ਇਕ ਪੱਤਰ ਪ੍ਰਵਾਸੀਆਂ ਦੇ ਨਾਂ -- ਪ੍ਰਵਾਸੀ ਹੋਣ ਦਾ ਦਰਦ
ਹਰਦਿਆਲ ਸਿੰਘ ਧਮੜੈਤ, ਕੌਂਸਲਰ, ਡਰਬੀ, ਯੂ. ਕੇ.
ਸੱਤ
ਸਮੁੰਦਰੋਂ ਪਾਰ, ਪ੍ਰਦੇਸ਼ਾਂ ਵਿਚ ਸੁੱਖੀਂ-ਸਾਂਦੀ ਵਸਦੇ-ਰਸਦੇ ਪੰਜਾਬੀ ਪ੍ਰਵਾਸੀ ਭਰਾਉ, ਮੈਂ ਕੋਈ
ਲੇਖਕ ਜਾਂ ਕਹਾਣੀਕਾਰ ਨਹੀਂ ਹਾਂ-ਮੈਂ ਤਾਂ ਇਕ ਸਿਰੜੀ ਤੇ ਮਿਹਨਤੀ ਮਜ਼ਦੂਰ ਹਾਂ ਜੋ ਹੋਰ ਲੋਕਾਂ
ਵਾਂਗ ਰੋਜ਼ੀ-ਰੋਟੀ ਦੀ ਖਾਤਰ ਇੰਗਲੈਂਡ ਵਿਚ ਆਇਆ ਸਾਂ। ਪ੍ਰਮਾਤਮਾ ਦੀ ਬਖਸ਼ਿਸ਼ ਅਤੇ ਸਖਤ ਮਿਹਨਤ ਸਦਕਾ
ਆਪਣਾ ਕਾਰੋਬਾਰ ਕਰ ਰਿਹਾ ਹਾਂ। ਹਥਲੀ ਲਿਖਤ ਵਿਚ, ਹੁਣ ਤੱਕ ਪਿੰਡੇ 'ਤੇ ਹੰਢਾਇਆ ਨੰਗਾ-ਚਿੱਟਾ ਸੱਚ
ਸਿੱਧ-ਪਧਰੇ ਸ਼ਬਦਾਂ ਵਿਚ ਬਿਆਨ ਕਰਨ ਜਾ ਰਿਹਾ ਹਾਂ। ਪੰਜਾਬੀ ਦੀ ਕਹਾਵਤ ਹੈ ਕਿ ਮੱਛੀ ਪੱਥਰ ਚੱਟ ਕੇ
ਹੀ ਮੁੜਦੀ ਹੈ...ਪਰ ਜੇ ਪੱਥਰ ਚੱਟ ਕੇ ਮੁੜੀ ਜਾਂਦੀ ਮੱਛੀ ਰੌਲਾ ਪਾਉਂਦੀ ਜਾਵੇ ਕਿ 'ਉਹ' ਕੋਈ ਖਾਣ
ਵਾਲੀ ਵਸਤੂ ਨਹੀਂ ਸਗੋਂ 'ਪੱਥਰ' ਹੈ ਤਾਂ ਉਸ ਦੀ ਗੱਲ ਜ਼ਰੂਰ ਗਹੁ ਨਾਲ ਸੁਣ ਲੈਣੀ ਚਾਹੀਦੀ ਹੈ,
ਬਜਾਇ ਇਸ ਗੱਲ ਦੇ ਕਿ ਆਪ ਖ਼ੁਦ ਪੱਥਰ ਚੱਟ ਕੇ ਪਛਤਾਉਂਦੇ ਹੋਏ ਮੁੜਨਾ ਪਵੇ। ਕਈ ਤਰ੍ਹਾਂ ਦੇ
ਵਿੰਗੇ-ਟੇਢੇ ਓਹੜ-ਪੋਹੜ ਕਰਨ ਤੋਂ ਬਾਅਦ ਜਦ ਕੋਈ ਸੱਜਣ 'ਬਾਹਰ ਜਾਣ' ਲਈ ਹਵਾਈ ਅੱਡੇ ਵੱਲ ਤੁਰਦਾ
ਹੈ ਤਾਂ ਉਸ ਦੇ ਦਿਲ ਵਿਚ ਭੈਣਾਂ-ਭਰਾਵਾਂ, ਅੰਗਾਂ-ਸਾਕਾਂ, ਆਪਣੀ ਮਾਤ ਭੂਮੀ ਅਤੇ ਭਾਈਚਾਰਾ ਛੱਡਣ
ਦੇ 'ਹਉਕੇ' ਉੱਠਦੇ ਹਨ। ਉਹ ਬਚਪਨ ਦੇ ਯਾਰ ਬੇਲੀ, ਸਕੂਲ/ਕਾਲਜ ਵੇਲੇ ਦੇ ਦੋਸਤ, ਸਭ ਕੁਝ ਛੱਡ ਕੇ
ਇਕ ਨਵੀਂ ਦੁਨੀਆ ਵਸਾਉਣ ਜਾ ਰਿਹਾ ਹੁੰਦਾ ਹੈ।
ਦੁਚਿੱਤੀ ਵਿਚ ਪਏ ਤੁਰੇ ਜਾਂਦੇ ਨੂੰ ਜਦੋਂ ਉਸ ਨੂੰ ਆਪਣੇ ਪਰਿਵਾਰ ਦੀ ਆਰਥਿਕ ਮੰਦਹਾਲੀ ਯਾਦ ਆਉਂਦੀ ਹੈ ਤਾਂ ਉਹ ਚਾਹੁੰਦਾ ਹੈ ਕਿ ਕਿਹੜੀ ਘੜੀ ਡਾਲਰ ਪੌਂਡ ਕਮਾਉਣੇ ਸ਼ੁਰੂ ਕਰ ਦੇਵੇ। ਪ੍ਰਦੇਸ ਵਿਚ ਜਾ ਕੇ ਉਹ ਜੀਅ-ਜਾਨ ਨਾਲ ਸਖ਼ਤ ਮਿਹਨਤ ਕਰਦਾ ਹੋਇਆ ਖੂਨ-ਪਸੀਨਾ ਇਕ ਕਰਦਾ ਹੈ। ਪੰਜਾਬ ਵਿਚ 'ਸਰਦਾਰੀਆਂ' ਮਾਨਣ ਵਾਲਿਆਂ ਨੂੰ ਪ੍ਰਦੇਸਾਂ ਵਿਚ ਆ ਕੇ ਹਰ ਕੰਮ ਹੱਥੀਂ ਕਰਨਾ ਪੈਂਦਾ ਹੈ। ਪੰਜਾਬ ਵਿਚ ਜਿਹੜੇ ਕੰਮ ਪਛੜੀਆਂ ਸ਼੍ਰੇਣੀਆਂ ਜਾਂ 'ਭਈਆਂ' ਲਈ 'ਰਾਖਵੇਂ' ਹੁੰਦੇ ਹਨ, ਉਹ ਸਾਰੇ ਕੰਮ ਇਧਰ ਆ ਕੇ ਕਰਨੇ ਪੈਂਦੇ ਹਨ। ਸੁਰਜੀਤ ਪਾਤਰ ਦੇ ਕਹਿਣ ਵਾਂਗ : ਪਿੰਡ ਜਿਨ੍ਹਾਂ ਦੇ ਗੱਡੇ ਚੱਲਣ, ਹੁਕਮ ਅਤੇ ਸਰਦਾਰੀ। ਸ਼ਹਿਰ 'ਚ ਆ ਕੇ ਬਣ ਜਾਂਦੀ ਏ, ਬੱਸ ਦੀ ਇਕ ਸਵਾਰੀ। ਵਾਲੀ ਗੱਲ ਹੋ ਜਾਂਦੀ ਹੈ। ਹਾਲੇ ਉਹ ਪੱਕੇ ਪੈਰੀਂ ਹੋਇਆ ਵੀ ਨਹੀਂ ਹੁੰਦਾ ਕਿ ਪਿੰਡੋਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ : '...ਨਵਾਂ ਟ੍ਰੈਕਟਰ ਲੈਣਾ ਹੈ...ਖਾਦ ਲੈਣੀ ਹੈ....ਮਕਾਨਾਂ ਨੂੰ ਰੰਗ ਕਰਵਾਉਣਾ ਹੈ...ਘਰ ਵਿਚ ਖੁਸ਼ੀ/ਗ਼ਮੀ ਦਾ ਭੋਗ ਪੁਆਉਣਾ ਹੈ....ਮੁੰਡੇ ਦੇ ਵਿਆਹ 'ਤੇ ਗਾਉਣ ਵਾਲੀ ਸੱਦਣੀ ਹੈ...ਅਸੀਂ ਇੰਗਲੈਂਡੀਏ ਜਾਂ ਕੈਨੇਡੀਅਨ ਹਾਂ.... ਰਾਈਫਲ ਜਾਂ ਰਿਵਾਲਵਰ, ਟੌਹਰ ਬਣਾਉਣ ਲਈ ਲੈਣਾ ਹੈ....ਨਾਲ ਲਗਦਾ ਖੱਤਾ ਲੈਣਾ ਹੈ....ਕੋਈ ਇਲੈਕਸ਼ਨ ਲੜਨੀ ਹੈ....' ਐਨੇ ਪੈਸੇ ਜਲਦੀ ਭੇਜ ਨਹੀਂ ਤਾਂ ਸਾਡਾ 'ਨੱਕ' ਨਹੀਂ ਰਹਿਣਾ।' ਪਿੰਡ ਬੈਠਿਆਂ ਦੇ ਨੱਕ ਦੀ 'ਸਲਾਮਤੀ' ਲਈ ਪ੍ਰਦੇਸ 'ਚ ਭੰਬੀਰੀ ਵਾਂਗ ਕੰਮ ਕਰਦਾ ਸੱਜਣ ਬਰਾਬਰ ਕਮਾਈ ਕਰਦੀ ਆਪਣੀ ਜੀਵਨ ਸਾਥਣ ਦੀ ਸਹਿਮਤੀ ਨਾਲ ਜਾਂ 'ਚੋਰੀ ਛੁਪੇ' ਅਜਿਹਾ ਨਹੀਂ ਕਰ ਪਾਉਂਦਾ ਤਾਂ ਉਸ ਨੂੰ 'ਰੰਨ ਮੁਰੀਦ' 'ਸਹੁਰਿਆਂ ਦਾ ਨੌਕਰ' ਵਰਗੇ ਵਿਸ਼ੇਸ਼ਣਾਂ ਨਾਲ 'ਨਿਵਾਜਿਆ' ਜਾਂਦਾ ਹੈ। 'ਗੱਡਾ ਖੜ੍ਹਾ ਸੀ, ਇਹਦੇ ਬਾਹਰ ਜਾਣ ਤੋਂ? ਇੱਦੂੰ ਚੰਗਾ ਸੀ, ਪਿੰਡ ਹੀ ਰਹਿੰਦਾ, ਇਕ ਭਈਆ ਤਾਂ ਘੱਟ ਰੱਖ ਲੈਂਦੇ' ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਸਾਲ ਕੁ ਦੇ ਅੰਦਰ-ਅੰਦਰ ਹੀ ਘਰ ਦੇ ਮੈਂਬਰਾਂ ਵੱਲੋਂ 'ਸੈਰ' ਦੇ ਨਾਂਅ ਥੱਲੇ 'ਬਾਹਰ ਮੰਗਵਾਉਣ' ਦੀ ਮੰਗ ਸ਼ੁਰੂ ਹੋ ਜਾਂਦੀ ਹੈ। ਕਈ ਤਾਂ ਬਿਨਾਂ ਪੁੱਛਿਆ ਹੀ 'ਪਾਸਪੋਰਟ' ਦੀ ਕਾਪੀ ਭੇਜ ਦਿੰਦੇ ਹਨ। ਔਖੇ-ਸੌਖੇ ਹੋ ਕੇ ਉਨ੍ਹਾਂ ਦੀ ਇਹ ਖਾਹਿਸ਼ ਵੀ ਪੂਰੀ ਕਰ ਦਿੱਤੀ ਜਾਂਦੀ ਹੈ।
ਪਰ ਪੰਜਾਬ ਤੋਂ ਪ੍ਰਦੇਸ ਆਏ ਇਹ 'ਦੇਸੀ ਸੱਜਣ' ਇਥੇ ਆ ਕੇ ਕਰਦੇ ਕੀ ਹਨ? '....ਘਰ ਦੀ ਪੂਰੀ ਘੋਖ ਰੱਖਣਗੇ ਕਿ ਕਿੰਨੀ ਕਮਾਈ ਹੁੰਦੀ ਹੈ,...ਕਿੰਨਾ ਕੁ ਖਰਚਾ ਹੁੰਦਾ ਹੈ...ਰੋਜ਼ਾਨਾ ਤਿੰਨ ਟਾਈਮ ਰੋਟੀ ਖਾਣੀ ਆਪਣੀ ਆਦਤ ਦੱਸਣਗੇ (ਜਦ ਕਿ ਸਾਨੂੰ ਇਕ ਡੰਗ ਵੀ ਚੱਜ ਨਾਲ ਰੋਟੀ ਖਾਣੀ ਨਸੀਬ ਨਹੀਂ ਹੁੰਦੀ)...ਆਪ ਵੀ ਚੋਰੀ-ਛਿਪੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ...ਆਪਣਾ ਕਮਾਇਆ ਇਕ-ਇਕ ਪੈਸਾ 60 ਜਾਂ 70 ਨਾਲ ਗੁਣਾ ਕਰਕੇ, ਆਪਣੀ ਡਾਇਰੀ 'ਚ ਲਿਖੀ ਜਾਣਗੇ...ਘਰਾਂ ਵਿਚ ਲੱਗਾ ਟੈਲੀਫੋਨ 'ਸਰਕਾਰੀ' ਸਮਝ ਕੇ ਮਨ ਮਰਜ਼ੀ ਨਾਲ ਕੈਨੇਡਾ, ਇੰਡੀਆ, ਅਮਰੀਕਾ ਖੜਕਾਉਣਗੇ.....ਜੇਕਰ ਬਿੱਲ ਕਦੀ ਜ਼ਿਆਦਾ ਆ ਜਾਣ ਦੀ ਸੂਰਤ ਵਿਚ ਫੋਨ ਕੁਨੈਕਸ਼ਨ ਕੱਟ ਦਿੱਤਾ ਜਾਵੇ ਤਾਂ ਆਂਢੀਆਂ-ਗੁਆਂਢੀਆਂ ਨਾਲ ਮੂੰਹ ਜੋੜ-ਜੋੜ ਗੱਲਾਂ ਕਰਨਗੇ...' ਯਾਰ ਪਤਾ ਨਹੀਂ, ਸਾਡੇ ਠੇਕੇਦਾਰ ਦੀ ਮਾਲੀ ਹਾਲਤ ਇੰੱਨੀ ਪਤਲੀ ਹੈ, ਫੂਨ ਵੀ ਕੱਟਿਆ ਪਿਐ...।' ਇਨ੍ਹਾਂ ਭਲੇ-ਮਾਣਸਾਂ ਨੂੰ ਕੋਈ ਪੁੱਛੇ ਕਿ ਪਤੰਦਰੋ, ਸਾਰਾ ਟੱਬਰ ਤਾਂ ਤੁਹਾਡੀ 'ਦੇਖਭਾਲ' ਜਾਂ ਤੁਹਾਡੇ ਮਿੱਤਰਾਂ-ਦੋਸਤਾਂ ਦੀ 'ਟਹਿਲ ਪਾਣੀ' ਵਿਚ ਰੁੱਝਾ ਰਹਿੰਦਾ ਹੈ, ਮਾਲੀ ਹਾਲਤ ਦਾ ਬੇੜਾ ਬਿਠਾਉਣ ਲਈ ਤਾਂ ਤੁਸੀਂ ਜ਼ਿੰਮੇਵਾਰ ਹੋ? ਜੇ ਕਦੀ ਰੱਬ-ਸਬੱਬੀਂ, ਸੈਰ-ਸਪਾਟੇ ਨੂੰ ਆਏ ਇਹ ਸੱਜਣ, ਦੁੱਧ ਦਹੀਂ ਜਾਂ ਕੋਈ ਖਾਣ-ਪੀਣ ਵਾਲੀ ਚੀਜ਼ ਖੁਦ ਮੁੱਲ ਲੈ ਆਉਣ, ਤਾਂ ਫੌਰਨ ਬਾਣੀਏ ਵਾਂਗ ਡਾਇਰੀ ਵਿਚ ਦਰਜ ਕਰ ਲੈਣਗੇ। ਪੰਜਾਬ ਵਾਪਸ ਤਸ਼ਰੀਫ ਲੈ ਜਾਣ ਵੇਲੇ ਮੰਡੀ ਦੇ ਅੜ੍ਹਤੀਏ ਵਾਂਗ 'ਵਹੀ ਖਾਤਾ' ਫੋਲ ਕੇ ਫਰਮਾਣਗੇ- 'ਠੇਕੇਦਾਰਾ, ਤੇਰੇ ਵੱਲ ਮੇਰੇ ਇੰਨੇ ਪੌਂਡ 'ਨਿਕਲਦੇ' ਹਨ (ਸਾਡੇ ਕੋਲ ਡਾਇਰੀ ਪੈੱਨ ਚੁੱਕਣ ਦਾ ਸਮਾਂ ਹੀ ਨਹੀਂ ਹੁੰਦਾ!) ਤੌਬਾ ਰੱਬ ਦੀ, ਪੱਲਿਓਂ ਟਿਕਟ ਭੇਜ ਕੇ ਕੋਲ ਮੰਗਾਏ ਇਹ 'ਮਹਿਮਾਨ' ਜਾਣ ਲੱਗਿਆਂ ਕਰਜ਼ਾਈ ਕਰਕੇ ਤੁਰਦੇ ਬਣਦੇ ਹਨ ਕਈ ਘਰਾਂ ਵਿਚ ਤਾਂ 'ਸੈਰ-ਸਪਾਟੇ' 'ਤੇ ਆਏ ਇਨ੍ਹਾਂ 'ਭੱਦਰ ਪੁਰਸ਼ਾਂ' ਨੇ ਐਸਾ ' ਭਦਰੋਲ' ਪਾਇਆ ਹੁੰਦਾ ਹੈ ਕਿ ਗੱਲ 'ਤਲਾਕ' ਤੱਕ ਪਹੁੰਚ ਜਾਂਦੀ ਹੈ (ਸੱਚੇ ਪਾਤਸ਼ਾਹ ਦੀ ਕ੍ਰਿਪਾ ਨਾਲ, ਮੈਂ ਇਸ ਗੱਲੋਂ ਖੁਸ਼ਕਿਸਮਤ ਹਾਂ ਕਿਉਂਕਿ ਧੰਨੇ ਭਗਤ ਦੇ ਆਖਣ ਅਨੁਸਾਰ, ਮੈਨੂੰ 'ਘਰ ਕੀ ਗੀਹਨ ਚੰਗੀ' ਦਾ ਸਾਥ ਮਿਲਿਆ ਹੋਇਆ ਹੈ।
ਪੰਜੇ ਉਂਗਲਾਂ ਭਾਵੇਂ ਬਰਾਬਰ ਨਹੀਂ ਹੁੰਦੀਆਂ, ਪਰ ਮੈਂ ਨਿੱਜੀ ਤਜਰਬੇ ਦੇ ਆਧਾਰ 'ਤੇ ਲਿਖਦਾ ਹਾਂ ਕਿ ਪਿਛਲੇ 16 ਸਾਲਾਂ ਦੇ ਅਰਸੇ ਵਿਚੋਂ 13 ਸਾਲ ਘਰ ਦਾ ਇਕ-ਇਕ ਮੈਂਬਰ ਸੈਰ ਦੇ ਨਾਂਅ 'ਤੇ ਕੋਲ ਬੁਲਾਇਆ, ਪਰ ਮੈਨੂੰ ਜਿਹੜੀ 'ਨੇਕ ਨਾਮੀ' ਮਿਲੀ, ਉਹ ਮੈਂ ਹੀ ਜਾਣਦਾ ਹਾਂ ਜਾਂ ਮੇਰੀ ਘਰ ਵਾਲੀ। ਇਸੇ ਲਈ ਦੁਖੀ ਹੋ ਕੇ ਇਹ ਖੁੱਲ੍ਹਾ ਖ਼ਤ ਲਿਖਣ ਲਈ ਮਜਬੂਰ ਹੋਇਆ ਹਾਂ ਤਾਂ ਕਿ ਮੇਰੇ ਵਾਂਗ ਕੋਈ ਹੋਰ ਪ੍ਰਵਾਸੀ ਭਰਾ ਇਸ 'ਝੰਜਟ' ਵਿਚ ਨਾ ਫਸੇ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਪ੍ਰਵਾਸੀ ਭਰਾਵੋ, ਜੇ ਤੁਸੀਂ ਪਿੰਡ ਵਾਲਿਆਂ ਨਾਲ 'ਮਿਲਣਾ ਵਰਤਣਾ' ਹੈ ਤਾਂ ਇਨ੍ਹਾਂ ਪਾਸੋਂ ਹਿੱਸੇ ਆਉਂਦੀ ਜ਼ਮੀਨ, ਆਪਣਾ ਮਕਾਨ, ਕਿਸੇ ਦੁਕਾਨ ਦਾ ਕਿਰਾਇਆ, ਜ਼ਮੀਨ ਦਾ ਠੇਕਾ ਅਤੇ ਭੇਜੇ ਗਏ ਪੈਸਿਆਂ ਦਾ 'ਹਿਸਾਬ-ਕਿਤਾਬ' ਭੁੱਲ ਕੇ ਵੀ ਨਾ ਪੁੱਛਿਓ-....ਜੇ ਪੁੱਛਣ ਦੀ ਗੁਸਤਾਖੀ ਕਰੋਗੇ-ਤਾਂ ਆਪਣੀ ਪੱਗ ਲੁਹਾ ਬੈਠੋਗੇ? ਪੰਜਾਬ ਦੀਆਂ ਅਖ਼ਬਾਰਾਂ ਤਾਂ ਦੱਸਦੀਆਂ ਹਨ ਕਿ ਇਸੇ ਤਰ੍ਹਾਂ ਦੇ ਹਿਸਾਬ-ਕਿਤਾਬ ਪੁੱਛਣ ਵਾਲਿਆਂ ਨੂੰ 'ਅਗਲਿਆਂ' ਨੇ ਜਾਨੋਂ ਹੀ ਖ਼ਤਮ ਕਰ, ਜਾਂ 'ਕਰਵਾ' ਦਿੱਤਾ ਜਾਂ ਝੂਠੇ ਕੇਸਾਂ ਵਿਚ ਉਲਝਾ ਦਿੱਤਾ। ਇਹੋ ਜਿਹੇ ਕਲਯੁਗੀ ਕਾਰਨਾਮਿਆਂ ਦੇ ਸਬੂਤ ਮੇਰੇ ਕੋਲ ਬਹੁਤ ਪਏ ਹਨ। ਅਜਿਹੇ 'ਕਿੱਸੇ' ਤੁਸੀਂ ਵੀ ਜ਼ਰੂਰ ਪੜ੍ਹੇ-ਸੁਣੇ ਹੋਣਗੇ। ਸੋ ਪ੍ਰਵਾਸੀ ਭਰਾਓ, ਕਹਾਵਤ ਹੈ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ 'ਭੁੱਲਿਆ' ਨਹੀਂ ਕਹੀਦਾ।....ਤੁਹਾਡੀ ਲਹੂ-ਪਸੀਨੇ ਦੀ ਕਮਾਈ ਅਸਲ ਦਸਾਂ ਨਹੁੰਆਂ ਦੀ ਕਿਰਤ ਹੈ। ਇਸ ਨੂੰ 'ਆਪਣਿਆਂ ਦਾ ਗੁੱਗਾ ਪੂਜ ਪੂਜ' ਕੇ, ਭੰਗ ਦੇ ਭਾੜੇ ਨਾ ਗਵਾਓ। ਤੁਹਾਨੂੰ ਵਡਿਆਈ ਕਦੀ ਨਹੀਂ ਮਿਲਣੀ...ਝੁੱਗਾ ਚੌੜ ਨਾ ਕਰਵਾਓ!!
ਇਥੇ ਇਕ ਗੱਲ ਹੋਰ ਨੋਟ ਕਰਵਾਉਣੀ ਜ਼ਰੂਰੀ ਸਮਝਦਾ ਹਾਂ ਕਿ ਪੰਜਾਬ ਵਿਚ ਅੱਜਕੱਲ੍ਹ ਅਖੌਤੀ ਸਾਧਾਂ ਸੰਤਾਂ ਦੇ 'ਵੱਗ' ਤੁਰੇ ਫਿਰਦੇ ਨੇ। ਇਨ੍ਹਾਂ ਵਿਹਲੜ ਬਾਬਿਆਂ ਨੂੰ ਫੁੱਟੀ ਕੌਡੀ ਵੀ ਨਾ ਦਿ!! ਸਾਧਾਂ ਦੇ ਡੇਰਿਆਂ ਵਿਚ ਨਿੱਤ ਹੁੰਦੀਆਂ ਕਰਤੂਤਾਂ ਦੇ ਕੱਚੇ ਚਿੱਠੇ, ਰੋਜ਼ ਅਖਬਾਰਾਂ 'ਚ ਛੱਪਦੇ ਹਨ। ਇਨ੍ਹਾਂ ਬਾਬਿਆਂ ਦੀਆਂ ਦੁਕਾਨਾਂ ਭਾਵੇਂ ਖੂਬ ਚੱਲ ਰਹੀਆਂ ਹਨ, ਪਰ ਇਨ੍ਹਾਂ ਤੋਂ ਖ਼ਬਰਦਾਰ ਹੀ ਰਹਿਣਾ ਚਾਹੀਦਾ ਹੈ। ਅਖੀਰ ਵਿਚ ਇਕ ਚਿਤਾਵਨੀ ਹੋਰ ਦੇਣੀ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਘਰ ਦੀ ਜ਼ਮੀਨ ਜਾਇਦਾਦ ਦੀ ਵੰਡ ਕਰਨੀ ਹੈ ਤਾਂ ਆਪਣੇ ਮਾਂ-ਬਾਪ ਦੇ ਜਿਊਂਦੇ-ਜੀਅ ਕਰੋ, ਉਹ ਵੀ ਪੱਕੀ ਲਿਖਤ ਵਿਚ, ਕਿਉਂਕਿ ਬਜ਼ੁਰਗਾਂ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਸਾਡੇ ਭਰਾਵਾਂ ਨੂੰ, ਬਜ਼ੁਰਗਾਂ ਦੀ 'ਨਸੀਹਤਾਂ' ਅਕਸਰ 'ਭੁੱਲ' ਜਾਇਆ ਕਰਦੀਆਂ ਹਨ। ਬਾਅਦ ਵਿਚ ਜਾਇਦਾਦ ਦੀ ਵੰਡ ਦੇ ਝਗੜਿਆਂ ਵਗੈਰਾ ਵਿਚ ਸੰਬੰਧਿਤ ਪਿੰਡ ਦੀ ਪੰਚਾਇਤ, ਪਿੰਡ ਵਾਸੀਆਂ ਦਾ ਹੀ ਪੱਖ ਪੂਰਦੀ ਹੁੰਦੀ ਹੈ, ਕਿਉਂਕਿ ਪੰਚਾਂ-ਸਰਪੰਚਾਂ ਨੂੰ ਇਨ੍ਹਾਂ ਪੇਂਡੂਆਂ ਦੀਆਂ ਵੋਟਾਂ ਦੀ ਸਖ਼ਤ ਲੋੜ ਰਹਿੰਦੀ ਹੈ। ਸਾਡੇ ਵਰਗੇ 'ਫਸਲੀ ਬਟੇਰਿਆਂ' ਤੋਂ ਇਨ੍ਹਾਂ ਨੇ ਕੀ ਲੈਣਾ ਹੁੰਦਾ ਹੈ? ਪ੍ਰਵਾਸੀ ਵੀਰੋ, ਮੈਂ ਆਪਣੇ ਦਿਲ 'ਤੇ ਹੱਥ ਰੱਖ ਕੇ ਕਹਿੰਦਾ ਹਾਂ ਕਿ ਮੇਰੇ ਨਾਲ ਇੰਜ ਬੀਤਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਝੂਠ ਬੋਲਿਆ ਗਿਆ, 'ਆਹ ਗੱਲ ਇੰਜ ਨਹੀਂ ਸੀ ਹੋਈ...ਫਲਾਣੀ ਗੱਲ ਐਉਂ ਹੋਈ ਸੀ।' ਹਾਜ਼ਰ-ਨਾਜ਼ਰ ਸਤਿਗੁਰੂ ਦੀ ਹਜ਼ੂਰੀ ਵਿਚ ਝੂਠ ਬੋਲਣ ਵਾਲੇ ਇਹ ਭਰਾ, ਸ਼ਾਇਦ ਬਾਅਦ ਵਿਚ 'ਗੁਪਤ ਅਰਦਾਸ' ਕਰਕੇ ਜਾਂ ਅਖੰਡ ਪਾਠ ਰਖਵਾ ਕੇ, ਪਤਵੰਤੇ ਸੱਜਣ ਬੁਲਾ ਕੇ, ਅਰਦਾਸ ਕਰਕੇ ਭੁੱਲਾਂ ਬਖਸ਼ ਲੈਂਦੇ ਹੋਣਗੇ? ਇਹ ਸਾਰੀਆਂ ਅਰਜੋਈਆਂ ਮੇਰੇ 'ਮਨ ਅੰਤਰ' ਕੀ ਪੀੜ ਵਿਚੋਂ ਨਿਕਲੀਆਂ ਹਨ। ਆਪ ਸਭ ਨੂੰ ਇਸ ਖੁੱਲ੍ਹੇ ਖ਼ਤ ਰਾਹੀਂ ਸੰਬੋਧਿਤ ਹੋਇਆ ਹਾਂ ਤਾਂ ਕਿ ਆਪ ਵੀ ਮੇਰੇ ਵਾਂਗ ਧੋਖਾ ਖਾ ਕੇ 'ਪੱਟੇ' ਨਾ ਜਾਇਓ। ਹੁਣੇ ਹੀ ਕੋਈ ਬਾਨਣੂੰ ਬੰਨ੍ਹ ਲਿਓ।