ਵਤਨ ਦੀ ਤਾਂਘ
.gif)
ਅਮਰਜੀਤ ਸਿੰਘ ਸਿੱਧੂ ਬੱਧਨੀ ਵਾਲਾ
ਮੈਨੂੰ ਕਿਸੇ ਦੇ ਕਹਿਣ ਤੇ ਕੋਈ ਗਿਲਾ ਨਹੀਂ,
ਸੱਚ ਕਹਿਣ ਵਾਲੇ ਨੇ ਤਾਂ ਸੱਚ ਹੀ ਕਹਿਣਾਂ ।
ਕੋਈ ਕਿਉਂ ਨਾਂ ਕਹੇਗਾ ਮੈਨੂੰ,
ਇਹ ਤਾਂ ਉਹੀ ਹੈ ਆਪਣਾਂ-----।
ਜਿਹੜਾ ਅੱਜ ਤੋਂ ਕਈ ਸਾਲ ਪਹਿਲਾਂ,
ਆਪਣੇ ਪਿਉ ਦੀ ਲਾਸ਼ ਵੇਖ ਕੇ ,
ਭੱਜ ਗਿਆ ਸੀ ਘਰੋਂ ।
ਅੱਜ ਇਹਨੂੰ, ਕਿਵੇ ਯਾਦ ਆ ਗਈ ,
ਪਿਉ ਦੇ ਬਲਦੇ ਸਿਵੇ ਦੀ ।
ਕਿਧਰੋਂ ਲਿਸ਼ਕ ਆ ਗਈ ,
ਅੱਜ ਇਹਦੀਆਂ ਅੱਖਾਂ ਵਿੱਚ,
ਪੁੰਨਿਆ ਦੇ ਚੰਨ ਦੀ ।
ਸੋਚਦਾ ਹੋਵੇਗਾ ਬਾਪੂ ਵੀ ,
ਕਿਵੇ ਯਾਦ ਆ ਗਈ ਇਸ ਨੂੰ ਮੇਰੀ ।
ਇਹ ਕਿਸੇ ਲਾਲਚ ਵੱਸ ਹੋ ਕੇ,
ઠਤਾਂ ਨਹੀ ਆਇਆ ।
ਮੇਰੇ ਸਿਵੇ ਦੀ ਠੰਡੀ ਹੋ ਚੁੱਕੀ ਅੱਗ ਨੂੰ,
ਇਕ ਮੋਮਬੱਤੀ ਜਗਾ ਕੇ ਗਰਮ ਕਰਨ ।
ਕਿੰਨੀਆਂ ਠੰਡੀੇਆਂ ਰਾਤਾਂ ,
ਕਿੰਨੇ ਡੁਬਦੇ ਸੂਰਜ ,
ਕਿੰਨੇ ਈਦ ਦੇ ਚੰਨ,
ਕਿੰਨੀਆਂ ਮੱਸਿਆਂ,
ਮੈਂ ਇੱਥੇ ,
ਇਹਦੀ ਮਾਂ ਨੇ ਘਰ ,
ਕੱਟ ਲਈਆਂ ਅੱਖਾਂ ਵਿੱਚ,
ਇਹਨੂੰ ਯਾਦ ਕਰਦਿਆਂ ।
ਅੱਜ ਜਦੋਂ,
ਚਾਚੀ ਸੰਤੀ ਨੇ ਆਖਿਆ ਸੁਪਨੇ ਵਿੱਚ,
ਮੇਰੇ ਸਿਰ ਤੇ ਹੱਥ ਰੱਖ ਕੇ ।
ਤੇਰਾ ਛੋਟਾ ਵੀਰ ਆਵੇਗਾ ਹੁਣ ,
ਉਹਨੇ ਆਖਿਆ,
ਤਿੰਨ ਮੰਜ਼ਲਾ ਮਹਿਲ ਉਸਾਰਨ ਨੂੰ ।
ਜੀਹਦੇ ਵਿੱਚ ਉਹ ਲਾਵੇਗਾ ,
ਸੰਗ ਮਰਮਰ ਦਾ ਪੱਥਰ।
ਉਹ ਵਿੱਚ ਲਾਉਣ ਨੂੰ ਕਹਿੰਦਾ,
ਪੁਰਖਿਆਂ ਦੇ ਆਦਮ ਬੁੱਤ ,
ਅਸ਼ਮਾਨ ਵਿੱਚ ਉਡਦੀਆਂ,
ਪਰੀਆਂ ਦੀਆਂ ਤਸਂਵੀਰਾਂ ।
ਚਾਚੀ ਦੀ ਗੱਲ ਸੁਣਕੇ,
ਕਹਿੰਦਾ ਬਾਪੂ।
ਇਸ ਯਾਦੂਗਰਨੀ ਦੀ,
ਮੰਨੀ ਨਾ ਗੱਲ ਕੋਈ।
ਕਰੀ ਪੁਤ ਓਹੀ ਜੋ ਮਨ ਵਿਚ ਹੋਈ।
ਬਾਪੂ ਦੀ ਆਖੀ ਗੱਲ ਨੁੂੰ,
ਮਿਲਾਵਾ ਜਦ ਤਕਦੀਰ ਨਾਲ।
ਬਚਪਨ ਵਿਚ ਵਿਛੜੀ ਮਾਂ ਤੇ,
ਆਪਣੇ ਨਿਕੜੇ ਵੀਰ ਨਾਲ।
ਸੋਚਦਾ ਹਾਂ।
ਅੱਜ ਬਾਪੂ ਦੇ ਸਿਵੇ ਤੇ,
ਦੀਵਾ ਵੀ ਫਿਰ ਜਗੇਗਾ।
ਠੰਡਾ ਹੋਇਆ ਮਾਂ ਦਾ ਚੁੱਲਾ,
ਲਟਾ ਲਟ ਫਿਰ ਬਲੇਗਾ।
ਪਹਿਰ ਦੇ ਤੜਕੇ ਉਠ ਕੇ,
ਵੀਰਾ ਵੀ ਖੇਤ ਨੂੰ ਜਾਏਗਾ।
ਟ੍ਰੈਕਟਰ ਦੀ ਬੈਠਾ ਸੀਟ ਤੇ,
ਉਹ ਢੋਲੇ ਮਾਹੀਏ ਗਾਏਗਾ।
ਭਾਈ ਦੇ ਪਹਿਲੇ ਬੋਲ ਨਾਲ,
ਭਾਬੀ ਮਧਾਣੀ ਪਾਊਗੀ।
ਛੰਨਾ ਭਰ ਕੇ ਅੱਧਰਿੜਕੇ ਤੇ ਦਹੀ ਦਾ,
ਉਹ ਬੱਠਲੀ ਹੇਠ ਟਿਕਾਊਗੀ।
ਅੱਜ ਬਾਪੂ ਦੀ ਮਟੀ ਤੇ ਦੀਵਾ ਫਿਰ ਜਲੇਗਾ,
ਠੰਡਾ ਚੁੱਲਾ ਮਾਂ ਦਾ ਲਟਾ ਲਟ ਬਲੇਗਾ।
ਵੀਰ ਵੀ ਅੱਖਾਂ ਵਿਚ ਹੰਝੂ ਲੈ ਕੇ,
ਉਡੀਕ ਵੀਰ ਦੀ ਕਰੇਗਾ।
ਫਿਰ ਦੱਸੋ ਮੈਨੂੰ ਦੋਸਤੋ,
ਪਿੱਛੇ ਨੂੰ ਮੁੜਾਂਗਾ ਮੈਂ ਕਿਵੇ?
ਵਤਨ ਦੀ ਮਿੱਟੀ ਤਿਆਗ ਕੇ।