ਬਾਈ ਆਸਟ੍ਰੇਲੀਆ ਤਾਂ ਫੋਟੋਆਂ ਵਿੱਚ ਹੀ ਸੋਹਣਾ ਲੱਗਦਾ ਹੈ

ਬਲਜੀਤ ਖੇਲਾ ''ਸਿਡਨੀ''

ਆਪਣੇ ਸੋਹਣੇ ਵਤਨ ਭਾਰਤ ਨੂੰ ਆਪਣੇ ਹੀ ਦੇਸ਼ ਦੇ ਨੇਤਾਵਾਂ ਦੀ ਬੁਰੀ ਅਤੇ ਲਾਲਚੀ ਨਜਰ ਲੱਗਣ ਕਾਰਨ ਲੱਖਾਂ ਕਰੋੜਾਂ ਹੀ ਨੌਜਵਾਨ ਉੱਚੀਆਂ ਪੜ੍ਹਾਈਆਂ ਕਰਕੇ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਸਿਫਾਰਿਸ਼ ਤੇ ਪੈਸਾ ਨਾ ਹੋਣ ਕਰਕੇ ਬੇਰੁਜਗਾਰੀ ਦਾ ਠੱਪਾ ਲਗਵਾ ਕੇ ਵਿਹਲੇ ਘੁੰਮ ਰਹੇ ਹਨ।ਇੰਨੀ ਪੜਾਈ ਲਿਖਾਈ ਕਰਕੇ ਇਹ ਨੌਜਵਾਨ ਖੇਤਾਂ ਵਿੱਚ ਕੰਮ ਕਰਨ ਵਿੱਚ ਵੀ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਕਿਉਂਕਿ ਜੇਕਰ ਖੇਤਾਂ ਵਿੱਚ ਹੀ ਕੰਮ ਕਰਨਾ ਸੀ ਤਾਂ ਇੰਨਾ ਪੜ੍ਹਣ ਲਿਖਣ ਦਾ ਵੀ ਕੀ ਫਾਇਦਾ।ਇਸੇ ਹੀ ਬੇਰੁਜਗਾਰੀ ਤੋਂ ਤੰਗ ਆ ਕੇ ਇਹ ਮੇਰੇ ਵੀਰ ਅੱਜਕੱਲ੍ਹ ਜਹਿਰ ਰੂਪੀ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ ਜੋ ਕਿ ਪੰਜਾਬ ਦੀ ਜੁਆਨੀ ਖਤਮ ਹੋਣ ਦਾ ਬਹੁਤ ਹੀ ਖਤਰਨਾਕ ਸੰਕੇਤ ਹੈ।ਇਸੇ ਕਰਕੇ ਜੁਆਨ ਹੋ ਰਹੇ ਮੁੰਡੇ ਕੁੜੀਆਂ ਅੱਜ ਕੱਲ੍ਹ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਬਣ ਰਹੇ ਹਨ।ਕਿਉਂ ਕਿ ਸਾਡੇ ਮਾਂ ਪਿਓ ਵਿਦੇਸ਼ੀ ਗੋਰੇ ਤਾਂ ਨਹੀਂ ਹਨ ਕਿ ਜੇਕਰ ਜੁਆਨ ਪੁੱਤ ਜਾਂ ਧੀ ਕਿਸੇ ਗਲਤ ਕੰਮ ਵਿੱਚ ਪੈ ਗਿਆ ਤਾਂ ਕੋਈ ਫਿਕਰ ਨਹੀਂ ਕਰਨਗੇ।ਸਾਡੇ ਤਾਂ ਮਾਂ ਪਿਓ ਸਾਡੇ ਜਨਮ ਤੋਂ ਲੈ ਕੇ ਚਾਹੇ ਅਸੀਂ ਜਿੰਨੇ ਵੀ ਮਰਜੀ ਵੱਡੇ ਹੋ ਜਾਈਏ ਹਮੇਸ਼ਾਂ ਹੀ ਸਾਡੇ ਭਵਿੱਖ ਨੂੰ ਵਧੀਆ ਬਨਾਉਣ ਲਈ ਸੋਚਦੇ ਰਹਿਣਗੇ।ਆਪਣੀ ਇਸ ਚਿੰਤਾ ਨੂੰ ਦੂਰ ਕਰਨ ਲਈ ਆਪਣੇ ਦੇਸ਼ ਵਿੱਚ ਡਿਗਰੀਆਂ ਲੈ ਕੇ ਘੁੰਮ ਰਹੇ ਨੌਜਵਾਨਾਂ ਨੂੰ ਦੇਖ ਆਪਣੇ ਬੱਚਿਆਂ ਦਾ ਕੋਈ ਵੀ ਭਵਿੱਖ ਨਾ ਦਿਸਦਾ ਹੋਣ ਕਰਕੇ ,ਆਪਣੇ ਬੱਚਿਆਂ ਦੇ ਵਧੀਆ ਭਵਿੱਖ ਬਨਾਉਣ ਲਈ ਅੱਜ ਕੱਲ੍ਹ ਮਾਪੇ ਆਪਣੇ ਜਿਗਰ ਦੇ ਟੁਕੜਿਆਂ ਜਾਣੀ ਕਿ ਬੱਚਿਆਂ ਨੂੰ ਦਿਲ ਉੱਤੇ ਪੱਥਰ ਰੱਖ ਕੇ ਆਪਣੀਆਂ ਅੱਖਾਂ ਤੋਂ ਦੂਰ ਸੱਤ ਸਮੁੰਦਰੀ ਪਾਰ ਬੇਗਾਨੇ ਮੁਲਕਾਂ ਖਾਸ ਕਰ ਆਸਟ੍ਰੇਲੀਆ ਵਰਗੇ ਦੇਸ਼ਾਂ ਵੱਲ ਨੂੰ ਧੜਾਧੜ ਭੇਜੀ ਜਾ ਰਹੇ ਹਨ।
ਆਸਟ੍ਰੇਲੀਆ ਦੇ ਕਿਸੇ ਵੀ ਵੱਡੇ ਸ਼ਹਿਰ ਜਿਵੇਂ ਕਿ ਸਿਡਨੀ,ਮੈਲਬੌਰਨ,ਐਡੀਲੇਡ ਜਾਂ ਬ੍ਰਿਸਬੇਨ ਅਤੇ ਹੋਰਨਾਂ ਸ਼ਹਿਰਾਂ ਵਿੱਚ ਅੱਜ ਤੋਂ ਦਸ ਪੰਦਰਾਂ ਸਾਲ ਪਹਿਲਾਂ ਦੇ ਮੁਕਾਬਲੇ ਪੰਜਾਬੀਆਂ ਦੀ ਗਿਣਤੀ ਵਿੱਚ ਇਹਨਾਂ ਵਿਦਿਆਰਥੀਆਂ ਦੇ ਆਉਣ ਨਾਲ ਚੋਖਾ ਵਾਧਾ ਹੋਇਆ ਹੈ।ਸਿਡਨੀ ਦੇ ਲਗਭਗ ਹਰ ਪੈਟਰੋਲ ਪੰਪ ,ਹਰ ਇੰਡੀਅਨ ਜਾਂ ਏਸ਼ੀਅਨ ਰੈਸਟੋਰੈਂਟ,ਲਗਭਗ ਹਰ ਸ਼ਾਪਿੰਗ ਸੈਂਟਰ ਵਿੱਚ ,ਮੈਲਬੌਰਨ ਦੀ ਲਗਭਗ ਹਰ ਟੈਕਸੀ ਵਿੱਚ ,ਲਗਭਗ ਹਰ ਸਕਿਉਰਟੀ ਕੰਪਨੀ ਵਿੱਚ ਮੈਲਬੌਰਨ ਦੇ ਨੇੜਲੇ ਫਾਰਮਾਂ ਵਿੱਚ ਅਤੇ ਆਸਟ੍ਰੇਲੀਆ ਦੇ ਹੋਰ ਵੱਖ ਵੱਖ ਸ਼ਹਿਰਾਂ ਵਿੱਚ ਕੋਈ ਨਾ ਕੋਈ ਪੰਜਾਬੀ ਵਿਦਿਆਰਥੀ ਕੰਮ ਕਰਦਾ ਦਿਖਾਈ ਦੇ ਹੀ ਦੇਵੇਗਾ।ਸਿਡਨੀ ਦੇ ਵਿੱਚ ਹੈਰਿਸ ਪਾਰਕ ਅਤੇ ਪੈਰਾਮਾਟਾ ਸਬਰਬਾਂ ਵਿੱਚ ਇਹਨਾਂ ਦੇਸੀ ਵਿਦਿਆਰਥੀਆਂ ਦੀ ਭਰਮਾਰ ਹੈ।ਕਈ ਵਾਰ ਸ਼ਾਮ ਨੂੰ ਹੈਰਿਸ ਪਾਰਕ ਇੰਡੀਅਨ ਰੈਸਟੋਰੈਂਟ ਤੇ ਖਾਣਾ ਖਾਣ ਜਾਈਏ ਤਾਂ ਤਾਂ ਉੱਥੇ ਵਿਗਰਮ ਸਟਰੀਟ ਉੱਤੇ ਢਾਣੀਆਂ ਬਣਾਕੇ ਘੁੰਮਦੇ ਇਹਨਾਂ ਮੁੰਡਿਆਂ ਨੂੰ ਦੇਖ ਕੇ, ਨਵਾਂਸ਼ਹਿਰ ਦੇ ਕੋਠੀ ਰੋਡ ਅਤੇ ਬੱਸ ਅੱਡੇ ਉੱਤੇ ਕਾਲਿਜੋਂ ਛੁੱਟੀ ਹੋਣ ਵੇਲੇ ਮੋਟਰਸਾਈਕਲਾਂ ਦੀਆਂ ਲਾਈਨਾਂ ਬਣਾ ਕੇ ਗੇੜੀਆਂ ਮਾਰਨ ਵਾਲੇ ਆਪਣੇ ਯਾਰਾਂ ਦੇ ਚਿਹਰੇ ਆਪ ਮੁਹਾਰੇ ਅੱਖਾਂ ਸਾਹਮਣੇ ਆ ਜਾਂਦੇ ਹਨ ।ਮੈਂ ਵੀ ਵਿਗਰਮ ਸਟਰੀਟ ਤੇ ਘੁੰਮਦੇ ਇਹਨਾਂ ਪੰਜਾਬੀ ਮੁੰਡਿਆਂ ਵਿੱਚੋਂ ਆਪਣੇ ਯਾਰਾਂ ਦੇ ਚਿਹਰੇ ਲੱਭਣ ਦੀ ਕੋਸ਼ਿਸ ਕਰਨ ਲੱਗ ਜਾਂਦਾ ਹਾਂ।
ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਆਸਟ੍ਰੇਲੀਆ ਅਤੇ ਨਿਊਜੀਲੈਂਡ ਵਿੱਚ ਸਾਡੇ ਵਲੋਂ ਪੰਜਾਬੀ ਵਿਰਸਾ ਸ਼ੋਅ ਕਰਾਉਣ ਕਰਕੇ ਮੈਲਬੌਰਨ ਗਿਆ ਤਾਂ ਉੱਥੇ ਘੁੰਮਦੇ ਘੁੰਮਾਉਂਦੇ ਨੂੰ ਬਿਲਕੁਲ ਅਜਿਹਾ ਹੀ ਮਾਹੌਲ ਮੈਲਬੌਰਨ ਦੀ ਸਬਰਬ ਕਲੇਟਨ ਦੀਆਂ ਸਟਰੀਟਾਂ ਅਤੇ ਮੈਲਬੌਰਨ ਸ਼ਹਿਰ ਦੇ ਫਲਿੰਡਰ ਸਟਰੀਟ ਉੱਤੇ ਬਣੇ ਰੇਲਵੇ ਸਟੇਸ਼ਨ ਤੇ ਘੁੰਮਦਿਆਂ ਮਿਲਿਆ ਕਿਉਂਕਿ ਉੱਥੇ ਆਉਣ ਵਾਲਿਆਂ ਵਿੱਚੋਂ ਹਰ ਤੀਜਾ ਜਾਂ ਚੌਥਾ ਚਿਹਰਾ ਪੰਜਾਬੀ ਨੌਜਵਾਨਾਂ ਦਾ ਸੀ। ਕਲੇਟਨ ਵਿੱਚ ਤਾਂ ਹਰ ਦੁਕਾਨ ਇੰਡੀਅਨ ਗਰੋਸਰੀ ਸਟੋਰ ਹੈ ਹਰ ਰੈਸਟੋਰੈਂਟ ਇੰਡੀਅਨ ਹੈ ਹਰ ਅਪਾਰਟਮੈਂਟ ਵਿੱਚ ਧੋ ਕੇ ਸੁੱਕਣ ਵਾਲੇ ਸੂਟਾਂ ਤੋਂ ਪਤਾ ਲਗ ਰਿਹਾ ਸੀ ਕਿ ਇੱਥੇ ਬਹੁਤਾਤ ਪੰਜਾਬੀਆਂ ਜਾਂ ਭਾਰਤੀਆਂ ਦੀ ਹੈ।ਸ਼ਾਮ ਨੂੰ ਕਲੇਟਨ ਵਿੱਚ ਰਹਿੰਦੇ ਜਾਣ ਪਹਿਚਾਣ ਵਾਲੇ ਦੋਸਤਾਂ ਨੂੰ ਸ਼ੋਅ ਦੇ ਪੋਸਟਰ ਅਤੇ ਟਿਕਟਾਂ ਦੇ ਕੇ ਜਦੋਂ ਕਲੇਟਨ ਦੇ ਰੇਲਵੇ ਸਟੇਸ਼ਨ ਵੱਲ੍ਹ ਨੂੰ ਤੁਰ ਰਿਹਾ ਸਾਂ ਤਾਂ ਹਰ ਰੈਸਟੋਰੈਂਟ ਤੇ ਹਰ ਦੁਕਾਨ ਵਿੱਚੋਂ ਪੰਜਾਬੀ ਗਾਣਿਆਂ ਦੀਆਂ ਆਵਾਜਾਂ ਸੁਨਣ ਨੂੰ ਮਿਲ ਰਹੀਆਂ ਸਨ ।ਸਟਰੀਟ ਉੱਤੇ ਘੁੰਮਣ ਵਾਲਿਆਂ ਵਿੱਚੋਂ ਜਿਆਦਤਰ ਗਿਣਤੀ ਪੰਜਾਬੀ ਮੁੰਡੇ ਕੁੜੀਆਂ ਦੀ ਹੀ ਸੀ।
ਇਹਨਾਂ ਘੁੰਮ ਰਹੇ ਮੰਡੇ ਕੁੜੀਆਂ ਦੇ ਚਿਹਰਿਆਂ ਤੇ ਧਿਆਨ ਨਾਲ ਦੇਖਣ ਤੇ ਇੱਕ ਚਿੰਤਾ ,ਇੱਕ ਉਦਾਸੀ ਦੀ ਝਲਕ ਜਿਹੀ ਮਹਿਸੂਸ ਹੋਈ। ਕਿਉਂਕਿ ਮਾਂ ਪਿਓ ਦੀ ਛਤਰ ਛਾਇਆ ਹੇਠ ਲਾਡਾਂ ਚਾਵਾ ਨਾਲ ਪਲ਼ੇ ਇਹ ਮੁੰਡੇ ਕੁੜੀਆਂ ਜਦੋਂ ਇਹਨਾਂ ਬੇਗਾਨੇ ਮੁਲਕਾਂ ਵਿੱਚ ਆ ਕੇ ਜਿੰਦਗੀ ਦੀਆਂ ਅਸਲੀਅਤ ਭਰੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਹਨ ਤਾਂ ਇਹਨਾਂ ਚਿੰਤਾਵਾਂ ਅਤੇ ਉਦਾਸੀਆਂ ਦਾ ਚਿਹਰੇ ਉੱਤੇ ਉੱਭਰ ਆਣਾ ਤਾਂ ਸੁਭਾਵਿਕ ਹੀ ਹੈ।ਖੈਰ ਇਹ ਸਾਰਾ ਮਾਹੌਲ ਵੇਖਦਾ ਵੇਖਦਾ ਮੈਂ ਕਲੇਟਨ ਸਟੇਸ਼ਨ ਤੇ ਪਹੁੰਚ ਗਿਆ ਤੇ ਆਪਣੇ ਵੱਡੇ ਵੀਰ ਦੇ ਦੋਸਤ ਹਰਜਿੰਦਰ ਗੁੱਲਪੁਰ ਜੋ ਕਿ ''ਅਜੀਤ ਅਖਬਾਰ'' ਦੇ ਕਾਲਮਨਵੀਸ ਹਨ ਤੇ ਪਿੱਛਿਓਂ ਵੀ ਸਾਡੇ ਗੁਆਂਢੀ ਪਿੰਡ ਗੁੱਲਪੁਰ ਦੇ ਰਹਿਣ ਵਾਲੇ ਹਨ ਦੇ ਸਪੁੱਤਰ ਕ੍ਰਾਂਤੀਵੀਰ ਜੋ ਕਿ ਪੜ੍ਹਣ ਲਈ ਮੈਲਬੌਰਨ ਆਇਆ ਹੋਇਆ ਹੈ।ਉਸ ਨੂੰ ਮਿਲਣ ਲਈ ਫਲਿੰਡਰ ਸਟਰੀਟ ਦੇ ਰੇਲਵੇ ਸਟੇਸ਼ਨ ਜਾਣ ਵਾਲੀ ਟਰੇਨ ਵਿੱਚ ਚੜ੍ਹ ਗਿਆ।ਫਲਿੰਡਰ ਸਟਰੀਟ ਸਟੇਸ਼ਨ ਤੇ ਪਹੁੰਚ ਕੇ ਕ੍ਰਾਂਤੀ ਦਾ ਇੰਤਜਾਰ ਕਰਨ ਲੱਗ ਪਿਆ ਤਾਂ ਕ੍ਰਾਂਤੀ ਦਾ ਫੋਨ ਆਇਆ ਕਿ ਉਹ ਟਰੇਨ ਲੇਟ ਹੋਣ ਕਰਕੇ ਦਸ ਕੁ ਮਿੰਟ ਦੇਰ ਨਾਲ ਆਵੇਗਾ ਤਾਂ ਮੈਂ ਸੋਚਿਆ ਕਿ ਚਲੋ ਸਟੇਸ਼ਨ ਤੋਂ ਬਾਹਰ ਨਿਕਲ ਕੇ ਘੁੰਮਦਾ ਹਾਂ।ਜਦੋਂ ਮੈਂ ਬਾਹਰ ਨਿਕਲਿਆ ਤਾਂ ਬਹੁਤ ਹੀ ਹੈਰਾਨੀ ਜਹੀ ਵੀ ਤੇ ਖੁਸ਼ੀ ਵੀ ਹੋਈ ਕਿ ਹਰ ਪਾਸੇ ਭਾਰਤੀ ਸਟੂਡੈਂਟ ਹੀ ਘੁੰਮ ਰਹੇ ਹਨ। ਓਥੋਂ ਲੰਘ ਰਹੀ ਹਰ ਪੀਲੇ ਰੰਗ ਦੀ ਟੈਕਸੀ ਵਿੱਚ ਲਗਭਗ ਹਰ ਡਰਾਈਵਰ ਪੰਜਾਬੀ ਜਾਂ ਭਾਰਤੀ ਸੀ। ਭੁੱਖ ਲੱਗੀ ਹੋਣ ਕਰਕੇ ਮੈਂ ਲਾਗਲੇ ਮੈਕਡੋਨਲਡ ਵਿੱਚ ਗਿਆ ਤਾਂ ਓਥੇ ਕੰਮ ਕਰਨ ਵਾਲੇ ਸਾਰੇ ਹੀ ਮੁੰਡੇ ਕੁੜੀਆਂ ਭਾਰਤੀ ਸਨ।
ਖੈਰ ਮੈਕਡੋਨਲਡ ਲੈ ਕੇ ਖਾ ਕੇ ਹਟਿਆ ਤਾਂ ਕ੍ਰਾਂਤੀ ਦਾ ਫੋਨ ਆ ਗਿਆ ਕਿ ਉਹ ਸਟੇਸ਼ਨ ਤੇ ਪਹੁੰਚ ਗਿਆ ਹੈ। ਤਾਂ ਮੈਂ ਉਸਨੂੰ ਮਿਲਣ ਲਈ ਸਟੇਸ਼ਨ ਦੇ ਅੰਦਰ ਚਲੇ ਗਿਆ ਤਾਂ ਅੱਗਿਓਂ ਇੱਕ ਮਾੜਕੂ ਜਿਹਾ ਛਟੀਂਕ ਮੁੰਡਾ ਤੁਰਿਆ ਆ ਰਿਹਾ ਸੀ ਜੋ ਕਿ ਮੈਨੂੰ ਦੇਖ ਕੇ ਹੱਸ ਰਿਹਾ ਸੀ ਜਦੋਂ ਕੋਲ ਆਇਆ ਤਾਂ ਉਹ ਤਾਂ ਕ੍ਰਾਂਤੀ ਸੀ ਉਸਨੂੰ ਗਲੇ ਮਿਲ ਕੇ ਉੱਥੇ ਹੀ ਸਟੇਸ਼ਨ ਅੰਦਰ ਬਣੇ ਕੈਫੇ ਤੇ ਬੈਠ ਗਏ ਪਰ ਕ੍ਰਾਂਤੀ ਨੂੰ ਮਿਲ ਕੇ ਮੈਨੂੰ ਬਹੁਤ ਹੀ ਹੈਰਾਨੀ ਹੋਈ ਕਿਉਂਕਿ ਮੈਂ ਉਸ ਕ੍ਰਾਂਤੀ ਨੂੰ ਲਗਭਗ ਤਿੰਨ ਸਾਲ ਦੇ ਬਾਅਦ ਦੇਖ ਰਿਹਾ ਸਾਂ ਜੋ ਕਿ ਸਾਡੇ ਇਲਾਕੇ ਫੁੱਟਬਾਲ ਦੇ ਗਿਣਵੇਂ ਚੁਣਵੇਂ ਖਿਡਾਰੀਆਂ ਵਿੱਚੋਂ ਇੱਕ ਸੀ ਅਤੇ ਫੁੱਟਬਾਲ ਖੇਡਣ ਵੇਲੇ ਬਾਲ ਨੂੰ ਕਿੱਕ ਕਰਕੇ ਇੱਕ ਪਾਸੇ ਦੇ ਗੋਲ ਪੋਸਟ ਤੋਂ ਦੂਜੇ ਪਾਸੇ ਦੇ ਗੋਲ ਪੋਸਟ ਤੀਕ ਆਸਾਨੀ ਨਾਲ ਪਹੁੰਚਾ ਦਿੰਦਾ ਸੀ।ਅੱਜ ਉਸ ਕ੍ਰਾਂਤੀ ਨੂੰ ਸਖਤ ਕੰਮ ਕਰ ਕਰ ਕੇ ਮਾੜਕੂ ਜਿਹਾ ਬਣਿਆ ਦੇਖ ਕੇ ਮੈਥੋਂ ਉਸਨੂੰ ਪੁੱਛੇ ਤੋਂ ਬਿਨਾਂ ਰਿਹਾ ਨਾ ਗਿਆ ਕਿ ਕ੍ਰਾਂਤੀ ਯਾਰ ਤੂੰ ਇੰਨਾ ਕਮਜੋਰ ਕਿਉਂ ਹੋ ਗਿਆ ਏਂ?ਤਾਂ ਅੱਗਿਓਂ ਕ੍ਰਾਂਤੀ ਬੋਲਆ ਕਿ ਭਾਜੀ ਇੱਥੇ ਕਿਹੜੀ ਮਾਂ ਬੈਠੀ ਹੈ ਜਿਹਨੇ ਹਰ ਰੋਜ ਸਵੇਰ ਨੂੰ ਘਿਓ ਨਾਲ ਚੋਪੜੇ ਹੋਏ ਪਰਾਂਠੇ ਖੁਆਣੇ ਨੇ।ਕਈ ਵਾਰ ਤਾਂ ਸੌਣ ਦੇ ਲਾਲਚ ਵਿੱਚ ਪਾਣੀ ਜਾਂ ਦੁੱਧ ਦਾ ਗਲਾਸ ਅੰਦਰ ਸੁੱਟ ਕੇ ਹੀ ਸੌਂ ਜਾਈਦਾ ਹੈ ਅਤੇ ਸਵੇਰੇ ਉੱਠ ਕੇ ਪੜ੍ਹਣ ਲਈ ਯੁਨੀਵਰਸਿਟੀ ਅਤੇ ਉੱਥੋਂ ਸਿੱਧੇ ਹੀ ਕੰਮ ਤੇ ਚਲੇ ਜਾਈਦਾ ਹੈ।
ਇਵੇਂ ਹੀ ਗੱਲਾਂ ਕਰਦਿਆਂ ਕਰਦਿਆਂ ਮੇਰੀ ਨਜਰ ਉਸਦੇ ਹੱਥਾਂ ਤੇ ਪਈ ਜੋ ਜਖਮੀ ਹਏ ਪਏ ਸਨ ਮੇਰੇ ਵਲੋਂ ਉਸਨੂੰ ਪੁੱਛਣ ਤੇ ਉਸਨੇ ਦੱਸਿਆ ਕਿ ਯੁਨੀਵਰਸਿਟੀ ਤੋਂ ਛੁੱਟੀਆਂ ਹੋਣ ਕਰਕੇ ਉਹ ਆਪਣੇ ਦੋਸਤਾਂ ਨਾਲ ਫੁੱਲ ਟਾਈਮ ਕੰਮ ਕਰਨ ਲਈ ਗ੍ਰਿਫਿਥ ਖੇਤਾਂ ਵਿੱਚ ਚਲਿਆ ਗਿਆ ਸੀ। ਉੱਥੇ ਸੰਗਤਰੇ ਤੋੜਦੇ ਤੋੜਦੇ ਉਸਦੇ ਹੱਥ ਛਿੱਲੇ ਗਏ ।ਇਹ ਸੁਣ ਕੇ ਅਤੇ ਦੇਖ ਕੇ ਮਨ ਪਸੀਚ ਗਿਆ ਅਤੇ ਅਹਿਸਾਸ ਹੋਇਆ ਕਿ ਵਿਦਿਆਰਥੀਆਂ ਦੀ ਜਿੰਦਗੀ ਕਿੰਨੀ ਕੁ ਔਖੀ ਹੈ।ਇਸ ਪੱਖੋਂ ਮੈਂ ਤਾਂ ਕਿਸਮਤ ਵਾਲਾ ਰਿਹਾ ਕਿ ਮੈਨੂੰ ਇਹਨਾਂ ਮੁਸੀਬਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਪੱਕੇ ਤੌਰ ਤੇ ਹੀ ਇੱਥੇ ਆ ਗਿਆ।ਪਰ ਮੈਥੋਂ ਵੱਡਾ ਵੀਰ ਵੀ ਅੱਜ ਤੋਂ ਕਰੀਬ 8 ਕੁ ਸਾਲ ਪਹਿਲਾਂ ਇਹਨਾਂ ਹੀ ਮੁਸੀਬਤਾਂ ਵਿੱਚੋਂ ਲੰਘ ਕੇ ਹੀ ਸੈੱਟ ਹੋਇਆ ਹੋਵੇਗਾ ਸੋਚ ਕੇ ਮਨ ਨੂੰ ਕੰਬਣੀ ਜਿਹੀ ਛਿੜ ਗਈ।
ਖੈਰ ਸਟੇਸ਼ਨ ਤੇ ਬੈਠਿਆਂ ਗੱਲਾਂਬਾਤਾਂ ਕਰਦਿਆਂ ਕ੍ਰਾਂਤੀ ਨੂੰ ਮੈਂ ਪੁੱਛਿਆ ਕਿ ਯਾਰ ਇੱਥੋਂ ਦੇ ਕਈ ਆਪੂ ਨੇਤਾ ਬਣੀ ਲੋਕ ਇੱਥੇ ਪੜ੍ਹਣ ਆਏ ਵਿਦਿਆਰਥੀਆਂ ਵਾਰੇ ਬਹੁਤ ਗਲਤ ਗੱਲਾਂ ਕਰਦੇ ਹਨ ਕਿ ਵਿਦਿਆਰਥੀ ਬਹੁਤ ਗਲਤ ਕੰਮ ਕਰਦੇ ਹਨ ਲੜਾਈਆਂ ਝਗੜੇ ਕਰਦੇ ਹਨ ਆਦਿ ਤਾਂ ਕ੍ਰਾਂਤੀ ਮੈਨੂੰ ਦੱਸਣ ਲੱਗਾ ਕਿ ਥੋੜੀਆਂ ਜਿਹੀਆਂ ਗੰਦੀਆਂ ਮੱਛੀਆਂ ਨੇ ਸਾਨੂੰ ਸਾਰੇ ਹੀ ਵਿਦਿਆਰਥੀਆਂ ਨੂੰ ਬਦਨਾਮ ਕਰ ਦਿੱਤਾ ਹੈ।ਕੁੱਝ ਕੁ ਮੁੰਡੇ ਕੁੜੀਆਂ ਹਨ ਜੋ ਗਲਤ ਕੰਮ ਕਰਦੇ ਹਨ ਜਿਹਨਾਂ ਕਰਕੇ ਸਾਰੇ ਹੀ ਵਿਦਿਆਰਥੀਆਂ ਦਾ ਨਾਮ ਖਰਾਬ ਹੁੰਦਾ ਹੈ। ਦਿਨ ਢਲਣ ਲੱਗ ਪਿਆ ਅਤੇ ਮੈਲਬੌਰਨ ਰਹਿੰਦੇ ਮੇਰੀ ਮਾਸੀ ਜੀ ਦੇ ਲੜਕੇ ਮੇਰੇ ਮਸੇਰ ਭਾਈ ਜੱਸੀ ਭਾਜੀ ਨੇ ਮੈਨੂੰ ਫੋਨ ਕਰ ਕੇ ਤਾਕੀਦ ਕੀਤੀ ਕਿ ਮੈਂ ਘਰ ਆ ਜਾਵਾਂ। ਪਰ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਕ੍ਰਾਂਤੀ ਨੂੰ ਆਪਣੇ ਨਾਲ ਹੀ ਮਸੇਰ ਦੇ ਘਰ ਲੈ ਕੇ ਜਾਵਾਂ।ਉਸ ਨੂੰ ਮੈਂ ਆਪਣੇ ਨਾਲ਼ ਚੱਲਣ ਲਈ ਬਹੁਤ ਜੋਰ ਪਾਇਆ ਪਰ ਉਹ ਕਹਿਣ ਲੱਗਾ ਭਾਜੀ ਅੱਜ ਤਾਂ ਮੈਂ ਦੋਹਰੀ ਸ਼ਿਫਟ ਕਰਨੀ ਹੈ। ਕੰਮ ਮੁਕਾਉਣ ਤੋਂ ਬਾਅਦ ਦੋ ਘੰਟੇ ਸੌਂ ਕੇ ਸਵੇਰੇ ਫਿਰ ਯੁਨੀਵਰਸਿਟੀ ਜਾਣਾ ਹੈ।(ਇੱਥੇ ਮੈਂ ਹੋਰ ਗੱਲ ਵੀ ਸਪੱਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਮੈਲਬੌਰਨ ਵਿੱਚ ਪੰਜਾਬੀ ਵਿਰਸਾ ਦਾ ਸਫਲ ਹੋਣਾ ਮੇਰੇ ਮਸੇਰ ਜੱਸੀ ਧਾਰਨੀ ,ਅਤੇ ਮੇਰੀ ਮਿਹਨਤ ਹੀ ਸੀ ਕਿਉਂਕਿ ਮੇਰੇ ਵੀਰ ਅਮਰਜੀਤ ਨੇ ਆਪ ਆਕਲੈਂਡ ਅਤੇ ਸਿਡਨੀ ਵਾਲੇ ਪ੍ਰੋਗਰਾਮਾਂ ਵਿੱਚ ਮਸਰੂਫ ਹੋਣ ਕਰਕੇ ਮੈਲਬੌਰਨ ਵਾਲੇ ਸ਼ੋਅ ਲਈ ਮੇਰੀ ਅਤੇ ਮੇਰੀ ਪਤਨੀ ਮਨਦੀਪ ਦੀ ਜਿੰਮੇਵਾਰੀ ਲਗਾਈ ਸੀ ਜਿਸਨੂੰ ਅਸੀਂ ਦੋਵਾਂ ਨੇ ਆਪਣੇ ਮਸੇਰ ਭਰਾ ਜੱਸੀ ਭਾਜੀ ਦੀ ਮਦਦ ਨਾਲ ਅਤੇ ਸਮੂਹ ਮੇਲਬੌਰਨ ਵਾਲਿਆਂ ਵਲੋਂ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਹਾਜਰੀ ਲਗਵਾ ਕੇ ਬਾਖੂਬੀ ਨਿਭਾਇਆ ਅਤੇ ਬੇਹੱਦ ਹੀ ਸਫਲ ਸ਼ੋਅ ਮੈਲਬੌਰਨ ਨਿਵਾਸੀਆਂ ਲਈ ਪੇਸ਼ ਕੀਤਾ ਜਿਸ ਦਾ ਸਬੂਤ ਹਜਾਰਾਂ ਹੀ ਈਮੇਲਾਂ ਅਤੇ ਫੋਨ ਕਾਲਾਂ ਹਨ) ਖੈਰ ਕ੍ਰਾਂਤੀ ਨੂੰ ਪੰਜਾਬੀ ਵਿਰਸੇ ਪ੍ਰੋਗਰਾਮ ਵਿੱਚ ਆਉਣ ਲਈ ਟਿਕਟਾਂ ਫੜ੍ਹਾ ਕੇ ਮੈਂ ਏਪਿੰਗ ਜਾਣ ਵਾਲੀ ਟਰੇਨ ਚੜ੍ਹ ਕੇ ਆਪਣੇ ਮਸੇਰ ਦੇ ਘਰ ਵੱਲ੍ਹ ਨੂੰ ਚੱਲ੍ਹ ਪਿਆ।ਟਰੇਨ ਵਿੱਚ ਬੈਠਾ ਵੀ ਕ੍ਰਾਂਤੀ ਵਲੋਂ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਭਰੇ ਜੀਵਨ ਵਾਰੇ ਦੱਸੀਆਂ ਗੱਲਾਂ ਦੀਆਂ ਸੋਚਾਂ ਸੋਚਦਾ ਹੋਇਆ ਕਿ ਇਹ ਉਹੀ ਮਾਵਾਂ ਦੇ ਪੰਜਾਬੀ ਪੁੱਤ ਹਨ ਜਿਹਨਾਂ ਨੇ ਪੰਜਾਬ ਰਹਿੰਦਿਆਂ ਪਾਣੀ ਦਾ ਗਲਾਸ ਤੱਕ ਵੀ ਭਰ ਕੇ ਨਹੀਂ ਪੀਤਾ ਹੁੰਦਾ।ਸਗੋਂ ਮਾਂ ਨੂੰ ਹੀ ਹੁਕਮ ਲਗਾਇਆ ਹੁੰਦਾ ਹੈ ਕਿ ਮਾਂ ਮੈਨੂੰ ਪਾਣੀ ਦਾ ਗਿਲਾਸ ਦਿਓ।ਪਰ ਇੱਥੇ ਆ ਕੇ ਜਦੋਂ ਇਹਨਾਂ ਨੂੰ ਕੱਪੜੇ ਧੋਣ ਤੋਂ ਲੈ ਖਾਣਾ ਬਨਾਉਣ ਜਿਹੇ ਕੰਮ ਆਪ ਹੀ ਕਰਨੇ ਪੈਂਦੇ ਹੋਣਗੇ ਅਤੇ ਉੱਤੋਂ ਕੰਮ ਤੇ ਜਾਣਾ ਫਿਰ ਪੜ੍ਹਨ ਲਈ ਯੁਨੀਵਰਸਿਟੀ ਜਾਣਾ।ਇਹ ਸੱਭ ਕੁੱਝ ਕਰਨਾ ਕਿੰਨਾਂ ਮੁਸ਼ਕਿਲ ਲੱਗਦਾ ਹੋਵੇਗਾ ਤੇ ਮਾਂ ਦੀ ਮਮਤਾ ਅਸਲੀ ਅਹਿਸਾਸ ਹੁੰਦਾ ਹੋਵੇਗਾ।ਇਹੀ ਸੋਚਾਂ ਸੋਚਦਿਆਂ ਅਤੇ ਮੈਲਬੌਰਨ ਸਿਟੀ ਤੋਂ ਏਪਿੰਗ ਰੇਲਵੇ ਸਟੇਸ਼ਨ ਦੇ ਰਾਹ ਵਿੱਚ ਆਉਣ ਵਾਲੇ ਵੱਖ ਵੱਖ ਸਟੇਸ਼ਨਾਂ ਤੋਂ ਟਰੇਨ ਵਿੱਚ ਉੱਤਰ ਜਾਂ ਚੜ੍ਹ ਰਹੇ ਅਨੇਕਾਂ ਹੀ ਪੰਜਾਬੀ ਮੁੰਡਿਆਂ ਨੂੰ ਦੇਖਦਿਆਂ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਏਪਿੰਗ ਸਟੇਸ਼ਨ ਆ ਗਿਆ ।
ਸਟੇਸ਼ਨ ਤੋਂ ਬਾਹਰ ਨਿਕਲਿਆ ਤਾਂ ਮੇਰਾ ਮਸੇਰ ਜੱਸੀ ਕਾਰ ਵਿੱਚ ਬੈਠਾ ਮੇਰੀ ਉਡੀਕ ਕਰ ਰਿਹਾ ਸੀ।ਉਹ ਕੁੱਝ ਵਾਹਵਾ ਹੀ ਮਜਾਕੀਆ ਸੁਭਾਅ ਦਾ ਹੋਣ ਕਰਕੇ ਸਾਡੀ ਦੋਵਾਂ ਦੀ ਆਪਸ ਵਿੱਚ ਬਹੁਤ ਹੀ ਜਿਆਦਾ ਹੀ ਬਣਦੀ ਹੈ।ਅਸੀਂ ਜਦੋਂ ਵੀ ਕਦੇ ਦੋਵੇਂ ਇਕੱਠੇ ਹੁੰਦੇ ਹਾਂ ਮੌਕਾ ਮਿਲਦੇ ਸਾਰ ਹੀ ਇੱਕ ਦੂਜੇ ਨੂੰ ਮਜਾਕ ਕਰਨਾ ਸ਼ੁਰੂ ਕਰ ਦਿੰਦੇ ਹਾਂ ਇਹ ਸਭ ਕੁੱਝ ਦੇਖ ਕੇ ਮੇਰੀ ਪਤਨੀ ਮਨਦੀਪ ਨੇ ਮੈਨੂੰ ਕਈ ਵਾਰ ਪਾਸੇ ਕਰਕੇ ਕਿਹਾ ਕਿ ਇੰਨਾ ਮਜਾਕ ਕਿਓਂ ਕਰਦੇ ਹੋ ਭਾਜੀ ਨੂੰ ਕਿਤੇ ਗੁੱਸਾ ਨਾ ਕਰ ਜਾਣ, ਮੈਂ ਉਸਨੂੰ ਸਮਝਾਇਆ ਕਿ ਤੂੰ ਫਿਕਰ ਨਾ ਕਰ ਇਹ ਹੋ ਹੀ ਨਹੀਂ ਸਕਦਾ ਕਿ ਜੱਸੀ ਭਾਜੀ ਮੇਰੀ ਕਿਸੇ ਵੀ ਗੱਲ ਦਾ ਗੁੱਸਾ ਕਰ ਜਾਣ ।(ਦਰ ਅਸਲ ਜੱਸੀ ਵੀਰ ਨੇ ਆਪਣੇ ਸਭ ਤੋਂ ਛੋਟੇ ਵੀਰ ਅਤੇ ਸਾਡੀ ਮਾਸੀ ਜੀ ਦੇ ਸਭ ਤੋਂ ਮੁੰਡੇ ਸਾਡੇ ਸਾਰੇ ਹੀ ਰਿਸ਼ਤੇ ਦਾਰਾਂ ਦੇ ਬਹੁਤ ਹੀ ਪਿਆਰੇ ਤੇ ਲਾਡਲੇ ਹਰਪੀ੍ਰਤ ਦੇ ਇੱਕ ਸੜ੍ਹਕ ਹਾਦਸੇ ਦੌਰਾਨ ਸਾਨੂੰ ਸਭ ਨੂੰ ਆਪਣੀ ਭਰ ਜੁਆਨੀ ਵਿੱਚ ਹੀ ਛੱਡ ਜਾਣ ਤੋਂ ਬਾਅਦ ਉਸਨੇ ਹਮੇਸ਼ਾ ਮੈਨੂੰ ਆਪਣੇ ਛੋਟੇ ਵੀਰ ਵਾਂਗੂ ਸਮਝਿਆ ਹੈ ਅਤੇ ਮੈਂ ਵੀ ਹਮੇਸ਼ਾ ਉਸਨੁੰ ਵੱਡੇ ਵੀਰ ਵਾਲੀ ਇੱਜਤ ਦਿੱਤੀ ਹੈ ਕੋਸ਼ਿਸ ਹੁੰਦੀ ਹੈ ਜਦੋਂ ਵੀ ਜਰੂਰਤ ਹੋਵੇ ਤਾਂ ਇੱਕ ਦੂਜੇ ਲਈ ਬਿਲਕੁਲ ਭਰਾਵਾਂ ਵਾਂਗੂ ਬਾਹਵਾਂ ਬਣੀਏ)।ਮੈਨੂੰ ਸਟੇਸ਼ਨ ਤੋਂ ਬਾਹਰ ਤੁਰੇ ਨੂੰ ਆਉਂਦੇ ਨੂੰ ਦੇਖ ਕੇ ਕੋਲ ਆਉਣ ਤੇ ਬੋਲਿਆ ''ਕਿੱਦਾਂ ਪਰੁਹਣਿਆ ਘੁੰਮ ਲਿਆ ਮੈਲਬੌਰਨ'' ਚੱਲ ਆਜਾ ਬੈਠ ਕਾਰ ਵਿੱਚ ਥੱਕ ਗਿਆ ਹੋਣੈ ਤੈਨੂੰ ਕਿੰਨਾ ਜੋਰ ਲਾਇਆ ਸੀ ਕੇ ਕਾਰ ਲੈ ਜਾ ਹੁਣ ਦੇਖ ਕਿਵੇਂ ਮੂੰਹ ਲਟਕਾਈ ਤੁਰਿਆ ਆਉਂਦਾ ਏਂ, ਘਰੇ ਚੱਲ ਕੇ ਤੇਰਾ ਥਕੇਵਾਂ ਲਾਹੁੰਦਾ ਹਾਂ।ਮੈਨੂੰ ਚੁੱਪ ਜਿਹਾ ਬੈਠਾ ਦੇਖ ਕੇ ਮੈਨੂੰ ਪੁੱਛਣ ਲੱਗਾ ''ਓਏ ਕੀ ਗੱਲ ਤੈਨੂੰ ਸ਼ਹਿਰੋਂ ਆ ਕੇ ਤੂੰ ਬੜਾ ਸੁਸਤ ਜਿਹਾ ਬੈਠਾ ਏਂ'' ਮੇਰੇ ਵਲੋਂ ਕ੍ਰਾਂਤੀ ਨਾਲ ਹੋਈ ਮੁਲਾਕਾਤ 'ਚ ਇੱਥੇ ਆਏ ਵਿਦਿਆਰਥੀਆਂ ਦੇ ਮੁਸ਼ਕਿਲਾਂ ਭਰੇ ਜੀਵਨ ਦੀਆਂ ਗੱਲਾਂ ਦੱਸਣ ਤੋਂ ਬਾਅਦ ਮੇਰਾ ਮਸੇਰ ਵੀ ਥੋੜਾ ਗੰਭੀਰ ਜਿਹਾ ਹੋ ਕੇ ਕਹਿਣ ਲੱਗਾ ''ਬਲਜੀਤ ਤੈਨੂੰ ਸ਼ਾਇਦ ਨਾ ਯਾਦ ਹੋਵੇ , '' ਜਦੋਂ ਮੈਂ ਇੱਥੇ ਆਇਆ ਸੀ ਤੂੰ ਤਾਂ ਬਹੁਤ ਹੀ ਛੋਟਾ ਜਿਹਾ ਸੀ।ਸਾਨੂੰ ਪਤਾ ਹੈ ਜਾਂ ਉਸ ਰੱਬ ਨੂੰ ਕਿ ਜਿਹੜੀਆਂ ਮੁਸੀਬਤਾਂ ਵਿੱਚੋਂ ਅਸੀਂ ਲੰਘ ਕੇ ਇੱਥੇ ਪਹੁੰਚੇ ਸੀ ਉਹਨਾਂ ਵਾਰੇ ਸੋਚਿਆਂ ਹੁਣ ਵੀ ਕਈ ਵਾਰ ਸਰੀਰ ਨੂੰ ਕੰਬਣੀ ਛਿੜ ਜਾਂਦੀ ਹੈ।ਜਿਸ ਏਜੰਟ ਨਾਲ ਇੱਥੇ ਪਹੁੰਚਣ ਵਾਰੇ ਗੱਲ ਹੋਈ ਸੀ ਉਸਨੇ ਸਾਰੇ ਹੀ ਪੈਸੇ ਪਹਿਲਾਂ ਲੈ ਕੇ ਸਾਨੂੰ ਇੰਡੋਨੇਸ਼ੀਆ ਭੇਜ ਦਿੱਤਾ ਅਤੇ ਭੱਜ ਗਿਆ।ਉਸ ਬੇਗਾਨੇ ਮੁਲਕ ਵਿੱਚ ਨਾ ਤਾਂ ਕੋਈ ਜਾਣ ਪਹਿਚਾਣ ਸੀ ਅਤੇ ਨਾ ਹੀ ਓਥੋਂ ਦੀ ਭਾਸ਼ਾ ਆਉਂਦੀ ਸੀ ।ਪੇਟ ਭਰਨ ਲਈ ਜਿਸ ਮਾਲਕ ਕੋਲ ਕੰਮ ਮੰਗਣ ਗਏ ਉਸਨੇ ਪਾਸਪੋਰਟ ਰੱਖ ਕੇ ਬਹੁਤ ਹੀ ਥੋੜੇ ਜਿਹੇ ਪੈਸਿਆਂ ਤੇ ਆਪਣੇ ਸਿਨੇਮੇ ਵਿੱਚ ਨੌਕਰੀ ਤੇ ਰੱਖ ਲਿਆ ਲਗਾਤਾਰ ਦੋ ਸਾਲ ਓਥੇ ਕੰਮ ਕਰਨ ਤੋਂ ਬਾਅਦ ਓਥੋਂ ਮਸਾਂ ਹੀ ਭੱਜ ਕੇ ਨਿਕਲੇ ਅਤੇ ਬਹੁਤ ਹੀ ਮੁਸੀਬਤਾਂ ਨਾਲ ਇੱਥੇ ਪਹੁੰਚੇ ।ਇੱਥੇ ਪਹੁੰਚ ਕੇ ਵੀ ਬਿਨਾਂ ਵੀਜੇ ਤੋਂ ਰਹਿਣਾ ਬਹੁਤ ਹੀ ਮੁਸ਼ਕਿਲਾਂ ਤੇ ਮੁਸ਼ੀਬਤਾਂ ਭਰਿਆ ਕੰਮ ਹੈ।ਇੰਮੀਗ੍ਰੇਸ਼ਨ ਦੇ ਡਰ ਵਜੋਂ ਰਾਤਾਂ ਨੂੰ ਕਈ ਵਾਰ ਨੀਂਦ ਨਹੀਂ ਆਉਂਦੀ ਸੀ ਅੱਭੜਵਾਹੇ ਹੀ ਉੱਠ ਜਾਈਦਾ ਸੀ।ਅੱਜਕੱਲ੍ਹ ਤਾਂ ਇਹ ਵਿਦਿਆਰਥੀ ਫਿਰ ਵੀ ਵੀਜਾ ਲਗਵਾ ਕੇ ਇੱਥੇ ਆਉਂਦੇ ਹਨ ਇਹਨਾਂ ਕੋਲ ਤਾਂ ਕੰਮ ਕਰਨ ਲਈ ਹਫਤੇ ਵਿੱਚ ਵੀਹ ਘੰਟੇ ਦੀ ਇਜਾਜਤ ਹੁੰਦੀ ਹੈ। ਇੱਥੋਂ ਤੱਕ ਕਿ ਇਹਨਾਂ ਕੋਲ ਤਾਂ ਪੜਾਈ ਪੂਰੀ ਕਰਨ ਤੋਂ ਬਾਅਦ ਪੱਕੇ ਹੋਣ ਲਈ ਅਪਲਾਈ ਕਰਨ ਦਾ ਵੀ ਮੌਕਾ ਹੁੰਦਾ ਹੈ।ਪਰ ਇਹ ਜਰੂਰ ਹੈ ਕਿ ਇਹਨਾਂ ਦੇ ਵਿਦਿਆਰਥੀ ਜੀਵਨ ਦੇ ਦੋ ਸਾਲ ਬਹੁਤ ਹੀ ਮੁਸ਼ਕਿਲਾਂ ਭਰੇ ਹੁੰਦੇ ਹਨ। ਪਰ ਮੈਂ ਨਾਲ ਹੀ ਤੈਨੂੰ ਇਹ ਗਾਰੰਟੀ ਦਿੰਦਾ ਹਾਂ ਕਿ ਜਿਹੜਾ ਵੀ ਵਿਦਿਆਰਥੀ ਮੁਸ਼ਕਿਲਾਂ ਭਰੇ ਇਹ ਦੋ ਸਾਲ ਗਲਤ ਕੰਮਾਂ ਵਿੱਚ ਪੈਣ ਤੋਂ ਬਚ ਕੇ ਕੱਢ੍ਹ ਲੈਂਦਾ ਹੈ।ਉਹ ਆਪਣੀ ਜਿੰਦਗੀ ਵਿੱਚ ਕਦੇ ਮਾਰ ਤੇ ਧੋਖਾ ਵੀ ਨਹੀਂ ਖਾਂਦਾ।'' ਇਸ ਤੋਂ ਬਾਅਦ ਨਾਲ ਹੀ ਜੱਸੀ ਭਾਅ ਜੀ ਨੇ ਮੈਨੂੰ ਕਈ ਅਜਿਹੇ ਮੁੰਡਿਆਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਜਿਹੜੇ ਵਿਦਿਆਰਥੀ ਵੀਜੇ ਤੇ ਆਏ ਅਤੇ ਪੜ੍ਹ ਕੇ ਪੱਕੇ ਹੋ ਕੇ ''ਕਾਰ ਵਾਸ਼ ਤੇ ਪੈਟਰੋਲ ਪੰਪਾਂ '' ਆਦਿ ਦੇ ਮਾਲਕ ਬਣ ਗਏ ਹਨ। ਉਹਨਾਂ ਵਿੱਚੋਂ ਇੱਕ ਜੰਟੀ ਨਾਂ ਦਾ ਮੁੰਡਾ ਨਵਾਂ ਸ਼ਹਿਰ ਜਿਲ੍ਹੇ ਤੋਂ ਸਾਡੇ ਗੁਆਂਢੀ ਪਿੰਡ ਜਾਡਲੀ ਦਾ ਰਹਿਣ ਵਾਲਾ ਵੀ ਹੈ।ਜਿਸਨੇ ਕਿ ਥੋੜੇ ਜਿਹੇ ਸਮੇਂ ਵਿੱਚ ਹੀ ਪੜ੍ਹ ਕੇ ਪੱਕੇ ਹੋ ਕੇ ਮੈਲਬੌਰਨ ਦੇ ਡੈਡੇਨੌਂਗ ਇਲਾਕੇ ਵੱਲ੍ਹ ਆਪਣਾ ''ਕਾਰ ਵਾਸ਼'' ਲੈ ਲਿਆ ਹੈ।
ਇਹੋ ਜਿਹੀਆਂ ਗੱਲਾਂ ਕਰਦੇ ਅਸੀਂ ਮਸੇਰ ਦੇ ਘਰ ਪਹੁੰਚ ਗਏ।ਘਰ ਪਹੁੰਚ ਕੇ ਦੇਖਿਆ ਕਿ ਮਸੇਰ ਦੇ ਦੋਸਤ ਤੀਰਥ ਕੰਗ ਹੋਰੀਂ ਆਪਣੇ ਪਰਿਵਾਰ ਸਮੇਤ ਆਏ ਹੋਏ ਸਨ ਅਤੇ ਬਾਰਬਿਕਿਊ ਕਰਨ ਦਾ ਪ੍ਰੋਗਾਰਾਮ ਬਣਾਇਆ ਜਾ ਰਿਹਾ ਸੀ।ਮੈਂ ਉਹਨਾਂ ਨੂੰ ਮਿਲ ਕੇ ਨਹਾ ਕੇ ਕੱਪੜੇ ਬਦਲ ਕੇ ਬਾਹਰ ਬੈਕਯਾਰਡ ਵਿੱਚਸ਼ਾਮ ਨੂੰ ਠੰਡੀ ਠੰਡੀ ਚੱਲਦੀ ਹਵਾ ਵਿੱਚ ਹੀ ਉਹਨਾਂ ਕੋਲ ਬੈਠ ਗਿਆ ਤੇ ਗੱਲਾਂਬਾਤਾਂ ਦਾ ਦੌਰ ਸ਼ੁਰੂ ਹੋ ਗਿਆ।ਮਸੇਰ ਮੇਰਾ ਘਰ ਦੀ ਕੱਢੀ ਦਾਰੂ ਜੋ ਕਿ ਸਾਊਥ ਆਸਟ੍ਰੇਲੀਆ ਦੇ ਉਸਦੇ ਆਪਣੇ ਫਾਰਮਾਂ ਵਿੱਚੋਂ ਮਸੇਰ ਦੇ ਕਿਸੇ ਰਿਸ਼ਤੇਦਾਰ ਦੋਸਤ ਨੇ ਕੁੱਝ ਦਿਨ ਹੀ ਪਹਿਲਾਂ ਭੇਜੀ ਸੀ ਚੁੱਕੀ ਲਿਆਵੇ।ਮੈਂ ਤਾਂ ਦੇਖ ਕੇ ਹੀ ਹੱਥ ਖੜ੍ਹੇ ਕਰ ਦਿੱਤੇ ਕਿ ''ਭਾਜੀ ਯਾਰ ਮੈਂ ਨੀਂ ਪੀਂਦਾ ਦਾਰੂ ਦੂਰੂ ! ਫਿਰ ਭਲ਼ਾ ਉਹ ਵੀ ਦੇਸੀ ! ਨਾ ਓਏ ਭਰਾਵਾ''। ਪਰ ਉਹ ਕਿੱਥੇ ਹਟੇ ਸਗੋਂ ਆਖਣ ਲੱਗਾ ਮੇਰਾ ਛੋਟਾ ਵੀਰ ਮੇਰੀ ਮਾਸੀ ਦਾ ਮੁੰਡਾ ਸਾਡੇ ਘਰ ਆਇਆ ਏ ਅੱਜ ਤਾਂ ਮੈ ਵੀ ਪੀਣੀ ਏ ਤੈਨੂੰ ਵੀ ਪਿਆਉਣੀ ਏ।ਪਰ ਮੈਂ ਵੀ ਸੋਚ ਲਿਆ ਕਿ ਜੇਕਰ ਇੱਕ ਵਾਰ ਪੀ ਲਈ ਫਿਰ ਤਾਂ ਪੁੱਠੇ ਕਰ ਕੇ ਸੁੱਟੂਗਾ ਇਹ।ਮੇਰੇ ਜਿਆਦਾ ਨਾਂਹ ਕਰਨ ਤੇ ਉਸਨੇ ਬੀਅਰ ਕੱਢ ਕੇ ਰੱਖ ਦਿੱਤੀ ਉਹਨਾਂ ਦੋਵਾਂ ਨੇ ਆਪ ਪਹਿਲੇ ਤੋੜ ਵਾਲੀ ਪਾ ਲਈ।ਇੰਝ ਬੈਠਿਆਂ ਪਤਾ ਹੀ ਨਾ ਚੱਲਿਆ ਕਦੋਂ ਰਾਤ ਦੇ ਤਿੰਨ ਵੱਜ ਗਏ (ਮੈਂ ਜਿੰਨੇ ਦਿਨ ਵੀ ਮਸੇਰ ਕੋਲ ਮੈਲਬੌਰਨ ਰਿਹਾ ਹਰ ਰੋਜ ਹੀ ਤੜਕੇ ਦੇ ਤਿੰਨ ਚਾਰ ਵਜੇ ਤੱਕ ਬੈਠ ਕੇ ਗੱਲਾਂ ਦਾ ਦੌਰ ਚੱਲਦਾ ਰਹਿੰਦਾ ਦਿਲ ਹੀ ਨਹੀਂ ਕਰਦਾ ਸੀ ਉੱਠਣ ਨੂੰ ਅਤੇ ਸਮੇਂ ਦਾ ਵੀ ਬਿਲਕੁਲ ਹੀ ਪਤਾ ਨਹੀਂ ਚੱਲਦਾ ਸੀ) ਖੈਰ ਇੰਝ ਕੁੱਝ ਦਿਨ ਮੈਲਬੌਰਨ ਬਿਤਉਣ ਤੋਂ ਬਾਅਦ ਪੰਜਾਬੀ ਵਿਰਸੇ ਵਿੱਚ ਮੈਲਬੌਰਨ ਨਿਵਾਸੀਆਂ ਵਲੋਂ ਦਿੱਤਾ ਢੇਰ ਸਾਰਾ ਪਿਆਰ ਲੈ ਕੇ ਸਿਡਨੀ ਵਾਪਿਸ ਆ ਗਿਆ।ਇਸ ਸ਼ੋਅ ਨੇ ਮੈਲਬੌਰਨ ਦੇ ਵਿੱਕੀ ਕੁਰਾਲੀ,ਸਤਨਾਮ ਪਾਬਲਾ,ਫਿਟਜ ਕਰੀ ਰੈਸਟੋਰੈਂਟ ਵਾਲੇ,ਸਨੀ,ਬੰਟੀ,ਕ੍ਰਾਂਤੀ,ਰਿੰਕਾ ਅਤੇ ਹੋਰ ਅਨੇਕਾਂ ਹੀ ਵੀਰਾਂ ਨਾਲ ਸਾਂਝ ਪੁਆਈ ਜਿਹਨਾਂ ਨੇ ਕਿ ਦਿਲੋਂ ਇਸ ਸ਼ੋਅ ਨੂੰ ਸਫਲ ਬਨਾਉਣ ਲਈ ਸਹਿਯੋਗ ਦਿੱਤਾ।
ਖੈਰ ਸਿਡਨੀ ਆਉਣ ਤੇ ਕੁੱਝ ਦਿਨ ਬਾਅਦ ਫਿਰ ਉਹੀ ਭੱਜ ਨੱਠ ਵਾਲੀ ਮਸ਼ੀਨੀ ਜਿੰਦਗੀ ਸ਼ੁਰੂ ਹੋ ਗਈ ਦਿਨ ਰਾਤ ਕੰਮ ਹੀ ਕੰਮ ।ਇੱਥੇ ਵੱਖ ਵੱਖ ਰੇਲਵੇ ਸਟੇਸ਼ਨਾਂ ਤੇ ਕੰਮ ਕਰਦਿਆਂ ਮੈਨੂੰ ਟਰੇਨ ਫੜਣ ਆਉਣ ਵਾਲੇ ਹਰ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੇ ਚਿਹਰੇ ਤੇ ਉਹੀ ਚਿੰਤਾ ਦਿਖਾਈ ਦੇਣੀ ਕੋਈ ਵਿਚਾਰਾ ਅੱਧੀ ਰਾਤ ਨੂੰ ਕੰਮ ਖਤਮ ਕਰਕੇ ਆ ਰਿਹਾ ਹੁੰਦਾ ਏ ਕੋਈ ਤੜਕੇ ਤੜਕੇ ਅੱਧ ਸੁੱਤਾ ਜਿਹਾ ਕੰਮ ਸ਼ੁਰੂ ਕਰਨ ਤੁਰਿਆ ਹੁੰਦਾ ਹੈ।ਮੈਂ ਆਪਣੀ ਆਦਤ ਅਨੁਸਾਰ ਜਿਹੜਾ ਵੀ ਕੋਈ ਪੰਜਾਬੀ ਨੌਜਵਾਨ ਦਿਸੇ ਉਸਨੂੰ ਬੁਲਾ ਲੈਂਦਾ ਹਾਂ।ਇੱਕ ਦਿਨ ਮਾਊਂਟਡਰੁਊਟ ਸਟੇਸ਼ਨ ਤੇ ਰਾਤ ਦੀ ਸ਼ਿਫਟ ਮੈਂ ਇਕੱਲਾ ਹੀ ਕਰ ਰਿਹਾ ਸਾਂ ਕਿ ਰਾਤ ਦੇ 11 ਕੁ ਵਜੇ ਹੱਥ ਵਿੱਚ ਕੜ੍ਹਾ ਪਾਈ ਇੱਕ ਨੌਜਵਾਨ ਜਿਸਦੇ ਚਿਹਰੇ ਤੇ ਥਕਾਵਟ ਦੀਆਂ ਲਕੀਰਾਂ ਬਿਲਕੁਲ ਸਾਫ ਝਲਕ ਰਹੀਆਂ ਸਨ ਟਰੇਨ ਚੜ੍ਹਣ ਲਈ ਆਇਆ।ਜਿੰਨੀ ਦੇਰ ਵਿੱਚ ਉਹ ਟਿਕਟ ਖਰੀਦਕੇ ਟਰੇਨ ਚੜ੍ਹਣ ਲਈ ਥੱਲੇ ਪਲੇਟਫਾਰਮ ਤੇ ਗਿਆ ਉੰਨੀ ਹੀ ਦੇਰ ਵਿੱਚ ਟਰੇਨ ਜਾ ਚੁੱਕੀ ਸੀ ਅਤੇ ਅਗਲੀ ਟਰੇਨ ਅੱਧੇ ਘੰਟੇ ਵਿੱਚ ਆਉਣੀ ਸੀ।ਥੱਲੇ ਪਲੇਟਫਾਰਮ ਤੇ ਕੁੱਝ ਨਸ਼ਈ ਕਿਸਮ ਦੇ ਮੁੰਡੇ ਸ਼ਰਾਬੀ ਹੋਈ ਬੈਠੇ ਸਨ ਅਤੇ ਵਿਚਾਰੇ ਨੇ ਉਹਨਾਂ ਤੋਂ ਡਰਦੇ ਮਾਰੇ ਉੱਤੇ ਆ ਕੇ ਖਲੋਣਾ ਹੀ ਬਿਹਤਰ ਸਮਝਿਆ।ਉਸਨੂੰ ਵਾਪਿਸ ਆਉਂਦਾ ਦੇਖ ਕੇ ਮੈਂ ਸਮਝ ਗਿਆ ਕਿ ਉਸਨੇ ਟਰੇਨ ਮਿਸ ਕਰ ਦਿੱਤੀ ਹੈ।ਹੁਣ ਇਹ ਉਹਨਾਂ ਸ਼ਰਾਬੀਆਂ ਤੋਂ ਡਰਦਾ ਉੱਤੇ ਆ ਗਿਆ ਹੈ।ਮੇਰੇ ਵਲੋਂ ਉਸ ਵੱਲ੍ਹ ਦੇਖਣ ਤੇ ਉਹ ਥੋੜਾ ਜਿਹਾ ਸਿਰ ਹਿਲਾ ਕੇ ਹੱਸਿਆ ਏਨੇ ਨੂੰ ਮੈਂ ਵੀ ਮੈਂ ਕਮਰੇ ਵਿੱਚੋਂ ਬਾਹਰ ਆ ਕੇ ਉਸਨੂੰ ਬੁਲਾ ਲਿਆ ਤੇ ਉਸ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਗੱਲਾਂ ਕਰਦਿਆਂ ਮੇਰੇ ਵਲੋਂ ਉਸ ਨੂੰ ਪੁੱਛਣ ਤੇ ਉਸ ਨੇ ਦੱਸਿਆ ਕਿ ਉਸਦਾ ਨਾਂ ਰਣਜੀਤ ਹੈ , ਅਤੇ ਉਹ ਪਿੱਛਿਓਂ ਬਰਨਾਲੇ ਸ਼ਹਿਰ ਤੋਂ 6 ਕੁ ਮਹੀਨੇ ਪਹਿਲਾਂ ਹੀ ਪੜ੍ਹਣ ਲਈ ਇੱਥੇ ਆਇਆ ਹੈ।ਇੱਥੇ ਉਹ ਹੈਰਿਸ ਪਾਰਕ ਵਿਖੇ ਆਪਣੇ ਦੋਸਤਾਂ ਨਾਲ ਰਹਿੰਦਾ ਹੈ ਤੇ ਦੋ ਕੁ ਮਹੀਨੇ ਪਹਿਲਾਂ ਹੀ ਇੱਥੇ ਮਾਊਂਟਡਰੁਊਟ ਵਿਖੇ ਗੈਸ ਸਟੇਸ਼ਨ ਤੇ ਕੰਮ ਕਰਨਾ ਸ਼ੁਰੂ ਕੀਤਾ ਹੈ।ਕਈ ਵਾਰ ਇਸ ਤਰਾਂ ਲੇਟ ਹੀ ਕੰਮ ਖਤਮ ਕਰਦਾ ਹਾਂ।ਮੇਰੇ ਪੁੱਛਣ ਤੇ ਕਿ ਆਸਟ੍ਰੇਲੀਆ ਕਿਹੋ ਜਿਹਾ ਲੱਗਿਆ ਤਾਂ ਕਹਿਣ ਲੱਗਾ ਵੀਰੇ ਸਾਨੂੰ ਕਾਹਦਾ ਆਸਟ੍ਰੇਲੀਆ ਦਿਨੇ ਯੁਨੀਵਰਸਿਟੀ ਰਾਤੀਂ ਕੰਮ ਤੇ ਜਦੋਂ ਥੋੜਾ ਬਹੁਤ ਸਮਾਂ ਮਿਲੇ ਤਾਂ ਸੌਣ ਦਾ ਲਾਲਚ ਹੁੰਦਾ ਹੈ। ਆਸਟ੍ਰੇਲੀਆ ਤਾਂ ਪੰਜਾਬ ਬੈਠਿਆਂ ਨੂੰ ਫੋਟੋਆਂ ਵਿੱਚ ਹੀ ਸੋਹਣਾ ਲੱਗਦਾ ਏ।ਜਿਹੜੀਆਂ ਇਮਾਰਤਾਂ ਉੱਥੇ ਬੈਠਿਆਂ ਨੂੰ ਸਵਰਗ ਲੱਗਦੀਆਂ ਹਨ ਉਹੀ ਇੱਥੇ ਖਾਣ ਨੂੰ ਆਉਂਦੀਆਂ ਹਨ।ਗੱਲਾਂ ਗੱਲਾਂ ਵਿੱਚ ਹੀ ਉਸਨੇ ਦੱਸਿਆ ਕਿ ਇੱਥੇ ਆਪਣਿਆਂ ਵਲੋਂ ਹੀ ਆਪਣਿਆਂ ਦਾ ਜਿਆਦਾ ਸ਼ੋਸਣ ਕੀਤਾ ਜਾਂਦਾ ਹੈ।ਜਦੋਂ ਉਹ ਪਹਿਲਾਂ ਪਹਿਲ ਇੱਥੇ ਆਇਆ ਤਾਂ ਇੱਕ ਇੰਡੀਅਨ ਰੈਸਟੋਰੈਂਟ ਤੇ ਭਾਂਡੇ ਧੋਣ ਦਾ ਕੰਮ ਮਿਲਿਆ ਤਾਂ ਪੰਜਾਬੀ ਮਾਲਿਕ ਨੇ ਟਰੇਨਿੰਗ ਦੇ ਬਹਾਨੇ ਪਹਿਲੇ ਦੋ ਹਫਤੇ ਦੀ ਤਨਖਾਹ ਮਾਰ ਲਈ,ਫਿਰ ਰਣਜੀਤ ਕਹਣਿ ਲੱਗਾ ਇੱਥੋਂ ਦੇ ਕਈ ਲੋਕਾਂ 'ਚੋਂ ਵੀ ਰਾਜਨੀਤੀ ਦੀ ਬੋਅ ਆਉਂਦੀ ਹੈ।ਸਿਵਾਏ ਗੁਰੂ ਘਰਾਂ ਤੋਂ ਇੱਥੇ ਕੋਈ ਵੀ ਵਿਦਿਆਰਥੀਆਂ ਨੂੰ ਢੋਈ ਨਹੀਂ ਦੇਂਦਾ ਅਤੇ ਬਾਬੇ ਨਾਨਕ ਵਲੋਂ ਚਲਾਇਆ ਵੀਹ ਰੁਪਈਆਂ ਵਾਲਾ ਸੱਚਾ ਸੌਦਾ ਇੱਥੇ ਵੀ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਪਰ ਲੀਡਰ ਹੁਣ ਉਸਨੂੰ ਵੀ ਵੰਡਣ ਲਈ ਵਾਹ ਪੇਸ਼ ਲਗਾ ਰਹੇ ਹਨ।ਪਹਿਲਾਂ ਸੈੱਟ ਹੋਏ ਲੋਕੀਂ ਤਾਂ ਸਾਨੂੰ ਭਈਆਂ ਸਮਾਨ ਹੀ ਸਮਝਦੇ ਹਨ।ਇੱਥੇ ਜੇਕਰ ਕਿਸੇ ਵਿਦਿਆਰਥੀ ਨਾਲ ਧੱਕਾ ਹੁੰਦਾ ਹੈ ਤਾਂ ਇੱਥੇ ਕੋਈ ਵੀ ਵਿਦਿਆਰਥੀਆਂ ਦੀ ਕਿਸੇ ਕਿਸਮ ਦੀ ਮਦਦ ਲਈ ਨਹੀਂ ਖੜ੍ਹਦਾ।ਸਗੋਂ ਕੁੱਝ ਲੋਕੀਂ ਉਲਟਾ ਇੱਕਾ ਦੁੱਕਾ ਖਰਾਬ ਕਿਸਮ ਦੇ ਵਿਦਿਆਰਥੀਆਂ ਕਰਕੇ ਬਾਕੀ ਸਾਰੇ ਚੰਗੇ ਤੇ ਵਧੀਆ ਵਿਦਿਆਰਥੀਆਂ ਵਾਰੇ ਵੀ ਗਲਤ ਗੱਲਾਂ ਬਣਾ ਕੇ ਭੰਡੀ ਪ੍ਰਚਾਰ ਕਰ ਰਹੇ ਹਨ।ਜਿਸ ਨਾਲ ਕਿ ਇਹ ਰਾਜਨੀਤਿਕ ਸਾਡੇ ਸਾਰੇ ਹੀ ਵਿਦਿਅਰਥੀ ਭਾਈਚਾਰੇ ਦਾ ਨਾਮ ਖਰਾਬ ਕਰ ਰਹੇ ਹਨ।ਉਨਾ੍ਹਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਹੋਣੈ ਕਿ ਅਸੀਂ ਉਨਾ੍ਹਂ ਤੋਂ ਵੀ ਵੱਧੀਆ ਖਾਨਦਾਨਾਂ ਨਾਲ ਸੰਬੰਧ ਰੱਖਦੇ ਹਾਂ ਤੇ ਉਨਾ੍ਹਂ ਤੋਂ ਵੀ ਵੱਧ ਅਨੁਸ਼ਾਸਨ ਵਾਲੇ ਹਾਂ
ਇੰਝ ਗੱਲਾਂ ਕਰਦਿਆਂ ਨੂੰ ਰਣਜੀਤ ਦੀ ਟਰੇਨ ਆ ਗਈ ਮੈਂ ਉਸਨੂੰ ਰਾਤ ਸਮੇਂ ਗਾਰਡ ਦੇ ਨੇੜਲੇ ਕੰਪਾਰਟਮੈਂਟ ਵਿੱਚ ਚੜ੍ਹਣ ਲਈ ਹਦਾਇਤ ਕਰਕੇ ਕਮਰੇ ਦੇ ਅੰਦਰ ਚਲਾ ਗਿਆ ਤੇ ਅੰਦਰ ਬੈਠਾ ਸੋਚ ਰਿਹਾ ਸੀ ਰਣਜੀਤ ਸੱਚ ਹੀ ਤਾਂ ਕਹਿ ਰਿਹਾ ਸੀ ''ਆਸਟ੍ਰੇਲੀਆ ਫੋਟੋਆਂ ਵਿੱਚ ਹੀ ਸੋਹਣਾ'' ਲੱਗਦਾ ਹੈ। ਉੰਝ ਤਾਂ ਹੈ ਪੱਥਰਾਂ ਦਾ ਹੀ ਦੇਸ਼ ।ਇੱਥੇ ਰਹਿੰਦੇ ਲੋਕਾਂ ਦੇ ਦਿਲ ਵੀ ਪੱਥਰਾਂ ਵਰਗੇ ਹੋ ਗਏ ਹਨ।