ਇਕ ਵਪਾਰ ਬਣ ਕੇ ਰਹਿ ਗਿਆ ਵਿਦੇਸ਼ੀ ਵਿਆਹ

ਭਵਨਦੀਪ ਸਿੰਘ ਪੁਰਬਾ

ਵਿਆਹ ਇੱਕ ਪਵਿੱਤਰ ਬੰਧਣ ਮੰਨਿਆ ਜਾਂਦਾ ਸੀ। ਪਰ ਹੁਣ ਤਾਂ ਵਿਆਹ ਇਕ ਵਪਾਰ ਬਣ ਕੇ ਰਹਿ ਗਿਆ ਹੈ ਖਾਸ ਕਰਕੇ ਵਿਦੇਸ਼ੀ ਵਿਆਹ। ਵਿਦੇਸੀ ਵਿਆਹ ਤਾਂ ਪੱਕੇ ਤੌਰ 'ੇ ਹੀ ਦੋ ਪ੍ਰਕਾਰ ਦੇ ਹੋ ਗਏ ਹਨ ਅਸਲੀ ਵਿਆਹ ਤੇ ਨਕਲੀ ਵਿਆਹ। ਵਿਦੇਸ਼ ਤੋਂ ਆਇਆ ਮੁੰਡਾ ਜਾਂ ਕੁੜੀ ਜਦ ਇੰਡੀਆ ਵਿਚ ਆ ਕੇ ਵਿਆਹ ਕਰਵਾਉਂਦਾ ਹੈ ਤਾਂ ਹਰੇਕ ਦੀ ਜ਼ੁਬਾਨ ਤੇ ਇਹੀ ਗੱਲ ਹੁੰਦੀ ਹੈ ਕਿ ਵਿਆਹ ਅਸਲੀ ਹੈ ਜਾਂ ਨਕਲੀ। ਵੈਸੇ ਤਾਂ ਪੰਜਾਬੀ ਵਿਦੇਸ਼ ਜਾਣ ਲਈ ਕਈ ਤਰ੍ਹਾਂ ਦੇ ਪਾਪੜ ਵੇਲ ਰਹੇ ਹਨ ਪਰ ਉਨ੍ਹਾਂ ਨੂੰ ਪਤਾ ਹੈ ਕਿ ਵਿਆਹ ਦੇ ਜ਼ਰੀਏ ਇਹ ਜਲਦੀ ਤੇ ਸੋਖੇ ਤਰੀਕੇ ਜਹਾਜੇ ਚੜ ਸਕਦੇ ਹਨ। ਇਸੇ ਕਰਕੇ ਹੀ ਵਿਆਹ ਵਪਾਰ ਬਹੁਤ ਜ਼ਿਆਦਾ ਵਧ-ਫੁੱਲ ਰਿਹਾ ਹੈ।
ਵਿਦੇਸੀ ਵਿਆਹ ਵਪਾਰ ਵਿਚ ਸਭ ਤੋਂ ਪਹਿਲਾਂ ਆਉਂਦੇ ਹਨ ਮੈਰਿਜ ਬਿਊਰੋ ਵਾਲੇ। ਮੈਰਿਜ ਬਿਊਰੋ ਵਾਲਿਆਂ ਨੇ ਬਾਹਰ ਜਾਣ ਦੇ ਚਾਹਵਾਨ ਸੱਜਣਾਂ ਨੂੰ ਲੁੱਟਣ ਦੇ ਕਈ ਤਰੀਕੇ ਬਣਾਏ ਹੋਏ ਹਨ। ਅਖਬਾਰ ਵਿਚਲੇ ਕਲਾਸੀਫਾਈਡ ਇਸ਼ਤਿਹਾਰ ਤਾਂ ਵਿਆਹ ਸ਼ਾਦੀ ਦੇ ਇਸ਼ਤਿਹਾਰਾਂ ਨਾਲ ਹੀ ਭਰੇ ਹੁੰਦੇ ਹਨ। ਕਈ ਅਖ਼ਬਾਰਾਂ ਨੇ ਤਾਂ ਵਿਆਹ ਸ਼ਾਦੀ ਦੇ ਕਲਾਸੀਫਾਈਡ ਇਸ਼ਤਿਹਾਰਾਂ ਲਈ ਵੱਖਰੇ ਪੰਨੇ ਪ੍ਰਕਾਸਿਤ ਕੀਤੇ ਹੁੰਦੇ ਹਨ। ਇਸ਼ਤਿਹਾਰ ਵਿੱਚ ਲਿਖਿਆ ਹੁੰਦਾ ਹੈ ਮਿਹਨਤੀ ਲੜਕੇ/ਲੜਕੀ ਦੀ ਜ਼ਰੂਰਤ। ਜਾਤੀ ਬੰਧਣ ਕੋਈ ਨਹੀਂ। ਵਿਦੇਸ਼ ਦੀ ਜਲਦੀ ਵਾਪਸੀ ਹੈ ਇਸ ਲਈ ਵਿਆਹ ਜਲਦੀ। ਹਰੇਕ ਜਾਤੀ ਦਾ ਇਨਸਾਨ ਇਹੀ ਸੋਚਦਾ ਹੈ ਕਿ ਮੈਂ ਬਹੁਤ ਮਿਹਨਤੀ ਹਾਂ ਤੇ ਜਾਤੀ ਦਾ ਕੋਈ ਬੰਧਣ ਨਹੀਂ ਹੈ ਕੀ ਪਤਾ ਮੇਰੀ ਕਿਸਮਤ ਚਮਕ ਪਵੇ। ਇਹ ਸੋਚ ਕੇ ਉਹ ਫ਼ੋਨ ਮਿਲਾਉਣਾ ਸ਼ੁਰੂ ਕਰ ਦਿੰਦਾ ਹੈ। ਪਹਿਲਾਂ ਕਿੰਨਾ ਚਿਰ ਤਾਂ ਫ਼ੋਨ ਮਿਲਦਾ ਨਹੀਂ। ਮਿਲਦਾ ਇਸ ਲਈ ਨਹੀਂ ਕਿਉਂਕਿ ਇਸ਼ਤਿਹਾਰ ਦੇਣ ਵਾਲੇ ਨੇ ਇਹ ਸ਼ੋਅ ਕਰਨਾ ਹੁੰਦਾ ਹੈ ਕਿ ਉਹ ਬਹੁਤ ਬਿਜੀ ਆਦਮੀ ਹੈ। 'ਮਹਿਕ ਵਤਨ ਦੀ' ਦੇ ਪ੍ਰਤੀਨਿਧਾਂ ਅਨੁਸਾਰ ਕਈ ਮੈਰਿਜ ਬਿਊਰੋ ਵਾਲੇ ਲੈਂਡ ਲਾਈਨ ਸੈੱਟ ਦਾ ਰਸੀਵਰ ਚੁੱਕ ਕੇ ਪਾਸੇ ਰੱਖ ਦਿੰਦੇ ਹਨ ਜਾਂ ਆਪਣਾ ਮੋਬਾਇਲ ਕਸਟਮਰ ਕੇਅਰ ਤੇ ਮਿਲਾਕੇ ਰੱਖ ਦਿੰਦੇ ਹਨ।.... ਜਦ ਕਿੰਨਾ ਚਿਰ ਟੱਕਰਾਂ ਮਾਰਨ ਤੋਂ ਬਾਅਦ ਫੋਨ ਮਿਲਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਨੰਬਰ ਕਿਸੇ ਮੈਰਿਜ ਬਿਊਰੋ ਵਾਲੇ ਦਾ ਹੈ। ਫੇਰ ਮੈਰਿਜ ਬਿਊਰੋ ਵਾਲੇ ਆਪਣੇ-ਆਪਣੇ ਢੰਗ ਨਾਲ ਆਪਣੇ ਅਨੁਸਾਰ ਫੀਸ ਰੱਖੀ ਹੁੰਦੀ ਹੈ। ਮੈਰਿਜ ਬਿਊਰੋ ਵਾਲਾ ਥੋੜੇ ਬਹੁਤੇ ਪੈਸਿਆਂ ਦੀ ਮੰਗ ਕਰਦਾ ਹੈ ਨਾਲ ਹੀ ਮੁੰਡੇ/ਕੁੜੀ ਦੀ ਫੋਟੋ ਤੇ ਬਾਇਉ ਡਾਟਾ ਮੰਗਵਾ ਲੈਂਦਾ ਹੈ। ਬਹੁਤ ਸਾਰੇ ਬਾਹਰ ਜਾਣ ਦੇ ਚਾਹਵਾਨ ਸੱਜਣ ਉਨ੍ਹਾਂ ਦੀਆਂ ਚਾਲਾਂ ਵਿਚ ਆ ਜਾਂਦੇ ਹਨ।
ਸਾਡੀ ਨਿਗ੍ਹਾ ਵਿਚ ਇਕ ਅਜਿਹਾ ਮੈਰਿਜ ਬਿਊਰੋ ਵਾਲਾ ਹੈ ਜਿਹੜਾ ਥੋੜੇ ਚਿਰ ਬਾਅਦ ਅਖ਼ਬਾਰ ਵਿਚ ਇਸ਼ਤਿਹਾਰ ਦੇ ਦਿੰਦਾ ਹੈ ਕਿ ਵਿਦੇਸ਼ ਤੋਂ ਆਏ ਭੈਣ-ਭਰਾ ਲਈ ਮਿਹਨਤੀ ਅਤੇ ਪੜ੍ਹੇ ਲਿਖੇ ਮੁੰਡੇ ਤੇ ਕੁੜੀ ਦੀ ਜ਼ਰੂਰਤ ਹੈ। ਜਦ ਉਸ ਨਾਲ ਸੰਪਰਕ ਕਰੀਏ ਤਾਂ ਉਹ ਆਖਦਾ ਹੈ ਕਿ 2500 ਰੁਪਏ ਜਮਾਂ ਕਰਵਾ ਦਿਉ। ਜੇਕਰ ਤੁਹਾਡੀ ਗੱਲ ਸਿਰੇ ਚੜ ਗਈ ਤਾਂ 11,000 ਰੁਪਏ ਹੋਰ ਲਵਾਂਗੇ ਨਹੀਂ ਤਾਂ ਇਸ 2500 ਵਿਚੋਂ ਆਪਣਾ ਖਰਚਾ ਕੱਟ ਕੇ ਬਾਕੀ ਤੁਹਾਨੂੰ ਵਾਪਿਸ ਕਰ ਦਿਆਂਗੇ। ਸੰਪਰਕ ਕਰਨ ਵਾਲਾ ਹਰੇਕ ਸੱਜਣ ਇਹੀ ਸੋਚਦਾ ਹੈ ਚਲੋ ਦੋ-ਢਾਈ ਸੌ ਰੁਪਏ ਹੀ ਆ। ਜੇਕਰ ਗੱਲ ਸਿਰੇ ਚੜ ਗਈ ਤਾਂ ਫਾਈਦਾ ਹੀ ਫਾਈਦਾ। ਇਹ ਸੋਚ ਕੇ ਉਹ 2500 ਰੁਪਏ ਮੈਰਿਜ ਬਿਊਰੋ ਵਾਲੇ ਨੂੰ ਦੇ ਦਿੰਦਾ ਹੈ ਮੈਰਿਜ ਬਿਊਰੋ ਵਾਲਾ ਸੰਪਰਕ ਕਰਨ ਵਾਲੇ ਸੱਜਣਾਂ ਹਫਤਾ ਕੁ ਲਾਰਿਆਂ-ਲੱਪਿਆਂ ਵਿਚ ਰੱਖਦਾ ਹੈ ਤੇ ਫੇਰ ਆਖ ਦਿੰਦਾ ਹੈ ਬਈ.. ਉਨ੍ਹਾਂ ਦੀ ਗੱਲ ਕਿਤੇ ਹੋਰ ਸੈੱਟ ਹੋ ਗਈ ਹੈ ਤੁਸੀਂ ਆ ਕੇ ਆਪਣੇ ਪੈਸੇ ਵਾਪਸ ਲੈ ਜਾਉ।
ਪੈਸੇ ਵਾਪਸ ਲੈਣ ਆਏ ਸੱਜਣਾਂ ਨੂੰ ਉਹ ਮੈਰਿਜ ਬਿਊਰੋ ਵਾਲਾ ਆਖਦਾ ਹੈ, ''ਮੈਂ ਥੋਡੀ ਖਾਤਰ ਬਹੁਤ ਭੱਜ-ਨੱਠ ਕੀਤੀ ਹੈ। ਚਾਰ-ਪੰਜ ਵਾਰ ਮੈਂ ਉਨ੍ਹਾਂ ਦੇ ਘਰੇ ਗੇੜੇ ਮਾਰੇ ਹਨ ਪਰ ਥੋਡੇ ਕਰਮਾਂ ਵਿਚ ਨਹੀਂ ਸੀ। ਤੁਹਾਡੇ ਤੇ ਪੈਸੇ ਤਾਂ ਬਾਹਲੇ ਖਰਚ ਹੋ ਗਏ ਹਨ ਚਲੋ ਮੈਂ ਹਜ਼ਾਰ ਕੁ ਰੁਪਏ ਕੱਟ ਲੈਨਾ। ਆਹ ਤੁਸੀਂ ਬਾਕੀ ਦਾ 1500 ਵਾਪਸ ਲੈ ਜਾਉ। ਤੁਹਾਨੂੰ ਕਿਸੇ ਹੋਰ ਤਰੀਕੇ ਬਾਹਰ ਕੱਢ ਦਿਆਂਗੇ।'' ਮੈਰਿਜ ਬਿਊਰੋ ਵਾਲਾ ਖੁਸ਼ ਹੈ ਕਿ ਉਸ ਨੂੰ ਬੈਠੇ ਬਿਠਾੇ ਨੂੰ ਇਕ-ਇਕ ਬੰਦੇ ਕੋਲੇ ਹਜ਼ਾਰ ਰੁਪਇਆ ਆ ਰਿਹਾ ਹੈ। ਸੰਪਰਕ ਕਰਨ ਵਾਲੇ ਸੱਜਣ ਖੁਸ਼ ਹਨ ਕਿ ਉਨ੍ਹਾਂ 1500 ਰੁਪਏ ਮੈਰਿਜ ਬਿਊਰੋ ਵਾਲੇ ਨੇ ਵਾਪਸ ਕਰ ਦਿੱਤੇ ਤੇ ਮੈਰਿਜ ਬਿਊਰੋ ਵਾਲੇ ਦੇ ਅਗਾਂਹ ਵਾਸਤੇ ਗਾਹਕ ਪੱਕੇ ਹੋ ਗਏ। ਉਨ੍ਹਾਂ ਵਿਚਾਰਿਆਂ ਨੂੰ ਕੀ ਪਤਾ ਕੇ ਬਾਹਰੋਂ ਤਾਂ ਕੋਈ ਆਇਆ ਹੀ ਨਹੀਂ ਤੇ ਉਨ੍ਹਾਂ ਵਰਗੇ ਹਜ਼ਾਰਾਂ ਹੀ ਹਨ ਜਿਨ੍ਹਾਂ ਨੂੰ ਇਸ ਮੈਰਿਜ ਬਿਊਰੋ ਵਾਲੇ ਨੇ ਗੇੜੇ ਮਾਰੇ ਤੇ ਖਰਚਾ ਕੀਤਾ ਕਹਿ ਕੇ ਹਜ਼ਾਰ -ਹਜ਼ਾਰ ਰੁਪਏ ਵਟੋਰ ਲਏ ਹਨ। ਬਹੁਤ ਸਾਰੇ ਮੈਰਿਜ ਬਿਊਰੋ ਵਾਲੇ ਇਸ ਤਰ੍ਹਾਂ ਦੇ ਵਿਦੇਸ਼ੀ ਵਿਆਹ ਵਪਾਰ ਕਰੀ ਜਾਂਦੇ ਹਨ।
ਅੱਗੇ ਗੱਲ ਆਉਂਦੀ ਹੈ ਉਨ੍ਹਾਂ ਵੱਡੇ ਵਪਾਰੀਆਂ ਦੀ ਜਿਹੜੇ ਸੱਚੀ ਵਿਦੇਸ਼ਾਂ ਵਿਚੋਂ ਆਉਂਦੇ ਹਨ। ਕੈਨੇਡਾ-ਅਮਰੀਕਾ ਤੋਂ ਆਏ ਵੱਡੇ ਵਪਾਰੀ ਜਿਨਾਂ ਨੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਹੁੰਦੇ ਹਨ। ਉਹ ਆਪਣੇ ਮੁੰਡੇ/ਕੁੜੀ ਦੀ ਬੋਲੀ ਲਾਉਂਦੇ ਹਨ ਜਿਹੜੀ 10 ਕੁ ਲੱਖ ਤੋਂ ਸੁਰੂ ਹੁੰਦੀ ਹੈ। ਜਿਸ ਨੇ ਬੋਲੀ ਜ਼ਿਆਦਾ ਲਗਾ ਦਿੱਤੀ ਉਹ ਬਾਜ਼ੀ ਮਾਰ ਗਿਆ।
ਬਹੁਤੇ ਮੁੰਡੇ ਕੁੜੀਆਂ ਤਾਂ ਨਕਲੀ ਵਿਆਹ ਕਰਵਾਉਣ ਲਈ ਹੀ ਇੰਡੀਆ ਆਉਂਦੇ ਹਨ ਇਧਰੋਂ ਮੋਟੀਆਂ ਰਕਮਾਂ ਲੈ ਕੇ ਇਧਰਲੇ ਮੁੰਡੇ--ਕੁੜੀਆਂ ਨੂੰ ਬਾਹਰ ਲੈ ਜਾਂਦੇ ਹਨ ਤੇ ਉਥੇ ਜਾ ਕੇ ਤਲਾਕ ਦੇ ਦਿੰਦੇ ਹਨ। ਅਜਿਹੇ ਬਹੁਤ ਸਾਰੇ ਕੇਸਾਂ ਵਿਚ ਮੁੰਡੇ/ਕੁੜੀਆਂ ਦੇ ਪਰਿਵਾਰ ਵਾਲੇ ਉਨਾਂ ਦੀ ਇਸ ਸਾਜ਼ਿਸ਼ ਵਿਚ ਸ਼ਾਮਿਲ ਹੁੰਦੇ ਹਨ। ਚਾਹੇ ਇਸ ਵਿਦੇਸੀ ਵਿਆਹ ਵਪਾਰ ਦੇ ਨਤੀਜੇ ਬਹੁਤ ਮਾੜੇ ਨਿਕਲ ਰਹੇ ਹਨ। ਬਹੁਤ ਸਾਰੇ ਘਰਾਂ ਦਾ ਸੁਖ-ਚੈਨ ਬਰਬਾਦ ਹੋ ਗਿਆ ਹੈ ਪਰ ਫਿਰ ਵੀ ਪੰਜਾਬੀ ਇਸ ਵਪਾਰ ਵਿਚ ਧਸੇ ਤੁਰੇ ਜਾ ਰਹੇ ਹਨ।
'ਕੌਮਾਂਤਰੀ ਪਰਦੇਸੀ' ਵਿਚ ਛਪੇ ਇਕ ਆਰੀਟਕਲ ਮੁਤਾਬਕ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਵਿਚ ਰਹਿੰਦੇ ਕਈ ਪੰਜਾਬੀ ਵੀ ਏਨੇ ਲਾਲਚੀ ਹੋ ਗਏ ਹਨ ਕਿ ਉਹ ਵੀ ਰੁਪਈਆਂ ਤੋਂ ਡਾਲਰ ਬਣਾਉਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਅਜਿਹੇ ਲਾਲਚੀ ਕਈ ਜੋੜਿਆਂ ਨੇ ਆਪਣੇ ਘਰ ਹੀ ਪੱਟ ਲਏ। ਕੈਨੇਡਾ ਵਿਚ ਰਹਿੰਦੇ ਇਕ ਜੋੜੇ ਦੀ ਉਦਾਹਰਣ ਸਾਡੇ ਸਾਹਮਣੇ ਹੈ ਜਿਨ੍ਹਾਂ ਦੇ ਦੋ ਬੱਚੇ ਹੋਣ ਦੇ ਬਾਵਜੂਦ ਵੀ ਨਵਾਂ ਘਰ ਖਰੀਦਣ ਲਈ ਡਾਲਰ ਇਕੱਠੇ ਕਰਨ ਵਾਸਤੇ ਆਪਣਾ ਤਲਾਕ ਕਰ ਲਿਆ ਪਤਨੀ ਨੇ ਅਮਰੀਕਾ ਵਿਚ ਕੱਚੇ ਰਹਿੰਦੇ ਇੱਕ ਵਿਆਕਤੀ ਨਾਲ ਅਤੇ ਪਤੀ ਨੇ ਪੰਜਾਬ ਤੋਂ ਇਕ ਕੁੜੀ ਦੇ ਮਾਪਿਆਂ ਨਾਲ ਲੱਖਾਂ 'ਚ ਸੌਦਾ ਕਰ ਲਿਆ। ਮਿੱਥੀ ਸਕੀਮ ਅਨੁਸਾਰ ਦੋਵਾਂ ਨੇ ਆਪਣੇ ਕਥਿਤ ਜੀਵਨ ਸਾਥੀਆਂ ਨੂੰ ਸਪਾਂਸਰ ਕਰ ਦਿੱਤੇ। ਛੇ ਮਹੀਨਿਆਂ ਦੇ ਅੰਦਰ-ਅੰਦਰ ਪਤੀ ਦੇਵ ਪੰਜਾਬ ਚਲੇ ਆਏ। ਪੈਸੇ ਲੈ ਕੇ ਸੋਹਣੀ ਸੁਨੱਖੀ ਤੇ ਆਪਣੇ ਤੋ ਘੱਟ ਉਮਰ ਕੁੜੀ ਨਾਲ ਵਿਆਹ ਕਰ ਲਿਆ ਤੇ ਕੁਝ ਹਫਤੇ ਬਾਅਦ ਹੀ ਆਪਣੀ ਪਤਨੀ ਨੂੰ ਸਪੱਸ਼ਟ ਕਹਿ ਦਿੱਤਾ ਕਿ ਇਹ ਉਸ ਦਾ ਨਕਲੀ ਨਹੀਂ ਸਗੋਂ ਅਸਲੀ ਵਿਆਹ ਹੀ ਸਮਝੇ ਤੇ ਕੈਨੇਡਾ ਬੈਠੀ ਪਤਨੀ ਨੇ ਝੱਟ ਅਮਰੀਕਾ ਵਾਲੇ ਮੁੰਡੇ ਨੂੰ ਟਕੇ ਵਰਗਾ ਜਵਾਬ ਦੇ ਮਾਰਿਆ। ਲੈਣ ਦੇਣ ਦੇ ਰੌਲੇ ਅਜੇ ਚੱਲ ਰਹੇ ਹਨ ਤੇ ਟੱਬਰ ਖੇਰੂ ਖੇਰੂ ਹੋ ਕੇ ਰਹਿ ਗਿਆ ਹੈ।
ਇਕ ਕੇਸ ਵਿਚ ਵਿਆਹ ਦੇ ਆਧਾਰ ਤੇ ਕੁੜੀ ਨੂੰ ਬਾਹਰ ਲਿਜਾਣ ਲਈ ਪਿਉ ਨੇ ਆਪਣੀ ਸਕੀ ਧੀ ਨਾਲ ਲਾਵਾਂ ਲੈ ਲਈਆਂ ਜਿਹੜੀ ਕਿ ਉਮਰ ਵੱਡੀ ਹੋਣ ਕਰਕੇ ਸਾਰੇ ਪਰਿਵਾਰ ਨਾਲ ਵਿਦੇਸ਼ ਨਹੀਂ ਸੀ ਜਾ ਸਕੀ। ਇਹ ਕਹਾਣੀ ਉਸ ਸਮੇਂ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨੋਟਿਸ ਵਿਚ ਆ ਗਈ ਜਦੋਂ ਧੀ ਨੇ ਆਪਣੇ ਪਿਉ ਨੂੰ ਤਲਾਕ ਦੇ ਕੇ ਪੰਜਾਬ ਵਿਚ ਆ ਕੇ ਹੋਰ ਥਾਂ ਵਿਆਹ ਕਰਵਾ ਕੇ ਮੁੰਡੇ ਨੂੰ ਸਪਾਂਸਰ ਕੀਤਾ। ਇਮੀਗ੍ਰੇਸ਼ਨ ਅਧਿਕਾਰੀ ਉਹ ਫੋਟੋਆਂ ਦੇਖ ਕੇ ਹੱਕੇ ਬੱਕੇ ਹੋ ਗਏ ਜਦੋਂ ਪਹਿਲੀਆਂ ਫੋਟੋਆਂ ਤੇ ਸਿਹਰੇ ਬੰਨੀ ਬੈਠਾ ਉਸ ਦਾ ਪਤੀ ਬਣਨ ਵਾਲਾ ਪਿਉ ਦੂਜੇ ਵਿਆਹ ਦੀਆਂ ਫੋਟੋਆਂ ਵਿਚ ਪੱਲਾ ਫੜਾ ਰਿਹਾ ਸੀ।' ਬਾਹਰ ਜਾਣ ਦੀ ਖਾਤਰ ਭੈਣ-ਭਰਾ ਦਾ ਨਕਲੀ ਵਿਆਹ ਕਰਵਾ ਲੈਣਾ ਤਾਂ ਮਾਮੂਲੀ ਗੱਲ ਹੋ ਗਈ ਹੈ।
ਵਿਆਹ ਅਸਲੀ ਹੋਵੇ ਜਾਂ ਨਕਲੀ ਮੁੰਡੇ-ਕੁੜੀ ਦੀ ਯੋਗਤਾ ਪੜ੍ਹਾਈ ਲਿਖਾਈ ਤੇ ਰੰਗ ਰੂਪ ਵੱਲ ਹੁਣ ਕੋਈ ਖਾਸ ਧਿਆਨ ਨਹੀਂ ਦਿੱਤਾ ਜਾਂਦਾ ਸਗੋਂ ਇਹੀ ਦੇਖਿਆ ਜਾਂਦਾ ਹੈ ਕਿ ਮਾਇਆ ਕਿਧਰੋ ਜ਼ਿਆਦਾ ਆ ਰਹੀ ਹੈ। ਅੱਜ ਕਲ੍ਹ ਅਸਲੀ ਵਿਦੇਸ਼ੀ ਵਿਆਹ ਵਿਚ ਵੀ ਸਵਾਰਥ ਝਲਕਦਾ ਹੈ। ਵਿਦੇਸ਼ਾਂ ਤੋਂ ਆਏ ਮੁੰਡੇ ਕੁੜੀਆਂ ਦੇ ਮਾਪੇ ਇੰਨੇ ਵੱਡੇ ਮੂੰਹ ਅੱਡਣ ਲੱਗ ਪਏ ਹਨ ਜਿਨਾਂ ਨੂੰ ਭਰਨ ਵਾਸਤੇ ਬਾਹਰ ਜਾਣ ਦੇ ਚਾਹਵਾਨ ਲੋਕਾਂ ਨੂੰ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚਣੀਆਂ ਪੈਂਦੀਆਂ ਹਨ। ਬਹੁਤ ਸਾਰੇ ਜੱਟਾਂ ਦੇ ਮੁੱੰਡੇ ਕਿਲਿਆਂ ਦੇ ਕਿਲੇ ਵੇਚ ਕੇ ਬਾਹਰ ਜਾਣ ਨੂੰ ਉਤਾਵਲੇ ਹਨ। ਕਈਆਂ ਨਾਲ ਠੱਗੀਆਂ ਵੀ ਵੱਜੀਆਂ ਹਨ। ਪਰ ਫੇਰ ਵੀ ਬਾਹਰ ਜਾਣ ਦੀ ਚਾਹਤ ਘੱਟ ਨਹੀਂ ਹੋ ਰਹੀ। ਬਹੁਤ ਸਾਰੇ ਬਾਹਰੋਂ ਆਏ ਮੁੰਡੇ/ਕੁੜੀਆਂ ਨਾਲ ਵੀ ਧੋਖੇ ਹੋ ਜਾਂਦੇ ਹਨ। ਬਾਹਰੋ ਆਇਆ ਮੁੰਡੇ ਕੁੜੀ ਇਥੋਂ ਵਿਆਹ ਕਰਵਾ ਕੇ ਚਲਾ ਜਾਂਦਾ ਹੈ ਮਗਰ ਜਾਣ ਵਾਲਾ ਉਸ ਦਾ ਸਾਥੀ ਏਅਰਪੋਰਟ ਤੇ ਹੀ ਆਪਣੇ ਰਸਤੇ ਪੈ ਜਾਂਦਾ ਹੈ। ਬਹੁਤ ਸਾਰੇ ਵਿਦੇਸ਼ੀ ਲੋਕਾਂ ਦੀ ਜ਼ਿੰਦਗੀ ਅਸਲੀ-ਨਕਲੀ ਵਿਆਹਾਂ ਵਿਚ ਹੀ ਗੁਜ਼ਰ ਜਾਂਦੀ ਹੈ। ਉਨ੍ਹਾਂ ਨੂੰ ਵਿਆਹ ਦਾ ਸੁੱਖ ਭੋਗਣਾ ਨਸੀਬ ਨਹੀਂ ਹੁੰਦਾ। ਉਨ੍ਹਾਂ ਲਈ ਵਿਆਹ ਦੋ-ਦਿਲਾਂ ਦਾ ਮੇਲ ਨਹੀਂ ਹੁੰਦਾ ਸਗੋਂ ਇਕ ਵਪਾਰ ਹੁੰਦਾ ਹੈ। ਆਖਿਰ ਕਦੋਂ ਵਿਦੇਸ਼ੀ ਲੋਕ ਵਿਆਹ ਦੇ ਇਸ ਪਵਿੱਤਰ ਬੰਧਣ ਨੂੰ ਸਮਝ ਕੇ ਵਿਦੇਸੀ ਵਿਆਹ ਵਪਾਰ ਤੋਂ ਮੁੱਕਤ ਹੋਣਗੇ? ਸ਼ਾਇਦ ਕਦੇ ਵੀ ਨਹੀਂ.....