ਨਜ਼ਮ
ਸੁਨੇਹਾ
ਜਰਾ ਕੋ ਖੜ ਕੇ ,
ਮੇਰਾ ਵੀ ਇੱਕ ,
ਸੁਨੇਹਾ ਲੈਦੀ ਜਾ ,
ਵਤਨਾਂ ਵੱਲੀ ਜਾਣ ਵਾਲੀਏ ।
ਸੱਜਣਾ ਦੇ ਕੰਨ ਵਿੱਚ ,
ਇਹ ਹੌਲੀ ਜਿਹੀ ਦੱਸੀ ,
ਕਿ ਹੁਣ ਉਹ ,
ਉਹ ਨਹੀ ਰਿਹਾ ,
ਹੁਣ ਤਾਂ ਉਸ ਦੀ ਹਾਲਤ ,
ਕੋਹਲੂ ਦੇ ਬੈਲ ਵਾਲੀ ਹੋ ਗਈ ਹੈ ।
ਘਰੋ ਕੰਮ ਤੇ ਕੰਮ ਤੋ ਘਰੇ ,
ਉਸ ਦੀ ਕਲਮ ਦੀ ਜੀਭ ,
ਕੰਮ ਨੇ ਠਾਕ ਦਿਤੀ ਹੈ ।
ਜਰਾ ਕੋ ਹੋਰ ਖੜ ਕੇ ਸੁਣ ,
ਮੇਰੀ ਮਹਿਬੂਬਾ ਨੂੰ ,
ਕੱਲੀ ਮਿਲ ਕੇ ,
ਵੇਖੀ ;
ਇਹ ਦੱਸਣਾ ਨਾ ਭੁਲ ਜਾਣਾ ,
ਕਿ ਉਸ ਦੀ ਯਾਦ ,ਤਾਂ ਹਰ ਵੇਲੇ ,
ਪਰਛਾਂਵਾ ਬਣ ਕੇ ,
ਮੇਰੇ ਨਾਲ ਹੀ ਰਹਿੰਦੀ ਹੈ ,
ਉਸ ਦੀ ਪਾਈ ਹੋਈ ,
ਸੁਚੇ ਨਗ ਵਾਲੀ ਮੁੰਦਰੀ ਵਿੱਚੋ ,
ਮੈਨੂੰ ਉਸ ਦੇ ਨਕਸ਼ ,
ਦਿਸਦੇ ਰਹਿਦੇ ਹਨ ।
ਇਕ ਹੋਰ ਜਰੂਰੀ ਗੱਲ ,
ਕਿਤੇ ਰਹਿ ਨਾਂ ਜਾਵੇ ਦੱਸਣੋ ,
ਮੇਰੇ ਪਿੰਡ ਦੀ ਭੋਲੀ ਜਵਾਨੀ ਨੂੰ ,
ਉਨਾਂ ਨੂੰ ਕਹਿਣਾ ,
ਘਰੀ ਦਿੱਲ ਲਾ ਕੇ ,
ਕੰਮ ਕਰਨਾਂ ਚੰਗਾ ਹੁੰਦਾ ,
ਆਪਣਾ ,ਆਪਣਾ ਹੀ ਹੁੰਦਾ ਐ ,
ਐਵੇ ਮਾਇਆ ਦੇ ਲਾਲਚ ਵਿੱਚ ,
ਘਰਾਂ ਨੂੰ ਤਿਆਗਣਾ ,
ਕੋਈ ਅਕਲ ਮੰਦੀ ਨਹੀ ।
“ਜੋ ਸੁਖ ਛੱਜੂ ਦੇ ਚੁਬਾਰੇ ,
ਨਾ ਉਹ ਬਲਖ ਨਾ ਬੁਖਾਰੇ “।
ਚੰਗਾ ,
ਮੈਨੂੰ ਲਗਦਾ,
ਤੈਨੂੰ ਵੀ ਕਾਹਲ ਹੋਵੇਗੀ ,
ਸਮਾਂ ਮੇਰਾ ਵੀ ਕੰਮ ਦਾ ਹੋ ਗਿਆ ,
ਸਮੇ ਦੀ ਘਾਟ ਕਰਕੇ ,
ਖਤ ਨਹੀ ਲਿਖਿਆ ਜਾਂਦਾ ।
ਏਸੇ ਕਰਕੇ ਤੈਨੂੰ ਤਕਲੀਫ ਦਿਤੀ ਹੈ ।
ਵਤਨਾਂ ਨੂੰ ਜਾਣ ਵਾਲੀਏ ,
ਸੰਦਲੀ ਹਵਾਏ ।
ਅਮਰਜੀਤ ਸਿੰਘ ,
ਸਿੱਧੂ ਬੱਧਨੀ ਵਾਲਾ” ।