ਮੈਂ ਗਾਇਕੀ ਵਿਚ ਆ ਰਹੇ ਨੰਗੇਜਪੁਣੇ ਤੋਂ ਬਹੁਤ ਦੁਖੀ ਹਾਂ-ਗੁਰਦੇਵ ਢਿੱਲੋਂ
.jpg)
|
ਭਵਨਦੀਪ ਸਿੰਘ ਪੁਰਬਾ |
ਗੁਰਦੇਵ ਢਿੱਲੋਂ ਨਾਮ ਹੈ ਉਸ ਸ਼ਖਸੀਅਤ ਦਾ ਜਿਸ ਨੂੰ ਲੋਕ
ਭਜਨਾ ਅਮਲੀ ਦੇ ਨਾਮ ਨਾਲ ਜਾਣਦੇ ਹਨ। ਕਾਮੇਡੀ ਦੇ ਖੇਤਰ ਵਿਚ ਇਹ ਨਾਮ ਕਿਸੇ ਜਾਣ-ਪਛਾਣ ਦਾ ਮੁਹਤਾਜ
ਨਹੀਂ। ਕਾਮੇਡੀ ਦਾ ਖੇਤਰ ਬੜਾ ਔਖਾ ਹੈ। ਗਾਇਕੀ ਵਿਚ ਤਾਂ ਜਣਾ-ਖਣਾ ਆਪਣੇ ਆਪ ਨੂੰ ਗਾਇਕ ਕਹਾਉਣ
ਲੱਗ ਪੈਂਦਾ ਹੈ। ਕਾਮੇਡੀ ਵਿਚ ਚਾਹੇ ਕਾਫੀ ਕਲਾਕਾਰ ਹਨ ਪਰ ਫੇਰ ਵੀ ਗਾਇਕੀ ਦੇ ਮੁਕਾਬਲੇ ਬਹੁਤ ਘੱਟ
ਹਨ। ਜਿਨ੍ਹਾਂ ਦਾ ਕਾਮੇਡੀ ਵਿਚ ਨਾਮ ਹੈ ਉਹ ਤਾਂ ਉਂਗਲਾਂ ਤੇ ਗਿਣੇ ਜਾ ਸਕਦੇ ਹਨ। ਉਹਨਾਂ ਵਿਚੋਂ
ਮੁਹਰਲੀ ਕਤਾਰ ਦੇ ਕਲਾਕਾਰ ਹਨ ਗੁਰਦੇਵ ਢਿੱਲੋਂ ਜੀ (ਭਜਨਾ ਅਮਲੀ)।
ਢਿੱਲੋਂ ਸਾਹਿਬ ਇੰਨੇ ਸਾਧਾਰਨ ਤੇ ਮਿਲਣਸਾਰ ਵਿਅਕਤੀ ਹਨ ਕਿ ਇਸਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ
ਸਕਦਾ। ਢਿੱਲੋਂ ਸਾਹਿਬ ਚੰਗੇ ਕਲਾਕਾਰ ਹੋਣ ਦੇ ਨਾਲ-ਨਾਲ ਚੰਗੇ ਸਮਾਜ ਸੇਵਕ ਅਤੇ ਚੰਗੇ ਉਸਤਾਦ
ਕਹਾਉਣ ਦੇ ਹੱਕਦਾਰ ਵੀ ਹਨ। ਕਿਉਂਕਿ ਉਨ੍ਹਾਂ ਦਾ ਇਕ ਸ਼ਾਗਿਰਦ ਇੰਟਰਨੈਸ਼ਨਲ ਲੈਬਲ ਦਾ ਕਲਾਕਾਰ ਬਣਿਆ
ਹੋਇਆ ਹੈ ਤੇ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ। ਚਾਹੇ ਢਿੱਲੋਂ ਸਾਹਿਬ ਕੁਝ ਕਾਰਨਾਂ
ਕਰਕੇ ਉਸ ਨੂੰ ਆਪਣਾ ਸ਼ਾਗਿਰਦ ਨਹੀਂ ਮੰਨਦੇ ਪਰ ਉਹ ਅੱਜ ਜੋ ਕੁੱਝ ਵੀ ਹੈ ਉਹ ਇੰਨਾ ਦੀ ਹੀ ਦੇਣ ਹੈ।
ਸਾਡਾ ਵੀ ਇਕ ਪ੍ਰੋਗਰਾਮ ਤੇ ਉਹਨਾਂ ਨੂੰ ਮਿਲਣ ਦਾ ਸੱਬਬ ਬਣਿਆ। ਇਸ ਮਿਲਣੀ ਵਿਚ ਉਹਨਾਂ ਨਾਲ ਜੋ
ਗੱਲਬਾਤ ਹੋਈ ਪੇਸ਼ ਹਨ ਉਸ ਦੇ ਕੁਝ ਅੰਸ਼ ਪਾਠਕਾਂ ਲਈ।
? ਸਭ ਤੋਂ ਪਹਿਲਾਂ ਆਪਣੇ ਪਿਛੋਕੜ ਬਾਰੇ ਦੱਸੋ?
- ਮੇਰਾ ਪੂਰਾ ਨਾਮ ਗੁਰਦੇਵ ਢਿੱਲੋਂ, ਛੋਟਾ ਨਾਮ ਦੇਵ ਪਿਤਾ ਸ. ਕਰਤਾਰ ਸਿੰਘ ਢਿੱਲੋਂ ਮਾਤਾ
ਸਵਰਗਵਾਸੀ ਹਰਨਾਮ ਕੌਰ, ਮੈਂ ਤਿੰਨ ਭਾਈਆਂ ਵਿਚ ਸਭ ਤੋਂ ਛੋਟਾ ਹਾਂ। ਮੇਰਾ ਪਿੰਡ ਹੈ ਲੰਮਾ ਜੱਟਪੁਰਾ
ਤਹਿ ਜਗਰਾਉਂ ਜ਼ਿਲ੍ਹਾ ਲੁਧਿਆਣਾ। ਮੇਰਾ ਪਿੰਡ ਬੜਾ ਇਤਿਹਾਸਕ ਪਿੰਡ ਆ। ਜਿੱਥੇ 21 ਦਿਨ ਗੁਰੂ
ਗੋਬਿੰਦ ਸਿੰਘ ਜੀ ਮਹਾਰਾਜ ਰਹੇ ਹਨ।
? ਤੁਸੀਂ ਆਪਣਾ ਇਹ ਕੈਰੀਅਰ ਕਿਵੇਂ ਸ਼ੁਰੂ ਕੀਤਾ?
- ਗਾਇਕੀ ਵਿਚ 1974 ਵਿਚ ਮੈਂ ਹਰਚਰਨ ਗਰੇਵਾਲ ਸਾਹਿਬ ਕੋਲ ਗਿਆ। ਗਾਇਕੀ ਵਿਚ ਉਹ ਮੇਰੇ
ਉਸਤਾਦ ਸੀ ਅਤੇ ਕਾਮੇਡੀ ਵਿਚ ਕੇ.ਦੀਪ ਸਾਹਿਬ ਮੇਰੇ ਉਸਤਾਦ ਆ। ਮੈਂ 28-29 ਸਾਲ ਤੋਂ ਇਸ ਲਾਈਨ ਵਿਚ
ਆ। ਮੈਨੂੰ 5 ਸਾਲ ਬਾਅਧ 20 ਰੁਪਏ ਪੇਮੈਂਟ ਮਿਲਣ ਲੱਗੀ ਸੀ। ਜਿਸ ਵਿਚ ਮੈਂ ਗੱਡੀ ਚਲਾਉਣੀ ਸੀ,
ਸਟੇਜ ਵੀ ਲਵਾਉਂਦਾ ਸੀ ਜਿਵੇਂ ਕਹਿੰਦੇ ਆ ਲੀੜੇ ਕੱਪੜੇ ਵੀ ਧੋਏ ਉਸਤਾਦਾਂ ਦੇ, ਪੋਚੇ ਵੀ ਮਾਰਨੇ,
ਰੋਟੀਆਂ ਵੀ ਲਾਉਣੀਆਂ ਅਤੇ ਇਸ ਲਈ ਮੈਂ ਬਹੁਤ ਖੁਸ਼ਕਿਸਮਤ ਆ, ਅੱਜ ਮੈਨੂੰ ਇਨ੍ਹਾਂ ਮਾਣ-ਸਨਮਾਨ ਮਿਲ
ਰਿਹਾ ਏ।
? ਸਭ ਤੋਂ ਪਹਿਲਾਂ ਆਪਣੀ ਗ੍ਰਸਿਤੀ ਬਾਰੇ ਦੱਸੋ?
- ਮੇਰੀ ਪਤਨੀ ਦਲਜੀਤ ਕੋਰ, ਸਹੁਰੇ ਮੇਰੇ ਲੁਧਿਆਣੇ ਹੀ ਆ। ਮੇਰੀਆਂ ਤਿੰਨ ਬੇਟੀਆਂ ਵੱਡੀ
ਰਮਨਪ੍ਰੀਤ ਕੌਰ, ਦੂਸਰੀ ਕਿਰਨਦੀਪ ਕੌਰ, ਛੋਟੀ ਧਨਜੀਤ ਉਸ ਤੋਂ ਛੋਟਾ ਬੇਟਾ ਲਖਨਵੀਰ ਢਿੱਲੋਂ।
ਭੈਣ-ਭਰਾ ਸਾਰੇ ਮੈਥੋਂ ਵੱਡੇ ਹੀ ਹਨ ਸਭ ਵੱਖੋ-ਵੱਖ ਵਿਆਹੇ ਹੋਏ ਆ।
? ਤੁਹਾਡੀ ਵਿੱਦਿਅਕ ਯੋਗਤਾ?
- ਇਹ ਤਾਂ ਨਾ ਪੁੱਛਿਆ ਕਰੋ, ਵਿਦਿਅਕ ਯੋਗਤਾ ਤੇ ਉਮਰ ਤਾਂ ਨਾ ਹੀ ਪੁੱਛਿਆ ਕਰੋ (ਹੱਸਦੇ
ਹੋਏ), ਕਰੈਕਟਰ ਦੇ ਹਿਸਾਬ, ਨਾਲ ਮੈਂ ਉਸ ਜ਼ਮਾਨੇ ਵਿਚ ਮੈਟ੍ਰਿਕ ਸੀ।
? ਤੁਸੀਂ ਸਭ ਤੋਂ ਪਹਿਲਾਂ ਸਟੇਜ ਕਦੋਂ ਕੀਤੀ?
- ਸਭ ਤੋਂ ਪਹਿਲਾਂ ਸਟੇਜ ਮੈਂ ਹਰਚਰਨ ਗਰੇਵਾਲ ਨਾਲ ਮੋਗੇ ਦੇ ਨੇੜੇ ਇਕ ਪਿੰਡ ਸੀ, ਨਹਿਰ
ਦੇ ਉੱਪਰ ਪਿੰਡ ਸੀ ਜਿਸ ਦਾ ਮੈਂ ਨਾਮ ਭੁਲ ਗਿਆ, ਜਿੱਥੇ ਮੈਂ ਸਭ ਤੋਂ ਪਹਿਲਾਂ ..... ਮੈਨੂੰ ਆਪਣੇ
ਆਪ ਤੇ ਬਹੁਤ ਮਾਣ ਸੀ ਕਿ ਮੈਂ ਬਹੁਤ ਸੁਹਣਾ ਗਾਉਣਾ। ਸਕੂਲ ਵਿਚ ਫੈਸਟੀਵਲ ਤੇ ਮੈਂ ਫਸਟ ਆਉਂਦਾ
ਹੁੰਦਾ ਸੀ ਗਾਇਕੀ ਵਿਚ।
? ਤੁਸੀਂ ਪਹਿਲਾਂ ਗਾਇਕੀ ਵੱਲ ਸੀ ਫੇਰ ਕਾਮੇਡੀ ਵੱਲ ਕਿਵੇਂ ਆ ਗਏ?
- ਜਦੋਂ ਮੈਂ ਪਹਿਲਾਂ ਗਾਉਣਾ ਸ਼ੁਰੂ ਕੀਤਾ ਗਰੇਵਾਲ ਸਾਹਿਬ ਨੇ ਮੈਨੂੰ ਪੇਸ਼ ਕੀਤਾ ਤਾਂ ਮੈਥੋਂ
ਗੀਤ ਪੂਰਾ ਨਹੀਂ ਗਾਇਆ ਗਿਆ। ਮੇਰੀਆਂ ਲੱਤਾਂ ਕੰਬਣ ਲੱਗ ਪਈਆਂ। ਫੇਰ ਮੈਂ ਗੀਤ ਵਿਚੇ ਹੀ ਛੱਡ ਦਿੱਤਾ
ਤੇ ਆਪਣੇ ਉਸਤਾਦ ਨੂੰ ਕਿਹਾ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ। ਫੇਰ ਮੈਂ ਹੌਲੀ-ਹੌਲੀ ਸਟੇਜ ਸੈਕਟਰੀ
ਕਰਦਾ-ਕਰਦਾ ਇਕ ਅੱਧਾ ਯੋਕ ਸੁਣਾਉਣ ਲੱਗ ਪਿਆ। ਮੇਰੀ ਡਿਊਟੀ ਪਹਿਲਾਂ ਇਹ ਲਗਾ ਦਿੱਤੀ ਕਿ ਜਿਹੜਾ
ਇਨਾਮ ਇਕੱਠਾ ਹੋਵੇਗਾ ਉਹ ਤੂੰ ਬੋਲਣਾ। ਉਦੋਂ ਇਨਾਮ ਬਹੁਤ ਇਕੱਠਾ ਹੋ ਜਾਂਦਾ ਸੀ ਤੇ ਕਾਪੀ ਤੇ ਲਿਖੀ
ਜਾਂਦੇ ਹੁੰਦੇ ਸੀ ਉਹ ਬੋਲਦਾ-ਬੋਲਦਾ ਮੈਂ ਵਿਚੇ ਵਿਚ ਕਮੇਡੀ ਬੋਲਣ ਲੱਗ ਪਿਆ। ਵੈਸੇ ਮੈਂ ਗਾਉਂਦਾ
ਬਹੁਤ ਪਿਆਰਾ ਹੁੰਦਾ ਸੀ। ਮੇਰਾ ਸਵ. ਜਗਮੋਹਨ ਕੌਰ ਨਾਲ ਗੀਤ ਰਿਕਾਰਡ ਹੈ ਐਚ.ਐਮ.ਵੀ. ਕੰਪਨੀ ਵਿਚ।
ਪਰਮਿੰਦਰ ਸੰਧੂ ਨਾਲ, ਸੁਚੇਤ ਬਾਲਾ ਨਾਲ ਤੇ ਹੋਰ ਕਾਫੀ ਲੜਕੀਆਂ ਨਾਲ ਮੇਰੇ ਗੀਤ ਰਿਕਾਰਡ ਹਨ।
? ਤੁਹਾਡਾ ਨਾਮ ਭਜਨਾ ਅਮਲੀ ਕਿਵੇਂ ਪਿਆ?
- ਪਹਿਲਾਂ ਮੈਂ ਇਕੱਲਾ ਕਾਮੇਡੀ ਕਰਦਾ ਸੀ। ਫੇਰ ਮੈਂ ਕੈਸੇਟ ਕਰਵਾਉਣ ਲੱਗੇ ਨੇ ਸੋਚਿਆ ਕਿ
ਜੇ ਮੈਂ ਗੁਰਦੇਵ ਢਿੱਲੋਂ ਕਰਕੇ ਕੈਸੇਟ ਕਰਾ ਤਾਂ ਉਹ ਠੀਕ ਨਹੀਂ ਲੱਗਦਾ। ਫੇਰ ਸਾਡੇ ਪਿੰਡ ਇਕ ਚਾਚਾ
ਹੁੰਦਾ ਸੀ ਭਜਨਾ, ਸੰਤੀ ਸਾਡੀ ਚਾਚੀ ਹੁੰਦੀ ਸੀ ਇਸ ਲਈ ਮੈਂ ਸੋਚਿਆ ਭਜਨਾ ਅਮਲੀ ਕਰਿਕਟਰ ਤਕਰੀਬਨ
ਹਰ ਪਿੰਡ ਵਿਚ ਹੁੰਦਾ ਹੈ। ਇਸ ਲਈ ਉਹ ਜਿਹੜੀ ਮੇਰੀ ਪਹਿਲੀ ਡਿਊਟ ਕਾਮੇਡੀ ਕੈਸੇਟ ਸੀ ਜਿਹੜੀ ਹਿੱਟ
ਹੋਈ ਉਹ ਸੀ 'ਮਹਿਫ਼ਲ ਅਮਲੀ ਦੀ' ਉਸ ਤੋਂ ਬਾਅਦ ਭਜਨਾ ਅਮਲੀ, ਹੱਡ ਬੀਤੀ ਅਮਲੀ ਦੀ, ਤਾਰਾ ਡੁੱਬ ਗਿਆ,
ਘਰ ਜੁਆਈ, ਵਹੁਟੀਆਂ ਦੋ ਬੁਰੀਆਂ, ਪੁਲਿਸ ਕੁਟਾਪਾ, ਅਮਲੀ ਖੋਤੇ ਤੇ, ਭਾਂਗਾ ਕੱਢ ਦਿਆਂਗੇ ਆਦਿ। ਇਹ
ਸਾਰੀਆਂ ਕੈਸਿਟਾਂ ਹੀ ਹਿੱਟ ਹੋਈਆਂ।
? ਤੁਸੀਂ ਕਿਹੜੇ-ਕਿਹੜੇ ਕਲਾਕਾਰਾਂ ਨਾਲ ਕੰਮ ਕੀਤਾ ਹੈ?
- ਜਿਨ੍ਹਾਂ ਕਲਾਕਾਰਾਂ ਨਾਲ ਮੈਂ ਕੰਮ ਕੀਤਾ ਉਹ ਦੱਸ ਗਿਆ। ਮੈਂ ਹਰਚਰਨ ਗਰੇਵਾਲ ਤੋਂ ਲੈ
ਕੇ ਕੇ.ਦੀਪ ਜਗਮੋਹਨ ਕੌਰ ਨਾਲ 6 ਸਾਲ ਲਾਏ। ਉਸ ਤੋਂ ਬਾਅਦ ਸਰਦੂਲ ਸਿਕੰਦਰ, ਮੁਹੰਮਦ ਸਦੀਕ, ਹਰਦੀਪ
ਚੰਡੀਗੜ੍ਹ, ਵਾਲਾ (ਸ਼ਹਿਰ ਪਟਿਆਲੇ ਦੇ ਵਾਲਾ) ਉਦੋਂ ਪਹਿਲਾਂ ਇਕੱਠੀ ਜੋੜੀ ਹੁੰਦੀ ਸੀ ਪਰਮਿੰਦਰ ਸੰਧੂ
ਤੇ ਜਸਵੰਤ ਸੰਦੀਲਾ ਉਨ੍ਹਾਂ ਨਾਲ, ਮਨਜੀਤ ਰਾਹੀ, ਦਲਜੀਤ ਕੌਰ, ਅਜੇ ਦਿਓਲ, ਸੁਮਨ ਦੱਤਾ ਆਦਿ
ਕਲਾਕਾਰਾਂ ਨਾਲ ਮੈਂ ਕੰਮ ਕੀਤਾ।
? ਤੁਹਾਡਾ ਪਰਿਵਾਰ ਤੁਹਾਡੀ ਇਸ ਲਾਈਨ ਨੂੰ ਕਿਵੇਂ ਲੈਂਦੇ?
- ਪਹਿਲਾਂ ਤਾਂ ਨਹੀਂ ਸੀ ਚਾਹੁੰਦੇ ਕਿਉਂਕਿ ਉਨ੍ਹਾਂ ਦਿਨਾਂ ਵਿਚ ਜ਼ਿਮੀਂਦਾਰਾਂ ਨੂੰ ਇਸ
ਪਾਸੇ .....। ਕਹਿੰਦੇ ਸੀ ਇਹ ਮਰਾਸੀਆਂ ਦਾ ਕੰਮ ਏ ਤੇ ਫੇਰ ਗੁੱਸੇ ਹੋ ਕੇ ਹੀ ਉਨ੍ਹਾਂ ਨੇ ਮੈਨੂੰ
ਲਾਈਨ ਹੋਰ ਵਿਚ ਪਾਤਾ ਇਲੈਕਟ੍ਰੀਸ਼ਨ ਬੈਟਰੀਆਂ, ਡੈਨਮੋ ਦਾ ਕੰਮ ਮੈਂ ਕੀਤਾ, ਬਹੁਤ ਸੋਹਣੀ ਦੁਕਾਨ ਸੀ
ਮੇਰੀ। ਪਰ ਫੇਰ ਗਾਉਣ ਵਾਲਿਆਂ ਨੂੰ ਦੇਖ ਕੇ ਮੈਥੋਂ ਰਿਹਾ ਨਾ ਗਿਆ। ਮੈਂ ਸਾਰਾ ਸਾਮਾਨ ਵੇਚ ਕੇ
ਹਰਚਰਨ ਗਰੇਵਾਲ ਦਾ ਸ਼ਗਿਰਦ ਪੈ ਗਿਆ। ਇਹ 74 ਦੀ ਗੱਲ ਹੈ।
? ਇਹ ਮੈਡਮ ਸੰਤੀ ਤੁਹਾਡੇ ਸੰਪਰਕ ਵਿਚ ਕਿਵੇਂ ਆਈ?
- ਇਹ ਟੀਚਰ ਲੱਗੇ ਹੋਏ ਸੀ ਸਕੂਲ ਵਿਚ। ਜਦੋਂ ਮੈਂ ਦੂਰਦਰਸ਼ਨ ਜਲੰਧਰ ਤੇ ਪ੍ਰੋਗਰਾਮ ਕਰਦਾ
ਸੀ ਉਦੋਂ ਮੇਰੇ ਨਾਲ ਜਾ ਨਿਰਮਲ ਸਿੰਘ ਜੌੜਾ ਹੁੰਦਾ ਸੀ ਜਾਂ ਹਰਵਿੰਦਰ ਰਿਆੜ ਹੁੰਦੇ ਸੀ। ਜਦੋਂ ਦੋ
ਢਾਈ ਸਾਲ ਲਗਾਤਾਰ ਕਾਮੇਡੀ ਕੀਤੀ ਤਾਂ ਸਾਡੇ ਪ੍ਰੋਡਿਊਸਰ ਹੁੰਦੇ ਸੀ ਮਨੋਹਰ ਭਾਰਦਵਾਜ ਉਹ ਕਹਿੰਦੇ
ਇਸ ਨੂੰ ਬਦਲੋ ਥੋੜ੍ਹਾ ਕੋਈ ਫੀਮੇਲ ਲੱਭੋ। ਪਹਿਲਾ ਇਕ ਹੋਰ ਲੜਕੀ ਸੀ ਪਰ ਫਿਰ ਇਹ (ਸੰਤੀ ਜੀ)
ਕੁਦਰਤੀ ਮੈਨੂੰ ਕਿਸੇ ਢੰਗ ਨਾਲ ਮਿਲ ਗਏ। ਫਿਰ ਇਨ੍ਹਾਂ ਨਾਲ ਮੇਰੀਆਂ ਕੈਸੇਟਾਂ ਹਿੱਟ ਹੋਈਆਂ। ਪਹਿਲਾਂ
ਤਾਂ ਇਹ ਕਹਿੰਦੇ ਸੀ ਮੈਂ ਟੀ.ਵੀ. ਤੇ ਹੀ ਜਾਣਾ ਹੈ, ਸਟੇਜਾਂ ਤੇ ਨਹੀਂ ਜਾਣਾ। ਇਨ੍ਹਾਂ ਦੇ ਪਿਤਾ
ਨਾਲ ਗੱਲ ਕੀਤੀ ਕਿ ਮੈਂ ਤਾਂ ਕਾਮੇਡੀ ਹੀ ਕਰਨੀ ਹੈ ਮੈਂ ਕਿਹੜਾ ਡਾਨਸ ਕਰਵਾਉਣਾ ਏ। ਉਹ ਸਹਿਮਤ ਹੋ
ਗਏ, ਮੁੜ ਕੇ ਇਨ੍ਹਾਂ ਨਾਲ ਕੈਸੇਟਾਂ ਹਿੱਟ ਹੋਈਆਂ 'ਵਹੁਟੀਆਂ ਦੋ ਬੁਰੀਆਂ, ਅਮਲੀ ਖੋਤੇ ਤੇ, ਘਰ
ਜੁਆਈ, ਭਾਗਾਂ ਕੱਢ ਦਿਆਂਗੇ।'
? ਆਪਣੇ ਵਿਦੇਸ਼ੀ ਦੌਰਿਆਂ ਬਾਰੇ ਵੀ ਥੋੜ੍ਹਾ ਚਾਨਣ ਪਾਉ?
- ਹਾਂ ਸਾਰੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਾਰਵੇ, ਪੰਜ-ਪੰਜ, ਛੇ-ਛੇ ਵਾਰ।
? ਤੁਸੀਂ ਹੁਣ ਤੱਕ ਕੁਲ ਕਿੰਨੀਆਂ ਕੈਸੇਟਾਂ ਵਿਚ ਕਮੈਟਰੀ ਕਰ ਚੁੱਕੇ
ਹੋ?
- ਮੈਂ ਹੁਣ ਤੱਕ 50 ਤੋਂ 60 ਕੈਸੇਟਾਂ ਵਿਚ ਕਮੈਟਰੀ ਕਰ ਚੁੱਕਾ ਹਾਂ। ਪਹਿਲਾਂ ਮੈਂ ਇਕੱਲਾ
ਕਾਮੇਡੀ ਕਰਦਾ ਸੀ ਜਾਂ ਬਹੁਤ ਸਾਰੀਆਂ ਧਾਰਮਿਕ ਕੈਸੇਟਾਂ ਵਿਚ ਮੇਰੀ ਕਮੈਂਟਰੀ ਹੈ ਜਿਵੇਂ ਸਰਦੂਲ
ਸਿਕੰਦਰ ਦੀ ਸੀ ਖਾਲਸੇ ਦਾ ਰਾਜ ਹੋ ਗਿਆ, ਮਾਣਕ ਦੀ ਸੀ ਖਾਲਸੇ ਦੀ ਚੜ੍ਹਦੀ ਕਲਾ, ਦਿਲਸ਼ਾਦ ਅਖ਼ਤਰ ਦੀ
ਸੱਚ ਨੂੰ ਫਾਂਸੀ, ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਦੀ ਸਰਸਾ ਦੇ ਪਾਣੀਆਂ ਤੇ ਹੋਰ
ਬਹੁਤ ਸਾਰੀਆਂ ਧਾਰਮਿਕ ਕੈਸੇਟਾਂ ਵਿਚ।
? ਕਾਮੇਡੀ ਵਿਚ ਸਫ਼ਲ ਹੋਣ ਲਈ ਪੈਸਾ ਜਾਂ ਪੜ੍ਹਾਈ ਲਿਖਾਈ ਦੀ ਕੋਈ ਭੂਮਿਕਾ
ਹੈ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈ?
- ਨਹੀਂ, ਨਾ ਪੜ੍ਹਾਈ-ਲਿਖਾਈ, ਨਾ ਪੈਸਾ। ਨਾਮ ਬਣਾਉਣਾ ਬਹੁਤ ਔਖਾ ਹੈ ਜਦੋਂ ਨਾਮ ਬਣ ਗਿਆ
ਫੇਰ ਕੰਪਨੀਆਂ ਵੀ ਪੈਸੇ ਦਿੰਦੀਆਂ ਹਨ ਤੇ ਦੂਰਦਰਸ਼ਨ ਵਾਲੇ ਵੀ ਪੈਸੇ ਦਿੰਦੇ ਹਨ।
? ਫ਼ਿਲਮਾਂ ਵਿਚ ਆਉਣ ਦੀ ਕੋਈ ਤਮੰਨਾ?
- ਕੋਈ ਮੇਰੀ ਤਮੰਨਾ ਨਹੀਂ, ਜੇਕਰ ਅੱਛੀ ਫ਼ਿਲਮ ਮਿਲੇਗੀ ਹਾਂ.... ਪਹਿਲਾਂ ਇਕ ਫ਼ਿਲਮ ਕੀਤੀ
ਸੀ ਮੈਂ ਉੱਚਾ ਪਿੰਡ ਸੁਖਜਿੰਦਰ ਸ਼ੇਰੇ ਦੀ ਸੀ। ਫੇਰ ਇਕ ਫ਼ਿਲਮ 'ਦੇਹ ਸ਼ਿਵਾ ਬਰ ਮੋਹਿ ਇਹੈ' ਇਹ ਵੀ
ਸੁਖਜਿੰਦਰ ਸ਼ੇਰੇ ਨੇ ਬਣਾਈ ਹੈ ਇਸ ਵਿਚ ਮੇਰਾ ਛੋਟਾ ਜਿਹਾ ਰੋਲ ਹੈ। ਅਦਰ ਵਾਈਜ ਆਪਣੀ ਸ਼ੌਹਰਤ ਦੀ
ਮੈਨੂੰ ਇਸ ਤੋਂ ਵੱਧ ਹੋਰ ਕੋਈ ਲੋੜ ਨਹੀਂ, ਮੈਂ ਆਪਣਾ ਬਿਲਕੁਲ ਇਸ ਗੱਲ ਤੋਂ ਸੰਤੁਸ਼ਟ ਹਾਂ।
? ਤੁਹਾਨੂੰ ਸਰੋਤਿਆਂ ਵੱਲੋਂ ਇਨ੍ਹਾਂ ਪਿਆਰ ਸਤਿਕਾਰ ਮਿਲਦਾ ਹੈ ਤੁਸੀਂ
ਕੀ ਮਹਿਸੂਸ ਕਰਦੇ ਹੋ?
- ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਛੋਟੇ ਜਿਹੇ ਪਰਿਵਾਰ ਵਿਚੋਂ ਉੱਠ ਕੇ ਅੱਜ ਵਰਲਡ
ਲੈਬਲ ਤੇ ਸਾਰੀ ਦੁਨੀਆ ਵਿਚ ਮੇਰਾ ਨਾਮ ਹੈ ਇਹ ਸਭ ਮਾਲਕ ਦੀ ਕ੍ਰਿਪਾ। ਇਹ ਜਿਹੜੀ ਮੈਂ ਉਸਤਾਦਾਂ ਦੀ
ਸੇਵਾ ਕੀਤੀ ਆ ਉਹਦਾ ਸਿੱਟਾ, ਉਹਦਾ ਮੈਨੂੰ ਫਲ ਮਿਲਿਆ। ਪਿੰਡਾਂ ਦੇ ਲੋਕ ਮੈਨੂੰ ਇੰਨਾ ਪਿਆਰ ਕਰਦੇ
ਆ, ਇਸੇ ਲਈ ਮੇਰਾ ਪੇਂਡੂ ਕਰੈਕਟਰ ਆ ਭਜਨਾ ਅਮਲੀ, ਮੇਰੀ ਸਿੱਧ ਪੱਧਰੀ ਬੋਲੀ ਆ, ਜਿਹਨੂੰ ਸਾਡੇ
ਪਿੰਡਾਂ ਦੇ ਲੋਕ ਬਹੁਤ ਪਿਆਰ ਕਰਦੇ ਆ।
? ਤੁਹਾਡਾ ਇਕ ਸ਼ਗਿਰਦ ਆ, ਕਾਮੇਡੀ ਕਲਾਕਾਰ ਜਿਸ ਨੇ ਬਹੁਤ ਨਾਮ ਬਣਾ ਲਿਆ
ਹੈ। ਉਹ ਆਪਣੇ ਆਪ ਨੂੰ ਤੁਹਾਡਾ ਸ਼ਗਿਰਦ ਨਹੀਂ ਮੰਨਦਾ, ਉਸ ਬਾਰੇ ਤੁਸੀਂ ਕੀ ਕਹੋਗੇ?
- ਮੈਂ ਉਸਨੂੰ ਆਪਣਾ ਸ਼ਗਿਰਦ ਸਮਝਦਾ ਵੀ ਨਹੀਂ ਨਾ ਹੀ ਮੈਂ ਕਹੂੰਗਾ ਕਿ ਉਹ ਮੇਰਾ ਸ਼ਗਿਰਦ ਹੈ
ਪਰ ਇਕ ਮੈਂ ਦੱਸਦਾ ਕਿ ਮੈਂ ਉਸਨੂੰ ਆਪਣੇ ਨਾਲ ਡੇਢ ਸੋ ਰੁਪਏ ਤੇ ਰੱਖਿਆ, ਦੋ-ਢਾਈ ਸਾਲ ਸਭ ਤੋਂ
ਪਹਿਲਾਂ ਮੈਂ ਉਸਨੂੰ ਆਪਣੇ ਘਰੇ ਰੱਖਿਆ। ਤੁਸੀਂ ਆਪ ਈ ਸਮਝੋ ਪੁਰਬਾ ਸਾਹਿਬ ਬਗੈਰ ਉਸਤਾਦ ਤੋਂ ਬੰਦਾ
ਹੋ ਸਕਦਾ। ਉਸਤਾਦੀ ਤਾਂ ਬਹੁਤ ਜ਼ਰੂਰੀ ਹੈ ਬੰਦਾ ਨਹੀਂ ਮੰਨਦਾ ਤਾਂ ਵੱਖਰੀ ਗੱਲ ਆ। ਮੈਂ ਕਹਿੰਨਾ ਕਿ
ਮੇਰੇ ਤਾਂ ਉਸਤਾਦ ਹੈ, ਉਸਨੂੰ ਮੈਂ ਆਪਣੇ ਕੋਲ ਰੱਖਿਆ, ਡੇਢ ਸੋ ਰੁਪਏ ਤੇ ਰੱਖਿਆ, ਉਸਨੂੰ ਗਡੀ
ਚਲਾਉਣੀ ਸਿਖਾਈ, ਉਸਨੂੰ ਟਾਈ ਲਾਉਣੀ ਸਿਖਾਈ, ਉਹ ਚਾਰ-ਚਾਰ ਘੰਟੇ ਦੂਰਦਰਸ਼ਨ ਦੇ ਗੇਟ ਦੇ ਬਾਹਰ ਖੜ੍ਹਾ
ਰਹਿੰਦਾ ਸੀ। ਉਸਨੂੰ ਇਕ ਸਕਿੰਟ ..... ਅਜੇ ਵੀ ਮੈਨੂੰ ਯਾਦ ਹੈ ਕਿ ਉਦੋਂ 'ਇਕ ਲੱਪ ਸੁਰਮੇ ਦੀ'
ਪ੍ਰੋਗਰਾਮ ਚੱਲਦਾ ਹੁੰਦਾ ਸੀ। ਹਰਦੀਪ ਜੀ ਉਦੋਂ ਉਸ ਦੇ ਪ੍ਰੋਡਿਊਸਰ ਹੁੰਦੇ ਸੀ। ਉਨ੍ਹਾਂ ਦੀਆਂ
ਮਿੰਨਤਾਂ ਕਰਕੇ ਉਸਨੂੰ ਮੈਂ ਅੰਦਰ ਲੈ ਕੇ ਗਿਆ। ਸਰਦੂਲ ਸਿਕੰਦਰ ਹੋਣਾ ਨੂੰ ਪਤਾ ਵਾ ਕਿ ਸਟੇਜਾਂ ਤੇ
ਪ੍ਰਬੰਧਕੀ ਕਮੇਟੀ ਨੂੰ ਕਹਿ-ਕਹਿ ਕੇ ਕਿ ਮੇਰੀ ਆਈਟਮ ਰਹਿਣ ਦਿਉ, ਇਸ ਮੁੰਡੇ ਦੀ ਆਈਟਮ ਲਗਵਾਉ। ਉਸਨੇ
ਅੱਜ ਤੱਕ ਕਿਸੇ ਇੰਟਰਵਿਉ ਵਿਚ ਮੇਰਾ ਜ਼ਿਕਰ ਵੀ ਨਹੀਂ ਕੀਤਾ। ਮੈਂ ਅਜਿਹੇ ਬੰਦੇ ਨੂੰ ਆਪਣਾ ਸ਼ਾਗਿਰਦ
ਸਮਝਦਾ ਹੀ ਨਹੀਂ।
? ਵੀਰ ਜੀ ਸਾਨੂੰ ਲੱਗਦਾ ਇਹ ਗੱਲ ਪੁੱਛਣ ਨਾਲ ਤੁਹਾਡਾ ਦਿਲ ਦੁਖਿਆ?
- ਨਹੀਂ ਬਿਲਕੁਲ ਨਹੀਂ ਦਿਲ ਦੁਖਿਆ। ਬਿਲਕੁਲ ਹੀ ਨਹੀਂ ਦਿਲ ਦੁਖਿਆ। ਮੈਂ ਫਖ਼ਰ ਮਹਿਸੂਸ
ਕਰਦਾ ਕਿ ਮੈਂ ਆਪਣੇ ਉਸਤਾਦਾਂ ਦੇ ਬਰਤਨ ਸਾਫ਼ ਕੀਤੇ, ਕੱਪੜੇ ਧੋਤੇ ਆ, ਜੇਕਰ ਬੰਦਾ ਇਸ ਚੀਜ਼ ਵਿਚ
ਆਪਣੀ ਹੇਟੀ ਸਮਝਦਾ ਹੈ ਤਾਂ....। ਮੈਂ ਕਹਿਣਾ ਕਿ ਉਹ ਮੇਰੇ ਨਾਲੋਂ ਵੱਡਾ ਆਰਟਿਸਟ ਆ ਉਹ ਅੱਜ 80
ਹਜ਼ਾਰ ਰੁਪਏ ਲੈਂਦਾ, ਅਸੀਂ 10-15 ਹਜ਼ਾਰ ਰੁਪਏ ਲੈਣੇ ਆ। ਉਹੀ ਦੂਰਦਰਸ਼ਨ ਜਿਸਨੇ ਸਾਨੂੰ ਬਣਾਇਆ ਉਹੋ
ਜਿਹਾ ਕਲਾਕਾਰ ਕਹਿ ਦੇਵੇ ਕਿ ਮੈਂ ਤਾਂ ਉੱਥੇ ਜਾਣਾ ਹੀ ਨਹੀਂ ਫੇਰ ਤਾਂ....।
? ਕੋਈ ਅਜਿਹਾ ਅਰਮਾਣ ਜੋ ਦਿਲ ਵਿਚ ਰਹਿ ਗਿਆ ਹੋਵੇ?
- ਨਹੀਂ, ਮੈਂ ਬਿਲਕੁਲ ਸੰਤੁਸ਼ਟ ਆ, ਜੇਕਰ ਮੈਂ ਦੁਖੀ ਆ ਤਾਂ ਮੈਂ ਇਕ ਚੀਜ਼ ਤੋਂ ਬਹੁਤ ਜ਼ਿਆਦਾ
ਦੁਖੀ ਆ ਗਾਇਕੀ ਵਿਚ ਨੰਗੇਜ਼ਪਣ ਤੋਂ। ਗਾਇਕ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ.....।
? ਇਸ ਵੱਧ ਰਹੇ ਨੰਗੇਜ਼ਪਣ ਦਾ ਜ਼ੁੰਮਵੇਰਾ ਕੌਣ ਹੈ?
- ਇਸ ਦੇ ਜ਼ੁੰਮੇਵਾਰ-ਸਰੋਤੇ ਵੀ ਹਨ। ਕੰਪਨੀਆਂ ਸਭ ਤੋਂ ਵੱਧ ਦੋਸ਼ੀ ਆ। ਕਈ ਵਾਰ ਸ਼ਿੰਗਰ ਕਹਿ
ਦਿੰਦੇ ਆ ਕਿ ਅਸੀਂ ਤਾਂ ਆਹ ਕੁਝ ਕੀਤਾ ਹੀ ਨਹੀਂ। ਉਨ੍ਹਾਂ ਨੇ ਬਾਅਦ ਵਿਚ ਡੱਬ ਕਰ ਲਿਆ ਪਰ ਉਨ੍ਹਾਂ
ਨੂੰ ਵਾਰਨਿੰਗ ਦਿਉ ਕੇ ਜੇਕਰ ਇਸ ਵਿਚ ਕੁਝ ਹੋਇਆ.....ਉਨ੍ਹਾਂ ਤੋਂ ਰਿਟਨ ਲਵੋ ਕਿ ਅਸੀਂ ਪੰਜਾਬੀ
ਡਰੈੱਸ ਹੀ ਲੈਣੀ ਆ ਕੁੜੀਆਂ ਦੀ।
? ਲੋਕ ਤੁਹਾਡੇ ਬਾਰੇ ਵੀ ਕਹਿ ਦਿੰਦੇ ਹਨ ਕਿ ਭਜਨਾ ਅਮਲੀ ਜ਼ਿਆਦਾ ਖੁਲ੍ਹਾ
ਚੱਲ ਜਾਂਦਾ ਹੈ, ਤੁਸੀਂ ਇਸ ਬਾਰੇ ਕੀ ਕਹੋਗੇ?
- ਬਾਹਲ ਖੁਲ੍ਹਾ .... ਤੁਸੀਂ ਦੇਖਿਆ ਕਿ ਮੈਂ ਜੇ ਨੰਗੇਜ਼ ਦੀ ਗੱਲ ਕਰਦਾ ਵਾ ਜਾਂ ਸ਼ੇਅਰੋ
ਸ਼ਾਇਰੀ ਦੀ ਗੱਲ ਕਰਦਾ ਇਹ ਉਹ ਹੀ ਗੱਲਾਂ ਹੁੰਦੀਆਂ ਹਨ ਜੋ ਆਮ ਹੀ ਘਰਾਂ ਵਿਚ ਗੱਲ ਹੁੰਦੀ ਆ ਜੇਕਰ
ਕਿਸੇ ਨੂੰ ਲੱਗਦਾ ਕਿ ਮੈਂ ਜ਼ਿਆਦਾ ਖੁਲ੍ਹਾ ਚੱਲ ਜਾਨਾ ਏ ਤਾਂ ਮੈਂ ਉਨ੍ਹਾਂ ਤੋਂ ਮੁਆਫ਼ੀ ਚਾਹੁੰਗਾ
ਮੈਂ ਤਾਂ ਆਪਣੇ ਹਿਸਾਬ ਨਾਲ ਗੱਲ ਕਰਨੀ ਹੀ ਕਰਨੀ ਆ।
? ਵੀਰ ਜੀ ਤੁਹਾਡੀ ਕੋਈ ਨਾ ਭੁੱਲਣਯੋਗ ਘਟਨਾ?
- ਜਦੋਂ ਮੈਂ ਪਹਿਲੀ ਵਾਰ ਟੂਰ ਲਾਇਆ ਇੰਗਲੈਂਡ ਦਾ ਸਰਦੂਲ ਸਿਕੰਦਰ ਨਾਲ ਉਥੇ ਇੰਗਲੈਂਡ ਵਿਚ
'ਅਲਾਪ' ਸ਼ੋਅ ਸੀ ਉੱਥੇ ਮੇਰਾ ਬੜਾ ਜ਼ਬਰਦਸਤ ਐਕਸੀਡੈਂਟ ਹੋਇਆ ਸੀ। ਇਸ ਕਰਕੇ ਉਹ ਪੈਰ ਦੀ ਅੱਡੀ ਅਜੇ
ਵੀ ਛੋਟੀ ਆ। ਉਦੋਂ ਮੈਨੂੰ ਮਾਲਕ ਨੇ ਹੀ ਦੁਬਾਰਾ ਜਨਮ ਦਿੱਤਾ।
? ਤੁਹਾਡਾ ਕਾਮੇਡੀ ਦੇ ਨਾਲ ਕੋਈ ਹੋਰ ਸ਼ੌਕ?
- ਹੋਰ ਮੇਰਾ ਕੋਈ ਖਾਸ ਸ਼ੌਕ ਨਹੀਂ। ਮੈਂ ਇਕੱਲਾ ਬੈਠ ਕੇ ਬਹੁਤ ਖੁਸ਼ ਆ। ਇਸ ਤੋਂ ਇਲਾਵਾ
ਕ੍ਰਿਕੇਟ ਦਾ ਸ਼ੌਕ ਹੈ।
? ਕ੍ਰਿਕੇਟ ਖੇਡਣ ਦਾ ਜਾਂ ਦੇਖਣ ਦਾ?
- ਕ੍ਰਿਕੇਟ ਦੇਖਣ ਦਾ। ਬਾਕੀ ਮੈਂ ਜਗਜੀਤ ਸਿੰਘ ਨੂੰ ਬਹੁਤ ਸੁਣਦਾ। ਮੈਂ ਬਹੁਤ ਜ਼ਜਬਾਤੀ
ਬੰਦਾ ਹਾਂ। ਕਾਮੇਡੀ ਤਾਂ ਮੈਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਰਦਾ ਹਾਂ।
? ਕਿਸੇ ਪ੍ਰਤੀ ਕੋਈ ਗਿਲਾ ਸ਼ਿਕਵਾ?
- ਕਿਸੇ ਪ੍ਰਤੀ ਕੋਈ ਗਿਲਾ ਸ਼ਿਕਵਾ ਨਹੀਂ। ਸਾਰੇ ਖੁਸ਼ੀ ਵਸਣ, ਕੋਈ ਮੇਰਾ ਦੁਸ਼ਮਣ ਨਹੀਂ ਹੈ।
ਬੱਸ ਇਕੋ ਹੀ ਮੈਨੂੰ ਸ਼ਿਕਵਾ ਹੈ ਕਿ ਨੰਗੇਜ਼ ਤੋਂ ਥੋੜ੍ਹਾ ਸਾਰੇ ਸੱਜਣ, ਸਾਰੇ ਕਲਾਕਾਰ ਨੰਗੇਜ਼ ਤੋਂ
ਹਟਣ।
? ਹੋਰ ਕੁਝ?
- ਇਕ ਵਾਰ ਲੋਹੜੀ ਤੇ ਮੇਰੇ ਨਾਲ ਇਕ ਬਹੁਤ ਵੱਡੀ ਘਟਨਾ ਹੋਈ ਕਿ ਮੇਰੇ ਭਾਣਜੇ ਦੀ ਡੈਥ ਹੋ
ਗਈ। ਇਕੋ-ਇਕ ਬੇਟਾ ਸੀ। ਪਹਿਲਾਂ ਸਾਡੇ ਭਨਵਈਏ ਦੀ ਡੈਥ ਹੋ ਗਈ ਸੀ। ਲੋਹੜੀ ਵਾਲੀ ਰਾਤ ਮੇਰਾ ਭਾਣਜਾ
15 ਕੁ ਸਾਲ ਦਾ ਉਸਦੀ ਡੈਥ ਹੋ ਗਈ। ਬਾਕੀ ਮੈਂ ਜੁੜਿਆ ਤਾਂ ਸਮਾਜ ਸੇਵੀ ਸੰਸਥਾਵਾਂ ਨਾਲ ਪਹਿਲਾਂ ਵੀ
ਸੀ, ਪਰ ਉਦੋਂ ਮੈਂ ਇਹ ਸੋਚਿਆ ਕਿ ਕੁਝ ਥੋੜ੍ਹਾ ਪੈਸਾ ਆਪਣੇ ਘਰ ਲਈ ਰੱਖ ਕੇ ਬਾਕੀ ਜਿਹੜਾ
ਪ੍ਰੋਗਰਾਮਾਂ ਦਾ ਪੈਸਾ ਉਹ ਸਾਰਾ ਸਮਾਜ ਸੇਵਾ ਵਾਸਤੇ ਹੀ ਲਾਉਗਾ। ਜਿਵੇਂ ਕਿ ਤਲਵੰਡੀ ਰਾਏ ਕੀ ਉਥੇ
ਮੇਰੀ ਸਿਸਟਰ ਹੈ, ਉਥੇ ਮੈਂ ਇਕ ਸੱਭਿਆਚਾਰਕ ਮੇਲਾ ਕੀਤਾ ਜਿਹੜਾ ਨਿਰੋਲ ਸੱਭਿਆਚਾਰਕ ਸੀ ਉਥੇ ਕੁਝ
ਲੜਕੀਆਂ ਦੇ ਵਿਆਹ ਵੀ ਕੀਤੇ, ਕੁਝ ਵਿਧਵਾ ਜਨਾਨੀਆਂ ਨੂੰ, ਭੈਣਾਂ ਨੂੰ, ਮਸ਼ੀਨਾਂ ਜਾਂ ਯਤੀਮ ਬੱਚਿਆਂ
ਉਨ੍ਹਾਂ ਨੂੰ ਸਾਰੀ ਪੜ੍ਹਾਈ। ਜਦ ਤੱਕ ਉਹ ਪੜ੍ਹਨਾ ਚਾਹੁਣ ਉਨ੍ਹਾਂ ਦੀਆਂ ਫੀਸਾਂ ਦੇਵਾਂਗਾ। ਆਉਣ
ਵਾਲੇ ਸਮੇਂ ਵਿਚ ਵੀ ਮੈਂ ਚਾਹੁੰਗਾ ਕਿ ਸਾਰੀ ਪੇਮੈਂਟ ਗਰੀਬ ਜਨਤਾ ਵਾਸਤੇ ਹੀ ਲਾਵਾਂ।
? ਕੋਈ ਸੰਦੇਸ਼?
- ਸੰਦੇਸ਼ ਇਹੀ ਹੈ ਕਿ ਤੁਸੀਂ ਚਾਰ ਪੈਸੇ ਕਮਾਉਣ ਲਈ, ਸਾਡੇ ਕਲਚਰ ਇਸਨੂੰ ਆਪਣੇ ਫਾਇਦੇ ਲਈ
ਕਲਚਰ ਦਾ ਨੁਕਸਾਨ ਨਾ ਕਰਿਓ। ਕਈ ਦਫਾ ਵੱਡੀਆਂ-ਵੱਡੀਆਂ ਇੰਟਰਵਿਊ ਆਉਂਦੀਆਂ ਉਹ ਕਹਿੰਦੇ ਹਨ ਕਿ ਅਸੀਂ
ਕਲਚਰ ਦੀ ਸੇਵਾ ਕਰਦੇ ਹਾਂ। ਅੰਦਰੋਂ ਕੁਝ ਹੋਰ ਹੁੰਦੇ ਆ, ਲੋਕਾਂ ਸਾਹਮਣੇ ਕੁਝ ਹੋਰ ਹੁੰਦੇ ਆ। ਮੈਂ
ਕਹਿਨਾ ਕਿ ਜੋ ਕੁਝ ਅੰਦਰ ਆ ਉਹੀ ਬਾਹਰ ਹੋਣਾ ਚਾਹੀਦਾ ਹੈ।
? ਪਾਠਕਾਂ ਨੂੰ ਕੋਈ ਸੰਦੇਸ਼?
- ਸਾਰੇ ਜਿਊਂਦੇ ਵਸਦੇ ਰਹਿਣ, ਹੱਸਦੇ ਖੇਡਦੇ ਰਹਿਣ।
? ਸੰਤੀ ਜੀ ਕੁਝ ਸੁਆਲ ਤੁਹਾਡੇ ਲਈ। ਸਭ ਤੋਂ ਪਹਿਲਾਂ ਤੁਸੀਂ ਆਪਣੇ
ਪਿਛੋਕੜ ਬਾਰੇ ਦੱਸੋ?
- ਮੈਂ ਜ਼ਿਲ੍ਹਾ ਨਵਾਂ ਸ਼ਹਿਰ, ਦੁਆਬੇ ਇਲਾਕੇ ਨੂੰ ਬਿਲਾਗ ਕਰਦੀ ਆ। ਇਨ੍ਹਾਂ ਨਾਲ ਕੰਮ ਕਰਦੀ
ਨੂੰ ਕਈ ਸਾਲ ਹੋ ਗਏ। ਪੂਰੀ ਫੈਮਿਲੀ ਅਸੀਂ ਲੁਧਿਆਣੇ ਹੀ ਰਹਿੰਦੇ ਆ। ਪਿਤਾ ਦਾ ਨਾਮ ਰਮੇਸ਼ ਕੁਮਾਰ।
ਮੈਂ ਹਿੰਦੂ ਫੈਮਿਲੀ ਨੂੰ ਬਿਲਾਗ ਕਰਦੀ ਆ। ਮਾਤਾ ਦਾ ਨਾਮ ਬਿਮਲਾ, ਮੈਂ ਇਕੋ-ਇਕ ਸਿਸਟਰ ਆ। ਦੋ ਭਰਾ
ਵੱਡੇ ਦਾ ਨਾਮ ਰਣਦੀਪ ਛੋਟੇ ਦਾ ਨਾਮ ਸੰਦੀਪ।
? ਤੁਸੀਂ ਢਿੱਲੋਂ ਸਾਹਿਬ ਨਾਲ ਕੰਮ ਕਰਕੇ ਕੀ ਮਹਿਸੂਸ ਕਰਦੇ ਹੋ?
- ਬਹੁਤ ਵਧੀਆ ਲੱਗਦਾ, ਇਹ ਉਸਤਾਦ ਆ ਮੇਰੇ, ਗੁਰੂ ਆ ਮੇਰੇ। ਇਨ੍ਹਾਂ ਨੂੰ 30-32 ਸਾਲ ਹੋ
ਗਏ ਇਸ ਲਾਈਨ ਵਿਚ। ਮੈਨੂੰ ਇਨ੍ਹਾਂ ਕੋਲੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ। ਬਹੁਤ ਵਧੀਆ ਲੱਗਦਾ ਹੈ।
? ਤੁਹਾਡੀ ਇਸ ਲਾਈਨ ਵਿਚ ਕੋਈ ਅਭੁੱਲ ਯਾਦ?
- ਅਸੀਂ ਮੋਗੇ ਦੇ ਨੇੜੇ ਮਨੀਲਾ ਫਾਰਮ ਤੇ ਪ੍ਰੋਗਰਾਮ ਲਾਉਣ ਗਏ ਸੀ। ਮੇਰਿਜ਼ ਸੀ ਕੋਈ। ਉਥੇ
ਉਨ੍ਹਾਂ ਨੇ ਸਾਨੂੰ ਇੰਨੀ ਰਿਸਪੈਕਟ ਦਿੱਤੀ। ਜੋ ਮੈਂ ਜ਼ਿੰਦਗੀ ਵਿਚ ਕਦੀ ਵੀ ਨਹੀਂ ਭੁੱਲ ਸਕਦੀ। ਸਾਡੇ
ਉਨ੍ਹਾਂ ਨੇ ਹਾਰ ਪਾਏ, ਜਿਵੇਂ ਜੋੜੀ ਦੇ ਪਾਉਂਦੇ ਆ।
? ਤੁਸੀਂ ਕਾਮੇਡੀ ਲਾਈਨ ਵਿਚ ਕਿਵੇਂ ਆ ਗਏ?
- ਬੱਸ ਜਿਵੇਂ ਪਰਮਾਤਮਾ ਨੇ ਲਿਖਿਆ ਕਿ ਤੁਸੀਂ ਇਨ੍ਹਾਂ ਨਾਲ (ਢਿੱਲੋਂ ਸਾਹਿਬ ਨਾਲ)
ਜੁੜਨਾ ਹੀ ਜੁੜਨਾ ਏ, ਇਸ ਤੋਂ ਪਹਿਲਾਂ ਮੈਂ ਪ੍ਰਾਈਵੇਟ ਜੋਬ ਕਰਦੀ ਸੀ ਟੀਚਰ ਦੀ।
? ਢਿੱਲੋਂ ਸਾਹਿਬ ਨਾਲ ਕੋਈ ਸ਼ਿਕਵਾ?
- ਸ਼ਿਕਵਾ ਇਹੀ ਆ ਕਿ ਗੁੱਸਾ ਜ਼ਿਆਦਾ ਏ ਇੰਨਾ ਵਿਚ, ਹੋਰ ਕੋਈ ਸ਼ਿਕਵਾ ਨਹੀਂ, ਬਹੁਤ ਵਧੀਆ
ਇਨਸਾਨ ਆ। ਮੈਂ ਬਹੁਤ ਲੱਕੀ ਆ ਕਿਉਂਕਿ ਇਹ ਮੈਨੂੰ ਮਿਲੇ ਨੇ। ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ
ਮਿਲਿਆ। ਬਹੁਤ ਨਾਈਸ ਆ। ਹਰ ਪੱਖੋਂ ਠੀਕ ਆ। ਗੁੱਸਾ ਹੀ ਮਾੜਾ ਹੈ।