ਜੇ ਰੱਬ ਖੈਰ ਕਰੇ

ਅਮਰਜੀਤ ਸਿੰਘ ਸਿੱਧੂ

ਫੋਟੋ ਗੈਲਰੀ ਵਿੱਚ ਫੋਟੋ ਵੇਖੀ ''ਪੱਠੇ ਕੌਣ ਪਾਵੇ ਮਾਲ ਨੂੰ ,ਸਾਰਾ ਟੱਬਰ ਸ਼ੁਕੀਨਾਂ ਦਾਂ''ਦੋਸਤੋ ਇਹ ਪੜ੍ਹਕੇ ਮਨ ਨੂੰ ਬਹੁਤ ਦੁੱਖ ਜਿਹਾ ਹੋਇਆ ।ਮੇਰੇ ਸੋਹਣੇ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਕਿ ਅੱਜ ਜਦੋ ਅਸੀਂ ਸਾਡੇ ਲੋਕ ਗ਼ੀਤਾਂ ਨੂੰ ਪੜਦੇ ਹਾਂ। ਸਾਡੇ ਨੈਣਾਂ ਵਿੱਚੋ ਪਾਣੀ ਸਿੰਮਣ ਲੱਗਦਾ ਹੈ। ਹੁਣ ਟੱਬਰਾਂ ਵਿੱਚ ਰਹਿ ਹੀ ਕੌਣ ਗਿਆ । ਜਿਹੜਾ ਪੱਠੇ ਪਾਵੇ । ਸਾਡੀ ਕ੍ਰਿਸਾਨੀ ਨੂੰ ਪਤਾ ਨਹੀ ਕੀਹਦਾ ਸ਼ਰਾਪ ਲੱਗ ਗਿਆ । ਸਾਰੇ ਨੌਜਵਾਨ ਤਾਂ ਵਤਨ ਨੂੰ ਅਲਵਿੱਦਾ ਆਖ ਕੇ ਪ੍ਰਦੇਸਾਂ ਵਿੱਚ ਸਿੱਧੇ ਟੇਡੇ ਢੰਗ ਨਾਲ ਪਹੁੰਚ ਰਹੇ ਹਨ ।ਜਿਹਨਾਂ ਨੂੰ ਵਾਪਸ ਮੁੜਨ ਵਿੱਚ ਪਤਾ ਨਹੀ ਕਿੰਨਾਂ ਸਮਾਂ ਲੱਗਣਾਂ ।ਉਹ ਜ਼ਮੀਨ ਜਿਸ ਨੂੰ ਜੱਟ ਮਾਂ ਆਖਦਾ ਹੁੰਦਾ ਸੀ ।ਅੱਜ ਪੁਤਰਾਂ ਦੇ ਦਬਾਅ ਪਾਉਣ ਤੇ ਵੇਚਣ ਲਈ ਮਜਬੂਰ ਹੋਇਆ ਹੈ । ਜੱਟ ਨਾਲ ਤਾਂ ਉਸ ਚੋਰ ਵਾਲੀ ਗੱਲ ਹੋ ਰਹੀ ਹੈ, ਜਿਸ ਨੇ ਸੌਅ ਛਿੱਤਰ ਵੀ ਤੇ ਸੌਅ ਪਿਆਜ ਵੀ ਖਾਧੇ ਸਨ । ਇੱਹ ਤਾਂ ਵਿਚਾਰਾ ਪੁਤ ਵੀ ਅਤੇ ਪੈਲੀ (ਮਾਂ) ਵੀ ਹੱਥੋਂ ਗੁਆਈ ਜਾ ਰਿਹਾ ਹੈ ।ਜਿਹੜਾ ਕੋਈ ਰਹਿੰਦਾ ਹੈ ਮੁੱਠੀਆਂ ਨੂੰ ਥੁੱਕ ਲਾਈ ਫਿਰਦਾ ਹੈ।ਕਿਹੜਾ ਵੇਲਾ ਹੋਵੇ ਉਹ ਵੀ ਪੰਜਾਬ ਵਿੱਚੋਂ ਨਿੱਕਲ ਜਾਵੇ । ਪਸ਼ੂ ਜਿਆਦਾ ਘਰਾਂ ਚ ਹੈ ਹੀ ਨਹੀ ਜੇ ਹੈ ਵੀ ਤਾਂ ਪੱਠਿਆਂ ਨੂੰ ਪੁੱਤ ਤਾਂ ਹੱਥ ਲਾਉਣ ਨੂੰ ਤਿਆਰ ਹੀ ਨਹੀ ਫਿਰ ਮਾਲ ਨੂੰ ਪੱਠੇ ਪਾਉਣ ਲਈ ਜਾਂ ਤਾਂ ਵਿਚਾਰਾ ਬਾਪੂ ਜਾਂ ਫਿਰ ਬਈਆ ਜਾਂ ਸੀਰੀ ਹੀ ਰਹਿ ਗਏ । ਜੇ ਕਰ ਰੱਬੋ ਕਿਸੇ ਨੂੰ ਬਾਹਰ ਜਾਣ ਦਾ ਭੂਤ ਸਵਾਰ ਨਹੀ ਹੋਇਆ ਤਾਂ ਉਹ ਨਸ਼ਿਆਂ ਦੇ ਖਾਰੇ ਸਮੁੰਦਰ ਵਿੱਚਂ ਆਪਣੇ ਆਪ ਨੂੰ ਗਰਕ ਕਰੀ ਹਾ ਰਿਹਾ ਹੈ ।
ਉਪਰਲੀਆਂ ਸਤਰਾਂ ਤਾਂ ਉਦੋ ਸੋਹਣੀਆਂ ਲੱਗਦੀਆਂ ਸਨ।ਜਦੋਂ ਜੱਟਾਂ ਦੇ ਪੁੱਤ ਖੇਤੋਂ ਕੰਮ ਖਤਮ ਕਰਕੇ ਸ਼ਾਮ ਨੂੰ ਸੱਥ ਵਿੱਚ ਬੋਰੀ ਚੱਕਦੇ ਜਾਂ ਕਬੱਡੀ ਖੇਡਦੇ ਨ੍ਹੇਰਾ ਕਰਕੇ ਘਰੇ ਮੁੜਦੇ ਸਨ ।ਬਾਪੂ ਹੋਰੀ ਉਹਨਾਂ ਦੀ ਜ਼ੋਰ ਅਜ਼ਮਾਈ ਨੂੰ ਵੇਖ ਕੇ ਮੁੜਦੇ ਹੋਏ
ਕਿਸੇ ਮਿੱਤਰ ਬੇਲੀ ਨਾਲ ਬੈਠ ਨੇ ਜਾੜ ਕਰਾਰੀ ਕਰਕੇ(ਰੂੜੀ ਮਾਰਕਾ ਦਾ ਪੈਗ ਲਾ ਕੇ) ਘਰ ਉਨਾਂ ਤੋ ਵੀ ਮਗਰੋਂ ਮੁੜਦੇ ਸਨ । ਇੱਹ ਗੱਲ ਘਰ ਦੀਆਂ ਔਰਤਾਂ ਕਹਿੰਦੀਆਂ ਸਨ, ਜਿੰਨਾਂ ਨੂੰ ਪਸੂਆਂ ਨੂੰ ਪੱਠੇ ਆਪ ਨੂੰ ਪੌਣੇ ਪੈਦੇ ਸਨ । ਹੁਣ ਪਸੂ ਤਾਂ ਹਰ ਘਰ ਦੀ ਫਰਿੱਜ ਵਿੱਚ ਨੇ । ਜੇਕਰ ਹੁਣ
ਘਰ ਵਿੱਚ ਫਿੱਕਰ ਹੈ ਤਾਂ ਬੇਬੇ ਬਾਪੂ ਨੂੰ ਇਹ ਹੀ ਹੈ । ਕਿ ਸਾਥੋਂ ਮਗਰੋ ਇੱਸ ਘਰ ਦਾ ਕੀ ਬਣੂ। ਕੌਣ ਸੰਭਾਲੂ ਸਾਡੇ ਪੁਰਖਿਆਂ ਦੀ ਇਹ ਨਿਸ਼ਾਂਨੀ । ਕੌਣ ਦੇਵੇਗਾ ਉਹਨਾਂ ਦੀ ਅਰਥੀ ਨੂੰ ਮੋਢਾ । ਹਰ ਦੇਸ਼ ਦਾ ਸਰਮਾਇਆ ਉਥੋਂ ਦੀ ਜਵਾਨੀ ਹੁੰਦੀ ਹੈ । ਮੈ ਮੇਰੇ ਪੰਜਾਬ ਦੇ ਨੌਜਵਾਨਾਂ ਂ ਨੂੰ ਬੇਨਤੀ
ਕਰੂੰਗਾ ।ਅਜੇ ਵੀ ਕੁਝ ਨਹੀ ਵਿਗੜਿਆ ।ਆਪਾਂ ਜੇ ਅੱਜ ਵੀ ਕੋਸ਼ਿਸ਼ ਕਰਕੇ ਆਪਣੇ ਅਲੋਪ ਹੋ ਰਹੇ ਵਿਰਸੇ ਨੂੰ ਸੰਭਾਲਣ ਦਾ ਯਤਨ ਕਰੀਏ ਤਾਂ ਪਹਿਲਾਂ ਦੀ ਤਰਾਂ ਅਸੀ ਮੁੜ ਫਿਰ ਤੀਆਂ,ਤ੍ਰਿੰਜਣਾਂ,ਗਿੱਧਿਆਂ ਤੇ ਮੇਲਿਆਂ ਵਿੱਚ ਪੈਲਾਂ ਪਾਉਦੀ,ਕਲੋਲਾਂ ਕਰਦੀ ਜਵਾਨੀ ਨੂੰ ਵੇਖ ਸਕਦੇ ਹਾਂ । ਤਾਂ ਜੋ ਅੱਜ ਲੋਕਾਂ ਵਲੋ ਮਖੌਲ ਬਣਾਏ ਜਾ ਰਹੇ ਸਾਡੇ ਲੋਕ ਗੀਤ ਮੁੜ ਸੁਰਜੀਤ ਹੋ ਸਕਣ।
ਆਮੀਨ ।