ਬਿਨਾ ਪਰਾਂ ਤੋਂ ਅੰਬਰਾਂ ਤੇ ਹਸਤਾਖਰ ਕਰਨ ਲਈ
ਯਤਨਸ਼ੀਲ-ਗੁਰਮੇਲ ਸਿੰਘ ਬੋਡੇ
-ਭਵਨਦੀਪ ਸਿੰਘ ਪੁਰਬਾ
ਗੁਰਮੇਲ
ਸਿੰਘ ਬੋਡੇ ਜਿਸਨੇ ਜੀਵਨ ਪੰਥ ਤਹਿ ਕਰਦਿਆਂ ਇਹ ਮਹਿਸੂਸ ਹੀ ਨਹੀਂ ਕੀਤਾ ਸਗੋਂ ਹੰਢਾਇਆ ਵੀ ਹੈ ਕਿ
ਜ਼ਿੰਦਗੀ ਜਨਮ ਤੋਂ ਲੈ ਕੇ ਮਰਨ ਆਪਣੇ ਵਜੂਦ ਨੂੰ ਜਿਉਂਦਾ ਰੱਖਣ ਲਈ ਕੀਤੇ ਸੰਘਰਸ਼ ਦਾ ਨਾਂ ਹੈ। ਆਪਣੀ
ਹੋਦ ਨੂੰ ਸਲਾਮਤ ਰੱਖਣਾ ਹਰ ਮਨੁੱਖ ਦਾ ਨਿੱਜੀ ਸੰਘਰਸ਼ ਹੋ ਨਿਬੜਦਾ ਹੈ। ਗੁਰਮੇਲ ਸਿੰਘ ਬੋਡੇ ਦਾ
ਜਨਮ 26 ਅਗਸਤ 1960 ਵਿਚ ਮਾਤਾ ਗਿਆਨ ਕੌਰ ਤੇ ਪਿਤਾ ਸ. ਚੜਤ ਸਿੰਘ ਦੇ ਸਧਾਰਨ ਘਰ ਵਿਚ ਸਰੀਰਕ ਪੱਖੋਂ
ਬੜੀ ਕਮਜੋਰ ਸਥਿਤੀ 'ਚ ਹੋਇਆ ਕਿਸੇ ਨੂੰ ਆਸ ਨਹੀਂ ਸੀ ਕਿ ਇਹ ਬੱਚਾ ਜ਼ਿੰਦਗੀ ਦਾ ਇਕ ਮਹੀਨਾ ਜਾਂ
ਸਾਲ ਪੂਰਾ ਕਰ ਸਕੇਗਾ। ਪਰ ਇਹ ਬੱਚਾ ਜੀਵਿਆ ਘਰ ਵਿਚ ਮੰਜੇ ਦੀ ਬਾਹੀ ਫੜਕੇ ਤੁਰਨਾ ਸਿੱਖਣ ਤੋਂ ਲੈ
ਕੇ ਨਿੱਕੇ ਪੈਰਾਂ ਦੇ ਅਕਸ ਜੋ ਵਿਹੜੇ ਦੀ ਮਿੱਟੀ ਜਾਂ ਬੀਹੀਆਂ ਵਿਚ ਸੰਗੀ ਸਾਥੀਆਂ ਨਾਲ ਖੇਡਕੇ
ਬਣਾਏ, ਉਹ ਮਿੱਟੀ ਤੋਂ ਤਾਂ ਭਾਵੇਂ ਮਿਟ ਗਏ ਪਰ ਦਿਲ ਦੀਆਂ ਯਾਦਾ ਵਿਚ ਅਜੇ ਵੀ ਤਾਜਾ ਹਨ।
ਕਮਜੋਰ ਵਜੂਦ ਪਰ ਅਬੰਰੀ ਉਡਾਰੀਆਂ ਭਰਨ ਵਾਲੇ ਸੁਪਨੇ ਜ਼ਿੰਦਗੀ ਦੇ ਉਸ ਪੜਾਅ 'ਚ ਟੁੱਟੇ ਜਿਸਨੂੰ
ਜਵਾਨੀ ਕਹਿੰਦੇ ਹਨ। ਸਰੀਰ 'ਚ ਧੜਕਦੀ ਜ਼ਿੰਦਗੀ ਨੂੰ ਉਹ ਯਤਨ ਫਿਰ ਸ਼ੁਰੂ ਕਰਨੇ ਜੋ ਮੰਜੀ ਦੀ ਬਾਹੀ
ਦਾ ਸਹਾਰਾ ਲੈ ਕੇ ਤੁਰਨ ਲਈ ਸ਼ੁਰੂ ਕੀਤੇ ਸਨ ਕਿਉਂਕਿ 20 ਦਸੰਬਰ 1979 ਨੂੰ ਹੋਏ ਸੜਕ ਹਾਦਸੇ ਤੋਂ
ਬਾਅਦ ਜ਼ਿੰਦਗੀ ਦਾ ਬਾਕੀ ਸਫਰ ਤਹਿ ਕਰਨ ਲਈ ਸਿਰਫ ਇਕ ਪੈਰ ਰਹਿ ਗਿਆ ਸੀ। ਮਾਂ-ਬਾਪ ਤੇ ਵੱਡੇ ਭਰਾ
ਦੇ ਮੋਢੇ ਦਾ ਸਹਾਰਾ ਲੈ ਤੁਰਨਾ ਸਿੱਖਿਆ। ਸਰੀਰ ਅੰਦਰ ਧੜਕਦੀਆਂ ਸੋਚਾਂ ਨੇ 'ਸੁਰਮੇ ਦੀ ਸਿਰਜਣਾ'
ਅਮਲੀ ਇਨਸਾਨ ਦੀ ਕਹਾਣੀ ਵਰਗੀ ਰਚਨਾ ਦੀ ਉਂਗਲ ਫੜੀ। ਬੁਢਾਪੇ ਲਈ ਬਣੀ ਖੁੰਡੀ 19-20 ਸਾਲ ਦੀ ਉਮਰੇ
ਹੱਥ ਆ ਗਈ ਸੀ। ਪੁੱਤਰ ਨੂੰ ਰੀਝਾਂ ਨਾਲ ਪੜ੍ਹਾਉਣ ਦੇ ਸੁਪਨੇ ਤੇ ਪੁੱਤਰ ਦੀ ਉਨ੍ਹਾਂ ਨੂੰ ਛਾਂ ਦੇ
ਸਕਣ ਵਾਲੀ ਕੰਰਾਣ ਦੇਹੀ ਹੁਣ ਧੀਆਂ ਦੀ ਹੋਦ ਵਾਂਗ ਜਾਪਣ ਲੱਗੀ ਸੀ ਕਿਉਂਕਿ ਸਰੀਰਕ ਪੱਖੋਂ ਅਪਾਹਜ
ਹੋਣ ਤੇ ਦਸੰਬਰ 79 ਵਿਚ ਕਨੇਡਾ ਵਾਲੀ ਮੰਗੇਤਰ ਨਾਲ ਹੋਣ ਵਾਲਾ ਰਿਸ਼ਤਾ ਟੁੱਟ ਗਿਆ ਸੀ ਇਸ ਸਥਿਤੀ
ਵਿਚ ਹੋਣ ਦੇ ਬਾਵਜੂਦ ਉਸ ਦੇ ਅੰਦਰੋ ਕਿਸੇ ਪੌਦੇ ਦੀ ਕੱਟੀ ਕਲਮ 'ਚੋਂ ਫੁੱਟਦੀਆਂ ਕਰੂੱਬਲਾ ਵਾਂਗ
ਸਾਹਿਤਕ ਲੇਖਣੀ ਸਦਕਾ ਡੀ. ਐਮ. ਕਾਲਜ ਮੈਗਜੀਨ ਦਾ ਸੰਪਾਦਕ ਬਨਣਾ, ਜੋਨਲ ਯੂਨੀਵਰਸਿਟੀ ਪੱਧਰ ਦੀਆਂ
ਸਟੇਜਾਂ ਤੇ ਸੰਗਰਾਮੀ ਕਵਿਤਾਵਾਂ, ਨਗਮੇ ਤੇ ਭਾਸ਼ਨ ਗੂੰਜੇ। ਲੋਕ ਪੰਖੀ ਸੰਘਰਸ਼ਾਂ ਨਾਲ ਬੱਝੀ ਸੋਚ 'ਬੱਸ
ਕਿਰਾਇਆ ਐਜੀਟੇਸਨ', 'ਪੁਲੀਸ ਐਜੀਟੇਸਨ', 'ਸ਼ਹੀਦ ਰੰਧਾਵਾ ਐਜੀਟੇਸਨ, ਅੱਤਵਾਦ ਦੋਰਾਨ ਖਾੜਕੂਆਂ ਦੇ
ਧਮਕੀ ਪੱਤਰ ਤੇ ਪੁਲਿਸ ਤਸੱਦਦ ਦੌਰਾਨ ਵੀ ਕਾਇਮ ਰਹੀ।
ਗੁਰਮੇਲ ਸਿੰਘ ਬੋਡੇ ਨੇ ਆਪਣੇ ਸਰੀਰ ਨਾਲ, ਰਿਸ਼ਤਿਆਂ ਨਾਲ, ਹਾਲਾਤ ਨਾਲ, ਸਮਾਜ ਨਾਲ ਤੇ ਜਬਰ ਜ਼ੁਲਮ
ਨਾਲ ਸੰਘਰਸ਼ ਕੀਤਾ ਤੇ ਆਪਣੀ ਸਰੀਰਕ ਮੌਤ ਤੇ ਉਹ ਆਪਣੇ ਸਰੀਰ ਨੂੰ ਡਾਕਟਰੀ ਖੋਜਾ ਲਈ ਦੇਣ, ਅੱਖਾਂ,
ਗੁਰਦੇ ਗ਼ਰੀਬ ਲੋਕਾਂ ਲਈ ਦੇਣ ਦਾ ਚਾਹਵਾਨ ਹੈ। ਆਪਣੇ ਅੰਤਮ ਸਮੇਂ ਕਿਸੇ ਦੇ ਚਰਨਾ 'ਚ ਨਿਵਾਸ ਜਾਂ
ਆਤਮਿਕ ਸ਼ਾਂਤੀ ਲਈ ਕੀਤੇ ਜਾਣ ਵਾਲੇ ਅੰਡਬਰਾਂ ਤੋਂ ਬਚਾਉਣਾ ਲੋਚਦਾ ਹੈ। ਜਿਸ ਦੇਸ਼ ਦੇ ਕਰੋੜਾਂ
ਮਿਹਨਤ ਕਸ਼ ਲੋਕਾਂ ਨੂੰ ਜ਼ਿੰਦਗੀ ਦਾ ਮੁੱਲ ਨਹੀਂ ਮਿਲਿਆ ਅਜਿਹੇ ਨਿਜਾਮ 'ਚੋਂ ਅਗਲੇ ਜਨਮ ਦੇ ਸੁਰਗਾ
ਦੇ ਪਾਖੰਡਾਂ ਨਾਲ ਉਸ ਨੂੰ ਸਖਤ ਨਫਰਤ ਹੈ। ਮੇਰਾ 'ਗੁਰਮੇਲ ਸਿੰਘ ਬੋਡੇ' ਨਾਲ ਰਾਬਤਾ ਉਦੋਂ ਤੋਂ ਹੈ
ਜਦੋਂ ਪ੍ਰਸਿਧ ਲੇਖਕ ਬਹਾਦਰ ਡਾਲਵੀ ਨੇ ਮੈਨੂੰ ਉਨਾ ਨਾਲ ਮਿਲਾਇਆ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਦਾ
ਲੜੀਵਾਰ ਕਾਲਮ 'ਅਣਫੋਲੇ ਵਰਕੇ' 'ਮਹਿਕ ਵਤਨ ਦੀ' 'ਚ ਪ੍ਰਕਾਸ਼ਤ ਹੋਣ ਲੱਗ ਪਿਆ। ਇਸੇ ਤਰ੍ਹਾਂ ਮੈਂ
ਹੌਲੀ-ਹੌਲੀ ਇਸ ਸੰਘਰਸ਼ਮਈ ਇਨਸਾਨ ਦੀ ਕਹਾਣੀ ਤੋਂ ਵਾਕਿਫ ਹੋਣ ਲੱਗ ਪਿਆ। ਇਕ ਦਿਨ ਮੈਂ ਤੇ ਮੇਰੇ
ਦੋਸਤ 'ਪ੍ਰਦੀਪ ਕੁਮਾਰ ਮੀਨੀਆਂ' ਨੇ ਆਪਣੇ ਰਾਸਤੇ ਖੁਦ ਤਰਾਸਣ ਵਾਲੇ ਇਸ ਇਨਸਾਨ ਦੀ ਗਾਥਾ ਨੂੰ
ਪਾਠਕਾਂ ਸਾਹਮਣੇ ਪੇਸ਼ ਕਰਨ ਦਾ ਉਪਰਾਲਾ ਕੀਤਾ। ਅਸੀਂ ਗੁਰਮੇਲ ਸਿੰਘ ਬੋਡੇ ਦੇ ਜੀਵਨ ਬਾਰੇ ਜੋ
ਗੱਲਬਾਤ ਉਨ੍ਹਾਂ ਨਾਲ ਕੀਤੀ ਉਸ ਦੇ ਕੁਝ ਅੰਸ਼ ਪਾਠਕਾ ਲਈ।
? ਸਭ ਤੋਂ ਪਹਿਲਾਂ ਆਪਣੇ ਸੰਘਰਸ਼ ਮਈ ਜੀਵਨ ਦੀ ਕੋਈ ਅਜਿਹੀ ਘਟਨਾ ਦੱਸੋ
ਜਿਸ ਨੇ ਤੁਹਾਡੇ ਦਿਲ ਤੇ ਗਹਿਰਾ ਜ਼ਖ਼ਮ ਕੀਤਾ ਹੋਵੇ?
-1979 ਦੇ ਮੋਟਰ ਸਾਈਕਲ ਹਾਸਦੇ ਤੋਂ ਬਾਅਦ ਜਦ ਹਸਪਤਾਲੋਂ ਘਰ ਆਇਆ ਤਾਂ ਪਿੰਡੋਂ ਹਮਦਰਦੀ
ਰੱਖਣ ਵਾਲੇ ਉਸ ਦਾ ਪਤਾ ਲੈਣ ਆਏ। ਕੁਝ ਦਿਨਾਂ ਬਾਅਦ ਇਕ 'ਹਮਦਰਦ' ਪਿੰਡ ਵਾਸੀ ਆਇਆ ਏਧਰ-ਓਧਰ ਦੀਆਂ
ਗੱਲਾਂ ਕਰਨ ਤੋਂ ਬਾਅਦ ਕਹਿਣ ਲੱਗਾ ਕਿ ਡਾਕਟਰ ਨੇ ਜੋ ਤੇਰੀ ਲੱਤ ਕੱਟੀ ਐ, ਉਹ ਕਿੱਥੇ ਐ, ਮੈਂ
ਦੇਖਣੀ ਚਾਹੁੰਦਾ ਹਾਂ ਉਸ ਦੀ ਇਹ ਗੱਲ ਸੁਣ ਕੇ ਮੈਂ ਸੁਨ ਹੋ ਕੇ ਰਹਿ ਗਿਆ ਤੇ ਕਾਫ਼ੀ ਸਮਾਂ ਇਹ ਸੋਚ
ਕੇ ਬੋਲ ਨਾ ਸਕਿਆ ਕਿ ਇਹ ਆਦਮੀ ਹਮਦਰਦੀ ਪ੍ਰਗਟਾਉਣ ਆਇਆ ਹੈ ਜਾਂ ਕੱਟੇ ਅੰਗ ਦਾ ਨਮੂਨਾ ਦੇਖਣ ਆਇਆ।
ਅੱਜ ਵੀ ਜਦੋਂ ਉਹ ਗੱਲ ਯਾਦ ਆਉਂਦੀ ਹੈ ਤਾਂ ਸਰੀਰ ਵਿਚ ਇਕ ਝੁਣਝੁਣੀ ਜਿਹੀ ਦੋੜਦੀ ਮਹਿਸੂਸ ਕਰਦਾ
ਹਾਂ।
ਦੂਸਰੀ ਉਹ ਗੱਲ ਜਿਸ ਨੇ ਮੇਰੇ ਦਿਲ ਤੇ ਗਹਿਰਾ ਜ਼ਖ਼ਮ ਕੀਤਾ ਉਹ ਇਹ ਹੈ ਕਿ ਜੂਨ 1985 ਵਿਚ ਮਨੀਲਾ (ਫਿਲਪਾਈਨ)
ਲਈ ਬਦੇਸ਼ੀ ਉਡਾਰੀ ਦਾ ਇਕ ਸਬੱਬ ਜੁੜਿਆ। 29 ਜੂਨ 1985 ਦੀ ਰਾਤ ਨੂੰ ਏਅਰ ਫਰਾਸ ਰਾਹੀਂ ਸੀਟ ਓ.
ਕੇ. ਸੀ. ਪਰ ਇਮੀਗਰੇਸ਼ਨ ਅਫਸਰ ਪਾਸਪੋਰਟ ਤੇ ਮੋਹਰ ਲਗਾ ਕੇ ਦਸਤਖਤ ਕਰਨੇ ਭੁੱਲ ਗਿਆ, ਜਿਸ ਦੀ ਸਜ਼ਾ
ਦਿੱਲੀ ਏਅਰ ਪੋਰਟ ਤੋਂ ਅੱਖਾਂ ਸਾਹਮਣੇ ਉਡ ਰਹੇ ਜਹਾਜ ਦਾ ਧੂਆਂ ਦੇਖਣ ਦੇ ਰੂਪ ਵਿਚ ਹੰਢਾਈ। 1979
ਵਿਚ ਮੰਗੇਤਰ ਦੇ ਕਨੇਡਾ ਆਉਣ ਤੋਂ ਕੁਝ ਦਿਨ ਪਹਿਲਾਂ ਹਾਦਸਾ ਹੋਣ ਕਰਕੇ ਦੁਨੀਆਂ ਘੁਮਣ ਦਾ ਸੁਪਨਾ
ਟੁੱਟਿਆ ਤੇ ਦੂਸਰੀ ਵਾਰ ਪ੍ਰਵਾਸੀ ਬਣਨ ਦਾ ਸੁਪਨਾ ਏਅਰ ਪੋਰਟ ਤੋਂ ਵਾਪਸ ਮੁੜ ਕੇ ਟੁੱਟਿਆ।
? ਤੁਸੀਂ ਅਧਿਆਪਕ ਲਾਈਨ ਵਿਚ ਕਿਸ ਤਰ੍ਹਾਂ ਆਏ ?
ਕਾਲਜ ਪੜ੍ਹਦੇ ਸਮੇਂ ਅਧਿਆਪਕ ਬਣਨਾ ਜ਼ਿੰਦਗੀ ਦਾ ਮਕਸਦ ਨਹੀਂ ਸੀ। ਸਿਰਫ ਪੜ੍ਹਕੇ ਵਿਦੇਸ਼
ਸੈਟਲ ਹੋਣ ਦੀ। ਜੂਨ 1986 ਤੱਕ ਵੀਜੇ ਲਈ ਕੋਸ਼ਿਸ਼ਾਂ ਕੀਤੀਆਂ, ਪਰ ਅਸਫਲ ਫਿਰ ਬੀ. ਐਂਡ. ਦੇ ਅਧਾਰ
ਤੇ ਨੌਕਰੀ ਲਈ ਅਪਲਾਈ ਕੀਤਾ, ਪਰ ਵਿਸ਼ਾ ਕੰਬੀਨਸਨ ਦੀ ਸ਼ਰਤ ਪੂਰੀ ਕਰਨ ਲਈ ਅਪ੍ਰੈਲ 1987 ਵਿਚ
ਇਤਿਹਾਸ ਦਾ ਵਿਸ਼ਾ ਵਾਧੂ ਵਿਸ਼ੇ ਵਜੋਂ ਪਾਸ ਕਰਨਾ ਪਿਆ। ਜੂਨ 1988 ਵਿਚ ਬਤੌਰ ਅਧਿਆਪਕ ਪਹਿਲੀ
ਨਿਯੁਕਤੀ ਸਰਕਾਰੀ ਹਾਈ ਸਕੂਲ ਭਾਗੀਕੇ (ਫਰੀਦਕੋਟ) ਵਿਖੇ ਹੋਈ ਨਵੰਬਰ 1992 ਵਿਚ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ ਬਿਲਾਸਪੁਰ ਦੀ ਬਦਲੀ ਹੋਈ। 1996-97 ਵਿਚ ਐਮ. ਏ. ਪਾਸ ਕੀਤੀ 1996 ਤੋਂ ਹੁਣ ਤੱਕ
ਸੀਨੀਅਰ ਸੈਕੰਡਰੀ ਸਕੂਲ ਬੱਧਣੀ ਕਲਾ ਵਿਚ ਹਾਂ ਏਥੇ ਅਧਿਆਪਕ ਕਾਲਜ ਦੇ ਨਾਲ-ਨਾਲ ਐੱਮ. ਐੱਡ. ਦੀ
ਪ੍ਰੀਖਿਆ ਵੀ ਪਾਸ ਕਰ ਲਈ ਸੀ। ਇਸ ਅਧਿਆਪਕ ਖੇਤਰ ਵਿਚ ਆ ਕੇ ਸੋਚਦਾ ਹਾਂ ਕਿ ਮਾਂ-ਬਾਪ ਨੇ ਮੇਰਾ
ਨਾਂ ਬਘੇਲ ਸਿੰਘ ਰੱਖਿਆ ਸੀ। ਪਰ ਮੱਲੇਆਣਾ ਪਿੰਡ ਦੇ ਅਧਿਆਪਕ ਮਾਣ ਤੇ ਪਿਆਰ ਨਾਲ ਗੁਰਮੇਲ ਸਿੰਘ ਦਾ
ਨਾਂ ਦੇ ਕੇ ਸਕੂਲ ਦਾਖਲ ਕੀਤਾ। ਅੱਜ ਸੋਚਦਾ ਹਾਂ ਕਿ ਸ਼ਾਇਦ ਅਧਿਆਪਕ ਵਰਗ ਨੇ ਨਾਮ ਹੀ ਨਹੀਂ ਸਗੋਂ
ਕਿਤਾ ਵੀ ਦਿੱਤਾ ਸੀ।
? ਤੁਹਾਡਾ ਗ੍ਰਿਸਤੀ ਜੀਵਨ ਕਦੋਂ ਆਰੰਭ ਹੋਇਆ?
-ਇਛਾ ਤਾਂ ਯੋਗਬਰ ਦੀ ਵਿਦਿਅਕ ਯੋਗਤਾ ਰੱਖਦੀ ਨੌਕਰੀ ਯਾਫਤਾ ਜੀਵਨ ਸਾਥੀ ਦੀ ਸੀ ਤੇ ਇਹ
ਸਾਥੀ ਮਿਲ ਵੀ ਗਿਆ ਪਰ 1989 ਵਿਚ ਮਾਂ-ਬਾਪ ਵੇਲੇ ਉਨ੍ਹਾਂ ਦੀ ਇੱਛਾ ਨੂੰ ਪਹਿਲ ਦੇ ਕੇ ਸੱਤਪਾਲ
ਕੌਰ ਨਾਲ ਸ਼ਾਦੀ ਕੀਤੀ, ਜੋ ਉਸ ਸਮੇਂ +2 ਦੀ ਵਿਦਿਆਰਥਣ ਸੀ। ਸ਼ਾਦੀ ਤੋਂ ਬਾਅਦ ਪਤਨੀ ਦੀ ਪੜ੍ਹਾਈ
ਨਿਰੰਤਰ ਜਾਰੀ ਰਹੀ। ਲੇਪੋ ਕਾਲਜ ਤੋਂ ਬੀ. ਏ. ਤੇ ਫਿਰ ਇਸੇ ਕਾਲਜ ਤੋਂ ਬੀ. ਐਂਡ ਕੀਤੀ। ਪੇਂਡੂ
ਮਾਹੋਲ ਵਿਚ ਨੂੰਹ ਦਾ ਸੋਹਰੇ ਘਰੋਂ ਹਰ ਰੋਜ਼ ਕਾਲਜ ਪੜ੍ਹਨ ਜਾਣਾ ਲੋਕਾਂ ਲਈ ਆਚੰਭਾ ਬਣਿਆ। 1993
ਵਿਚ ਜ਼ਿੰਦਗੀ ਵਿਚ ਪ੍ਰਭਜੋਤ ਨੇ ਪੁੱਤਰ ਦੇ ਰੂਪ ਵਿਚ ਪ੍ਰਵੇਸ਼ ਕੀਤਾ। ਸੰਨ 2002 ਤੱਕ ਮੇਰੀ ਪਤਨੀ
ਨੇ ਪੰਜਾਬੀ ਦੀ ਐੱਮ. ਏ. ਕਰ ਲਈ ਸੀ।
? ਬੋਡੇ ਸਾਹਿਬ ਤੁਹਾਡੇ ਸਾਹਿਤਕ ਜੀਵਨ ਦਾ ਆਰੰਭ ਕਿਵੇਂ ਹੋਇਆ ?
- ਮੈਂ ਮਾਸਟਰ ਅਜਮੇਰ ਸਿੰਘ ਦੀ ਪ੍ਰੇਰਨਾ ਨਾਲ ਸਾਹਿਤ ਸਭਾ ਨਿਹਾਲ ਸਿੰਘ ਵਾਲਾ ਦਾ ਮੈਂਬਰ
ਬਣਿਆ ਜਿਸ ਨਾਲ ਮੇਰੀਆਂ ਲਿਖਤਾਂ ਵਿਚ ਸੰਜੀਦਗੀ ਤੇ ਪ੍ਰਪਕਤਾ ਆਉਂਦੀ ਗਈ। ਸ਼ੁਰੂਆਤ ਮੇਰੀ ਸਕੂਲ ਤੇ
ਕਾਲਜ ਦੀ ਜ਼ਿੰਦਗੀ ਦੌਰਾਨ ਪੜ੍ਹੇ ਅਗਾਹਵਧੂ ਸਹਿਤ ਤੋਂ ਹੋਈ ਉਸ ਨੇ ਲਿਖਣ ਦੀ ਚੇਟਕ ਲਗਾਈ ਤੇ ਡੀ.
ਐੱਮ. ਕਾਲਜ ਮੋਗਾ ਦੇ ਮੈਗਜੀਨ ਦਾ ਲਗਾਤਾਰ ਤਿੰਨ ਸਾਲ ਵਿਦਿਆਰਥੀ ਸੰਪਾਦਕ ਰਿਹਾ। ਸਾਹਿਤ ਸਭਾ
ਨਿਹਾਲ ਸਿੰਘ ਵਾਲਾ ਦਾ ਮੈਂਬਰ ਬਨਣ ਤੋਂ ਬਾਅਦ ਡਾ. ਜੁਆਲਾ ਸਿੰਘ ਮੋੜ ਨੇ ਹੰਭਲਾ ਸਾਹਿਤ ਕੇਂਦਰ
ਮੋੜਾ (ਸੰਗਰੂਰ) ਨੇ ਮੈਨੂੰ ਸਰਗਰਮ ਮੈਂਬਰ ਵਜੋਂ ਲੈ ਕੇ ਕੱਢੇ ਜਾਂਦੇ ਮੈਗਜੀਨ 'ਹੰਭਲਾ' ਵਿਚ ਲਿਖਤਾਂ
ਨੂੰ ਛਾਪਿਆ, ਫਿਰ ਇਸੇ ਅਦਾਰੇ ਵੱਲੋਂ ਪ੍ਰਕਾਸ਼ਤ ਪੁਸਤਕ 'ਯਾਦਾਂ ਦੇ ਪ੍ਰਛਾਵੇਂ' ਨਾਅ ਦੀ ਕਿਤਾਬ
ਵਿਚ ਪੰਜਾਬ ਦੇ ਚੋਟੀ ਦੇ ਲੇਖਕਾਂ ਵਿਚ ਮੇਰੇ ਹੰਢਾਏ ਅਨੁਭਵਾਂ ਨੂੰ ਪ੍ਰਕਾਸ਼ਤ ਕੀਤਾ।
? ਤੁਹਾਡੀਆਂ ਕਿਤਾਬਾਂ ਅਤੇ ਤੁਸੀਂ ਹੁਣ ਤੱਕ ਕਿਹੜੇ-ਕਿਹੜੇ ਅਖ਼ਬਾਰ ਤੇ
ਮੈਗਜ਼ੀਨਜ ਵਿਚ ਛਪ ਚੁਕੇ ਹੋ?
-1986-87 ਵਿਚ 'ਸੰਧੂਰੀ ਕਲਮਾ' ਨਾਅ ਦੀ ਪੁਸਤਕ ਵਿਚ ਦਿੱਲੀ ਦੰਗਿਆਂ ਤੇ ਲਿਖੀ ਤ੍ਰਾਸਦੀ
ਭਰੀ ਕਹਾਣੀ 'ਭਾਰਤੀ ਬਾਲਕ' ਪ੍ਰਕਾਸਤ ਹੋਈ ਤੇ ਇਹ ਕਹਾਣੀ ਕੈਨੇਡਾ ਤੋਂ ਪ੍ਰਕਾਸ਼ਤ ਹੁੰਦੇ ਕਈ ਅਖ਼ਬਾਰਾ
ਨੇ ਛਾਪੀ। 'ਹਉਕਾ ਤੇ ਮੁਸਕਾਨ' ਕਹਾਣੀ ਕੈਨੇਡਾ ਤੋਂ ਪ੍ਰਕਾਸ਼ਤ ਹੁੰਦੇ ਅਖ਼ਬਾਰ 'ਗਾਰਡੀਅਨ' ਵਿਚ
ਪ੍ਰਕਾਸਿਤ ਹੋਈ। ਸੰਨ 2002 ਵਿਚ 'ਹੰਭਲਾ' ਮੈਗਜੀਨ ਦੀ ਲਗਾਤਾਰ ਦੋ-ਢਾਈ ਸਾਲ ਪ੍ਰਕਾਸਨਾ ਹੁੰਦੀ ਰਹੀ
ਤੇ ਇਸ ਮੈਗਜੀਨ ਦੇ ਸਲਾਹਕਾਰ ਮੁੱਖ ਸੰਪਦਾਕ ਵਜੋਂ ਲਗਾਤਾਰ ਲਿਖਤਾ ਛਪਣ ਲੱਗੀਆਂ ਤੇ ਆਰਥਿਕ ਸੰਕਟ
ਕਾਰਨ ਇਹ ਮੈਗਜੀਨ ਬੰਦ ਕਰਨਾ ਪਿਆ। ਮਾਰਚ 2002 ਵਿਚ 'ਹੰਭਲਾ ਸਾਹਿਤ ਪ੍ਰਕਾਸਨ' ਵੇਲੇ ਕਹਾਣੀਆਂ ਦੀ
ਕਿਤਾਬ 'ਬੰਨ ਉਠਾਈ ਪੋਟਲੀ' ਛਾਪ ਕੇ ਰੀਲੀਜ ਕੀਤੀ ਗਈ, ਦਸੰਬਰ 2002 ਵਿਚ 'ਪੱਤਰ ਹਰੇ ਕਚੂਰ'
ਪੁਸਤਕ ਵਿਚ ਪੰਜ ਕਵਿਤਾਵਾਂ ਦਾ ਸੈਟ ਪ੍ਰਕਾਸ਼ਿਤ ਹੋਇਆ। ਫਰਬਰੀ 2003 ਵਿਚ ਪੰਜਬੀ ਟ੍ਰਿਬਿਉਨ ਨੇ
ਕਹਾਣੀ ''ਤਾਬੂਤ'' ਪ੍ਰਕਾਸ਼ਿਤ ਕੀਤੀ। ਨਵੰਬਰ 2004 ਵਿਚ ਕਾਵਿ ਸੰਗ੍ਰਹਿ 'ਪਗੜੀ ਅਜੇ ਸੰਭਲੀ ਨਹੀ'
ਪ੍ਰਕਾਸ਼ਿਤ ਹੋਇਆ। ਤੁਹਾਡਾ ਅੰਤਰ-ਰਾਸ਼ਟਰੀ ਮੈਗਜੀਨ 'ਮਹਿਕ ਵਤਨ ਦੀ' ਅਣਫੋਲੇ ਵਰਕੇ ਕਾਲਮ ਲਗਾਤਾਰ
ਛਾਪ ਰਿਹਾ। ਦਸੰਬਰ 2004 ਵਿਚ ਪ੍ਰਕਾਸ਼ਿਤ ਕਿਤਾਬ 'ਮਰਜੀਵੜੇ' ਵਿਚ ਪੰਜ ਕਵਿਤਾਵਾਂ ਦਾ ਸੈਟ
ਪ੍ਰਕਾਸ਼ਤ ਹੋਇਆ।
? ਤੁਹਾਡੇ ਭਵਿਖ ਦੀ ਕੋਈ ਯੋਜਨਾ ?
- ਬਹੁਤ ਸਾਰੀਆਂ ਯੋਜਨਾਵਾਂ ਹਨ ਜੇਕਰ ਸਾਹਿਤਕ ਖੇਤਰ ਦੀ ਗੱਲ ਕਰੀਏ ਤਾਂ ਜ਼ਿੰਦਗੀ ਵਿਚ
ਵਾਪਰੀਆਂ ਘਟਨਾਵਾਂ ਨੂੰ ਲੜੀਬੱਧ ਕਰਕੇ ਕਹਾਣੀ ਸੰਗ੍ਰਹਿ 'ਤਾਬੂਤ' ਦੀ ਪ੍ਰਕਾਸਨਾ ਲਈ ਵਿਉਤ ਬੰਦੀ
ਕੀਤੀ ਜਾ ਰਹੀ ਹੈ।
? ਬੋਡ ਜੀ ਤੁਹਾਡੇ ਪਰਿਵਾਰ ਦੇ ਕੁਝ ਮੈਂਬਰ ਵਿਦੇਸ਼ਾਂ ਵਿਚ ਰਹਿੰਦੇ ਹਨ
ਤੁਹਾਡਾ ਵੀ ਵਿਦੇਸ਼ ਵਿਚ ਜਾਣ ਦਾ ਸਬੱਬ ਬਣ ਸਕਦਾ ਹੈ। ਕੀ ਤੁਹਾਨੂੰ ਉਥੇ ਇਹੋ ਜਿਹਾ ਮਾਹੌਲ ਮਿਲ
ਸਕੇਗਾ ?
ਮਾਹੋਲ ਕਦੇ ਮਿਲਦਾ ਨਹੀਂ ਲੱਭਣਾ ਪੈਂਦਾ ਹੈ ਜਾਂ ਬਣਾਉਣਾ ਪੈਂਦਾ ਹੈ। ਵਿਦੇਸ਼ਾਂ ਬਾਰੇ ਜੋ
ਕੰਨੀ ਸੁਣਿਆ ਹੈ ਉਥੇ ਜ਼ਿੰਦਗੀ ਮਸ਼ੀਨ ਵਾਂਗ ਹੈ। ਆਰਥਿਕ ਦੋੜ ਕਾਰਨ ਫੁਰਸਤ ਦੇ ਪਲ ਬਹੁਤ ਘਟ ਨੇ। ਜੇ
ਮੇਰਾ ਵਿਦੇਸ਼ ਜਾਣ ਦਾ ਸਬੱਬ ਬਣਿਆ ਤਾਂ ਮੈਨੂੰ ਉਨ੍ਹਾਂ ਦੇ ਮਾਹੋਲ ਵਿਚ ਐਡਜਸਟ ਹੋਣ ਵਿਚ ਕੋਈ ਅੋਖ
ਨਹੀਂ ਆਵੇਗੀ ਕਿਉਂਕਿ ਮੇਰੇ ਵੱਡੇ ਭਰਾ ਉਥੇ ਹਨ। ਪਰ ਪਿੰਡਾਂ ਵਰਗਾ ਖੁੱਲਾ-ਡੁੱਲਾ ਮਾਹੋਲ ਤੇ ਪੋਣ
ਪਾਣੀ ਉਥੇ ਨਹੀਂ ਹੋ ਸਕਦਾ।
? ਪੰਜਾਬੀ ਪਾਠਕਾਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ ਇਸ ਬਾਰੇ ਤੁਸੀਂ
ਕੀ ਕਹਿਣਾ ਚਾਹੋਗੇ ?
-ਭਵਨਦੀਪ ਜੀ ਬੜਾ ਸੰਜੀਦਾ ਤੇ ਅਹਿਮ ਸਵਾਲ ਕੀਤਾ ਹੈ। ਅੱਜ ਤੋਂ 30-35 ਸਾਲ ਪਹਿਲਾਂ ਲੋਕਾਂ
ਵਿਚ ਸਾਹਿਤ ਪੜਨ ਦੀ ਇੱਛਾ ਹੁੰਦੀ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ ਜੀ, ਜਸਵੰਤ ਸਿੰਘ
ਕੰਵਲ ਤੇ ਗੁਰਦਿਆਲ ਸਿੰਘ ਦੇ ਨਾਵਲ ਉਤਸ਼ਾਹ ਨਾਲ ਪੜੇ ਜਾਂਦੇ ਸਨ। ਇਨ੍ਹਾਂ ਨਾਵਲਾਂ ਦਾ ਸਮਾਜ
ਸੁਧਾਰਨ ਦਾ ਸਮਾਜ ਬਦਲਣ ਦਾ ਸੁਨੇਹਾ ਪਾਠਕਾਂ ਨੂੰ ਸੰਘਰਸ਼ਸ਼ੀਲ ਮਨੁੱਖ ਬਣਕੇ ਇਮਾਨਦਾਰੀ ਦਾ ਸਬਕ
ਸਿਖਾਉਂਦਾ ਸੀ। ਵਧੀਆ ਮਨੁੱਖ ਬਣਾਉਦਾ ਸੀ। ਬੇਸ਼ਕ ਉਸ ਸਮੇਂ ਪੜ੍ਹਾਈ ਦਾ ਅੱਜ ਵਾਂਗ ਬੋਲ ਬਾਲਾ ਨਹੀਂ
ਸੀ ਪਰ ਪੜ੍ਹਾਈ ਦਾ ਮਿਆਰ ਤੇ ਸਤਿਕਾਰ ਕਾਇਮ ਸੀ। ਅੱਜ -ਕੱਲ੍ਹ ਬਿਜਲਈ ਮੀਡੀਏ ਨੇ ਸਮਾਜ ਵਿਚ ਲੱਚਰ
ਫ਼ਿਲਮਾ, ਲੱਚਰ ਫ਼ਿਲਮਾਂਕਣ, ਸੀ. ਡੀ. ਨੇ ਸਾਹਿਤ ਨੂੰ ਢਾਹ ਲਾਈ ਹੈ ਸੰਜੀਦਾ ਪਾਰਕ ਤ੍ਰਾਸਦੀ ਵਿਚ
ਲੰਘ ਰਿਹਾ ਹੈ। ਇਹ ਸੀ. ਡੀਜ ਨੌਜਵਾਨਾਂ ਵਿਚ ਫੈਸ਼ਨ, ਅਵਾਰਾ ਗਰਦ, ਮੋਟਰ ਸਾਈਕਲਾਂ, ਕਾਰਾਂ ਲੇ
ਫਿਰਦੇ ਮੁਸਟੰਡੇ ਬਣਾ ਰਿਹਾ ਹੈ। ਜਿਸਨੇ ਨੌਜਵਾਨਾਂ ਨੂੰ ਵਸੀਲਾ ਮਨੁੱਖ ਸੰਘਰਸ਼ ਕਰਕੇ ਅਣਖ ਨਾਲ ਜੀਣਾਂ
ਤੇ ਹੱਕ ਪ੍ਰਾਪਤ ਕਰਨ ਵਾਲੇ ਰਾਹ ਤੋਂ ਭਟਕਾ ਦਿੱਤਾ ਹੈ। ਅੱਜ ਦਾ ਨੌਜਵਾਨ ਕਿਤਾਬਾਂ ਨਹੀਂ ਸਗੋਂ
ਸੀ. ਡੀਜ ਖਰੀਦਦਾ ਹੈ। ਏਹੀ ਕਾਰਨ ਹੈ ਸਾਹਿਤ ਦੇ ਅਧਿਅੇਨ ਨਾਲੋਂ ਇਹ ਰੁਝਾਨ ਭਾਰੂ ਹੈ।
? ਤੁਹਾਡੇ ਖਿਆਲ ਮੁਤਾਬਕ ਸਾਹਿਤ ਦੇ ਖੇਤਰ ਵਿਚ ਪ੍ਰਫੁਲਤ ਹੋਣ ਲਈ ਪੈਸਾ
ਕੀ ਭੁਮਿਕਾ ਨਿਭਾਉਂਦਾ ਹੈ?
-ਭਵਨਦੀਪ ਜੀ ਪੈਸਾ ਸਾਹਿਤ ਪੈਦਾ ਨਹੀਂ ਕਰ ਸਕਦਾ ਨਾਂ ਹੀ ਸਾਹਿਤ ਪੈਸੇ ਲਈ ਲਿਖਿਆ ਜਾਂਦਾ
ਹੈ। ਸਾਹਿਤ ਵਿਚਾਰਾਂ ਦੀ ਜੰਗ ਹੁੰਦੀ ਹੈ। ਸਾਹਿਤਕਾਰ ਇਕ ਕਲਮੀ ਬੇਧਾ ਹੁੰਦਾ ਹੈ। ਗੁਰੂ ਨਾਨਕ ਦੇਵ
ਜੀ ਨੇ ਵੀ ਕਿਹਾ ਹੈ ਕਿ ਕਿ ਧੰਨ ਲਿਖਾਰੀ ਨਾਨਕਾ ਜਿਸ ਪਛਾਤਾ ਸੱਚ। ਇਹ ਕਿਹਾ ਜਾਂਦਾ ਰਿਹਾ ਹੈ ਕਿ
ਕਲਮ ਤਲਵਾਰ ਨਾਲੋਂ ਤਾਕਤਵਰ ਹੈ। ਚੰਗਾ ਸਾਹਿਤ ਲੋਕਾਂ ਨਾਲ ਮਨੁਖਤਾ ਨਾਲ ਖਿਲਵਾੜ ਨਹੀਂ ਕਰਦਾ।
ਅਫਸੋਸ ਕਿ ਕੁਝ ਹੋਛੀਆਂ ਤੇ ਲੋਕ ਵਿਰੋਧੀ ਕਲਮਾਂ ਲੱਚਰ ਗੀਤਾਂ ਦੇ ਰਾਹੀਂ ਜਗਜਨਣੀ ਔਰਤ ਨਾਲ ਤੇ ਉਸ
ਨਾਲ ਜੁੜੇ ਰਿਸ਼ਤਿਆਂ ਦੀ ਖੇਹ ਉਡਾਕੇ ਮਨੁੱਖਤਾ ਨੂੰ ਜਲੀਲ ਕਰ ਰਹੇ ਹਨ। ਸੱਚੀਆਂ ਸੁੱਚੀਆਂ ਲਿਖਤਾ
ਲਾਇਬਰੇਰੀਆਂ 'ਚ ਸਿਉਂਕ ਦਾ ਭੋਜਨ ਬਣ ਰਹੀਆਂ ਹਨ। ਅੱਜ ਪੈਸਾ ਤੇ ਮੀਡੀਆ ਇਸ ਪਾਸੇ ਯਤਨਸ਼ੀਲ ਹੈ ਤੇ
ਸਾਹਿਤਕ ਖੇਤਰ ਵਿਚ ਸੱਚੇ-ਸੁੱਚੇ ਸਹਿਤਕਾਰ ਆਪਣੇ ਵਿਚਾਰਾਂ ਦੇ ਬਲਬੂਤੇ ਸੋਚ ਦੇ ਬਲਬੂਤੇ, ਬਿਨਾ
ਕਿਸੇ ਲਾਲਚ ਦੇ ਪ੍ਰਫੁੱਲਤ ਹੋ ਰਹੇ ਹਨ। ਥੋੜਾ ਬਹੁਤਾ ਪੈਸਾ ਵਿਚਾਰਾਂ ਦੀ ਪ੍ਰਕਾਸ਼ਸਨਾ ਲਈ ਜ਼ਰੂਰੀ
ਹੈ। ਸਾਹਿਤਕ ਖੇਤਰ ਵਿਚ ਨਿਸਰ ਤੇ ਲੋਕ ਪੱਖੀ ਸਾਹਿਤ ਹੀ ਪ੍ਰਫੁਲਤ ਹੋਣ ਵਿਚ ਭੂਮਿਕਾ ਨਿਭਾਉਂਦਾ ਹੈ
ਪੈਸਾ ਨਹੀਂ।
? ਹੁਣ ਤੱਕ ਤੁਹਾਡੀਆਂ ਜੋ ਪੁਸਤਕਾਂ ਛਪੀਆਂ ਹਨ। ਉਨ੍ਹਾਂ ਨੂੰ ਪਾਠਕਾਂ
ਨੇ ਕੀ ਹੁੰਗਾਰਾ ਦਿੱਤਾ ?
-ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈ ਚੋਥੀ ਜਮਾਤ ਵਿਚ ਪ੍ਰੀਤ ਲੜੀ, ਪੜ੍ਹਨੀ ਸ਼ੁਰੂ ਕੀਤੀ
ਇਸੇ ਜਮਾਤ ਵਿਚ ਪੜ੍ਹਦਿਆਂ ਨਾਨਕ ਸਿੰਘ ਦਾ ਨਾਵਲ ਚਿੱਟਾ ਲਹੂ ਪੜ੍ਹਿਆ। ਜਸਵੰਤ ਸਿੰਘ ਕੰਵਲ ਦਾ ''ਸੱਚ
ਨੂੰ ਫਾਂਸੀ'' ਪੜ੍ਹਿਆ ਦਸਵੀ ਤੱਕ ਨਾਨਕ ਸਿੰਘ, ਕੰਵਲ, ਗੁਰਦਿਆਲ ਸਿੰਘ, ਗੁਰਬਖਸ਼ ਸਿੰਘ ਡੀ. ਐਮ.
ਕਾਲਜ ਦੇ ਗੇਟ ਅੱਗੇ ਪੀਪਲਜ ਬੁੱਕ ਡਿਪੂ ਜੋ ਉਸਾਰੂ ਸਾਹਿਤ ਦਾ ਭੰਡਾਰ ਸੀ ਉਥੋਂ ਰੂਸ, ਚੀਨ, ਜਰਮਨ,
ਇੰਗਲੈਂਡ ਦੇ ਹੋਰ ਵਿਧਵਾਨਾ ਦੇ ਪੰਜਾਬੀ ਅਨੁਵਾਦਤ ਸਾਹਿਤ ਨੂੰ ਪੜ੍ਹਿਆ ਇਨ੍ਹਾ ਲਿਖਤਾਂ ਤੋਂ
ਪ੍ਰਭਾਵਤ ਹੋ ਕੇ ਅੰਦਰਲਾ ਲੇਖਕ ਨੁਮਾ ਅਹਿਸਾਸ ਮਚਲਣ ਲਗਾ। ਇਨ੍ਹਾਂ ਲੇਖਕਾਂ ਨੇ ਹੀ ਰਾਹ ਦਿਖਾਇਆ
ਕਿ ਤੁਹਾਡੀ ਲਿਖਤ ਕਿਸ ਵਰਗ ਲਈ ਹੋਣੀ ਚਾਹੀਦੀ ਹੈ। ਲਿਖਤਾਂ ਨੂੰ ਹੁੰਘਾਰਾਂ ਤਾਂ ਕਾਲਜ ਮੈਗਜੀਨ
ਵਿਚ ਛਪਣ ਸਮੇਂ ਫਿਰ ਕੁਝ ਸੰਗ੍ਰਹਿ ਰੂਪ ਵਿਚ ਛਪੀਆਂ ਲਿਖਤਾਂ ਤੋਂ ਮਿਲਣ ਲੱਗ ਪਿਆ ਸੀ। ਆਪਣੀ ਪਹਿਲੀ
ਕਿਤਾਬ ''ਬੰਨ ਉਠਾਈ ਪੋਟਲੀ'' ਸਾਹਿਤਕ ਖੇਤਰ ਵਿਚ ਪੇਸ਼ ਕੀਤੀ। ਇਸਨੇ ਵਾਕਫੀਅਤ ਦਾ ਦਾਇਰਾ ਵਿਸ਼ਾਲ
ਕੀਤਾ ਹੌਂਸਲਾ ਵਧਾਊ ਹੁੰਗਾਰਾ ਮਿਲਿਆ। ਇਸ ਹੁੰਗਾਰੇ ਵਿਚੋਂ ਕਾਵਿ ਸੰਗ੍ਰਹਿ ਪੱਗੜੀ ਅਜੇ ਸੰਭਾਲੀ
ਨਹੀਂ ''ਸਾਹਿਤਕ ਖੇਤਰ ਵਿਚ ਰੱਖਿਆ ਜਿਸਨੇ ਮੇਰੀ ਪਛਾਣ ਨੂੰ ਮੈਂ ਸਮਝਦਾਂ ਹਾਂ ਕਿ ਸਾਹਿਤਕ
ਸਿਖਿਆਰਥੀ ਸਾਹਿਤਕ ਵਜੋਂ ਬਣਾ ਦਿੱਤੀ ਹੈ।
? ਨਵੇਂ ਸਾਹਿਤਕਾਰਾਂ ਨੂੰ ਕੋਈ ਸੰਦੇਸ਼?
- ਜਿਸ ਸਮਾਜ ਵਿਚ ਅਸੀਂ ਰਹਿ ਰਹੇ ਹਾਂ ਇਸ ਵਿਚ ਮਨੁੱਖ ਨੂੰ ਦਰਪੇਸ਼ ਚੁਣੋਤੀਆਂ ਵੱਧ ਰਹੀਆਂ
ਹਨ। ਮਨੁੱਖ ਦੀ ਜਮੀਰ ਇਕ ਨਹੀਂ ਅਨੇਕਾਂ ਪੱਖਾਂ ਤੋਂ ਵਾਰ ਝੱਲ ਰਹੀ ਹੈ ਤੇ ਇਹ ਸਮਾਜ ਅਣਖ ਨਾਲ ਜੀਣ
ਵਾਲੇ ਲੋਕਾਂ ਲਈ ਮੁਹਾਲ ਹੁੰਦਾ ਜਾ ਰਿਹਾ ਹੈ। ਰਾਜਨੀਤਕ ਭ੍ਰਿਸ਼ਟਾਚਾਰ, ਅਫਸਰਸ਼ਾਹੀ ਦਾ ਕਿਰਦਾਰ ਤੇ
ਜਿਆਦਤੀਆਂ ਵਧਾ ਰਿਹਾ ਆਰਥਿਕ ਪਾੜਾ, ਗ਼ਰੀਬੀ, ਬੇਰੁਜ਼ਗਾਰੀ, ਅੰਧ ਵਿਸ਼ਵਾਸ਼ ਧਾਰਮਿਕ ਪਖੰਡ ਕੱਲਚਰਤਾ,
ਨਸ਼ਿਆਂ ਦਾ ਰੁਝਾਨ ਭਟਕਾਵ ਹਰ ਬੁਰਾਈ ਦੀ ਸਿਰਜ ਰਹੀ ਹੈ। ਇਸ ਸਥਿਤੀ 'ਚ ਸੁਲਝੀਆਂ ਕਲਮਾਂ ਸੁਹਿਰਦ
ਮਨੁਖਾਂ ਤੇ ਚੇਤੰਨ ਸਿਰਾਂ ਲੋੜ ਹੈ। ਪ੍ਰਗਰਦੇ ਸਾਹਿਤਕਾਰਾਂ ਨੂੰ ਏਹੀ ਸੁਨੇਹਾ ਹੈ ਕਿ ਇਹ ਸਭ ਕਾਸੇ
ਦੇ ਮੁਕਾਬਲੇ ਲਈ ਸਮਾਜ ਨੂੰ ਬਣਾਉਣ ਲਈ ਲੋਕ ਪਖੀ ਤੇ ਨਰੋਈਆ ਲਿਖਤਾ ਨਾਲ ਇਸ ਨੇਕੀ ਤੇ ਬਦੀ ਦੀ
ਲੜਾਈ ਵਿਚ ਸਿਪਾਹੀ ਭੂਮਿਕਾ ਨਿਭਾਉਣ।
? ਅਕਸਰ ਲੇਖਕਾਂ ਤੇ ਮਹਿਫਲਾਂ ਵਿਚ ਪੀਣ ਦਾ ਇੰਤਜਾਮ ਲਗਦਾ ਹੈ ਤੁਸੀਂ
ਇਸ ਪੱਖ ਤੋਂ ਕਿੰਨੇ ਕੁ ਬਚੇ ਹੋਏ ਹੋ ?
- ਮੈਂ ਆਪਣੇ ਆਪ ਨੂੰ ਕੋਈ ਵੱਡਾ ਸਾਹਿਤਕਾਰ ਨਹੀਂ ਸਮਝਦਾ ਪਰ ਮਹਾਨ ਸਾਹਿਤਕਾਰਾਂ ਦਾ ਪਾਰਕ
ਜ਼ਰੂਰ ਹਾਂ। ਨਾਨਕ ਸਿੰਘ, ਗੁਰਬਖਸ਼ ਸਿੰਘ, ਗੁਰਦਿਆਲ ਸਿੰਘ, ਵਰਗੇ ਸਾਹਿਤਕਾਰ ਦਾ ਜੀਵਨ ਬੜਾ
ਸੱਚਾ-ਸੁਚਾ ਤੇ ਸੰਘਰਸ਼ ਹੀਣ ਰਿਹਾ ਹੈ। ਇਸ ਪਖੋਂ ਨਾਟਕਕਾਰ ਗੁਰਸ਼ਰਨ ਸਿੰਘ ਜੀ ਇਕ ਉਦਾਹਰਣ ਹਨ।
ਜਿੰਨਾ ਤੋਂ ਮੈਂ ਪ੍ਰਭਾਵਤ ਹਾਂ। ਭਾਈ ਮੰਨਾ ਸਿੰਘ ਦਾ ਕਿਰਦਾਰ ਸਿਰਫ ਸਾਹਿਤਕਾਰ ਹੀ ਨਹੀਂ ਸਗੋਂ
ਲੋਕ-ਨਾਇਕ ਬਣਿਆ ਹੈ। ਜੋ ਸਾਹਿਤਕਾਰ ਲਿਖਤਾਂ ਪਖੋਂ ਬੜੀਆਂ ਕਲਾਤਸਿਕ ਤੇ ਲੋਕ ਪੱਖੀ ਸਾਹਿਤਕ ਘਾਲਣਾ
ਦੀ ਮਾਲਕ ਹਨ। ਪਰ ਸ਼ਰਾਬ ਪੀਣਾ, ਜਾਂ ਆਦੀ ਹੋਣਾ ਜਾਂ ਥਿੜਕ ਜਾਣ ਪਿੱਛੇ ਉਨ੍ਹਾਂ ਦੀ ਕੋਈ ਸੁਭਾਵਕ
ਮਜ਼ਬੂਰੀ ਜਾਂ ਲੋੜ ਹੋਵੇਗੀ। ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਹਰ ਸਾਹਿਤਕਾਰ ਮਨੁਖ ਇਸ
ਅਲਾਮਤ ਤੋਂ ਇੰਝ ਮੁਕਰ ਹੋਣਾ ਚਾਹੀਦਾ ਹੈ। ਜਿਵੇਂ ਅੰਮ੍ਰਿਤਧਾਰੀ ਲਈ ਨਸ਼ਾ ਕੁਰਹਿਤ ਹਨ। ਜਿਥੋਂ ਤੱਕ
ਮੇਰਾ ਸਵਾਲ ਹੈ ਮੈਂ ਅਜੇ ਤੱਕ ਇਸ ਅਲਾਮਤ ਤੋਂ ਮੁਕਤ ਹਾਂ। ਬਹੁਤੀ ਵਾਰ ਸਾਹਿਤਕਾਰਾਂ ਦੀ ਮਹਿਫਲ
ਵਿਚ ਬੈਠਿਆਂ ਹਾਂ ਪਰ ਇਸ ਮਹਿਫਲ ਵਿਚ ਉਨ੍ਹਾਂ ਦੀ ਸੰਗਤ ਚਾਹ ਕੋਫੀ ਪੀ ਕੇ ਜਾਂ ਸਲਾਦ ਵਿਚ ਪਈ ਮੂਲੀ
ਗੋਭੀ ਦੇ ਪੱਤੇ ਜਾਂ ਪਿਆਜ ਖਾ ਕੇ ਕਰੀਦੀ ਹੈ। ਮੇਰੇ ਸਹਿਤਕਾਰ ਮਿੱਤਰ ਜਾਣਦੇ ਹਨ ਕਿ ਗੁਰਮੇਲ ਸਿੰਘ
ਬੋਡੇ ਦਾ ਸਰੀਰ ਸ਼ਰਾਬ ਲਈ ਹੀ ਨਹੀਂ ਸਗੋਂ ਕਿਸੇ ਵੀ ਨਸ਼ੇ ਲਈ ਨਹੀਂ ਬਣਿਆ।
? ਅਖ਼ਬਾਰ ਮੈਗਜੀਨ ਨੂੰ ਕੋਈ ਸੁਨੇਹਾ ?
- ਅਜੋਕੇ ਸਮੇਂ ਵਿਚ ਪੰਜਾਬੀ ਅਖ਼ਬਾਰ ਕੱਢਣਾ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਐ। ਬੜੇ
ਸਿਰੜੀ ਮਨੁੱਖ ਹਨ ਜੋ ਇਹ ਕਾਰਜ ਨਿਭਾ ਹੀ ਨਹੀਂ ਰਹੇ ਸਗੋਂ ਸ਼ਹਿਰਦਤਾ ਨਾਲ ਕਾਰਜਸ਼ੀਲ ਹਨ। ਤੁਹਾਨੂੰ
ਮੈਗਜੀਨ ਨੂੰ ਦਰਪੇਸ਼ ਚੁਣੋਤੀਆਂ ਦਾ ਅਹਿਸਾਸ ਹੀ ਨਹੀਂ ਸਗੋਂ ਹੰਢਾ ਵੀ ਰਹੇ ਹੋ। ਤੁਹਾਡੇ ਯਤਨਾ ਨੂੰ
ਸੁਨੇਹਾ ਨਹੀਂ ਸਗੋ ਸ਼ੁਭਕਾਮਨਾਵਾਂ ਤੇ ਇਸ ਮਾਰਗ ਤੇ ਅੱਗੇ ਵਧਦੇ ਰਹਿਣ ਦੀ ਦੁਆ ਹਾਜਰ ਹੈ। ਦੁਆ ਹੈ
ਕਿ ਅਖ਼ਬਾਰ ਵਿਚ ਵਤਨ ਦੇ 80% ਲੋਕ ਜੋ ਗ਼ਰੀਬੀ ਭੁੱਖ ਮਰੀ, ਅਧੂਰੀਆਂ ਹਸਰਤਾਂ, ਦੇ ਸ਼ਿਕਾਰ ਹਨ।
ਜਿਨ੍ਹਾਂ ਦੀ ਨਾ ਤਾਂ ਕੋਈ ਸੁਹਿਰਦ ਰਾਜਨੇਤਾ, ਨਾ ਕੋਈ ਧਰਮੀ ਵਾਂਹ ਫੜ ਰਿਹਾ ਹੈ। ਜਦ ਕਿ ਉਹਨਾਂ
ਦੇ ਸੁਪਨਿਆਂ ਦੀ ਤਜਾਰਤ ਕਰਕੇ ਰਾਜਗੱਦੀਆਂ ਚਲਾ ਰਹੇ ਹਨ। ਅਖ਼ਬਾਰ ਉਹਨਾਂ ਲੋਕਾਂ ਨੂੰ ਬੇਪਰਦਾ ਕਰੇ
ਅਖ਼ਬਾਰ ਆਪਣੇ ਲੋਕਾਂ ਦੀ ਨਰੋਈ ਧਿਰ ਬਣਕੇ ਗੁਰੂ ਨਾਨਕ ਦੀ ਬਾਣੀ ਵਾਂਗ ਮਲਕ ਭਾਗੋ ਦੇ ਅਹਿਲਕਾਰਾਂ
ਜਾਂ ਉਹਨਾਂ ਦੇ ਨਚਾਰਾਂ ਜਾਂ ਨਾਚੀਆਂ ਦਾ ਢੰਡੋਰਦੀ ਕਦੇ ਨਾ ਬਣੇ ਸਗੋਂ ਭਾਈ ਲਾਲੋ ਦਾ ਖੈਰ ਖਵਾਹ
ਬਣੇ।