ਹੁਣ ਸੋਚਣ ਦੀ ਵਾਰੀ ਹੈ ਸਿੱਖ ਕੌਮ ਦੀ

ਅਮਰਜੀਤ ਸਿੰਘ ਸਿੱਧੂ ਹਮਬਰਗ (ਜ਼ਰਮਨ )

ਹਿੰਦੋਸਤਾਨ ਨੂੰ ਅਜਾਦ ਹੋਇਆਂ ਛੇ ਦਹਾਕੇ ਹੋ ਗਏ ਹਨ । ਪਰ ਹਿੰਦੋਸਤਾਨ ਦੀ ਸਰਕਾਰ ਨੇ ਹਮੇਸ਼ਾ ਸਿੱਖ ਕੌਮ ਨਾਲ ਮਤਰੇਈ ਮਾਂ ਵਾਲਾ ਸਲੂਕ ਹੀ ਨਹੀ ਕੀਤਾ ।ਸਿੱਖਾਂ ਦੀਆਂ ਮੰਗਾਂ ਮੰਨਣੀਆਂ ਤਾ ਇੱਕ ਪਾਸੇ ਰਹੀਆਂ ।ਸਗੌ ਇਹਨਾਂ ਨੇ ਤਾਂ ਕੌਮ ਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜੋਰ ਹੀ ਲਾਈ ਰੱਖਿਆ । ਜਿਨਾਂ ਨਾਲ ਰਲੇ ਹੋਏ ਮਾਇਆ ਅਤੇ ਕੁਰਸੀ ਦੇ ਲਾਲਚੀ ਸਿੱਖੀ ਦੇ ਭੇਸ ਵਿੱਚ ਲੁਕ ਕੇ ਸਿੱਖ ਕੌਮ ਦੀਆਂ ਜੜਾਂ ਵਿੱਚ ਤੇਲ ਚੋਣ ਦਾ ਕੰਮ ਵੀ ਬਰਾਬਰ ਹੀ ਕਰਦੇ ਰਹੇ ਹਨ । ਜਿਨਾਂ ਨੇ ਆਪਣੀ ਫੋਕੀ ਸੋਹਰਤ ਤੇ ਹਊਮੈ ਲਈ ਕੌਮ ਨੂੰ ਨਾਂ ਪੂਰਿਆ ਜਾਣ ਵਾਲਾ ਘਾਟਾ ਪਾਇਆ । ਜੇ ਸਿੱਖ ਕੌਮ ਦੇ ਲੀਡਰ ਸਿੱਖ ਕੌਮ ਲਈ ਵਫਾਦਾਰ ਹੁੰਦੇ ਤਾਂ ਉਹ ਚੌਧਰਾਂ ਨੂੰ ਠੁਡੇ ਮਾਰ ਕੇ ਦੇਸ਼ ਦੀ ਅਜਾਦੀ ਵੇਲੇ ਸੂਝਵਾਨ ਪਾਕਸਤਾਨੀ ਨੇਤਾਵਾਂ ਵਾਂਗ ਵਖਰਾਂ ਦੇਸ਼ ਬਣਾ ਲੈਦੇ ਤਾਂ ਜੋ ਅੱਜ ਕੌਮ ਨੂੰ ਥਾਂ ਥਾਂ ਜਲੀਲ ਨਾਂ ਹੋਣਾ ਪੈਦਾ । ਇਸ ਤਰਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਨੱਕ ਨਾਂ ਰਗੜਨੇ ਪੈਦੇ । ਆਪਣੇ ਘਰੇ ਰਹਿੰਦਿਆਂ ਨੂੰ ਗੁਲਾਮਾਂ ਵਰਗੀ ਜਿੰਦਗੀ ਜਿਉਣ ਲਈ ਮਜਬੂਰ ਨਾਂ ਹੋਣਾਂ ਪੈਦਾ । ਅੱਜ ਸਾਨੂੰ ਆਪਣੀ ਕੌਮ ਦੇ ਰਸਮਾਂ ਰਿਵਾਜਾਂ ਵਿੱਚ ਕਿਸੇ ਦੀ ਦਖਲ ਅੰਦਾਜੀ ਦਾ ਰੇੜਕਾਂ ਨਾਂ ਝੱਲਣਾਂ ਪੈਦਾ । ਸਿੱਖਾਂ ਦੀ ਮਾਤ ਭਾਸਾ ਪੰਜਾਬੀ ਬੋਲਣ ਵਾਲੇ ਇਲਾਕਿਆਂ ਨੂੰ ਇਸ ਤਰਾਂ ਕੱਟਿਆ ਵੱਡਿਆ ਨਾਂ ਜਾਦਾ ।
ਪਾਕਸਤਾਨ ਸਰਕਾਰ ਨੇ ਸਿੱਖਾਂ ਦੀ ਮੰਗ ''ਸਿੱਖ ਅਨੰਦ ਕਾਰਜ ਐਕਟ'' ਦੇ ਨੋਟੀਫਿਕੇਸ਼ਨ ਨੂੰ ਮਨਜੂਰੀ ਦੇ ਕੇ ਹਿੰਦੋਸਤਾਨ ਦੀ ਸਰਕਾਰ ਦੇ ਅਤੇ ਉਸ ਦੇ ਇਸ਼ਾਰਿਆਂ ਤੇ ਨੱਚਣ ਵਾਲੇ ਅਖੌਤੀ ਸਿੱਖਾਂ ਦੇ ਮੂੰਹ ਉਤੇ ਤੱਕੜੀ ਚਪੇੜ ਮਾਰੀ ਹੈ । ਸਿੱਖ ਕੌਮ ਦੇ ਉਹਨਾਂ ਲੀਡਰਾਂ ਨੂੰ ਇੱਸ ਤੋ ਸਬਕ ਜਰੂਰ ਲੈਣਾ ਚਾਹੀਦਾ ਹੈ । ਉਨਾਂ ਨੂੰ ਸੋਚਣਾਂ ਚਾਹੀਦਾ ਹੈ ਕਿ ਉਨਾਂ ਦੀ ਸਾਲਾਂ ਬੱਧੀ ਵਫਾਦਾਰੀ ਦਾ ਉਨਾਂ ਨੂੰ ਜੂਨ ਚਰਾਸੀ ਤੇ ਨਵੰਬਰ ਚੁਰਾਸੀ ਤੇ ਅੱਜ ਵੀ ਜੋ ਇਨਾਮ ਮਿਲ ਰਿਹਾ ਹੈ ਉਹ ਕਿਸੇ ਤੋ ਵੀ ਲੁਕਿਆ ਨਹੀ ।
ਪਾਕਸਤਾਨ ਸਰਕਾਰ ਨੇ ਸਿੱਖ ਅਨੰਦ ਕਾਰਜ ਐਕਟ ਨੂੰ ਪ੍ਰਵਾਨਗੀ ਦੇਣ ਲੱਗਿਆਂ ਬੜੀ ਫਰਾਖ ਦਿਲੀ ਦਾ ਸਬੂਤ ਦਿੱਤਾ ਹੈ । ਉਨਾਂ ਪਾਸ ਕੀਤਾ ਹੈ ਕਿ ਦੁਨੀਆਂ ਦਾ ਕੋਈ ਵੀ ਸਿੱਖ ਇੱਥੇ ਆ ਕੇ ਆਪਣਾ ਵਿਆਹ ਰਜਿਸਟਰ ਕਰਵਾ ਕੇ ਸਰਟੀ ਫਿਕੇਟ ਲੈ ਸਕਦਾ ਹੈ । ਹੁਣ ਇੱਥੇ ਇਹ ਵੇਖਣਾ ਹੈ ਕਿ ਸਿੱਖ ਕੌਮ ਆਪਣੇ ਗਵਾਢੀਆਂ ਤੋ ਇਸ ਦਾ ਕਿੰਨਾਂ ਕੋ ਫਾਇਦਾ ਲੈਦੀ ਹੈ ।
ਜੋ ਮੰਗ ਉਹਨਾਂ ਦੀ ਉਹਨਾਂ ਨੇ ਨਹੀ ਮੰਨੀ ਜਿਹਨਾਂ ਨੂੰ ਉਹਨਾਂ ਨੇ ਆਪਣਾ ਬਣਾਇਆ ਸੀ । ਜਿਨਾਂ ਦੇ ਅੱਗੇ ਤਰਲੇ ਮਿੰਨਤਾਂ ਵੀ ਕੰਮ ਨਹੀ ਆਏ । ਹਮੇਸ਼ਾਂ ਸ਼ਰਮਸਾਰ ਹੀ ਹੋਣਾ ਪਿਆ ।
ਕੀ ਹੁਣ ਦੁਨੀਆਂ ਭਰ ਦੇ ਖਾਸ ਕਰਕੇ ਭਾਰਤ ਦੇ ਸਿੱਖਾਂ ਦਾ ਇਹ ਫਰਜ਼ ਨਹੀ ਬਣਦਾ ਹੈ ਕਿ ਉਹ ਵਿਆਹ ਕਰਾਉਣ ਲਈ ਹੁਣ ਪਾਕਸਤਾਨ ਜਾਣ । ਜਿਸ ਨਾਲ ਹਿੰਦੋਸਤਾਨ ਦੀ ਸਰਕਾਰ ਨੂੰ ਕੰਨ ਹੋ ਜਾਣ । ਇਹਨਾਂ ਨੂੰ ਆਪਣੀ ਸੌੜੀ ਸੋਚ ਦੇ ਜਰੀਏ ਦੁਨੀਆਂ ਦੇ ਹੋਰ ਮੁਲਕਾਂ ਅੱਗੇ ਸਰਮਸਾਰ ਹੋ ਕੇ ਖੁਦ ਨੂੰ ਸਿੱਖਾਂ ਦੀਆਂ ਹੋਰ ਹੱਕੀ ਮੰਗਾਂ ਤੇ ਅਨੰਦ ਕਾਰਜ ਐਕਟ ਲਾਗੂ ਕਰਨ ਲਈ ਮਜਬੂਰ ਹੋਣਾ ਪਵੇ ।
ਸਿੱਖਾਂ ਦੇ ਹੱਕਾਂ ਦੀ ਅਜਾਦੀ ਲਈ ਘੋਲ ਕਰਨ ਵਾਲੀਆਂ ਸਾਰੀਆਂ ਜੱਥੇਬੰਦੀਆਂ ਨੂੰ ਇੱਕ ਮੁਠ ਹੋ ਕੇ ਇਸ ਪਾਸੇ ਜਰੂਰ ਹੰਭਲਾਂ ਮਾਰਨਾਂ ਚਾਹੀਦਾ ਹੈ । ਵੱਧ ਤੋ ਵੱਧ ਵਿਆਹ ਪਾਕਸਤਾਨ ਜਾ ਕੇ ਪਰਵਾਉਣ ਲਈ ਲੋਕਾਂ ਨੂੰ ਪ੍ਰੇਰਤ ਕਰਨਾਂ ਚਾਹੀਦਾ ਹੈ।