ਸਕੂਲੀ ਸਟੇਜ ਤੋਂ ਹਿੰਦੀ ਫਿਲਮ ਤੱਕ-ਭਵਖੰਡਨ ਸਿੰਘ ਰੱਖਰਾ (ਬੀ.ਕੇ. ਸਿੰਘ)

ਭਵਨਦੀਪ ਸਿੰਘ ਪੁਰਬਾ

ਕਲਾ ਤੇ ਗੁਣ ਕੁਦਰਤ ਵੱਲੋਂ ਬਖਸ਼ਿਆ ਤੋਹਫਾ ਹੈ ਪਰ ਇਸ ਨੂੰ ਸੰਭਾਲਣਾ ਤੇ ਤਰਾਸ਼ਣਾ ਇਨਸਾਨ ਦੇ ਹੱਥ ਵਿਚ ਹੈ। ਕਲਾ ਦੇ ਖੇਤਰ ਵਿਚ ਬਹੁਤ ਸਾਰੇ ਤਾਰੇ ਹਨ ਪਰ ਸਿਤਾਰਾ ਉਹੀ ਬਣਦਾ ਹੈ ਜਿਸ ਨੇ ਤਪੱਸਿਆ ਕੀਤੀ ਹੋਵੇ, ਮਿਹਨਤ ਕੀਤੀ ਹੋਵੇ। ਅਜਿਹੇ ਹੀ ਕਲਾਕਾਰ ਵਿਚੋਂ ਇਕ ਕਲਾਕਾਰ ਹਨ ਜਿਨ੍ਹਾਂ ਨੇ ਵਿਦੇਸ਼ਾਂ ਵਿਚ ਰਹਿੰਦੇ ਹਏ ਵੀ, ਇੰਨੀ ਭੱਜ-ਦੌੜ ਦੀ ਜ਼ਿੰਦਗੀ ਵਿਚ ਗੁਜ਼ਰਦਿਆਂ ਵੀ ਆਪਣੇ ਸ਼ੌਕ ਨੂੰ ਬਰਕਰਾਰ ਰੱਖਿਆ ਹੈ। ਉਹ ਕਲਾਕਾਰ ਹੈ ਭਵਖੰਡਨ ਸਿੰਘ ਜਿਸ ਨੇ ਸਕੂਲ ਦੀ ਸਟੇਜ ਤੋਂ ਥੀਏਟਰ ਸ਼ੁਰੂ ਕੀਤਾ ਆਪਣੇ ਕੰਮ ਕਾਰਾਂ ਦੇ ਨਾਲ ਆਪਣੇ ਸ਼ੌਕ ਨੂੰ ਬਰਕਰਾਰ ਰੱਖਦਿਆਂ ਅੱਜ ਉਹ ਵੱਡੀ ਬਜਟ ਦੀ ਹਿੰਦੀ ਫਿਲਮ ਵਿਚ ਅਦਾਕਾਰ ਦੇ ਤੌਰ ਆ ਰਹੇ ਹਨ।
ਭਵਖੰਡਨ ਸਿੰਘ ਕੈਨੇਡੀਅਨ ਪੰਜਾਬੀ ਰੰਗਮੇਚ ਵਿਚ 1974 ਤੋਂ ਸਰਗਰਮ ਹੈ। ਉਨ੍ਹਾਂ ਨੇ ਵਤਨੋਂ ਦੂਰ ਆਰਟ ਫਾਊਂਡੇਸ਼ਨ, ਭਾਰਤੀ ਨਾਟ ਕੇਂਦਰ, ਵੈਨਕੂਵਰ ਸੱਥ, ਟਿਪਾਨਾ, ਸਰਗਰਮ ਆਰਟ ਥੀਏਟਰ ਵੱਲੋਂ ਕੀਤੇ ਨਾਟਕਾਂ 'ਦੂਜਾ ਪਾਸਾ', 'ਕਾਮਾਗਾਟਾਮਾਰੂ', 'ਕੁਰਸੀ ਮੋਰਚਾ ਤੇ ਹਵਾ ਵਿਚ ਲਟਕਦੇ ਲੋਕ', 'ਬਿਗਾਨੇ ਬੋਹੜ ਦੀ ਛਾਂ', 'ਤੂਤਾਂ ਵਾਲਾ ਖੂਹ', 'ਸ਼ਰਬਤੀ', 'ਹਵਾਈ ਗੋਲੇ' ਅਤੇ 'ਅਹਿਸਾਸ' ਵਿਚ ਕੰਮ ਕੀਤਾ ਹੈ। ਮੰਚ ਅਦਾਕਾਰੀ ਤੋਂ ਬਿਨਾਂ ਉਨ੍ਹਾਂ ਵੀਡੀਓ ਨਾਟਕਾਂ ਵਿਚ ਵੀ ਕੰਮ ਕੀਤਾ ਹੈ। ਪਿਛਲੇ 33 ਸਾਲਾਂ ਤੋਂ ਉਹ ਵੈਨਕੂਵਰ (ਕੈਨੇਡਾ) ਵਿਖੇ ਰਹਿ ਰਹੇ ਹਨ। ਪਿਛਲੇ ਦਿਨਾਂ ਦੌਰਾਨ ਉਹ ਹਿੰਦੀ ਫਿਲਮ 'ਐਸੀ ਦੀਵਾਨਗੀ' ਦੀ ਸ਼ੂਟਿੰਗ ਲਈ ਇੰਡੀਆ ਆਏ ਹੋਏ ਸਨ। ਉਨ੍ਹਾਂ ਨਾਲ ਕੀਤੀ ਗੱਲਬਾਤ ਦੇ ਕੁਝ ਅੰਸ਼ ਪਾਠਕਾਂ ਲਈ:
? ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ?
- ਮੇਰਾ ਜਨਮ ਕਪੂਰੇ ਪਿੰਡ ਵਿਖੇ 1955 ਦਾ ਹੈ ਪ੍ਰਾਇਮਰੀ ਵਿੱਦਿਆ ਗੌਰਮਿੰਟ ਪ੍ਰਾਇਮਰੀ ਸਕੂਲ ਤੋਂ ਅਤੇ ਮੈਟ੍ਰਿਕ ਭੁਪਿੰਦਰਾ ਖਾਲਸਾ, ਹਾਇਰ ਸੈਕੰਡਰੀ ਸਕੂਲ ਤੋਂ ਅਤੇ ਹਾਇਰਸੈਕੰਡਰੀ ਐਮ. ਡੀ. ਏ. ਐਸ. ਸਕੂਲ ਮੋਗਾ ਤੋਂ ਪ੍ਰਾਪਤ ਕੀਤੀ। ਗਰੇਟ ਟਵੈਲਵ ਕੈਨੇਡਾ ਤੋਂ ਪ੍ਰਾਪਤ ਕੀਤੀ। 1974 ਵਿਚ ਮੈਂ ਕੈਨੇਡਾ ਚਲਾ ਗਿਆ ਸੀ ਉਥੇ ਮੇਰੀ ਮੁਲਾਕਾਤ ਯੋਗਰਾਜ ਸੈਡਾ ਨਾਲ ਹੋ ਗਈ। ਉਨ੍ਹਾ ਨਾਲ ਨਾਟਕ ਰੱਤਾ ਸਾਲੂ ਕੀਤਾ, ਬਿਜਨੈੱਸ ਮੈਨੇਜਮੈਂਟ ਦੇ ਵੀ ਸਰਟੀਫਿਕੇਟ ਪ੍ਰਾਪਤ ਕੀਤੇ ਹਨ। ਇਕ ਅਕਾਊਂਟਿੰਗ ਦੇ ਟੀਚਰ ਬਾਰੇ ਸ਼ਾਟ ਕੋਰਸ ਕੀਤਾ ਹੈ।
? ਤੁਹਾਨੂੰ ਬੀ. ਕੇ. ਸਿੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂ?
- ਮੇਰਾ ਪੂਰਾ ਨਾਮ ਭਵਖੰਡਨ ਸਿੰਘ ਰਖਰਾ ਹੈ। ਫਿਲਮ ਵਿਚ ਵੱਡੇ ਨਾਮ ਨਹੀ ੰਚਲਦੇ ਇਸ ਲਈ ਮੇਰਾ ਨਾਮ (ਸ਼ੋਟ ਨੇਮ) ਛੋਟਾ ਨਾਮ ਬੀ. ਕੇ. ਸਿੰਘ ਚੱਲਦਾ ਹੈ।
? ਤੁਸੀਂ ਰੰਗਮੰਚ ਵੱਲੋਂ ਕਿਵੇਂ ਰੁਚਿਤ ਹੋਏ?
- ਮੈਂ ਭੁਪਿੰਦਰਾ ਖਾਲਸਾ ਹਾਇਰ ਸੈਕੰਡਰੀ ਸਕੂਲ ਮੋਗਾ ਵਿਚ ਦਸਵੀਂ ਜਮਾਤ ਵਿਚ ਪੜ੍ਹਦਾ ਸੀ ਜਦੋਂ ਅਸੀਂ ਤਿੰਨ ਦੋਸਤਾਂ ਨੇ ਮਿਲ ਕੇ ਇਕ ਪੰਦਰਾਂ ਕੁ ਮਿੰਟ ਦਾ ਸਕਿੱਟ ਤਿਆਰ ਕੀਤਾ। ਉਸ ਤੋਂ ਬਾਅਦ ਮੈਂ ਆਰੀਆ ਸਕੂਲ ਮੋਗਾ ਵਿਚ ਦਾਖਲ ਹੋ ਗਿਆ ਤੇ ਗਿਆਰਵੀਂ ਜਮਾਤ ਵਿਚ ਪੜ੍ਹਦੇ ਵੇਲੇ ਸਕੂਲ ਦੇ ਸਾਲਾਨਾ ਫੰਕਸ਼ਨ ਵਿਚ ਤਿਆਰੀ ਵਗੈਰਾ ਕਰਾਉਣ ਦਾ ਕੰਮ ਕੀਤਾ ਤਾਂ ਇਸ ਪਾਸੇ ਵੱਲ ਹੋਰ ਰੁਚੀ ਵੱਧ ਗਈ।
1974 ਵਿਚ ਮੈਂ ਕੈਨੇਡਾ ਆ ਗਿਆ ਤੇ ਉਦੋਂ ਇਥੇ ਯੋਗਰਾਜ ਹੁਰਾਂ ਨੇ 'ਵਰਤੋਂ ਦੂਰ ਆਰਟ ਫਾਊਡੇਸ਼ਨ' ਬਣਾਈ ਸੀ ਜਿਸ ਵਿਚ ਮੈਂ ਵੀ ਸ਼ਾਮਿਲ ਹੋ ਗਿਆ। ਪਹਿਲਾ ਡਰਾਮਾ ਰੱਤਾ ਸਾਲ ਕੀਤਾ ਗਿਆ ਜਿਸ ਵਿਚ ਮੈਂ ਵੀ ਕੰਮ ਕੀਤਾ। ਉਸ ਦੀਆਂ ਤਿੰਨ 'ਪਰਫਾਰਮੈਂਸ' ਹੋਈਆਂ। ਉਸ ਤੋਂ ਬਾਅਦ 'ਭਾਰਤੀ ਨਾਟ ਕੇਂਦਰ' ਦੇ ਨਾਂ ਥੱਲੇ ਹੋਏ ਡਰਾਮਿਆਂ ਦੂਸਰਾ ਪਾਸਾ ਅਤੇ ਕਾਮਾਗਾਟਾਮਾਰੂ ਵਿਚ ਕੰਮ ਕੀਤਾ।
? ਤੁਸੀਂ ਹੁਣ ਤੱਕ ਕਿਹੜੇ-ਕਿਹੜੇ ਪਲੇਅ (ਨਾਟਕ) ਕਰ ਚੁੱਕੇ ਹੋ?
- ਮੈਂ 1974 ਵਿਚ ਰੱਤਾ ਸਾਲੂ, 1977 ਵਿਚ ਦੂਜਾ ਪਾਸਾ, 1979 ਵਿਚ ਕਾਮਾਗਾਟਾ ਮਾਰੂ, 1984 ਵਿਚ ਕੁਰਸੀ, ਮੋਰਚਾ, ਹਵਾ ਵਿਚ ਲਟਕਦੇ ਲੋਕ, 1985 ਵਿਚ ਜਦੋਂ ਰੋਸ਼ਨੀ ਹੁੰਦੀ ਹੈ, ਸੰਘਣੇ ਬੋਹੜ ਦੀ ਛਾਂ, 1989-90 ਵਿਚ ਸ਼ਰਾਬੀ, 1995 ਵਿਚ ਕੋਣ ਭਲੇ ਕੋ ਮੰਦੇ, 1997 ਵਿਚ ਹਿੰਦ ਦੀ ਚਾਦਰ ਆਦਿ।
? ਤੁਸੀਂ ਹੁਣ ਤੱਕ ਕਿਹੜੇ-ਕਿਹੜੇ ਨਿਰਦੇਸ਼ਕਾਂ ਨਾਲ ਕੰਮ ਕੀਤਾ?
- ਯੋਗਰਾਜ ਸੈਦਾ, ਅਜਮੇਰ ਰੋਡੇ, ਮੋਹਨ ਬਸਨ, ਭੋਲੀ ਗਰੇਵਾਲ, ਜਸਪ੍ਰੀਤ ਕੌਰ ਟੀ.ਵੀ. ਸੀਰੀਅਲ ਤੇਰੀ ਮੇਰੀ ਦੁਨੀਆਂ ਤੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਨਿਦੇਸ਼ਨਾਂ ਹੇਠ ਬਹੁਤ ਸਾਰੇ ਨਾਟਕ, ਸੀਰੀਅਲ ਕੀਤੇ ਹਨ।
? ਹੁਣ ਤੁਸੀਂ ਹਿੰਦੀ ਫਿਲਮ ਵਿਚ ਆ ਰਹੇ ਹੋ। ਇਸ ਤੋਂ ਪਹਿਲਾਂ ਕਿਸੇ ਫਿਲਮ ਵਿਚ ਕੰਮ ਕੀਤਾ?
-ਮੈਂ 1978 ਵਿਚ ਸਰਬਜੀਤ ਧਾਲੀਵਾਲ ਦੀ ਹਿੰਦੀ ਫ਼ਿਲਮ 'ਅਹਿਸਾਸ' ਅਤੇ 1986 ਵਿਚ ਅਮਰਜੀਤ ਚਾਹਲ ਤੇ ਕਰਮਜੀਤ ਘੁਮਾਨ ਦੀ ਪੰਜਾਬੀ 'ਮਸਲਾ ਰੋਟੀ ਦਾ' ਵਿਚ ਕੰਮ ਕੀਤਾ ਹੁਣ ਅਸਦਲ ਕਾਯੁਮ ਦੀ ਫਿਲਮ ਐਸੀ ਦੀਵਾਨਗੀ ਦੀ ਸ਼ੂਟਿੰਗ ਕੀਤੀ ਹੈ।
? 'ਐਸੀ ਦੀਵਾਨਗੀ' ਫਿਲਮ ਬਾਰੇ ਕੁਝ ਦੱਸੋ?
-ਝਾਜੀ ਫਿਲਮਜ਼ ਪ੍ਰਾ. ਲਿਮ. ਦੀ ਪਹਿਲੀ ਫਿਲਮ ਹੈ 'ਐਸੀ ਦੀਵਾਨਗੀ' ਇਸ ਫਿਲਮ ਦੀ ਪਲੇਨਿੰਗ ਤੇ ਸਕਿਰਿਪਟ ਵਿਚ ਮੇਰਾ ਯੋਗਦਾਨ ਹੈ। ਇਸ ਫਿਲਮ ਪ੍ਰਡਿਊਸਰ ਸੰਗੀਜ ਝਾਜੀ ਜਿਹੜੇ ਪਿਛਲੇ 13-14 ਸਾਲ ਤੋਂ ਕੈਨੇਡਾ ਵਿਚ ਹਨ। ਡਾਇਰੈਕਟਰ ਅਬਦੁਲ ਕਾਯੁਮ ਹਨ ਜਿਨ੍ਹਾਂ ਦਾ ਫਿਲਮ ਲਾਈਨ ਵਿਚ 14 ਸਾਲ ਦਾ ਤਜਰਬਾ ਹੈ। ਇਸ ਫਿਲਮ ਵਿਚ ਹੋਰ ਕਲਾਕਾਰ ਸਰਵਣ ਅਹੂਜਾ, ਦੀਵਿਆ ਤ੍ਰਿਵੇਦੀ, ਸਿਮਰਨ ਸਚਦੇਵਾ, ਸਾਹਿਬਾ, ਮਾਯੂਰੀ, ਕਿਰਨ ਕੁਮਾਰ, ਪੰਕਜ ਬੇਰੀ, ਅਵਤਾਰ ਗਿੱਲ, ਸੰਜੀਵ ਭਾਜੀ ਦਾ ਸਾਇਡ ਰੋਲ ਹੈ। ਸਾਨਾ ਖਾਨ ਆਦਿ ਹੋਰ ਕਈ ਕਲਾਕਾਰ ਹਨ। ਕਹਾਣੀ 60 ਪ੍ਰਤੀਸ਼ਤ ਭਾਗੀ ਆਂ 40 ਪ੍ਰਤੀਸ਼ਤ ਬਾਹਰ ਦੀ ਹੈ। ਮਰੂਸੀਅਸ ਅਤੇ ਕੁਝ ਕੁ ਸੀਨ ਕੈਨੇਡਾ ਦੇ ਹਨ।
? ਤੁਸੀਂ ਜਦੋਂ ਕੋਈ ਪਾਤਰ ਤਿਆਰ ਕਰਦੇ ਹੋ ਤਾਂ ਆਪਣੇ ਆਪ ਨੂੰ ਉਸ ਵਿਚ ਕਿਵੇਂ ਢਾਲਦੇ ਹੋ?
- ਪਹਿਲਾਂ ਤਾਂ ਕਹਾਣੀ ਦੇ ਅਲੱਗ ਅਲੱਘ ਪਾਤਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਡਰਾਮੇ ਦੇ ਹਾਲਾਤ ਨੂੰ ਮਨ ਵਿਚ ਵਸਾਉਂਦਾ ਹਾਂ। ਫਿਰ ਆਪਣੇ ਕਿਰਦਾਰ ਦੀਆਂ ਆਦਤਾਂ, ਸੁਭਾਅ ਤੇ ਪਹਿਰਾਵੇ ਆਦਿ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ।
? ਕੈਨੇਡਾ ਵਿਚ ਪੰਜਾਬੀ ਰੰਗਮੰਚ ਦੀ ਪੱਧਰ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
- ਅਸੀਂ ਇੰਡੀਆ ਨਾਲੋਂ ਪਿੱਛੇ ਹਾਂ। ਉਸ ਦੀ ਵਜ੍ਹਾ ਹੈ ਡਰਾਮੇ ਦੇ 'ਸਬਜੈਕਟਸ' ਦੀ ਚੋਣ। ਜੇਕਰ ਨਾਟਕ ਕੈਨੇਡੀਅਨ ਸਮਾਜ ਬਾਰੇ ਲਿਖੇ ਜਾਣ ਅਤੇ ਪੇਸ਼ ਕੀਤੇ ਜਾਣ ਤਾਂ ਵਧੀਆ ਰਹੇਗਾ। ਵੈਸੇ ਥੋੜ੍ਹੀ ਜਿਹੀ 'ਪਰੋਗਰੈਸ' ਹੋਈ ਹੈ ਇਸ ਪਾਸੇ। ਪਰ ਡਾਇਰੈਕਟਰ ਦੀ ਘਾਟ ਬਹੁਤ ਰੜਕਦੀ ਹੈ। ਬਾਕੀ ਕੈਨੇਡੀਅਨ ਰੰਗ ਮੰਚ ਨਾਲੋਂ ਅਸੀਂ ਹਰ ਪੱਖੋਂ ਬਹੁਤ ਪਿੱਛੇ ਹਾਂ।
? ਕੈਨੇਡਾ ਦੇ ਪੰਜਾਬੀ ਰੰਗਮੰਚ ਵਿਚ ਅਦਾਕਾਰੀ ਦਾ ਪੱਧਰ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ?
- ਕਈ ਕਲਾਕਾਰ ਤਾਂ ਬਹੁਤ ਚੰਗੇ ਨੇ ਜਿਨ੍ਹਾਂ ਵਿਚ ਹਰ ਉਮਰ ਦੇ ਇਸਤਰੀ ਅਤੇ ਮਰਦ ਕਲਾਕਾਰ ਸ਼ਾਮਿਲ ਹਨ। ਮੈਂ ਤਾਂ ਇਹ ਵੀ ਕਹਿੰਦਾ ਹਾਂ ਕਿ ਪੰਜਾਬੀ ਫਿਲਮਾਂ ਨਾਲੋਂ ਵਧੀਆ ਕਲਾਕਾਰ ਵੈਨਕੂਵਰ ਵਿਚ ਮੌਜੂਦ ਹਨ ਪਰ ਉਨ੍ਹਾਂ ਤੋਂ ਕੰਮ ਲੈਣ ਵਾਲਾ ਡਾਇਰੈਕਟਰ 'ਐਬਸੈਂਟ' ਹੈ। ਇਕ ਚੰਗਾ ਡਾਇਰੈਕਟਰ ਸਾਧਾਰਨ ਕਲਾਕਾਰ ਤੋਂ ਵੀ ਵਧੀਆ ਕੰਮ ਕਰਵਾ ਸਕਦਾ ਹੈ।
? ਇਸ ਸਥਿਤੀ ਨੂੰ ਸੁਧਾਰਨ ਲਈ ਕੀ ਕੁਝ ਹੋਣਾ ਚਾਹੀਦਾ ਹੈ।
- 'ਡੈਡੀਕੇਸ਼ਨ' ਵਾਲੇ ਬੰਦਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ। 'ਪਲੇ' ਦੇ 'ਸਬਜੈਕਟ' ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਨਾ ਕਿ 'ਪੋਲੀਟਿਕਸ' ਨਾਲ। ਸਾਨੂੰ ਪੰਜਾਬੀ ਕਲਚਰਲ ਨੂੰ 'ਪਰਮੋਟ' ਕਰਨ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਖਾਸ ਸਿਆਸੀ ਪਾਰਟੀ ਨੂੰ। ਕਲਾਕਾਰ ਸੱਭ ਦਾ ਸਾਂਝਾ ਹੁੰਦਾ ਹੈ। ਜਿੱਥੇ ਗਰੁੱਪ ਵਿਚ ਸਿਆਸਤ ਆ ਵੜੇਗੀ ਉਥੇ ਕਲਾਕਾਰ ਜ਼ਿਆਦਾ ਦੇਰ ਨਹੀਂ ਟਿਕੇਗਾ ਜਾਂ ਫਿਰ ਕਲਾਕਾਰ ਵੀ ਉਸੇ ਹੀ ਸਿਆਸੀ ਸੋਚ ਦਾ ਧਾਰਨੀ ਹੋਵੇ ਜਿਸ ਦਾ ਗਰੁੱਪ ਹੈ।
? ਭਵਿੱਖ ਦੀ ਕੋਈ ਯੋਜਨਾ?
-ਜੇਕਰ ਫਿਲਮਾਂ ਵਿਚ ਕੰਮ ਮਿਲਿਆ ਹਿੰਦੀ ਪੰਜਾਬੀ ਤੇ ਇੰਗਲਿਸ਼ ਆਦਿ ਚੰਗੀਆਂ ਫਿਲਮਾਂ ਵਿਚ ਕੰਮ ਮਿਲਿਆ ਤਾਂ ਜ਼ਰੂਰੀ ਕਰਾਂਗੇ। ਹੁਣ ਕੈਨੇਡਾ ਵਿਚ ਚੱਲ ਰਹੇ ਲੜੀਵਾਰ 'ਤੇਰੀ ਮੇਰੀ ਦੁਨੀਆਂ' ਸੀਰੀਅਲ ਵਿਚ ਕੰਮ ਕਰ ਰਿਹਾ ਹਾਂ। ਉਨ੍ਹਾਂ ਦੇ ਨਵੇਂ ਆ ਰਹੇ ਸੀਰੀਅਲ ਵਿਚ ਵੀ ਕੰਮ ਕਰਦਾ ਰਹਾਂਗਾ। ਉਸ ਸੀਰੀਅਲ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਜਸਪ੍ਰੀਤ ਕੌਰ ਹਨ ਜਿਹੜੇ ਬੁਹਤ ਵਧੀਆ ਲੇਖਕ ਵੀ ਹਨ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਬਹੁਤ ਵਧੀਆ ਸੀਰੀਅਲ ਬਣਿਆ ਕਰਨੇਗਾ।
? ਤੁਹਾਡਾ ਐਡਰੈਸ ਕੀ ਹੈ?

- B.K. Singh, Bhavkhandan S. Rakhra, 6733, Fraser St. Vancouver B.C. (Canada)