ਅੰਮ੍ਰਿਤਸਰ ਵਿਚ
ਬੇਰੋਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ, 8 ਨੌਜਵਾਨ ਤੇ 3 ਲੜਕੀਆਂ ਜ਼ਖਮੀ, 19 ਯੂਨੀਅਨ ਆਗੂ
ਗ੍ਰਿਫਤਾਰ
ਅੰਮ੍ਰਿਤਸਰ ਸਾਹਿਬ (06 ਸਤੰਬਰ)- ਇਕ ਪਾਸੇ ਪੰਜਾਬ ਸਰਕਾਰ ਵਲੋਂ ਅਧਿਆਪਕ ਦਿਵਸ
'ਤੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਵਿਚ ਰਾਜ ਪੱਧਰੀ ਸਮਾਗਮ ਦਾ ਆਯੋਜਿਨ ਕੀਤਾ ਗਿਆ, ਜਿਸ
ਵਿਚ ਸਰਕਾਰੀ ਸਕੂਲਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ
ਜਾ ਰਿਹਾ ਸੀ ਪਰ ਦੂਜੇ ਪਾਸੇ ਸਰਕਾਰ ਵਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ
ਸੰਘਰਸ਼ ਕਰ ਰਹੇ ਬੇਰੋਜ਼ਗਾਰ ਈ ਟੀ ਟੀ ਅਧਿਆਪਕਾਂ ਨੂੰ ਕੁਟਾਪਾ ਚਾੜ੍ਹਿਆ ਜਾ ਰਿਹਾ ਸੀ ।
ਸਿੱਖਿਆ ਵਿਭਾਗ ਵਲੋਂ ਅਧਿਆਪਕ ਦਿਵਸ ਮੌਕੇ ਬੇਰੋਜ਼ਗਾਰਾਂ ਨੂੰ ਚਾੜ੍ਹੇ ਗਏ ਕੁਟਾਪੇ ਵਿਚ
ਯੂਨੀਅਨ ਦੇ 8 ਨੌਜਵਾਨ ਅਤੇ ਤਿੰਨ ਨੌਜਵਾਨ ਲੜਕੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ
ਜਦੋਂਕਿ ਪੁਲਸ ਪ੍ਰਸ਼ਾਸ਼ਨ ਵਲੋਂ 17 ਨੌਜਵਾਨਾਂ ਤੇ 2 ਲੜਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ
ਹੈ । ਈ ਟੀ ਟੀ ਅਧਿਆਪਕ ਸਿੱਖਿਆ ਮੰਤਰੀ ਡਾ: ਉਪਿੰਦਰ ਕੌਰ, ਵਿੱਤ ਮੰਤਰੀ ਮਨਪ੍ਰੀਤ ਸਿੰਘ
ਬਾਦਲ ਅਤੇ ਮੁੱਖ ਸੰਸਦੀ ਸਕੱਤਰ ਮਹਿੰਦਰ ਕੌਰ ਜੋਸ਼ ਨੂੰ ਆਪਣੀਆਂ ਮੰਗਾਂ ਸਬੰਧੀ ਮਿਲਣਾ
ਚਾਹੁੰਦੇ ਸਨ ।
ਕਾਂਗਰਸ ਵਿਧਾਨ ਸਭਾ
ਸੈਸ਼ਨ ਵਿਚ ਸਰਕਾਰ ਨੂੰ ਘੇਰੇਗੀ-ਭੱਠਲ
ਜਲੰਧਰ (06 ਸਤੰਬਰ)- ਪੰਜਾਬ ਕਾਂਗਰਸ ਵਿਧਾਇਕ ਦਲ ਦੀ ਨੇਤਾ ਰਾਜਿੰਦਰ ਕੌਰ ਭੱਠਲ
ਨੇ ਕਿਹਾ ਹੈ ਕਿ ਕਾਂਗਰਸ ਵਿਧਾਨ ਸਭਾ ਸੈਸ਼ਨ ਵਿਚ ਸਰਕਾਰ ਨੂੰ ਜਨ ਵਿਰੋਧੀ ਨੀਤੀਆਂ ਦੇ
ਮੁੱਦੇ 'ਤੇ ਘੇਰੇਗੀ ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਵਿਧਾਨ
ਸਭਾ ਸੈਸ਼ਨ ਵਿਚ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹਿੱਸਾ ਲੈਣਗੇ, ਜਿਸ
ਨਾਲ ਕਾਂਗਰਸ ਦਾ ਰੁਖ ਹੋਰ ਮਜ਼ਬੂਤ ਹੋਵੇਗਾ ।
ਤਿੰਨ ਅਗਵਾ ਪੁਲਸ
ਮੁਲਾਜ਼ਮਾਂ ਦੀ ਰਿਹਾਈ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ
ਪਟਨਾ (06 ਸਤੰਬਰ)- ਬਿਹਾਰ ਦੇ ਲੱਖੀਸਰਾਏ ਜਿਲ੍ਹੇ ਦੇ ਕਜਰਾ ਥਾਣਾ ਖੇਤਰ ਤੋਂ
29 ਅਗਸਤ ਨੂੰ ਅਗਵਾ ਕੀਤੇ ਗਏ ਤਿੰਨ ਪੁਲਸ ਮੁਲਾਜ਼ਮਾਂ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ
ਬਣੀ ਹੋਈ ਹੈ । ਮਾਓਵਾਦੀਆਂ ਨੇ ਜਿੱਥੇ ਉਨ੍ਹਾਂ ਨੂੰ ਰਿਹਾਅ ਕੀਤੇ ਜਾਣ ਦੀ ਗੱਲ ਕਹੀ ਹੈ
ਉਥੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਬਾਰੇ ਉਸ ਕੋਲ ਕੋਈ ਸੂਚਨਾ ਨਹੀਂ ਹੈ ।
ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ
ਮਾਓਵਾਦੀਆਂ ਵਲੋਂ ਬੰਧਕਾਂ ਨੂੰ ਰਿਹਾਅ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ । ਇਸ ਤੋਂ
ਪਹਿਲਾਂ ਮਾਓਵਾਦੀਆਂ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਬੰਧਕਾਂ ਨੂੰ ਮੁਕਤ ਕਰ ਦਿੱਤਾ ਗਿਆ
ਹੈ ।
ਸਾਥੀ ਖਿਡਾਰੀਆਂ ਨੇ
ਤਕਰੀਬਨ ਹਰ ਮੈਚ ਫਿਕਸ ਕੀਤਾ-ਹਮੀਦ, ਪਾਕਿਸਤਾਨ ਦਾ ਚੌਥਾ ਖਿਡਾਰੀ ਵੀ ਜਾਂਚ ਦੇ ਘੇਰੇ
ਵਿਚ ਆਇਆ
ਲੰਡਨ (06 ਸਤੰਬਰ)- ਸਪਾਟ ਫਿਕਸਿੰਗ ਕਾਂਡ ਨੇ ਸਨਸਨੀਖੇਜ਼ ਮੋੜ ਲਿਆ ਹੈ ਜਦੋਂ
ਪਾਕਿਸਤਾਨ ਦੇ ਸੱਲਾਮੀ ਬੱਲੇਬਾਜ਼ ਜਾਸਿਰ ਹਮੀਦ ਨੇ ਦਾਅਵਾ ਕੀਤਾ ਕਿ ਉਸ ਦੇ ਸਾਥੀ ਖਿਡਾਰੀ
ਤਕਰੀਬਨ ਹਰ ਮੈਚ ਦੀ ਫਿਕਸਿੰਗ ਵਿਚ ਸ਼ਾਮਲ ਰਹੇ ਹਨ । ਇਸ ਤੋਂ ਇਲਾਵਾ ਇੰਗਲੈਂਡ ਦੇ ਦੌਰੇ
'ਤੇ ਆਈ ਪਾਕਿਸਤਾਨੀ ਟੀਮ ਦਾ ਚੌਥਾ ਖਿਡਾਰੀ ਵੀ ਜਾਂਚ ਦੇ ਦਾਇਰੇ ਵਿਚ ਆ ਗਿਆ ।
ਤਾਲਿਬਾਨ ਹਮਾਇਤੀ ਅੱਤਵਾਦੀ ਪੇਸ਼ਾਵਰ ਵਿਚ ਫਿਰ ਉਭਰ ਕੇ ਸਾਹਮਣੇ
ਆਏ
ਇਸਲਾਮਾਬਾਦ (06 ਸਤੰਬਰ)- ਤਾਲਿਬਾਨ ਹਮਾਇਤੀ ਅੱਤਵਾਦੀ ਪੇਸ਼ਾਵਰ ਦੇ ਬਾਹਰੀ
ਇਲਾਕਿਆਂ ਵਿਚ ਫਿਰ ਉਭਰ ਕੇ ਸਾਹਮਣੇ ਆਏ ਹਨ ਅਤੇ ਦਾੜ੍ਹੀ ਬਣਾਉਣ 'ਤੇ ਰੋਕ ਵਰਗੀ ਕਾਰਵਾਈ
ਰਾਹੀਂ ਆਪਣਾ ਨਿਜ਼ਾਮ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।
ਅੱਤਵਾਦੀਆਂ ਨੇ ਖੈਬਰ ਪਖਤੂਨਵਾ ਦੀ ਰਾਜਧਾਨੀ ਦੇ ਇਕ ਇਲਾਕੇ ਸ਼ੇਖਾਨ ਵਿਚ ਆਪਣੀਆਂ
ਸਰਗਰਮੀਆਂ ਸ਼ੁਰੂ ਕੀਤੀਆਂ ਹਨ । ਇਹ ਇਲਾਕਾ ਅਸ਼ਾਂਤ ਖੈਬਰ ਕਬਾਇਲੀ ਇਲਾਕੇ ਦੇ ਨੇੜੇ ਹੈ ।