ਖ਼ਬਰਾਂ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਲੀਫੋਰਨੀਆ) ਨੇ ਸ਼ਹੀਦੀ ਸਮਾਗਮ ਵਿੱਚ ਭਾਈ ਦਿਲਾਵਰ ਸਿੰਘ, ਭਾਈ ਜਸਵੰਤ ਸਿੰਘ ਖਾਲੜਾ ਅਤੇ ਸਮੂਹ ਸ਼ਹੀਦਾਂ ਨੂੰ ਸਰਧਾਂਜ਼ਲੀਆਂ ਦਿੱਤੀਆਂ, ਜ਼ਾਲਮ ਦਾ ਵਿਰੋਧ ਕਰਨਾ ਗੁਰੂ ਦੇ ਆਗਿਆਕਾਰੀ ਹੋਣਾ ਹੈ . . . ਸੁਖਮਿੰਦਰ ਸਿੰਘ ਹੰਸਰਾ


ਸੈਨ ਹੋਜ਼ੇ/ਡੇਲੀ ਬਿਉਰੋ/ਅਗਸਤ 24-2010:- ਸ਼ਹੀਦਾਂ ਦੇ ਦਿਨ ਮਨਾਉਣੇ ਇਤਹਾਸ ਦੇ ਉਨ੍ਹਾਂ ਪੰਨਿਆਂ ਨੂੰ ਦੁਹਰਾਉਣਾ ਹੁੰਦਾ ਹੈ ਜਿਸ ਤੋਂ ਕੌਮ ਸੇਧ ਲੈ ਕੇ ਭਵਿੱਖ ਸੁਧਾਰ ਸਕਦੀ ਹੈ। ਅਜੋਕੇ ਸਮੇਂ ਅੰਦਰ ਅਜੋਕੇ ਸ਼ਹੀਦਾਂ ਦੇ ਦਿਹਾੜੇ ਮਨਾਉਣ ਜਿਥੇ ਸਾਹਸੀ ਪ੍ਰਕ੍ਰਿਆ ਮੰਨੀ ਜਾਂਦੀ ਹੈ। ਇਹ ਜ਼ਿੰਮੇਵਾਰਨਾ ਪ੍ਰਕ੍ਰਿਆ ਵੀ ਹੈ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਪ੍ਰਤੀ ਸਤਿਕਾਰਤ ਸੋਚ ਨਹੀਂ ਅਪਣਾਉਂਦਆਂ ਉਹ ਭਵਿੱਖ ਨੂੰ ਸਿਰਜਣ ਵਿੱਚ ਉੱਕ ਸਕਦੀਆਂ, ਜੋ ਦਹਾਕਿਆਂ ਤੱਕ ਕੌਮ ਨੂੰ ਸੰਤਾਪ ਹੰਢਾਉਣ ਦੇ ਜ਼ੋਖਮ ਵਿੱਚ ਪਾ ਜਾਂਦੀਆਂ ਹਨ।
ਬੀਤੇ ਢਾਈ ਦਹਾਕਿਆਂ ਦੌਰਾਨ ਸਿੱਖੀ ਦੇ ਪ੍ਰਵਾਨਿਆਂ ਨੇ ਸਿੱਖ ਕੌਮ ਦਾ ਵਿਲੱਖਣ ਇਤਹਾਸ ਸਿਰਜਿਆ ਹੈ। ਦੁਸ਼ਮਣ ਦੀ ਗੋਲੀ ਨੂੰ ਖਿੜੇ ਮੱਥੇ ਸਵਿਕਾਰ ਕਰਨਾ ਸਿੱਖ ਸਰਦਾਰਾਂ ਦੇ ਨਾਮ ਨਾਲ ਜੁੜੀ ਗੌਰਵਮਈ ਧਾਰਾ ਹੈ।
ਸ਼ਹੀਦ ਭਾਈ ਦਿਲਾਵਰ ਸਿੰਘ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਲੀਫੌਰਨੀਆਂ) ਵਲੋਂ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਵਿੱਚ ਸ਼ਹੀਦੀ ਸਮਾਗਮ ਕਰਵਾਏ ਗਏ। ਐਤਵਾਰ ਨੂੰ ਬੜੇ ਸੁਹਾਵਣੇ ਮੌਸਮ ਵਿੱਚ ਪਹਾੜੀ ਤੇ ਬਣੇ ਸੈਨ ਹੋਜ਼ੇ ਕੈਲੀਫੋਰਨੀਆਂ ਦੇ ਆਲੀਸ਼ਾਨ ਗੁਰਅਸਥਾਨ ਵਿਖੇ ਇਹ ਸਮਾਗਮ ਇਤਹਾਸਕ ਪਲ੍ਹਾਂ ਨੂੰ ਤਰਤੀਬ ਦੇ ਰਿਹਾ ਸੀ। ਸ਼ਹੀਦਾਂ ਦੀ ਸਿਫਤ ਸਲਾਹ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਵਿਚਾਰ ਸੁਣਨ ਲਈ ਸੰਗਤ ਦਾ ਵੱਡਾ ਇਕੱਠ ਸੀ।
ਭਾਈ ਰਾਮ ਸਿੰਘ ਨੇ ਸ਼ੁਰੂਆਤੀ ਭਾਸ਼ਨ ਵਿੱਚ ਸ਼ਹੀਦਾਂ ਦੇ ਸੰਕਲਪ ਦੀ ਗੱਲ ਕੀਤੀ। ਉਨ੍ਹਾਂ ਪੰਚਮ ਪਾਤਸ਼ਾਹ ਤੋਂ ਲੈ ਕੇ ਅਜੋਕੇ ਸ਼ਹੀਦਾਂ ਦੀ ਗੱਲ ਕਰਦਿਆਂ ਉਨ੍ਹਾਂ ਦੇ ਕਾਰਨਾਮਿਆਂ ਤੋਂ ਸਿੱਖਣ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਲੰਮਾ ਵਿਸ਼ਾ ਹੈ ਪਰ ਮੈਂ ਗੁਰਬਾਣੀ ਦੇ ਆਧਾਰ ਤੇ ਦੱਸਣਾ ਚਾਹਾਂਗਾ ਕਿ ਗੁਰੂ ਨਾਨਕ ਸਾਹਿਬ ਜੀ ਦੱਸ ਰਹੇ ਹਨ ਕਿ ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥ਇਤੁ ਮਾਰਗਿ ਪੈਰੁ ਧਰੀਜੈ ॥ਸਿਰੁ ਦੀਜੈ ਕਾਣਿ ਨ ਕੀਜੈ ॥20॥ ਹੁਣ ਵੇਖੀਏ ਗੁਰੂ ਅਰਜਨ ਸਾਹਿਬ ਜੀ ਕੀ ਕਹਿ ਰਹੇ ਹਨ ''ਪਹਿਲਾਂ ਮਰਨ ਕਬੂਲ ਜੀਵਨ ਕੀ ਛਡਿ ਆਸ, ਹੋਹ ਸਭਨਾ ਕੀ ਰੇਣਕਾ ਤੳ ਆਓ ਹਮਾਰੇ ਪਾਸ॥ ਧਰਮ ਦੇ ਬਾਰੇ ਸ਼ਹੀਦ ਹੋਣਾ, ਸਿੱਖ ਧਰਮ ਦਾ ਅਨਿੱਖੜਵਾਂ ਅੰਗ ਹੈ। ਸਾਡਾ ਮੁਢਲਾ ਸਿੱਧਾਂਤ ਹੈ ਕਿ: ਭੈ ਕਾਹੁੰ ਕਉ ਦੇਤ ਨਹਿ ਨਹਿ ਭੈ ਆਣਤਿ ਮਾਨੁ॥ ਸਾਨੂੰ ਇਹ ਜਾਨਣ ਦੀ ਲੋੜ ਹੈ ਕਿ ਸ਼ਹੀਦੀ ਦਿਹਾੜੇ ਮਨਾਉਣ ਦਾ ਸਾਡਾ ਮਕਸਦ ਕੀ ਹੈ। ਸ਼ਹੀਦ ਦਾ ਸ਼ਹਾਦਤ ਪ੍ਰਾਪਤ ਕਰਨਾ ਉਨ੍ਹਾਂ ਦਾ ਨਿਸ਼ਾਨਾ ਸੀ ਪਰ ਅਸੀਂ ਕੀ ਕਰ ਰਹੇ ਹਾਂ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਪ੍ਰਾਪਤ ਕੀਤੀ ਤਾਂ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਕਿ ਕੀ ਅਸੀਂ ਆਪਣਾ ਫਰਜ਼ ਪੁਗਾ ਰਹੇ ਹਾਂ।
ਭਾਈ ਕੁਲਵੰਤ ਸਿੰਘ ਦੇ ਜਥੇ ਨੇ ਡਗਮਗ ਛਾਡਿ ਰੇ ਮਨ ਬਉਰਾ ॥ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥ ਸ਼ਬਦ ਗਾਇਣ ਕਰਦਿਆਂ ਵਿੱਚ ਅਨੇਕਾ ਪ੍ਰਮਾਣ ਲਾਉਂਦਿਆਂ ਸ਼ਹੀਦੀ ਨੂੰ ਸ਼ਰਧਾਂਜ਼ਲੀਆਂ ਅਰਪਿਤ ਕੀਤੀਆਂ।
ਟਰਾਂਟੋ ਤੋ ਪੁੱਜੇ ਅੱਜ ਦੇ ਸਮਾਗਮ ਦੇ ਮੁੱਖ ਬੁਲਾਰੇ, ਮਸ਼ਹੂਰ ਪੱਤਰਕਾਰ ਅਤੇ ਸਿੱਖ ਕੌਮ ਦੀ ਆਜ਼ਾਦੀ ਦੀ ਲਹਿਰ ਦੇ ਘਾਗ ਪ੍ਰਚਾਰਕ ਸੁਖਮਿੰਦਰ ਸਿੰਘ ਹੰਸਰਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਪੇਸ਼ ਹੈ ਉਨ੍ਹਾਂ ਦੇ ਤਕਰੀਰ ਦੇ ਕੁੱਝ ਅੰਸ਼:
31 ਅਗਸਤ 1997 ਦਾ ਦਿਨ ਸਾਡੇ ਕਲੰਡਰ ਦਾ ਇਤਹਾਸ ਦੁਰਹਾਊ ਦਿਨ ਹੈ। ਜਦੋਂ ਅਜੋਕੇ ਸਮ੍ਹੇਂ ਦੇ ਮੱਸੇ ਰੰਘੜ ਨੂੰ ਭਾਈ ਦਿਲਾਵਰ ਸਿੰਘ ਨੇ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਦਾ ਰੂਪ ਧਾਰਨ ਕਰਕੇ ਨਰਕਾਂ ਦਾ ਵਾਸੀ ਬਣਾਇਆ ਸੀ। ਇਸਦੇ ਨਾਲ ਹੀ ਅਸੀਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ ਹੋ ਰਹੇ ਹਾਂ। ਭਾਈ ਖਾਲੜਾ ਦੀ ਸ਼ਹੀਦੀ ਵੀਹਵੀਂ ਸਦੀ ਦੀ ਉਹ ਵਿਲੱਖਣ ਸ਼ਹਾਦਤ ਹੈ ਜੋ ਭਾਰਤ ਦੇ ਜ਼ੁਲਮੀ ਰਾਜ ਵਿੱਚ ਇੱਕ ਕਿੱਲ ਸਾਬਤ ਹੋਵੇਗੀ। ਖਾਲਿਸਤਾਨ ਦੇ ਇਨਾਂ ਰੌਸ਼ਨ ਸਿਤਾਰਿਆਂ ਦੀ ਸ਼ਹਾਦਤ ਪ੍ਰਤੀ ਸਾਨੂੰ ਵੀ ਇਮਾਨਦਾਰੀ ਅਤੇ ਦਿਆਨਦਾਰੀ ਦਾ ਰੁੱਖ ਅਪਣਾਉਂਦਿਆਂ ਸਿੱਖ ਕੌਮ ਦੇ ਕੌਮੀ ਘਰ ਪ੍ਰਤੀ ਸੁਹਿਰਦਤਾ ਅਤੇ ਦ੍ਰਿੜਤਾ ਹੋਣਾ ਚਾਹੀਦਾ ਹੈ।
ਬ੍ਰਿਟਿਸ਼ ਦਾ ਇੰਡੀਆ ਵਿੱਚ ਆਰਮੀ ਅਫਸਰ ਯੀਟ ਬਰਾਊਨ ਲਿਖਦਾ ਹੈ ਕਿ ਸੰਸਾਰ ਤੇ ਦੋ ਅਜਿਹੇ ਤਬਕੇ ਹਨ ਜਿਹੜੇ ਲੜਨ ਵਿੱਚ ਮਸ਼ਹੂਰ ਹਨ, ਸਿੱਖ ਅਤੇ ਗੋਰਖੇ। ਸਿੱਖਾਂ ਨੂੰ ਸ਼ਾਂਤੀ ਮੌਕੇ ਕੰਟਰੋਲ ਕਰਨਾ ਮੁਸ਼ਕਲ ਹੈ ਪਰ ਅਗਰ ਤੁਸੀਂ ਉਨ੍ਹਾਂ ਨੂੰ ਜੰਗ ਵਿੱਚ ਪਾ ਦਿਓ ਤਾਂ ਕਿ ਆਪਣੇ ਸ਼ੇਰ ਦੇ ਖਿਤਾਬ ਤੇ ਪੂਰੇ ਉਤਰਦੇ ਹਨ। ਆਖਰੀ ਜੰਗ ਵਿੱਚ ਅਰਬੀ ਇਨ੍ਹਾਂ ਨੂੰ ਕਾਲੇ ਸ਼ੇਰ ਕਿਹਾ ਕਰਦੇ ਸਨ
ਸ਼ਹੀਦਾਂ ਬਾਰੇ ਸੁਖਦੀਪ ਸਿੰਘ ਬਰਨਾਲਾ ਲਿਖਦਾ ਹੈ:
ਨਹੀਂ ਡਰਨਾਂ, ਡਰਾਉਣਾ ਨਹੀਂ ਕਿਸੇ ਨੂੰ ਵੀ ਰਿਹਾ ਮੁੱਢੋਂ ਨਿਸ਼ਾਨਾ ਇਹ ਖ਼ਾਲਸੇ ਦਾ
ਸਿੰਘਾਂ ਵਾਸਤੇ ਗਾਲ਼ ਗੁਲਾਮ ਹੋਣਾ ਇਹੋ ਕੌਮੀ ਤਰਾਨਾ ਏ ਖ਼ਾਲਸੇ ਦਾ
ਮੁਰਦਾ ਹੋਇ ਮੁਰੀਦ ਨ ਗਲੀਂ ਹੋਵਣਾ॥ ਸਾਬਰ ਸਿਦਕਿ ਸਹੀਦੁ ਭਰਮ ਭਉ ਖੋਵਣਾ॥
ਗੋਲਾ ਮੁੱਲ ਖਰੀਦੁ ਕਾਰੇ ਜੋਵਣਾ॥ ਨਾ ਤਿਸੁ ਭੁਖ ਨ ਨੀਂਦ ਨ ਖਾਣਾ ਸੋਵਣਾ॥
ਚੰਦ ਮੁਮਾਰਖ ਈਦ ਪੁਗ ਖਲੋਵਣਾ ॥੧੮॥ (ਭਾਵ ਈਦ ਦੇ ਚੰਦ ਵਾਂਗ ਉਹੀ ਮਨੁੱਖ ਸੱਚ ਤੇ ਪੁਗੇਗਾ)
ਭਾਈ ਗੁਰਦਾਸ ਜੀ
ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥ ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥ ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥3॥ ਗੁਰੂ ਨਾਨਕ ਸਾਹਿਬ
ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ
ਡੈਣ ਸਰਾਲ ਚੋਰ ਜਿਉਂ ਸਰਕੀ ਲੈ ਕੇ ਘੋਰ ਪਿਆਸਾਂ
ਉੱਜੜੇ ਪਾਕ ਸਰੋਵਰ ਉੱਤੇ ਅੱਥਰੂ ਭਰੇ ਸ਼ਹੀਦਾਂ
ਕੁਲ ਤਬਕਾਂ ਇਵ ਰਾਖ ਉਡੰਦੀ ਬਖਸ਼ਣਹਾਰ ਨ ਦੀਹਦਾਂ
ਹਰਿੰਦਰ ਸਿੰਘ ਮੁਿਹਬੂਬ
ਜਿਥੇ ਇਨਸਾਫ ਨਾਮ ਦੀ ਕੋਈ ਗੱਲ ਨਾ ਹੋਵੇ ਅਤੇ ਰਾਜੇ ਸੀਂਹ ਬਣ ਜਾਣ ਅਤੇ ਉਨ੍ਹਾਂ ਦੇ ਮੁਕੱਦਮ ਕੁੱਤਿਆਂ ਦਾ ਰੂਪ ਧਾਰਨ ਕਰ ਲੈਣ ਤਾਂ ਅਮਰੀਕਾ ਦੇ ਤੀਸਰੇ ਪ੍ਰਧਾਨ ਥਾਮਸ ਜੈਫਰਸਨ ਦਾ ਕਥਨ ਬੜਾ ਢੁੱਕਵਾਂ ਹੈ ਕਿ: Resistance to tyrants is obedience to God. Thomas Jefferson , ਕਿ ਜ਼ਾਲਮ ਦਾ ਵਿਰੋਧ ਕਰਨਾ ਗੁਰੂ ਦੇ ਆਗਿਆਕਾਰੀ ਹੋਣ ਤੁੱਲ ਹੈ।
ਕੁਦਰਤ ਦਾ ਅਸੂਲ ਹੈ ਕਿ ਮਨੁੱਖ ਮਜਬੂਰ ਹੋ ਕੇ ਭਾਵੇਂ ਕੋਈ ਧੱਕਾ ਬਰਦਾਸ਼ਤ ਕਰ ਲਵੇ ਪਰ ਜਦੋਂ ਉਹ ਵਿਰੋਧ ਕਰਨ ਦੇ ਸਮਰੱਥ ਹੁੰਦਾ ਹੈ ਤਾਂ ਉਹ ਵਿਰੋਧ ਜਰੂਰ ਕਰਦਾ ਹੈ।
ਅੱਜ ਆਪਾਂ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਦੇਣ ਲਈ ਇਕੱਤਰ ਹੋਏ ਹਾਂ। ਇਸਦਾ ਕੀ ਮਤਲਬ ਹੈ?
ਔਟੋਮੈਨ ਤੁਰਕਿਸ਼ ਸੁਲਤਾਨ ਨੇ ਤੁਰਕੀ ਨੂੰ ਆਪਣੇ ਕਬਜ਼ੇ ਵਿੱਚ ਜਕੜਿਆ ਹੋਇਆ ਸੀ ਜਦੋਂ ਇੱਕ ਦਾਨਿਸ਼ਮੰਦ ਕੇਮਲ ਅੱਟਾਤੁਰਕ ਨੇ 1924 ਵਿੱਚ ਉਸਦਾ ਕਬਜ਼ਾ ਖਤਮ ਕਰਕੇ ਤੁਰਕੀ ਨੂੰ ਆਜ਼ਾਦ ਕਰਵਾ ਦਿੱਤਾ। ਅੱਟਾਤੁਰਕ ਦੇ ਤਜ਼ਰਬਿਆਂ ਨੂੰ ਸਾਨੂੰ ਵੀ ਆਪਣੇ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ
''ਆਜ਼ਾਦੀ ਮਿਲਦੀ ਨਹੀਂ ਲਈ ਜਾਂਦੀ ਹੈ" Sovereignty is not given, it is taken"
ਕਿਉਂਕਿ ਸਾਡੀ ਹਾਲਤ ਤਾਂ ਇਉਂ ਹੈ ਕਿ: ਮੇਰਾ ਕਾਤਲ ਹੀ ਮੇਰਾ ਮੁਨਸਿਬ ਹੈ, ਕਿਆ ਮੇਰੇ ਹੱਕ ਮੇਂ ਫੈਸਲਾ ਦੇਗਾ ਅਜੋਕੇ ਸਮ੍ਹੇਂ ਅੰਦਰ ਸਿੱਖ ਕੌਮ ਨੂੰ ਨਿਪੁੰਸਕ ਬਣਾਉਣ ਲਈ ਭਾਰਤ ਸਰਕਾਰ ਨੇ ਪ੍ਰਾਪੇਗੰਡਾ ਮਸ਼ੀਨਰੀ ਨੂੰ ਫੁੱਲ ਸਪੀਡ ਤੇ ਛੱਡਿਆ ਹੋਇਆ ਹੈ।
ਖਾਲਿਸਤਾਨੀਆਂ ਦਾ ਵਿਰੋਧ ਅਤੇ ਖਾਲਿਸਤਾਨ ਦਾ ਵਿਰੋਧ ਦੋ ਵਿਸ਼ੇ ਹਨ। ਇਨਾਂ ਦੋਹਾਂ ਦੇ ਮਾਅਨਿਆਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ, ਜਦੋਂ ਕਿ ਖਾਲਿਸਤਾਨੀ ਵਿਅਕਤੀ ਦਾ ਵਿਰੋਧ ਕਰਦੇ ਕਰਦੇ ਇਹ ਅਦਾਰੇ, ਭਾਰਤ ਸਰਕਾਰ ਦੀ ਸੋਚ ਨੂੰ ਸਮਰਪਿਤ ਹੁੰਦਿਆਂ ਖਾਲਿਸਤਾਨ ਦੇ ਸੰਕਲਪ ਨਾਲ ਖਿਲਵਾੜ ਕਰ ਜਾਂਦੇ ਹਨ।
ਅਖੀਰ ਵਿੱਚ ਸ੍ਰ. ਸੁਖਮਿੰਦਰ ਸਿੰਘ ਹੰਸਰਾ ਡੇਨਿਸ਼ ਫਿਲਾਸਫਰ ਸੋਰਿਨ ਕਿਰਕਗਾਰਡ ਦੇ ਕਥਨ ਨਾਲ ਆਪਣੇ ਵਿਚਾਰਾਂ ਦੀ ਸਮਾਪਤੀ ਕੀਤੀ ਕਿ ਜਦੋਂ ਜ਼ਾਲਮ ਹਾਕਮ ਮਰ ਜਾਵੇ ਤਾਂ ਉਹ ਉਸਦੇ ਰਾਜ ਦੀ ਸਮਾਪਤੀ ਹੁੰਦੀ ਹੈ, ਜਦਕਿ ਇੱਕ ਸ਼ਹੀਦ ਮਰ ਜਾਵੇ ਤਾਂ ਉਹ ਉਸਦਾ ਰਾਜ ਦੀ ਸ਼ੁਰੂਆਤ ਹੁੰਦੀ ਹੈ।
The tyrant dies and his rule is over, the martyr dies and his rule begins Soren Kierkegaarਦ
ਕੋਊ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇਹੈ ਨਿਜ ਬੱਲ ਸੇ ਲੇਹੈ॥ ਖਾਲਿਸਤਾਨ ਜ਼ਿੰਦਾਬਾਦ ਉਪਰੰਤ ਸਰਵਣ ਸਿੰਘ ਦੇ ਕਵੀਸ਼ਰੀ ਜਥੇ ਨੇ ਜੋਸ਼ਮਈ ਕਵੀਸ਼ਰੀਆਂ ਨਾਲ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਦਿੱਤੀਆਂ। ਭਾਈ ਸਰਵਣ ਸਿੰਘ ਨੇ ਇਸ ਮੌਕੇ ਸਿੱਖ ਕੌਮ ਦੇ ਦੁਖਾਂਤ ਅਤੇ ਚੜਦੀ ਕਲਾ ਦੀਆਂ ਘਟਨਾਵਾਂ ਨੂੰ ਖੋਲ ਕੇ ਬਿਆਨ ਕੀਤਾ।
ਸ੍ਰ ਅਜੀਤ ਸਿੰਘ ਆਲੋਅਰਖ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਪੰਜਾਬ ਵਿੱਚ ਚੱਲ ਰਹੀਆਂ ਗਤੀਆਂ ਵਿਧੀਆਂ ਬਾਰੇ ਚਾਨਣਾ ਪਾਇਆ। ਅਤੇ ਕੈਲੀਫੋਰਨੀਆ ਦੇ ਸੀਨੀਅਰ ਸਿੱਖ ਆਗੂ ਸ੍ਰ. ਰੇਸ਼ਮ ਸਿੰਘ ਨੇ ਸੰਗਤ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਸਿੱਖ ਕੌਮ ਦਾ ਦੁਖਾਂਤ ਇਹ ਹੈ ਕਿ ਜਿਹੜਾ ਕੌਮ ਦੀ ਖਾਤਰ ਸ਼ਹੀਦ ਹੁੰਦਾ ਹੈ ਉਹ ਹਾਰਡਕੋਰ ਹੈ ਅਤੇ ਜਿਹੜਾ ਕੌਮ ਦੀ ਪਿੱਠ 'ਚ ਛੁਰਾ ਮਾਰਦੇ ਹਨ ਉਹ ਇਨਾਂ ਨੂੰ ਪ੍ਰਵਾਨਿਤ ਹਨ।
ਅਖੀਰ ਵਿੱਚ ਸ੍ਰ. ਪ੍ਰੀਤਮ ਸਿੰਘ ਜੋਗਾ ਨੰਗਲ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਮੁੱਚੀ ਸਾਧ ਸੰਗਤ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਹੀਦ ਪ੍ਰੀਵਾਰਾਂ ਦੇ ਵਾਰਸਾਂ, ਜਿੰਨ੍ਹਾਂ ਵਿੱਚ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸੁਪਤਨੀ, ਨਕਲੋਦਰ ਕਾਂਡ ਵਿੱਚ ਸ਼ਹੀਦ ਹੋਏ ਸਿੰਘ ਦੇ ਪਿਤਾ ਜੀ ਸ੍ਰ. ਬਲਦੇਵ ਸਿੰਘ ਅਤੇ ਕੁੱਝ ਹੋਰ ਸ਼ਹੀਦ ਪ੍ਰੀਵਾਰਾਂ ਅਤੇ ਸ਼ਹੀਦੀ ਸਮਾਗਮ ਦੇ ਬੁਲਾਰਿਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰ. ਪ੍ਰੀਤਮ ਸਿੰਘ ਜੋਗਾ ਨੰਗਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਸ ਖਿੱਤੇ ਵਿੱਚ ਸਿੱਖ ਕੌਮ ਦਾ ਮਾਨ ਸਨਮਾਨ ਬਹਾਲ ਕਰਵਾਉਣ ਲਈ ਸਰਗਰਮ ਹੈ। ਉਨ੍ਹਾਂ ਨੇ ਸਮੁੱਚੇ ਮੈਂਬਰਾਂ ਦਾ ਧੰਂਵਾਦ ਕੀਤਾ, ਜਿੰਨ੍ਹਾਂ ਵਿੱਚ ਬਲਜੀਤ ਸਿੰਘ, ਅਨੋਖ ਸਿੰਘ, ਅਮਰੀਕ ਸਿੰਘ, ਰਾਜਿੰਦਰਪਾਲ ਸਿੰਘ, ਰਾਜਾ ਸਿੰਘ, ਸੁਖਦੇਵ ਸਿੰਘ ਬੈਣੀਵਾਲ, ਭਾਈ ਰਾਮ ਸਿੰਘ, ਹਰਮਿੰਦਰ ਸਿੰਘ, ਦੇਵਿੰਦਰ ਸਿੰਘ, ਦਰਸ਼ਨ ਸਿੰਘ, ਤਰਸੇਮ ਸਿੰਘ ਖਾਲਸਾ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੈਂਬਰ ਹਨ ਅਤੇ ਕੈਲੀਫੋਰਨੀਆਂ ਦੇ ਦੂਸਰੇ ਪਾਸੇ ਤੋਂ ਚੱਲ ਕੇ ਉਹ ਕੌਮੀ ਪ੍ਰੋਗ੍ਰਾਮਾਂ ਨੂੰ ਸਫਲ ਬਣਾਂਉਣ ਲਈ ਯੋਗਦਾਨ ਪਾਉਂਦੇ ਹਨ, ਮਲਕੀਤ ਸਿੰਘ ਹੁਸ਼ਿਆਰਪੁਰ, ਭੁਪਿੰਦਰ ਸਿਮਘ ਚੀਮਾ, ਸੁਖਵਿੰਦਰ ਸਿੰਘ ਗੋਗੀ, ਜਸਵੀਰ ਸਿੰਘ ਟ੍ਰਿਪਲ ਏ, ਹਰਪਾਲ ਸਿੰਘ, ਭੁਪਿੰਦਰ ਸਿਮਘ ਜੇ.ਈ., ਗੁਰਜੀਤ ਸਿੰਘ ਝਾਮਪੁਰ, ਭਾਈ ਗੁਰਮੇਲ ਸਿੰਘ ਬਾਠ, ਸੁਖਵਿੰਦਰ ਸਿੰਘ ਸੋਢੀ, ਅਜੈਬ ਸਿੰਘ, ਜਸਕਰਨ ਸਿੰਘ, ਅਵਤਾਰ ਸਿੰਘ, ਜੋਗਿੰਦਰ ਸਿੰਘ ਅਤੇ ਸੈਨ ਹੋਜ਼ੇ ਦੀ ਸਮੂਹ ਸੇਵਾਦਾਰ ਕਮੇਟੀ ਦਾ ਧੰਨਵਾਦ ਜਿੰਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ ਹੈ।

ਵੈਨਕੂਵਰ ਦੇ ਭਾਰਤੀ ਕੌਂਸਲਖਾਨੇ ਬਾਹਰ ਆਜ਼ਾਦੀ ਦਿਵਸ ਮੌਕੇ ਸ਼ਾਂਤਮਈ ਰੋਸ ਪ੍ਰਦਰਸ਼ਨ

ਵੈਨਕੂਵਰ 'ਚ 15 ਅਗਸਤ ਨੂੰ ਰੋਸ ਮੁਜ਼ਾਹਰਾ ਕਰ ਰਹੇ ਲੋਕ

ਵੈਨਕੂਵਰ (ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ) - ਭਾਰਤ ਦੀ ਅਖੌਤੀ ਅਜ਼ਾਦੀ ਦੀ 63ਵੀਂ ਵਰ੍ਹੇਗੰਢ ਮੌਕੇ ਜਿੱਥੇ ਅਜ਼ਾਦੀ ਨੂੰ ਮਨਾਉਣ ਦਾ ਢੌਂਗ ਡਿਪਟੀ ਹਾਈ ਕਮਿਸ਼ਨ ਵੈਨਕੂਵਰ ਦੇ ਦਫਤਰ ਵਿੱਚ ਕੀਤਾ ਜਾ ਰਿਹਾ ਸੀ, ਉਸੇ ਵੇਲੇ ਈਸਟ ਇੰਡੀਅਨ ਡਿਫੈਂਸ ਕਮੇਟੀ ਦੇ ਸੱਦੇ 'ਤੇ ਤਕਰੀਬਨ ਅਗਾਂਹਵਧੂ ਤੇ ਮਨੁੱਖਤਾ ਦੇ ਹਾਮੀ ਲੋਕਾਂ ਨੇ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਲੋਕਾਂ ਨੇ ਅਪਰੇਸ਼ਨ ਗਰੀਨ ਹੰਟ ਰਾਹੀਂ ਆਪਣੇ ਹੀ ਲੋਕਾਂ ਵਿਰੁੱਧ ਜੰਗ ਬੰਦ ਕਰਨ ਦੇ ਨਾਹਰੇ ਲਾਏ। ਸੰਨ 1970ਵਿਆਂ 'ਚ ਸਥਾਪਤ ਹੋਈ ਈਸਟ ਇੰਡੀਅਨ ਡਿਫੈਂਸ ਕਮੇਟੀ ਵਲੋਂ ਇਸ ਤੋਂ ਪਹਿਲਾਂ ਵੀ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੰਨ 1973 ਵਿੱਚ ਕੈਨੇਡਾ ਆਉਣ 'ਤੇ ਰੋਸ ਮੁਜ਼ਾਹਰੇ ਕੀਤੇ ਗਏ ਸਨ ਜਦਕਿ ਉਸ ਤੋਂ ਬਾਅਦ 1986 ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਖਿਲਾਫ ਵੀ ਰੋਸ ਪ੍ਰਦਰਸ਼ਨ ਹੋਏ ਸਨ। ਸੰਸਥਾ ਦੇ ਆਗੂ ਹਰਭਜਨ ਸਿੰਘ ਚੀਮਾ ਦੁਸਾਂਝ ਕਲਾਂ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਵਿੱਚ ਆਜ਼ਾਦੀ ਦੇ ਨਾਂ 'ਤੇ ਜਸ਼ਨ ਮਨਾਏ ਜਾਣਾ ਅਫਸੋਸਨਾਕ ਹੈ ਕਿਉਂਕਿ ਕਰੋੜਾਂ ਲੋਕਾਂ ਦੇ ਗਰੀਬੀ ਰੇਖਾ ਹੇਠ ਦੱਬੇ ਹੋਣ ਅਤੇ ਅਣਗਿਣਤ ਹੋਰਨਾਂ ਉੱਪਰ ਹੁਕਮਰਾਨਾ ਵਲੋਂ ਤਸ਼ੱਦਦ ਢਾਹੇ ਜਾਣ ਦੀਆਂ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਹਨ।
ਈਸਟ ਇੰਡੀਅਨ ਡਿਫੈਂਸ ਕਮੇਟੀ ਦੇ ਬੁਲਾਰੇ ਲਖਵੀਰ ਖੁਣਖੁਣ ਨੇ ਭਾਰਤ ਦੀ ਅਸਲੀ ਸਥਿਤੀ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਭਾਰਤ ਦੇ 82 ਕਰੋੜ 80 ਲੱਖ ਲੋਕ, ਜੋ ਕਿ ਪੂਰੀ ਵਸੋਂ ਦਾ 75.6% ਹਨ, ਉਹ ਸਿਰਫ ਦੋ ਡਾਲਰ ਪ੍ਰਤੀ ਦਿਨ ਗੁਜ਼ਾਰਾ ਕਰਦੇ ਹਨ। ਆਉਣ ਵਾਲੀਆਂ ਕਾਮਨ ਵੈਲਥ ਖੇਡਾਂ ਦੇ ਘਪਲਿਆਂ ਬਾਰੇ, ਭਾਰਤ ਦੇ ਸੱਤ ਜ਼ਿਲ੍ਹਿਆਂ ਵਿੱਚ ਘਰੇਲੂ ਜੰਗ, ਆਦਿਵਾਸੀਆਂ ਤੇ ਕਬਾਇਲੀਆਂ ਦੇ ਵਿਰੁੱਧ ਅਪਰੇਸ਼ਨ ਗਰੀਨ ਹੰਟ ਵਰਗੀਆਂ ਘਿਨਾਉਣੀਆਂ ਕਾਰਵਾਈਆਂ, ਸਰਕਾਰ ਸਿਰ ਵੱਧਦਾ ਹੋਇਆ ਕਰਜ਼ਾ, ਸਿਹਤ ਸਹੂਲਤਾਂ ਦੀ ਮਾੜੀ ਹਾਲਤ, 1997 ਤੋਂ ਬਾਅਦ ਕਿਸਾਨਾਂ ਦੀਆਂ 200,000 ਖੁਦਕਸ਼ੀਆਂ ਕਿਸ ਕਿਸਮ ਦੀ ਅਜ਼ਾਦੀ ਦਾ ਪ੍ਰਤੀਕ ਹਨ। ਉਸ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਰੱਖੇ। ਭਾਰਤ ਦੀਆਂ ਰਾਜਨੀਤਿਕ ਤੇ ਆਰਥਿਕ ਹਾਲਤਾਂ ਦਾ ਲੇਖਾ ਜੋਖਾ ਕਰਦੀ ਹੋਈ, ਇੱਕ ਦਸਤਾਵੇਜ਼ ਦੀ 1000 ਕਾਪੀ ਵੀ ਵੰਡੀ ਗਈ। ਇਹ ਰੋਸ ਮੁਜ਼ਾਹਰਾ ਤਕਰੀਬਨ ਦੋ ਘੰਟੇ ਚਲਦਾ ਰਿਹਾ। ਇਸ ਸਮੇਂ ਡਿਪਟੀ ਹਾਈ ਕਮਿਸ਼ਨ ਦੇ ਅਹੁਦੇਦਾਰਾਂ ਵਲੋਂ ਇਸ ਸਾਂਤਮਈ ਮੁਜ਼ਾਹਰੇ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਨੇ ਹੱਕ ਮੰਗਦੇ ਲੋਕਾਂ ਦੀ ਅਵਾਜ਼ ਬੰਦ ਕਰਨ ਲਈ ਉਹਨਾਂ ਨੂੰ ਧਮਕਾਇਆ ਤੇ ਗੈਰਕਾਨੂੰਨੀ ਤੌਰ 'ਤੇ ਲੋਕਾਂ ਦੀਆਂ ਫੋਟੋਆਂ ਖਿੱਚ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਗਾਂਹਵਧੂ ਲੋਕਾਂ ਦੀ ਤਾਕਤ ਨੂੰ ਨਿਖੇੜ ਨਹੀਂ ਸਕੇ ਸਗੋਂ ਲੋਕਾਂ ਦਾ ਰੋਹ ਹੋਰ ਵੀ ਵਧਿਆ।

15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਨ ਦੀ ਬਜਾਇ ਸਿੱਖ ਨੁਸ਼ਲਕੁਸ਼ੀ ਦਿਨ ਕਰਾਰ

ਟਰਾਂਟੋ/ਡੇਲੀ ਬਿਊਰੋ/ਅਗਸਤ :- ਉਨਟਾਰੀਓ ਦੀ ਸਿੱਖ ਕਮਿਊਨਟੀ ਨੇ ਇੱਕ ਮੰਚ ਤੇ ਆ ਕੇ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਦੀ ਬਜਾਇ ਸਿੱਖ ਨਸਲਕੁਸ਼ੀ ਦੇ ਦਿਨ ਵਜੋਂ ਯਾਦ ਕੀਤਾ। ਭਾਰਤ ਦੇ ਇਤਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਸਿੱਖ ਭਾਈਚਾਰੇ ਨੇ ਸਮੂਹਿਕ ਤੌਰ ਤੇ ਇੱਕ ਮੰਚ ਤੇ ਇਕੱਠੇ ਹੋ ਕੇ ਭਾਰਤ ਸਰਕਾਰ ਵਲੋਂ ਘੱਟ ਗਿਣਤੀ ਕੌਮਾਂ ਦੀ ਨਸਲਕੁਸ਼ੀ ਦਾ ਪਰਦਾਫਾਸ਼ ਕਰਦਿਆਂ ਭਾਰਤ ਦੇ ਬੀਬੇ ਚਿਹਰੇ ਨੂੰ ਸੰਸਾਰ ਸਾਹਮਣੇ ਬੇਨਕਾਬ ਕਰਨ ਦੀ ਕਾਰਵਾਈ ਕੀਤੀ ਹੈ।
ਸਿੱਖ ਫਾਰ ਜਸਟਿਸ ਦੇ ਬੈਨਰ ਹੇਠ ਉਨਟਾਰੀਓ ਦੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ, ਜਿੰਨ੍ਹਾਂ ਵਿੱਚ ਉਨਟਾਰੀਓ ਸਿੱਖਸ ਐਂਡ ਗੁਰਦੁਆਰ ਕੌਂਸਲ, ਉਨਟਾਰੀਓ ਗੁਰਦੁਆਰਾਜ਼ ਕਮੇਟੀ, ਯੂਨਾਈਟਡ ਫਰੰਟ ਆਫ ਸਿੱਖਸ, ਅਕਾਲੀ ਦਲ ਪੰਚ ਪ੍ਰਧਾਨੀ ਅਤੇ ਉਨਟਾਰੀਓ ਦੇ ਸਮੂਹ ਗੁਰਦੁਆਰਿਆਂ ਵਲੋਂ ਕੀਤੀ ਗਈ ਇਨਸਾਫ ਕਾਨਫਰੰਸ ਦੀ ਗੂੰਜ ਦਿੱਲੀ ਪਾਰਲੀਮੈਂਟ ਤੱਕ ਜਾਵੇਗੀ। ਇਸ ਕਾਨਫਰੰਸ ਵਿੱਚ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਭਾਈਚਾਰਾ ਇਕੱਤਰ ਹੋਇਆ। ਮਾਲਟਨ ਸਥਿਤ ਕਰਾਊਨ ਬੈਂਕੁਐਟ ਵਿੱਚ ਹਾਲ ਵਿੱਚ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਪ੍ਰਬੰਧਕਾਂ ਵਲੋਂ 10-12 ਟੇਬਲ ਹੋਰ ਲਗਵਾਏ ਗਏ ਅਤੇ ਕਿਸੇ ਪਾਸੇ ਵੀ ਹਿੱਲਣ ਨੂੰ ਥਾਂ ਨਹੀਂ ਸੀ।
15 ਅਗਸਤ ਦਿਨ ਐਤਵਾਰ ਨੂੰ ਸ਼ਾਮ 5 ਵਜ੍ਹੇ ਵਹੀਰਾਂ ਘੱਤ ਕੇ ਗੈਰਤਮੰਦ ਸਿੱਖ ਭੈਣ ਭਰਾ ਕਰਾਊਨ ਬੈਕੁਐਟ ਹਾਲ ਵਿੱਚ ਸ਼ਾਮਲ ਹੋਏ। ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਕੀਤੀ ਗਈ ਜਸਟਿਸ ਕਾਨਫਰੰਸ ਵਿੱਚ ਸਭ ਤੋਂ ਪਹਿਲਾਂ ਉਨਟਾਰੀਓ ਗੁਰਦੁਆਰਾਜ਼ ਕਮੇਟੀ ਦੇ ਨੁਮਾਇੰਦੇ ਸੁਖਵਿੰਦਰ ਸਿੰਘ ਸੰਧੂ ਨੇ ਸੰਬੋਧਨ ਕੀਤਾ। ਉਨ੍ਹਾਂ ਆਪਣੇ ਪ੍ਰੀਵਾਰ ਤੇ ਨਾਲ ਬੀਤੀ ਘਟਨਾ ਨੂੰ ਸਾਂਝਿਆਂ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਸੰਨ 1984 ਵਿੱਚ ਸਿਰਫ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ, ਜੋ ਜੈਨੋਸਾਈਡ ਦੀ ਮੱਦ ਤੇ ਪੂਰਾ ਉਤਰਦਾ ਹੈ। ਸ੍ਰ. ਸੰਧੂ ਨੇ ਉਨਟਾਰੀਓ ਗੁਰਦੁਆਰਾਜ਼ ਕਮੇਟੀ ਵਲੋਂ ਵੱਚਨਵੱਧਤਾ ਦੁਹਰਾਈ ਕਿ ਸਾਡੀ ਸੰਸਥਾ ਹਰ ਪੱਖ ਤੋਂ ਸਿੱਖ ਫਾਰ ਜਸਟਿਸ ਦਾ ਸਹਿਯੋਗ ਦਿੰਦੀ ਰਹੇਗੀ।
ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਦੇ ਚੇਅਰਮੈਨ ਹਰਬੰਸ ਸਿੰਘ ਜੰਡਾਲੀ ਨੇ ਇਤਹਾਸ ਦੇ ਝਰੋਖੇ ਚੋਂ ਸਿੱਖਾਂ ਉਪਰ ਹੋ ਰਹੇ ਜ਼ੁਲਮਾਂ ਦੀ ਦਾਸਤਾਨ ਬੜੀ ਬਾਖੂਬੀ ਨਾਲ ਸੁਣਾਈ। ਲੋਕਾਂ ਨੇ ਸਾਹ ਧੂਹ ਕੇ ਜੰਡਾਲੀ ਦੀ ਅਰਥਪੂਰਣ ਤਕਰੀਰ ਨੂੰ ਸੁਣਿਆ। ਜੰਡਾਲੀ ਨੇ ਕਿਹਾ ਕਿ ਸਿੱਖ ਭਾਰਤ ਸਰਕਾਰ ਤੋਂ ਇਨਸਾਫ ਲੈ ਕੇ ਹੀ ਰਹਿਣਗੇ। ਉਨ੍ਹਾਂ ਗੁਰਪਤਵੰਤ ਸਿੰਘ ਪੰਨੂ ਅਤੇ ਸਿੱਖਸ ਫਾਰ ਜਸਟਿਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਵੀ ਪਿਛਲੇ 26 ਸਾਲਾਂ ਤੋਂ ਸੰਸਥਾਵਾਂ ਵਿੱਚ ਕੰਮ ਕਰ ਰਹੇ ਹਾਂ ਪਰ ਜਿਸ ਢੰਗ ਨਾਲ ਪੰਨੂ ਨੇ ਇਸ ਮੁੱਦੇ ਨੂੰ ਉਭਾਰਿਆ ਹੈ, ਹੋਰ ਕੋਈ ਸੰਸਥਾ ਨਹੀਂ ਕਰ ਸਕੀ। ਤੁਸੀਂ ਵੇਖ ਸਕਦੇ ਹੋ ਕਿ ਕਮਲ ਨਾਥ ਦੀ ਟਰਾਂਟੋ ਫੇਰੀ ਦੌਰਾਨ ਜਿਸ ਕਦਰ ਗਲੋਬ ਐਂਡ ਮੇਲ ਅਤੇ ਹੋਰ ਅਖਬਾਰਾਂ ਨੇ ਰਿਪੋਰਟਿੰਗ ਕੀਤੀ ਹੈ, ਉਸ ਨੇ ਸਾਡੇ ਇਸ ਕੇਸ ਨੂੰ ਅੰਤਰਰਾਸ਼ਟਰੀ ਮੰਚ ਤੇ ਪਹੁੰਚਾ ਦਿੱਤਾ ਹੈ। ਸ੍ਰ. ਜੰਡਾਲੀ ਨੇ ਕਿਹਾ ਕਿ ਅਗਰ ਇਉਂ ਹੀ ਅਸੀਂ ਇਕੱਤਰ ਹੋ ਕੇ ਚੱਲਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਸਿੱਖ ਕੌਮ ਉਪਰ ਹੋਏ ਜ਼ੁਲਮਾਂ ਦਾ ਇਨਸਾਫ ਲੈ ਸਕਾਂਗੇ।
ਯੂਨਾਈਟਡ ਫਰੰਟ ਆਫ ਸਿੱਖਸ ਦੇ ਨੁਮਾਇੰਦੇ ਭੁਪਿੰਦਰ ਸਿੰਘ ਢਿਲੋਂ ਨੇ ਕਿਹਾ ਕਿ 1978 ਤੋਂ ਲੈ ਕੇ ਆਪਾਂ ਇੱਕ ਮਾਰ ਦਾ ਨਿਸ਼ਾਨਾ ਬਣੇ ਹੋਏ ਹਾਂ। ਲੇਕਿਨ ਸਿੱਖ ਕਦੇ ਵੀ ਹੱਲਾ ਨਹੀਂ ਕਰ ਸਕੇ ਸਗੋਂ ਬਚਾਓ ਵਿੱਚ ਹੀ ਰਹੇ। ਅਖੀਰ ਇਸ ਸਾਲ ਜੂਨ ਮਹੀਨੇ ਬਰੈਂਪਟਨ ਵੈਸਟ ਦੇ ਐਮ ਪੀ ਐਂਡਰੀਓ ਕੇਨੀਆ ਨੇ ਕਨੇਡੀਅਨ ਪਾਰਲੀਮੈਂਟ ਵਿੱਚ ਸਿੱਖ ਕਤਲੇਆਮ ਨੂੰ ਜੈਨੋਸਾਈਡ ਕਰਾਰ ਦੁਆਉਣ ਲਈ ਪਟੀਸ਼ਨ ਪਾਈ। ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡਾ ਦੀ ਸਰਕਾਰ, ਵਿਰੋਧੀ ਧਿਰ ਲਿਬਰਲ ਪਾਰਟੀ ਅਤੇ ਐਂਡ ਡੀ ਪੀ ਦੇ ਆਗੂਆਂ ਨਾਲ ਮੀਟਿੰਗਾਂ ਕਰਕੇ ਪਟੀਸ਼ਨ ਰੋਕਣ ਦੀ ਕੋਸ਼ਿਸ਼ ਕੀਤੀ। ਭੁਪਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਕੈਨੇਡਾ ਵਿੱਚ ਵੀ ਸਾਨੂੰ ਪੋਲੋਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਭੁਪਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਕੈਨੇਡਾ ਵਿੱਚ ਸਿੱਖਾਂ ਨੂੰ ਹੋਰ ਪੋਲੋਰਾਈਜ਼ ਕਰਵਾਉਣ ਲਈ ਮਨਮੋਹਣ ਸਿੰਘ ਨੇ ਕੈਨੇਡਾ ਫੇਰੀ ਦੌਰਾਨ ਬਿਆਨ ਦਿੱਤਾ ਕਿ ਕੈਨੇਡਾ ਵਿੱਚ ਸਿੱਖ ਅੱਤਵਾਦ ਪਨਪ ਰਿਹਾ ਹੈ। ਢਿਲੋਂ ਨੇ ਕਿਹਾ ਕਿ ਜੈਨੋਸਾਈਡ ਦੀ ਪਟੀਸ਼ਨ ਪਾ ਕੇ ਟਰਾਂਟੋ ਦੇ ਸਿੱਖਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ।
ਭੁਪਿੰਦਰ ਸਿੰਘ ਢਿਲੋਂ ਨੇ ਅੱਗੇ ਦੱਸਿਆ ਕਿ ਯੂਨਾਈਟਡ ਫਰੰਟ ਆਫ ਸਿੱਖਸ ਵਲੋਂ ਅਸੀਂ ਕੌਮੀ ਕੰਮਾਂ ਤੇ ਪਹਿਰਾ ਦਿੰਦੇ ਹਾਂ। ਕੇ ਪੀ ਐਸ ਗਿੱਲ ਵਲੋਂ ਇੱਕ ਰੇਡੀਓ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਵਰਤੇ ਭੱਦੇ ਸ਼ਬਦਾਂ ਦਾ ਅਸੀਂ ਨੋਟਿਸ ਲਿਆ ਹੈ ਅਤੇ ਰੇਡੀਓ ਸਟੇਸ਼ਨ ਨਾਲ ਇਸ ਬਾਰੇ ਗੱਲਬਾਤ ਚੱਲ ਰਹੀ ਹੈ।
ਇਸ ਮੌਕੇ ਸੁਖਮਿੰਦਰ ਸਿੰਘ ਹੰਸਰਾ ਨੇ ਫੇਸਬੁੱਕ ਤੇ ਲਿਖੇ ਗਏ ਲਫਜ਼ਾਂ ਨਾਲ ਆਪਣੇ ਵਿਚਾਰ ਨਾਲ ਸ਼ੁਰੂ ਕੀਤੇ। I demand my rights, it is my crime. I demand my dignity, it is my crime.I demand life, it is my crime. I am a SIKH, it is my crime. but i feel proud to commit these crimes. ਇਹ ਹਰਪ੍ਰੀਤ ਸਿੰਘ ਬੇਦੀ ਵਲੋਂ ਫੇਸਬੁੱਕ ਤੇ ਅੰਕਿਤ ਕੀਤੇ ਗਏ ਵਿਚਾਰ ਹਨ।
ਭਾਰਤ 63ਵਾਂ ਆਜ਼ਾਦੀ ਦਾ ਦਿਨ ਮਨਾ ਰਿਹਾ ਹੈ। ਸਿੱਖ 63 ਸਾਲਾਂ ਤੋਂ ਹੀ ਗੁਲਾਮੀ ਦੀ ਚੱਕੀ ਵਿੱਚ ਪਿੱਸ ਰਹੇ ਹਨ। 1947 ਤੋਂ ਲੈ ਕੇ ਹੁਣ ਤੱਕ ਸਿੱਖ ਜ਼ੁਲਮ ਦਾ ਸ਼ਿਕਾਰ ਹੁੰਦੇ ਆ ਰਹੇ ਹਨ ਪਰ ਫਿਰ ਵੀ ਇਹ ਭਾਰਤ ਦੇ ਨੱਕ ਵਿੱਚ ਦਮ ਕਰੀ ਜਾ ਰਹੇ ਹਨ। ਸ਼ਾਇਰ ਲਿਖਦਾ ਹੈ ਕਿ ''ਕੁੱਛ ਬਾਤ ਹੈ ਕਿ ਹਸਤੀ ਮਿੱਟਤੀ ਨਹੀਂ ਹਮਾਰੀ ॥ ਸਦੀਉਂ ਰਹਾ ਹੈ ਦੁਸ਼ਮਨ ਦੌਰੇ ਜ਼ਮਾਨਾ ਹਮਾਰਾ॥ ਭਾਵ ਕੋਈ ਗੱਲ ਤਾਂ ਹੈ ਕਿ ਸਦੀਆਂ ਤੱੋਂ ਦੁਸ਼ਮਣ ਦੀ ਮਾਰ ਹੇਠ ਆਏ ਸਿੱਖ ਅਜੇ ਵੀ ਚੜਦੀ ਕਲਾ ਵਿੱਚ ਹਨ। ਸਿੱਖ ਗੁਰਬਾਣੀ ਤੋਂ ਸ਼ਕਤੀ ਲੈ ਕੇ ਜ਼ਾਲਮ ਦਾ ਦਾਮਨ ਲੀਰੋ ਲੀਰ ਕਰਨ ਲਈ ਸਰਗਰਮ ਹੈ।
ਸ੍ਰ. ਹੰਸਰਾ ਨੇ ਰੋਮਨ ਦਾਨਿਸ਼ਮੰਦ ਦੇ ਕਥਨ ਦਾ ਜ਼ਿਕਰ ਕੀਤਾ ਕਿ He who is brave is free. Roman philosopher, mid-1st century ਭਾਵ ਬਹਾਦਰ ਕੌਮਾਂ ਗੁਲਾਮ ਨਹੀਂ ਰਹਿ ਸਕਦੀਆਂ। ਗੁਲਾਮੀ, ਕਬੂਲਣ ਨਾਲ ਤਸਦੀਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਜਲਦੀ ਭਰਮਾਈ ਜਾਂਦੀ ਹੈ ਇਉਂ ਹੀ ਸੰਨ 1947 ਵਿੱਚ ਭਰਮਾਈ ਗਈ ਸੀ। ਚਾਲਬਾਜ ਹਿੰਦੂਆਂ ਦੇ ਕਵੀ ਮੇਲਾ ਰਾਮ ਲਿਖਦੇ ਹਨ: ਤੇਰੀ ਕੁਰਬਾਨੀਉਂ ਕੀ ਧੂਮ ਹੈ ਆਜ ਜ਼ਮਾਨੇ ਮੇਂ ॥ ਬਹਾਦਰ ਹੈ ਅਗਰ ਕੋਈ, ਵੋ ਤੂੰ ਐ ਅਕਾਲੀ ਹੈ ॥
ਹੁਣ ਵਕਤ ਆਇਆ ਹੈ ਅਸੀਂ ਇੱਕ ਨਵਾਂ ਰਸਤਾ ਅਖਤਿਆਰ ਕੀਤਾ ਹੈ। ਹੁਣ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਮਨਮੋਹਣ ਸਿੰਘ ਨੂੰ ਅੱਗੇ ਲਾ ਕੇ ਭਾਰਤ ਦਾ ਬੀਬਾ ਚਿਹਰਾ ਪੇਸ਼ ਕਰਨ ਵਾਲਿਆਂ ਦੀ ਅਸਲੀਅਤ ਦੁਨੀਆਂ ਦੇ ਸਾਹਮਣੇ ਰੱਖ ਰਹੇ ਹਾਂ। ਸ੍ਰ. ਹੰਸਰਾ ਨੇ ਕਿਹਾ ਕਿ ਹੁਣ ਅਸੀਂ ਇਕੱਤਰ ਹੋ ਕੇ ਭਾਰਤ ਦੀ ਸਰਕਾਰ ਨੂੰ ਉਸ ਭਾਸ਼ਾ ਵਿੱਚ ਸਮਝਾਉਣਾ ਹੈ ਜਿਹੜੀ ਭਾਸ਼ਾ ਉਹ ਸਮਝਦੇ ਹਨ ਕਿ ਤੁਸੀਂ ਜ਼ਾਲਮ ਹੋ, ਸਿਤਮਗਰ ਹੋ, ਜੈਨੋਸਾਈਡ ਦੇ ਜ਼ਿੰਮੇਵਾਰ ਹੋ ਅਤੇ ਤੁਸੀਂ ਦੋਸ਼ੀ ਹੈ ਇਸ ਕਰਕੇ ਤੁਹਾਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਅਖੀਰ ਵਿੱਚ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਸਿੱਖ ਫਾਰ ਜਸਟਿਸ ਦੋ ਲਫਜ਼ਾਂ ਤੋਂ ਬਣਿਆ ਹੈ, ਜੋ ਸਿੱਖੀ ਸਿਧਾਂਤਾਂ ਨਾਲ ਮੇਲ ਖਾਂਦੇ ਹਨ। ਇੱਕ ਫਿਲਾਸਫਰ ਕਹਿੰਦਾ ਹੈ ਕਿ If you talk to a man in a language he understands, that goes to his head. If you talk to him in his language, that goes to his heart. ਭਾਵ ਹੁਣ ਅਸੀਂ ਸੰਸਾਰ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਸਿੱਖ ਨਾਲ ਹੋ ਰਹੇ ਧੱਕੇ ਬਾਰੇ ਸਮਝਾਉਣਾ ਹੈ ਜਿਸ ਲਈ ਸਾਨੂੰ ਸਿੱਖ ਫਾਰ ਜਸਟਿਸ ਦਾ ਪੂਰਣ ਸਹਿਯੋਗ ਦੇਣ ਦੀ ਲੋੜ ਹੈ।
ਮਾਂਟਰੀਅਲ ਦੇ ਗੁਰਦੁਆਰਾ ਸਾਹਿਬ ਦੇ ਸਕੱਤਰ ਸ੍ਰ. ਚਤਰ ਸਿੰਘ ਸੈਣੀ ਨੇ ਆਪਣੇ ਵਿਚਾਰ ਪੇਸ਼ ਕੀਤੇ।
ਨੌਜੁਆਨ ਆਗੂ ਜਤਿੰਦਰ ਸਿੰਘ ਗਰੇਵਾਲ ਨੇ ਅੰਗਰੇਜ਼ੀ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਗਰੇਵਾਲ ਨੇ ਕਿਹਾ ਕਿ ਸਰਕਾਰੀ ਪ੍ਰਾਪੇਗੰਡੇ ਦਾ ਸ਼ਿਕਾਰ ਹੋਏ ਅਸੀਂ ਮੰਨ ਬੈਠੇ ਸੀ ਕਿ ਜੈਨੋਸਾਈਡ ਸਿਰਫ ਇੱਕੋ ਥਾਂ ਤੇ ਵਾਪਰਿਆ ਹੈ। ਜੋ ਗਲਤ ਸੀ। ਸਿੱਖਾਂ ਨੂੰ ਦੱਸਿਆ ਗਿਆ ਸੀ ਕਿ ਤੁਹਾਡੇ ਕੋਲ ਸਿਰਫ ਦੋ ਆਪਸ਼ਨਜ਼ ਹਨ, ਜਾਂ ਤਾਂ ਤੁਸੀਂ ਚੁੱਪ ਕਰ ਜਾਓ ਜਾਂ ਫਿਰ ਬੋਲੋ ਅਤੇ ਅਤੱਵਾਦੀ ਦਾ ਲੇਬਲ ਲਗਾ ਲਵੋ। ਹੁਣ ਜਦੋਂ ਸਿੱਖਾਂ ਨੇ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ ਹੈ ਤਾਂ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਕੋਲ ਇੱਕ ਤੀਸਰੀ ਆਪਸ਼ਨ ਵੀ ਹੈ, ਕਿ ਅਸੀ ਇੰਟਰਨੈਸ਼ਨਲ ਕਮਿਊਨਟੀ ਕੋਲੋਂ ਇਨਸਾਫ ਦੀ ਮੰਗ ਕਰ ਸਕਦੇ ਹਾਂ। ਜਤਿੰਦਰ ਸਿੰਘ ਗਰੇਵਾਲ ਨੇ ਬੜੇ ਚੋਣਵੇਂ ਸ਼ਬਦਾਂ ਵਿੱਚ ਸਾਨੂੰ ਦੱਸਿਆ ਕਿ ਸਿੱਖਾਂ ਦੇ ਹਰਕਤ ਵਿੱਚ ਆਉਣ ਨਾਲ ਕੁੱਝ ਏਜੰਸੀਆਂ ਵੀ ਓਵਰਟਾਈਮ ਕਰਨ ਲੱਗ ਪਈਆਂ ਹਨ ਤਾਂ ਕਿ ਹੋਰ ਮਿਸ-ਇਨਫਾਰਮੇਸ਼ਨ ਫੈਲਾਈ ਜਾ ਸਕੇ। ਉਹ ਸਾਨੂੰ ਕਹਿ ਰਹੇ ਹਨ ਕਿ ਅਗਰ ਅਸੀਂ ਇਹ ਮੁੱਦੇ ਕੈਨੇਡਾ ਵਿੱਚ ਚੁੱਕਦੇ ਹਾਂ ਤਾਂ ਅਸੀਂ ਸੱਚੇ ਕਨੇਡੀਅਨ ਨਹੀਂ ਹਾਂ, ਕਿਉਂਕਿ ਇਹ ਕਤਲੇਆਮ ਕੈਨੇਡਾ ਵਿੱਚ ਨਹੀਂ ਵਾਪਰਿਆ ਸੀ, ਪਰ ਇਹ ਸੱਚ ਨਹੀਂ ਹੈ ਕਿਉਂਕਿ ਕੈਨੇਡਾ ਹਿਊਮਨ ਰਾਈਟਸ ਦਾ ਚੈਂਪੀਅਨ ਹੈ। ਹੁਣ ਜਦੋਂ ਕੈਨੇਡਾ ਨੂੰ ਸਚਾਈ ਦਾ ਪਤਾ ਲੱਗ ਰਿਹਾ ਹੈ ਕਿ ਸਿੱਖਾਂ ਦਾ ਜੈਨਸਾਈਡ ਹੋਇਆ ਸੀ ਤਾਂ ਇਹ ਕੈਨੇਡਾ ਦੀ ਡਿਊਟੀ ਬਣ ਜਾਵੇਗੀ ਕਿ ਉਹ ਭਾਰਤ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਲਿਆ ਕੇ ਇਨਸਾਫ ਦੁਆਵੇ।
ਗਰੇਵਾਲ ਨੇ ਇਸ਼ਾਰਾ ਕੀਤਾ ਕਿ 1918 ਵਿੱਚ ਅਰਮੀਨੀਆ ਵਿੱਚ ਹੋਏ ਕਤਲੇਆਮ ਨੂੰ ਕੈਨੇਡਾ ਨੇ ਅਰਮੀਨੀਅਮ ਜੈਨੋਸਾਈਡ ਵਜੋਂ ਮਾਨਤਾ ਦਿੱਤੀ ਹੈ ਜਦੋਂ ਕਿ ਹੋਰ ਕਈ ਮੁਲਕਾਂ ਨੇ ਨਹੀਂ ਦਿੱਤੀ।
ਜਤਿੰਦਰ ਗਰੇਵਾਲ ਨੇ ਕਿਹਾ ਕਿ ਅਗਰ ਅਸੀਂ ਇਕੱਠੇ ਹੋ ਕੇ ਇਸ ਮੁੱਦੇ ਨੂੰ ਅੱਗੇ ਵਧਾਉਂਦੇ ਹਾਂ ਤਾਂ ਨਤੀਜੇ ਸਾਰਥਕ ਹੋਣਗੇ।
ਔਟਵਾ ਤੋਂ ਦਲੀਪ ਸਿੰਘ ਪਰਵਾਨਾ ਨੇ ਆਪਣੇ ਵਿਚਾਰ ਪੇਸ਼ ਕੀਤੇ।
ਸਿੱਖ ਫਾਰ ਜਸਟਿਸ ਦੇ ਕਾਨੂੰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਮਾਰੇ ਗਏ ਲੋਕ ਆਪਣੇ ਹੱਕ ਵਿੱਚ ਨਹੀਂ ਬੋਲਂ ਸਕਦੇ, ਇਹ ਡਿਊਟੀ ਜਿਉਂਦੇ ਲੋਕਾਂ ਦੀ ਹੁੰਦੀ ਹੈ। ਸਿੱਖਾਂ ਉਪਰ ਹੋ ਰਹੇ ਜ਼ੁਲਮਾਂ ਦੀ ਗੱਲ ਨੂੰ ਅੱਗੇ ਤੋਰਦਿਆਂ ਪੰਨੂ ਨੇ ਕਿਹਾ ਕਿ 1947 ਤੋਂ ਪਹਿਲਾਂ, ਪਹਿਲੀ ਵਿਸਵ ਜੰਗ ਵਿੱਚ ਸਿੱਖਾਂ ਨੂੰ ਮਨੁੱਖੀ ਢਾਲ ਬਣਾ ਕੇ ਸਾਰੀ ਦੁਨੀਆਂ ਦੇ ਲੋਕਾਂ ਨੇ ਵਰਤਿਆ ਜਿਸ ਵਿੱਚ 18000 ਸਿੱਖ ਮਾਰੇ ਗਏ। ਦੂਸਰੀ ਵਿਸਵ ਜੰਗ ਵਿੱਚ 82000 ਸਿੱਖ, ਮਨੁੱਖੀ ਢਾਲਾਂ ਬਣੇ ਅਤੇ ਸਾਰੀ ਦੁਨੀਆਂ ਦੇ ਦੇਸ਼ਾਂ ਨੂੰ ਆਜ਼ਾਦੀ ਮਿਲੀ। ਗੱਲ 1947 ਤੋਂ ਸ਼ੁਰੂ ਹੁੰਦੀ ਹੈ ਤਾਂ 3 ਲੱਖ ਤੋਂ ਵੱਧ ਸਿੱਖ ਦੰਗਿਆਂ ਵਿੱਚ ਮਾਰੇ ਜਾਂਦੇ ਹਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਦੰਗੇ ਸਿੱਖਾਂ ਵਿਰੁੱਧ ਹੀ ਕਿਉਂ ਹੁੰਦੇ ਹਨ। ਸਿੱਖ 1 ਪ੍ਰਤੀਸ਼ਤ, ਮੁਸਲਮਾਨ 15 ਪ੍ਰਤੀਸ਼ਤ ਪਰ ਦੰਗੇ ਸਿੱਖਾਂ ਖਿਲਾਫ ਹੀ ਕਿਵੇਂ ਹੋ ਗਏ। ਅਸੀਂ ਇਨ੍ਹਾਂ ਤੱਥਾਂ ਤੱਕ ਪਹੁੰਚਾਂਗੇ।
ਇੱਕ ਜਨਰੇਸ਼ਨ 1947 ਵਿੱਚ ਖਤਮ ਕਰ ਦਿੱਤੀ ਜਾਂਦੀ ਹੈ ਅਤੇ ਜਦੋ ਦੂਸਰੀ ਜਨਰੇਸ਼ਨ 35-40 ਸਾਲ ਦੀ ਹੁੰਦੀ ਹੈ ਤਾਂ 84 ਵਿੱਚ ਉਨ੍ਹਾਂ ਨੂੰ ਵੀ ਖਤਮ ਕਰ ਦਿੱਤਾ ਜਾਂਦਾ ਹੈ। ਉਨ੍ਹਾਂ 2 ਨਵੰਬਰ 1984 ਦੇ ਭਾਰਤ ਦੇ ਮੈਪ ਵੱਲ ਇਸ਼ਾਰਾ ਕੀਤਾ ਜੋ ਹਿੰਦੋਸਤਾਨ ਟਾਇਮਜ਼ ਵਿੱਚ ਛਪਿਆ ਸੀ ਜਿਸ ਦੀ ਹੈਡਲਾਈਨ ਸੀ ''ਸਟਾਪ ਸਿੱਖ ਹੋਲੋਕਾਸਟ"।
ਗੁਰਪਤਵੰਤ ਸਿੰਘ ਪੰਨੂ ਨੇ ਦੱਸਿਆ ਕਿ 14 ਜੁਲਾਈ 2010 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਇਹ ਸਿੱਖ ਵਿਰੋਧੀ ਦੰਗੇ ਨਹੀਂ, ਸਿੱਖ ਕਤਲੇਆਮ ਨਹੀਂ ਬਲਕਿ ਇਹ ਸਿੱਖ ਨਸਲਕੁਸ਼ੀ ਹੈ। ਅਖੀਰ ਵਿੱਚ ਸ੍ਰ. ਪੰਨੂ ਨੇ ਕਿਹਾ ਕਿ ਅਸੀਂ ਆਪਣੀ ਵੱਚਨਵੱਧਤਾ ਦੁਹਰਾਉਂਦੇ ਹਾਂ ਕਿ ਤਿੰਨ ਗੱਲ ਤੇ ਅਸੀਂ ਪਹਿਰਾ ਦੇਵਾਂਗੇ। 1984 ਵਿੱਚ ਹਜ਼ਾਰਾਂ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦੁਆਵਾਂਗੇ, ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦੁਆਉਣ ਲਈ ਅਤੇ ਸਿੱਖ ਧਰਮ ਨੂੰ ਇੰਡੀਆ ਦੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਵੱਖਰੇ ਧਰਮ ਦਾ ਦਰਜਾ ਦੁਆਵਾਂਗੇ।
ਪੰਨੂ ਨੇ ਕਿਹਾ ਕਿ ਸਿੱਖ ਇਨਸਾਫ ਪਸੰਦ ਲੋਕ ਹਨ ਅਤੇ ਇਨਸਾਫ ਲੈ ਕੇ ਰਹਾਂਗੇ। ਮਹੀਨਾਵਾਰੀ ਡੋਨੇਸ਼ਨ ਲਈ ਅਪੀਲ ਕੀਤੀ ਗਈ।
ਸਟੇਜ ਦੀ ਸੇਵਾ ਮਾਂਟਰੀਅਲ ਦੇ ਨੌਜੁਆਨ ਆਗੂ ਪ੍ਰਭਸਰਵਣ ਸਿੰਘ ਨੇ ਬਾਖੂਬੀ ਨਾਲ ਨਿਭਾਈ। ਉਨ੍ਹਾਂ ਨੇ ਹਰ ਬੁਲਾਰੇ ਨੂੰ ਬੜੇ ਚੰਗੇ ਢੰਗ ਨਾਲ ਪੇਸ਼ ਕੀਤਾ ਅਤੇ ਹਰ ਬੁਲਾਰੇ ਦੀਆਂ ਭਾਵਨਾਵਾਂ ਨੂੰ ਸਰਲ ਸ਼ਬਦਾਂ ਵਿੱਚ ਦੁਹਰਾਇਆ। ਅਖੀਰ ਵਿੱਚ ਪ੍ਰਭਸਰਵਣ ਸਿੰਘ ਨੇ ਸਮੂਹ ਸੰਸਥਾਵਾਂ ਅਤੇ ਸਮੂਹ ਮੀਡੀਏ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਬਣਾਂਉਣ ਲਈ ਯੋਗਦਾਨ ਪਾਇਆ ਹੈ।