ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ
ਮਨਾਉਣਾ ਉਚਿਤ ਕਿਉਂ ਨਹੀਂ ਸਮਝਿਆ ਜਾਂਦਾ ?
ਕੁਲਦੀਪ ਸਿੰਘ
ਭਾਗੋਵਾਲ
ਪੰਜਾਬ
ਦੀ ਧਰਤੀ ਗੁਰੂਆਂ, ਪੀਰਾਂ, ਸੰਤਾਂ ਤੇ ਪੈਗੰਬਰਾਂ ਦੀ ਧਰਤੀ ਹੈ। ਇਸ ਧਰਤੀ ’ਤੇ ਜਦੋਂ ਜਦੋਂ
ਜਬਰ-ਜ਼ੁਲਮ ਵਿਚ ਵਾਧਾ ਹੋਇਆ ਹੈ ਤਾਂ ਸਮੇਂ ਸਮੇਂ ਸਿਰ ਯੋਧਿਆਂ ਨੇ ਜਨਮ ਲਿਆ ਅਤੇ ਜ਼ੁਲਮ ਦਾ ਨਾਸ
ਕੀਤਾ। ਜਦੋਂ ਮਨੁੱਖਤਾ ਟੂਣੇ-ਟਾਮਣਾ, ਕਰਮ ਕਾਂਡਾਂ ਵਿਚ ਪੂਰੀ ਤਰ੍ਹਾਂ ਘਿਰ ਚੁੱਕੀ ਸੀ, ਮਨੁੱਖ
ਨੂੰ ਮਨੁੱਖ ਦੀ ਪਹਿਚਾਣ ਪੂਰੀ ਤਰ੍ਹਾਂ ਵਿਸਰ ਚੁੱਕੀ ਸੀ ਤਾਂ ਉਸ ਸਮੇਂ ਦਸਾਂ ਗੁਰੂ ਸਾਹਿਬਾਨਾਂ ਦੀ
ਜੋਤ ਨੇ ਸੰਸਾਰ ਵਿਚ ਸਮੇਂ ਸਮੇਂ ਸਿਰ ਜਨਮ ਲੈ ਕੇ ਮਨੁੱਖਤਾ ਨੂੰ ਸਿੱਧੇ ਰਾਹ ਪਾਉਣ ਦਾ ਯਤਨ ਕੀਤਾ।
ਸਮੇਂ ਦੇ ਚਲਦਿਆਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਲਈ
ਅਤੇ ਜ਼ੁਲਮ ਨਾਲ ਟੱਕਰ ਲੈਣ ਲਈ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਵੱਡਾ ਇਕੱਠ ਕਰਕੇ ਪੰਜ
ਪਿਆਰਿਆਂ ਨੂੰ ਅੰਮ੍ਰਿਤਪਾਨ ਕਰਾ ਕੇ ਖ਼ਾਲਸਾ ਦੀ ਸਿਰਜਨਾ ਕੀਤੀ। ਇਸ ਪਵਿੱਤਰ ਤੇ ਮਹਾਨ ਧਰਤੀ ’ਤੇ
ਸ਼ਹੀਦ ਬਾਬਾ ਦੀਪ ਸਿੰਘ, ਸ਼ਾਮ ਸਿੰਘ ਅਟਾਰੀ, ਜੱਸਾ ਸਿੰਘ ਆਹਲੂਵਾਲੀਆ, ਬਾਬਾ ਬੰਦਾ ਸਿੰਘ ਬਹਾਦਰ,
ਹਰੀ ਸਿੰਘ ਨਲੂਆ ਵਰਗੇ ਜਰਨੈਲਾਂ ਨੇ ਜ਼ਬਰ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਸਿਧਾਂਤਕ ਤੌਰ ’ਤੇ ਜੰਗਾਂ
ਲੜੀਆਂ। ਦਮਦਮੀ ਟਕਸਾਲ ਦੇ ਮੁਖੀ ਤਪੱਸਵੀ ਅਤੇ ਕਥਨੀ ਅਤੇ ਕਰਨੀ ਦੇ ਪੱਕੇ ਸੰਤ ਬਾਬਾ ਕਰਤਾਰ ਸਿੰਘ
ਜੀ ਭਿੰਡਰਾਂਵਾਲਿਆਂ ਦੇ ਅਕਾਲ ਚਲਾਣੇ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ
ਦਮਦਮੀ ਟਕਸਾਲ ਦਾ ਮੁਖੀ ਥਾਪਿਆ ਗਿਆ। ਉਸ ਸਮੇਂ ਪੰਜਾਬ ਦੇ ਹੱਕਾਂ ਦੀ ਲੜਾਈ ਜ਼ੋਰਾਂ-ਸ਼ੋਰਾਂ ਨਾਲ
ਸਿੱਖ ਕੌਮ ਵਲੋਂ ਲੜੀ ਜਾ ਰਹੀ ਸੀ। ਅਕਾਲ ਤਖ਼ਤ ਸਾਹਿਬ ਤੋਂ ਗ੍ਰਿਫ਼ਤਾਰੀਆਂ ਲਈ ਸਿੱਖ ਜੱਥੇ ਭੇਜੇ ਜਾ
ਰਹੇ ਸਨ। ਸਾਰੀਆਂ ਜੇਲ੍ਹਾਂ ਸਿੱਖ ਕੌਮ ਨੇ ਗ੍ਰਿਫ਼ਤਾਰੀਆਂ ਦੇ ਕੇ ਭਰ ਦਿੱਤੀਆਂ ਸਨ ਤਾਂ ਕੇਂਦਰ
ਸਰਕਾਰ ਨੇ ਪੰਜਾਬ ਸਰਕਾਰ ਨਾਲ ਮਿਲ ਕੇ 1978 ਵਿਚ ਅੰਮ੍ਰਿਤਸਰ ਵਿਖੇ ਨਿਰੰਕਾਰੀਆਂ ਦੇ ਸਮਾਗਮ ਨੂੰ
ਰੋਕਣ ਲਈ ਸ਼ਾਂਤਮਈ ਰੋਸ ਮਾਰਚ ਕਰਨ ਵਾਲੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਕਿਸੇ ਵੀ ਨਿਰੰਕਾਰੀ
ਦੇ ਖ਼ਿਲਾਫ਼ ਅਕਾਲੀ ਸਰਕਾਰ ਨੇ ਕੇਸ ਦਰਜ ਤੱਕ ਨਹੀਂ ਕੀਤਾ। ਉਸ ਦਿਨ ਤੋਂ ਹੀ ਸਮੁੱਚੀ ਸਿੱਖ ਕੌਮ ਦੇ
ਮਨ ਵਿਚ ਰੋਸ ਦੀ ਲਹਿਰ ਦੌੜ ਗਈ। ਇਸੇ ਤਰ੍ਹਾਂ ਹਰਿਆਣੇ ਦੇ ਪਿੰਡ ਚੰਦੋ ਵਿਖੇ ਸੰਤ ਭਿੰਡਰਾਂਵਾਲੇ
ਜਦੋਂ ਸਮਾਗਮ ਕਰ ਰਹੇ ਸਨ ਤਾਂ ਉਹਨਾਂ ਦੀਆਂ ਗੱਡੀਆਂ ਨੂੰ ਅੱਗ ਲਗਾ ਕੇ ਇਤਿਹਾਸਕ ਸਮੱਗਰੀ ਜਲਾ ਦਿਤੀ
ਗਈ, ਜਿਸਨੇ ਬਲਦੀ ’ਤੇ ਤੇਲ ਦਾ ਕੰਮ ਕੀਤਾ। ਸੰਤ ਭਿੰਡਰਾਂਵਾਲਿਆਂ ਦਾ ਨਜ਼ਦੀਕੀ ਸਰਿੰਦਰ ਸਿੰਘ ਸੋਢੀ
ਨੂੰ ਏਜੰਸੀਆਂ ਨੇ ਭਾੜੇ ਦੇ ਵਿਅਕਤੀਆਂ ਕੋਲੋਂ ਸ਼ਹੀਦ ਕਰਵਾ ਦਿੱਤਾ। ਸੰਤ ਜਰਨੈਲ ਸਿੰਘ ਜੀ ਨੇ ਉਹਨਾਂ
ਭਾੜੇ ਦੇ ਟੱਟੂਆਂ ਨੂੰ ਸੱਦ ਕੇ ਐਸੀ ਸਜ਼ਾ ਦਿੱਤੀ ਜਿਸ ਤਰ੍ਹਾਂ ਦਸਮ ਪਿਤਾ ਨੇ ਮਸੰਦਾਂ ਨੂੰ ਦਿੱਤੀ
ਸੀ। ਸੰਤਾਂ ਦਾ ਸਤਿਕਾਰ ਸਿੱਖ ਕੌਮ ਵਿਚ ਦਿਨ ਬਦਿਨ ਵੱਧਦਾ ਗਿਆ। ਸੰਤ ਜਰਨੈਲ ਸਿੰਘ ਜੀ
ਭਿੰਡਰਾਂਵਾਲਿਆਂ ਨੂੰ ਲਾਲਾ ਜਗਤ ਨਰਾਇਣ ਦੇ ਕਤਲ ਵਿਚ ਫਸਾਉਣ ਦੀਆਂ ਸਰਕਾਰ ਵਲੋਂ ਲੱਖ ਕੋਸ਼ਿਸ਼ਾਂ
ਕੀਤੀਆਂ ਗਈਆਂ, ਸਮੁੱਚੀ ਸਿੱਖ ਕੌਮ ਨੇ ਸੰਤਾਂ ਦੀ ਗ੍ਰਿਫ਼ਤਾਰੀ ਰੋਕਣ ਲਈ ਮਹਿਤਾ ਚੌਂਕ ਵਿਖੇ
ਤਕਰੀਬਨ 2 ਲੱਖ ਦਾ ਇਕੱਠ ਕਰ ਦਿੱਤਾ। ਸਰਕਾਰ ਸੰਤਾਂ ਦੀ ਗ੍ਰਿਫ਼ਤਾਰੀ ਨਹੀਂ ਕਰ ਸਕੀ। ਸਾਰੀ ਗੱਲ
ਚੌਂਕ ਮਹਿਤਾ ਸਾਹਿਬ ਵਿਖੇ ਹੀ ਸੰਤਾਂ ਤੋਂ ਪੁੱਛੀ ਗਈ। ਉਸ ਦਿਨ ਤੋਂ ਹੀ ਸੰਤ ਜਰਨੈਲ ਸਿੰਘ ਜੀ ਨੂੰ
ਇਸ ਗੱਲ ਦਾ ਚਾਨਣ ਹੋ ਗਿਆ ਕਿ ਸਰਕਾਰਾਂ ਮੈਨੂੰ ਗ੍ਰਿਫ਼ਤਾਰ ਕਰਨ ਜਾਂ ਖਰੀਦਣਾ ਚਾਹੁੰਦੀਆਂ ਹਨ।
1980 ਵਿਚ ਸੰਤ ਜਰਨੈਲ ਸਿੰਘ ਜੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਆਪਣੇ ਉਮੀਦਵਾਰ
ਪੱਕੇ ਕਰ ਦਿੱਤੇ ਜਿਨ੍ਹਾਂ ਵਿਚ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਨੂੰ
ਵੀ ਆਪਣਾ ਉਮੀਦਵਾਰ ਬਣਾਇਆ। ਉਸ ਦਿਨ ਤੋਂ ਹੀ ਅਕਾਲੀ ਦਲ ਨੇ ਆਪਣੀਆਂ ਅੱਖਾਂ ਫੇਰ ਲਈਆਂ ਤੇ ਸੰਤਾਂ
ਨਾਲ ਖਾਰ ਖਾਣੀ ਸ਼ੁਰੂ ਕਰ ਦਿੱਤੀ ਅਤੇ ਪਹਾੜੀ ਰਾਜਿਆਂ ਵਾਂਗ ਦਿੱਲੀ ਸਰਕਾਰ ਕੋਲ ਸੰਤਾਂ ਦੇ ਖ਼ਿਲਾਫ਼
ਜੁਗਲੀਆਂ ਸ਼ੁਰੂ ਕਰ ਦਿੱਤੀਆਂ ਤਾਂ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਪੂਰਾ ਗਿਆਨ ਸੀ ਕਿ
ਪੰਜਾਬ ਦੇ ਸਿੱਖਾਂ ਵਿਚ ਸੰਤ ਜਰਨੈਲ ਸਿੰਘ ਜੀ ਦਾ ਹੀ ਵੱਧ ਸਤਿਕਾਰ ਹੈ। ਇੰਦਰਾ ਗਾਂਧੀ ਨੇ ਸੰਤਾਂ
ਨੂੰ ਕਈ ਸੁਨੇਹੇ ਭੇਜੇ ਕਿ ਉਹ ਦਿੱਲੀ ਆ ਕੇ ਸਿੱਖਾਂ ਦੀਆਂ ਮੰਗਾਂ ਬਾਰੇ ਗੱਲ ਕਰਨ, ਪਰ ਸੰਤ ਕਦੇ
ਵੀ ਦਿੱਲੀ ਗੱਲ ਕਰਨ ਨਹੀਂ ਗਏ। ਪਰ ਵਧੇਰੇ ਅਕਾਲੀ ਆਗੂ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਵਿਚ ਬੈਠ
ਕੇ ਦਿੱਲੀ ਸਰਕਾਰ ਕੋਲ ਸੰਤਾਂ ਨੂੰ ਮਾਰ-ਮੁਕਾਉਣ ਦੀਆਂ ਸਕੀਮਾਂ ਘੜਦੇ ਰਹੇ। ਪਰ ਸਮੁੱਚੀ ਨੌਜਵਾਨ
ਪੀੜ੍ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਪਿੱਠ ’ਤੇ ਖੜ੍ਹੀ ਹੋਣ ਕਰਕੇ ਸਰਕਾਰ ਵੀ ਡਰ ਰਹੀ
ਸੀ। ਪਰ ਅਕਾਲੀਆਂ ਨੇ ਇਹ ਤਹੱਈਆ ਕਰ ਰੱਖਿਆ ਸੀ ਕਿ ਜਦੋਂ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ
ਨੂੰ ਖ਼ਤਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਡਾ ਪੰਜਾਬ ਵਿਚ ਪੈਰ ਨਹੀਂ ਲੱਗਣਾ। ਅਕਾਲੀਆਂ ਦੇ ਕਹਿਣ
’ਤੇ ਹੀ ਕਾਂਗਰਸੀ ਸਰਕਾਰ ਨੇ ਜੂਨ 1984 ਉਹ ਪਵਿੱਤਰ ਦਿਨ ਜਿਸ ਦਿਨ ਗੁਰੂ ਪੰਜਵੇਂ ਪਾਤਸ਼ਾਹ ਤੱਤੀ
ਤਵੀ ’ਤੇ ਬੈਠ ਕੇ ਜ਼ੁਲਮ ਦੇ ਖ਼ਿਲਾਫ਼ ਸ਼ਹੀਦੀ ਦਿੱਤੀ ਸੀ, ਉਹ ਦਿਹਾੜਾ ਸਿੱਖ ਕੌਮ ਵਲੋਂ ਸ੍ਰੀ
ਅੰਮ੍ਰਿਤਸਰ ਵਿਖੇ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਅਕਾਲੀਆਂ ਦੀ ਮਿਲੀਭੁਗਤ ਨਾਲ ਹੀ
ਦੇਸ਼ ਦੀ ਮਿਲਟਰੀ ਨੇ ਟੈਂਕਾਂ ਅਤੇ ਤੋਪਾਂ ਅਤੇ ਰਾਕਟਾਂ ਨਾਲ ਹਰਿਮੰਦਰ ਸਾਹਿਬ ਨੂੰ 1 ਜੂਨ ਨੂੰ ਘੇਰਾ
ਪਾ ਲਿਆ ਤਾਂ ਕਿ ਸਿੱਖ ਕੌਮ ਦਾ ਵੱਧ ਤੋਂ ਵੱਧ ਨੁਕਸਾਨ ਕੀਤਾ ਜਾ ਸਕੇ। ਸੰਤਾਂ ਨੂੰ ਵੀ ਇਸ ਸਾਰੀ
ਗੱਲ ਦੀ ਖ਼ਬਰ ਪਹੁੰਚ ਚੁੱਕੀ ਸੀ ਕਿ ਸਮਾਂ ਖ਼ਤਰਨਾਕ ਮੋੜ ਲੈ ਚੁੱਕਾ ਹੈ। ਸੰਤਾਂ ਦੇ ਸੁਭਾਅ ਮੁਤਾਬਕ
ਸਾਦਾ ਖਾਣਾ, ਸਾਦਾ ਪਹਿਨਣਾ ਅਤੇ ਗੁਰੂ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਸਮਝ ਕੇ ਹਰ ਇਕ ਵਿਅਕਤੀ ਦੀ ਗੱਲ
ਦਾ ਹਾਜ਼ਰ ਜਵਾਬ ਦੇਣਾ ਹੀ ਸੰਤਾਂ ਦਾ ਸੁਭਾਅ ਸੀ। ਜਦੋਂ ਵੀ ਸਿੰਘਾਂ ਨੇ ਸੰਤਾਂ ਨੂੰ ਸਵਾਲ ਕੀਤਾ ਕਿ
ਆਪ ਜੀ ਤੋਂ ਬਾਅਦ ਕੌਮ ਦਾ ਮੁਖੀ ਕੌਣ ਹੋਵੇਗਾ ਤਾਂ ਸੰਤ ਕਿਹਾ ਕਰਦੇ ਸਨ ਕਿ ਸਿੱਖ ਕੌਮ ਦੀ
ਵਾਂਗਡੋਰ ਸੰਭਾਲਣ ਵਾਲਾ ਫਰੀਦਕੋਟ ਐਸ.ਐਸ.ਪੀ. ਲੱਗਾ ਹੈ ਤਾਂ ਸਿੰਘ ਹੈਰਾਨ ਹੋਇਆ ਕਰਦੇ ਸਨ। ਜਦੋਂ
1 ਜੂਨ ਦਾ ਘੇਰਾ ਸਿੱਖ ਜਰਨੈਲਾਂ ਨੇ ਵੇਖਿਆ ਤਾਂ ਸੰਤ ਜਰਨੈਲ ਸਿੰਘ ਜੀ ਨੇ ਸਾਰੇ ਸਿੰਘਾਂ ਨੂੰ ਆਪਣੇ
ਕੋਲ ਸੱਦਿਆ ਤੇ ਕਿਹਾ ਕਿ ਅੱ! ਸਮਾਂ ਖ਼ਤਰਨਾਕ ਮੋੜ ’ਤੇ ਹੈ ਜਿਸ ਕਿਸੇ ਸਿੰਘ ਨੇ ਆਪਣੇ ਘਰ ਵਾਪਸ
ਜਾਣਾ ਹੋਵੇ ਤਾਂ ਉਹ ਜਾ ਸਕਦਾ ਹੈ ਤਾਂ ਮਹਿਤੇ-ਚਾਵਲੇ ਵਰਗੇ ਜੋ ਸੰਤਾਂ ਦੀਆਂ ਸੱਜੀਆਂ-ਖੱਬੀਆਂ ਬਾਹਾਂ
ਬਣਿਆ ਕਰਦੇ ਸਨ, ਉਹ ਆਪਣੇ ਹਥਿਆਰ ਇਕ ਮੰਜੇ ’ਤੇ ਰੱਖ ਕੇ ਉਤੇ ਕੱਪੜਾ ਦੇ ਕੇ ਚਲੇ ਗਏ ਪਰ ਬਾਕੀ
ਸਿੰਘਾਂ ਨੇ ਸੰਤਾਂ ਨਾਲ ਖੜ੍ਹਨ ਦਾ ਬਚਨ ਕਰ ਦਿੱਤਾ।
ਸੰਤ ਜਰਨੈਲ ਸਿੰਘ ਜੀ ਨੇ ਇਕ ਚਿੱਠੀ ਮਹਾਂਰਾਸ਼ਟਰ ਦੇ ਬੰਬਈ ਸ਼ਹਿਰ ਵਿਚ ਡੀ.ਆਈ.ਜੀ., ਆਈ.ਪੀ.ਐਸ.
ਸਿਮਰਨਜੀਤ ਸਿੰਘ ਮਾਨ ਨੂੰ ਲਿਖ ਦਿੱਤੀ ਅਤੇ ਜੋ ਅਣਹੋਣੀ ਅਕਾਲ ਤਖ਼ਤ ਸਾਹਿਬ ਤੇ ਵਾਪਰਨ ਵਾਲੀ ਸੀ,
ਬਾਰੇ ਚਿੱਠੀ ਵਿਚ ਸਾਰਾ ਕੁਝ ਲਿਖ ਦਿੱਤਾ ਅਤੇ ਆਪਣੇ ਇਕ ਸਿੱਖ ਕੋਲ ਭੇਜ ਦਿੱਤੀ ਅਤੇ ਫੌਜ ਵਲੋਂ
ਰੁਕ ਰੁਕ ਕੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਸੰਤ ਲੌਂਗੋਵਾਲ, ਸਮੇਤ ਕਈ ਹੋਰ ਆਗੂ ਆਪਣੀਆਂ ਬਾਹਾਂ
ਖੜ੍ਹੀਆਂ ਕਰਕੇ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਆ ਗਏ। ਜਿਹੜੇ ਸੰਤ ਲੌਂਗੋਵਾਲ ਨੂੰ ਸਰਕਾਰ ਨੇ ਸੰਤ
ਭਿੰਡਰਾਂਵਾਲਿਆਂ ਦੇ ਮੁਕਾਬਲੇ ਉਤਾਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਉਸ ਸਮੇਂ ਹੀ ਜ਼ੀਰੋ ਹੋ ਨਿਕਲਿਆ।
ਪਰ ਸੰਤ ਜਰਨੈਲ ਸਿੰਘ ਸਮੇਤ ਜਨਰਲ ਸੁਬੇਗ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀ ਭਾਈ ਅਮਰੀਕ
ਸਿੰਘ ਅਤੇ ਕੁਝ ਹੋ 40-42 ਸਿੰਘ ਹੀ ਦਰਬਾਰ ਸਾਹਿਬ ਵਿਚ ਰਹਿ ਗਏ। ਇਨ੍ਹਾਂ ਗਿਣਵੇਂ ਸਿੱਖਾਂ ਨੇ
ਸਰਕਾਰ ਨੂੰ ਚਮਕੌਰ ਦੀ ਗੜ੍ਹੀ ਦਾ ਸਾਕਾ ਯਾਦ ਫਿਰ ਯਾਦ ਕਰਵਾ ਦਿੱਤਾ। ਜਦੋਂ ਹਿੰਦ ਸਰਕਾਰ ਦੇ ਫੌਜੀ
ਧੜਾਧੜ ਸਿੰਘਾਂ ਦੀਆਂ ਗੋਲੀਆਂ ਨਾਲ ਮਰਨ ਲੱਗੇ ਤਾਂ ਹਿੰਦ ਸਰਕਾਰ ਦੇ ਭਾੜੇ ਦੇ ਫੌਜੀ ਦਰਬਾਰ ਸਾਹਿਬ
ਦੀਆਂ ਕੰਧਾਂ ਦੇ ਨਾਲ ਲੱਗ ਲੱਗ ਕੇ ਆਪਣੀ ਜ਼ਿੰਦਗੀ ਦੀ ਭੀਖ ਮੰਗਣ ਲੱਗੇ। ਹਿੰਦ ਸਰਕਾਰ ਘਬਰਾਅ ਗਈ
ਅਤੇ ਸੋਚਣ ਲੱਗੀ ਕਿ ਇੰਨੇ ਨੁਕਸਾਨ ਤਾਂ ਫੌਜ ਦਾ 1965 ਅਤੇ 1971 ਦੀ ਜੰਗ ਸਮੇਂ ਵੀ ਨਹੀਂ ਹੋਇਆ
ਸੀ। ਇਹ ਕੀ ਵਾਪਰ ਗਿਆ। ਘਬਰਾਈ ਹੋਈ ਸਰਕਾਰ ਨੇ ਹਰਿਮੰਦਰ ਸਾਹਿਬ ਦਾ ਜਾਣ ਵਾਲਾ ਰਾਸ਼ਨ, ਬਿਜਲੀ,
ਪਾਣੀ ਸਾਰਾ ਕੁਝ ਬੰਦ ਕਰ ਦਿੱਤਾ। ਚਮਕੌਰ ਸਾਿਹਬ ਦੀ ਗੜ੍ਹੀ ਵਾਂਗ ਸਿੰਘ ਭੁੱਖੇ ਹੀ ਹਿੰਦ ਸਰਕਾਰ
ਦੇ ਨਾਲ ਜੰਗ ਲੜਦੇ ਰਹੇ। 6 ਜੂਨ ਤੱਕ ਦਿਨ-ਰਾਤ ਫੌਜ ਨੇ ਇਕ ਕਰ ਦਿੱਤਾ। ਜਦੋਂ ਸਰਕਾਰ ਦਾ ਵੱਸ ਨਾ
ਚੱਲਿਆ ਤਾਂ ਸਰਕਾਰ ਨੇ ਟੈਂਕਾਂ ਅਤੇ ਰਾਕਟਾਂ ਨਾਲ ਜ਼ਮੀਨੀ ਅਤੇ ਹੈਲੀਕਾਪਟਰਾਂ ਨਾਲ ਅਸਮਾਨੀ ਹਮਲੇ
ਸ਼ੁਰੂ ਕਰ ਦਿੱਤੇ ਅਤੇ ਫਿਰ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ।
ਜਿਸ ਹਰਿਮੰਦਰ ਸਾਹਿਬ ਵਿਚ ਹਰ ਰੋਜ਼ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ
ਵੀ ਸ੍ਰੀ ਹਰਿਮੰਦਰ ਸਾਹਿਬ ’ਤੇ ਮੁਗ਼ਲਾਂ ਦੀ ਮਾੜੀ ਨੀਯਤ ਨਾਲ ਸ੍ਰੀ ਹਰਿਮੰਦਰ ਸਾਹਿਬ ਵੱਲ ਅੱਖ ਰਹੀ
ਹੈ। ਹਰਿਮੰਦਰ ਸਾਹਿਬ ’ਤੇ ਹਮਲਾ ਹੋਣ ਬਾਅਦ ਸਿੱਖ ਕੌਮ ਨੇ ਬਗ਼ਾਵਤ ਦਾ ਰੂਪ ਧਾਰ ਲਿਆ। ਆਈ.ਏ.ਐਸ.
ਗੁਰਤੇਜ ਸਿੰਘ, ਨਾਰਵੇ ਦੇ ਰਾਜਦੂਤ ਹਰਿੰਦਰ ਸਿੰਘ ਖ਼ਾਲਸਾ ਅਤੇ ਡੀ.ਆਈ.ਜੀ. ਸਿਮਰਨਜੀਤ ਸਿੰਘ ਮਾਨ
ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ। ਜਿਵੇਂ ਦੁੱਧ ਕੜ੍ਹ ਕੇ ਭਾਵੇਂ ਲਾਲ ਹੋ ਜਾਵੇ ਪਰ ਜਾਗ
ਤੋਂ ਬਿਨਾਂ ਦਹੀਂ ਨਹੀਂ ਜੰਮਦਾ, ਇਸੇ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਨੂੰ ਸੰਤ ਜਰਨੈਲ ਸਿੰਘ
ਭਿੰਡਰਾਂਵਾਲਿਆਂ ਦੀ ਚਿੱਠੀ ਨੂੰ ਜਾਗ ਲਗਾ ਕੇ ਸਿੱਖ ਕੌਮ ਦੀ ਨੁਮਾਇੰਦਗੀ ਸੌਂਪੀ ਅਤੇ ਭਗਤ ਪੂਰਨ
ਸਿੰਘ ਵਰਗੇ ਸੰਤ ਮਹਾਤਮਾ ਨੇ ਸਰਕਾਰ ਵਲੋਂ ਦਿੱਤੇ ਸਨਮਾਨ ਵਿਚ ਮੈਡਲ ਤੱਕ ਵਾਪਸ ਕਰ ਦਿੱਤੇ। ਸਿੱਖ
ਫੌਜੀ ਨੌਜਵਾਨਾਂ ਨੇ ਰੋਸ ਵਜੋਂ ਆਪਣੀਆਂ ਬੈਰਕਾਂ ਛੱਡ ਦਿੱਤੀਆਂ। ਚਾਰ ਚੁਫੇਰੇ ਹਾਹਾਕਾਰ ਮੱਚ ਗਈ।
ਧਰਤੀ ਕੰਬ ਉਠੀ ਅਤੇ ਅਸਮਾਨ ਡੋਲ ਗਿਆ ਅਤੇ ਪਸ਼ੂ-ਪੰਛੀਆਂ ਦੀਆਂ ਅੱਖਾਂ ਵਿਚੋਂ ਵੀ ਹੰਝੂ ਵਹਿ ਤੁਰੇ।
ਅਕਾਲ ਤਖ਼ਤ ਸਾਹਿਬ ਦੇ ਹਮਲੇ ਤੋਂ 153 ਦਿਨ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ
ਉਤਾਰ ਕੇ ਇਤਿਹਾਸ ਦੁਹਰਾ ਦਿੱਤਾ ਅਤੇ ਸਮੁੱਚੀ ਸਿੱਖ ਕੌਮ ਦੀ ਪੱਗ ਸਿਰ ਉਤੇ ਰੱਖ ਦਿੱਤੀ। ਹਮਲੇ
ਤੋਂ ਬਾਅਦ ਸਰਕਾਰ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਤੇ ਉੁਨ੍ਹਾਂ ਦੇ ਸਿੰਘਾਂ ਦੀ
ਸ਼ਹੀਦੀ ਨੂੰ ਰੋਲਣ ਦੀਆਂ ਕੋਸ਼ਿਸ਼ਾਂ ਜਾਰੀ ਕਰ ਦਿਤੀਆਂ ਅਤੇ ਦਮਦਮੀ ਟਕਸਾਲ ਵੀ ਚੁੱਪ ਅਤੇ ਸ਼ਾਂਤ ਨਜ਼ਰ
ਆਉਣ ਲੱਗੀ। ਪਰ ਹਰ ਸਾਲ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ
ਅਤੇ ਉਹਨਾਂ ਦੇ ਨਾਲ ਸਿੰਘਾਂ ਦੀ ਅਰਦਾਸ ਕੀਤੇ ਜਾਣ ਲੱਗੀ। ਸਵ: ਗੁਰਚਰਨ ਸਿੰਘ ਟੌਹੜਾ ਲਗਭਗ 25
ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਅਤੇ ਲੌਂਗੋਵਾਲ ਵੀ ਸਿੱਖ ਕੌਮ ਦੇ
ਚੌਧਰੀ ਅਖਵਾਇਆ ਕਰਦੇ ਸਨ ਪਰ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ
ਉਹਨਾਂ ਦੇ ਸਿੰਘਾਂ ਦੀ ਹੀ ਕੀਤੀ ਜਾਂਦੀ ਹੈ। ਜੋ ਵਿਅਕਤੀ ਮਨੁੱਖਤਾ ਲਈ ਅਤੇ ਜ਼ੁਲਮ ਦੇ ਖ਼ਿਲਾਫ਼ ਲੜਦਾ
ਹੈ, ਉਸੇ ਨੂੰ ਹੀ ਅਜਿਹੇ ਸਤਿਕਾਰ ਪ੍ਰਾਪਤ ਹੁੰਦੇ ਹਨ। ਪਰ ਜੇ ਕੋਈ ਸੰਤ ਜਰਨੈਲ ਸਿੰਘ ਜੀ ਦਾ ਨਾਂ
ਵੀ ਲੈਂਦਾ ਸੀ ਤਾਂ ਪੁਲਿਸ ਉਸਨੂੰ ਤੰਗ ਪ੍ਰੇਸ਼ਾਨ ਕਰਦੀ ਸੀ। ਸੰਤਾਂ ਦਾ ਨਾਂ ਤੇ ਸ਼ਹੀਦੀ ਦਿਨੋਂ ਦਿਨ
ਅਲੋਪ ਹੁੰਦੀ ਜਾਂਦੀ ਸੀ। 1989 ਵਿਚ ਲੋਕ ਸਭਾ ਚੋਣਾਂ ਸਮੇਂ ਸਿਮਰਨਜੀਤ ਸਿੰਘ ਮਾਨ ਚੋਣਾਂ ਜਿੱਤ ਕੇ
ਭਾਗਲਪੁਰ ਜੇਲ੍ਹ ਵਿਚੋਂ ਰਿਹਾਅ ਹੋ ਕੇ ਪੰਜਾਬ ਆਏ ਤਾਂ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਹਿੰਦ
ਸਰਕਾਰ ਸੰਤਾਂ ਦੀ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹੀਦੀ ਨੂੰ ਮਿੱਟੀ ਵਿਚ ਰੋਲ ਰਹੀ ਹੈ। ਗੁਰਦੁਆਰਾ
ਪ੍ਰਬੰਧਕ ਕਮੇਟੀ ਵੀ ਸੰਤਾਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦਾ ਤੀਰ, ਵੱਡੀ ਸਿਰੀ ਸਾਹਿਬ ਅਤੇ ਛੋਟੀ
ਸਿਰੀ ਸਾਹਿਬ, ਪਿਸਤੌਲ ਦਰਬਾਰ ਸਾਹਿਬ ਵਿਚ ਸਤਿਕਾਰ ਨਾਲ ਰੱਖਣ ਵਿਚ ਅਸਫ਼ਲ ਰਹੀ ਅਤੇ ਕੋਈ ਯਾਦਗਾਰ
ਵੀ ਸਥਾਪਿਤ ਨਹੀਂ ਕਰ ਸਕੀ। 25 ਸਾਲ ਬੀਤ ਜਾਣ ਬਾਅਦ ਸੰਤਾਂ ਦੀ ਧਰਮ ਪਤਨੀ ਦੀ ਅੰਤਿਮ ਅਰਦਾਸ ’ਤੇ
ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕਰ ਦਿੱਤਾ ਕਿ ਜੇਕਰ ਸੰਤ ਜਰਨੈਲ ਸਿੰਘ ਦੀ ਤਸਵੀਰ ਹਰਿਮੰਦਰ ਸਾਹਿਬ
ਦੇ ਸਿੱਖ ਅਜਾਇਬ ਘਰ ਵਿਚ ਨਹੀਂ ਲਗਾਈ ਤਾਂ ਇਹ ਸ਼ੁਭ ਕੰਮ ਸ਼੍ਰੋਮਣੀ ਅਕਾਲੀ ਦਲ (ਅ) ਕਰੇਗਾ। ਉਸ ਤੋਂ
ਕੁਝ ਦਿਨ ਬਾਅਦ ਹੀ ਸੰਤਾਂ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਸ਼੍ਰੋਮਣੀ ਕਮੇਟੀ ਨੂੰ ਲਗਾਉਣੀ ਪਈ ਤੇ
ਸ਼ਹੀਦੀ ਦਾ ਦਰਜਾ ਦੇਣਾ ਪਿਆ। ਸੰਤਾਂ ਦੀ ਸ਼ਹੀਦੀ ਬਾਰੇ ਦਮਦਮੀ ਟਕਸਾਲ ਨੇ ਵੀ ਚੁੱਪ ਧਾਰ ਲਈ ਅਤੇ
ਸੰਤਾਂ ਦਾ ਪਰਿਵਾਰ ਵੀ ਖਾਮੋਸ਼ ਹੋ ਗਿਆ। ਸਿਮਰਨਜੀਤ ਸਿੰਘ ਮਾਨ ਦੇ ਵਾਰ ਵਾਰ ਕਹਿਣ ਤੋਂ ਬਾਅਦ ਵੀ
ਸੰਤਾਂ ਦੀ ਸ਼ਹੀਦੀ ਨੂੰ ਉਜਾਗਰ ਨਾ ਕੀਤਾ ਗਿਆ। ਸਿਮਰਨਜੀਤ ਸਿੰਘ ਮਾਨ ਦੇ ਦਰਦ ਦੀਆਂ ਪੀੜਾਂ ਵਿਚ
ਹੋਰ ਵਾਧਾ ਹੁੰਦਾ ਗਿਆ। ਸਿਮਰਨਜੀਤ ਸਿੰਘ ਮਾਨ ਨੇ ਸੰਤਾਂ ਦੇ ਪਰਿਵਾਰ, ਦਮਦਮੀ ਟਕਸਾਲ ਅਤੇ
ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਰਾਜ਼ ਕਰਨ ਦੀ ਬਜਾਇ 12 ਫਰਵਰੀ ਨੂੰ ਹਰ ਸਾਲ ਸੰਤਾਂ ਦਾ ਜਨਮ
ਦਿਹਾੜਾ ਮਨਾਉਣ ਦਾ ਐਲਾਨ ਕਰ ਦਿੱਤਾ। ਜਦੋਂ ਵੀ ਸੰਤਾਂ ਦਾ ਜਨਮ ਦਿਹਾੜਾ ਮਨਾਉਣ ਦੀ ਅਕਾਲੀ ਦਲ (ਅ)
ਵਲੋਂ ਪੋਸਟਰ ਲਗਾਏ ਜਾਂਦੇ ਸੀ ਤਾਂ ਪੁਲਿਸ ਵਰਕਰਾਂ ਨੂੰ ਫੜ੍ਹ-ਫੜ੍ਹ ਕੇ ਥਾਣਿਆਂ ਵਿਚ ਬੰਦ ਕਰ
ਦਿੰਦੀ ਸੀ ਅਤੇ ਸਮਾਗਮ ਕਰਨ ਵਾਲੀ ਥਾਂ ਤੋਂ ਸ਼ਮਿਆਣਿਆਂ ਨੂੰ ਪੁਟ ਦਿੰਦੀ ਸੀ ਅਤੇ ਦਾਲਾਂ ਸਬਜ਼ੀਆਂ
ਦੇ ਕੜਾਹਿਆਂ ਨੂੰ ਡੋਲ੍ਹ ਦਿੰਦੀ ਸੀ। ਪਰ ਸਰਕਾਰ ਦੇ ਜ਼ਬਰ ਦੇ ਖ਼ਿਲਾਫ਼ ਇਹ ਸਮਾਗਮ ਜਾਰੀ ਰਹੇ ਅਤੇ
ਸਿੱਖ ਕੌਮ ਦਾ ਇਕੱਠ ਵਧਦਾ ਗਿਆ। ਸਿਮਰਨਜੀਤ ਸਿੰਘ ਮਾਨ ਨੇ ਕਈ ਕਈ ਲੱਖ ਡੈਰੀ ਵਾਲੇ ਕ¦ਡਰ ਸਿੱਖ
ਕੌਮ ਵਿਚ ਵੰਡ ਦਿੱਤੇ ਅਤੇ ਹਰ ਸਮਾਗਮ ਵਿਚ ਸੰਤਾਂ ਦੀ ਜਰਨੈਲੀ ਦੇ ਇਤਿਹਾਸ ਬਾਰੇ ਸਿਮਰਨਜੀਤ ਸਿੰਘ
ਮਾਨ ਨੇ ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ। ਕਈ ਹਿੰਦੂ ਜਥੇਬੰਦੀਆਂ ਨੇ ਹਰਿਮੰਦਰ ਸਾਹਿਬ ਵਿਚੋਂ
ਸੰਤਾਂ ਦੀ ਤਸਵੀਰ ਉਤਾਰਨ ਦੇ ਇਨਾਮਾਂ ਦਾ ਐਲਾਨ ਕੀਤਾ। ਪਰ ਸੰਤਾਂ ਦੀ ਤਸਵੀਰ ਦੀ ਮੰਗ ਦਿਨੋਂ ਦਿਨ
ਵੱਧਦੀ ਗਈ। ਅੱਜ ਦੇਸ਼ ਦੀ ਸਮੁੱਚੀ ਨੌਜਵਾਨੀ ਨੇ ਸੰਤਾਂ ਦੀ ਤਸਵੀਰ ਨੂੰ ਇਸ ਤਰ੍ਹਾਂ ਆਪਣੇ ਦਿਲ ਵਿਚ
ਬੈਠਾ ਲਿਆ ਜਿਸ ਸਦਕਾ ਹਿੰਦ ਸਰਕਾਰ ਪੂਰੀ ਤਰ੍ਹਾਂ ਘੁਟਣ ਮਹਿਸੂਸ ਕਰ ਰਹੀ ਹੈ। ਜਿਸ ਤਰ੍ਹਾਂ ਜਰਨੈਲ
ਹਰੀ ਸਿੰਘ ਨਲੂਏ ਦੀ ਮੌਤ ਤੋਂ ਬਾਅਦ ਪਠਾਨਾਂ ਨੂੰ ਭੈਅ ਆਉਂਦਾ ਸੀ ਅਤੇ ਪਠਾਨਣਾਂ ਆਪਣੇ ਬੱਚਿਆਂ
ਨੂੰ ਹਰੀ ਸਿੰਘ ਨਲੂਏ ਦਾ ਨਾਂ ਲੈ ਕੇ ਸੌਂ ਜਾਣ ਲਈ ਡਰਾਉਂਦੀਆਂ ਸਨ, ਉਸੇ ਤਰ੍ਹਾਂ ਹੀ ਸੰਤ ਜਰਨੈਲ
ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਅਤੇ ਸੋਚ ਤੋਂ ਹਿੰਦ ਸਰਕਾਰ ਨੂੰ ਡਰ ਆਉਂਦਾ ਹੈ। ਅੱਜ ਸੰਤਾਂ ਦੀ
ਸੋਚ ਜੱਗ ਜ਼ਾਹਿਰ ਹੋ ਚੁੱਕੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12 ਫਰਵਰੀ ਨੂੰ ਫਤਹਿਗੜ੍ਹ
ਸਾਹਿਬ ਵਿਖੇ ਸੰਤਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ।