਵੈ-ਜੀਵਨੀ ਲਿਖਣਾ ਇਕ ਬਹੁਤ ਕਠਨ ਕੰਮ ਹੈ। ਪਰ ਗੁਰਮੇਲ ਸਿੰਘ ਬੌਡੇ ਨੇ
ਜਿਸ ਇਮਾਨਦਾਰੀ ਨਾਲ ਇਕ ਰੌਚਿਕ ਸ਼ੈਲੀ ਵਿਚ ਆਪਣੇ ਆਪ ਨੂੰ ਪੇਸ਼ ਕੀਤਾ ਹੈ ਉਹ ਬੜੀ ਹੀ ਸ਼ਲਾਘਾਯੋਗ
ਹੈ। ਉਸਨੇ ਆਪਣੀ ਨਿੱਜੀ ਪੀੜ ਨੂੰ ਜਿਸ ਸ਼ਿੱਦਤ ਨਾਲ ਹੰਡਾਇਆ ਹੈ ਉਨੀ ਹੀ ਸ਼ਿੱਦਤ, ਸਰਲਤਾ ਤੇ ਸਾਦਗੀ
ਨਾਲ 'ਅਣਫਰੋਲੇ ਵਰਕੇ' ਵਿਚ ਕਲਮਬੰਦ ਕੀਤਾ ਹੈ। ਇਹ ਗੁਰਮੇਲ ਸਿੰਘ ਬੌਡੇ ਦੀ ਬੜੀ ਵੱਡੀ ਪ੍ਰਾਪਤੀ
ਹੈ।
''ਸੰਨ ਉੱਨੀ ਸੌ ਉਨਾਹਟ ਦੀ ਦਸ ਭਾਦੋਂ 25 ਅਗਸਤ ਦੀ ਰਾਤ ਜਦ ਕਪਾਹਾਂ ਨੂੰ ਟੀਂਡੇ ਪੈਣ ਲੱਗਦੇ ਹਨ,
ਧੁੱਪਾਂ ਦੇ ਰੰਗ ਵਿਚ ਸੰਧੂਰੀਪਣ ਆ ਜਾਂਦਾ ਹੈ। ਮੱਕੀ ਦੇ ਟਾਂਡੇ ਆਪਣੇ ਦੋਧਿਆਂ ਨੂੰ ਗੋਦੀ ਚੁੱਕੀ
ਖੜ੍ਹੇ ਹੁੰਦੇ ਹਨ। ਚਰੀਆਂ ਤੇ ਬਾਜਰੇ ਦੀਆਂ ਦੁੰਬੀਆਂ ਚਿੜੀਆਂ ਨੂੰ ਸੱਦਾ ਦੇ ਰਹੀਆਂ ਹੁੰਦੀਆਂ ਹਨ...।''
ਉਸ ਵੇਲੇ ਦੇ ਸੋਹਣੇ ਜਿਹੇ ਪੰਜਾਬ ਦੀ ਰੰਗਤ ਨੂੰ ਸੋਹਣਾ ਜਿਹਾ ਰੂਪ ਦੇ ਕੇ, ਦਸ ਭਾਦੋਂ ਦੀ ਰਾਤ ਦਾ
ਅਸਲੀ ਨਕਸ਼ਾ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ। ''...ਅਜਿਹੀ ਰੁੱਤ ਵਿਚ ਸਿਹਤ ਪੱਖੋਂ ਕਮਜ਼ੋਰ
ਮਾਂ ਨੇ ਅਠਮਾਹੇਂ ਵਿਚ ਕਮਜ਼ੋਰ ਜਿਹੇ ਬੱਚੇ ਨੂੰ ਜਨਮ ਦਿੱਤਾ।'' ਪਰ ਉਸਦੀ ਪਿਆਰੀ ਮਾਂ, ਭੈਣ ਤੇ
ਸਾਰੇ ਪਰਿਵਾਰ ਦੀ ਮਿਹਨਤ ਤੇ ਯੋਗ ਪਰਵਰਿਸ਼ ਨਾਲ ਇਹ ਰਿੜਣ, ਬੈਠਣ ਤੇ ਤੁਰਨ ਲੱਗ ਕੇ ਆਪਣੇ ਸਾਥੀ
ਬੱਚਿਆਂ ਨਾਲ ਖੇਡਣ ਲੱਗ ਪਿਆ। ਉਸ ਵੇਲੇ ਕੌਣ ਸੋਚ ਸਕਦਾ ਸੀ ਕਿ ਇਹ ਕਮਜ਼ੋਰ ਜਿਹਾ ਬੱਚਾ ਵੱਡਾ ਹੋ
ਕੇ ਗੁਰਮੇਲ ਸਿੰਘ ਬੌਡੇ ਐਮ.ਏ., ਐਮ.ਐਡ. ਕਰਕੇ ਇਕ ਸ਼ਾਨਦਾਰ ਅਧਿਆਪਕ ਤੇ ਇਕ ਹੋਣਹਾਰ ਲੇਖਕ ਬਣੇਗਾ
ਤੇ ਆਪਣੀ ਸ੍ਵੈ-ਜੀਵਨੀ ਰਾਹੀਂ ਇਹ ਸਭ ਕੁਝ ਪੰਜਾਬੀ ਪਾਠਕਾਂ ਦੇ ਰੂ-ਬ-ਰੂ ਕਰੇਗਾ ਜਿਸ ਤੇ ਸਾਡੀ
ਮਾਂ ਬੋਲੀ ਨੂੰ ਗੌਰਵ ਹੋਵੇਗਾ। ਉਸਦੇ ਘਰ ਦਾ ਮਾਹੌਲ ਸਾਧਾਰਣ ਕਿਸਾਨੀ ਵਾਲਾ ਸੀ। ਪਰਿਵਾਰ ਵਿਚ ਇਕ
ਦੂਸਰੇ ਪ੍ਰਤੀ ਸਤਿਕਾਰ ਤੇ ਪਿਆਰ ਸੀ। ਇਸ ਨੇ ਗੁਰਮੇਲ ਸਿੰਘ ਬੌਡੇ ਨੂੰ ਬੜਾ ਨੇਕ, ਮਿਹਨਤੀ,
ਸੁਹਿਰਦ ਤੇ ਸਹਿਜਤਾ ਵਾਲਾ ਇਨਸਾਨ ਬਣਾ ਦਿੱਤਾ।
ਕੁਝ ਵੱਡਾ ਹੋਣ ਤੇ ਉਹ ਆਪਣੇ ਬਾਪ ਨਾਲ ਖੇਤਾਂ ਵਿਚ ਚਲਿਆ ਜਾਂਦਾ। ਖੇਤੀ ਕਰਦਿਆਂ ਕਿਸਾਨਾਂ ਨੂੰ
ਧਿਆਨ ਨਾਲ ਵਾਚਦਾ। ਗਲੀ ਵਿਚ ਲੰਘਣ ਵਾਲੇ ਹਰ ਆਦਮੀ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਤੇ 'ਆਜੋ ਜੀ
ਚਾਹ ਪਾਣੀ ਦੀ ਸੇਵਾ ਕਰੀਏ ਕਹਿਣਾ।' ਦੀਵਾਲੀ ਬੜੇ ਹੀ ਸ਼ੌਕ ਨਾਲ ਮਨਾਉਣੀ, ਤੇ ਅਗੇਲ ਦਿਨ ਸਾਰੇ
ਗੁਆਂਢੀਆਂ ਦੇ ਦੀਵੇ ਇਕੱਠੇ ਕਰਕੇ ਆਪਣੇ ਘਰ ਲਿਆਉਣੇ-ਉਸਦੇ ਬਚਪਨ ਦੇ ਸ਼ੌਕ ਸਨ। ਜਦ ਇਸ ਦੇ ਪਿਤਾ ਜੀ
ਸਕੂਲ ਵਿਚ ਦਾਖਲ ਕਰਵਾਉਣ ਗਏ ਤਾਂ ਜਿਵੇਂ ਸ਼ੁਰੂ ਵਿਚ ਸਾਰੇ ਬੱਚੇ ਸਕੂਲ ਜਾਣ ਤੋਂ ਡਰਦੇ ਹਨ, ਉਹ ਵੀ
ਸਕੂਲ ਵਿਚ ਬੜਾ ਡਰਿਆ ਤੇ ਚੀਕਾਂ ਮਾਰ ਕੇ ਰੋਣ ਲੱਗ ਪਿਆ। ਪਰ ਸਕੂਲ ਅਧਿਆਪਕਾਂ ਦੀ ਹਮਦਰਦੀ ਤੇ ਖਾਸ
ਕਰਕੇ ਮਾਸਟਰ ਗੁਰਮੇਲ ਸਿੰਘ ਮਲਿਆਣਾ ਜਿਸ ਨੇ ਉਸਦੇ ਪਿਤਾ ਜੀ ਦੀ ਸਹਿਮਤੀ ਨਾਲ ਬਘੇਲ ਸਿੰਘ ਨੂੰ
ਆਪਣਾ ਨਾਮ ਦੇ ਕੇ ਗੁਰਮੇਲ ਸਿੰਘ ਬਣਾ ਦਿੱਤਾ। ਹੌਲੀ-ਹੌਲੀ ਉਸ ਦੇ ਆੜੀ ਬਣ ਜਾਣ ਤੇ ਸਕੂਲ ਉਸ ਨੂੰ
ਚੰਗਾ ਲੱਗਣ ਲੱਗ ਪਿਆ। ਇਸ ਤੋਂ ਕੁਝ ਸਮੇਂ ਬਾਅਦ ਹੀ ਸੰਤ ਫਤਹਿ ਸਿੰਘ ਵੱਲੋਂ ਮਰਨ ਵਰਤ ਛੱਡ ਦੇਣ
ਤੇ ਫੇਰੂਮਾਨ ਦੇ ਸ਼ਹੀਦ ਹੋਣ ਤੇ ਪੰਜਾਬ ਮੋਰਚਾ ਲੱਗਾ। ਮਾਸਟਰ ਗੁਰਮੇਲ ਸਿੰਘ ਨੇ ਇਸ ਨੂੰ ਮੁਜਾਹਰੇ
ਵਿਚ ਸਾਰਿਆਂ ਦੇ ਅੱਗੇ ਲਗਾ ਕੇ ਨਾਹਰੇ ਲਾਉਣ ਲਈ ਕਿਹਾ। ਸਕੂਲੀ ਮੁਜਾਹਰੇ ਦੀ ਪਹਿਲੀ ਅਗਵਾਈ ਨੇ ਉਸ
ਨੂੰ ਸਕੂਲ ਵਿਚ ਬੱਚਿਆਂ ਦਾ ਨੇਤਾ ਬਣਾ ਦਿੱਤਾ।
ਜਦ ਉਹ ਡੀ.ਐਮ. ਕਾਲਜ ਮੋਗਾ ਵਿਚ ਦਾਖਲ ਹੋਇਆ ਤਾਂ ਸਾਹਿਤਕ ਰੁਚੀ ਕਰਕੇ ਕਾਲਜ ਮੈਗਜ਼ੀਨ ਦਾ ਸੰਪਾਦਕ
ਬਣਿਆ। ਸੰਨ 1972 ਵਿਚ ਮੋਗਾ ਗੋਲੀ ਕਾਂਡ ਹੋਇਆ ਜਿਸ ਵਿਚ ਦੋ ਵਿਦਿਆਰਥੀ ਤੇ ਇਕ ਅਧਿਆਪਕ ਮਾਰੇ ਗਏ।
ਮੋਗਾ ਸ਼ਹਿਰ ਦੇ ਸਾਰੇ ਲੋਕ ਕੰਬ ਗਏ। ਇਸ ਦੇ ਖਿਲਾਫ ਸਾਰੇ ਪੰਜਾਬ ਦੇ ਲੋਕਾਂ ਖਾਸ ਕਰਕੇ ਵਿਦਿਆਰਥੀਆਂ
ਵਿਚ ਗੁੱਸੇ ਦੀ ਲਹਿਰ ਫੈਲ ਗਈ। ਗੁਰਮੇਲ ਸਿੰਘ ਬੌਡੇ ਪੂਰੀ ਸਰਗਰਮੀ ਨਾਲ ਇਸ ਵਿਦਿਆਰਥੀ ਸੰਘਰਸ਼ ਵਿਚ
ਹਿੱਸਾ ਲੈਂਦਾ ਰਿਹਾ। ਜਿੱਥੇ ਕਿਤੇ ਵੀ ਜ਼ੁਲਮ ਜਾਂ ਬੇਇਨਸਾਫ਼ੀ ਹੁੰਦੀ, ਉਹ ਇਨਸਾਫ਼ ਦੇ ਹੱਕ ਵਿਚ ਡਟ
ਜਾਂਦਾ। ਉਸ ਨੂੰ ਫਰੀਦਕੋਟ, ਫਿਰੋਜ਼ਪੁਰ ਤੇ ਮੋਗਾ ਜੇਲ੍ਹਾਂ ਵਿਚ ਵੀ ਜਾਣਾ ਪਿਆ। ਕਈ ਵਾਰੀ ਪੁਲੀਸ
ਦੀ ਕੁੱਟ ਵੀ ਖਾਣੀ ਪਈ। ਪਰ ਉਹ ਵਿਦਿਆਰਥੀ ਹੱਕਾਂ ਦੇ ਹੱਕ ਵਿਚ ਅਡੋਲ ਰਿਹਾ। ਪੰਜਾਬ ਸਟੂਡੈਂਟ
ਯੂਨੀਅਨ ਵਿਚ ਉਸ ਨੇ ਅੱਗੇ ਹੋ ਕੇ ਕੰਮ ਕੀਤਾ।
ਸੰਨ 1979 ਦੇ ਖਾਤਮੇ ਤੇ ਉਸ ਦੀ ਜ਼ਿੰਦਗੀ ਵਿਚ ਇਕ ਭਿਆਨਕ ਦੁਰਘਟਨਾ ਹੋਈ ਜਿਸ ਕਰਕੇ ਉਸ ਦੀ ਇਕ ਲੱਟ
ਕੱਟੀ ਗਈ। ਉਸ ਦੇ ਦਿਲ ਤੇ ਦਿਮਾਗ਼ ਵਿਚ ਹਨ੍ਹੇਰਾ ਛਾ ਗਿਆ। ਉਸ ਦੀ ਹੋਂਦ ਹੀ ਬਦਲ ਗਈ। ਇਕ ਸਾਬਤ
ਸਬੂਤ ਨੌਜਵਾਨ ਸਰੀਰਕ ਪੱਖੋਂ ਅਪਾਹਜ ਸ਼੍ਰੇਣੀ ਵਿਚ ਆ ਗਿਆ। ਉਹ ਸੋਚਣ ਤੇ ਮਜਬੂਰ ਹੋ ਗਿਆ ਕਿ ਉਸ ਦੀ
ਸਾਰੀ ਜ਼ਿੰਦਗੀ ਕਿਵੇਂ ਲੰਘੇਗੀ। ਇਹ ਵਿਚਾਰ ਕਿੰਨਾ ਅਕਹਿ ਤੇ ਅਸਹਿ ਹੈ। ਬੜੀ ਮੁਸ਼ਕਲ ਨਾਲ ਉਹ
ਸੰਭਲਿਆ। ਨਕਲੀ ਅੰਗ ਸਹਾਰੇ ਉਹ ਤੁਰਨ ਫਿਰਨ ਲੱਗ ਪਿਆ। ਉੱਚੀ ਵਿਦਿਆ ਦੇ ਉਦੇਸ਼ ਨੂੰ ਲੈ ਕੇ ਉਸ ਨੇ
ਪੜ੍ਹਾਈ ਵਿਚ ਮਿਹਨਤ ਕੀਤੀ। ਉਸ ਦੀ ਸਾਹਿਤਕ ਰੁਚੀ ਨੇ ਉਸ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਉਸ
ਨੂੰ ਦੋ ਵਾਰ ਵਿਦੇਸ਼ ਜਾਣ ਦਾ ਮੌਕਾ ਮਿਲਿਆ। ਪਹਿਲੀ ਵਾਰ ਤਾਂ ਉਸ ਦੇ ਰਿਸ਼ਤੇਦਾਰਾਂ ਦੇ ਅਣਗੌਲਿਆ
ਕਰਨ ਤੇ ਉਹ ਜਾ ਨਾ ਸਕਿਆ ਪਰ ਦੂਜੀ ਵਾਰ ਫਿਰ ਇਕ ਬਹੁਤ ਜ਼ਿੰਮੇਵਾਰ ਅਫ਼ਸਰ ਦੀ ਅਣਗਹਿਲੀ ਕਰਕੇ ਟਿਕਟ
ਲੈ ਕੇ ਵੀ ਉਹ ਜਹਾਜ਼ ਨਾ ਚੜ੍ਹ ਸਕਿਆ। ਪਰ ਗੁਰਮੇਲ ਸਿੰਘ ਇਹੋ ਜਿਹੇ ਅਫ਼ਸਰਾਂ ਤੇ ਝੂਠੇ ਲਾਰੇ ਲਾਉਣ
ਵਾਲੇ ਨੇਤਾਵਾਂ ਨੂੰ ਆਪਣੀਆਂ ਰਚਨਾਵਾਂ ਵਿਚ ਬੇਨਕਾਬ ਕਰਦਾ ਰਿਹਾ ਹੈ।
ਇਹ ਵੀ ਇਕ ਹਕੀਕਤ ਹੈ ਕਿ ਗੁਰਮੇਲ ਸਿੰਘ ਬੌਡੇ ਦੋ ਵਾਰ ਆਪਣੀ ਮੌਤ ਦੀ ਦਹਿਲੀਜ਼ ਤੇ ਪੈਰ ਧਰ ਕੇ
ਵਾਪਸ ਮੁੜਿਆ ਸੀ। ਸੰਨ 1984 ਦੇ ਤਾਂਡਵ ਨਾਚ ਤੋਂ ਪਿੱਛੋਂ ਪੰਜਾਬ ਬੜਾ ਦੀ ਸੰਤਾਪ ਹੰਡਾ ਰਿਹਾ ਸੀ।
ਇਕ ਵਾਰ ਚੰਡੀਗੜ੍ਹ ਤੋਂ ਪਰਤਦਿਆਂ ਉਸ ਦੀ ਬੱਸ ਅੱਤਵਾਦੀਆਂ ਨੇ ਜੋ ਬੜੇ ਖਤਰਨਾਕ ਹਥਿਆਰਾਂ ਨਾਲ ਲੈਸ
ਸਨ ਅਗਵਾ ਕਰ ਲਈ। ਸਵਾਰੀਆਂ ਸਾਹਮਣੇ ਮੌਤ ਦਾ ਜਮਦੂਤ ਮੂੰਹ ਅੱਡੀ ਖੜ੍ਹਾ ਸੀ ਤੇ ਹਰ ਮੁਸਾਫਰ ਡਰ
ਨਾਲ ਕੰਬ ਰਿਹਾ ਸੀ। ਗੁਰਮੇਲ ਸਿੰਘ ਬੌਡੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਅਡੋਲ ਰਹਿ ਕੇ ਉਨ੍ਹਾਂ
ਅੱਤਵਾਦੀਆਂ ਨੂੰ ਸੁਆਲ ਕਰਨ ਲੱਗ ਪਿਆ ਕਿ ਤੁਸੀਂ ਗੁਰੂ ਜੀ ਦੇ ਕੈਸੇ ਸਿੱਖ ਹੋ? ਕਿੰਨੀ ਹੈਰਾਨੀ ਦੀ
ਗੱਲ ਹੋਈ ਕਿ ਉਹ ਅੱਤਵਾਦੀ ਗੁਰਮੇਲ ਸਿੰਘ ਦਾ ਹੌਂਸਲਾ ਤੇ ਤਰਕ ਦੇਖ ਕੇ ਬੱਸ ਨੂੰ ਉੱਥੇ ਹੀ ਛੱਡ ਕੇ
ਚਲੇ ਗਏ। ਜਦ ਮੌਤ ਅੱਗੇ ਆਵਾਜ਼ਾਂ ਮਾਰ ਰਹੀ ਹੋਵੇ ਕੌਣ ਹੈ ਜੋ ਇਹੋ ਜਿਹੇ ਭਿਆਨਕ ਮੌਕੇ ਆਪਣੀ ਸੋਚ
ਤੇ ਇੰਨੀ ਨਿਡਰਤਾ ਤੇ ਨਿਰਭਉ ਨਾਲ ਪਹਿਰਾ ਦਿੰਦਾ ਹੋਵੇ। ''ਅਣਫਰੋਲੇ ਵਰਕੇ'' ਦੀ ਇਹ ਇਕ ਖਾਸ ਖ਼ੂਬੀ
ਹੈ ਕਿ ਗੁਰਮੇਲ ਸਿੰਘ ਨੇ ਆਪਣੇ ਜੀਵਨ ਦਾ ਕੋਈ ਹਨ੍ਹੇਰਾ ਪੱਖ ਕਿਸੇ ਤੋਂ ਲੁਕਾ ਕੇ ਨਹੀਂ ਰੱਖਿਆ।
ਉਸ ਦੀ ਜ਼ਿੰਦਗੀ ਵਿਚ ਕਈ ਲੜਕੀਆਂ ਆਈਆਂ। ਜਿੰਨੀ ਸਾਫ਼ ਦਿਲੀ ਨਾਲ ਉਸ ਨੇ ਆਪਣਾ ਹਨ੍ਹੇਰਾ ਪੱਖ ਉਨ੍ਹਾਂ
ਦੇ ਸਾਹਮਣੇ ਰੱਖਿਆ ਉਸ ਦੀ ਉਦਾਹਰਣ ਮਿਲਣੀ ਮੁਸ਼ਕਲ ਹੈ। ਜਦ ਕਿ ਅੱਜ ਦੇ ਸਮੇਂ ਵਿਚ ਝੂਠ-ਮੂਠ ਦੱਸ
ਕੇ ਲੜਕੀਆਂ ਨੂੰ ਆਪਣੇ ਜਾਲ ਵਿਚ ਫਸਾਉਣਾ ਇਕ ਆਮ ਗੱਲ ਹੈ। ਬੀ.ਏ.ਬੀ.ਐਡ. ਕਰਕੇ ਉਸ ਦੀ ਨਿਯੁਕਤੀ
ਸਰਕਾਰੀ ਹਾਈ ਸਕੂਲ, ਭਾਗੀਕੇ ਦੀ ਹੋ ਗਈ। ਇਸ ਨਿਯੁਕਤੀ ਪਿੱਛੇ ਵੀ ਉਸਨੂੰ ਬੜਾ ਸੰਘਰਸ਼ ਕਰਨਾ ਪਿਆ।
ਉਸਦਾ ਨਕਲੀ ਅੰਗ ਵੀ ਬੜੀ ਕੌੜੀ ਯਾਦ ਬਣ ਕੇ ਉਸ ਨਾਲ ਚੰਬੜਿਆ ਰਿਹਾ ਪਰ ਮਿਹਨਤ ਤੇ ਲਗਨ ਨਾਲ ਉਹ
ਪੜ੍ਹਾਈ ਵੀ ਕਰਦਾ ਰਿਹਾ ਤੇ ਸਾਹਿਤਕ ਪਿੜ ਵਿਚ ਵੀ ਅੱਗੇ ਹੀ ਅੱਗੇ ਵਧਦਾ ਗਿਆ। ਹਰ ਇਕ ਇਨਸਾਨ ਦੀ
ਜ਼ਿੰਦਗੀ ਵਿਚ ਵਿਆਹ ਇਕ ਐਸਾ ਮੋੜ ਹੈ ਜਿਸ ਨੂੰ ਪਾਰ ਕਰਕੇ ਇਨਸਾਨ ਸੁਵਰਗ ਜਾਂ ਨਰਕ ਵਿਚ ਦਾਖਲ ਹੁੰਦਾ
ਹੈ। ਬਦਕਿਸਮਤੀ ਹੀ ਸਮਝਣੀ ਚਾਹੀਦੀ ਹੈ ਕਿ ਗੁਰਮੇਲ ਸਿੰਘ ਬੌਡੇ ਨੂੰ ਆਪਣੇ ਮਨ ਭਾਉਂਦੀ ਕੁੜੀ ਨਹੀਂ
ਮਿਲ ਸਕੀ। ਉਸ ਨੂੰ ਆਪਣਾ ਵਾਅਦਾ ਭੁਲਾ ਕੇ ਮਾਂ-ਬਾਪ ਤੇ ਹੋਰ ਰਿਸ਼ਤੇਦਾਰਾਂ ਦੀ ਚੋਣ ਤੇ ਸਬਰ ਕਰਨਾ
ਪਿਆ। ਗੱਲ ਕੀ ਜ਼ਿੰਦਗੀ ਦੇ ਹਰ ਮੋੜ ਤੇ ਹੀ ਉਸ ਨੇ ਸੰਤਾਪ ਭੋਗਿਆ ਹੈ। ਉਹ ਟਾਮਸ ਹਾਰਡੀ ਦੇ ਅੰਗਰੇਜ਼ੀ
ਦੇ ਨਾਵਲ ''ਮੇਅਰ ਆਫ਼ ਕਾਸਟਰਬਰਿਜ'' ਦੇ ਮੁੱਖ ਪਾਤਰ ਨਾਲ ਆਪਣੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਦੀ
ਤੁਲਨਾ ਕਰਦਾ ਹੈ ਤੇ ਸੋਚਦਾ ਹੈ ਕਿ ਸਾਰੇ ਨਾਵਲ ਦੀ ਕਹਾਣੀ ਦਾ ਸਿੱਟਾ ਜਾਂ ਧੁਰਾ ਏਹੀ ਹੈ ਕਿ ਮੌਕੇ
ਤੇ ਸਬੱਬ ਮਨੁੱਖ ਦੀ ਜ਼ਿੰਦਗੀ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹੀ ਕੁਝ ਗੁਰਮੇਲ ਨਾਲ ਹੋਇਆ ਹੈ।
''ਅਣਫਰੋਲੇ ਵਰਕੇ'' ਦਾ ਪਿਛੋਕੜ ਮੋਗਾ ਤੇ ਉਸ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਮਲਵਈ ਰੰਗ ਵਿਚ
ਰੰਗਿਆ ਹੈ। ਇਸ ਕਿਤਾਬ ਨੂੰ ਪੜ੍ਹ ਕੇ ਵਿਦਿਆਰਥੀ-ਅਧਿਆਪਕ ਘੋਲ ਬੇਰੁਜ਼ਗਾਰ ਨੌਜਵਾਨਾਂ ਦਾ ਸੰਘਰਸ਼,
ਨਕਸਲਵਾਦ ਦਾ ਭਾਰਤ ਵਿਚ ਫੈਲਣਾ, ਐਮਰਜੈਂਸੀ ਦੇ ਕਾਲੇ ਦਿਨਾਂ ਦਾ ਪਰਛਾਵਾਂ, ਪਾਕਿਸਤਾਨ ਨਾਲ ਹੋਈਆਂ
1971 ਤੇ 1975 ਦੀਆਂ ਲੜਾਈਆਂ ਜੋ ਭਾਰਤ ਦੀ ਹਿਸਟਰੀ ਦਾ ਹਿੱਸਾ ਬਣ ਗਿਆ ਹੈ। ''ਅਫਰੋਲੇ ਵਰਕੇ''
ਦਾ ਹਿਸਟਰੀ ਦੇ ਇਸ ਹਿੱਸੇ ਨੂੰ ਸਮਝਣ ਲਈ ਬੜਾ ਯੋਗਦਾਨ ਹੋਵੇਗਾ। ਇਸ ਕਿਤਾਬ ਦੀ ਬੋਲੀ ਵਿਚ ਮਾਲਵੇ
ਦੇ ਅਲੋਪ ਹੋ ਰਹੇ ਪੁਰਾਣੇ ਸ਼ਬਦ ਭੰਡਾਰ ਜਿਵੇਂ ਕਿ ਖੱਦਰ ਦੇ ਪੋਤੜੇ, ਗੁੜ੍ਹਤੀ, ਸਰੀਰਕ ਪੱਖੋਂ ਬੱਜ
ਵਾਲਾ, ਜੁਆਕ, ਹਾਜਤ ਕਰਨੀ, ਆੜੀ, ਘੂਰਨਾ, ਪਰੋਲਾ ਫੇਰਨਾ, ਰਿਹਾੜ ਕਰਨਾ, ਪਲੇਠੀ ਮੌਤ, ਭੰਬੀਰੀ
ਵਾਲਾ ਲੋਦਾ ਲਗਣਾ, ਭਮੱਤਰਿਆ ਆਦਿ ਉਸ ਨੇ ਆਪਣੀ ਕਿਤਾਬ ਵਿਚ ਸੰਭਾਲ ਲਏ ਹਨ।
''ਅਣਫਰੋਲੇ ਵਰਕੇ'' ਦਾ ਇਕ ਵਧੀਆ ਪੱਖ ਇਹ ਹੈ ਕਿ ਇਸ ਨੂੰ ਜਦ ਪੜ੍ਹਨਾ ਸ਼ੁਰੂ ਕਰ ਦੇਈਏ ਤਾਂ ਇਕ
ਨਾਵਲ ਦੀ ਤਰ੍ਹਾਂ ਸਾਰੀ ਕਿਤਾਬ ਪੜ੍ਹੇ ਬਿਨਾਂ ਇਨਸਾਨ ਇਸ ਨੂੰ ਵਿਚਕਾਰ ਨਹੀਂ ਛੱਡ ਸਕਦਾ। ਲੇਖਕ ਨੇ
ਆਪਣੇ ਜੀਵਨ ਦੀਆਂ ਘਟਨਾਵਾਂ ਬੜੇ ਹੀ ਸੁਚੱਜੇ ਢੰਗ ਨਾਲ ਆਪਸ ਵਿਚ ਜੋੜੀਆਂ ਹਨ। ਗੱਲ ਕੀ ਇਹ
ਸ੍ਵੈ-ਜੀਵਨੀ ਪੜ੍ਹਨਯੋਗ ਤੇ ਤਵਾਰੀਖ ਦੇ ਪੱਖ ਤੋਂ ਸਾਂਭਣਯੋਗ ਦਸਤਾਵੇਜ਼ ਹੈ। ਮੈਨੂੰ ਪੂਰੀ ਆਸ ਹੈ
ਕਿ ਪੰਜਾਬੀ ਦੁਨੀਆਂ ਇਸ ਨੂੰ ਪੜ੍ਹਨ ਲਈ ਬਹੁਤ ਚੰਗਾ ਹੁੰਗਾਰਾ ਦੇਵੇਗੀ ਤੇ ਅੱਗੇ ਵਧਣ ਲਈ ਪ੍ਰੇਰਣਾ
ਲਵੇਗੀ। ਗੁਰਮੇਲ ਸਿੰਘ ਬੌਡੇ ਆਪਣੀ ਸ੍ਵੈ-ਜੀਵਨੀ ਦੇ ਦੂਜੇ ਭਾਗ ਵਿਚ ਸਾਹਿਤਕ ਸਿਖਰਾਂ ਨੂੰ ਛੋਹੇਗਾ।
ਮੈਂ ਇਸ ਕਾਮਯਾਬ ਰਚਨਾ ਤੇ ਗੁਰਮੇਲ ਸਿੰਘ ਬੌਡੇ ਨੂੰ ਅਤੇ ਇਹ ਪੁਸਤਕ ਪ੍ਰਕਾਸ਼ਤ ਕਰਨ ਵਾਲੇ ਨੌਜੁਆਨ
ਪਰਮ ਪ੍ਰੋਡਕਸ਼ਨ ਦੇ ਐਮ.ਡੀ. ਭਵਨਦੀਪ ਸਿੰਘ ਪੁਰਬਾ ਨੂੰ ਵਧਾਈ ਦੇਂਦੀ ਹਾਂ।